ਕੀ ਰੰਗ ਗੋਰਾ ਕਰਨ ਦਾ ਦਾਅਵਾ ਕਰਨ ਵਾਲੀ ਕਰੀਮ ਨਾਲ ਕਿਡਨੀ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ

ਚਮੜੀ ਦਾ ਰੰਗ ਗੋਰਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਕਰੀਮਾਂ ਵਿੱਚ ਕੁਝ ਖ਼ਤਰਨਾਕ ਰਸਾਇਣ ਹੋ ਸਕਦੇ ਹਨ। (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਚਮੜੀ ਦਾ ਰੰਗ ਗੋਰਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਕਰੀਮਾਂ ਵਿੱਚ ਕੁਝ ਖ਼ਤਰਨਾਕ ਰਸਾਇਣ ਹੋ ਸਕਦੇ ਹਨ। (ਸੰਕੇਤਕ ਤਸਵੀਰ)
    • ਲੇਖਕ, ਗੁਰਪ੍ਰੀਤ ਕੌਰ ਸੈਣੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਭਾਰਤ ਦੇ ਕੇਰਲ ਸੂਬੇ ਵਿੱਚ ਪੁਲਿਸ ਨੇ ਇੱਕ ਗੋਰੇਪਣ ਵਾਲੀ ਕਰੀਮ ਬਣਾਉਣ ਵਾਲੇ ਬ੍ਰਾਂਡ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ ਇਸ ਕਰੀਮ ਦੀ ਵਰਤੋਂ ਕਰਨ ਤੋਂ ਬਾਅਦ 17 ਸਾਲ ਦੀ ਇੱਕ ਲੜਕੀ ਕਿਡਨੀ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਈ।

ਲੜਕੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਅਜਿਹੀ ਬਿਮਾਰੀ ਹੋ ਗਈ ਸੀ, ਜਿਸ ਵਿੱਚ ਕਿਡਨੀ ਦੀ ਖੂਨ ਨੂੰ ਸਾਫ਼ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਡਾਕਟਰ ਮੁਤਾਬਕ ਇਸ ਦਾ ਕਾਰਨ ਕਰੀਮ ਵਿੱਚ ਕਥਿਤ ਤੌਰ 'ਤੇ ਮੌਜੂਦ ਪਾਰੇ (ਮਰਕਰੀ) ਦੀ ਜ਼ਹਿਰੀਲੀ ਮਾਤਰਾ ਸੀ।

ਲੜਕੀ ਦੀ ਪਛਾਣ ਗੁਪਤ ਰੱਖਣ ਲਈ ਉਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਕਥਿਤ ਤੌਰ 'ਤੇ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਇਸ਼ਤਿਹਾਰ ਦੇਖਣ ਤੋਂ ਬਾਅਦ ਮੁਹਾਸਿਆਂ ਅਤੇ ਛਾਈਆਂ ਦੀ ਸਮੱਸਿਆ ਦੂਰ ਕਰਨ ਲਈ ਇਹ ਕਰੀਮ ਖ਼ਰੀਦੀ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਕੁਝ ਕਰੀਮਾਂ ਵਿੱਚ ਪਾਰਾ ਅਤੇ ਸੀਸੇ ਵਰਗੀਆਂ ਜ਼ਹਿਰੀਲੀਆਂ ਧਾਤਾਂ ਹੋ ਸਕਦੀਆਂ ਹਨ। ਪਰ ਇਹ ਕਰੀਮਾਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੇਚੀਆਂ ਜਾਂਦੀਆਂ ਹਨ, ਜਿਸ ਕਾਰਨ ਅਕਸਰ ਇਨ੍ਹਾਂ ਬ੍ਰਾਂਡਾਂ ਦੀ ਸਰਕਾਰੀ ਪੱਧਰ 'ਤੇ ਨਿਗਰਾਨੀ ਨਹੀਂ ਹੋ ਪਾਉਂਦੀ।

ਮਲੱਪੁਰਮ ਜ਼ਿਲ੍ਹੇ ਦੇ ਐਸਟਰ ਮਿਮਸ ਮਦਰ ਹਸਪਤਾਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਲੜਕੀ ਵੱਲੋਂ ਵਰਤੀ ਜਾ ਰਹੀ ਕਰੀਮ ਦੇ ਨਮੂਨੇ ਦੀ ਲੈਬਾਰਟਰੀ ਵਿੱਚ ਜਾਂਚ ਕਰਵਾਈ ਗਈ ਹੈ।

ਜਾਂਚ ਦੌਰਾਨ ਕਰੀਮ ਵਿੱਚ ਪਾਰੇ ਦੀ ਮਾਤਰਾ 12,500 ਪਾਰਟਸ ਪਰ ਮਿਲੀਅਨ (ਪੀਪੀਐਮ) ਪਾਈ ਗਈ। 12,500 ਪੀਪੀਐੱਮ ਦਾ ਮਤਲਬ ਹੈ ਕਿ ਕਿਸੇ ਪਦਾਰਥ ਦੇ 10 ਲੱਖ ਹਿੱਸਿਆਂ ਵਿੱਚੋਂ 12,500 ਹਿੱਸੇ ਪਾਰੇ ਦੇ ਹਨ। ਇਹ ਮਾਤਰਾ ਸਕਿਨ ਲਾਈਟਨਿੰਗ ਉਤਪਾਦਾਂ ਵਿੱਚ ਪਾਰੇ ਦੀ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਹੱਦ (1 ਪੀਪੀਐਮ) ਨਾਲੋਂ ਕਿਤੇ ਜ਼ਿਆਦਾ ਹੈ।

ਹਸਪਤਾਲ ਦੇ ਨੇਫ੍ਰੋਲੋਜਿਸਟ ਡਾ. ਸਤੀਸ਼ ਮੁਤਾਬਕ, ਲੜਕੀ ਨੂੰ ਮੇਮਬ੍ਰੇਨਸ ਨੇਫ੍ਰੋਪੈਥੀ ਨਾਂ ਦੀ ਕਿਡਨੀ ਦੀ ਬਿਮਾਰੀ ਹੋ ਗਈ ਸੀ। ਇਸ ਬਿਮਾਰੀ ਵਿੱਚ ਕਿਡਨੀ ਦੀ ਖੂਨ ਨੂੰ ਫਿਲਟਰ ਕਰਨ ਵਾਲੀ ਝਿੱਲੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਪਿਸ਼ਾਬ ਰਾਹੀਂ ਵੱਡੀ ਮਾਤਰਾ ਵਿੱਚ ਪ੍ਰੋਟੀਨ ਬਾਹਰ ਨਿਕਲਣ ਲੱਗਦਾ ਹੈ।

ਲੜਕੀ ਦੀ ਸਿਹਤ ਕਿਵੇਂ ਵਿਗੜੀ?

ਪਾਰੇ (Mercury) ਦੇ ਸੰਪਰਕ ਵਿੱਚ ਆਉਣ ਨਾਲ ਕਿਡਨੀ ਸਮੇਤ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਪਾਰੇ ਦੇ ਸੰਪਰਕ ਵਿੱਚ ਆਉਣ ਨਾਲ ਕਿਡਨੀ ਸਮੇਤ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। (ਸੰਕੇਤਕ ਤਸਵੀਰ)

ਲੜਕੀ ਨੇ ਦੱਸਿਆ ਕਿ ਉਸਨੇ ਕਰੀਬ ਇੱਕ ਸਾਲ ਪਹਿਲਾਂ ਸੋਸ਼ਲ ਮੀਡੀਆ ਐਪ ਦੇ ਜ਼ਰੀਏ ਇਹ ਕਰੀਮ ਖ਼ਰੀਦਣੀ ਸ਼ੁਰੂ ਕੀਤੀ ਸੀ। ਇੱਕ ਸਾਲ ਦੇ ਦੌਰਾਨ ਉਸਨੇ ਕਰੀਮ ਦੀਆਂ ਤਿੰਨ ਬੋਤਲਾਂ ਖ਼ਰੀਦੀਆਂ।

ਉਸ ਨੇ 'ਆਨਮਨੋਰਮਾ' ਅਖ਼ਬਾਰ ਨੂੰ ਦੱਸਿਆ ਕਿ ਕੰਪਨੀ ਦਾ ਦਾਅਵਾ ਸੀ ਕਿ ਹਰ ਰਾਤ ਕਰੀਮ ਲਗਾਉਣ ਨਾਲ ਮੁਹਾਸਿਆਂ ਅਤੇ ਪਿਗਮੈਂਟੇਸ਼ਨ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਕੰਪਨੀ ਨੇ ਇਹ ਵੀ ਕਿਹਾ ਸੀ ਕਿ ਲਗਾਤਾਰ ਵਰਤੋਂ ਕਰਨ ਨਾਲ ਇਸ ਦੇ ਨਤੀਜੇ ਦਿਖਾਈ ਦੇਣ ਲੱਗਣਗੇ।

ਪਰ ਕੁਝ ਮਹੀਨਿਆਂ ਤੱਕ ਕਰੀਮ ਦੀ ਵਰਤੋਂ ਕਰਨ ਤੋਂ ਬਾਅਦ ਲੜਕੀ ਨੂੰ ਥਕਾਵਟ, ਸਿਰਦਰਦ, ਚੱਕਰ ਆਉਣ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਉਸ ਦੇ ਚਿਹਰੇ ਅਤੇ ਪੈਰਾਂ 'ਤੇ ਸੋਜ ਵੀ ਆ ਗਈ। ਲੜਕੀ ਮੁਤਾਬਕ, ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਨੂੰ ਸਿੱਧੇ ਖੜ੍ਹੇ ਹੋਣ ਵਿੱਚ ਵੀ ਮੁਸ਼ਕਲ ਆਉਣ ਲੱਗੀ।

ਹਸਪਤਾਲ ਨੇ ਦੱਸਿਆ ਕਿ ਲੜਕੀ ਦੇ ਮਾਪੇ ਉਸ ਨੂੰ ਸਰੀਰ ਵਿੱਚ ਗੰਭੀਰ ਸੋਜ ਅਤੇ ਹੋਰ ਸਰੀਰਕ ਸਮੱਸਿਆਵਾਂ ਦੇ ਨਾਲ ਹਸਪਤਾਲ ਲੈ ਕੇ ਆਏ ਸਨ।

ਸ਼ੁਰੂਆਤੀ ਇਲਾਜ ਦੌਰਾਨ ਜਦੋਂ ਉਸ ਦੇ ਲੱਛਣ ਅਸਾਧਾਰਨ ਤਰੀਕੇ ਨਾਲ ਵਧਦੇ ਦਿਖਾਈ ਦਿੱਤੇ, ਤਾਂ ਡਾਕਟਰਾਂ ਨੂੰ ਸਰੀਰ ਵਿੱਚ ਕਿਸੇ ਜ਼ਹਿਰੀਲੇ ਤੱਤ ਦੀ ਮੌਜੂਦਗੀ ਦਾ ਸ਼ੱਕ ਹੋਇਆ।

ਖੂਨ ਅਤੇ ਹੋਰ ਮੈਡੀਕਲ ਜਾਂਚਾਂ ਵਿੱਚ ਲੜਕੀ ਦੇ ਸਰੀਰ ਵਿੱਚ ਪਾਰੇ ਦਾ ਪੱਧਰ ਕਾਫ਼ੀ ਜ਼ਿਆਦਾ ਪਾਇਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਵੱਲੋਂ ਵਰਤੀ ਗਈ ਕਰੀਮ ਦਾ ਨਮੂਨਾ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ।

ਹਸਪਤਾਲ ਨੇ ਦੱਸਿਆ ਕਿ ਜਾਂਚ ਦੌਰਾਨ ਕਰੀਮ ਵਿੱਚ ਪਾਰੇ ਦੀ ਮਾਤਰਾ ਭਾਰਤ ਵਿੱਚ ਕਾਸਮੈਟਿਕ ਉਤਪਾਦਾਂ ਲਈ ਕੇਂਦਰੀ ਦਵਾਈ ਮਿਆਰ ਨਿਯੰਤਰਣ ਸੰਗਠਨ (ਸੀਡੀਐਸਸੀਓ) ਵੱਲੋਂ ਤੈਅ ਕੀਤੀ ਗਈ ਸੁਰੱਖਿਅਤ ਹੱਦ ਨਾਲੋਂ "ਬਹੁਤ ਜ਼ਿਆਦਾ" ਪਾਈ ਗਈ।

ਇਸ ਤੋਂ ਬਾਅਦ ਡਾਕਟਰਾਂ ਨੇ ਲੜਕੀ ਦੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਦਵਾਈਆਂ ਦਿੱਤੀਆਂ ਅਤੇ ਗੁਰਦਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਇਲਾਜ ਕੀਤਾ।

ਕਰੀਬ ਇੱਕ ਮਹੀਨੇ ਬਾਅਦ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਹ ਘਰ ਵਿੱਚ ਸਿਹਤਯਾਬ ਹੋ ਰਹੀ ਹੈ।

ਹਾਲਾਂਕਿ, ਲੜਕੀ ਨੇ ਸੋਮਵਾਰ ਨੂੰ ਬੀਬੀਸੀ ਨਿਊਜ਼ ਦੀ ਅੰਗਰੇਜ਼ੀ ਵੈੱਬਸਾਈਟ ਨੂੰ ਦੱਸਿਆ ਕਿ ਉਸ ਨੂੰ ਅਜੇ ਵੀ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਹਨ ਅਤੇ ਪੜ੍ਹਾਈ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ।

ਡਾ. ਸਤੀਸ਼ ਮੁਤਾਬਕ, ਇਲਾਜ ਸ਼ੁਰੂ ਹੋਣ ਤੋਂ ਬਾਅਦ ਉਸ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਇਆ ਹੈ। ਪਰ ਉਹ ਅਜੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋਈ ਹੈ ਅਤੇ ਉਸ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

ਕੇਰਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਰਲ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਕਰੀਮ ਬਣਾਉਣ ਵਾਲੀ ਕੰਪਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮਰਕਰੀ ਕੀ ਹੈ ਅਤੇ ਇਹ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਮਰਕਰੀ (ਪਾਰਾ) ਇੱਕ ਰਸਾਇਣਕ ਤੱਤ ਹੈ, ਜੋ ਕੁਦਰਤੀ ਤੌਰ 'ਤੇ ਵਾਤਾਵਰਣ ਵਿੱਚ ਪਾਇਆ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ, ਪਾਰੇ ਦੇ ਸੰਪਰਕ ਵਿੱਚ ਆਉਣ ਨਾਲ ਦਿਮਾਗੀ ਅਤੇ ਨਰਵਸ ਸਿਸਟਮ, ਪਾਚਨ ਤੰਤਰ ਅਤੇ ਇਮਿਊਨ ਸਿਸਟਮ 'ਤੇ ਜ਼ਹਿਰੀਲਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਫੇਫੜੇ, ਗੁਰਦੇ, ਚਮੜੀ ਅਤੇ ਅੱਖਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਡਬਲਿਊਐੱਚਓ ਨੇ ਪਾਰੇ ਨੂੰ ਜਨਤਕ ਸਿਹਤ ਲਈ ਚਿੰਤਾ ਪੈਦਾ ਕਰਨ ਵਾਲੇ ਦੁਨੀਆ ਦੇ ਚੋਟੀ ਦੇ 10 ਰਸਾਇਣਾਂ ਵਿੱਚ ਸ਼ਾਮਲ ਕੀਤਾ ਹੈ।

ਗੋਰੇਪਣ ਵਾਲੀਆਂ ਕਰੀਮ ਵਿੱਚ ਪਾਰੇ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

ਸੋਸ਼ਲ ਮੀਡੀਆ 'ਤੇ ਵੱਖ-ਵੱਖ ਅਜਿਹੇ ਉਤਪਾਦਾਂ ਦੇ ਇਸ਼ਤਿਹਾਰ ਦੇਖੇ ਜਾ ਸਕਦੇ ਹਨ ਜੋ ਚਮੜੀ ਨੂੰ ਗੋਰਾ ਕਰਨ ਦਾ ਦਾਅਵਾ ਕਰਦੇ ਹਨ। (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ 'ਤੇ ਵੱਖ-ਵੱਖ ਅਜਿਹੇ ਉਤਪਾਦਾਂ ਦੇ ਇਸ਼ਤਿਹਾਰ ਦੇਖੇ ਜਾ ਸਕਦੇ ਹਨ ਜੋ ਚਮੜੀ ਨੂੰ ਗੋਰਾ ਕਰਨ ਦਾ ਦਾਅਵਾ ਕਰਦੇ ਹਨ। (ਸੰਕੇਤਕ ਤਸਵੀਰ)

ਸਕਿਨ ਲਾਈਟਨਿੰਗ ਜਾਂ ਸਕਿਨ ਵ੍ਹਾਈਟਨਿੰਗ ਉਤਪਾਦ ਚਮੜੀ ਦਾ ਰੰਗ ਹਲਕਾ ਕਰਨ ਦਾ ਦਾਅਵਾ ਕਰਦੇ ਹਨ।

ਚਮੜੀ ਵਿੱਚ ਮੇਲਾਨਿਨ ਨਾਂ ਦਾ ਪਿਗਮੈਂਟ ਹੁੰਦਾ ਹੈ, ਜੋ ਇਸ ਦਾ ਕੁਦਰਤੀ ਰੰਗ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਚਮੜੀ ਦਾ ਰੰਗ ਹਲਕਾ ਕਰਨ ਵਾਲੇ ਕੁਝ ਉਤਪਾਦਾਂ ਵਿੱਚ ਪਾਰੇ ਦੇ ਯੋਗਿਕਾਂ ਦੀ ਵਰਤੋਂ ਮੇਲਾਨਿਨ ਬਣਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਕੀਤੀ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਪਾਰੇ ਵਾਲੇ ਸਕਿਨ ਲਾਈਟਨਿੰਗ ਉਤਪਾਦਾਂ ਨੂੰ ਸਿਹਤ ਲਈ ਖ਼ਤਰਨਾਕ ਦੱਸਿਆ ਹੈ। ਅਜਿਹੇ ਉਤਪਾਦ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹਨ, ਪਰ ਇਸ ਦੇ ਬਾਵਜੂਦ ਕੁਝ ਥਾਵਾਂ 'ਤੇ ਇੰਟਰਨੈੱਟ ਅਤੇ ਹੋਰ ਮਾਧਿਅਮਾਂ ਰਾਹੀਂ ਇਨ੍ਹਾਂ ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ ਜਾਰੀ ਹੈ।

ਪਾਰਾ ਕਿਡਨੀ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

ਕਿਡਨੀ ਖੂਨ ਨੂੰ ਫਿਲਟਰ ਕਰਕੇ ਸਰੀਰ ਦੇ ਫ਼ਜ਼ੂਲ ਪਦਾਰਥਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦੀ ਹੈ। ਕਿਡਨੀਆਂ ਵਿੱਚ ਮੌਜੂਦ ਛੋਟੀਆਂ-ਛੋਟੀਆਂ ਫਿਲਟਰ ਕਰਨ ਵਾਲੀਆਂ ਇਕਾਈਆਂ ਨੂੰ ਗਲੋਮੇਰੂਲੀ ਕਿਹਾ ਜਾਂਦਾ ਹੈ।

ਇਹ ਇਕਾਈਆਂ ਖੂਨ ਵਿੱਚੋਂ ਫ਼ਜ਼ੂਲ ਪਦਾਰਥਾਂ ਨੂੰ ਛਾਣਨ ਦੇ ਨਾਲ-ਨਾਲ ਸਰੀਰ ਲਈ ਜ਼ਰੂਰੀ ਪ੍ਰੋਟੀਨ ਨੂੰ ਖੂਨ ਵਿੱਚ ਹੀ ਬਣਾਈ ਰੱਖਣ ਵਿੱਚ ਵੀ ਮਦਦ ਕਰਦੀਆਂ ਹਨ।

ਡਬਲਿਊਐੱਚਓ ਮੁਤਾਬਕ, ਪਾਰੇ ਦੇ ਸੰਪਰਕ ਵਿੱਚ ਆਉਣ ਨਾਲ ਗੁਰਦਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦਾ ਅਸਰ ਪਿਸ਼ਾਬ ਵਿੱਚ ਪ੍ਰੋਟੀਨ ਦੀ ਮਾਤਰਾ ਵਧਣ ਤੋਂ ਲੈ ਕੇ ਕਿਡਨੀ ਫੇਲ੍ਹ ਹੋਣ ਤੱਕ ਹੋ ਸਕਦਾ ਹੈ।

ਦਿੱਲੀ ਦੇ ਪੀਐੱਸਆਰਆਈ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਗੁਰਦਾ ਰੋਗਾਂ ਦੇ ਮਾਹਿਰ ਡਾ. ਰਵੀ ਬਾਂਸਲ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਅਜਿਹੇ ਕਈ ਮਾਮਲੇ ਦੇਖੇ ਹਨ, ਜਿਨ੍ਹਾਂ ਵਿੱਚ ਗੋਰੇਪਣ ਵਾਲੀਆਂ ਕਰੀਮਾਂ ਦੀ ਵਰਤੋਂ ਤੋਂ ਬਾਅਦ ਮਰੀਜ਼ਾਂ ਦੇ ਸਰੀਰ ਵਿੱਚ ਇਮਿਊਨ ਰਿਐਕਸ਼ਨ ਹੋਇਆ ਅਤੇ ਉਨ੍ਹਾਂ ਦੇ ਗੁਰਦੇ ਪ੍ਰਭਾਵਿਤ ਹੋਏ।

ਉਨ੍ਹਾਂ ਮੁਤਾਬਕ, ਅਜਿਹੇ ਕੁਝ ਮਾਮਲਿਆਂ ਵਿੱਚ ਮੇਮਬ੍ਰੇਨਸ ਨੇਫ੍ਰੋਪੈਥੀ ਦੀ ਸਮੱਸਿਆ ਵੀ ਸਾਹਮਣੇ ਆਈ ਹੈ।

ਡਾ. ਬਾਂਸਲ ਨੇ ਦੱਸਿਆ ਕਿ ਪਾਰੇ ਵਰਗੀਆਂ ਭਾਰੀ ਧਾਤਾਂ ਚਮੜੀ ਰਾਹੀਂ ਸਰੀਰ ਵਿੱਚ ਦਾਖ਼ਲ ਹੋ ਸਕਦੀਆਂ ਹਨ। ਇਸ ਨਾਲ ਗੁਰਦਿਆਂ ਤੋਂ ਇਲਾਵਾ ਸਰੀਰ ਦੇ ਹੋਰ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਪੈਰਾਂ ਵਿੱਚ ਸੋਜ ਆਉਣ ਲੱਗੇ, ਬਲੱਡ ਪ੍ਰੈਸ਼ਰ ਵਧ ਜਾਵੇ ਜਾਂ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਵਰਗੀਆਂ ਨਵੀਆਂ ਸਮੱਸਿਆਵਾਂ ਸ਼ੁਰੂ ਹੋ ਜਾਣ, ਤਾਂ ਉਸ ਨੂੰ ਕਿਡਨੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਭਾਰਤ ਵਿੱਚ ਇਸ ਸਬੰਧੀ ਕੀ ਨਿਯਮ ਹਨ?

ਭਾਰਤ ਦੇ ਕਾਸਮੈਟਿਕਸ ਨਿਯਮ, 2020 ਦੇ ਨਿਯਮ 39(5) ਮੁਤਾਬਕ, ਅੱਖਾਂ ਦੇ ਆਲੇ-ਦੁਆਲੇ ਵਰਤੇ ਜਾਣ ਵਾਲੇ ਕਾਸਮੈਟਿਕ ਉਤਪਾਦਾਂ ਵਿੱਚ ਪ੍ਰਿਜ਼ਰਵੇਟਿਵ ਵਜੋਂ ਪਾਰੇ ਦੀ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਮਾਤਰਾ 70 ਪੀਪੀਐਮ ਹੈ।

ਉੱਥੇ ਹੀ, ਹੋਰ ਤਿਆਰ ਕਾਸਮੈਟਿਕ ਉਤਪਾਦਾਂ ਵਿੱਚ ਅਣਜਾਣੇ ਵਿੱਚ ਮੌਜੂਦ ਪਾਰੇ ਦੀ ਮਾਤਰਾ ਇੱਕ ਪੀਪੀਐਮ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਐਸਟਰ ਮਿਮਸ ਮਦਰ ਹਸਪਤਾਲ ਮੁਤਾਬਕ, ਕੇਰਲ ਦੀ ਲੜਕੀ ਵੱਲੋਂ ਵਰਤੀ ਗਈ ਕਰੀਮ ਵਿੱਚ 12,500 ਪੀਪੀਐਮ ਪਾਰਾ ਪਾਇਆ ਗਿਆ। ਇਹ ਹੋਰ ਕਾਸਮੈਟਿਕ ਉਤਪਾਦਾਂ ਲਈ ਤੈਅ ਕੀਤੀ ਗਈ ਇੱਕ ਪੀਪੀਐਮ ਦੀ ਸੀਮਾ ਨਾਲੋਂ 12,500 ਗੁਣਾ ਵੱਧ ਹੈ।

ਕਰੀਮ ਖ਼ਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ?

ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਲਈ ਕਿਸੇ ਵੀ ਕਰੀਮ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਰੋਗ ਮਾਹਰ (ਡਰਮਾਟੋਲੋਜਿਸਟ) ਦੀ ਸਲਾਹ ਲੈਣਾ ਬਿਹਤਰ ਹੁੰਦਾ ਹੈ।
ਤਸਵੀਰ ਕੈਪਸ਼ਨ, ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਲਈ ਕਿਸੇ ਵੀ ਕਰੀਮ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਰੋਗ ਮਾਹਰ (ਡਰਮਾਟੋਲੋਜਿਸਟ) ਦੀ ਸਲਾਹ ਲੈਣਾ ਬਿਹਤਰ ਹੁੰਦਾ ਹੈ।

ਦਿੱਲੀ ਦੇ ਦਵਾਰਕਾ ਸਥਿਤ ਡਰਮਾਹੀਲ ਸਕਿਨ ਐਂਡ ਕਲੀਨਿਕ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਨਵਜੋਤ ਅਰੋੜਾ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਕਿਨ ਲਾਈਟਨਿੰਗ ਜਾਂ ਗੋਰੇਪਣ ਵਾਲੀ ਕਰੀਮ ਨੁਕਸਾਨਦੇਹ ਨਹੀਂ ਹੁੰਦੀ। ਇਸ ਦਾ ਅਸਰ ਕਰੀਮ ਵਿੱਚ ਮੌਜੂਦ ਸਮੱਗਰੀ ਅਤੇ ਉਸ ਦੀ ਵਰਤੋਂ ਕਰਨ ਦੇ ਤਰੀਕੇ 'ਤੇ ਨਿਰਭਰ ਕਰਦਾ ਹੈ।

ਉਨ੍ਹਾਂ ਸਲਾਹ ਦਿੱਤੀ ਕਿ ਕੋਈ ਵੀ ਕਰੀਮ ਖ਼ਰੀਦਣ ਤੋਂ ਪਹਿਲਾਂ ਉਸ ਵਿੱਚ ਮੌਜੂਦ ਸਮੱਗਰੀ ਦੀ ਸੂਚੀ ਅਤੇ ਉਸ ਨੂੰ ਬਣਾਉਣ ਵਾਲੀ ਕੰਪਨੀ ਬਾਰੇ ਜਾਣਕਾਰੀ ਜ਼ਰੂਰ ਦੇਖਣੀ ਚਾਹੀਦੀ ਹੈ।

ਉਨ੍ਹਾਂ ਮੁਤਾਬਕ, ਸਿਰਫ਼ ਸੋਸ਼ਲ ਮੀਡੀਆ 'ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰ ਜਾਂ ਕਿਸੇ ਇਨਫਲੂਐਂਸਰ ਦੀ ਸਿਫ਼ਾਰਸ਼ ਦੇ ਆਧਾਰ 'ਤੇ ਉਤਪਾਦ ਨਹੀਂ ਖ਼ਰੀਦਣਾ ਚਾਹੀਦਾ।

ਜੇਕਰ ਕਿਸੇ ਉਤਪਾਦ 'ਤੇ ਉਸ ਵਿੱਚ ਮੌਜੂਦ ਸਮੱਗਰੀ ਜਾਂ ਨਿਰਮਾਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਉਸ ਨੂੰ ਸਿਰਫ਼ ਇੰਸਟਾਗ੍ਰਾਮ ਜਾਂ ਵਟਸਐਪ ਰਾਹੀਂ ਵੇਚਿਆ ਜਾ ਰਿਹਾ ਹੈ, ਤਾਂ ਉਸ ਨੂੰ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ।

ਡਾ. ਅਰੋੜਾ ਨੇ ਕਿਹਾ ਕਿ ਚਮੜੀ ਨਾਲ ਜੁੜੀ ਕਿਸੇ ਵੀ ਸਮੱਸਿਆ ਲਈ ਕਰੀਮ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਰੋਗਾਂ ਦੇ ਮਾਹਿਰ ਦੀ ਸਲਾਹ ਲੈਣਾ ਬਿਹਤਰ ਹੈ।

ਚਮੜੀ ਰੋਗਾਂ ਦੀ ਮਾਹਿਰ ਡਾ. ਦੀਪਾਲੀ ਭਾਰਦਵਾਜ ਨੇ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਸੋਸ਼ਲ ਮੀਡੀਆ 'ਤੇ ਸੁੰਦਰਤਾ ਨਾਲ ਜੁੜੇ ਉਤਪਾਦਾਂ ਅਤੇ ਇਲਾਜਾਂ ਦੇ ਬੇਰੋਕ ਪ੍ਰਚਾਰ ਅਤੇ ਵਿਕਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਸੁੰਦਰਤਾ ਨੂੰ ਸਿਰਫ਼ ਗੋਰੀ ਚਮੜੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਮੁਤਾਬਕ, ਰੈਗੂਲੇਟਰੀ ਸੰਸਥਾਵਾਂ ਨੂੰ ਅਜਿਹੇ ਉਤਪਾਦਾਂ ਦੀ ਵਿਕਰੀ 'ਤੇ ਸਖ਼ਤੀ ਨਾਲ ਨਿਗਰਾਨੀ ਰੱਖਣੀ ਚਾਹੀਦੀ ਹੈ।

ਭਾਰਤ ਵਿੱਚ ਗੋਰੀ ਚਮੜੀ ਨੂੰ ਸੁੰਦਰਤਾ ਨਾਲ ਜੋੜਨ ਵਾਲੀ ਸਮਾਜਿਕ ਸੋਚ ਵੀ ਇਸ ਮੁੱਦੇ ਦਾ ਇੱਕ ਅਹਿਮ ਪਹਿਲੂ ਹੈ। ਗੂੜ੍ਹੇ ਰੰਗ ਦੀ ਚਮੜੀ ਨੂੰ ਲੈ ਕੇ ਵਿਤਕਰਾ ਅਤੇ ਗੋਰੇ ਰੰਗ ਨੂੰ ਤਰਜੀਹ ਦੇਣ ਦੀ ਪ੍ਰਵਿਰਤੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ।

ਅਜਿਹੇ ਵਿੱਚ ਸੋਸ਼ਲ ਮੀਡੀਆ 'ਤੇ ਦਿਖਾਏ ਜਾਣ ਵਾਲੇ ਚਮੜੀ ਨੂੰ ਗੋਰਾ ਕਰਨ ਦੇ ਦਾਅਵਿਆਂ 'ਤੇ ਭਰੋਸਾ ਕਰਨ ਦੀ ਬਜਾਏ ਕਿਸੇ ਵੀ ਕਾਸਮੈਟਿਕ ਉਤਪਾਦ ਦੀ ਸਮੱਗਰੀ ਅਤੇ ਉਸ ਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)