ਗਿੱਟਿਆਂ ਦੇ ਵਾਰ-ਵਾਰ ਮੁੜਨ ਅਤੇ ਮੋਚ ਆਉਣ ਤੋਂ ਹੋ ਪਰੇਸ਼ਾਨ? ਅਜਿਹੀਆਂ ਸੱਟਾਂ ਤੋਂ ਬਚਣ ਦਾ ਤਰੀਕਾ ਜਾਣੋ

ਗਿੱਟੇ
ਤਸਵੀਰ ਕੈਪਸ਼ਨ, ਗਿੱਟੇ ਸਰੀਰ ਦਾ ਸੰਤੁਲਨ ਬਣਾਈ ਰੱਖਣ, ਤੁਰਨ ਅਤੇ ਦੌੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਅਕਸਰ ਲੋਕ ਇਨ੍ਹਾਂ ਦੀ ਦੇਖਭਾਲ ਵੱਲ ਧਿਆਨ ਨਹੀਂ ਦਿੰਦੇ
    • ਲੇਖਕ, ਐਮਿਲੀ ਹੋਲਟ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਗਿੱਟੇ ਸਰੀਰ ਦੇ ਮੁੱਖ ਝਟਕਾ ਸਹਿਣ ਵਾਲੇ ਅੰਗ ਹਨ। ਸਰੀਰ ਦਾ ਸੰਤੁਲਨ ਬਣਾਈ ਰੱਖਣ, ਖੜ੍ਹੇ ਹੋਣ, ਤੁਰਨ ਅਤੇ ਦੌੜਨ ਲਈ ਇਹ ਬੇਹੱਦ ਅਹਿਮ ਹਨ। ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਗਿੱਟਿਆਂ ਬਾਰੇ ਉਦੋਂ ਤੱਕ ਬਹੁਤਾ ਨਹੀਂ ਸੋਚਦੇ, ਜਦੋਂ ਤੱਕ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗ ਜਾਂਦੀ।

ਪਰਫਾਰਮੈਂਸ ਫਿਜ਼ੀਓਥੈਰੇਪਿਸਟ ਜੇਨੇਵੀਵ ਤਵਾਇਆ ਦਾ ਕਹਿਣਾ ਹੈ ਕਿ ਗਿੱਟਿਆਂ ਦੀਆਂ ਸੱਟਾਂ ਲੱਗਣ ਦੀਆਂ ਘਟਨਾਵਾਂ ਬਹੁਤ ਆਮ ਹਨ। ਉਹ 'ਸਟ੍ਰਿਕਟਲੀ ਕਮ ਡਾਂਸਿੰਗ' ਵਰਗੇ ਸ਼ੋਅਜ਼ ਵਿੱਚ ਵੀ ਕੰਮ ਕਰ ਚੁੱਕੇ ਹਨ।

ਯੂਕੇ ਦੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ (ਐੱਨਆਈਸੀਈ) ਮੁਤਾਬਕ, ਬ੍ਰਿਟੇਨ ਵਿੱਚ ਐਮਰਜੈਂਸੀ ਵਿਭਾਗ (ਏਐਂਡਈ) ਵਿੱਚ ਆਉਣ ਵਾਲੇ ਮਰੀਜ਼ਾਂ ਵਿੱਚੋਂ 5 ਫ਼ੀਸਦੀ ਗਿੱਟਿਆਂ ਦੀਆਂ ਸੱਟਾਂ ਕਾਰਨ ਆਉਂਦੇ ਹਨ।

ਪਰ ਤਵਾਇਆ ਨੇ 'ਵਟਸ ਅੱਪ ਡੌਕਸ?' ਨੂੰ ਦੱਸਿਆ ਕਿ ਇਨ੍ਹਾਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ, "ਜੇਕਰ ਤੁਹਾਡੇ ਪੈਰ ਅਤੇ ਗਿੱਟੇ ਮਜ਼ਬੂਤ ਹਨ ਅਤੇ ਤੁਹਾਨੂੰ ਇਨ੍ਹਾਂ ਬਾਰੇ ਚੰਗੀ ਸਮਝ ਹੈ ਅਤੇ ਇਹ ਵੀ ਪਤਾ ਹੈ ਕਿ ਇਨ੍ਹਾਂ ਨਾਲ ਜੁੜੇ ਸਰੀਰ ਦੇ ਹੋਰ ਅੰਗਾਂ ਦਾ ਇਨ੍ਹਾਂ 'ਤੇ ਕੀ ਅਸਰ ਪੈਂਦਾ ਹੈ।"

ਆਪਣੇ ਗਿੱਟਿਆਂ ਨੂੰ ਮਜ਼ਬੂਤ ਬਣਾਉਣ ਦੇ ਤਿੰਨ ਤਰੀਕੇ ਇਹ ਹਨ:

1. ਦਿਮਾਗ਼ ਅਤੇ ਸਰੀਰ ਵਿਚਾਲੇ ਤਾਲਮੇਲ ਬਣਾਓ

ਔਰਤ
ਤਸਵੀਰ ਕੈਪਸ਼ਨ, ਪਹਿਲਾ, ਦਿਮਾਗ਼ ਅਤੇ ਸਰੀਰ ਵਿਚਾਲੇ ਤਾਲਮੇਲ ਵਧਾਉਣ ਵਾਲੀਆਂ ਕਸਰਤਾਂ ਕਰੋ, ਤਾਂ ਜੋ ਪੈਰਾਂ ਦੀ ਹਰਕਤ ਬਾਰੇ ਸਮਝ ਬਿਹਤਰ ਹੋਵੇ

ਤਵਾਇਆ ਦਾ ਕਹਿਣਾ ਹੈ ਕਿ ਗਿੱਟਿਆਂ ਨੂੰ ਮਜ਼ਬੂਤ ਬਣਾਉਣ ਅਤੇ ਸੱਟ ਲੱਗਣ ਦੇ ਖ਼ਤਰੇ ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਦਿਮਾਗ਼ ਅਤੇ ਸਰੀਰ ਵਿਚਾਲੇ ਤਾਲਮੇਲ ਹੋਣਾ ਜ਼ਰੂਰੀ ਹੈ।

ਇਸ ਦਾ ਮਤਲਬ ਹੈ ਕਿ ਤੁਹਾਨੂੰ ਹੇਠਾਂ ਦੇਖੇ ਬਿਨਾਂ ਵੀ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਤੁਹਾਡੇ ਗਿੱਟੇ ਕਿਸ ਤਰ੍ਹਾਂ ਦੀ ਹਰਕਤ ਕਰ ਰਹੇ ਹਨ।

ਉਹ ਕਹਿੰਦੀ ਹੈ, "ਇਸ ਦਾ ਮਕਸਦ ਦਿਮਾਗ਼ ਤੋਂ ਪੈਰਾਂ ਅਤੇ ਗਿੱਟਿਆਂ ਤੱਕ ਜਾਣਕਾਰੀ ਪਹੁੰਚਾਉਣਾ ਹੈ, ਤਾਂ ਜੋ ਸਰੀਰ ਦਾ ਸੰਤੁਲਨ ਬਣਿਆ ਰਹੇ ਅਤੇ ਅੱਗੇ ਕੀਤੀ ਜਾਣ ਵਾਲੀ ਕਸਰਤ ਲਈ ਸਰੀਰ ਨੂੰ ਮਜ਼ਬੂਤ ਆਧਾਰ ਮਿਲ ਸਕੇ।"

ਦਿਮਾਗ਼ ਅਤੇ ਸਰੀਰ ਵਿਚਾਲੇ ਤਾਲਮੇਲ ਵਧਾਉਣ ਲਈ ਤਵਾਇਆ ਕੁਝ ਅਜਿਹੀਆਂ ਕਸਰਤਾਂ ਕਰਨ ਦੀ ਸਲਾਹ ਦਿੰਦੀ ਹੈ, ਜਿਨ੍ਹਾਂ ਨੂੰ ਕਰਦੇ ਸਮੇਂ ਤੁਹਾਨੂੰ ਆਪਣੇ ਪੈਰਾਂ ਦੀ ਹਰਕਤ ਵੱਲ ਧਿਆਨ ਦੇਣਾ ਪੈਂਦਾ ਹੈ।

ਉਨ੍ਹਾਂ ਦਾ ਸੁਝਾਅ ਹੈ ਕਿ ਸ਼ੁਰੂਆਤ ਪੈਰਾਂ ਦੀਆਂ ਉਂਗਲਾਂ ਦੀਆਂ ਛੋਟੀਆਂ-ਛੋਟੀਆਂ ਹਰਕਤਾਂ ਨਾਲ ਕਰਨੀ ਚਾਹੀਦੀ ਹੈ। ਇਸ ਦਾ ਅਸਰ ਇਸ ਗੱਲ 'ਤੇ ਪੈਂਦਾ ਹੈ ਕਿ ਅਸੀਂ ਆਪਣੇ ਗਿੱਟਿਆਂ ਰਾਹੀਂ ਸਰੀਰ ਦਾ ਭਾਰ ਕਿਵੇਂ ਪਾਉਂਦੇ ਹਾਂ।

ਇਸ ਦੀਆਂ ਦੋ ਉਦਾਹਰਨਾਂ ਹਨ:

  • ਆਪਣੇ ਪੈਰ ਦੇ ਅੰਗੂਠੇ ਦੇ ਅਗਲੇ ਹਿੱਸੇ ਨੂੰ ਫਰਸ਼ 'ਤੇ ਦਬਾਓ, ਕੁਝ ਦੇਰ ਇਸੇ ਤਰ੍ਹਾਂ ਰੱਖੋ ਅਤੇ ਦੇਖੋ ਕਿ ਪੈਰ ਦੇ ਵਿਚਕਾਰਲੇ ਹਿੱਸੇ ਦੀ ਮਾਸਪੇਸ਼ੀ ਕਿਵੇਂ ਕੰਮ ਕਰਦੀ ਹੈ। ਉਹ ਕਹਿੰਦੀ ਹੈ, "ਤੁਹਾਨੂੰ ਮਹਿਸੂਸ ਹੋਵੇਗਾ ਜਿਵੇਂ ਪੈਰ ਦੇ ਵਿਚਕਾਰਲੇ ਹਿੱਸੇ ਵਿੱਚ ਕੁਝ ਖਿੱਚ ਰਿਹਾ ਹੋਵੇ।"
  • ਆਪਣੇ ਪੈਰ ਦੇ ਅੰਗੂਠੇ ਦੇ ਨਾਲ ਫਰਸ਼ 'ਤੇ ਇੱਕ ਪੈੱਨ ਰੱਖੋ। ਪੈੱਨ ਨੂੰ ਅੰਗੂਠੇ ਦੇ ਬਿਲਕੁਲ ਸਮਾਨਾਂਤਰ ਰੱਖਣਾ ਹੈ। ਇਸ ਤੋਂ ਬਾਅਦ ਅੰਗੂਠੇ ਨੂੰ ਪੈੱਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਇਸ ਕਿਰਿਆ ਨੂੰ 'ਟੋ ਐਬਡਕਸ਼ਨ' ਕਿਹਾ ਜਾਂਦਾ ਹੈ।

2. ਤਾਕਤ, ਸਰੀਰ 'ਤੇ ਕਾਬੂ ਅਤੇ ਸੰਤੁਲਨ ਵਧਾਓ

ਪਰਫਾਰਮੈਂਸ ਫਿਜ਼ੀਓਥੈਰੇਪਿਸਟ ਜੇਨੇਵੀਵ ਤਵਾਇਆ
ਤਸਵੀਰ ਕੈਪਸ਼ਨ, ਪਰਫਾਰਮੈਂਸ ਫਿਜ਼ੀਓਥੈਰੇਪਿਸਟ ਜੇਨੇਵੀਵ ਤਵਾਇਆ ਦਾ ਕਹਿਣਾ ਹੈ ਕਿ ਗਿੱਟਿਆਂ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਵਿਅਕਤੀ ਆਪਣੇ ਦਿਮਾਗ਼ ਅਤੇ ਸਰੀਰ ਵਿਚਾਲੇ ਤਾਲਮੇਲ ਪ੍ਰਤੀ ਸੁਚੇਤ ਹੋਵੇ

ਤਵਾਇਆ ਦੱਸਦੀ ਹੈ ਕਿ ਗਿੱਟਿਆਂ ਦਾ ਕੰਮ ਸਰੀਰ ਦਾ ਸੰਤੁਲਨ ਬਣਾਈ ਰੱਖਣਾ, ਸਰੀਰ ਦਾ ਭਾਰ ਸਹਿਣਾ ਅਤੇ ਤਾਕਤ ਨੂੰ ਸਰੀਰ ਦੇ ਹੋਰ ਹਿੱਸਿਆਂ ਤੱਕ ਪਹੁੰਚਾਉਣਾ ਹੈ।

ਗਿੱਟਿਆਂ ਨੂੰ ਮਜ਼ਬੂਤ ਕਰਨ ਲਈ ਇਹ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ:

ਅੱਡੀਆਂ ਉੱਪਰ ਚੁੱਕਣਾ: ਕਿਸੇ ਮਜ਼ਬੂਤ ਸਹਾਰੇ ਦੇ ਕੋਲ ਖੜ੍ਹੇ ਹੋਵੋ। ਇਸ ਤੋਂ ਬਾਅਦ ਅੱਡੀਆਂ ਨੂੰ ਫਰਸ਼ ਤੋਂ ਉੱਪਰ ਚੁੱਕਦੇ ਹੋਏ ਪੈਰਾਂ ਦੀਆਂ ਉਂਗਲਾਂ ਦੇ ਭਾਰ ਖੜ੍ਹੇ ਹੋਵੋ। ਧਿਆਨ ਰੱਖੋ ਕਿ ਇਸ ਦੌਰਾਨ ਤੁਹਾਡੇ ਗਿੱਟੇ ਡੋਲਣ ਜਾਂ ਬਾਹਰ ਵੱਲ ਨਾ ਮੁੜਨ।

ਸੰਤੁਲਨ ਬਣਾਉਣਾ: ਇੱਕ ਪੈਰ ਦੇ ਅੱਗੇ ਦੂਜਾ ਪੈਰ ਰੱਖ ਕੇ ਇਸ ਤਰ੍ਹਾਂ ਤੁਰੋ, ਜਿਵੇਂ ਕੋਈ ਜਿਮਨਾਸਟ ਸੰਤੁਲਨ ਬਣਾਉਂਦੇ ਹੋਏ ਇੱਕ ਪਤਲੀ ਪੱਟੀ 'ਤੇ ਚੱਲਦਾ ਹੈ। ਇਸ ਦੌਰਾਨ ਪੈਰਾਂ 'ਤੇ ਆਪਣਾ ਕਾਬੂ ਬਣਾਈ ਰੱਖੋ।

ਸਰੀਰ 'ਤੇ ਕਾਬੂ ਰੱਖਣਾ: ਬੈਠੀ ਹੋਈ ਹਾਲਤ ਤੋਂ ਇੱਕ ਜਾਂ ਦੋਵੇਂ ਪੈਰਾਂ ਦੇ ਸਹਾਰੇ ਖੜ੍ਹੇ ਹੋਣਾ ਅਤੇ ਪੌੜੀਆਂ ਚੜ੍ਹਨਾ ਜਾਂ ਉਤਰਨਾ ਵੀ ਅਜਿਹੀਆਂ ਕਸਰਤਾਂ ਹਨ, ਜਿਨ੍ਹਾਂ ਨਾਲ ਗਿੱਟਿਆਂ ਦਾ ਸੰਤੁਲਨ ਅਤੇ ਉਨ੍ਹਾਂ 'ਤੇ ਕਾਬੂ ਬਿਹਤਰ ਹੁੰਦਾ ਹੈ।

ਉਹ ਕਹਿੰਦੀ ਹੈ, "ਜੇਕਰ ਤੁਸੀਂ ਪੌੜੀਆਂ ਚੜ੍ਹਦੇ ਸਮੇਂ ਹਮੇਸ਼ਾ ਇੱਕੋ ਪੈਰ ਪਹਿਲਾਂ ਰੱਖਦੇ ਹੋ ਤਾਂ ਦੂਜੇ ਪੈਰ ਨਾਲ ਪੌੜੀਆਂ ਚੜ੍ਹਨ ਦਾ ਅਭਿਆਸ ਕਰੋ।"

ਜਿਨ੍ਹਾਂ ਲੋਕਾਂ ਦੇ ਗਿੱਟਿਆਂ ਦੀ ਮੋਚ ਠੀਕ ਹੋ ਰਹੀ ਹੈ, ਉਹ ਇੱਕ ਪੈਰ 'ਤੇ ਖੜ੍ਹੇ ਹੋ ਕੇ ਗੇਂਦ ਸੁੱਟਣ ਅਤੇ ਫੜਨ ਦੀ ਕਸਰਤ ਕਰ ਸਕਦੇ ਹਨ।

ਇਸ ਤੋਂ ਇਲਾਵਾ, ਉਹ ਦੋਵੇਂ ਪਾਸੇ ਕਦਮ ਰੱਖ ਕੇ ਅਤੇ ਉਸ ਪੈਰ 'ਤੇ ਸੰਤੁਲਨ ਬਣਾਉਣ ਦਾ ਅਭਿਆਸ ਵੀ ਕਰ ਸਕਦੇ ਹਨ, ਜਿਸ 'ਤੇ ਉਹ ਉਤਰਦੇ ਹਨ। ਇਸ ਨਾਲ ਪੈਰ ਜ਼ਮੀਨ 'ਤੇ ਰੱਖਣ ਸਮੇਂ ਸਰੀਰ ਨੂੰ ਸੰਭਾਲਣ ਦੀ ਸਮਰੱਥਾ ਵਧਦੀ ਹੈ।

ਜਿਨ੍ਹਾਂ ਲੋਕਾਂ ਨੂੰ ਟੈਂਡਿਨੋਪੈਥੀ (ਮਾਸਪੇਸ਼ੀ ਨੂੰ ਹੱਡੀ ਨਾਲ ਜੋੜਨ ਵਾਲੀ ਨਸ ਵਿੱਚ ਲੰਬੇ ਸਮੇਂ ਤੋਂ ਦਰਦ) ਦੀ ਸਮੱਸਿਆ ਹੈ, ਉਨ੍ਹਾਂ ਲਈ ਹੌਲੀ-ਹੌਲੀ ਅਤੇ ਵੱਧ ਭਾਰ ਨਾਲ ਕਸਰਤ ਕਰਨਾ ਜ਼ਰੂਰੀ ਹੈ।

ਇਸ ਲਈ ਭਾਰ ਚੁੱਕ ਕੇ ਪਿੰਜਣੀਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਲੈੱਗ ਪ੍ਰੈੱਸ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

3. ਸਹੀ ਜੁੱਤੀਆਂ ਪਹਿਨੋ

ਜੇਨੇਵੀਵ ਤਵਾਇਆ

ਤਵਾਇਆ ਦਾ ਕਹਿਣਾ ਹੈ ਕਿ ਗਿੱਟਿਆਂ ਨੂੰ ਸਹਾਰਾ ਦੇਣ ਲਈ ਸਹੀ ਕਿਸਮ ਦੀਆਂ ਜੁੱਤੀਆਂ ਚੁਣਨਾ ਬਹੁਤ ਜ਼ਰੂਰੀ ਹੈ।

ਉਹ ਕਹਿੰਦੀ ਹੈ, "ਬਹੁਤ ਸਾਰੇ ਲੋਕ ਬਿਨਾਂ ਅੱਡੀ ਵਾਲੀਆਂ ਬੈਲੇਰੀਨਾ ਜੁੱਤੀਆਂ, ਅਗਿਓਂ ਨੋਕਦਾਰ ਜੁੱਤੀਆਂ ਜਾਂ ਅਜਿਹੇ ਸਪੋਰਟਸ ਜੁੱਤੇ ਪਹਿਨਦੇ ਹਨ, ਜੋ ਅਗਿਓਂ ਤੰਗ ਹੁੰਦੇ ਹਨ।"

"ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਜੇਕਰ ਜੁੱਤੀ ਦਾ ਉੱਪਰਲਾ ਹਿੱਸਾ ਨਾ ਹੋਵੇ ਤਾਂ ਕੀ ਤੁਹਾਡੇ ਪੈਰਾਂ ਦੀਆਂ ਉਂਗਲਾਂ ਨੂੰ ਖੁੱਲ੍ਹੀ ਥਾਂ ਮਿਲੇਗੀ ਜਾਂ ਤੁਹਾਡਾ ਅੰਗੂਠਾ ਦੂਜੀਆਂ ਉਂਗਲਾਂ ਵੱਲ ਦਬੇਗਾ?"

ਅੱਜਕੱਲ੍ਹ ਬਿਨਾਂ ਜੁੱਤੀਆਂ ਵਾਲਾ ਅਹਿਸਾਸ ਦੇਣ ਵਾਲੀਆਂ (ਬੇਅਰਫੁੱਟ) ਜੁੱਤੀਆਂ ਕਾਫ਼ੀ ਮਕਬੂਲ ਹੋ ਰਹੀਆਂ ਹਨ।

ਇਹ ਫ਼ਾਇਦੇਮੰਦ ਵੀ ਹੋ ਸਕਦੀਆਂ ਹਨ, ਪਰ ਇਨ੍ਹਾਂ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਪੈਰਾਂ ਅਤੇ ਗਿੱਟਿਆਂ ਦੀਆਂ ਮਾਸਪੇਸ਼ੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਨਾਲ ਹੀ, ਇਨ੍ਹਾਂ ਜੁੱਤੀਆਂ ਦੀ ਵਰਤੋਂ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈ।

ਉਹ ਅਜਿਹੀਆਂ ਜੁੱਤੀਆਂ ਚੁਣਨ ਦੀ ਵੀ ਸਲਾਹ ਦਿੰਦੀ ਹੈ, ਜਿਨ੍ਹਾਂ ਵਿੱਚ ਪੈਰ ਦੇ ਵਿਚਕਾਰਲੇ ਹਿੱਸੇ ਨੂੰ ਕੁਝ ਸਹਾਰਾ ਮਿਲੇ। ਕਿਉਂਕਿ ਕਿਸੇ ਵੀ ਕੰਮ ਦੌਰਾਨ ਪੈਰ 'ਤੇ ਸਰੀਰ ਦਾ ਭਾਰ ਕਿਵੇਂ ਪੈਂਦਾ ਹੈ, ਇਸ 'ਤੇ ਇਸ ਦਾ ਅਸਰ ਪੈਂਦਾ ਹੈ।

ਉਹ ਦੱਸਦੀ ਹੈ ਕਿ ਵੱਖ-ਵੱਖ ਗਤੀਵਿਧੀਆਂ ਲਈ ਵੱਖ-ਵੱਖ ਕਿਸਮ ਦੀਆਂ ਜੁੱਤੀਆਂ ਦੀ ਲੋੜ ਹੁੰਦੀ ਹੈ।

ਉਹ ਕਹਿੰਦੀ ਹੈ, "ਜੇਕਰ ਤੁਸੀਂ ਸਕੁਐਟ ਕਸਰਤ ਕਰ ਰਹੇ ਹੋ ਤਾਂ ਤੁਹਾਡੇ ਲਈ ਘੱਟ ਉੱਚੀ ਤਲੀ ਵਾਲੀ ਜੁੱਤੀ ਬਿਹਤਰ ਰਹੇਗੀ। ਜੇਕਰ ਜੁੱਤੀ ਦੀ ਤਲੀ ਬਹੁਤ ਨਰਮ ਅਤੇ ਸਪੰਜ ਵਰਗੀ ਹੈ ਤਾਂ ਸੰਤੁਲਨ ਬਣਾਉਣਾ ਅਤੇ ਸਰੀਰ ਦਾ ਭਾਰ ਸਹੀ ਥਾਂ 'ਤੇ ਪਾਉਣਾ ਔਖਾ ਹੋ ਸਕਦਾ ਹੈ।"

"ਪਰ ਜੇਕਰ ਤੁਸੀਂ ਦੌੜ ਰਹੇ ਹੋ ਤਾਂ ਅਜਿਹੇ ਸਪੋਰਟਸ ਜੁੱਤੇ ਜ਼ਿਆਦਾ ਢੁੱਕਵੇਂ ਹੋ ਸਕਦੇ ਹਨ, ਜਿਨ੍ਹਾਂ ਵਿੱਚ ਦੌੜਦੇ ਸਮੇਂ ਲੱਗਣ ਵਾਲੇ ਝਟਕਿਆਂ ਨੂੰ ਸਹਿਣ ਲਈ ਵਧੇਰੇ ਗੱਦੀਦਾਰ ਤਲੀ ਹੋਵੇ।"

ਲੰਬੇ ਸਮੇਂ ਤੱਕ ਵੱਖ-ਵੱਖ ਤਰ੍ਹਾਂ ਦੇ ਰਸਤਿਆਂ 'ਤੇ ਪੈਦਲ ਚੱਲਣ ਲਈ ਹਾਈਕਿੰਗ ਬੂਟ (ਖ਼ਾਸ ਤੌਰ 'ਤੇ ਪਹਾੜੀ ਰਸਤਿਆਂ 'ਤੇ ਚੱਲਣ ਵਾਲੇ ਜੁੱਤੇ) ਅਕਸਰ ਗਿੱਟਿਆਂ ਦੀ ਗੰਭੀਰ ਮੋਚ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦਗਾਰ ਹੁੰਦੇ ਹਨ।

ਹਾਲਾਂਕਿ, ਰੋਜ਼ਾਨਾ ਲੰਬੇ ਸਮੇਂ ਤੱਕ ਇਹ ਜੁੱਤੇ ਪਹਿਨਣ ਨਾਲ ਗਿੱਟਿਆਂ ਵਿੱਚ ਅਕੜਾਅ ਵਧ ਸਕਦਾ ਹੈ, ਕਿਉਂਕਿ ਇਨ੍ਹਾਂ ਨਾਲ ਗਿੱਟਿਆਂ ਦੀ ਹਿਲਜੁਲ ਕੁਝ ਹੱਦ ਤੱਕ ਸੀਮਤ ਹੋ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)