ਰਾਹੁਲ ਗਾਂਧੀ ਨੇ ਆਰਐੱਸਐੱਸ ਅਤੇ ਅਮਿਤ ਸ਼ਾਹ ਬਾਰੇ ਕੀ ਕਿਹਾ, ਜਿਸ ਦਾ ਭਾਜਪਾ ਨੇ ਵਿਰੋਧ ਕੀਤਾ

ਕਿਰੇਨ ਰਿਜਿਜੂ ਅਤੇ ਰਾਹੁਲ ਗਾਂਧੀ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਕਿਰੇਨ ਰਿਜਿਜੂ ਨੇ ਰਾਹੁਲ ਗਾਂਧੀ ਦੇ ਭਾਸ਼ਣ ਵਿੱਚ ਵਰਤੇ ਗਏ ਇੱਕ ਸ਼ਬਦ ਨੂੰ ਅਸੰਸਦੀ ਕਰਾਰ ਦਿੱਤਾ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਪਬਲਿਕ ਐਗਜ਼ਾਮਿਨੇਸ਼ਨ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024 ਵਿੱਚ ਸੋਧ ਲਈ ਪਬਲਿਕ ਐਗਜ਼ਾਮਿਨੇਸ਼ਨ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਸੋਧ ਐਕਟ, 2026 ਲੋਕ ਸਭਾ ਵਿੱਚ ਪਾਸ ਹੋ ਗਿਆ ਹੈ।

ਇਸ ਦਾ ਮਕਸਦ ਪੇਪਰ ਲੀਕ, ਸੰਗਠਿਤ ਨਕਲ ਮਾਫੀਆ ਅਤੇ ਪ੍ਰੀਖਿਆ ਕਰਵਾਉਣ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੋਰ ਸਖ਼ਤੀ ਨਾਲ ਤੈਅ ਕਰਨਾ ਹੈ।

ਮੰਗਲਵਾਰ ਨੂੰ ਜਿੱਥੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੇ ਬਿਆਨ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ, ਉੱਥੇ ਹੀ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ ਦੀ ਚਰਚਾ ਹੋ ਰਹੀ ਹੈ।

ਨੀਟ ਪੇਪਰ ਲੀਕ ਮਾਮਲੇ ਤੋਂ ਬਾਅਦ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ।

ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਕੁਝ ਨੌਜਵਾਨ ਵਿਦਿਆਰਥੀਆਂ ਦਾ ਜ਼ਿਕਰ ਕਰਦੇ ਹੋਏ ਇੱਕ ਸ਼ਬਦ ਦੀ ਵਰਤੋਂ ਕੀਤੀ, ਜਿਸ ਨੂੰ ਭਾਜਪਾ ਨੇ ਗ਼ੈਰ-ਸੰਸਦੀ ਦੱਸਿਆ।

ਭਾਜਪਾ ਸੰਸਦ ਮੈਂਬਰ ਕਿਰੇਨ ਰਿਜਿਜੂ ਨੇ ਇਸ ਸ਼ਬਦ 'ਤੇ ਇਤਰਾਜ਼ ਜਤਾਉਂਦੇ ਹੋਏ ਬੇਨਤੀ ਕੀਤੀ ਕਿ ਉਹ ਇਸ ਸ਼ਬਦ ਦੀ ਵਰਤੋਂ ਨਾ ਕਰਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਇਸ ਸ਼ਬਦ ਨੂੰ ਸੰਸਦੀ ਕਾਰਵਾਈ ਤੋਂ ਹਟਾਉਣ ਲਈ ਕਿਹਾ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਵਿਦਿਆਰਥੀਆਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਭਾਜਪਾ ਆਗੂਆਂ ਨੇ ਇਸ ਬਿਆਨ ਦੀ ਨਿੰਦਾ ਕਰਦਿਆਂ ਇਸ ਨੂੰ ਭਰਮ ਪੈਦਾ ਕਰਨ ਵਾਲਾ ਦੱਸਿਆ ਹੈ।

ਉੱਥੇ ਹੀ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਆਰਐੱਸਐੱਸ ਅਤੇ ਅੰਧ-ਭਗਤ ਸ਼ਬਦ ਦਾ ਵੀ ਜ਼ਿਕਰ ਕੀਤਾ।

ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਭਾਸ਼ਣ ਦਿੱਤਾ

ਲੋਕ ਸਭਾ ਵਿੱਚ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ, "ਮੈਂ ਬਹੁਤ ਉਤਸ਼ਾਹਿਤ ਸੀ ਇਹ ਦੇਖ ਕੇ ਕਿ ਸਾਡੇ ਦੇਸ਼ ਦੇ ਭਵਿੱਖ ਨੇ ਸੜਕਾਂ 'ਤੇ ਕੀ ਕੀਤਾ। ਇਹ ਗੁੱਸਾ ਨਹੀਂ ਸੀ, ਹਿੰਸਾ ਨਹੀਂ ਸੀ, ਨਫ਼ਰਤ ਨਹੀਂ ਸੀ।"

"ਇਹ ਇਸ ਦੇਸ਼ ਦੇ ਨੌਜਵਾਨਾਂ ਅਤੇ ਆਉਣ ਵਾਲੀ ਪੀੜ੍ਹੀ ਦਾ ਡੂੰਘਾ ਪ੍ਰਗਟਾਵਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਪ੍ਰਗਟਾਵੇ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਸ ਵਿੱਚ ਭਾਜਪਾ ਵਿੱਚ ਮੇਰੇ ਦੋਸਤ ਵੀ ਸ਼ਾਮਲ ਹਨ।"

"ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਭਾਜਪਾ ਵਿੱਚ ਮੇਰੇ ਦੋਸਤ ਆਪਣੇ ਬੱਚਿਆਂ ਕੋਲ ਜਾ ਕੇ ਪੁੱਛਣ ਕਿ ਉਨ੍ਹਾਂ ਦੇ ਭੈਣ-ਭਰਾ ਜੋ ਕਰ ਰਹੇ ਹਨ, ਉਸ ਬਾਰੇ ਉਹ ਕੀ ਸੋਚਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਵਿੱਚ ਵੀ ਸਹਿਮਤੀ ਮਿਲੇਗੀ। ਜੋ ਹੋਇਆ ਹੈ ਉਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਅਤੇ ਹਰ ਭਾਰਤੀ ਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।"

ਰਾਹੁਲ ਗਾਂਧੀ ਨੇ ਕਿਹਾ ਕਿ, "ਮੈਂ ਸੋਚਿਆ ਕਿ ਮੈਂ ਅਗਲੀ ਪੀੜ੍ਹੀ ਲਈ ਇਹ ਭਾਸ਼ਣ ਦੇਣ ਜਾ ਰਿਹਾ ਹਾਂ, ਤਾਂ ਮੇਰੇ ਭਾਸ਼ਣ ਦੀ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ।"

"ਮੈਨੂੰ ਲੱਗਾ ਕਿ ਇੱਕ ਚੰਗਾ ਸ਼ੁਰੂਆਤੀ ਬਿੰਦੂ ਨੌਜਵਾਨ ਵਿਦਿਆਰਥੀਆਂ ਨਾਲ ਮੇਰੀ ਗੱਲਬਾਤ ਦਾ ਹਿੱਸਾ ਹੋਣਾ ਚਾਹੀਦਾ ਹੈ।"

"ਮੈਂ ਇੱਕ ਨੌਜਵਾਨ ਕੁੜੀ ਨੂੰ ਪੁੱਛਿਆ ਕਿ ਤੁਸੀਂ ਕਿਹਾ ਕਿ ਤੁਸੀਂ ਵਿਦਿਆਰਥਣ ਹੋ, ਇਸ ਦਾ ਕੀ ਮਤਲਬ ਹੈ। ਉਸ ਨੇ ਮੈਨੂੰ ਬਹੁਤ ਖੂਬਸੂਰਤ ਜਵਾਬ ਦਿੱਤਾ। ਉਸ ਨੇ ਕਿਹਾ ਕਿ ਵਿਦਿਆਰਥੀ ਉਹ ਹੁੰਦਾ ਹੈ ਜੋ ਖੁੱਲ੍ਹੇ ਦਿਲ ਵਾਲਾ ਹੁੰਦਾ ਹੈ, ਜੋ ਸ਼ੁਰੂ ਤੋਂ ਹੀ ਇਹ ਸਵੀਕਾਰ ਕਰ ਲੈਂਦਾ ਹੈ ਕਿ ਉਸ ਨੂੰ ਸਭ ਕੁਝ ਨਹੀਂ ਪਤਾ। ਉਹ ਮੰਨਦਾ ਹੈ ਕਿ ਇਹ ਬ੍ਰਹਿਮੰਡ ਲਗਾਤਾਰ ਬਦਲ ਰਿਹਾ ਹੈ। ਵਿਦਿਆਰਥੀ ਇਹ ਵੀ ਸਮਝਦਾ ਹੈ ਕਿ ਗਿਆਨ ਵੀ ਬਦਲਦਾ ਰਹਿੰਦਾ ਹੈ। ਉਸ ਵਿਦਿਆਰਥਣ ਨੇ ਮੈਨੂੰ ਇਹ ਦੱਸਿਆ।"

"ਮੈਂ ਉਸ ਨੂੰ ਅਗਲਾ ਸਵਾਲ ਕੀਤਾ ਕਿ ਤੁਸੀਂ ਵਿਦਿਆਰਥੀ ਨੂੰ ਬਹੁਤ ਵਧੀਆ ਢੰਗ ਨਾਲ ਪਰਿਭਾਸ਼ਿਤ ਕੀਤਾ ਹੈ। ਤਾਂ ਉਸ ਵਿਦਿਆਰਥਣ ਨੇ ਮੈਨੂੰ ਕਿਹਾ ਕਿ ਕੁਝ ਹੋਰ ਲੋਕ ਵੀ ਹਨ। ਮੈਂ ਪੁੱਛਿਆ ਉਹ ਕੌਣ ਹਨ?"

ਉਨ੍ਹਾਂ ਕਿਹਾ, "ਇਹ ਉਹ ਲੋਕ ਹਨ ਜੋ ਮੰਨ ਕੇ ਚੱਲਦੇ ਹਨ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਹਿਮੰਡ ਸਥਿਰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਗਿਆਨ ਉਨ੍ਹਾਂ ਦੇ ਅੰਦਰੋਂ ਹੀ ਆ ਰਿਹਾ ਹੈ।"

"ਉਹ ਆਪਣੇ ਆਪ ਨੂੰ ਭਗਵਾਨ ਸਮਝਦੇ ਹਨ। ਇਹ ਅਹੰਕਾਰੀ ਹੁੰਦੇ ਹਨ, ਇਹ ਕਿਸੇ ਦੀ ਗੱਲ ਨਹੀਂ ਸੁਣਦੇ, ਦੂਜਿਆਂ ਦੇ ਸੱਚ ਦਾ ਸਨਮਾਨ ਨਹੀਂ ਕਰਦੇ। ਮੈਂ ਪੁੱਛਿਆ ਕਿ ਤੁਸੀਂ ਇਨ੍ਹਾਂ ਲੋਕਾਂ ਨੂੰ ਕੀ ਕਹਿੰਦੇ ਹੋ।"

ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਉਸ ਸ਼ਬਦ ਦੀ ਵਰਤੋਂ ਕੀਤੀ, ਜਿਸ 'ਤੇ ਸੱਤਾ ਪੱਖ ਨੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਦੇ ਬਿਆਨ ਨੂੰ ਗ਼ੈਰ-ਸੰਸਦੀ ਸ਼ਬਦ ਦੱਸਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ।

ਭਾਜਪਾ ਦੀ ਇਤਰਾਜ਼

ਰਾਹੁਲ ਗਾਂਧੀ ਦੇ ਭਾਸ਼ਣ 'ਤੇ ਇਤਰਾਜ਼ ਜਤਾਉਂਦੇ ਹੋਏ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ, "ਜਿੰਨੇ ਵੀ ਸ਼ਬਦ ਹਨ, ਜੋ ਅਸੀਂ ਸੰਸਦ ਵਿੱਚ ਨਹੀਂ ਕਹਿ ਸਕਦੇ, ਉਹ ਅਸੀਂ ਤੈਅ ਨਹੀਂ ਕੀਤੇ ਹਨ। ਅਸੀਂ ਤੁਹਾਡੇ ਭਾਸ਼ਣ ਨੂੰ ਰੋਕਣਾ ਨਹੀਂ ਚਾਹੁੰਦੇ, ਪਰ ਜੋ ਸ਼ਬਦ ਤੁਸੀਂ ਵਰਤਿਆ ਹੈ, ਉਹ ਨਾ ਵਰਤੋ। ਮੇਰੀ ਸਿਰਫ਼ ਇਹੀ ਬੇਨਤੀ ਹੈ।"

ਹਾਲਾਂਕਿ ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਕਈ ਵਾਰ ਕਿਹਾ ਕਿ ਉਹ ਆਪਣੀ ਗੱਲ ਰੱਖਣ, ਪਰ ਆਪਣੀ ਸੀਟ 'ਤੇ ਵਾਪਸ ਬੈਠ ਚੁੱਕੇ ਰਾਹੁਲ ਗਾਂਧੀ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਪਹਿਲਾਂ ਸਪੀਕਰ ਸਦਨ ਨੂੰ ਵਿਵਸਥਾ ਵਿੱਚ ਲਿਆਉਣ।

ਇਸ ਤੋਂ ਬਾਅਦ ਰਾਹੁਲ ਗਾਂਧੀ ਉੱਠੇ ਅਤੇ ਉਨ੍ਹਾਂ ਕਿਹਾ, "ਜਿਵੇਂ ਹੀ ਮੈਂ ਬੋਲਣਾ ਸ਼ੁਰੂ ਕੀਤਾ, ਪੂਰਾ ਸੱਤਾ ਪੱਖ ਹੰਗਾਮਾ ਕਰਨ ਲੱਗ ਪਿਆ।"

ਇਸ ਤੋਂ ਬਾਅਦ ਰਿਜਿਜੂ ਨੇ ਕਿਹਾ, "ਮੈਂ ਦੁਬਾਰਾ ਕਹਿਣਾ ਚਾਹਾਂਗਾ ਰਾਹੁਲ ਗਾਂਧੀ ਜੀ ਕਿ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ। ਅਸੀਂ ਸਿਰਫ਼ ਇਹ ਕਹਿ ਰਹੇ ਹਾਂ ਕਿ ਤੁਸੀਂ ਗ਼ੈਰ-ਸੰਸਦੀ ਸ਼ਬਦ ਨਾ ਬੋਲੋ।"

ਇਸ 'ਤੇ ਰਾਹੁਲ ਗਾਂਧੀ ਨੇ ਕਿਹਾ, "ਇਹ ਸ਼ਬਦ ਉਦੋਂ ਗ਼ੈਰ-ਸੰਸਦੀ ਹੁੰਦਾ ਜਦੋਂ ਮੈਂ ਇਹ ਕਿਸੇ ਸੰਸਦ ਮੈਂਬਰ ਦੇ ਖ਼ਿਲਾਫ਼ ਬੋਲਿਆ ਹੁੰਦਾ। ਮੈਂ ਬੋਲਦਾ ਹਾਂ ਤਾਂ ਰਿਜਿਜੂ ਸਾਹਿਬ ਖੜ੍ਹੇ ਹੋ ਜਾਂਦੇ ਹਨ।"

ਰਾਜਨਾਥ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਜਨਾਥ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਉਸ ਸ਼ਬਦ ਨੂੰ ਸੰਸਦੀ ਕਾਰਵਾਈ ਤੋਂ ਹਟਾਉਣ ਦੀ ਅਪੀਲ ਕੀਤੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਸ਼ਬਦ 'ਤੇ ਇਤਰਾਜ਼ ਜਤਾਉਂਦੇ ਹੋਏ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਕਿ ਇਸ ਸ਼ਬਦ ਨੂੰ ਕਾਰਵਾਈ ਤੋਂ ਹਟਾ ਦਿੱਤਾ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੱਖ ਦੇ ਮੈਂਬਰਾਂ ਨੂੰ ਕਿਹਾ, "ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸ਼ਾਂਤ ਰਹੋ ਅਤੇ ਉਨ੍ਹਾਂ ਦੀ ਗੱਲ ਸੁਣੋ।"

ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਆਰਐੱਸਐੱਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਧਰਮੇਂਦਰ ਪ੍ਰਧਾਨ ਇੱਕ ਪ੍ਰਤੀਕ ਹਨ, ਤੁਹਾਡਾ ਅਸਲੀ ਦੁਸ਼ਮਣ ਆਰਐੱਸਐੱਸ ਹੈ... ਧਿਆਨ ਰੱਖੋ। ਇਹ ਉਹ ਲੋਕ ਹਨ ਜੋ ਤੁਹਾਨੂੰ ਵਿਦਿਆਰਥੀ ਨਹੀਂ ਬਣਨ ਦੇ ਰਹੇ ਹਨ। ਇਹ ਉਹ ਲੋਕ ਹਨ ਜੋ ਚਾਹੁੰਦੇ ਹਨ ਕਿ ਤੁਸੀਂ ਅੰਧਭਗਤ ਬਣੋ। ਇਹ ਭਾਰਤ ਦੀ ਆਤਮਾ ਦਾ ਪ੍ਰਤੀਕਰਮ ਹੈ, ਜੋ ਕਹਿ ਰਹੀ ਹੈ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਤੁਹਾਡੇ ਅੰਧਭਗਤ ਨਹੀਂ ਬਣਾਂਗੇ।"

ਗ੍ਰਹਿ ਮੰਤਰੀ 'ਤੇ ਰਾਹੁਲ ਗਾਂਧੀ ਦੇ ਇਲਜ਼ਾਮ

ਰਾਹੁਲ ਗਾਂਧੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ

ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ, "ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦਿਆਰਥੀਆਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।"

ਉਨ੍ਹਾਂ ਕਿਹਾ, "ਮੈਂ ਅੱਜ ਇਹ ਦੇਖ ਕੇ ਬਹੁਤ ਖੁਸ਼ ਹਾਂ ਕਿ ਦੇਸ਼ ਦੇ ਕਥਿਤ ਗ੍ਰਹਿ ਮੰਤਰੀ ਵਿੱਚ ਹਿੰਮਤ ਨਹੀਂ ਹੈ। ਗ੍ਰਹਿ ਮੰਤਰੀ ਦੇ ਅੰਦਰ ਇੰਨੀ ਹਿੰਮਤ ਨਹੀਂ ਹੈ ਕਿ ਉਹ ਸਦਨ ਵਿੱਚ ਆ ਕੇ ਬੈਠਣ। ਮੈਂ ਦੇਖਿਆ ਕਿ 30 ਗੱਡੀਆਂ ਦੇ ਕਾਫ਼ਲੇ ਵਿੱਚ ਗ੍ਰਹਿ ਮੰਤਰੀ ਕੰਬਦੇ ਹੋਏ ਬੈਠੇ ਹੋਏ ਸਨ।"

"ਗ੍ਰਹਿ ਮੰਤਰੀ ਅੱਜ ਇੱਥੇ ਕਿਉਂ ਨਹੀਂ ਹਨ? ਗ੍ਰਹਿ ਮੰਤਰੀ ਇੱਥੇ ਇਸ ਲਈ ਨਹੀਂ ਹਨ ਕਿਉਂਕਿ ਉਹ ਡਰੇ ਹੋਏ ਹਨ। ਗ੍ਰਹਿ ਮੰਤਰੀ ਨੇ ਵਿਦਿਆਰਥੀਆਂ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਉਨ੍ਹਾਂ 'ਤੇ ਸਾਡੇ ਵਿਦਿਆਰਥੀਆਂ ਦੇ ਖੂਨ ਦੇ ਦਾਗ਼ ਹਨ। ਉਨ੍ਹਾਂ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਸੀ।"

ਲੋਕ ਸਭਾ ਸਪੀਕਰ ਨੇ ਇਸ ਵਿੱਚ ਦਖ਼ਲ ਦਿੰਦੇ ਹੋਏ ਕਿਹਾ ਕਿ ਜਿਸ ਬਿੱਲ 'ਤੇ ਚਰਚਾ ਹੋ ਰਹੀ ਹੈ, ਉਸ ਨਾਲ ਸਬੰਧਤ ਮੰਤਰੀ ਇੱਥੇ ਬੈਠੇ ਹਨ ਅਤੇ ਗ੍ਰਹਿ ਮੰਤਰਾਲੇ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

ਕਿਰੇਨ ਰਿਜਿਜੂ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਗਲਤ ਗੱਲ ਕਹਿ ਰਹੇ ਹਨ ਅਤੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਗੱਲ ਕਰਨੀ ਚਾਹੀਦੀ ਹੈ।

ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸੰਸਦ ਦੇ ਬਾਹਰ ਕਿਹਾ, "ਕੁਝ ਲੋਕਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ, ਜਦਕਿ ਕੋਈ ਗੋਲੀਬਾਰੀ ਹੋਈ ਹੀ ਨਹੀਂ ਹੈ ਅਤੇ ਇੰਨਾ ਬੇਬੁਨਿਆਦ ਅਤੇ ਝੂਠਾ ਬਿਆਨ ਵਿਰੋਧੀ ਧਿਰ ਦੇ ਨੇਤਾ ਸਦਨ ਵਿੱਚ ਦੇ ਰਹੇ ਹਨ, ਜਿਸ ਦੀ ਮੈਂ ਨਿੰਦਾ ਕਰਦਾ ਹਾਂ। ਰਾਹੁਲ ਗਾਂਧੀ ਜੀ ਕੋਲ ਬੋਲਣ ਲਈ ਕੁਝ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਬਹਿਸ ਅਤੇ ਬਿੱਲ ਨਾਲ ਜੁੜੀ ਕੋਈ ਗੱਲ ਨਹੀਂ ਕੀਤੀ।"

ਪੀਯੂਸ਼ ਗੋਇਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਰਾਹੁਲ ਗਾਂਧੀ ਤੋਂ ਸਦਨ ਵਿੱਚ ਦੇਸ਼ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ।

ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ, "ਦਿੱਲੀ ਪੁਲਿਸ ਪੂਰੀ ਤਰ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੰਟ੍ਰੋਲ ਵਿੱਚ ਹੈ। ਦਿੱਲੀ ਪੁਲਿਸ ਕਮਿਸ਼ਨਰ ਕਿਸ ਤੋਂ ਹੁਕਮ ਲੈਂਦੇ ਹਨ? ਦਿੱਲੀ ਪੁਲਿਸ ਕਮਿਸ਼ਨਰ ਸਿਰਫ਼ ਗ੍ਰਹਿ ਮੰਤਰਾਲੇ ਤੋਂ ਹੁਕਮ ਲੈਂਦੇ ਹਨ।"

"ਗ੍ਰਹਿ ਮੰਤਰੀ ਖੁਦ ਜ਼ਿੰਮੇਵਾਰ ਹਨ, ਇਸ ਲਈ ਉਹ ਸਦਨ ਵਿੱਚ ਨਹੀਂ ਆ ਰਹੇ ਹਨ। ਜੇਕਰ ਰਾਹੁਲ ਗਾਂਧੀ ਨੇ ਇਹ ਇਲਜ਼ਾਮ ਲਗਾਏ ਹਨ, ਤਾਂ ਅੱਗੇ ਦਾ ਰਸਤਾ ਕੀ ਹੈ? ਗ੍ਰਹਿ ਮੰਤਰੀ ਨੂੰ ਸਦਨ ਵਿੱਚ ਆ ਕੇ ਜਵਾਬ ਦੇਣਾ ਚਾਹੀਦਾ ਹੈ। ਤੁਸੀਂ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦੇ ਰਹੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)