ਸਰੀਰ ਵਿੱਚ ਘੱਟ ਚਰਬੀ ਟੈਸਟੋਸਟੇਰੋਨ ਦਾ ਪੱਧਰ ਘੱਟ ਕਰਨ ਸਣੇ, ਹੋਰ ਕਿਹੜੀਆਂ ਦਿੱਕਤਾਂ ਪੈਦਾ ਕਰ ਸਕਦੀ ਹੈ

ਔਰਤ
ਤਸਵੀਰ ਕੈਪਸ਼ਨ, ਸਰੀਰ ਵਿੱਚ ਚਰਬੀ ਨੂੰ ਅਕਸਰ ਸਿਹਤ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ, ਪਰ ਇਹ ਸਰੀਰ ਦੇ ਕਈ ਅਹਿਮ ਕੰਮਾਂ ਲਈ ਜ਼ਰੂਰੀ ਹੈ
    • ਲੇਖਕ, ਮੇਲਿਸਾ ਹੋਗਨਬੂਮ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਹਾਰਮੋਨ ਜਾਰੀ ਕਰਨ ਤੋਂ ਲੈ ਕੇ ਸਾਡੇ ਸਰੀਰ ਦਾ ਤਾਪਮਾਨ ਨਿਯਮਤ ਕਰਨ ਤੱਕ, ਸਰੀਰ ਵਿੱਚ ਚਰਬੀ ਦੀਆਂ ਕਈ ਭੂਮਿਕਾਵਾਂ ਹਨ। ਇੱਥੇ ਦੱਸਿਆ ਗਿਆ ਹੈ ਕਿ ਬਹੁਤ ਜ਼ਿਆਦਾ ਚਰਬੀ ਘਟਾਉਣ ਦੇ ਟੀਚਿਆਂ ਦੇ ਪਿੱਛੇ ਭੱਜਣਾ ਇੰਨਾ ਗ਼ੈਰ-ਸਿਹਤਮੰਦ ਕਿਉਂ ਹੈ।

ਕਈ ਸਾਲਾਂ ਤੋਂ ਚਰਬੀ ਨੂੰ ਕੁਝ ਹੱਦ ਤੱਕ ਬਦਨਾਮ ਕੀਤਾ ਜਾਂਦਾ ਰਿਹਾ ਹੈ।

ਡਾਇਟ ਕਲਚਰ ਸਾਨੂੰ ਇਸ ਨੂੰ ਸਾੜਨ ਲਈ ਕਹਿੰਦਾ ਹੈ, ਕੁਝ ਖਾਣ-ਪੀਣ ਵਾਲੀਆਂ ਕੰਪਨੀਆਂ ਸਾਡੇ ਲਈ ਘੱਟ-ਚਰਬੀ ਵਾਲੇ ਉਤਪਾਦਾਂ ਦਾ ਪ੍ਰਚਾਰ ਕਰਦੀਆਂ ਹਨ ਅਤੇ ਵੇਟਲਿਫਟਿੰਗ ਫੋਰਮਾਂ 'ਤੇ ਸਰੀਰ ਵਿੱਚ ਚਰਬੀ ਦੀ ਮਾਤਰਾ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕਰਨ ਦੇ ਤਰੀਕੇ ਸਾਂਝੇ ਕੀਤੇ ਜਾਂਦੇ ਹਨ।

ਤੁਹਾਨੂੰ ਸਿਰਫ਼ ਸੋਸ਼ਲ ਮੀਡੀਆ 'ਤੇ ਕੁਝ ਸਮਾਂ ਸਕ੍ਰੋਲ ਕਰਨ ਦੀ ਲੋੜ ਹੈ ਅਤੇ ਤੁਹਾਨੂੰ ਛੇਤੀ ਹੀ ਇਹ ਸਲਾਹ ਮਿਲ ਜਾਵੇਗੀ ਕਿ "ਮਾਸਪੇਸ਼ੀਆਂ ਨੂੰ ਬਹੁਤ ਸਪੱਸ਼ਟ ਤੌਰ 'ਤੇ ਉਭਾਰਿਆ ਹੋਇਆ ਸਰੀਰ ਕਿਵੇਂ ਹਾਸਲ ਕਰਨਾ ਹੈ"। ਇਸ ਤਰ੍ਹਾਂ ਦੇ ਸਰੀਰ ਵਿੱਚ ਮਾਸਪੇਸ਼ੀਆਂ ਬਹੁਤ ਜ਼ਿਆਦਾ ਸਪੱਸ਼ਟ ਤੌਰ 'ਤੇ ਉਭਰੀਆਂ ਹੁੰਦੀਆਂ ਹਨ।

ਇਸ ਸਾਲ ਮਾਹਰਾਂ ਨੂੰ ਚਿੰਤਾ ਹੈ ਕਿ ਬਹੁਤ ਜ਼ਿਆਦਾ ਪਤਲਾ ਹੋਣ ਦਾ ਰੁਝਾਨ ਇੱਕ ਵਾਰ ਫਿਰ ਉਭਰ ਰਿਹਾ ਹੈ ਅਤੇ ਕੁਝ ਮਾਮਲਿਆਂ ਵਿੱਚ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦੀ ਲੋਕਪ੍ਰਿਅਤਾ ਇਸ ਨੂੰ ਹੋਰ ਹੁਲਾਰਾ ਦੇ ਰਹੀ ਹੈ।

ਹਾਲਾਂਕਿ ਸਰੀਰ ਵਿੱਚ ਬਹੁਤ ਜ਼ਿਆਦਾ ਚਰਬੀ ਸਿਹਤ ਲਈ ਚਿੰਤਾ ਦਾ ਕਾਰਨ ਬਣਦੀ ਹੈ ਅਤੇ ਮੋਟਾਪੇ ਦਾ ਕਾਰਨ ਬਣ ਸਕਦੀ ਹੈ, ਪਰ ਬਹੁਤ ਘੱਟ ਚਰਬੀ ਵੀ ਸਾਡੇ ਲਈ ਚੰਗੀ ਨਹੀਂ ਹੈ।

ਕਈ ਮਾਹਰਾਂ ਨੇ ਮੈਨੂੰ ਦੱਸਿਆ ਹੈ ਕਿ ਸਰੀਰ ਵਿੱਚੋਂ ਚਰਬੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਜੈਵਿਕ ਤੌਰ 'ਤੇ ਹੋਣ ਦੇ ਨਾਲ-ਨਾਲ ਸਮਾਜਿਕ ਤੌਰ 'ਤੇ ਵੀ ਨੁਕਸਾਨਦੇਹ ਹੋ ਸਕਦੀ ਹੈ।

ਮਿਸ਼ੀਗਨ ਯੂਨੀਵਰਸਿਟੀ ਦੀ ਐਂਡੋਕ੍ਰਾਈਨੋਲੋਜਿਸਟ ਅਤੇ ਮੈਡੀਸਨ ਦੀ ਪ੍ਰੋਫੈਸਰ ਐਲੀਫ ਓਰਲ ਮੈਨੂੰ ਦੱਸਦੀ ਹੈ, "ਸਾਨੂੰ ਆਪਣੀ ਚਰਬੀ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਸਰੀਰ ਵਿੱਚ ਬਹੁਤ ਮਹੱਤਵਪੂਰਨ ਜੈਵਿਕ ਭੂਮਿਕਾ ਨਿਭਾਉਂਦੀ ਹੈ।"

ਤਾਂ ਅਸਲ ਵਿੱਚ ਸਾਨੂੰ ਕਿੰਨੀ ਚਰਬੀ ਦੀ ਲੋੜ ਹੁੰਦੀ ਹੈ? ਅਤੇ ਸਰੀਰ ਵਿੱਚ ਬਹੁਤ ਘੱਟ ਚਰਬੀ ਸਾਡੇ ਲਈ ਮਾੜੀ ਕਿਉਂ ਹੈ?

ਸਰੀਰ ਦੀ ਚਰਬੀ ਕਿਉਂ ਮਹੱਤਵਪੂਰਨ ਹੈ

ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਚਰਬੀ ਦੀਆਂ ਦੋ ਵੱਖ-ਵੱਖ ਕਿਸਮਾਂ ਹੁੰਦੀਆਂ ਹਨ: ਖੁਰਾਕੀ ਚਰਬੀ ਅਤੇ ਸਰੀਰ ਦੀ ਚਰਬੀ।

ਖੁਰਾਕੀ ਚਰਬੀ ਉਹ ਚਰਬੀ ਹੈ ਜੋ ਤੁਸੀਂ ਆਪਣੇ ਭੋਜਨ ਵਿੱਚ ਖਾਂਦੇ ਹੋ, ਜਦਕਿ ਸਰੀਰ ਦੀ ਚਰਬੀ ਕੁਦਰਤ ਵੱਲੋਂ ਉਸ ਊਰਜਾ ਨੂੰ ਸੰਭਾਲ ਕੇ ਰੱਖਣ ਦਾ ਤਰੀਕਾ ਹੈ ਜਿਸ ਦੀ ਤੁਹਾਨੂੰ ਲੋੜ ਨਹੀਂ ਹੁੰਦੀ।

ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਭੋਜਨ ਵਿੱਚ ਮੌਜੂਦ ਖੁਰਾਕੀ ਚਰਬੀ, ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਛੋਟੇ-ਛੋਟੇ ਬੁਨਿਆਦੀ ਤੱਤਾਂ ਵਿੱਚ ਟੁੱਟ ਜਾਂਦੇ ਹਨ, ਜਿਨ੍ਹਾਂ ਨੂੰ ਤੁਹਾਡਾ ਸਰੀਰ ਊਰਜਾ ਵਜੋਂ ਵਰਤ ਸਕਦਾ ਹੈ।

ਕਾਰਬੋਹਾਈਡ੍ਰੇਟ ਗਲੂਕੋਜ਼ ਵਿੱਚ, ਪ੍ਰੋਟੀਨ ਐਮੀਨੋ ਐਸਿਡ ਵਿੱਚ ਅਤੇ ਚਰਬੀ ਫੈਟੀ ਐਸਿਡ ਵਿੱਚ ਬਦਲ ਜਾਂਦੀ ਹੈ।

ਜੇ ਤੁਸੀਂ ਲਗਾਤਾਰ ਆਪਣੀ ਖਪਤ ਨਾਲੋਂ ਜ਼ਿਆਦਾ ਕੈਲੋਰੀ ਲੈਂਦੇ ਹੋ ਤਾਂ ਚਰਬੀ ਵਾਲੇ ਸੈੱਲ, ਜਿਨ੍ਹਾਂ ਨੂੰ ਐਡੀਪੋਸਾਈਟਸ ਕਿਹਾ ਜਾਂਦਾ ਹੈ, ਇਨ੍ਹਾਂ ਵਾਧੂ ਪੋਸ਼ਕ ਤੱਤਾਂ ਨੂੰ ਲਿਪਿਡਜ਼ ਦੇ ਰੂਪ ਵਿੱਚ ਸੰਭਾਲ ਕੇ ਰੱਖਦੇ ਹਨ। ਇਸ ਨਾਲ ਚਰਬੀ ਵਾਲੇ ਸੈੱਲਾਂ ਦਾ ਆਕਾਰ ਵਧ ਜਾਂਦਾ ਹੈ।

ਹਾਲਾਂਕਿ ਹੁਣ ਅਸੀਂ ਜਾਣਦੇ ਹਾਂ ਕਿ ਸਰੀਰ ਦੀ ਚਰਬੀ ਸਿਰਫ਼ ਨਿਸ਼ਕਿਰਿਆ ਤੌਰ 'ਤੇ ਉੱਥੇ ਪਈ ਨਹੀਂ ਰਹਿੰਦੀ, ਸਗੋਂ ਇਹ ਇੱਕ ਸਰਗਰਮ ਅੰਗ ਹੈ ਜੋ ਸਰੀਰ ਦੇ ਕੰਮਾਂ ਨੂੰ ਨਿਯਮਤ ਕਰਦਾ ਹੈ।

ਬਿਲਕੁਲ 'ਗੋਲਡਿਲੌਕਸ ਐਂਡ ਦਿ ਥ੍ਰੀ ਬੀਅਰਜ਼' ਦੀ ਕਹਾਣੀ ਵਾਂਗ, ਸਾਡਾ ਸਰੀਰ ਉਦੋਂ ਸਭ ਤੋਂ ਵਧੀਆ ਕੰਮ ਕਰਦਾ ਹੈ ਜਦੋਂ ਚੀਜ਼ਾਂ "ਬਿਲਕੁਲ ਠੀਕ" ਮਾਤਰਾ ਵਿੱਚ ਹੋਣ। ਬਹੁਤ ਘੱਟ ਚਰਬੀ ਵੀ, ਬਹੁਤ ਜ਼ਿਆਦਾ ਚਰਬੀ ਵਾਂਗ, ਸਾਡੀ ਸਿਹਤ ਲਈ ਖਤਰਨਾਕ ਹੈ।

ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਵਿੱਚ ਕਲੀਨਿਕਲ ਅਤੇ ਪ੍ਰਯੋਗਾਤਮਕ ਫੈਟ ਟਿਸ਼ੂ ਖੋਜ ਦੇ ਪ੍ਰੋਫੈਸਰ ਮਿਕਾਏਲ ਰੀਡਨ ਕਹਿੰਦੇ ਹਨ ਕਿ ਅਸੀਂ ਆਪਣੇ ਸਰੀਰ ਦੀ ਚਰਬੀ ਨੂੰ ਇੱਕ ਵਿਸ਼ੇਸ਼ ਭੰਡਾਰ ਵਜੋਂ ਸਮਝ ਸਕਦੇ ਹਾਂ, ਜੋ ਊਰਜਾ ਦੀ ਬਹੁਤਾਤ ਹੋਣ 'ਤੇ ਪੋਸ਼ਕ ਤੱਤਾਂ ਨੂੰ ਆਪਣੇ ਅੰਦਰ ਸੰਭਾਲ ਲੈਂਦਾ ਹੈ ਅਤੇ ਸਿਰਫ਼ ਲੋੜ ਪੈਣ 'ਤੇ ਉਨ੍ਹਾਂ ਨੂੰ ਬਾਹਰ ਕੱਢਦਾ ਹੈ।

ਇਹ ਇੱਕ ਅਜਿਹਾ ਸਿਸਟਮ ਹੈ ਜਿਸ ਨੇ ਸਾਡੇ ਪੁਰਖਿਆਂ ਨੂੰ ਭੋਜਨ ਦੀ ਕਮੀ ਦੇ ਦੌਰ ਵਿੱਚ ਜਿਉਂਦੇ ਰਹਿਣ ਵਿੱਚ ਮਦਦ ਕੀਤੀ।

ਇੱਕ ਹੋਰ ਮਹੱਤਵਪੂਰਨ ਭੂਮਿਕਾ ਸੰਚਾਰ ਦੀ ਹੈ। ਚਰਬੀ ਵਾਲੇ ਸੈੱਲ ਹਾਰਮੋਨ ਪੈਦਾ ਕਰਦੇ ਹਨ, ਜੋ ਸਰੀਰ ਦੇ ਬਾਕੀ ਹਿੱਸਿਆਂ ਨੂੰ ਦੱਸਦੇ ਹਨ ਕਿ ਸਾਡੇ ਕੋਲ ਕਿੰਨੀ ਊਰਜਾ ਹੈ ਅਤੇ ਸਾਡਾ ਪੇਟ ਕਿੰਨਾ ਭਰਿਆ ਹੋਇਆ ਹੈ।

ਓਰਲ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਅਧਿਐਨ ਕੀਤਾ ਗਿਆ ਹਾਰਮੋਨ ਲੈਪਟਿਨ ਹੈ।

ਉਹ ਕਹਿੰਦੀ ਹੈ, "ਲੈਪਟਿਨ ਦਿਮਾਗ਼ ਨੂੰ ਦੱਸਦਾ ਹੈ ਕਿ ਊਰਜਾ ਦਾ ਕਾਫ਼ੀ ਭੰਡਾਰ ਮੌਜੂਦ ਹੈ ਅਤੇ ਫਿਰ ਦਿਮਾਗ ਲਗਭਗ ਆਰਾਮ ਕਰ ਸਕਦਾ ਹੈ।"

ਇਸ ਨਾਲ ਸਰੀਰ ਮਹੱਤਵਪੂਰਨ ਜੈਵਿਕ ਪ੍ਰਕਿਰਿਆਵਾਂ, ਜਿਵੇਂ ਪ੍ਰਜਨਨ ਅਤੇ ਇਨਫੈਕਸ਼ਨ ਨਾਲ ਲੜਨ 'ਤੇ ਧਿਆਨ ਕੇਂਦਰਿਤ ਕਰ ਸਕਦਾ ਹੈ। ਲੈਪਟਿਨ ਤੋਂ ਬਿਨਾਂ ਦਿਮਾਗ ਉਪਲਬਧ ਊਰਜਾ ਦੀ ਮਾਤਰਾ ਬਾਰੇ ਚਿੰਤਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦਾ ਮਤਲਬ ਹੈ ਕਿ ਜ਼ਰੂਰੀ ਕਾਰਜਾਂ ਨੂੰ ਘੱਟ ਤਰਜੀਹ ਮਿਲਣ ਲੱਗਦੀ ਹੈ।

ਸਰੀਰ ਦੀ ਚਰਬੀ ਗਰਮ ਰਹਿਣ ਲਈ ਵੀ ਮਹੱਤਵਪੂਰਨ ਹੈ। ਚਿੱਟੀ ਚਰਬੀ ਵਾਧੂ ਊਰਜਾ ਨੂੰ ਸੰਭਾਲ ਕੇ ਰੱਖਦੀ ਹੈ ਅਤੇ ਨਾਲ ਹੀ ਇਨਸੂਲੇਸ਼ਨ ਦੀ ਇੱਕ ਪਰਤ ਵਜੋਂ ਵੀ ਕੰਮ ਕਰਦੀ ਹੈ। ਇਸ ਦੌਰਾਨ, ਭੂਰੀ ਅਤੇ ਬੇਜ ਚਰਬੀ ਵਿੱਚ ਵਿਸ਼ੇਸ਼ ਸੈੱਲ ਹੁੰਦੇ ਹਨ ਜੋ ਗਰਮੀ ਪੈਦਾ ਕਰਨ ਲਈ ਊਰਜਾ ਨੂੰ ਸਾੜਦੇ ਹਨ। ਇਹ ਸਰੀਰ ਨੂੰ ਆਪਣਾ ਤਾਪਮਾਨ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ।

ਜਦੋਂ ਸਾਡੇ ਸਰੀਰ ਵਿੱਚ ਚਰਬੀ ਬਹੁਤ ਘੱਟ ਹੋ ਜਾਂਦੀ ਹੈ ਤਾਂ ਕੀ ਹੁੰਦਾ ਹੈ?

ਖਾਣਾ
ਤਸਵੀਰ ਕੈਪਸ਼ਨ, ਸਰੀਰ ਦੀ ਚਰਬੀ ਇੱਕ ਕਿਰਿਆਸ਼ੀਲ ਅੰਗ ਹੈ ਜੋ ਵਾਧੂ ਊਰਜਾ ਨੂੰ ਜਮ੍ਹਾਂ ਕਰਨ ਲਈ ਬਹੁਤ ਜ਼ਰੂਰੀ ਹੈ

ਬਹੁਤ ਜ਼ਿਆਦਾ ਚਰਬੀ ਹੋਣ ਦੇ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ । ਇਨ੍ਹਾਂ ਵਿੱਚ ਦਿਲ ਅਤੇ ਖੂਨ ਦੀਆਂ ਨਾੜੀਆਂ ਨਾਲ ਸਬੰਧਤ ਬਿਮਾਰੀਆਂ, ਟਾਈਪ 2 ਸ਼ੂਗਰ, ਕੁਝ ਕਿਸਮਾਂ ਦੇ ਕੈਂਸਰ ਅਤੇ ਓਸਟੀਓਆਰਥਰਾਈਟਿਸ ਦਾ ਵਧਿਆ ਹੋਇਆ ਖਤਰਾ ਸ਼ਾਮਲ ਹੈ।

ਹਾਲਾਂਕਿ, ਬਹੁਤ ਘੱਟ ਚਰਬੀ ਹੋਣਾ ਵੀ ਚੰਗਾ ਨਹੀਂ ਹੈ।

ਮਿਸ਼ੀਗਨ ਯੂਨੀਵਰਸਿਟੀ ਵਿੱਚ ਮੈਟਾਬੋਲਿਕ ਬਿਮਾਰੀਆਂ ਬਾਰੇ ਗ੍ਰੈਜੂਏਟ ਵਿਦਿਆਰਥੀ ਖੋਜਕਾਰ ਜੈਸਿਕਾ ਮਾਂਗ ਦੱਸਦੀ ਹੈ ਕਿ ਜਦੋਂ ਕੈਲੋਰੀ ਦੀ ਬਹੁਤ ਜ਼ਿਆਦਾ ਪਾਬੰਦੀ ਕਾਰਨ ਸਰੀਰ ਦੀ ਚਰਬੀ ਬਹੁਤ ਘੱਟ ਹੋ ਜਾਂਦੀ ਹੈ ਤਾਂ ਇਸ ਦਾ ਸਾਡੀ ਸਿਹਤ ਅਤੇ ਸਰੀਰਕ ਪ੍ਰਕਿਰਿਆਵਾਂ 'ਤੇ ਡੂੰਘਾ ਅਸਰ ਪੈ ਸਕਦਾ ਹੈ।

ਉਹ ਕਹਿੰਦੀ ਹੈ, "ਬਹੁਤ ਘੱਟ ਐਡੀਪੋਜ਼ ਟਿਸ਼ੂ ਹੋਣ ਨਾਲ ਸਰੀਰ ਦੇ ਅੰਗਾਂ ਅਤੇ ਕੰਮਕਾਜ ਵਿੱਚ ਰੁਕਾਵਟ ਪੈਂਦਾ ਹੈ।"

ਜਦੋਂ ਸਰੀਰ ਵਿੱਚ ਚਰਬੀ ਬਹੁਤ ਘੱਟ ਹੋ ਜਾਂਦੀ ਹੈ ਤਾਂ ਇਹ ਊਰਜਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਭੁੱਖਮਰੀ ਦੀ ਸਥਿਤੀ ਵਿੱਚ ਪਾ ਲੈਂਦਾ ਹੈ। ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਸਮੇਤ ਕਈ ਪ੍ਰਣਾਲੀਆਂ ਕੰਮ ਕਰਨਾ ਘੱਟ ਕਰ ਦਿੰਦੀਆਂ ਹਨ।

ਜਦੋਂ ਕੋਈ ਭੰਡਾਰ ਬਾਕੀ ਨਹੀਂ ਰਹਿੰਦਾ ਤਾਂ ਸਰੀਰ ਇਸ ਦੀ ਬਜਾਏ ਮਾਸਪੇਸ਼ੀਆਂ ਨੂੰ ਤੋੜਨਾ ਸ਼ੁਰੂ ਕਰ ਦਿੰਦਾ ਹੈ। ਹੱਡੀਆਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਮੁਰੰਮਤ ਹੋਣੀ ਬੰਦ ਹੋ ਜਾਂਦੀ ਹੈ।

ਆਕਸਫੋਰਡ ਯੂਨੀਵਰਸਿਟੀ ਵਿੱਚ ਮੈਟਾਬੋਲਿਕ ਮੈਡੀਸਨ ਦੇ ਪ੍ਰੋਫੈਸਰ ਫ੍ਰੈਡਰਿਕ ਕਾਰਪੇ ਕਹਿੰਦੇ ਹਨ ਕਿ ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਹੱਡੀਆਂ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।

ਕਾਰਪੇ ਕਹਿੰਦੇ ਹਨ, "ਇਹ ਸਿਹਤਮੰਦ ਸਥਿਤੀ ਨਹੀਂ ਹੈ," ਖਾਸ ਤੌਰ 'ਤੇ ਇਸ ਲਈ ਕਿਉਂਕਿ ਇਸ ਨਾਲ ਸਰੀਰ ਕੋਲ ਗੰਭੀਰ ਇਨਫੈਕਸ਼ਨ ਜਾਂ ਕਿਸੇ ਹੋਰ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਕੋਈ ਭੰਡਾਰ ਨਹੀਂ ਰਹਿੰਦਾ।"

ਸਰੀਰ ਵਿੱਚ ਬਹੁਤ ਘੱਟ ਚਰਬੀ ਸਾਡੇ ਹਾਰਮੋਨਾਂ ਅਤੇ ਪ੍ਰਜਨਨ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਜੈਸਿਕਾ ਮਾਂਗ

ਜਿਹੜੇ ਪੁਰਸ਼ ਲੰਬੇ ਸਮੇਂ ਤੱਕ ਆਪਣੇ ਸਰੀਰ ਦੀ ਲੋੜ ਮੁਤਾਬਕ ਖੁਰਾਕ ਨਾ ਲੈਣ ਕਾਰਨ ਬਹੁਤ ਜ਼ਿਆਦਾ ਪਤਲੇ ਹੋ ਜਾਂਦੇ ਹਨ, ਉਨ੍ਹਾਂ ਵਿੱਚ ਟੈਸਟੋਸਟੇਰੋਨ ਦਾ ਪੱਧਰ ਘਟ ਸਕਦਾ ਹੈ, ਨਾਲ ਹੀ ਊਰਜਾ ਦਾ ਪੱਧਰ ਅਤੇ ਸਰੀਰਕ ਕਾਰਗੁਜ਼ਾਰੀ ਵੀ ਘਟ ਸਕਦੀ ਹੈ।

ਬਹੁਤ ਘੱਟ ਸਰੀਰਕ ਚਰਬੀ ਵਾਲੀਆਂ ਕੁਝ ਮਹਿਲਾ ਖਿਡਾਰਨਾਂ ਨੂੰ ਮਾਹਵਾਰੀ ਵਿੱਚ ਅਨਿਯਮਿਤਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਇਹ ਪੂਰੀ ਤਰ੍ਹਾਂ ਬੰਦ ਵੀ ਹੋ ਸਕਦੀ ਹੈ।

ਕਈ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਮੱਧ ਅਤੇ ਵਧਦੀ ਉਮਰ ਵਿੱਚ ਵਾਧੂ ਭਾਰ ਹੋਣਾ ਗੰਭੀਰ ਬਿਮਾਰੀ ਦੌਰਾਨ ਬਚਣ ਦੀਆਂ ਬਿਹਤਰ ਸੰਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਉਦਾਹਰਨ ਵਜੋਂ, ਹਾਲਾਂਕਿ ਮੋਟਾਪੇ ਨਾਲ ਜੀ ਰਹੇ ਲੋਕਾਂ ਵਿੱਚ ਦਿਲ ਅਤੇ ਖੂਨ ਦੀਆਂ ਨਾੜੀਆਂ ਨਾਲ ਸਬੰਧਤ ਬਿਮਾਰੀ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ, ਪਰ ਇਸ ਬਿਮਾਰੀ ਤੋਂ ਪੀੜਤ ਪਤਲੇ ਲੋਕਾਂ ਦੇ ਮੁਕਾਬਲੇ ਉਨ੍ਹਾਂ ਦੇ ਇਸ ਨਾਲ ਮਰਨ ਦੀ ਸੰਭਾਵਨਾ ਘੱਟ ਹੁੰਦੀ ਹੈ।

ਇਸ ਵਰਤਾਰੇ ਨੂੰ "ਓਬੇਸਿਟੀ ਪੈਰਾਡੌਕਸ" ਕਿਹਾ ਜਾਂਦਾ ਹੈ। ਓਰਲ ਮੁਤਾਬਕ, ਚਰਬੀ ਦੇ ਭੰਡਾਰ ਦੀ ਇੱਕ ਪਰਤ ਸਰੀਰ ਨੂੰ ਗੰਭੀਰ ਦਿਲ ਦੇ ਦੌਰੇ, ਸਟ੍ਰੋਕ ਅਤੇ ਹੋਰ ਅਚਾਨਕ ਪੈਦਾ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦੀ ਦਿਖਾਈ ਦਿੰਦੀ ਹੈ।

ਬਹੁਤ ਜ਼ਿਆਦਾ ਮਾਮਲਿਆਂ ਵਿੱਚ, ਸਰੀਰ ਵਿੱਚ ਬਹੁਤ ਘੱਟ ਚਰਬੀ ਹੋਣ ਨਾਲ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ ਜਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਉਦਾਹਰਨ ਵਜੋਂ, ਮਾਨਸਿਕ ਸਿਹਤ ਨਾਲ ਜੁੜੀ ਬਿਮਾਰੀ ਐਨੋਰੈਕਸੀਆ ਨਰਵੋਸਾ ਲੰਬੇ ਸਮੇਂ ਲਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਮੌਤ ਦਾ ਕਾਰਨ ਬਣ ਸਕਦੀ ਹੈ।

ਸਾਨੂੰ ਅਸਲ ਵਿੱਚ ਕਿੰਨੀ ਚਰਬੀ ਦੀ ਲੋੜ ਹੁੰਦੀ ਹੈ?

ਹੈਰਾਨੀ ਦੀ ਗੱਲ ਹੈ ਕਿ ਆਪਣੇ ਸਰੀਰ ਵਿੱਚ ਕਿੰਨੀ ਚਰਬੀ ਹੈ, ਇਹ ਖੁਦ ਮਾਪਣਾ ਕਾਫ਼ੀ ਮੁਸ਼ਕਲ ਹੈ, ਪਰ ਇਸ ਬਾਰੇ ਬਾਅਦ ਵਿੱਚ ਹੋਰ ਦੱਸਿਆ ਜਾਵੇਗਾ।

ਇਸ ਤੋਂ ਇਲਾਵਾ, ਸਰੀਰ ਵਿੱਚ ਚਰਬੀ ਦੀ ਕੋਈ ਅਜਿਹੀ ਸਰਬ-ਵਿਆਪਕ ਪ੍ਰਤੀਸ਼ਤਤਾ ਨਹੀਂ ਹੈ ਜਿਸ ਨੂੰ ਟੀਚਾ ਬਣਾਇਆ ਜਾ ਸਕੇ। ਹਰ ਵਿਅਕਤੀ ਦੀ ਲੋੜ ਵੱਖਰੀ ਹੁੰਦੀ ਹੈ।

ਫਿਰ ਵੀ, ਇੱਕ ਵਿਆਪਕ ਮਾਰਗਦਰਸ਼ਨ ਦੇ ਤੌਰ 'ਤੇ, ਸਿਹਤਮੰਦ ਬਾਲਗ ਪੁਰਸ਼ਾਂ ਦੇ ਸਰੀਰ ਵਿੱਚ ਆਮ ਤੌਰ 'ਤੇ ਲਗਭਗ 10–20% ਚਰਬੀ ਹੁੰਦੀ ਹੈ।

ਸਿਹਤਮੰਦ ਬਾਲਗ ਔਰਤਾਂ ਦੇ ਸਰੀਰ ਵਿੱਚ ਆਮ ਤੌਰ 'ਤੇ ਲਗਭਗ 20–29% ਚਰਬੀ ਹੁੰਦੀ ਹੈ। ਮੋਟਾਪੇ ਨਾਲ ਜੀ ਰਹੇ ਲੋਕਾਂ ਦੇ ਸਰੀਰ ਵਿੱਚ ਆਮ ਤੌਰ 'ਤੇ 30% ਤੋਂ ਵੱਧ ਚਰਬੀ ਹੁੰਦੀ ਹੈ।

ਸਰੀਰ ਵਿੱਚ ਚਰਬੀ ਦੀ ਕਿੰਨੀ ਮਾਤਰਾ ਸਭ ਤੋਂ ਢੁਕਵੀਂ ਹੈ, ਇਸ ਬਾਰੇ ਰੀਡਨ ਕਹਿੰਦੇ ਹਨ, "ਕਿਸੇ ਇੱਕ ਹੱਦ ਬਾਰੇ ਬਿਲਕੁਲ ਸਹੀ ਤੌਰ 'ਤੇ ਦੱਸਣਾ ਬਹੁਤ ਮੁਸ਼ਕਲ ਹੈ।"

ਉਹ ਕਹਿੰਦੇ ਹਨ, "ਇਹ ਲੋਕਾਂ, ਲਿੰਗ ਅਤੇ ਨਸਲੀ ਸਮੂਹਾਂ ਵਿਚਕਾਰ ਵੱਖਰੀ ਹੋ ਸਕਦੀ ਹੈ।"

ਖਿਡਾਰੀਆਂ ਵਿੱਚ ਸਰੀਰ ਦੀ ਚਰਬੀ ਦੀ ਆਮ ਮਾਤਰਾ ਘੱਟ ਹੁੰਦੀ ਹੈ।

ਡੈਟਰਾਇਟ ਦੀ ਵੇਨ ਸਟੇਟ ਯੂਨੀਵਰਸਿਟੀ ਵਿੱਚ ਖੇਡ ਪ੍ਰਦਰਸ਼ਨ ਬਾਰੇ ਖੋਜਕਾਰ ਤਾਮਾਰਾ ਹਿਊ-ਬਟਲਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਖੋਜ ਵਿੱਚ ਡੈਕਸਾ ਸਕੈਨਰ ਦੀ ਵਰਤੋਂ ਕਰਕੇ 700 ਤੋਂ ਵੱਧ ਖਿਡਾਰੀਆਂ ਦੇ ਸਰੀਰਾਂ ਦੀ ਜਾਂਚ ਕੀਤੀ।

ਇਹ ਸਰੀਰ ਦੀ ਬਣਤਰ ਨੂੰ ਮਾਪਦਾ ਹੈ, ਜਿਸ ਵਿੱਚ ਸਰੀਰ ਦੇ ਅੰਦਰ ਮੌਜੂਦ ਚਰਬੀ ਵੀ ਸ਼ਾਮਲ ਹੈ। "ਕਿਸੇ ਖਿਡਾਰੀ ਵਿੱਚ ਸਾਨੂੰ ਮਿਲੀ ਸਭ ਤੋਂ ਘੱਟ ਸਰੀਰਕ ਚਰਬੀ ਪੁਰਸ਼ ਵਿੱਚ 10% ਅਤੇ ਮਹਿਲਾ ਵਿੱਚ 16% ਸੀ।"

ਉਹ ਕਹਿੰਦੀ ਹੈ ਕਿ ਇਸ ਨਤੀਜੇ ਤੋਂ ਕੁਝ ਭਾਗੀਦਾਰ ਹੈਰਾਨ ਸਨ, ਕਿਉਂਕਿ ਇਸ ਅਧਿਐਨ ਵਿੱਚ ਸ਼ਾਮਲ ਖਿਡਾਰੀ ਨਿਯਮਿਤ ਤੌਰ 'ਤੇ ਸਿਖਲਾਈ ਲੈਂਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਸਰੀਰ ਵਿੱਚ ਚਰਬੀ ਦੀ ਮਾਤਰਾ 1–2% ਜਿੰਨੀ ਘੱਟ ਸੀ।

ਇਹ ਵੀ ਮਹੱਤਵਪੂਰਨ ਹੈ ਕਿ ਸਰੀਰ ਵਿੱਚ ਚਰਬੀ ਕਿੱਥੇ ਜਮ੍ਹਾਂ ਹੁੰਦੀ ਹੈ। ਵਿਸਰਲ ਚਰਬੀ, ਜਿਸ ਨੂੰ ਪੇਟ ਦੀ ਚਰਬੀ ਵੀ ਕਿਹਾ ਜਾਂਦਾ ਹੈ, ਖਾਸ ਤੌਰ 'ਤੇ ਨੁਕਸਾਨਦੇਹ ਹੁੰਦੀ ਹੈ ਜੇਕਰ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ।

ਚਮੜੀ ਦੇ ਹੇਠਾਂ ਮੌਜੂਦ ਚਰਬੀ ਦੇ ਉਲਟ, ਵਿਸਰਲ ਚਰਬੀ ਸਰੀਰ ਦੇ ਮਹੱਤਵਪੂਰਨ ਅੰਦਰੂਨੀ ਅੰਗਾਂ ਦੇ ਆਲੇ-ਦੁਆਲੇ ਜਮ੍ਹਾਂ ਹੁੰਦੀ ਹੈ ਅਤੇ ਸੋਜ ਪੈਦਾ ਕਰਨ ਵਾਲੇ ਰਸਾਇਣ ਛੱਡਦੀ ਹੈ, ਜੋ ਬਲੱਡ ਪ੍ਰੈਸ਼ਰ ਵਧਾਉਂਦੇ ਹਨ ਅਤੇ ਇਨਸੁਲਿਨ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ।

ਇਸ ਨਾਲ ਸਰੀਰ ਲਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਟਾਈਪ 2 ਸ਼ੂਗਰ ਦਾ ਖਤਰਾ ਵਧ ਜਾਂਦਾ ਹੈ।

ਸਰੀਰ ਦੀ ਚਰਬੀ ਨੂੰ ਕਿਵੇਂ ਮਾਪਿਆ ਜਾਵੇ

ਖਾਣਾ, ਡਾਈਟ
ਤਸਵੀਰ ਕੈਪਸ਼ਨ, ਚਰਬੀ ਊਰਜਾ ਸੰਭਾਲਣ ਦੇ ਨਾਲ-ਨਾਲ ਹਾਰਮੋਨ ਜਾਰੀ ਕਰਨ ਅਤੇ ਸਰੀਰ ਦਾ ਤਾਪਮਾਨ ਨਿਯਮਤ ਕਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ।

ਸਰੀਰ ਵਿੱਚ ਚਰਬੀ ਦੀ ਮਾਤਰਾ ਮਾਪਣ ਦੇ ਕੁਝ ਤਰੀਕੇ ਹਨ।

ਸਭ ਤੋਂ ਵਿਸਥਾਰਪੂਰਨ ਜਾਂਚ ਡੈਕਸਾ ਫੁੱਲ ਬਾਡੀ ਸਕੈਨ ਰਾਹੀਂ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ, ਬਿਨਾਂ ਚਰਬੀ ਵਾਲੀ ਮਾਸਪੇਸ਼ੀ ਅਤੇ ਹੱਡੀਆਂ ਦੇ ਭਾਰ ਵਿੱਚ ਫਰਕ ਕੀਤਾ ਜਾ ਸਕਦਾ ਹੈ।

ਹਾਲਾਂਕਿ, ਇਸ ਲਈ ਵਿਸ਼ੇਸ਼ ਉਪਕਰਣ ਦੀ ਲੋੜ ਹੁੰਦੀ ਹੈ ਅਤੇ ਇਹ ਮਹਿੰਗਾ ਵੀ ਹੋ ਸਕਦਾ ਹੈ।

ਘਰ ਵਿੱਚ ਕੀਤਾ ਜਾਣ ਵਾਲਾ ਇੱਕ ਪ੍ਰਸਿੱਧ ਟੈਸਟ ਸਕਿਨਫੋਲਡ ਟੈਸਟ ਹੈ।

ਇਸ ਵਿੱਚ ਖਾਸ ਤੌਰ 'ਤੇ ਬਣਾਏ ਗਏ ਕੈਲੀਪਰ ਦੀ ਮਦਦ ਨਾਲ ਚਮੜੀ ਦੇ ਬਿਲਕੁਲ ਹੇਠਾਂ ਮੌਜੂਦ ਚਰਬੀ ਦੀ ਪਰਤ ਨੂੰ ਚੁੰਝੀ ਮਾਰ ਕੇ ਉਸ ਦੀ ਮੋਟਾਈ ਮਾਪੀ ਜਾਂਦੀ ਹੈ। ਹਾਲਾਂਕਿ, ਇਹ ਉਪਕਰਣ ਸਰੀਰ ਦੇ ਕੁਝ ਖਾਸ ਹਿੱਸਿਆਂ 'ਤੇ ਮੌਜੂਦ ਚਰਬੀ ਦੀਆਂ ਪਰਤਾਂ ਦੀ ਮੋਟਾਈ ਹੀ ਮਾਪ ਸਕਦਾ ਹੈ। ਇਸ ਤਰੀਕੇ ਨਾਲ ਵਿਸਰਲ ਚਰਬੀ ਨੂੰ ਸਿੱਧੇ ਤੌਰ 'ਤੇ ਨਹੀਂ ਮਾਪਿਆ ਜਾ ਸਕਦਾ।

ਪਰ ਸਕਿਨਫੋਲਡ ਟੈਸਟ ਖ਼ਾਸ ਤੌਰ 'ਤੇ ਸਹੀ ਨਹੀਂ ਹੁੰਦੇ ਅਤੇ ਇਹ ਅਜਿਹੇ ਅੰਕੜੇ ਦੇ ਸਕਦੇ ਹਨ ਜੋ ਅਸਲ ਨਾਲੋਂ ਘੱਟ ਹੋਣ।

ਘਰ ਵਿੱਚ ਕੀਤਾ ਜਾਣ ਵਾਲਾ ਇੱਕ ਹੋਰ ਵਿਕਲਪ ਸਮਾਰਟ ਸਕੇਲ ਦੀ ਵਰਤੋਂ ਕਰਨਾ ਹੈ। ਇਹ ਸਰੀਰ ਵਿੱਚੋਂ ਘੱਟ ਮਾਤਰਾ ਵਿੱਚ ਬਿਜਲੀ ਦਾ ਕਰੰਟ ਲੰਘਾ ਕੇ ਚਰਬੀ ਦੇ ਭਾਰ ਦਾ ਅੰਦਾਜ਼ਾ ਲਗਾਉਣ ਦਾ ਕੰਮ ਕਰਦੇ ਹਨ।

ਹਾਲਾਂਕਿ, ਇਨ੍ਹਾਂ ਦੀਆਂ ਰੀਡਿੰਗਾਂ ਸਾਡੇ ਸਰੀਰ ਵਿੱਚ ਮੌਜੂਦ ਤਰਲ ਦੀ ਮਾਤਰਾ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇਸ ਲਈ ਇਨ੍ਹਾਂ ਨੂੰ ਸਰੀਰ ਵਿੱਚ ਚਰਬੀ ਦੇ ਪੱਧਰ ਨੂੰ ਮਾਪਣ ਲਈ ਸਹੀ ਨਹੀਂ ਮੰਨਿਆ ਜਾਂਦਾ।

ਇਹ ਤੁਹਾਨੂੰ ਇਹ ਵੀ ਨਹੀਂ ਦੱਸ ਸਕਦੇ ਕਿ ਤੁਹਾਡੇ ਸਰੀਰ ਵਿੱਚ ਚਰਬੀ ਕਿੱਥੇ ਜਮ੍ਹਾਂ ਹੈ ਜਾਂ ਵਿਸਰਲ ਚਰਬੀ ਅਤੇ ਹੋਰ ਕਿਸਮਾਂ ਦੀ ਚਰਬੀ ਵਿੱਚ ਫਰਕ ਨਹੀਂ ਕਰ ਸਕਦੇ।

ਅਸਲ ਵਿੱਚ, ਸਿਹਤਮੰਦ ਸਰੀਰ ਬਣਾਈ ਰੱਖਣ ਲਈ ਆਪਣੇ ਸਰੀਰ ਵਿੱਚ ਚਰਬੀ ਦੇ ਪੱਧਰ ਨੂੰ ਇੰਨੇ ਵਿਸਥਾਰ ਨਾਲ ਮਾਪਣ ਦੀ ਆਮ ਤੌਰ 'ਤੇ ਲੋੜ ਨਹੀਂ ਹੁੰਦੀ। ਪਰ ਦੋ ਅਜਿਹੇ ਮਾਪ ਹਨ ਜੋ ਸਿਹਤਮੰਦ ਵਜ਼ਨ ਬਣਾਈ ਰੱਖਣ ਅਤੇ ਇਹ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਸਰੀਰ ਵਿੱਚ ਚਰਬੀ ਕਿੱਥੇ ਜਮ੍ਹਾਂ ਹੋ ਰਹੀ ਹੈ।

ਚਰਬੀ
ਤਸਵੀਰ ਕੈਪਸ਼ਨ, ਸਰੀਰ ਦੀ ਚਰਬੀ ਦੇ ਕੋਈ ਵਿਆਪਕ ਪ੍ਰਤੀਸ਼ਤ ਨਹੀਂ ਹਨ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਪਰ ਵਿਆਪਕ ਮਾਰਗਦਰਸ਼ਕ ਹਨ

ਇੱਕ ਮਾਪਣ ਵਾਲੀ ਟੇਪ ਇਸ ਬਾਰੇ ਜਲਦੀ ਜਾਣਕਾਰੀ ਦੇ ਸਕਦੀ ਹੈ। ਕਮਰ ਅਤੇ ਕੱਦ ਦਾ ਅਨੁਪਾਤ ਇਹ ਮਾਪਦਾ ਹੈ ਕਿ ਕਿਸੇ ਵਿਅਕਤੀ ਦੇ ਕੱਦ ਦੇ ਮੁਕਾਬਲੇ ਉਸ ਦੇ ਪੇਟ ਦੇ ਵਿਚਕਾਰਲੇ ਹਿੱਸੇ ਵਿੱਚ ਕਿੰਨੀ ਚਰਬੀ ਹੈ। ਆਪਣੀ ਕਮਰ ਦਾ ਘੇਰਾ ਮਾਪਣ ਤੋਂ ਬਾਅਦ, ਤੁਸੀਂ ਆਪਣਾ ਅਨੁਪਾਤ ਪਤਾ ਕਰਨ ਲਈ ਆਨਲਾਈਨ ਕੈਲਕੁਲੇਟਰ ਦੀ ਵਰਤੋਂ ਕਰ ਸਕਦੇ ਹੋ। ਸਿਹਤਮੰਦ ਅਨੁਪਾਤ ਲਗਭਗ 0.4 ਤੋਂ 0.49 ਹੁੰਦਾ ਹੈ।

ਕਿਸੇ ਵਿਅਕਤੀ ਦੀ ਕਮਰ ਅਤੇ ਕੁੱਲ੍ਹੇ ਦਾ ਅਨੁਪਾਤ ਵੀ ਚੰਗਾ ਸੰਕੇਤ ਦੇ ਸਕਦਾ ਹੈ। ਇਹ ਅੰਕੜਾ ਪ੍ਰਾਪਤ ਕਰਨ ਲਈ ਆਪਣੀ ਨਾਭੀ ਦੇ ਆਲੇ-ਦੁਆਲੇ ਦਾ ਮਾਪ ਲਓ ਅਤੇ ਇਸ ਨੂੰ ਆਪਣੇ ਕੁੱਲ੍ਹਿਆਂ ਦੇ ਸਭ ਤੋਂ ਚੌੜੇ ਹਿੱਸੇ ਦੇ ਮਾਪ ਨਾਲ ਵੰਡੋ (ਜਾਂ ਆਨਲਾਈਨ ਕੈਲਕੁਲੇਟਰ ਦੀ ਵਰਤੋਂ ਕਰੋ)।

0.90 ਤੋਂ ਵੱਧ (ਪੁਰਸ਼ਾਂ ਵਿੱਚ) ਅਤੇ 0.85 ਤੋਂ ਵੱਧ (ਮਹਿਲਾਵਾਂ ਵਿੱਚ) ਮਾਪ ਨੂੰ ਉੱਚ ਮੰਨਿਆ ਜਾਂਦਾ ਹੈ, ਕਿਉਂਕਿ ਕਮਰ ਦੇ ਆਲੇ-ਦੁਆਲੇ ਵਾਧੂ ਚਰਬੀ ਖਰਾਬ ਮੈਟਾਬੋਲਿਕ ਸਿਹਤ ਦਾ ਸੰਕੇਤ ਹੈ। ਬਾਡੀ ਮਾਸ ਇੰਡੈਕਸ (BMI) ਸਰੀਰ ਦੀ ਚਰਬੀ ਦਾ ਸਹੀ ਅੰਦਾਜ਼ਾ ਨਹੀਂ ਹੈ ਕਿਉਂਕਿ, ਇਹ ਸਰੀਰ ਵਿੱਚ ਮੌਜੂਦ ਚਰਬੀ ਅਤੇ ਮਾਸਪੇਸ਼ੀਆਂ ਦੀ ਮਾਤਰਾ ਵਿੱਚ ਫਰਕ ਨਹੀਂ ਕਰ ਸਕਦਾ। ਜਿਨ੍ਹਾਂ ਲੋਕਾਂ ਦੀਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਅਤੇ ਚਰਬੀ ਬਹੁਤ ਘੱਟ ਹੁੰਦੀ ਹੈ, ਉਨ੍ਹਾਂ ਦਾ ਬੀਐੱਮਆਈ ਵੀ ਉੱਚਾ ਹੋ ਸਕਦਾ ਹੈ।

ਉਮਰ ਵਧਣ ਦੇ ਨਾਲ ਤੁਸੀਂ ਆਪਣੇ ਸਰੀਰ ਦੀ ਬਣਤਰ 'ਤੇ ਵਧੇਰੇ ਨਜ਼ਰ ਰੱਖਣਾ ਚਾਹ ਸਕਦੇ ਹੋ। ਸਾਡੀ ਚਰਬੀ ਦੀ ਮਾਤਰਾ ਵਧਣ ਦਾ ਰੁਝਾਨ ਹੁੰਦਾ ਹੈ, ਜਦਕਿ ਸਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਮਾਤਰਾ ਘਟਦੀ ਜਾਂਦੀ ਹੈ। ਕਿਉਂਕਿ ਇਸ ਨਾਲ ਸਿਹਤ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ, ਇਸ ਲਈ ਚੰਗਾ ਭੋਜਨ ਖਾਣਾ, ਕਸਰਤ ਕਰਨਾ ਅਤੇ ਤਾਕਤ ਵਧਾਉਣ ਵਾਲੀ ਕਸਰਤ ਵਿੱਚ ਹਿੱਸਾ ਲੈਣਾ ਮਹੱਤਵਪੂਰਨ ਹੈ।

ਹਾਲਾਂਕਿ, ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਚਰਬੀ ਸਾਡੇ ਲਈ ਕਈ ਮਹੱਤਵਪੂਰਨ ਕੰਮ ਕਰਦੀ ਹੈ ਅਤੇ ਚਰਬੀ ਨਾਲ ਜੁੜੇ ਹੱਦ ਤੋਂ ਵੱਧ ਟੀਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਨਹੀਂ ਹੋਣਾ ਚਾਹੀਦਾ।

ਸਹੀ ਮਾਤਰਾ ਵਿੱਚ ਚਰਬੀ ਹੋਣਾ ਮਹੱਤਵਪੂਰਨ ਹੈ, ਨਾ ਕਿ ਇਸ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕਰਨ ਦੀ ਕੋਸ਼ਿਸ਼ ਕਰਨਾ। ਜਾਂ ਜਿਵੇਂ ਓਰਲ ਕਹਿੰਦੀ ਹੈ, "ਸਾਡਾ ਮੰਨਣਾ ਹੈ ਕਿ ਚਰਬੀ ਤਾਕਤਵਰ ਵੀ ਹੈ ਅਤੇ ਖੂਬਸੂਰਤ ਵੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)