ਪੌੜ੍ਹੀਆਂ ਚੜ੍ਹਨਾ ਤੁਹਾਡੇ ਸਰੀਰ ਅਤੇ ਦਿਮਾਗ ਲਈ ਕਿਵੇਂ ਫ਼ਾਇਦੇਮੰਦ ਹੋ ਸਕਦਾ ਹੈ, ਦਿਨ ਵਿੱਚ ਕਿੰਨੀਆਂ ਪੌੜ੍ਹੀਆਂ ਤੁਹਾਨੂੰ ਚੜ੍ਹਣੀਆਂ ਚਾਹੀਦੀਆਂ ਹਨ

ਪੌੜ੍ਹੀਆਂ ਚੜ੍ਹਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰ ਰੋਜ਼ ਸਿਰਫ਼ ਕੁਝ ਮੰਜ਼ਿਲਾਂ ਪੌੜ੍ਹੀਆਂ ਚੜ੍ਹਣਾ ਵੀ ਤੁਹਾਡੀ ਸਿਹਤ ਅਤੇ ਦਿਮਾਗ਼ ਲਈ ਫ਼ਾਇਦੇਮੰਦ ਹੋ ਸਕਦਾ ਹੈ
    • ਲੇਖਕ, ਐਨਾਬੇਲ ਬੋਰਨ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਹਾਲਾਂਕਿ ਲਿਫ਼ਟ ਜਾਂ ਐਸਕਲੇਟਰ ਦੀ ਵਰਤੋਂ ਕਰਨਾ ਪੌੜ੍ਹੀਆਂ ਚੜ੍ਹਣ ਨਾਲੋਂ ਆਸਾਨ ਲੱਗ ਸਕਦਾ ਹੈ, ਪਰ ਹਰ ਰੋਜ਼ ਸਿਰਫ਼ ਕੁਝ ਮੰਜ਼ਿਲਾਂ ਪੌੜ੍ਹੀਆਂ ਚੜ੍ਹਣਾ ਵੀ ਤੁਹਾਡੀ ਸਿਹਤ ਅਤੇ ਦਿਮਾਗ਼ ਲਈ ਫ਼ਾਇਦੇਮੰਦ ਹੋ ਸਕਦਾ ਹੈ।

ਜੇ ਮੁਹਿੰਮਾਂ ਦੀ ਗੱਲ ਕੀਤੀ ਜਾਵੇ, ਤਾਂ ਇਹ ਇਕ ਬਹੁਤ ਹੀ ਕਠਿਨ ਮੁਹਿੰਮ ਸੀ। 3 ਸਤੰਬਰ 2021 ਨੂੰ, 23 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ, ਸ਼ੌਨ ਗ੍ਰੀਸਲੀ ਨੇ 8,849 ਮੀਟਰ (29,032 ਫੁੱਟ) ਉੱਪਰ ਅਤੇ ਹੇਠਾਂ ਚੜ੍ਹਾਈ ਕੀਤੀ।

ਇਹ ਉਹ ਦੂਰੀ ਸੀ ਜੋ ਉਨ੍ਹਾਂ ਨੂੰ ਧਰਤੀ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ ਤੱਕ ਪਹੁੰਚਾ ਸਕਦੀ ਸੀ। ਅਖੀਰ ਤੱਕ ਉਹ ਪਸੀਨੇ ਨਾਲ ਭਿੱਜ ਚੁੱਕੇ ਸਨ ਅਤੇ ਢੰਗ ਨਾਲ ਤੁਰ ਵੀ ਨਹੀਂ ਸਕਦੇ ਸਨ। ਇਹ ਸਭ ਉਨ੍ਹਾਂ ਨੇ ਆਪਣੇ ਹੀ ਘਰ ਦੇ ਕਾਫ਼ੀ ਆਰਾਮਦਾਇਕ ਮਾਹੌਲ ਵਿੱਚ ਕੀਤਾ।

ਗ੍ਰੀਸਲੀ ਕੋਲ ਪੌੜ੍ਹੀਆਂ 'ਤੇ ਮਾਊਂਟ ਐਵਰੇਸਟ ਜਿੰਨੀ ਉਚਾਈ ਸਭ ਤੋਂ ਤੇਜ਼ੀ ਨਾਲ ਚੜ੍ਹਣ ਅਤੇ ਉਤਰਣ ਦਾ ਵਿਸ਼ਵ ਰਿਕਾਰਡ ਹੈ, ਜੋ ਉਨ੍ਹਾਂ ਨੇ 22 ਘੰਟੇ, 57 ਮਿੰਟ ਅਤੇ ਦੋ ਸਕਿੰਟ ਵਿੱਚ ਪੂਰਾ ਕੀਤਾ।

ਹਾਲਾਂਕਿ ਗ੍ਰੀਸਲੀ ਨੇ ਇਹ ਕਾਰਨਾਮਾ ਲਾਸ ਵੇਗਾਸ ਵਿੱਚ ਆਪਣੇ ਘਰ ਦੀਆਂ ਪੌੜ੍ਹੀਆਂ 'ਤੇ ਕੀਤਾ, ਪਰ ਕੁਝ ਹੋਰ ਲੋਕ ਪੌੜ੍ਹੀਆਂ ਚੜ੍ਹਣ ਨੂੰ ਹੋਰ ਵੀ ਅੱਤ ਦੀ ਹੱਦ ਤੱਕ ਲੈ ਜਾਂਦੇ ਹਨ।

ਉਦਾਹਰਨ ਲਈ, ਟਾਵਰ ਰਨਿੰਗ ਵਿੱਚ ਮਸ਼ਹੂਰ ਇਮਾਰਤਾਂ ਅਤੇ ਗਗਨਚੁੰਬੀ ਇਮਾਰਤਾਂ ਦੇ ਅੰਦਰ ਬੇਹੱਦ ਲੰਬੀਆਂ ਪੌੜ੍ਹੀਆਂ 'ਤੇ ਦੌੜ ਲਗਾਈ ਜਾਂਦੀ ਹੈ। ਇਸ ਅਜੀਬ ਖੇਡ ਲਈ ਟਾਵਰ ਰਨਿੰਗ ਐਸੋਸੀਏਸ਼ਨ ਅਤੇ ਐਲੀਟ ਖਿਡਾਰੀਆਂ ਦੀ ਅਧਿਕਾਰਿਕ ਵਿਸ਼ਵ ਰੈਂਕਿੰਗ ਵੀ ਮੌਜੂਦ ਹੈ।

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸ਼ਾਇਦ ਇੰਨੀ ਉਚਾਈਆਂ ਹਾਸਲ ਨਾ ਕਰ ਸਕਣ, ਪਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਮੰਜ਼ਿਲਾਂ ਪੌੜ੍ਹੀਆਂ ਚੜ੍ਹਣਾ ਵੀ ਇੱਕ ਚੰਗਾ ਟੀਚਾ ਹੋ ਸਕਦਾ ਹੈ।

ਖੋਜ ਮੁਤਾਬਕ, ਪੌੜ੍ਹੀਆਂ ਚੜ੍ਹਣਾ ਤੁਹਾਡੀ ਸਰੀਰਕ ਸਿਹਤ ਅਤੇ ਦਿਮਾਗ਼ ਦੋਵਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ, ਅਤੇ ਇਸ ਲਈ ਇੱਕ ਵਾਰ ਵਿੱਚ ਦੋ-ਦੋ ਪੌੜ੍ਹੀਆਂ ਚੜ੍ਹਣ ਜਾਂ ਕੋਈ ਰਿਕਾਰਡ ਬਣਾਉਣ ਦੀ ਲੋੜ ਨਹੀਂ ਹੁੰਦੀ।

ਖੋਜ ਵਿੱਚ ਪਤਾ ਲੱਗਿਆ ਹੈ ਕਿ ਪੌੜ੍ਹੀਆਂ ਚੜ੍ਹਣਾ ਵੱਡੀ ਉਮਰ ਦੇ ਲੋਕਾਂ ਵਿੱਚ ਸੰਤੁਲਨ ਸੁਧਾਰਣ ਅਤੇ ਡਿੱਗਣ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਨਾਲ ਹੀ ਇਹ ਸਰੀਰ ਦੇ ਹੇਠਲੇ ਹਿੱਸੇ ਦੀ ਤਾਕਤ ਵੀ ਵਧਾਉਂਦਾ ਹੈ। ਹੋਰ ਅਧਿਐਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਮੰਜ਼ਿਲਾਂ ਪੌੜ੍ਹੀਆਂ ਚੜ੍ਹਣਾ ਸਾਡੀ ਬੌਧਿਕ ਸਮਰੱਥਾ, ਜਿਵੇਂ ਸਮੱਸਿਆ ਹੱਲ ਕਰਨ ਦੀ ਯੋਗਤਾ, ਯਾਦਦਾਸ਼ਤ ਅਤੇ ਸੰਭਾਵਤ ਤੌਰ 'ਤੇ ਰਚਨਾਤਮਕ ਸੋਚ 'ਤੇ ਵੀ ਸਕਾਰਾਤਮਕ ਅਸਰ ਪਾ ਸਕਦਾ ਹੈ।

"ਘੱਟ ਪ੍ਰਭਾਵ ਵਾਲੀ" ਕਸਰਤ ਹੋਣ ਕਰਕੇ, ਪੌੜ੍ਹੀਆਂ ਚੜ੍ਹਣ ਦੇ ਛੋਟੇ-ਛੋਟੇ ਦੌਰ ਵੀ ਦਿਲ ਅਤੇ ਫੇਫੜਿਆਂ ਦੀ ਤੰਦਰੁਸਤੀ ਸੁਧਾਰਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਘਰ ਵਿੱਚ ਪੌੜ੍ਹੀਆਂ ਚੜ੍ਹਣ ਨਾਲ ਮਿਲਣ ਵਾਲੇ ਐਰੋਬਿਕ ਫ਼ਾਇਦੇ ਜਿਮ ਵਿੱਚ ਸਟੇਅਰ ਮਸ਼ੀਨ ਵਰਤਣ ਦੇ ਬਰਾਬਰ ਵੀ ਹੋ ਸਕਦੇ ਹਨ।

ਪੌੜ੍ਹੀਆਂ ਚੜ੍ਹਣ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀ ਸੌਖੀ ਵਰਤੋਂ ਹੈ। ਪੌੜ੍ਹੀਆਂ ਹਰ ਜਗ੍ਹਾ ਹੁੰਦੀਆਂ ਹਨ, ਘਰ, ਦਫ਼ਤਰ ਅਤੇ ਜਨਤਕ ਥਾਵਾਂ 'ਤੇ। ਐਸਕਲੇਟਰ ਜਾਂ ਲਿਫ਼ਟ ਦੀ ਥਾਂ ਪੌੜ੍ਹੀਆਂ ਵਰਤਣਾ ਇੱਕ ਅਜਿਹੀ ਕਸਰਤ ਹੈ ਜੋ ਆਮ ਲੱਗਦੀ ਹੈ, ਪਰ ਸਿਹਤ 'ਤੇ ਇਸਦਾ ਵੱਡਾ ਅਸਰ ਹੋ ਸਕਦਾ ਹੈ।

ਪੌੜ੍ਹੀਆਂ ਚੜ੍ਹਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਕੋਟ-ਸ਼ੇਨਾਰਡ ਇਸ ਗੱਲ 'ਤੇ ਖੋਜ ਕਰ ਰਹੇ ਹਨ ਕਿ ਕਸਰਤ ਅਤੇ ਖੁਰਾਕ ਰਾਹੀਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ

ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪੋਸਟਡਾਕਟੋਰਲ ਰਿਸਰਚ ਫੈਲੋ ਐਲੈਕਸਿਸ ਮਾਰਕੋਟ-ਸ਼ੇਨਾਰਡ ਕਹਿੰਦੇ ਹਨ, "ਇਹ ਅਜਿਹੀ ਕਸਰਤ ਹੈ ਜੋ ਲਗਭਗ ਹਰ ਕੋਈ ਕਰ ਸਕਦਾ ਹੈ, ਕਿਉਂਕਿ ਲੋਕਾਂ ਕੋਲ ਇਸਦੀ ਪਹੁੰਚ ਹੁੰਦੀ ਹੈ ਅਤੇ ਉਹ ਇਹ ਰੋਜ਼ ਕਰਦੇ ਹਨ।"

ਮਾਰਕੋਟ-ਸ਼ੇਨਾਰਡ ਇਸ ਗੱਲ 'ਤੇ ਖੋਜ ਕਰ ਰਹੇ ਹਨ ਕਿ ਕਸਰਤ ਅਤੇ ਖੁਰਾਕ ਰਾਹੀਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ।

ਇਸ ਵਿੱਚ "ਐਕਸਰਸਾਈਜ਼ ਸਨੈਕਸ" ਦੇ ਅਸਰ ਵੀ ਸ਼ਾਮਲ ਹਨ ਭਾਵ ਦਿਨ ਭਰ ਵਿੱਚ ਇੱਕ ਮਿੰਟ ਜਾਂ ਇਸ ਤੋਂ ਘੱਟ ਸਮੇਂ ਲਈ ਕੀਤੀ ਜਾਣ ਵਾਲੀ ਤੇਜ਼ ਕਸਰਤ।

ਉਨ੍ਹਾਂ ਮੁਤਾਬਕ ਪੌੜ੍ਹੀਆਂ ਚੜ੍ਹਣਾ ਇਸ ਲਈ ਵਧੀਆ ਹੈ ਕਿਉਂਕਿ ਇਸਦੀ ਮੁਸ਼ਕਲਤਾ ਗਤੀ ਬਦਲ ਕੇ ਆਸਾਨੀ ਨਾਲ ਘਟਾਈ ਜਾਂ ਵਧਾਈ ਜਾ ਸਕਦੀ ਹੈ ਅਤੇ ਇਸ ਲਈ ਕਿਸੇ ਖ਼ਾਸ ਸਾਮਾਨ ਜਾਂ ਖ਼ਰਚ ਦੀ ਲੋੜ ਨਹੀਂ ਹੁੰਦੀ।

ਮਾਰਕੋਟ-ਸ਼ੇਨਾਰਡ ਕਹਿੰਦੇ ਹਨ, "ਜਦੋਂ ਤੁਸੀਂ ਐਕਸਰਸਾਈਜ਼ ਸਨੈਕਸ ਕਰਦੇ ਹੋ, ਤਾਂ ਤੁਹਾਨੂੰ ਕਿਸੇ ਮਹਿੰਗੇ ਸਾਮਾਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੇ ਸਰੀਰ ਅਤੇ ਪੌੜ੍ਹੀਆਂ ਦੀ ਵਰਤੋਂ ਕਰ ਸਕਦੇ ਹੋ। ਅਤੇ ਜੇ ਤੁਸੀਂ ਦਿਨ ਭਰ ਵਿੱਚ ਸਰੀਰਕ ਸਰਗਰਮੀ ਕਰਦੇ ਰਹਿੰਦੇ ਹੋ, ਤਾਂ ਤੁਹਾਨੂੰ ਕਸਰਤ ਲਈ ਵੱਖਰਾ ਇੱਕ ਘੰਟਾ ਕੱਢਣ ਦੀ ਲੋੜ ਨਹੀਂ ਪੈਂਦੀ।"

"ਐਕਸਰਸਾਈਜ਼ ਸਨੈਕਸ", ਜਿਸਨੂੰ "ਸਨੈਕਟਿਵਿਟੀ" ਜਾਂ "ਵਿਲਪਾ" (ਵਿਗਰਸ ਇੰਟਰਮਿਟੈਂਟ ਲਾਈਫਸਟਾਈਲ ਫਿਜ਼ਿਕਲ ਐਕਟਿਵਿਟੀ) ਵੀ ਕਿਹਾ ਜਾਂਦਾ ਹੈ, ਬਾਰੇ ਖੋਜ ਵੱਧ ਰਹੀ ਹੈ।

ਖੋਜਕਾਰ ਅਜਿਹੇ ਤਰੀਕੇ ਲੱਭ ਰਹੇ ਹਨ ਜੋ ਬੈਠੇ ਰਹਿਣ ਵਾਲੀ ਜੀਵਨਸ਼ੈਲੀ ਅਤੇ ਸਰੀਰਕ ਅਕਿਰਿਆਸ਼ੀਲਤਾ ਨਾਲ ਜੁੜੇ ਖ਼ਤਰਿਆਂ ਨੂੰ ਘਟਾ ਸਕਣ। ਇਸ ਵੇਲੇ ਦੁਨੀਆ ਭਰ ਵਿੱਚ ਲਗਭਗ 180 ਕਰੋੜ ਬਾਲਗ਼ ਇਸ ਕਾਰਨ ਬਿਮਾਰੀਆਂ ਦੇ ਖ਼ਤਰੇ ਵਿੱਚ ਹਨ।

ਪਰ ਪੌੜ੍ਹੀਆਂ ਚੜ੍ਹਣਾ ਇੰਨੀ ਪ੍ਰਭਾਵਸ਼ਾਲੀ ਕਸਰਤ ਕਿਉਂ ਹੈ?

ਸਭ ਤੋਂ ਪਹਿਲਾਂ, ਪੌੜ੍ਹੀਆਂ ਚੜ੍ਹਣਾ ਦਿਲ ਦੀ ਧੜਕਣ ਤੇਜ਼ ਕਰਨ ਦਾ ਆਸਾਨ ਤਰੀਕਾ ਹੈ, ਜੋ ਸਰੀਰਕ ਫ਼ਾਇਦਿਆਂ ਲਈ ਮਹੱਤਵਪੂਰਨ ਹੈ। ਪਰ ਹੋਰ ਕਸਰਤਾਂ ਨਾਲੋਂ ਇਸਦੇ ਕੁਝ ਵੱਖਰੇ ਫ਼ਾਇਦੇ ਵੀ ਹਨ।

ਮਾਰਕੋਟ-ਸ਼ੇਨਾਰਡ ਕਹਿੰਦੇ ਹਨ, "ਇਹ ਤੇਜ਼ ਤੁਰਨ ਨਾਲੋਂ ਦਿਲ ਦੀ ਧੜਕਣ ਅਤੇ ਆਕਸੀਜਨ ਦੀ ਖਪਤ ਹੋਰ ਵਧਾਉਂਦਾ ਹੈ, ਕਿਉਂਕਿ ਇਸ ਵਿੱਚ ਗੁਰੁਤਾਕਰਸ਼ਣ ਦੇ ਵਿਰੁੱਧ ਜਾਣਾ ਪੈਂਦਾ ਹੈ। ਜੇ ਮਾਸਪੇਸ਼ੀਆਂ ਦੀ ਗੱਲ ਕਰੀਏ, ਤਾਂ ਇਹ ਮੁੱਖ ਤੌਰ 'ਤੇ ਸਰੀਰ ਦੇ ਹੇਠਲੇ ਹਿੱਸੇ 'ਤੇ ਅਸਰ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਹੇਠਲੇ ਹਿੱਸੇ ਦੀ ਤਾਕਤ ਸਮੁੱਚੀ ਸਿਹਤ ਅਤੇ ਲੰਮੀ ਉਮਰ ਦਾ ਚੰਗਾ ਸੰਕੇਤ ਹੁੰਦੀ ਹੈ।"

ਪੌੜ੍ਹੀਆਂ ਚੜ੍ਹਣ ਨਾਲ ਪੱਟਾਂ ਦੀਆਂ ਮਾਸਪੇਸ਼ੀਆਂ ਦਾ ਆਕਾਰ ਅਤੇ ਤਾਕਤ ਵਧ ਸਕਦੀ ਹੈ। ਉੱਪਰ ਚੜ੍ਹਦੇ ਸਮੇਂ ਸਰੀਰ ਨੂੰ ਸੰਤੁਲਿਤ ਰੱਖਣ ਲਈ ਪੇਟ ਦੀਆਂ ਮਾਸਪੇਸ਼ੀਆਂ ਵੀ ਕੰਮ ਕਰਦੀਆਂ ਹਨ।

ਫ਼ਾਇਦੇ ਲਈ ਤੁਹਾਨੂੰ ਲਾਜ਼ਮੀ ਨਹੀਂ ਕਿ ਬਹੁਤ ਤੇਜ਼ੀ ਨਾਲ ਪੌੜ੍ਹੀਆਂ ਚੜ੍ਹੋ। ਹਾਲਾਂਕਿ ਇੱਕ ਵਾਰ ਵਿੱਚ ਦੋ ਪੌੜ੍ਹੀਆਂ ਚੜ੍ਹਣਾ ਹੋਰ ਮੁਸ਼ਕਲ ਹੁੰਦਾ ਹੈ ਅਤੇ ਅੱਡੀਆਂ ਤੇ ਗੋਡਿਆਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਤੋਂ ਵੱਧ ਮਿਹਨਤ ਲੈਂਦਾ ਹੈ, ਪਰ ਖੋਜਕਾਰਾਂ ਵਿੱਚ ਇਹ ਗੱਲ ਲੈ ਕੇ ਇੱਕੋ ਜਿਹਾ ਮਤ ਨਹੀਂ ਕਿ ਇਸ ਨਾਲ ਜ਼ਿਆਦਾ ਕੈਲੋਰੀਆਂ ਸੜ੍ਹਦੀਆਂ ਹਨ ਜਾਂ ਨਹੀਂ।

ਜਿਮ ਦੀ ਸਟੇਅਰ ਮਸ਼ੀਨ ਦੀ ਥਾਂ ਅਸਲ ਪੌੜ੍ਹੀਆਂ ਚੁਣਨ ਦਾ ਇੱਕ ਹੋਰ ਕਾਰਨ ਵੀ ਹੈ – ਹੇਠਾਂ ਉਤਰਣਾ।

ਪੱਟਾਂ ਦੇ ਅੱਗੇ ਵਾਲੀਆਂ ਮਾਸਪੇਸ਼ੀਆਂ ਦੋ ਵੱਖ-ਵੱਖ ਤਰੀਕਿਆਂ ਨਾਲ ਸੁੰਗੜੀਆਂ ਹੁੰਦੀਆਂ ਹਨ। ਜਦੋਂ ਤੁਸੀਂ ਪੌੜ੍ਹੀਆਂ ਚੜ੍ਹਦੇ ਹੋ ਤਾਂ ਇਹ ਛੋਟੀਆਂ ਹੁੰਦੀਆਂ ਹਨ, ਜਿਸਨੂੰ "ਕੌਂਸੈਂਟ੍ਰਿਕ ਕਨਟ੍ਰੈਕਸ਼ਨ" ਕਿਹਾ ਜਾਂਦਾ ਹੈ ਅਤੇ ਜਦੋਂ ਤੁਸੀਂ ਪੌੜ੍ਹੀਆਂ ਹੇਠਾਂ ਉਤਰਦੇ ਹੋ ਤਾਂ ਇਹ ਲੰਬੀਆਂ ਹੁੰਦੀਆਂ ਹਨ, ਜਿਸਨੂੰ "ਇਸੈਂਟ੍ਰਿਕ ਕਨਟ੍ਰੈਕਸ਼ਨ" ਕਿਹਾ ਜਾਂਦਾ ਹੈ।

ਹਾਲਾਂਕਿ ਕੌਂਸੈਂਟ੍ਰਿਕ ਕਨਟ੍ਰੈਕਸ਼ਨ ਲਈ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ, ਕਸਰਤ ਦੌਰਾਨ ਵੱਧ ਕੈਲੋਰੀਆਂ ਸੜਦੀਆਂ ਹਨ ਅਤੇ ਇਹ ਹੋਰ ਮੁਸ਼ਕਲ ਮੰਨੀਆਂ ਜਾਂਦੀਆਂ ਹਨ, ਪਰ ਇਸੈਂਟ੍ਰਿਕ ਕਨਟ੍ਰੈਕਸ਼ਨ ਨੂੰ ਵਾਰ-ਵਾਰ ਕਰਨ ਨਾਲ ਮਾਸਪੇਸ਼ੀਆਂ ਦਾ ਆਕਾਰ ਅਤੇ ਤਾਕਤ ਵੱਧਣ ਦੀ ਸੰਭਾਵਨਾ ਹੋਰ ਜ਼ਿਆਦਾ ਹੁੰਦੀ ਹੈ।

ਵੀਡੀਓ ਕੈਪਸ਼ਨ, ਜੇ ਕਿਸੇ ਨੂੰ ਇਕੱਲੇ ਵਿੱਚ ਹਾਰਟ ਅਟੈਕ ਆ ਰਿਹਾ ਹੈ, ਤਾਂ ਉਸ ਨੂੰ ਤੁਰੰਤ ਕੀ ਕਰਨਾ ਚਾਹੀਦਾ ਹੈ

ਇਸ ਦਾ ਕਾਰਨ ਇਹ ਹੈ ਕਿ ਇਸੈਂਟ੍ਰਿਕ ਕਨਟ੍ਰੈਕਸ਼ਨ ਕਸਰਤ ਦੌਰਾਨ ਮਾਸਪੇਸ਼ੀਆਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਫਿਰ ਉਹਨਾਂ ਦੀ ਮੁਰੰਮਤ ਅਤੇ ਸੁਧਾਰ ਦੌਰਾਨ ਲੰਬੇ ਸਮੇਂ ਤੱਕ ਹੋਰ ਕੈਲੋਰੀਆਂ ਸੜਦੀਆਂ ਰਹਿੰਦੀਆਂ ਹਨ।

ਇਸਦੇ ਫ਼ਾਇਦੇ ਸਿਰਫ਼ ਮਜ਼ਬੂਤ ਪੱਟਾਂ ਤੱਕ ਹੀ ਸੀਮਤ ਨਹੀਂ ਹਨ। ਖੋਜਕਾਰਾਂ ਨੇ ਪਾਇਆ ਹੈ ਕਿ ਪੌੜ੍ਹੀਆਂ ਚੜ੍ਹਣ ਨਾਲ ਸੋਚਣ-ਸਮਝਣ ਦੀ ਸਮਰੱਥਾ ਵਿੱਚ ਵੀ ਹੈਰਾਨੀਜਨਕ ਸੁਧਾਰ ਹੁੰਦਾ ਹੈ।

ਸਵੀਡਨ ਦੀ ਉਮੇਓ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਂਡ੍ਰਿਆਸ ਸਟੈਨਲਿੰਗ ਮੁੱਖ ਤੌਰ 'ਤੇ ਸਰੀਰਕ ਸਰਗਰਮੀ ਅਤੇ ਸਿਹਤ ਵਿਚਲੇ ਲੰਬੇ ਸਮੇਂ ਦੇ ਸਬੰਧਾਂ 'ਤੇ ਖੋਜ ਕਰਦੇ ਹਨ।

ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਨੌਜਵਾਨ ਬਾਲਗਾਂ ਵਿੱਚ ਪੌੜ੍ਹੀਆਂ ਚੜ੍ਹਣ ਦੇ ਵੱਖ-ਵੱਖ ਮਾਨਸਿਕ ਸਮਰੱਥਾਵਾਂ 'ਤੇ ਤੁਰੰਤ ਅਸਰਾਂ ਦਾ ਅਧਿਐਨ ਕੀਤਾ।

ਸਟੈਨਲਿੰਗ ਕਹਿੰਦੇ ਹਨ, "ਇਨਬ੍ਹਿਸ਼ਨ ਅਤੇ ਸਵਿੱਚਿੰਗ ਦੋ ਮੁੱਖ ਮਾਨਸਿਕ ਸਮਰੱਥਾਵਾਂ ਸਨ ਜਿਨ੍ਹਾਂ 'ਤੇ ਅਸੀਂ ਧਿਆਨ ਦਿੱਤਾ। ਕੌਗਨਿਟਿਵ ਸਵਿੱਚਿੰਗ, ਜਿਸਨੂੰ ਕਈ ਵਾਰ ਮਾਨਸਿਕ ਲਚਕਤਾ ਵੀ ਕਿਹਾ ਜਾਂਦਾ ਹੈ, ਇਹ ਦਰਸਾਉਂਦੀ ਹੈ ਕਿ ਅਸੀਂ ਇੱਕ ਮਾਨਸਿਕ ਕੰਮ ਤੋਂ ਦੂਜੇ ਕੰਮ ਵੱਲ ਆਪਣਾ ਧਿਆਨ ਕਿੰਨੀ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ।"

"ਭਾਵ ਇੱਕ ਕੰਮ ਤੋਂ ਦੂਜੇ 'ਤੇ ਜਾਣ ਲਈ ਸਾਨੂੰ ਆਪਣੀ ਸੋਚ ਨੂੰ ਮੁੜ ਸੈੱਟ ਨਾ ਕਰਨਾ ਪਵੇ। ਇਨਬ੍ਹਿਸ਼ਨ ਦਾ ਮਤਲਬ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਗ਼ੈਰ-ਜ਼ਰੂਰੀ ਜਾਣਕਾਰੀ ਨੂੰ ਪਾਸੇ ਰੱਖਣਾ।"

ਸਟੈਨਲਿੰਗ ਸਮਝਾਉਂਦੇ ਹਨ ਕਿ ਇਹ ਮਾਨਸਿਕ ਸਮਰੱਥਾਵਾਂ ਸਿੱਖਣ, ਸ਼ਬਦਾਂ ਨਾਲ ਜੁੜੇ ਮਾਨਸਿਕ ਕੰਮਾਂ, ਅਮੂਰਤ ਸੋਚ ਅਤੇ ਇੱਕ ਗੱਲ 'ਤੇ ਧਿਆਨ ਕੇਂਦਰਿਤ ਰੱਖਣ ਲਈ ਬਹੁਤ ਮਹੱਤਵਪੂਰਨ ਹਨ।

ਸਟੈਨਲਿੰਗ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ ਕਿ ਪੌੜ੍ਹੀਆਂ ਚੜ੍ਹਣ ਵਾਲੀ ਕਸਰਤ ਨਾਲ ਭਾਗੀਦਾਰਾਂ ਦੀ "ਸਵਿੱਚਿੰਗ" ਸਮਰੱਥਾ ਵਿੱਚ ਮਹੱਤਵਪੂਰਨ ਸੁਧਾਰ ਆਇਆ। ਇਹ ਉਹ ਮਾਨਸਿਕ ਕੰਮ ਸੀ ਜਿਸਨੂੰ ਸਭ ਤੋਂ ਮੁਸ਼ਕਲ ਮੰਨਿਆ ਗਿਆ ਸੀ।

ਉਨ੍ਹਾਂ ਨੇ ਮੂਡ ਵਿੱਚ ਹੋਣ ਵਾਲੇ ਬਦਲਾਅ ਵੀ ਜਾਂਚੇ ਅਤੇ ਪਾਇਆ ਕਿ ਪੌੜ੍ਹੀਆਂ ਚੜ੍ਹਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਹੋਰ ਖੁਸ਼ ਅਤੇ ਹੋਰ ਉਰਜਾਵਾਨ ਮਹਿਸੂਸ ਕਰਦੇ ਸਨ।

ਪੌੜ੍ਹੀਆਂ ਚੜ੍ਹਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਡਿਆਂ ਦੇ ਓਸਟੀਓਆਰਥਰਾਈਟਿਸ ਨਾਲ ਪੀੜਤ ਲੋਕਾਂ ਲਈ ਪੌੜ੍ਹੀਆਂ ਚੜ੍ਹਣਾ ਦਰਦਨਾਕ ਅਨੁਭਵ ਹੋ ਸਕਦਾ ਹੈ (ਸੰਕੇਤਕ ਤਸਵੀਰ)

ਰਚਨਾਤਮਕ ਸੋਚ ਵਿੱਚ ਵਾਧਾ

ਜਪਾਨ ਦੀ ਯਾਮਾਗੁਚੀ ਯੂਨੀਵਰਸਿਟੀ ਗ੍ਰੈਜੂਏਟ ਸਕੂਲ ਆਫ਼ ਮੈਡੀਸਨ ਦੇ ਖੋਜਕਾਰਾਂ ਵੱਲੋਂ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਵੀ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਦੋ ਮੰਜ਼ਿਲਾਂ ਤੱਕ ਪੌੜ੍ਹੀਆਂ ਚੜ੍ਹੀਆਂ, ਉਨ੍ਹਾਂ ਨੇ ਲਿਫ਼ਟ ਵਰਤਣ ਵਾਲਿਆਂ ਨਾਲੋਂ ਹੋਰ ਧਿਆਨ ਕੇਂਦਰਿਤ ਢੰਗ ਨਾਲ ਸਮੱਸਿਆਵਾਂ ਦਾ ਹੱਲ ਕੀਤਾ।

ਦਿਲਚਸਪ ਗੱਲ ਇਹ ਸੀ ਕਿ ਜਦੋਂ ਲੋਕਾਂ ਨੇ ਪੰਜ ਜਾਂ ਅੱਠ ਮੰਜ਼ਿਲਾਂ ਤੱਕ ਪੌੜ੍ਹੀਆਂ ਚੜ੍ਹੀਆਂ ਤਾਂ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਿੱਚ ਕੋਈ ਹੋਰ ਸੁਧਾਰ ਨਹੀਂ ਦੇਖਿਆ ਗਿਆ। ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਇਹ ਅਸਰ ਪੌੜ੍ਹੀਆਂ ਦੀ ਗਿਣਤੀ 'ਤੇ ਨਿਰਭਰ ਨਹੀਂ ਕਰਦਾ।

ਇਸੇ ਸਮੂਹ ਦੇ ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਪੌੜ੍ਹੀਆਂ ਹੇਠਾਂ ਉਤਰਣ ਨਾਲ ਰਚਨਾਤਮਕ ਸੋਚ ਵਿੱਚ ਵਾਧਾ ਹੋਇਆ ਅਤੇ ਲਿਫ਼ਟ ਵਰਤਣ ਵਾਲਿਆਂ ਨਾਲੋਂ 61% ਵੱਧ ਨਵੇਂ ਵਿਚਾਰ ਪੈਦਾ ਹੋਏ।

ਇਸ ਲਈ ਜੇ ਤੁਸੀਂ ਕਿਸੇ ਸਮੱਸਿਆ ਦਾ ਹੱਲ ਲੱਭਣ ਲਈ ਪ੍ਰੇਰਣਾ ਚਾਹੁੰਦੇ ਹੋ, ਤਾਂ ਉੱਪਰਲੀ ਮੰਜ਼ਿਲ ਤੱਕ ਜਾ ਕੇ ਮੁੜ ਹੇਠਾਂ ਆਉਣਾ ਹੀ ਕਾਫ਼ੀ ਹੋ ਸਕਦਾ ਹੈ।

ਕਸਰਤ ਅਤੇ ਮਾਨਸਿਕ ਸਮਰੱਥਾ ਵਿਚਲੇ ਸਬੰਧਾਂ ਦੇ ਤਰੀਕਿਆਂ ਬਾਰੇ ਕਾਫ਼ੀ ਦਿਲਚਸਪੀ ਹੈ, ਪਰ ਇਸ ਬਾਰੇ ਪੱਕੀ ਖੋਜ ਹਾਲੇ ਘੱਟ ਹੈ।

ਹਾਲਾਂਕਿ ਸਟੈਨਲਿੰਗ ਕਹਿੰਦੇ ਹਨ ਕਿ ਇਹ ਸੁਧਾਰ ਦਿਲ ਅਤੇ ਖੂਨ ਦੇ ਪਰਸੰਚਾਰ ਪ੍ਰਣਾਲੀ ਨਾਲ ਜੁੜੇ ਹੋ ਸਕਦੇ ਹਨ, ਕਿਉਂਕਿ ਇਸ ਨਾਲ ਦਿਮਾਗ਼ ਵੱਲ ਖੂਨ ਦਾ ਵਹਾਅ ਵਧਦਾ ਹੈ। ਇਸਦੇ ਨਾਲ ਹੀ ਬ੍ਰੇਨ-ਡਿਰਾਈਵਡ ਨਿਊਰੋਟ੍ਰੋਫਿਕ ਫੈਕਟਰ (ਬੀਡੀਐੱਨਐੱਫ) ਵਰਗੇ ਗ੍ਰੋਥ ਹਾਰਮੋਨ ਵੀ ਹਨ, ਜਿਨ੍ਹਾਂ 'ਤੇ ਆਮ ਤੌਰ 'ਤੇ ਕਸਰਤ ਦਾ ਤੇਜ਼ ਅਸਰ ਪੈਂਦਾ ਦਿਖਾਈ ਦਿੰਦਾ ਹੈ।

ਸਟੈਨਲਿੰਗ ਸਮੇਤ ਖੋਜਕਾਰ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਪੌੜ੍ਹੀਆਂ ਚੜ੍ਹਣ ਦੇ ਕੁਝ ਦੇਰ ਨਾਲ ਦਿਖਾਈ ਦੇਣ ਵਾਲੇ ਅਸਰ ਵੀ ਹੋ ਸਕਦੇ ਹਨ ਜਾਂ ਨਹੀਂ। ਜ਼ਿਆਦਾਤਰ ਅਧਿਐਨ ਪੌੜ੍ਹੀਆਂ ਚੜ੍ਹਣ ਤੋਂ ਤੁਰੰਤ ਬਾਅਦ ਦੇ ਮਾਨਸਿਕ ਅਸਰਾਂ 'ਤੇ ਧਿਆਨ ਦਿੰਦੇ ਹਨ।

ਪਰ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ਚੰਗੀ ਨੀਂਦ ਦੇ ਨਾਲ ਪੌੜ੍ਹੀਆਂ ਚੜ੍ਹਣ ਨਾਲ ਯਾਦਦਾਸ਼ਤ ਵਿੱਚ ਹੋਣ ਵਾਲੇ ਕੁਝ ਸੁਧਾਰ ਅਗਲੇ ਦਿਨ ਤੱਕ ਵੀ ਬਣੇ ਰਹਿੰਦੇ ਹਨ।

ਹਾਲਾਂਕਿ ਰੋਜ਼ਾਨਾ 10,000 ਕਦਮ ਤੁਰਨ ਦਾ ਵਿਚਾਰ ਲੋਕਾਂ ਦੇ ਮਨ ਵਿੱਚ ਰੋਜ਼ਾਨਾ ਕਸਰਤ ਦੇ ਇੱਕ ਮਾਪਦੰਡ ਵਜੋਂ ਬੈਠ ਚੁੱਕਾ ਹੈ, ਪਰ ਕੀ ਪੌੜ੍ਹੀਆਂ ਲਈ ਵੀ ਅਜਿਹਾ ਕੋਈ ਟੀਚਾ ਹੋਣਾ ਚਾਹੀਦਾ ਹੈ?

ਇਸਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ 10,000 ਕਦਮਾਂ ਵਾਲੇ ਅੰਕੜੇ ਦਾ ਖ਼ੁਦ ਵਿਗਿਆਨਕ ਖੋਜ ਨਾਲ ਬਹੁਤ ਮਜ਼ਬੂਤ ਸਬੰਧ ਨਹੀਂ ਹੈ। ਕੁਝ ਅਧਿਐਨਾਂ ਮੁਤਾਬਕ ਲਗਭਗ 7,500 ਕਦਮਾਂ ਤੋਂ ਬਾਅਦ ਫ਼ਾਇਦੇ ਇੱਕ ਹੱਦ 'ਤੇ ਆ ਕੇ ਰੁਕ ਜਾਂਦੇ ਹਨ।

ਕਸਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਅਧਿਐਨ ਕਹਿੰਦੇ ਹਨ ਕਿ ਇਹ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਅਤੇ ਅਕਾਲ ਮੌਤ ਦੇ ਖ਼ਤਰੇ ਨੂੰ ਘਟਾਉਣ ਲਈ ਕਾਫ਼ੀ ਸਰੀਰਕ ਸਰਗਰਮੀ ਨਹੀਂ ਹੈ

ਦਰਅਸਲ ਇਹ ਮਸ਼ਹੂਰ ਅੰਕੜਾ 1964 ਟੋਕੀਓ ਓਲੰਪਿਕਸ ਦੌਰਾਨ ਚਲਾਈ ਗਈ ਇੱਕ ਇਸ਼ਤਿਹਾਰ ਮੁਹਿੰਮ ਤੋਂ ਆਇਆ ਸੀ, ਜੋ ਇਸ ਲਈ ਮਸ਼ਹੂਰ ਹੋ ਗਿਆ ਕਿਉਂਕਿ ਜਪਾਨੀ ਭਾਸ਼ਾ ਵਿੱਚ 10,000 ਦਾ ਨਿਸ਼ਾਨ (万) ਤੁਰਦੇ ਹੋਏ ਵਿਅਕਤੀ ਵਰਗਾ ਲੱਗਦਾ ਹੈ।

ਪੌੜ੍ਹੀਆਂ ਚੜ੍ਹਣ ਲਈ ਵੀ ਖੋਜ ਹਾਲੇ ਘੱਟ ਹੈ। ਪਰ ਜਿਹੜੇ ਅਧਿਐਨ ਮੌਜੂਦ ਹਨ, ਉਹ ਦਰਸਾਉਂਦੇ ਹਨ ਕਿ ਰੋਜ਼ ਪੰਜ ਤੋਂ ਵੱਧ ਮੰਜ਼ਿਲਾਂ ਤੱਕ ਪੌੜ੍ਹੀਆਂ ਚੜ੍ਹਣਾ (ਲਗਭਗ 50 ਪੌੜ੍ਹੀਆਂ) ਐਥਰੋਸਕਲੇਰੋਟਿਕ ਕਾਰਡੀਓਵੈਸਕੂਲਰ ਬਿਮਾਰੀ (ਏਐੱਸਸੀਵੀਡੀ) ਦੇ ਖ਼ਤਰੇ ਨੂੰ ਘਟਾਉਣ ਨਾਲ ਜੁੜਿਆ ਹੋਇਆ ਹੈ। ਇਹ ਉਹ ਹਾਲਤ ਹੈ ਜਿਸ ਵਿੱਚ ਧਮਨੀਆਂ ਵਿੱਚ ਚਰਬੀ ਦੀ ਪਰਤ ਜਮ ਜਾਂਦੀ ਹੈ।

ਮਾਰਕੋਟ-ਸ਼ੇਨਾਰਡ ਅਤੇ ਉਨ੍ਹਾਂ ਦੇ ਸਾਥੀ ਉਮੀਦ ਕਰਦੇ ਹਨ ਕਿ "ਐਕਸਰਸਾਈਜ਼ ਸਨੈਕਸ", ਖ਼ਾਸ ਕਰਕੇ ਪੌੜ੍ਹੀਆਂ ਚੜ੍ਹਣਾ, ਦਫ਼ਤਰਾਂ ਵਿੱਚ ਬੈਠੇ ਰਹਿਣ ਵਾਲੀ ਆਦਤ ਨੂੰ ਤੋੜਣ ਲਈ ਵਧੀਆ ਹੱਲ ਸਾਬਤ ਹੋ ਸਕਦਾ ਹੈ।

ਕੰਮਕਾਜ ਵਾਲੀ ਥਾਂ 'ਤੇ ਪੌੜ੍ਹੀਆਂ ਚੜ੍ਹਣ ਵਾਲੇ ਦਫ਼ਤਰੀ ਕਰਮਚਾਰੀਆਂ ਦੀਆਂ ਮਨੋਵਿਗਿਆਨਕ ਪ੍ਰਤੀਕਿਰਿਆਵਾਂ ਦਾ ਅਧਿਐਨ ਕਰਨ ਵਾਲੀ ਇੱਕ ਖੋਜ ਵਿੱਚ, ਮਾਰਕੋਟ-ਸ਼ੇਨਾਰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ ਕਿ 71% ਕਰਮਚਾਰੀਆਂ ਨੇ ਇੱਕੋ ਸੈਸ਼ਨ ਵਿੱਚ 60 ਪੌੜ੍ਹੀਆਂ ਤਿੰਨ ਵਾਰ ਚੜ੍ਹਣ ਵਾਲੇ ਤੀਬਰ ਐੱਚਆਈਆਈਟੀ (ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ) ਸੈਸ਼ਨ ਦੀ ਥਾਂ ਕਈ ਛੋਟੇ ਐਕਸਰਸਾਈਜ਼ ਸਨੈਕਸ ਨੂੰ ਤਰਜੀਹ ਦਿੱਤੀ, ਜਿਸ ਵਿੱਚ ਉਹ ਤਿੰਨ ਵੱਖ-ਵੱਖ ਸੈਸ਼ਨਾਂ ਵਿੱਚ 60 ਪੌੜ੍ਹੀਆਂ ਚੜ੍ਹਦੇ ਸਨ।

ਮਾਰਕੋਟ-ਸ਼ੇਨਾਰਡ ਕਹਿੰਦੇ ਹਨ, "ਉਨ੍ਹਾਂ (ਭਾਗੀਦਾਰਾਂ) ਲਈ ਇੱਕ ਵਾਰ ਪੌੜ੍ਹੀਆਂ ਚੜ੍ਹ ਕੇ ਅਤੇ ਹੇਠਾਂ ਉਤਰ ਕੇ ਮੁੜ ਬੈਠ ਜਾਣਾ ਹੋਰ ਆਸਾਨ ਸੀ ਅਤੇ ਕਿਉਂਕਿ ਤੁਸੀਂ ਇਸਨੂੰ ਦਿਨ ਭਰ ਵਿੱਚ ਫੈਲਾ ਦਿੰਦੇ ਹੋ, ਇਸ ਕਰਕੇ ਲੋਕ ਇਸਦਾ ਇੱਕੋ ਸੈਸ਼ਨ ਵਿੱਚ ਕਰਨ ਨਾਲੋਂ ਥੋੜ੍ਹਾ ਹੋਰ ਵਧੇਰੇ ਆਨੰਦ ਲੈਂਦੇ ਦਿਖਾਈ ਦਿੰਦੇ ਹਨ।"

ਖੋਜਕਾਰਾਂ ਦਾ ਇਹ ਅਧਿਐਨ ਇਸ ਲਈ ਵਿਲੱਖਣ ਹੈ ਕਿਉਂਕਿ ਇਹ ਲੈਬੋਰਟਰੀ ਤੋਂ ਬਾਹਰ ਕੀਤਾ ਗਿਆ ਸੀ, ਜਿਸ ਨਾਲ ਇਹ ਸੰਕੇਤ ਮਿਲ ਸਕਦਾ ਹੈ ਕਿ ਇਹ ਖੋਜ ਅਸਲ ਜ਼ਿੰਦਗੀ ਵਿੱਚ ਹੋਰ ਵਧੇਰੇ ਲਾਗੂ ਹੁੰਦੀ ਹੈ।

ਹਾਲਾਂਕਿ ਹਰ ਖੋਜ ਇਸ ਗੱਲ ਨਾਲ ਸਹਿਮਤ ਨਹੀਂ ਕਿ ਘਰ ਵਿੱਚ ਪੌੜ੍ਹੀਆਂ ਚੜ੍ਹਣਾ ਹੀ ਹੱਲ ਹੈ। ਕੁਝ ਅਧਿਐਨ ਕਹਿੰਦੇ ਹਨ ਕਿ ਇਹ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਅਤੇ ਅਕਾਲ ਮੌਤ ਦੇ ਖ਼ਤਰੇ ਨੂੰ ਘਟਾਉਣ ਲਈ ਕਾਫ਼ੀ ਸਰੀਰਕ ਸਰਗਰਮੀ ਨਹੀਂ ਹੈ।

ਇਸ ਤੋਂ ਇਲਾਵਾ, ਗੋਡਿਆਂ ਦੇ ਓਸਟੀਓਆਰਥਰਾਈਟਿਸ ਨਾਲ ਪੀੜਤ ਲੋਕਾਂ ਲਈ ਪੌੜ੍ਹੀਆਂ ਚੜ੍ਹਣਾ ਦਰਦਨਾਕ ਅਨੁਭਵ ਹੋ ਸਕਦਾ ਹੈ।

ਨਿਗਰਾਨੀ ਅਧਿਐਨਾਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਵਰਗਾਂ ਦੇ ਲੋਕ, ਜਿਵੇਂ ਔਰਤਾਂ ਅਤੇ ਵੱਧ ਵਜ਼ਨ ਵਾਲੇ ਲੋਕ, ਜਦੋਂ ਕੋਈ ਹੋਰ ਬਦਲ ਮੌਜੂਦ ਹੋਵੇ ਤਾਂ ਪੌੜ੍ਹੀਆਂ ਵਰਤਣ ਦੀ ਘੱਟ ਸੰਭਾਵਨਾ ਰੱਖਦੇ ਹਨ।

ਪਰ ਜਿਹੜੇ ਲੋਕ ਪੌੜ੍ਹੀਆਂ ਚੜ੍ਹ ਸਕਦੇ ਹਨ, ਉਨ੍ਹਾਂ ਲਈ ਲਿਫ਼ਟ ਜਾਂ ਐਲੀਵੇਟਰ ਦੀ ਥਾਂ ਪੌੜ੍ਹੀਆਂ ਚੁਣਨਾ ਅਜਿਹੀ ਆਸਾਨ ਕਸਰਤ ਹੋ ਸਕਦੀ ਹੈ ਜੋ ਤੁਹਾਡੇ ਸਰੀਰ ਅਤੇ ਦਿਮਾਗ਼ ਦੋਵਾਂ ਲਈ ਫ਼ਾਇਦੇਮੰਦ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)