ਅਗਾਮੀ ਪੰਜਾਬ ਚੋਣਾਂ ਲਈ ਅਕਾਲੀ-ਬੀਜੇਪੀ ਗਠਜੋੜ ਦਾ ਐਲਾਨ, ਅਮਿਤ ਸ਼ਾਹ ਕੀ ਬੋਲੇ

ਅਮਿਤ ਸ਼ਾਹ ਅਤੇ ਸੁਖਬੀਰ ਸਿੰਘ ਬਾਦਲ
ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਬੀਜੇਪੀ ਗਠਜੋੜ ਦਾ ਐਲਾਨ ਹੋ ਗਿਆ ਹੈ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੁਰਾਣੀ ਭਾਈਵਾਲ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਮੁੜ ਇਕੱਠੇ ਹੋ ਗਏ ਹਨ। ਦੋਹਾਂ ਪਾਰਟੀਆਂ ਦੀ ਪੁਰਾਣੀ ਸਾਂਝ ਲਗਭਗ ਛੇ ਸਾਲ ਪਹਿਲਾਂ ਟੁੱਟ ਗਈ ਸੀ।

ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੀਆਂ ਲਗਾਤਾਰ ਕਿਆਸਰਾਹੀਆਂ ਲਾਈਆਂ ਜਾ ਰਹੀਆਂ ਸਨ। ਅੱਜ ਗਠਜੋੜ ਦੇ ਰਸਮੀ ਐਲਾਨ ਨਾਲ ਇੰਨਾ ਕਿਆਸਰਾਈਆਂ ਦਾ ਅੰਤ ਹੋ ਗਿਆ।

ਅਮਿਤ ਸ਼ਾਹ ਕੀ ਬੋਲੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਅਗਲੀ ਚੋਣ ਬੀਜੇਪੀ ਅਤੇ ਅਕਾਲੀ ਦਲ ਮਿਲ ਕੇ ਲੜਣਗੇ।

ਉਨ੍ਹਾਂ ਕਿਹਾ, "ਬਹੁਤ ਖੁਸ਼ੀ ਦੀ ਗੱਲ ਹੈ ਕਿ ਐਨਡੀਏ ਦੇ ਸਭ ਤੋਂ ਪੁਰਾਣੇ ਸਾਥੀ ਅਕਾਲੀ ਦਲ ਅੱਜ ਐਨਡੀਏ ਵਿਚ ਪਰਤੇ ਹਨ। ਮੈਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਾਰੇ ਲੀਡਰਾਂ ਦਾ ਐਨਡੀਏ ਵਿੱਚ ਸਵਾਗਤ ਕਰਦਾ ਹਾਂ।"

"ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਕਿ ਐਨਡੀਏ ਦਾ ਐਕਸਪੈਨਸ਼ਨ ਹੋ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨੇ ਬਹੁਤ ਖੁਸ਼ੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਫੋਨ ਕੀਤਾ ਅਤੇ ਭਾਵਨਾ ਜ਼ਾਹਿਰ ਕੀਤੀ।"

ਉਨ੍ਹਾਂ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਾਈ ਜੀ ਦਾ ਰਿਸ਼ਤਾ ਮਜ਼ਬੂਤ ਰਿਹਾ ਹੈ, ਅਕਾਲੀ-ਬੀਜੇਪੀ ਦਾ ਰਿਸ਼ਤਾ ਮਜ਼ਬੂਤ ਰਿਹਾ ਹੈ।

"ਹਿੰਦੂ ਸਿੱਖੀ ਭਾਈਚਾਰੇ ਦਾ ਸਿੰਬਲ ਬਣੇਗਾ ਅਤੇ ਇਸ ਦਿਸ਼ਾ ਵੱਲ ਦੋਹੇਂ ਪਾਰਟੀਆਂ ਅੱਗੇ ਵਧਣਗੀਆਂ।"

"ਅਸੀਂ ਕਈ ਚੋਣਾਂ ਇਕੱਠੇ ਲੜੀਆਂ, ਜਿੱਤੀਆਂ ਹਾਰੀਆਂ, ਪਰ ਰਿਸ਼ਤਾ ਅਟੁੱਟ ਰਿਹਾ। ਅੱਜ ਫਿਰ ਇੱਕ ਹੋ ਰਹੇ ਹਾਂ।"

ਉਨ੍ਹਾਂ ਕਿਹਾ, "ਪੰਜਾਬ ਤੋਂ ਨਸ਼ੇ ਖਤਮ ਕਰਨਾ, ਭ੍ਰਿਸ਼ਟਾਚਾਰ ਖਤਮ ਕਰਨਾ ਅਤੇ ਰਾਸ਼ਟਰਵਾਦੀ ਤਾਕਤਾਂ ਨੂੰ ਮਜ਼ਬੂਤ ਕਰਨਾ ਮੁੱਖ ਟੀਚਾ ਰਹੇਗਾ।"

ਉਨ੍ਹਾਂ ਮਜ਼ਬੂਤੀ ਨਾਲ ਕਿਹਾ, "31 ਦਸੰਬਰ 2029 ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਕਰ ਦੇਵਾਂਗੇ।"

ਉਨ੍ਹਾਂ ਕਿਹਾ, "ਮੈਨੂੰ ਭਰੋਸਾ ਹੈ ਕਿ ਪੰਜਾਬ ਦੀ ਜਨਤਾ ਮੋਦੀ ਜੀ ਦੀ ਅਗਵਾਈ ਵਿੱਚ ਐਨਡੀਏ ਨੂੰ ਭਾਰੀ ਬਹੁਮਤ ਦੇਵੇਗੀ। ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਵਿੋੱਚ ਐਨਡੀਏ ਦੀ ਸਰਕਾਰ ਬਣਾਵਾਂਗੇ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਸੂਬਾ ਬਣਾਵਾਂਗੇ।"

ਭਾਜਪਾ ਅਤੇ ਅਕਾਲੀ ਦਲ ਦੀ ਸਾਂਝ ਦੀਆਂ ਜੜ੍ਹਾਂ ਕਿੱਥੇ ਹਨ

ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੀ ਤਸਵੀਰ

ਸਾਲ 2020 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਿੱਲੀ ਦੇ ਸਹਾਇਕ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਨੇ ਬੀਬੀਸੀ ਪੰਜਾਬੀ ਵਾਸਤੇ ਕਲਮਬੱਧ ਕੀਤੇ ਲੇਖ ਵਿੱਚ ਦੱਸਿਆ ਸੀ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਿਆਸੀ ਸਾਂਝ ਦੀਆਂ ਜੜ੍ਹਾਂ 1960ਵਿਆਂ ਦੇ ਅਖੀਰ ਤੱਕ ਜਾਂਦੀਆਂ ਹਨ।

ਇਸ ਦੌਰਾਨ ਭਾਜਪਾ ਦੀ ਪਿੱਤਰੀ ਪਾਰਟੀ ਭਾਰਤੀ ਜਨ ਸੰਘ ਅਤੇ ਅਕਾਲੀ ਦਲ ਵਿਚਾਲੇ ਸਿਆਸੀ ਸਹਿਯੋਗ ਦੀ ਸ਼ੁਰੂਆਤ ਹੋਈ ਸੀ। 8 ਮਾਰਚ 1967 ਨੂੰ ਜਨਸੰਘ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਬਣੀ ਸਾਂਝੇ ਮੋਰਚੇ ਦੀ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਨੂੰ ਹਮਾਇਤ ਦਿੱਤੀ ਸੀ।

ਉਨ੍ਹਾਂ ਦੱਸਿਆ ਸੀ ਕਿ ਇਹ ਗਠਜੋੜ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦੀ ਬਦੌਲਤ ਹੋਂਦ ਵਿੱਚ ਆਇਆ। ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਲਈ ਸੰਘਰਸ਼ ਕਰਦਿਆਂ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਦੇ ਸਵਾਲ 'ਤੇ ਜ਼ੋਰ ਦਿੱਤਾ ਸੀ। ਉਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਕੁੱਲ 104 ਸੀਟਾਂ ਸਨ। ਜਨਸੰਘ ਨੇ 49 ਸੀਟਾਂ ਤੇ ਚੋਣ ਲੜੀ ਅਤੇ ਨੌਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।

ਅਕਾਲੀ ਦਲ ਅਤੇ ਭਾਜਪਾ ਦੀ ਪਿੱਤਰੀ ਪਾਰਟੀ ਦਾ ਗਠਜੋੜ ਕਿਉਂ ਹੋਇਆ ਸੀ

ਅਮਨਪ੍ਰੀਤ ਸਿੰਘ ਗਿੱਲ ਮੁਤਾਬਕ ਮੰਨਿਆ ਜਾਂਦਾ ਹੈ ਕੇ ਪੰਜਾਬੀ ਸੂਬੇ ਵਿੱਚ ਹਿੰਦੀ ਭਾਸ਼ਾ ਦੀ ਸਥਿਤੀ ਲਈ ਸੰਘਰਸ਼ ਕਰਕੇ ਜਨ ਸੰਘ ਨੇ ਪੰਜਾਬ ਦੇ ਹਿੰਦੂ ਭਾਈਚਾਰੇ ਵਿੱਚ ਆਪਣੀ ਥਾਂ ਬਣਾ ਲਈ ਸੀ। ਪੰਜਾਬ ਵਿੱਚ ਜਨ ਸੰਘ ਵੱਲੋਂ ਸਾਂਝੇ ਮੋਰਚੇ ਦੀ ਸਰਕਾਰ ਵਿੱਚ ਸ਼ਾਮਲ ਹੋਣ ਵਾਲੇ ਪਹਿਲਾਂ ਮੰਤਰੀ ਡਾਕਟਰ ਬਲਦੇਵ ਪ੍ਰਕਾਸ਼ ਸਨ ਜਿਸ ਨੂੰ ਵਿੱਤ ਵਿਭਾਗ ਮਿਲਿਆ।

ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਜਨ ਸੰਘ ਨੇ ਪਹਿਲੀ ਵਾਰ ਫਰਵਰੀ 1969 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਕੀਤਾ ਸੀ। ਅਕਾਲੀ ਦਲ ਨੇ 65 ਸੀਟਾਂ ਅਤੇ ਜਨ ਸੰਘ ਨੇ 30 ਸੀਟਾਂ 'ਤੇ ਚੋਣ ਲੜੀ ਸੀ।

ਗਿੱਲ ਮੁਤਾਬਕ ਅਕਾਲੀ ਦਲ ਨੇ 43 ਸੀਟਾਂ ਜਿੱਤ ਕੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਤੇ ਸਭ ਤੋਂ ਵੱਡੀ ਪਾਰਟੀ ਦਾ ਦਰਜਾ ਹਾਸਲ ਕੀਤਾ। ਜਨਸੰਘ ਨੇ ਅੱਠ ਸੀਟਾਂ ਹਾਸਲ ਕੀਤੀਆਂ। ਹਿੰਦੀ ਨੂੰ ਪੰਜਾਬ ਵਿੱਚ ਰਾਸ਼ਟਰੀ ਭਾਸ਼ਾ ਮੰਨਣ ਦੇ ਮੁੱਦੇ 'ਤੇ ਅਕਾਲੀ ਦਲ ਨੇ ਰਜ਼ਾਮੰਦੀ ਦੇ ਦਿੱਤੀ ਸੀ।

ਅਮਨਪ੍ਰੀਤ ਸਿੰਘ ਗਿੱਲ ਨੇ ਆਪਣੇ ਲੇਖ ਵਿੱਚ ਦੱਸਿਆ ਸੀ ਕਿ 25 ਮਾਰਚ 1970 ਨੂੰ ਅਕਾਲੀ ਵਿਧਾਇਕ ਦਲ ਨੇ ਮੁੱਖ ਮੰਤਰੀ ਗੁਰਨਾਮ ਸਿੰਘ ਦੀ ਬਜਾਏ ਵਿਕਾਸ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਭਰੋਸਾ ਜਤਾਇਆ ਸੀ। ਜਿਸ ਮਗਰੋਂ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਆਪਣੇ ਕੈਰੀਅਰ ਦਾ ਮੁੱਢ ਪ੍ਰਕਾਸ਼ ਸਿੰਘ ਬਾਦਲ ਨੇ 26 ਮਾਰਚ 1970 ਨੂੰ ਜਨਸੰਘ ਦੇ ਸਹਿਯੋਗ ਨਾਲ ਬੰਨ੍ਹਿਆ ਸੀ।

ਜਨ ਸੰਘ ਨਾਲ ਗਠਜੋੜ ਕਿਉਂ ਟੁੱਟਿਆ ਸੀ।

ਅਮਨਪ੍ਰੀਤ ਸਿੰਘ ਗਿੱਲ ਮੁਤਾਬਕ 24 ਨਵੰਬਰ 1969 ਨੂੰ ਹੋਂਦ ਵਿੱਚ ਆਈ ਗੁਰੂ ਨਾਨਕ ਯੂਨੀਵਰਸਿਟੀ ਇਸ ਗਠਜੋੜ ਵਿੱਚ ਦੁਫਾੜ ਪੈਣ ਦਾ ਪਹਿਲਾਂ ਕਾਰਨ ਬਣੀ ਸੀ। ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਅਤੇ ਜਲੰਧਰ ਦੇ 46 ਕਾਲਜਾਂ ਨੂੰ ਇਸ ਯੂਨੀਵਰਸਿਟੀ ਨਾਲ ਜੋੜਿਆ ਗਿਆ ਸੀ।

ਆਰੀਆ ਸਮਾਜੀ ਪ੍ਰਭਾਵ ਵਾਲੀ ਪੰਜਾਬ ਯੂਨੀਵਰਸਿਟੀ ਨਾਲੋਂ ਹਟ ਕੇ ਗੁਰੂ ਨਾਨਕ ਯੂਨੀਵਰਸਿਟੀ ਨਾਲ ਜੁੜਨਾ ਇਨ੍ਹਾਂ ਕਾਲਜਾਂ ਵਿੱਚ ਹਿੰਦੀ ਦੇ ਭਵਿੱਖ ਲਈ ਖ਼ਤਰਾ ਸੀ। ਜਨਸੰਘ ਨੇ ਗੁਰੂ ਨਾਨਕ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਕਟੌਤੀ ਦੀ ਮੰਗ ਕੀਤੀ ਸੀ।

ਉਨ੍ਹਾਂ ਜਲੰਧਰ ਵਿੱਚ ਇੱਕ ਦਯਾਨੰਦ ਯੂਨੀਵਰਸਿਟੀ ਬਣਾਉਣ ਦੀ ਮੰਗ ਵੀ ਕੀਤੀ ਸੀ। 28 ਜੂਨ ਨੂੰ ਅਕਾਲੀ ਦਲ ਨੇ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

30 ਜੂਨ 1970 ਨੂੰ ਜਨਸੰਘ ਨੇ ਸਰਕਾਰ ਵਿੱਚੋਂ ਅਸਤੀਫ਼ਾ ਦੇ ਦਿੱਤਾ ਅਤੇ ਬਾਦਲ ਸਰਕਾਰ ਨੂੰ ਮੁੱਦਿਆਂ ਉੱਪਰ ਆਧਾਰਤ ਸਮਰਥਨ ਦੇਣਾ ਜਾਰੀ ਰੱਖਿਆ।

ਭਾਜਪਾ ਨਾਲ ਪਹਿਲਾਂ ਵਾਰੀ ਗਠਜੋੜ ਅਤੇ ਸੀਟਾਂ ਦੀ ਵੰਡ ਦਾ ਪੁਰਾਣਾ ਫ਼ਾਰਮੂਲਾ

ਸ਼੍ਰੋਮਣੀ ਅਕਾਲੀ ਦਲ ਅਦੇ ਭਾਜਪਾ ਵਿੱਚ ਪਹਿਲੀ ਵਾਰੀ ਗਠਜੋੜ ਸਾਲ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ। ਇਹ ਗਠਜੋੜ ਸਾਲ 2020 ਤੱਕ ਜਾਰੀ ਰਿਹਾ ਸੀ।

ਇਸ ਮਗਰੋਂ ਪੰਜਾਬ ਵਿੱਚ ਅਕਾਲੀ ਦਲ ਦੀ ਬਣਨ ਵਾਲੀ ਹਰ ਸਰਕਾਰ ਵਿੱਚ ਭਾਜਪਾ ਭਾਈਵਾਲ਼ ਰਹੀ।

ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਮੈਂਬਰੀ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 94 ਸੀਟਾਂ 'ਤੇ ਅਤੇ ਭਾਰਤੀ ਜਨਤਾ ਪਾਰਟੀ ਨੇ ਬਾਕੀ 23 ਸੀਟਾਂ 'ਤੇ ਚੋਣ ਲੜੀ ਸੀ। ਸੀਟਾਂ ਦੀ ਇਹ ਵੰਡ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੀ ਸੀ।

ਅਕਾਲੀ-ਭਾਜਪਾ ਗੱਠਜੋੜ ਕਿਉਂ ਟੁੱਟਿਆ ਸੀ?

ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਪ੍ਰਦਰਸ਼ਨ ਤਖ਼ਤੀਆਂ ਨਾਲ ਅਤੇ ਕੋਲ ਦੀ ਅਮਿਤ ਸ਼ਾਹ ਲੰਘਦੇ ਹੋਏ। 20 ਜੁਲਾਈ 2022 ਦੀ ਸੰਸਦ ਭਵਨ ਬਾਹਰ ਦੀ ਤਸਵੀਰ।
ਤਸਵੀਰ ਕੈਪਸ਼ਨ, 20 ਜੁਲਾਈ 2022 ਦੀ ਸੰਸਦ ਭਵਨ ਬਾਹਰ ਦੀ ਤਸਵੀਰ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਸਿੱਖ ਬੰਦੀਆਂ ਦੀ ਰਿਹਾਈ ਲਈ ਪ੍ਰਦਰਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੁਝ ਕਹਿੰਦੇ ਹੋਏ।

ਸਤੰਬਰ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਦੋਵਾਂ ਪਾਰਟੀਆਂ ਵਿਚਾਲੇ ਪੁਰਾਣੀ ਸਾਂਝ ਟੁੱਟਣ ਦਾ ਤਤਕਾਲੀ ਕਾਰਨ ਬਣੇ ਸਨ। ਇਨ੍ਹਾਂ ਕਾਨੂੰਨਾਂ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਕਿਸਾਨਾਂ ਅਤੇ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇੰਨਾ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਮਗਰੋਂ 17 ਸਤੰਬਰ 2020 ਨੂੰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੇ ਕੁੱਝ ਦਿਨ ਬਾਅਦ, 26 ਸਤੰਬਰ 2020 ਨੂੰ ਅਕਾਲੀ ਦਲ ਨੇ ਬੀਜੇਪੀ ਦੀ ਅਗਵਾਈ ਵਾਲੇ ਐੱਨਡੀਏ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਅਕਾਲੀ ਦਲ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਸਾਨਾਂ ਦੇ ਹਿਤਾਂ ਅਤੇ ਤਿੰਨ ਕਾਨੂੰਨਾਂ ਨੂੰ ਗਠਜੋੜ ਟੁੱਟਣ ਦਾ ਅਧਾਰ ਦੱਸਿਆ ਸੀ।

ਗੱਠਜੋੜ ਟੁੱਟਣ ਮਗਰੋਂ ਦੋਵਾਂ ਪਾਰਟੀਆਂ ਦਾ ਚੋਣਾਂ ਵਿੱਚ ਕੀ ਪ੍ਰਦਰਸ਼ਨ ਰਿਹਾ?

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਨੇ ਵੱਖ-ਵੱਖ ਲੜੀਆਂ ਸਨ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕੀਤਾ ਸੀ, ਜਦਕਿ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਚੋਣਾਂ ਲੜੀਆਂ ਸਨ।

ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤ ਕੇ ਸਰਕਾਰ ਬਣਾਈ। ਅਕਾਲੀ ਦਲ ਨੇ 3 ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ ਸਨ।

2024 ਦੀਆਂ ਲੋਕ ਸਭਾ ਚੋਣਾਂ ਵੀ ਦੋਵਾਂ ਪਾਰਟੀਆਂ ਨੇ ਅਲੱਗ-ਅਲੱਗ ਲੜੀਆਂ ਸਨ। ਇਸ ਦੌਰਾਨ ਭਾਜਪਾ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ, ਜਦਕਿ ਅਕਾਲੀ ਦਲ ਨੇ ਬਠਿੰਡਾ ਲੋਕ ਸਭਾ ਸੀਟ ਉੱਤੇ ਜਿੱਤ ਪ੍ਰਾਪਤ ਕੀਤੀ ਸੀ।