ਆਈਪੀਐਲ : ਪੰਜਾਬ ਕਿੰਗਜ਼ ਦੀ ਲਗਾਤਾਰ 6ਵੀਂ ਹਾਰ, ਪਰ ਅਰਸ਼ਦੀਪ ਸਿੰਘ ਦੇ ਹੱਕ 'ਚ ਕੀ ਬੋਲੇ ਗੇਂਦਬਾਜ਼ੀ ਕੋਚ

ਅਰਸ਼ਦੀਪ ਸਿੰਘ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਕਿਹਾ ਕਿ ਅਰਸ਼ਦੀਪ ਬਿਲਕੁਲ ਫਿੱਟ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਆਈਪੀਐਲ ਦੇ ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੇ ਖਾਤੇ ਹੁਣ 6 ਮੈਚਾਂ ਵਿੱਚ ਜਿੱਤ ਦਰਜ ਹੈ ਅਤੇ 6 ਵਿੱਚ ਹਾਰ।

ਬੀਤੇ ਦਿਨੀਂ ਧਰਮਸ਼ਾਲਾ ਵਿੱਚ ਆਰਸੀਬੀ ਖਿਲਾਫ ਖੇਡਦੇ ਹੋਏ ਇੱਕ ਵਾਰ ਫਿਰ ਪੰਜਾਬ ਦੀ ਟੀਮ ਅਤੇ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣਾ ਪਿਆ।

ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੇ ਹੁਣ ਤੱਕ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਪਹਿਲਾਂ ਟੀਮ ਨੇ ਲਗਾਤਾਰ 6 ਮੈਚ ਜਿੱਤੇ (ਇੱਕ ਮੈਚ ਰੱਦ ਹੋ ਗਿਆ ਸੀ) ਅਤੇ ਹੁਣ ਲਗਾਤਾਰ 6 ਮੈਚ ਹਾਰ ਗਈ ਹੈ।

ਖੈਰ, ਪੰਜਾਬ ਨੂੰ ਹਰਾ ਕੇ ਰਾਇਲ ਚੈਲੇਂਜਰਸ ਬੈਂਗਲੁਰੂ ਪਲੇਆਫ਼ 'ਚ ਪਹੁੰਚਣ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣ ਗਈ ਹੈ। ਮੈਚ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ।

ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਜਿੱਤ ਲਈ 223 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਪੰਜਾਬ ਟੀਮ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 199 ਦੌੜਾਂ ਹੀ ਬਣਾ ਸਕੀ ਅਤੇ ਮੈਚ ਗੁਆ ਦਿੱਤਾ।

ਹੁਣ, ਪੰਜਾਬ ਲਈ ਪਲੇਆਫ ਦੀ ਰਾਹ ਬਹੁਤ ਮੁਸ਼ਕਲ ਹੋ ਗਈ ਹੈ।

ਇਸ ਵਿਚਕਾਰ ਇੱਕ ਹੋਰ ਚਰਚਾ ਪੰਜਾਬ ਕਿੰਗਜ਼ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਆਫ਼ ਫਿਲਡ ਵਿਵਾਦਾਂ ਨੂੰ ਲੈਕੇ ਵੀ ਹੈ।

ਸ਼੍ਰੇਅਸ ਅਈਅਰ

ਤਸਵੀਰ ਸਰੋਤ, Prakash Singh/Getty Images

ਤਸਵੀਰ ਕੈਪਸ਼ਨ, ਕਪਤਾਨ ਸ਼੍ਰੇਅਸ ਅਈਅਰ ਇਸ ਮੈਚ ਵਿੱਚ ਮਹਿਜ਼ 1 ਦੌੜ ਬਣਾ ਕੇ ਆਊਟ ਹੋ ਗਏ (ਫਾਈਲ ਫੋਟੋ)

ਅਰਸ਼ਦੀਪ ਤੇ ਆਫ਼ ਫੀਲਡ ਵਿਵਾਦਾਂ ਬਾਰੇ ਕੀ ਬੋਲੇ ਗੇਂਦਬਾਜ਼ੀ ਕੋਚ

ਸਭ ਤੋਂ ਪਹਿਲਾਂ ਗੱਲ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਵਿਵਾਦ ਦੀ ਗੱਲ ਕਰਦੇ ਹਾਂ।

ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਟੀਮ ਦੇ ਪ੍ਰਦਰਸ਼ਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਟੀਮ ਮੈਚਾਂ ਦੇ ਮੂਮੈਂਟਸ 'ਤੇ ਕੰਟਰੋਲ ਨਹੀਂ ਰੱਖ ਪਾਈ ਅਤੇ ਇਸੇ ਕਰਕੇ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਟੀਮ ਲਗਾਤਾਰ ਅਹਿਮ ਮੌਕਿਆਂ 'ਤੇ ਪਿੱਛੜ ਗਈ, ਜਿਸ ਕਾਰਨ ਟੀਮ ਨੂੰ ਇੱਕ ਤੋਂ ਬਾਅਦ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ।

ਟੀਮ ਦੇ ਆਫ਼ ਫੀਲਡ ਵਿਵਾਦਾਂ ਨੂੰ ਲੈਕੇ ਗੇਂਦਬਾਜ਼ੀ ਕੋਚ ਜੇਮਸ ਨੇ ਪ੍ਰੈਸ ਕਾਨਫਰੰਸ ਦੌਰਾਨ ਬੋਲਿਆਂ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਕਿਸੇ ਆਫ਼ ਫੀਲਡ ਚੀਜ਼ ਨੇ ਟੀਮ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕੀਤਾ ਹੈ। ਸਾਡਾ ਮਿਸ਼ਨ ਇਸ ਲਈ ਪੱਟੜੀ ਤੋਂ ਉਤਰਿਆ ਕਿਉਂਕਿ ਅਸੀਂ ਮੈਚ ਦੇ ਮੂਮੈਂਟਸ ਨੂੰ ਕਾਬੂ ਨਹੀਂ ਰੱਖ ਸਕੇ। ਜਦੋਂ ਵੀ ਲੱਗਦਾ ਸੀ ਕਿ ਅਸੀਂ ਕਰ ਲਵਾਂਗੇ, ਉਦੋਂ ਹੀ ਕੋਈ ਚੂਕ ਹੋ ਜਾਂਦੀ ਸੀ। ਅਸੀਂ ਕਈ ਅਹਿਮ ਮੂਮੈਂਟ ਗੁਆ ਦਿੱਤੇ।''

ਇਸ ਦੌਰਾਨ ਉਨ੍ਹਾਂ ਅਰਸ਼ਦੀਪ ਸਿੰਘ ਦੀ ਫਿਟਨੈਸ ਨੂੰ ਲੈਕੇ ਉੱਠਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਤੇ ਕਿਹਾ ਕਿ ਅਰਸ਼ਦੀਪ ਬਿਲਕੁਲ ਫਿੱਟ ਹਨ ਅਤੇ ਹਰੇਕ ਮੈਚ ਲਈ ਪ੍ਰੈਕਟਿਸ ਕਰਦੇ ਹਨ ਤੇ ''ਉਹ ਇੱਕ ਯੋਧਾ ਹਨ।''

ਹੋਪਸ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਅਰਸ਼ਦੀਪ ਨੇ ਟੂਰਨਾਮੈਂਟ ਦੇ ਪਿਛਲੇ ਅੱਧ ਵਿੱਚ ਬਹੁਤ ਵਧੀਆ ਗੇਂਦਬਾਜ਼ੀ ਕੀਤੀ, ਬਹੁਤ ਵਧੀਆ। ਉਹ ਹਮਲਾਵਰ ਰਹੇ।''

ਪੰਜਾਬ ਦੀ ਕਮਜ਼ੋਰ ਸ਼ੁਰੂਆਤ

ਪੰਜਾਬ ਕਿੰਗਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਆਰਸੀਬੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ

ਹੁਣ ਗੱਲ ਕਰਦੇ ਹਾਂ ਮੈਚ ਦੀ, ਜਿਸ ਵਿੱਚ ਪੰਜਾਬ ਦੀ ਸ਼ੁਰੂਆਤ ਕਮਜ਼ੋਰ ਰਹੀ। ਸ਼ੁਰੂਆਤ ਵਿੱਚ ਹੀ 3 ਵਿਕਟਾਂ ਦੇ ਨੁਕਸਾਨ ਤੋਂ ਬਾਅਦ ਟੀਮ ਲਈ ਮਾਰਕਸ ਸਟੋਇਨਿਸ ਨੇ 25 ਗੇਂਦਾਂ ਵਿੱਚ 37 ਦੌੜਾਂ ਬਣਾਈਆਂ।

ਸ਼ਸ਼ਾਂਕ ਸਿੰਘ ਨੇ ਵੀ 27 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਜਿੱਤ ਦੀ ਉਮੀਦ ਜਗਾਈ, ਪਰ ਟੀਮ ਟੀਚਾ ਪੂਰਾ ਨਾ ਕਰ ਸਕੀ।

ਸਟੋਇਨਿਸ ਅਤੇ ਸ਼ਸ਼ਾਂਕ ਵਿਚਕਾਰ ਚੰਗੀ ਸਾਂਝੇਦਾਰੀ ਹੋ ਰਹੀ ਸੀ, ਪਰ ਸਟੋਇਨਿਸ ਦੇ ਆਉਟ ਹੋਣ ਨਾਲ ਹੀ ਇਹ ਟੁੱਟ ਗਈ। ਮਾਰਕਸ ਸਟੋਇਨਿਸ ਨੂੰ ਜੋਸ਼ ਹੇਜ਼ਲਵੁਡ ਨੇ ਪਵੇਲੀਅਨ ਭੇਜਿਆ ਅਤੇ ਪੰਜਾਬ ਨੂੰ ਛੇਵਾਂ ਝਟਕਾ ਦਿੱਤਾ।

ਸ਼ਸ਼ਾਂਕ ਨੇ ਆਪਣੀ ਪਾਰੀ ਜਾਰੀ ਰੱਖਦੇ ਹੋਏ 22 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਪਰ ਜਿਵੇਂ ਹੀ ਰਾਸਿਖ ਨੇ 7ਵੇਂ ਵਿਕਟ ਵਜੋਂ ਸ਼ਸ਼ਾਂਕ ਸਿੰਘ ਨੂੰ ਆਉਟ ਕੀਤਾ ਤਾਂ ਪੰਜਾਬ ਦੀ ਆਖਰੀ ਉਮੀਦ ਵੀ ਟੁੱਟ ਗਈ।

ਮੈਚ ਵਿੱਚ ਸੂਰਿਆਂਸ਼ ਸ਼ੇਡਗੇ ਨੇ ਵੀ 35 ਅਤੇ ਕੂਪਰ ਕੋਨੋਲੀ ਨੇ 37 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਪਟਾਂ ਸਣੇ ਹੋਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ।

ਆਰਸੀਬੀ ਲਈ ਰਾਸਿਖ ਸਲਾਮ ਡਾਰ ਨੇ ਤਿੰਨ ਵਿਕਟਾਂ ਲਈਆਂ, ਜਦਕਿ ਭੁਵਨੇਸ਼ਵਰ ਕੁਮਾਰ ਨੂੰ ਦੋ ਵਿਕਟਾਂ ਮਿਲੀਆਂ। ਜੋਸ਼ ਹੇਜ਼ਲਵੁਡ, ਸੁਯਸ਼ ਸ਼ਰਮਾ ਅਤੇ ਰੋਮਾਰਿਓ ਸ਼ੇਫਰਡ ਨੂੰ ਇੱਕ-ਇੱਕ ਵਿਕਟ ਮਿਲੀ।

ਬਿਹਤਰੀਨ ਖੇਡ ਨਾਲ ਪਲੇਆਫ਼ 'ਚ ਪਹੁੰਚੀ ਅਰਸੀਬੀ

ਰਾਇਲ ਚੈਲੇਂਜਰਸ ਬੈਂਗਲੁਰੂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਜਿੱਤ ਦੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਪਲੇਆਫ਼ 'ਚ ਪਹੁੰਚਣ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣ ਗਈ ਹੈ

ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਆਰਸੀਬੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਆਰਸੀਬੀ ਲਈ ਪਹਿਲਾਂ ਕੋਹਲੀ ਨੇ ਅਰਧਸ਼ਤਕ ਲਗਾਇਆ ਅਤੇ ਉਨ੍ਹਾਂ ਦੇ ਆਉਟ ਹੋਣ ਤੋਂ ਬਾਅਦ ਵੇਂਕਟੇਸ਼ ਅਈਅਰ ਨੇ ਧਮਾਕੇਦਾਰ ਪਾਰੀ ਖੇਡੀ।

ਮੈਚ ਵਿੱਚ ਕੋਹਲੀ ਨੇ 37 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ ਜਦਕਿ ਵੇਂਕਟੇਸ਼ 40 ਗੇਂਦਾਂ 'ਤੇ ਅੱਠ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾ ਕੇ ਨਾਬਾਦ ਰਹੇ। ਦੇਵਦੱਤ ਪੱਡਿਕਲ ਨੇ ਵੀ 45 ਦੌੜਾਂ ਜੋੜੀਆਂ।

ਇਸ ਜਿੱਤ ਦੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਪਲੇਆਫ਼ 'ਚ ਪਹੁੰਚਣ ਵਾਲੀ ਸੀਜ਼ਨ ਦੀ ਪਹਿਲੀ ਟੀਮ ਬਣ ਗਈ ਹੈ।

ਪੰਜਾਬ ਕਿੰਗਜ਼ ਲਈ ਹਰਪ੍ਰੀਤ ਬਰਾਰ ਨੇ ਦੋ ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਅਤੇ ਯੁਜ਼ਵੇਂਦਰ ਚਹਿਲ ਨੂੰ ਇੱਕ-ਇੱਕ ਵਿਕਟ ਮਿਲੀ।

ਕਪਤਾਨ ਅਈਅਰ ਬੋਲੇ 'ਪਾਵਰਪਲੇ ਵਿੱਚ ਹੀ ਮੈਚ ਹਾਰ ਗਏ ਸੀ'

ਆਈਪੀਐਲ ਟੀ-20 ਦੀ ਅਧਿਕਾਰਿਤ ਵੈੱਬਸਾਈਟ (ਬੀਸੀਸੀਆਈ ਟੀਵੀ) 'ਤੇ ਜਾਰੀ ਇੱਕ ਵੀਡੀਓ ਵਿੱਚ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, ''ਜ਼ਾਹਿਰ ਹੈ, ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਫਿਰ ਪਾਵਰ ਪਲੇ ਤੋਂ ਤੁਰੰਤ ਬਾਅਦ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ 222 ਦੌੜਾਂ ਤੱਕ ਪਹੁੰਚਣਾ ਬਿਹਤਰੀਨ ਪ੍ਰਦਰਸ਼ਨ ਸੀ, ਅਤੇ ਅਸੀਂ ਗੇਂਦਬਾਜ਼ੀ ਵਿੱਚ ਇੰਨੀਆਂ ਵਿਕਟਾਂ ਨਹੀਂ ਲੈ ਸਕੇ, ਪਰ ਹਾਂ, ਮੈਨੂੰ ਲੱਗਦਾ ਹੈ ਕਿ ਅਸੀਂ ਮੈਚ ਪਾਵਰ ਪਲੇ ਵਿੱਚ ਹਾਰ ਗਏ ਸੀ।''

''ਅਸੀਂ ਤਿੰਨ ਵਿਕਟਾਂ ਗੁਆ ਚੁੱਕੇ ਸੀ ਅਤੇ ਸਾਡੇ ਲਈ ਜ਼ਿਆਦਾਤਰ ਦੌੜਾਂ ਬਣਾਉਣ ਵਾਲੇ ਪ੍ਰਭਸਿਮਰਨ ਅਤੇ ਪ੍ਰਿਯਾਂਸ਼ ਸਨ। ਉਹ ਸਾਨੂੰ ਪਾਵਰਪਲੇ ਵਿੱਚ ਜਿਸ ਤਰ੍ਹਾਂ ਦੀ ਸ਼ੁਰੂਆਤ ਦਿੰਦੇ ਰਹੇ ਹਨ, ਉਹ ਇਸ ਵਾਰ ਨਹੀਂ ਮਿਲ ਸਕੀ ਅਤੇ ਨਾਲ ਹੀ ਮੈਂ ਵੀ ਜਲਦੀ ਆਉਟ ਹੋ ਗਿਆ।"

ਹਾਲਾਂਕਿ ਉਨ੍ਹਾਂ ਲਖਨਊ ਨਾਲ ਹੋਣ ਵਾਲੇ ਮੈਚ ਨੂੰ ਲੈਕੇ ਉਮੀਦ ਜਤਾਈ। ਅਈਅਰ ਨੇ ਕਿਹਾ, "ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਬੀਤੇ ਹੋਏ ਸਮੇਂ ਵਿੱਚ ਬਹੁਤ ਜ਼ਿਆਦਾ ਫਸੇ ਰਹਿੰਦੇ ਹਨ। ਇਹ ਖਤਮ ਹੋ ਗਿਆ ਹੈ, ਇਹ ਲੰਘ ਗਿਆ ਹੈ। ਕੱਲ੍ਹ ਮੈਂ ਫਿਰ ਸੂਰਜ ਚੜ੍ਹਦਾ ਵੇਖਾਂਗਾ ਅਤੇ ਸੁਰੰਗ ਦੇ ਅੰਤ ਵਿੱਚ ਹਮੇਸ਼ਾ ਰੌਸ਼ਨੀ ਹੁੰਦੀ ਹੈ।"

ਪਲੇਆਫ਼ ਲਈ ਪੰਜਾਬ ਦੀ ਰਾਹ ਮੁਸ਼ਕਿਲ

ਸ਼੍ਰੇਅਸ ਅਈਅਰ

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਪੰਜਾਬ ਨੇ ਕੁੱਲ 13 ਮੈਚਾਂ ਵਿੱਚੋਂ 6 'ਚ ਜਿੱਤ ਹਾਸਿਲ ਕੀਤੀ ਹੈ ਅਤੇ 6 ਵਿੱਚ ਟੀਮ ਹਾਰੀ ਹੈ (ਫਾਈਲ ਫੋਟੋ)

ਜ਼ਾਹਿਰ ਹੈ ਕਿ ਇਸ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਲਈ ਪਲੇਆਫ਼ 'ਚ ਆਪਣੀ ਥਾਂ ਬਣਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ।

ਫਿਲਹਾਲ ਆਰਸੀਬੀ ਪਲੇਆਫ਼ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪੁਆਇੰਟ ਟੇਬਲ ਵਿੱਚ ਟੀਮ 18 ਅੰਕਾਂ ਨਾਲ ਟਾਪ 'ਤੇ ਹੈ। ਆਰਸੀਬੀ ਨੇ ਸੀਜ਼ਨ ਵਿੱਚ ਕੁੱਲ 13 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 9 'ਚ ਜਿੱਤ ਦਰਜ ਕੀਤੀ ਹੈ ਅਤੇ 4 ਮੈਚ ਹਾਰੇ ਹਨ।

ਪੰਜਾਬ ਟੀਮ ਦੀ ਗੱਲ ਕਰੀਏ ਤਾਂ ਸੀਜ਼ਨ ਦੀ ਸ਼ੁਰੂਆਤ 'ਚ ਪੁਆਇੰਟ ਟੇਬਲ 'ਤੇ ਟਾਪ ਕਰਨ ਵਾਲੀ ਟੀਮ ਇਸ ਵੇਲੇ 13 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ।

ਪੰਜਾਬ ਨੇ ਕੁੱਲ 13 ਮੈਚਾਂ ਵਿੱਚੋਂ 6 'ਚ ਜਿੱਤ ਹਾਸਿਲ ਕੀਤੀ ਹੈ ਅਤੇ 6 ਵਿੱਚ ਟੀਮ ਹਾਰੀ ਹੈ।

ਹੁਣ ਪੰਜਾਬ ਕਿੰਗਜ਼ ਨੂੰ ਪਲੇਆਫ਼ ਦੀ ਦੌੜ ਵਿੱਚ ਬਣੇ ਰਹਿਣ ਲਈ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਲਖਨਊ ਦੇ ਖ਼ਿਲਾਫ਼ ਆਪਣਾ ਆਖਰੀ ਮੁਕਾਬਲਾ ਹਰ ਹਾਲ ਵਿੱਚ ਜਿੱਤਣਾ ਪਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)