ਗੁਰਮੁਖੀ ਤੋਂ ਸ਼ਾਹਮੁਖੀ: ਲਿਪੀ ਦੇ ਪੁੱਲ ਰਾਹੀਂ ਦੋਹਾਂ ਪੰਜਾਬਾਂ ਦੀ ਸਾਂਝ ਕਿਵੇਂ ਵੱਧ ਰਹੀ ਹੈ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਫੁਰਕਾਨ ਇਲਾਹੀ
- ਰੋਲ, ਬੀਬੀਸੀ ਉਰਦੂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
1947 ਦੀ ਵੰਡ ਨੇ ਪੰਜਾਬ ਨੂੰ ਭਾਵੇਂ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਪਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਕਈ ਸਾਂਝਾਂ ਅਜੇ ਵੀ ਦੋਵੇਂ ਪਾਸੇ ਮੌਜੂਦ ਹਨ।
ਸਾਹਿਤ ਦੇ ਖੇਤਰ ਨਾਲ ਜੁੜੇ ਲੋਕਾਂ ਮੁਤਾਬਕ ਗੁਰਮੁਖੀ ਅਤੇ ਸ਼ਾਹਮੁਖੀ ਵਿਚਕਾਰ ਲਿਪੀ-ਅੰਤਰਨ ਦੇ ਰੁਝਾਨ ਵੱਧਣ ਨਾਲ ਇਹ ਸਾਂਝ ਮਜ਼ਬੂਤ ਹੋ ਰਹੀ ਹੈ। ਲਿਪੀ ਅੰਤਰ ਇਨ੍ਹਾਂ ਸਾਂਝਾਂ ਨੂੰ ਪੜ੍ਹਨ, ਸਮਝਣ ਅਤੇ ਇੱਕ-ਦੂਜੇ ਤੱਕ ਪਹੁੰਚਾਉਣ ਦਾ ਇੱਕ ਰਾਹ ਬਣ ਰਿਹਾ ਹੈ।
ਸਰਹੱਦ ਦੇ ਦੋਵੇਂ ਪਾਸੇ ਵੱਸਦੇ ਲੋਕਾਂ ਮੁਤਾਬਕ ਇਹ ਸਿਰਫ਼ ਅੱਖਰਾਂ ਦਾ ਬਦਲਾਅ ਨਹੀਂ ਸਗੋਂ ਇਹ ਉਨ੍ਹਾਂ ਯਾਦਾਂ ਅਤੇ ਕਹਾਣੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ, ਜਿਨ੍ਹਾਂ ਨੂੰ ਵੰਡ ਦੀਆਂ ਹੱਦਾਂ ਨੇ ਇੱਕ-ਦੂਜੇ ਤੋਂ ਦੂਰ ਕੀਤਾ ਸੀ।
ਵੰਡ ਦਾ ਦਰਦ

ਸੇਵਾਮੁਕਤ ਕਾਨੂੰਨਗੋ ਹਰਮੀਤ ਵਿਦਿਆਰਥੀ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਦਾ ਸ਼ੌਕ ਹੈ। ਉਹ ਚਾਰ ਪੁਸਤਕਾਂ ਵੀ ਲਿਖ ਚੁੱਕੇ ਹਨ।
ਮਾਲਵੇ ਵਿੱਚੋਂ ਛਪਦੇ ਇੱਕ ਤਿਮਾਹੀ ਰਸਾਲੇ ਦੇ ਹਰ ਅੰਕ ਵਿੱਚ 'ਸੁਰ ਵਾਹਗਿਓਂ ਪਾਰ ਦੇ' ਨਾਂਅ ਦਾ ਇੱਕ ਕਾਲਮ ਛਪਦਾ ਹੈ। ਇਸ ਵਿੱਚ ਲਹਿੰਦੇ ਪੰਜਾਬ ਦੇ ਲੇਖਕਾਂ ਦੀਆਂ ਸ਼ਾਹਮੁਖੀ ਵਿੱਚ ਲਿਖੀਆਂ ਕਵਿਤਾਵਾਂ ਦਾ ਗੁਰਮੁਖੀ ਵਿੱਚ ਲਿਪੀ-ਅੰਤਰਨ ਕੀਤਾ ਜਾਂਦਾ ਹੈ।
ਹਰਮੀਤ ਵਿਦਿਆਰਥੀ ਪਿਛਲੇ ਪੰਜ ਸਾਲਾਂ ਤੋਂ ਇਸ ਕਾਲਮ ਲਈ ਲਗਾਤਾਰ ਸ਼ਾਹਮੁਖੀ ਦੀਆਂ ਰਚਨਾਵਾਂ ਨੂੰ ਗੁਰਮੁਖੀ ਵਿੱਚ ਲਿਪੀ-ਅੰਤਰਨ ਕਰ ਰਹੇ ਹਨ।
ਉਨ੍ਹਾਂ ਦਾ ਆਪਣਾ ਪਰਿਵਾਰ ਵੀ ਵੰਡ ਦਾ ਦਰਦ ਹੰਢਾ ਚੁੱਕਾ ਹੈ। 1947 ਵਿੱਚ ਉਨ੍ਹਾਂ ਦਾ ਪਰਿਵਾਰ ਕਸੂਰ ਜ਼ਿਲ੍ਹੇ ਦੇ ਪਿੰਡ ਜੰਡਵਾਲਾ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਆਇਆ ਸੀ। ਇਸੇ ਕਰਕੇ ਉਹ ਆਪਣੇ ਵੱਲੋਂ ਕੀਤੇ ਲਿਪੀ-ਅੰਤਰਨ ਦੇ ਕੰਮ ਨੂੰ ਵੰਡ ਦੇ ਪੀੜਤਾਂ ਨੂੰ ਸਮਰਪਿਤ ਕਰਦੇ ਹਨ।
ਉਹ ਕਹਿੰਦੇ ਹਨ, "ਸਾਡੇ ਵਿੱਚੋਂ ਬਹੁਤ ਸਾਰੇ ਲੋਕ ਉਧਰੋਂ ਉੱਜੜ ਕੇ ਆਏ ਹਨ। ਉਹ ਉਧਰਲੀ ਜ਼ਮੀਨ ਨੂੰ ਤਰਸਦੇ ਹਨ। ਉਧਰ ਵੀ ਬਹੁਤ ਲੋਕ ਹਨ, ਜਿਹੜੇ ਇਧਰੋਂ ਉੱਜੜ ਕੇ ਗਏ ਹਨ। ਉਹ ਇਧਰਲੀ ਮਿੱਟੀ ਨੂੰ ਤਰਸਦੇ ਹਨ। ਇਸ ਲਈ ਦੋਹਾਂ ਪਾਸਿਆਂ ਵਿੱਚ ਇੱਕ ਸਾਂਝ ਦੀ ਕੜੀ ਹੋਣੀ ਚਾਹੀਦੀ ਹੈ। ਸਾਹਿਤ ਇਹ ਸਾਂਝ ਦੀ ਕੜੀ ਬਣ ਸਕਦਾ ਹੈ।"
ਹਰਮੀਤ ਵਿਦਿਆਰਥੀ ਲਈ ਲਿਪੀ-ਅੰਤਰਨ ਦਾ ਇਹ ਕੰਮ ਨਿੱਜੀ ਯਾਦ ਅਤੇ ਸਾਹਿਤਕ ਸਾਂਝ ਦੋਹਾਂ ਨਾਲ ਜੁੜਿਆ ਹੋਇਆ ਹੈ। ਉਹ ਆਪਣੇ ਦਾਦੇ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ 1993 ਵਿੱਚ ਮੌਤ ਤੋਂ ਪਹਿਲਾਂ ਉਨ੍ਹਾਂ ਦਾ ਆਖ਼ਰੀ ਸਵਾਲ ਆਪਣੇ ਬਚਪਨ ਦੇ ਦੋਸਤ ਬਾਰੇ ਸੀ।
"1993 ਵਿੱਚ ਮੇਰੇ ਦਾਦੇ ਦੀ ਮੌਤ ਹੋਈ ਸੀ। ਮਰਨ ਤੋਂ ਪਹਿਲਾਂ ਉਨ੍ਹਾਂ ਦਾ ਆਖ਼ਰੀ ਸਵਾਲ ਸੀ ਕਿ ਮਾਮਦੀਨ ਕਿੱਥੇ ਹੈ। ਮਾਮਦੀਨ ਉਨ੍ਹਾਂ ਦਾ ਬਚਪਨ ਦਾ ਯਾਰ ਸੀ। ਵੰਡ ਦੇ 46 ਸਾਲਾਂ ਮਗਰੋਂ ਵੀ ਉਹ ਆਪਣੇ ਯਾਰ ਨੂੰ ਯਾਦ ਕਰ ਰਹੇ ਸਨ।"
"ਮੇਰੀ ਲਿਪੀ-ਅੰਤਰਨ ਦੀ ਕੋਸ਼ਿਸ਼ ਮੇਰੇ ਦਾਦੇ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਆਪਣੀ ਮਿੱਟੀ ਤੋਂ ਵਿਛੋੜਿਆ ਗਿਆ। ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਅਜਿਹਾ ਕੰਮ ਕਰ ਰਿਹਾ ਹਾਂ ਜੋ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਮੈਂ ਆਪਣੇ ਆਪ ਨੂੰ ਭਰਪੂਰ ਮਹਿਸੂਸ ਕਰਦਾ ਹਾਂ।"
ਉਨ੍ਹਾਂ ਮੁਤਾਬਕ ਦੋਹਾਂ ਪੰਜਾਬਾਂ ਦਾ ਵੱਡਾ ਸਾਹਿਤਕ ਖ਼ਜ਼ਾਨਾ ਸਰਹੱਦ ਦੇ ਦੋਵੇਂ ਪਾਸੇ ਮੌਜੂਦ ਹੈ ਪਰ ਲਿਪੀਆਂ ਵੱਖ-ਵੱਖ ਹੋਣ ਕਰਕੇ ਉਸ ਤੱਕ ਪਹੁੰਚ ਸੀਮਿਤ ਹੈ।
"ਸਾਹਿਤ ਦਾ ਬਹੁਤ ਵੱਡਾ ਖ਼ਜ਼ਾਨਾ ਦੀਵਾਰ ਯਾਨੀ ਸਰਹੱਦ ਤੋਂ ਪਾਰ ਪਿਆ ਹੈ ਪਰ ਸਾਨੂੰ ਉਸ ਦੀ ਸਮਝ ਨਹੀਂ ਹੈ। ਅਜਿਹਾ ਬਹੁਤ ਸਾਰਾ ਖ਼ਜ਼ਾਨਾ ਇਧਰ ਪਿਆ ਹੈ ਅਤੇ ਉਸ ਦੀ ਉਨ੍ਹਾਂ ਨੂੰ ਸਮਝ ਨਹੀਂ ਹੈ। ਇਸ ਨੂੰ ਲਿਪੀ-ਅੰਤਰਨ ਰਾਹੀਂ ਹੀ ਸਮਝਿਆ ਜਾ ਸਕਦਾ ਹੈ।"
ਪੁਰਖਿਆਂ ਦੀ ਜਨਮ-ਭੂਮੀ ਨੂੰ ਜਾਣਨ ਦੀ ਇੱਛਾ

ਜਗਮੀਤ ਸਿੰਘ ਨੇ ਖੁਦ ਤਿੰਨ ਪੁਸਤਕਾਂ ਲਿਖੀਆਂ ਹਨ ਅਤੇ ਕਵਿਤਾਵਾਂ ਦੀਆਂ ਸੱਤ ਪੁਸਤਕਾਂ ਦਾ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਪੀ-ਅੰਤਰਨ ਕੀਤਾ ਹੈ। ਉਹ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਰਿਸਰਚ ਸਕਾਲਰ ਹਨ ਅਤੇ ਇੱਥੇ ਹੀ ਅਧਿਆਪਨ ਵੀ ਕਰਦੇ ਹਨ।
ਉਨ੍ਹਾਂ ਦੇ ਪਰਿਵਾਰ ਨੇ ਵੀ ਵੰਡ ਦਾ ਦਰਦ ਹੰਢਾਇਆ ਹੈ। ਉਨ੍ਹਾਂ ਦੇ ਪੁਰਖੇ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਆਏ ਸਨ।
ਉਹ ਦੱਸਦੇ ਹਨ ਕਿ ਆਪਣੇ ਪੁਰਖਿਆਂ ਦੀ ਜਨਮ-ਭੂਮੀ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਨ ਦੀ ਇੱਛਾ ਨੇ ਉਨ੍ਹਾਂ ਨੂੰ ਲਿਪੀ-ਅੰਤਰਨ ਵੱਲ ਤੋਰਿਆ।
"ਸਾਡੇ ਪੁਰਖੇ ਉਸ ਮਿੱਟੀ ਤੋਂ ਇੱਥੇ ਆਏ ਹਨ। ਉਨ੍ਹਾਂ ਦੀਆਂ ਦੱਸੀਆਂ ਗੱਲਾਂ ਵਿੱਚ ਜੋ ਸੁਣਦੇ ਸੀ, ਉਹ ਹੁਣ ਸਾਹਿਤ ਵਿੱਚ ਪੜ੍ਹਦੇ ਹਾਂ। ਸ਼ਾਹਮੁਖੀ ਦੇ ਸਾਹਿਤ ਦਾ ਜਦੋਂ ਮੈਂ ਲਿਪੀ-ਅੰਤਰਨ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਤਾਂ ਉਹੀ ਗੱਲਾਂ ਹਨ, ਜੋ ਸਾਡੇ ਪੁਰਖੇ ਕਰਦੇ ਸਨ। ਇਸ ਲਈ ਮੈਨੂੰ ਲੱਗਦਾ ਹੈ ਕਿ ਆਪਣੇ ਪੁਰਖਿਆਂ ਦੀ ਜਨਮ-ਭੂਮੀ ਬਾਰੇ ਜਾਣਨ ਦੀ ਇੱਛਾ ਵੀ ਇੱਕ ਕਾਰਨ ਹੈ।"
ਉਹ ਕਹਿੰਦੇ ਹਨ ਕਿ ਲਹਿੰਦੇ ਪੰਜਾਬ ਵਿੱਚ ਵੀ ਵੱਡੀ ਗਿਣਤੀ ਵਿੱਚ ਸਾਹਿਤ ਰਚਿਆ ਜਾ ਰਿਹਾ ਹੈ ਪਰ ਲਿਪੀ ਦੀ ਰੁਕਾਵਟ ਕਾਰਨ ਚੜ੍ਹਦੇ ਪੰਜਾਬ ਦੇ ਪਾਠਕਾਂ ਲਈ ਉਸ ਤੱਕ ਪਹੁੰਚ ਮੁਸ਼ਕਿਲ ਰਹੀ ਹੈ।
"ਉਧਰ ਵੀ ਬਹੁਤ ਸ਼ਾਹਕਾਰ ਸਾਹਿਤ ਲਿਖਿਆ ਜਾ ਰਿਹਾ ਹੈ ਪਰ ਉਸ ਨੂੰ ਪੜ੍ਹਨ ਦਾ ਕੋਈ ਜ਼ਰੀਆ ਨਹੀਂ ਸੀ, ਹਾਲਾਂਕਿ ਗਿਣਵੀਆਂ-ਚੁਣਵੀਆਂ ਕਿਤਾਬਾਂ ਮੌਜੂਦ ਹਨ। ਫਿਰ ਸ਼ਾਹਮੁਖੀ ਸਿੱਖਣ ਦਾ ਸਬੱਬ ਬਣ ਗਿਆ ਅਤੇ ਸੋਚਿਆ ਕਿ ਕਿਉਂ ਨਾ ਇਹ ਕੰਮ ਮੈਂ ਖ਼ੁਦ ਕਰਾਂ।"
ਉਹ ਦੱਸਦੇ ਹਨ ਕਿ ਸ਼ੁਰੂ ਵਿੱਚ ਆਰਥਿਕ ਮੁਸ਼ਕਿਲਾਂ ਵੀ ਆਈਆਂ ਪਰ ਬਾਅਦ ਵਿੱਚ ਕਿਤਾਬਾਂ ਤੋਂ ਆਮਦਨ ਹੋਣ ਲੱਗੀ।
ਲਿਪੀ-ਅੰਤਰਨ ਨਾਲ ਪੰਜਾਬੀ ਦਾ ਸ਼ਬਦ-ਭੰਡਾਰ ਵਧ ਰਿਹਾ ਹੈ ?

ਕਹਾਣੀਕਾਰ ਸੁਕੀਰਤ ਆਨੰਦ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਸਾਹਿਤਕ ਰਸਾਲਿਆਂ ਲਈ ਲਹਿੰਦੇ ਪੰਜਾਬ ਦੀਆਂ ਕਹਾਣੀਆਂ ਦਾ ਲਿਪੀ-ਅੰਤਰਨ ਕਰ ਰਹੇ ਹਨ।
ਉਨ੍ਹਾਂ ਮੁਤਾਬਕ ਦੋਹਾਂ ਪੰਜਾਬਾਂ ਵਿਚਕਾਰ ਸਾਹਿਤਕ ਸਾਂਝ ਵਧਣ ਨਾਲ ਪੰਜਾਬੀ ਭਾਸ਼ਾ ਦਾ ਸ਼ਬਦ-ਭੰਡਾਰ ਵੀ ਵਧ ਸਕਦਾ ਹੈ ਅਤੇ ਅਜਿਹੇ ਸ਼ਬਦ ਵੀ ਸੁਰਜੀਤ ਸਕਦੇ ਹਨ, ਜੋ ਰੋਜ਼ਮਰ੍ਹਾ ਦੀ ਵਰਤੋਂ ਵਿੱਚੋਂ ਲੁਪਤ ਹੋ ਗਏ ਹਨ।
"ਜਦੋਂ ਦਾ ਅਸੀਂ ਲਿਪੀ-ਅੰਤਰਨ ਕਰਨਾ ਸ਼ੁਰੂ ਕੀਤਾ ਹੈ, ਸਾਡੇ ਕੋਲ ਇੱਕ-ਦੂਜੇ ਦੇ ਉਹ ਸ਼ਬਦ ਵੀ ਆ ਰਹੇ ਹਨ, ਜਿਹੜੇ ਲੁਪਤ ਹੋ ਰਹੇ ਹਨ। ਸਾਡੀ ਜ਼ੁਬਾਨ ਅਮੀਰ ਹੋ ਰਹੀ ਹੈ। ਅੰਗ੍ਰੇਜ਼ੀ ਇਸੇ ਕਰਕੇ ਅਮੀਰ ਹੈ ਕਿਉਂਕਿ ਉਸ ਨੇ ਹਰ ਜ਼ੁਬਾਨ ਤੋਂ ਸ਼ਬਦ ਲਏ ਹੋਏ ਹਨ।"
"ਸਾਡੇ ਤਾਂ ਸਾਂਝੇ ਸ਼ਬਦ ਸਨ, ਜੋ ਹੁਣ ਨਹੀਂ ਰਹੇ। ਇਸ ਲਈ ਜਦੋਂ ਮੈਂ ਕਿਸੇ ਕਹਾਣੀ ਦਾ ਲਿਪੀ-ਅੰਤਰਨ ਕਰਦਾ ਜਾਂ ਉਧਰ ਦਾ ਸਾਹਿਤ ਪੜ੍ਹਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਮਾਂ-ਬੋਲੀ ਅਮੀਰ ਹੋ ਰਹੀ ਹੈ।"
ਪੰਜਾਬੀ ਕਿਰਦਾਰਾਂ ਵਿੱਚੋਂ ਬੇਗਾਨਾਪਣ ਕਿਵੇਂ ਦੂਰ ਹੋਇਆ

ਲਾਹੌਰ ਵਿੱਚ ਮਕਸੂਦ ਸਾਕਿਬ 'ਪੰਚਮ' ਨਾਂਅ ਦਾ ਰਸਾਲਾ ਕੱਢਦੇ ਹਨ। ਇਸ ਵਿੱਚ ਉਹ ਭਾਰਤੀ ਪੰਜਾਬ ਦੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਦਾ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀ-ਅੰਤਰਨ ਕਰਕੇ ਛਾਪਦੇ ਹਨ।
ਉਹ ਦੱਸਦੇ ਹਨ ਕਿ ਲਹਿੰਦੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਉਰਦੂ ਸਾਹਿਤ ਦਾ ਦਬਦਬਾ ਰਿਹਾ। ਉਨ੍ਹਾਂ ਮੁਤਾਬਕ ਉਰਦੂ ਵਿੱਚ ਲਿਖੇ ਪੰਜਾਬੀ ਕਿਰਦਾਰ ਉਨ੍ਹਾਂ ਨੂੰ ਬੇਗਾਨੇ ਲੱਗਦੇ ਸਨ।
"ਸਾਹਿਤ ਅਸੀਂ ਉਰਦੂ ਵਿੱਚ ਪੜ੍ਹਦੇ ਸੀ ਅਤੇ ਉਰਦੂ ਵਿੱਚ ਸਾਨੂੰ ਆਪਣਾ ਕੁਝ ਨਹੀਂ ਸੀ ਦਿਖਦਾ। ਜਦੋਂ ਅਸੀਂ ਉਰਦੂ ਲੇਖਕ ਪੜ੍ਹਨੇ ਚਾਹੇ ਉਨ੍ਹਾਂ ਦੇ ਕਿਰਦਾਰ ਪੰਜਾਬ ਜਾਂ ਪਿੰਡ ਦੇ ਹੁੰਦੇ ਸਨ, ਪਰ ਜਦੋਂ ਉਹ ਉਰਦੂ ਬੋਲਦੇ ਤਾਂ ਉਹ ਪੰਜਾਬੀ ਨਹੀਂ ਲੱਗਦੇ ਸਨ।"
ਉਨ੍ਹਾਂ ਮੁਤਾਬਕ ਗੁਰਮੁਖੀ ਵਿੱਚ ਲਿਖਿਆ ਪੰਜਾਬੀ ਸਾਹਿਤ ਪੜ੍ਹਨ ਮਗਰੋਂ ਇਹ ਅਹਿਸਾਸ ਬਦਲ ਗਿਆ।
"ਜਦੋਂ ਮੈਂ ਪਹਿਲੇ ਪੰਜਾਬ ਦੀਆਂ ਕਹਾਣੀਆਂ ਪੜ੍ਹੀਆਂ, ਖ਼ਾਸ ਤੌਰ ਉੱਤੇ ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ ਅਤੇ ਨਾਨਕ ਸਿੰਘ ਨੂੰ ਪੜ੍ਹਿਆ, ਮੈਨੂੰ ਲੱਗਾ ਦੁਨੀਆ ਵਿੱਚ ਅਸੀਂ ਮੌਜੂਦ ਹਾਂ। ਉਧਰ ਦੇ ਸਾਹਿਤ ਦਾ ਸਾਰਾ ਮਾਹੌਲ ਪੰਜਾਬੀ ਸੀ, ਕਿਰਦਾਰਾਂ ਦਾ ਸੁਭਾਅ ਪੰਜਾਬੀ ਸੀ।"
ਉਹ ਦੱਸਦੇ ਹਨ ਕਿ ਇਸੇ ਅਹਿਸਾਸ ਨੇ ਉਨ੍ਹਾਂ ਨੂੰ 1986 ਵਿੱਚ 'ਮਾਂ ਬੋਲੀ' ਨਾਂਅ ਦਾ ਰਸਾਲਾ ਸ਼ੁਰੂ ਕਰਨ ਲਈ ਪ੍ਰੇਰਿਆ, ਜਿਸ ਵਿੱਚ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀ-ਅੰਤਰਨ ਕਰਕੇ ਕਹਾਣੀਆਂ ਛਾਪੀਆਂ ਜਾਂਦੀਆਂ ਸਨ। ਬਾਅਦ ਵਿੱਚ ਇਹ ਰਸਾਲਾ 'ਪੰਚਮ' ਨਾਂਅ ਹੇਠ ਜਾਰੀ ਰਿਹਾ।
ਲੋਕ ਚੰਗਾ ਸਾਹਿਤ ਪੜ੍ਹਨਾ ਚਾਹੁੰਦੇ ਹਨ

ਜਮੀਲ ਅਹਿਮਦ ਪਾਲ ਪ੍ਰਸਿੱਧ ਪੰਜਾਬੀ ਅਤੇ ਉਰਦੂ ਦੇ ਲੇਖਕ, ਕਵੀ, ਅਨੁਵਾਦਕ ਅਤੇ ਪੱਤਰਕਾਰ ਹਨ। ਉਨ੍ਹਾਂ ਨੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕਈ ਪੁਸਤਕਾਂ ਦਾ ਲਿਪੀ ਅੰਤਰ ਕੀਤਾ ਹੈ।
ਉਹ ਦੱਸਦੇ ਹਨ ਕਿ ਉਹ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਪੰਜਵੀਂ ਤੋਂ ਅੱਠਵੀਂ ਤੱਕ ਪੜ੍ਹੇ। ਉੱਥੇ ਉਨ੍ਹਾਂ ਦੇ ਪਿਤਾ ਏਅਰ ਫੋਰਸ ਵਿੱਚ ਸਨ। ਉਹ ਦੱਸਦੇ ਹਨ ਕਿ ਉੱਥੇ ਉਨ੍ਹਾਂ ਨੇ ਜਦੋਂ ਬੰਗਲਾ ਸਿੱਖੀ ਤਾਂ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਸਿੱਖਣ ਵਿੱਚ ਦਿਲਚਸਪੀ ਹੋ ਗਈ। ਫਿਰ ਉਨ੍ਹਾਂ ਨੇ ਹਿੰਦੀ ਸਿੱਖੀ ਅਤੇ ਗੁਰਮੁਖੀ ਸਿੱਖ ਲਈ।
ਉਹ ਦੱਸਦੇ ਹਨ ਕਿ ਗੁਰਮੁਖੀ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ 'ਦਿੱਲੀ ਦੀਆਂ ਗਲੀਆਂ' ਪੜ੍ਹਿਆ ਸੀ ਅਤੇ ਫਿਰ ਇਸੇ ਨੂੰ ਉਨ੍ਹਾਂ ਲਿਪੀ ਅੰਤਰ ਵੀ ਕੀਤਾ।

"ਅੰਮ੍ਰਿਤਾ ਪ੍ਰੀਤਮ ਦੀ ਇੱਕ ਨਾਵਲ ਹੈ, ਦਿੱਲੀ ਦੀਆਂ ਗਲੀਆਂ। ਉਹ ਲਾਹੌਰ ਕਿਸੇ ਕੋਲ ਪਿਆ ਸੀ ਅਤੇ ਮੈਨੂੰ ਮਿਲ ਗਿਆ। ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਫਿਰ ਉਸਨੂੰ ਲਿਪੀ ਅੰਤਰ ਕੀਤਾ।"
ਉਨ੍ਹਾਂ ਮੁਤਾਬਕ ਲਿਪੀ ਅੰਤਰ ਇਸ ਲਈ ਵੱਧ ਰਿਹਾ ਹੈ ਕਿ ਦੋਵੇਂ ਪੰਜਾਬਾਂ ਦਾ ਰਹਿਣ-ਸਹਿਣ ਇੱਕੋ ਜਿਹਾ ਹੈ ਅਤੇ ਲੋਕ ਚੰਗਾ ਸਾਹਿਤ ਪੜ੍ਹਨਾ ਚਾਹੁੰਦੇ ਹਨ।
"ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਜਾਣਦੇ ਪਰ ਉਹ ਪੜ੍ਹਨਾ ਚਾਹੁੰਦੇ ਹਨ। ਉਧਰ ਹੋਰ ਚੰਗੇ ਕਹਾਣੀਕਾਰ ਹਨ, ਉਨ੍ਹਾਂ ਨੂੰ ਪੜ੍ਹਨਾ ਚਾਹੁੰਦੇ ਹਨ। ਜਦੋਂ ਉਨ੍ਹਾਂ ਨੂੰ ਇਹ ਆਪਣੀ ਲਿਪੀ ਵਿੱਚ ਮਿਲਦੀ ਹੈ ਤਾਂ ਉਹ ਬਹੁਤ ਖੁਸ਼ ਹੁੰਦੇ ਹਨ। ਹਰ ਬੰਦਾ ਚੰਗਾ ਸਾਹਿਤ ਪੜ੍ਹਨਾ ਚਾਹੁੰਦਾ ਹੈ। ਗੁਰਮੁਖੀ ਵਿੱਚ ਚੰਗਾ ਸਾਹਿਤ ਲਿਖਿਆ ਜਾ ਰਿਹਾ ਹੈ। ਜੇ ਅਸੀਂ ਨਹੀਂ ਪੜ੍ਹਦੇ ਤਾਂ ਅਸੀਂ ਚੰਗੇ ਸਾਹਿਤ ਤੋਂ ਵਾਂਝੇ ਰਹਿ ਜਾਵਾਂਗੇ।"
ਸੋਸ਼ਲ ਮੀਡੀਆ ਨੇ ਕੀ ਭੂਮਿਕਾ ਨਿਭਾਈ ?

ਦੋਹਾਂ ਪੰਜਾਬਾਂ ਵਿਚਕਾਰ ਸਾਹਿਤਕ ਸੰਪਰਕ ਵਧਾਉਣ ਵਿੱਚ ਸੋਸ਼ਲ ਮੀਡੀਆ ਨੇ ਵੀ ਭੂਮਿਕਾ ਨਿਭਾਈ ਹੈ।
ਸੁਕੀਰਤ ਆਨੰਦ ਮੁਤਾਬਕ ਪਹਿਲਾਂ ਦੋਹਾਂ ਪਾਸਿਆਂ ਦੇ ਲੋਕਾਂ ਲਈ ਇੱਕ-ਦੂਜੇ ਦੀਆਂ ਰਚਨਾਵਾਂ ਤੱਕ ਪਹੁੰਚਣਾ ਮੁਸ਼ਕਿਲ ਸੀ। ਹੁਣ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ਨੇ ਇਹ ਕੰਮ ਆਸਾਨ ਕੀਤਾ ਹੈ।
"ਸੋਸ਼ਲ ਮੀਡੀਆ ਨੇ ਇੱਕ ਵੱਡੀ ਤਬਦੀਲੀ ਲਿਆਂਦੀ ਹੈ। ਫੇਸਬੁੱਕ ਦਾ ਫਾਇਦਾ ਇਹ ਹੈ ਕਿ ਤੁਸੀਂ ਇੱਕ-ਦੂਜੇ ਦਾ ਲਿਖਿਆ ਫਟਾਫਟ ਪੜ੍ਹ ਸਕਦੇ ਹੋ। ਜੇ ਤੁਹਾਨੂੰ ਇੱਕ-ਦੂਜੇ ਦੀ ਲਿਪੀ ਨਹੀਂ ਵੀ ਆਉਂਦੀ ਤਾਂ ਤੁਸੀਂ ਸਮਝ ਸਕਦੇ ਹੋ।"
ਉਨ੍ਹਾਂ ਮੁਤਾਬਕ ਪਹਿਲਾਂ ਲੋਕ ਰੋਮਨ ਲਿਪੀ ਵਿੱਚ ਲਿਖ ਕੇ ਇੱਕ-ਦੂਜੇ ਤੱਕ ਪਹੁੰਚਦੇ ਸਨ। ਹੁਣ ਸੋਸ਼ਲ ਮੀਡੀਆ ਦੇ ਸਵੈਚਲਿਤ ਅਨੁਵਾਦ ਦੇ ਵਿਕਲਪ ਨੇ ਵੀ ਸੰਪਰਕ ਨੂੰ ਕੁਝ ਹੱਦ ਤੱਕ ਆਸਾਨ ਕੀਤਾ ਹੈ।
ਜਗਮੀਤ ਸਿੰਘ ਵੀ ਮੰਨਦੇ ਹਨ ਕਿ ਸੋਸ਼ਲ ਮੀਡੀਆ ਰਾਹੀਂ ਸਾਹਿਤਕ ਵਟਾਂਦਰੇ ਦੀ ਸਾਂਝ ਵਧੀ ਹੈ ਅਤੇ ਲਹਿੰਦੇ ਪੰਜਾਬ ਦੇ ਲੇਖਕਾਂ ਬਾਰੇ ਜਾਣਕਾਰੀ ਹਾਸਲ ਕਰਨੀ ਪਹਿਲਾਂ ਨਾਲੋਂ ਸੌਖੀ ਹੋਈ ਹੈ।
ਹਰਮੀਤ ਵਿਦਿਆਰਥੀ ਮੁਤਾਬਕ ਸੋਸ਼ਲ ਮੀਡੀਆ ਨੇ ਲਹਿੰਦੇ ਪੰਜਾਬ ਦੇ ਕਈ ਸਾਹਿਤਕ ਚਿਹਰਿਆਂ ਨੂੰ ਚੜ੍ਹਦੇ ਪੰਜਾਬ ਵਿੱਚ ਪਾਠਕਾਂ ਤੱਕ ਪਹੁੰਚਾਇਆ ਹੈ।
"ਸੋਸ਼ਲ ਮੀਡੀਆ ਨੇ ਲਹਿੰਦੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਨੂੰ ਚੜ੍ਹਦੇ ਪੰਜਾਬ ਵਿੱਚ ਬਹੁਤ ਮਸ਼ਹੂਰ ਕੀਤਾ ਹੈ। ਕਵਿਤਾ ਦੇ ਛੋਟੇ-ਛੋਟੇ ਹਿੱਸਿਆਂ ਦੀਆਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਆਉਂਦੀਆਂ ਰੀਲਾਂ ਰਾਹੀਂ ਉਹ ਚਰਚਿਤ ਹੋ ਗਏ।"
ਲਿਪੀ-ਅੰਤਰਨ ਦੀਆਂ ਚੁਣੌਤੀਆਂ

ਸਾਹਿਤਕਾਰਾਂ ਮੁਤਾਬਕ ਲਿਪੀ-ਅੰਤਰਨ ਦਾ ਕੰਮ ਵਧ ਰਿਹਾ ਹੈ, ਪਰ ਇਸ ਵਿੱਚ ਕਈ ਚੁਣੌਤੀਆਂ ਵੀ ਹਨ।
ਕਵੀ ਅਤੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਮੁਤਾਬਕ ਦੋਹਾਂ ਪੰਜਾਬਾਂ ਦੀ ਪੰਜਾਬੀ ਵਿੱਚ ਕਈ ਅਜਿਹੇ ਸ਼ਬਦ ਇੱਕੋ-ਜਿਹੇ ਹਨ, ਪਰ ਉਨ੍ਹਾਂ ਦੇ ਅਰਥ ਵੱਖ-ਵੱਖ ਹਨ। ਉਨ੍ਹਾਂ ਮੁਤਾਬਕ ਲਿਪੀ-ਅੰਤਰਨ ਕਰਨ ਵਾਲਾ ਜਦੋਂ ਕਿਸੇ ਸ਼ਬਦ ਦਾ ਅਰਥ ਆਪਣੇ ਖੇਤਰ ਦੀ ਪੰਜਾਬੀ ਦੇ ਸੰਦਰਭ ਵਿੱਚ ਕੱਢਦਾ ਹੈ ਤਾਂ ਰਚਨਾ ਦੇ ਮੂਲ ਅਰਥ ਵਿੱਚ ਤਬਦੀਲੀ ਆ ਜਾਂਦੀ ਹੈ।
ਉਹ ਮੁਹਾਵਰਿਆਂ ਦੇ ਲਿਪੀ-ਅੰਤਰਨ ਦੌਰਾਨ ਵੀ ਅਰਥ ਬਦਲ ਜਾਣ ਦੀ ਸੰਭਾਵਨਾ ਵੱਲ ਧਿਆਨ ਦਿਵਾਉਂਦੇ ਹਨ।
"ਇੰਟਰਨੈੱਟ ਨੇ ਸਰਹੱਦ ਬਹੁਤ ਪੋਲੀਆਂ ਕਰ ਦਿੱਤੀਆਂ ਹਨ। ਤੁਸੀਂ ਜਿਸ ਮਰਜ਼ੀ ਸ਼ਾਇਰ ਨੂੰ ਪੜ੍ਹ ਸਕਦੇ ਹੋ। ਪੰਜਾਬੀ ਯੂਨੀਵਰਸਿਟੀ ਨੇ ਲਿਪੀ ਅੰਤਰ ਕਰਨ ਵਾਲਾ ਸਾਫਟਵੇਅਰ ਤਿਆਰ ਕਰਕੇ ਵਧੀਆ ਕੰਮ ਕੀਤਾ ਹੈ ਪਰ ਇਸ ਨਾਲ ਮਸ਼ੀਨੀ ਅਨੁਵਾਦ ਹੁੰਦਾ ਹੈ।"
"ਇਸ ਲਈ ਕਈ ਵਾਰੀ ਲਿਪੀ ਅੰਤਰ ਵਿੱਚ ਜ਼ੁਬਾਨ ਦੀ ਗੂੰਜ ਨਹੀਂ ਆਉਂਦੀ। ਪਾਕਿਸਤਾਨੀ ਪੰਜਾਬੀ ਦੀ ਪੰਜਾਬੀ ਬੋਲੀ ਉੱਤੇ ਫ਼ਾਰਸੀ ਦਾ ਅਸਰ ਹੈ ਅਤੇ ਸਾਡੀ ਪੰਜਾਬੀ ਉੱਤੇ ਸੰਸਕ੍ਰਿਤੀ ਦਾ ਅਸਰ ਹੈ। ਇਸ ਲਈ ਲਿਪੀ ਅੰਤਰ ਕਰਨ ਵਾਲੇ ਨੂੰ ਚਾਹੀਦਾ ਹੈ ਕਿ ਲਿਪੀ ਅੰਤਰ ਹੋਣ ਵਾਲਾ ਸਾਹਿਤ ਇੰਨਾਂ ਭਾਸ਼ਾਵਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ।"
ਲਿਪੀ ਅੰਤਰ ਕਿਉਂ ਜ਼ਰੂਰੀ ਹੈ ?
ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਕਹਿੰਦੇ ਹਨ, "ਇਹ ਨਿੱਕੇ-ਨਿੱਕੇ ਪੁੱਲ ਹਨ। ਜਿਹੜੇ ਮੁਹੱਬਤ ਨੂੰ ਵਧਾ ਸਕਦੇ ਹਨ। ਅਸੀਂ ਨਫ਼ਰਤ-ਨਫ਼ਰਤ, ਅੱਗ-ਅੱਗ ਖੇਡਕੇ ਸਵਾਹ ਦੀ ਪੁੜੀਆਂ ਬਹੁਤ ਬੰਨ੍ਹੀਆਂ ਹਨ। ਮੇਰੀ ਅਰਦਾਸ ਹੈ ਕਿ ਅਸੀਂ ਅਜਿਹੇ ਨਿਜ਼ਾਮ ਉਸਾਰੀਏ, ਜਿਸ ਨਾਲ ਬੰਦੇ ਦਾ ਬੰਦੇ ਨਾਲ ਅਤੇ ਸ਼ਬਦਾਂ ਦਾ ਸ਼ਬਦਾਂ ਨਾਲ ਸੰਪਰਕ ਵਧੇ।"
ਅਪਣੱਤ ਦਾ ਅਹਿਸਾਸ
ਪੱਖੋਵਾਲ ਦੇ ਵਸਨੀਕ ਹਰੀਸ਼ ਮੋਦਗਿੱਲ ਮੁਤਾਬਕ ਲਹਿੰਦੇ ਪੰਜਾਬ ਦੇ ਸਾਹਿਤ ਤੋਂ ਉਨ੍ਹਾਂ ਨੂੰ ਅਪਣੱਤ ਦਾ ਅਹਿਸਾਸ ਹੁੰਦਾ ਹੈ।
"ਸ਼ਾਹਮੁਖੀ ਵਿੱਚ ਬਾਕਮਾਲ ਸਾਹਿਤ ਦੀ ਰਚਨਾ ਹੋਈ ਹੈ। ਮੈਨੂੰ 'ਭੁੱਬਲ' ਪੁਸਤਕ ਚੰਗੀ ਲੱਗੀ। ਮੈਨੂੰ ਅਨਵਰ ਅਲੀ ਦੀ ਪੁਸਤਕ 'ਗੁਆਚੀਆਂ ਗੱਲਾਂ' ਬਹੁਤ ਪਸੰਦ ਹੈ। ਇਸ ਵਿੱਚ ਲੁਧਿਆਣਾ ਸ਼ਹਿਰ ਬਾਰੇ ਜ਼ਿਕਰ ਹੈ। ਲੁਧਿਆਣਾ ਮੇਰਾ ਆਪਣਾ ਸ਼ਹਿਰ ਹੈ। ਜਦੋਂ ਮੈਂ ਕਿਤਾਬ ਪੜ੍ਹੀ ਤਾਂ ਮੈਨੂੰ ਅਪਣੱਤ ਦਾ ਅਹਿਸਾਸ ਹੋਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































