ਕੀ ਕੁਝ ਸਿੱਖਾਂ ਨੂੰ ਵੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਵਿੱਚ ਇਤਰਾਜ਼ ਹੋ ਸਕਦਾ ਹੈ, ਇਸ ਬਾਰੇ ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਚਰਨਜੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਨਾਲ ਜੁੜੇ ਨਵੇਂ ਨਿਯਮਾਂ ਅਤੇ ਇਸ ਨੂੰ ਲੈ ਕੇ ਬਣਾਏ ਗਏ ਸਜ਼ਾ ਦੇਣ ਵਾਲੇ ਕਾਨੂੰਨੀ ਪ੍ਰਬੰਧ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੌਖਿਕ ਟਿੱਪਣੀ ਵਿੱਚ ਕਿਹਾ ਕਿ ਜੇਕਰ ਕੋਈ ਵਿਅਕਤੀ ਧਾਰਮਿਕ ਜਾਂ ਅੰਤਰਾਤਮਾ ਦੇ ਕਾਰਨਾਂ ਕਰਕੇ ਵੰਦੇ ਮਾਤਰਮ ਨਹੀਂ ਗਾਉਂਦਾ ਤਾਂ ਉਸ ਨੂੰ ਫੌਜਦਾਰੀ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।
ਅਸਲ ਵਿੱਚ 22 ਸਤੰਬਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਹ ਦੇਖੇਗੀ ਕਿ ਧਾਰਮਿਕ ਕਾਰਨਾਂ ਕਰਕੇ ਵੰਦੇ ਮਾਤਰਮ ਨਾ ਗਾਉਣ ਵਾਲੇ ਵਿਅਕਤੀ ਨੂੰ 'ਬਿਜੋ ਇਮੈਨੁਅਲ' ਮਾਮਲੇ ਵਿੱਚ ਮੰਨੀ ਗਈ ਅੰਤਰਾਤਮਾ ਦੀ ਆਜ਼ਾਦੀ ਦੀ ਸੁਰੱਖਿਆ ਮਿਲਦੀ ਹੈ ਜਾਂ ਨਹੀਂ।
ਸੁਣਵਾਈ ਦੌਰਾਨ ਬੈਂਚ ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਅਜਿਹੇ ਵਿਅਕਤੀ ਨੂੰ ਫੌਜਦਾਰੀ ਨਤੀਜਿਆਂ ਦਾ ਸਾਹਮਣਾ ਨਾ ਕਰਨਾ ਪਵੇ। ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਲੰਘੇ ਕੁਝ ਮਹੀਨਿਆਂ ਤੋਂ ਵੰਦੇ ਮਾਤਰਮ ਦੇ ਮਸਲੇ ਉੱਤੇ ਕਾਫੀ ਚਰਚਾ ਹੋ ਰਹੀ ਹੈ।
ਕਾਂਗਰਸ, ਸਮਾਜਵਾਦੀ ਪਾਰਟੀ ਸਣੇ ਮੁਸਲਮਾਨ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਅਤੇ ਸਿਆਸੀ ਆਗੂ ਤਾਂ ਪਹਿਲਾਂ ਹੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਬਾਰੇ ਆਪਣੇ ਇਤਰਾਜ਼ ਜਤਾ ਚੁੱਕੇ ਹਨ ਪਰ ਸਵਾਲ ਇਹ ਵੀ ਹੈ ਕਿ ਕੀ ਸਿੱਖਾਂ ਨੂੰ ਵੰਦੇ ਮਾਤਰਮ ਦੇ ਸਾਰੇ ਛੰਦ ਗਾਉਣ ਉੱਤੇ ਕੋਈ ਇਤਰਾਜ਼ ਹੋ ਸਕਦਾ ਹੈ, ਇਹ ਜਾਣਨ ਲਈ ਅਸੀਂ ਸਿੱਖ ਮਾਮਲਿਆਂ ਦੇ ਜਾਣਕਾਰਾਂ ਦੀ ਰਾਇ ਜਾਣੀ, ਪਹਿਲਾਂ ਸਮਝਦੇ ਹਾਂ ਸੁਪਰੀਮ ਕੋਰਟ ਨੇ ਕੀ ਕਿਹਾ।
ਸੁਪਰੀਮ ਕੋਰਟ ਨੇ ਕਿਹੜੇ ਮਾਮਲੇ ਉੱਤੇ ਟਿੱਪਣੀ ਕੀਤੀ

ਤਸਵੀਰ ਸਰੋਤ, Getty Images
ਲਾਈਵ ਲਾਅ ਦੇ ਮੁਤਾਬਕ, 22 ਸਤੰਬਰ ਨੂੰ ਕਰਨਾਟਕ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਟੀਐੱਮ ਕ੍ਰਿਸ਼ਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ, ਪਟੀਸ਼ਨ ਵਿੱਚ ਕ੍ਰਿਸ਼ਨਾ ਨੇ 1971 ਦੇ ਪ੍ਰੀਵੇਂਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ 'ਚ 2026 'ਚ ਕੀਤੀ ਗਈ ਸੋਧ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੱਤੀ ਹੈ।
ਇਸ ਸੋਧ ਤਹਿਤ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਵੀ ਰਾਸ਼ਟਰ ਗਾਨ ਦੀ ਤਰ੍ਹਾਂ ਕਾਨੂੰਨੀ ਸੁਰੱਖਿਆ ਦਿੱਤੀ ਗਈ ਹੈ।
ਇਸ ਬਦਲਾਅ ਮੁਤਾਬਕ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਰਾਸ਼ਟਰੀ ਗੀਤ ਜਾਂ ਰਾਸ਼ਟਰੀ ਗਾਨ ਗਾਉਣ ਤੋਂ ਕਿਸੇ ਨੂੰ ਰੋਕਦਾ ਹੈ ਜਾਂ ਇਸ ਦੇ ਗਾਇਨ ਵਿੱਚ ਸ਼ਾਮਲ ਸਭਾ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਪਟੀਸ਼ਨ 'ਚ ਗ੍ਰਹਿ ਮੰਤਰਾਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ ਤਹਿਤ ਅਧਿਕਾਰਿਤ ਸਮਾਗਮਾਂ ਵਿੱਚ ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਲਈ ਕਿਹਾ ਗਿਆ ਹੈ।
ਸੀਜੇਆਈ ਸੂਰਿਆਕਾਂਤ, ਜਸਟਿਸ ਜੌਯਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਇਹ ਤੈਅ ਕਰਨਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਕਿ 'ਰਾਸ਼ਟਰੀ ਗੀਤ' ਕੀ ਹੈ, ਹਾਲਾਂਕਿ, ਅਦਾਲਤ ਇਹ ਦੇਖੇਗੀ ਕਿ 'ਬਿਜੋ ਐਮੈਨੁਅਲ' ਮਾਮਲੇ ਦੀ ਤਰ੍ਹਾਂ ਧਾਰਮਿਕ ਕਾਰਨਾਂ ਕਰਕੇ ਗੀਤ ਨਾ ਗਾਉਣ ਵਾਲੇ ਵਿਅਕਤੀ ਦੇ ਅਧਿਕਾਰ ਦੀ ਸੁਰੱਖਿਆ ਹੁੰਦੀ ਹੈ ਜਾਂ ਨਹੀਂ।
1986 ਦੇ ਬਿਜੋ ਇਮੈਨੁਅਲ ਬਨਾਮ ਕੇਰਲ ਸਰਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਕਿਸੇ ਵਿਅਕਤੀ ਦਾ ਵਿਹਾਰ ਜਨਤਕ ਵਿਵਸਥਾ ਵਿੱਚ ਰੁਕਾਵਟ ਨਹੀਂ ਪਾਉਂਦਾ ਅਤੇ ਰਾਸ਼ਟਰੀ ਪ੍ਰਤੀਕਾਂ ਦਾ ਅਪਮਾਨ ਨਹੀਂ ਕਰਦਾ ਤਾਂ ਉਸ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਕੀ ਸਿੱਖਾਂ ਨੂੰ ਵੰਦੇ ਮਾਤਰਮ ਗਾਉਣ 'ਤੇ ਕੋਈ ਇਤਰਾਜ਼ ਹੋ ਸਕਦਾ ਹੈ?

ਕਿਸੇ ਸਿੱਖ ਨੂੰ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਉੱਤੇ ਕੀ ਕੋਈ ਇਤਰਾਜ਼ ਹੋ ਸਕਦਾ ਹੈ ਤਾਂ ਇਸ ਬਾਰੇ ਅਸੀਂ ਡਾ. ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ।
ਡਾ. ਅਮਰਜੀਤ ਸਿੰਘ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਊਮੈਨਿਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਦੇ ਡੀਨ ਅਤੇ ਚੇਅਰ ਆਨ ਸਿੱਖ ਸਟੱਡੀਜ਼ ਦੇ ਡਾਇਰੈਕਟਰ ਹਨ।
ਡਾ.ਅਮਰਜੀਤ ਦੇ ਮੁਤਾਬਕ, "ਮਸਲਾ ਤਾਂ ਹੈ ਕਿਉਂਕਿ ਸਿੱਖ ਸਿਰਫ ਇੱਕ ਅਕਾਲ ਪੁਰਖ਼ ਨੂੰ ਮੰਨਦੇ ਹਨ। ਇਤਰਾਜ਼ ਹੈ ਇਸ ਲਈ ਤਾਂ ਇਸ ਬਾਰੇ ਅਕਾਲ ਤਖ਼ਤ ਸਾਹਿਬ ਕੋਲ ਵੀ ਕੁਝ ਜਥੇਬੰਦੀਆਂ ਵੱਲੋਂ ਇਹ ਮਸਲਾ ਚੁੱਕਿਆ ਗਿਆ ਹੈ।"
"ਸਿੱਖਾਂ ਨੂੰ ਸਿਧਾਂਤਕ ਪੱਖ ਇਹ ਇਤਰਾਜ਼ ਹੈ ਕਿਉਂਕਿ ਗੁਰੂ ਸਾਹਿਬ ਨੇ ਸਿਰਫ ਸੁਪਰੀਮ ਸ਼ਕਤੀ ਦੀ ਅਰਾਧਨਾ ਕਰਨ ਦੀ ਆਗਿਆ ਦਿੱਤੀ ਹੋਈ ਹੈ, ਇਸ ਦੇ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਣਾ।ਸਿੱਖਾਂ ਦਾ ਸਿਧਾਂਤ ਹੈ ਕਿ ਅਕਾਲ ਦੀ ਪੂਜਾ ਕਰਨੀ ਹੈ, ਵਿਚਾਰ ਚਰਚਾ ਸ਼ਬਦ ਦੀ ਕਰਨੀ ਹੈ ਅਤੇ ਦਿੱਖ ਖ਼ਾਲਸੇ ਵਾਲੀ ਹੋਣੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
ਇਸ ਦੇ ਇਲਾਵਾ ਇਤਿਹਾਸ ਅਤੇ ਸਿੱਖ ਮਾਮਲਿਆਂ ਦੇ ਮਾਹਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, "ਵੰਦੇ ਮਾਤਰਮ ਦੇ ਪਹਿਲੇ ਦੋ ਪੈਰ੍ਹਿਆਂ ਉੱਤੇ ਕੋਈ ਇਤਰਾਜ਼ ਨਹੀਂ ਹੈ ਪਰ ਅੱਗੇ ਜਾ ਕੇ ਹਿੰਦੂ ਵਿਸ਼ਵਾਸ ਨਾਲ ਸਬੰਧਿਤ ਦੇਵੀਆਂ ਦਾ ਜ਼ਿਕਰ ਆਉਂਦਾ ਹੈ।"
"ਪਰ ਸਿੱਖਾਂ ਦੀ ਤਰ੍ਹਾਂ ਇਸਾਈ, ਮੁਸਲਮਾਨ ਵੀ ਇੱਕ ਰੱਬ ਵਿੱਚ ਵਿਸ਼ਵਾਸ ਕਰਦੇ ਹਨ। ਇਸ ਲਈ ਇਹ ਸਿੱਖਾਂ ਲਈ ਸਵੀਕਾਰ ਕਰਨ ਯੋਗ ਗੱਲ ਨਹੀਂ ਹੈ। ਹਿੰਦੂ ਚਾਹੁਣ ਤਾਂ ਗਾ ਸਕਦੇ ਹਨ ਪਰ ਬੇਵਜ੍ਹਾ ਕਿਸੇ ਹੋਰ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਚੱਲਣ ਲਈ ਮਜਬੂਰ ਕਰਨ ਦੀ ਕੀ ਲੋੜ ਹੈ?"
"ਸਿੱਖ ਦੇਵੀ-ਦੇਵਤਿਆਂ ਵਿੱਚ ਵਿਸ਼ਵਾਸ ਨਹੀਂ ਕਰਦੇ, ਸਿੱਖ ਇੱਕ ਓਂਕਾਰ ਦੇ ਸਿਧਾਂਤ ਨੂੰ ਮੰਨਦੇ ਹਨ, ਇੱਕ ਦਾ ਮਤਲਬ ਹੀ ਹੈ ਕਿ ਰੱਬ ਇੱਕ ਹੈ।"
ਗੀਤ ਦੇ ਇਤਿਹਾਸ ਅਤੇ ਉਸ ਸਮੇਂ ਅਤੇ ਅੱਜ ਦੇ ਇਤਰਾਜ਼ਾਂ ਬਾਰੇ ਗੱਲ ਕਰਦਿਆਂ ਡਾ. ਅਮਰਜੀਤ ਸਿੰਘ ਕਹਿੰਦੇ ਹਨ, "ਇਸ ਗੀਤ ਦੇ ਲੇਖਕ ਬੰਗਾਲ ਦੇ ਸਨ ਅਤੇ ਹਰ ਇਲਾਕੇ ਦੀ ਇੱਕ ਵੱਖਰੀ ਸ਼ਬਦਾਵਲੀ ਹੁੰਦੀ ਹੈ ਉਸ ਦੇ ਵੱਖਰੇ ਅਰਥ ਹੁੰਦੇ ਹਨ, ਜੋ ਸਾਰਿਆਂ ਲਈ ਢੁੱਕਵੇਂ ਨਹੀਂ ਹੁੰਦੇ।"
ਉਹ ਅਗਾਂਹ ਕਹਿੰਦੇ ਹਨ, "ਕੁਝ ਨਾਅਰੇ ਜਾਂ ਕੋਈ ਗੀਤ ਪ੍ਰਚਲਿਤ ਹੋ ਜਾਂਦੇ ਹਨ, ਉਸ ਵੇਲੇ ਉਨ੍ਹਾਂ ਦੀ ਵਰਤੋਂ ਵੀ ਹੋ ਜਾਂਦੀ ਹੈ ਪਰ ਜਿਵੇਂ ਸਾਰਿਆਂ ਲਈ ਕਾਨੂੰਨ ਪਾਸ ਕੀਤਾ ਗਿਆ ਉਹ ਠੀਕ ਨਹੀਂ ਹੈ। ਹੁਣ ਜੋ ਸੁਪਰੀਮ ਕੋਰਟ ਨੇ ਇੱਕ ਚੰਗੀ ਔਬਜਰਵੇਸ਼ਨ ਦਿੱਤੀ ਹੈ।"

ਤਸਵੀਰ ਸਰੋਤ, Getty Images
ਸਿੱਖ ਜਥੇਬੰਦੀਆਂ ਨੇ ਵੀ ਸਪਸ਼ਟਤਾ ਮੰਗੀ
ਅਗਸਤ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਣੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਨਾਮ ਮੰਗ ਪੱਤਰ ਦੇ ਕੇ ਵੰਦੇ ਮਾਤਰਮ ਦੇ ਮਾਮਲੇ ਵਿੱਚ ਸਪਸ਼ਟਤਾ ਦੇਣ ਦੀ ਮੰਗ ਕੀਤੀ ਸੀ।
ਹਾਲਾਂਕਿ ਇਸ ਬਾਰੇ ਡਾ ਅਮਰਜੀਤ ਸਿੰਘ ਕਹਿੰਦੇ ਹਨ, "ਬੇਸ਼ੱਕ ਅਕਾਲ ਤਖ਼ਤ ਤੋਂ ਆਉਂਦੇ ਫੈਸਲਿਆਂ ਨਾਲ ਮਸਲਿਆਂ ਬਾਰੇ ਸਪਸ਼ਟਤਾ ਹੋ ਜਾਂਦੀ ਹੈ ਪਰ ਜੇਕਰ ਇਸ ਬਾਰੇ ਕੋਈ ਨਿਰਦੇਸ਼ ਨਹੀਂ ਵੀ ਆਉਂਦਾ ਤਾਂ ਕੋਈ ਗੱਲ ਨਹੀਂ ਕਿਉਂਕਿ ਗੁਰੂ ਨੇ ਸਿੱਖਾਂ ਦਾ ਤਾਂ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਹੈ,ਸਿੱਖਾਂ ਨੂੰ ਪਹਿਲਾਂ ਹੀ ਆਦੇਸ਼ ਹੈ ਕਿ ਉਨ੍ਹਾਂ ਨੇ ਕਿਸ ਦੀ ਅਰਾਧਨਾ ਕਰਨੀ ਹੈ।"
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਅੰਦਰ ਇਸ ਮਸਲੇ ਬਾਰੇ ਅਜੇ ਵਿਸਥਾਰ ਨਾਲ ਕੋਈ ਚਰਚਾ ਨਹੀਂ ਹੋਈ ਹੈ, ਜੇਕਰ ਅਜਿਹਾ ਹੋਇਆ ਤਾਂ ਜਾਣਕਾਰੀ ਦਿੱਤੀ ਜਾਵੇਗੀ।
ਹਾਲਾਂਕਿ ਉਨ੍ਹਾਂ ਨੇ ਲੰਘੇ ਦਿਨੀਂ ਸੁਪਰੀਮ ਕੋਰਟ ਵੱਲੋਂ ਕੀਤੀ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ, "ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਜੇਕਰ ਕੋਈ ਸੈਰੇਮਨੀ ਵਿੱਚ ਅੜਿੱਕਾ ਨਹੀਂ ਪਾਉਂਦਾ ਅਤੇ ਧਾਰਮਿਕ ਕਾਰਨਾਂ ਕਰਕੇ ਪੂਰਾ ਗੀਤ ਨਹੀਂ ਗਾਉਣਾ ਚਾਹੁੰਦਾ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।"
ਉਧਰ ਵੰਦੇ ਮਾਤਰਮ ਉੱਤੇ ਵਿਦਵਾਨਾਂ ਦੀਆਂ ਟਿੱਪਣੀਆਂ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਸਪਸ਼ਟਤਾ ਬਾਰੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ, "ਸਾਂਝੀਵਾਲਤਾ ਦੀ ਗੱਲ ਕਰਨ ਦੀ ਲੋੜ ਹੈ, ਬੇਲੋੜੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਅਜੇ ਸਾਡੇ ਉੱਤੇ ਕੁਝ ਥੋਪਿਆ ਨਹੀਂ ਗਿਆ, ਜੇਕਰ ਕੋਈ ਮਸਲਾ ਐਸਜੀਪੀਸੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਵਿਚਾਰ ਕੀਤਾ ਜਾਵੇਗਾ।"
ਇਸ ਮਾਮਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਫੋਨ ਕਾਲ ਜ਼ਰੀਏ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੈਸੇਜ ਵੀ ਭੇਜਿਆ ਗਿਆ। ਹਾਲਾਂਕਿ ਖ਼ਬਰ ਛਾਪੇ ਜਾਣ ਤੱਕ ਉਨ੍ਹਾਂ ਦਾ ਪੱਖ ਹਾਸਿਲ ਨਹੀਂ ਹੋਇਆ ਸੀ।

ਤਸਵੀਰ ਸਰੋਤ, Emaan Singh Mann/fb
ਵੰਦੇ ਮਾਤਰਮ ਦਾ ਇਤਿਹਾਸ ਅਤੇ ਵਿਵਾਦ ਕੀ ਸੀ?
ਵੰਦੇ ਮਾਤਰਮ ਦੀ ਰਚਨਾ ਬੰਕਿਮ ਚੰਦਰ ਚੈਟਰਜੀ ਨੇ 1875 ਵਿੱਚ ਕੀਤੀ ਸੀ। ਬੀਬੀਸੀ ਦੀ ਰਿਪੋਰਟ ਵਿੱਚ ਜ਼ਿਕਰ ਹੈ ਕਿ ਗੀਤ ਦੇ ਪ੍ਰਚਲਿਤ ਹੋਣ ਬਾਅਦ ਕਾਂਗਰਸ ਦੇ ਅੰਦਰ ਵੰਦੇ ਮਾਤਰਮ ਨੂੰ ਲੈ ਕੇ ਇਤਰਾਜ਼ ਉੱਠਣ ਲੱਗੇ ਕਿ ਇਹ ਗੀਤ ਭਾਰਤੀ ਰਾਸ਼ਟਰਵਾਦ ਨੂੰ ਇੱਕ ਖਾਸ ਧਰਮ ਦੀ ਨਜ਼ਰ ਨਾਲ ਪਰਿਭਾਸ਼ਿਤ ਕਰਦਾ ਹੈ।
ਰਿਸਰਚਰ ਸਿਨਗੇਂਦਰੂ ਭੱਟਾਚਾਰਿਆ ਦੇ ਮੁਤਾਬਕ , 1937 ਦੀ ਸ਼ੁਰੂਆਤ ਤੋਂ ਮੁਹੰਮਦ ਅਲੀ ਜਿਨਹਾ ਅਤੇ ਮੁਸਲਿਮ ਲੀਡਰਸ਼ਿਪ ਦੇ ਇੱਕ ਵੱਡੇ ਤਬਕੇ ਨੇ ਵੰਦੇ ਮਾਤਰਮ ਦਾ ਵਿਰੋਧ ਸ਼ੁਰੂ ਕੀਤਾ ਸੀ।
ਜਿਸ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਉਪ-ਕਮੇਟੀ ਬਣਾਈ ਅਤੇ ਫਿਰ ਇਸ ਦਾ ਹੱਲ ਇਹ ਕੱਢਿਆ ਗਿਆ ਕਿ ਇਸ ਗੀਤ ਦੇ ਸ਼ੁਰੂ ਦੇ ਸਿਰਫ ਦੋ ਅੰਤਰੇ ਹੀ ਗਾਏ ਜਾਣਗੇ।
ਪਰ ਆਰਐੱਸਐੱਸ ਅਤੇ ਹਿੰਦੂ ਮਹਾਂਸਭਾ ਨੇ ਪੂਰੇ ਗੀਤ ਨੂੰ ਅਪਨਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਮੁਸਲਿਮ ਲੀਗ ਨੇ ਪੂਰੇ ਗੀਤ ਦਾ ਵਿਰੋਧ ਕੀਤਾ ਸੀ।
ਬੀਬੀਸੀ ਨਿਊਜ਼ ਹਿੰਦੀ ਦੀ ਇੱਕ ਰਿਪੋਰਟ ਮੁਤਾਬਕ ਮੁਸਲਮਾਨ ਵਿਦਵਾਨ ਮੰਨਦੇ ਹਨ ਕਿ ਭਾਰਤ ਮਾਤਾ ਨੂੰ ਦੇਵੀ ਦੇ ਰੂਪ ਵਿੱਚ ਪੇਸ਼ ਕਰਨਾ ਅਤੇ ਉਸਦੀ ਅਰਾਧਨਾ ਕਰਨਾ ਇਸਲਾਮ ਦੇ ਇੱਕ ਈਸ਼ਵਰਵਾਦ ਦੇ ਮੂਲ ਸਿਧਾਂਤ ਦੇ ਖ਼ਿਲਾਫ ਹੈ। ਇਸਲਾਮ ਅੱਲ੍ਹਾ ਦੇ ਇਲਾਵਾ ਕਿਸੇ ਹੋਰ ਦੀ ਪੂਜਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਮੁਸਲਮਾਨ ਵਿਦਵਾਨਾਂ ਦੀ ਇਹੀ ਵਿਆਖਿਆ ਇਸ ਗੀਤ ਦੇ ਬਾਅਦ ਵਾਲੇ ਅੰਤਰਿਆਂ ਨੂੰ ਮੁਸਲਮਾਨਾਂ ਲਈ ਵਿਵਾਦਿਤ ਬਣਾ ਦਿੰਦੀ ਹੈ।
ਮੌਜੂਦਾ ਸਮੇਂ ਵਿੱਚ ਵੀ ਕਾਂਗਰਸ, ਸਮਾਜਵਾਦੀ ਪਾਰਟੀ ਸਣੇ ਕਈ ਮੁਸਲਮਾਨ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ।
ਹਾਲਾਂਕਿ ਉਧਰ ਵੰਦੇ ਮਾਤਰਮ ਦੀ ਡੇਢ ਸੌਂਵੀ ਵਰ੍ਹੇਗੰਢ ਨਾਲ ਜੁੜੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ,"1937 ਵਿੱਚ ਵੰਦੇ ਮਾਤਰਮ ਦੇ ਕੁਝ ਅਹਿਮ ਹਿੱਸਿਆਂ ਨੂੰ, ਉਸ ਦੀ ਆਤਮਾ ਦੇ ਇੱਕ ਹਿੱਸੇ ਨੂੰ ਹਟਾ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਤੋੜ ਦਿੱਤਾ ਗਿਆ ਸੀ। ਇਹ ਬੇਇਨਸਾਫੀ ਕਿਉਂ, ਇਸੇ ਨੇ ਵੰਡ ਦੇ ਬੀਜ ਬੀਜੇ ਸਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































