ਨਾਰਵੇ ਦੀ ਪੱਤਰਕਾਰ ਨੇ ਪੁੱਛਿਆ, 'ਤੁਹਾਡੇ ਪ੍ਰਧਾਨ ਮੰਤਰੀ ਮੁਸ਼ਕਿਲ ਸਵਾਲਾਂ ਦਾ ਜਵਾਬ ਕਦੋਂ ਦੇਣਗੇ', ਭਾਰਤ ਨੇ ਕੀ ਜਵਾਬ ਦਿੱਤਾ

ਤਸਵੀਰ ਸਰੋਤ, X/@Narendramodi
ਨਾਰਵੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਅਤੇ ਮੰਤਰਾਲੇ ਦੇ ਬੁਲਾਰੇ ਵਿਚਕਾਰ ਤਿੱਖੀ ਨੋਕ-ਝੋਕ ਦੇਖੀ ਗਈ।
ਇਸ ਤੋਂ ਪਹਿਲਾਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਸਟੋਰ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਪੀਐੱਮ ਨਰਿੰਦਰ ਮੋਦੀ ਤੋਂ ਨਾਰਵੇ ਦੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਪੀਐੱਮ ਬਿਨ੍ਹਾਂ ਜਵਾਬ ਦਿੱਤੇ ਉੱਥੋਂ ਜਾਂਦੇ ਨਜ਼ਰ ਆਏ। ਦੋਹਾਂ ਹੀ ਘਟਨਾਵਾਂ ਦੀ ਭਾਰਤ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਸਮੇਤ ਕਈ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਪ੍ਰੈਸ ਕਾਨਫਰੰਸ ਵਿੱਚ ਨਾਰਵੇ ਦੀ ਇੱਕ ਪੱਤਰਕਾਰ ਨੇ ਭਾਰਤੀ ਵਿਦੇਸ਼ ਮੰਤਰਾਲੇ ਤੋਂ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੁਸ਼ਕਿਲ ਸਵਾਲਾਂ ਦਾ ਸਾਹਮਣਾ ਨਾ ਕਰਨ' ਨਾਲ ਜੁੜਿਆ ਸਵਾਲ ਪੁੱਛਿਆ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੇ ਜਵਾਬ ਵਿੱਚ ਭਾਰਤ ਨੂੰ 'ਇੱਕ ਮਹਾਨ ਦੇਸ਼' ਅਤੇ 'ਪ੍ਰਾਚੀਨ ਸੱਭਿਅਤਾ ਵਾਲਾ ਦੇਸ਼' ਦੱਸਿਆ ਅਤੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ 'ਕਈ ਦੇਸ਼ਾਂ ਨੂੰ ਵੈਕਸੀਨ ਦਿੱਤੀ' ਅਤੇ ਇਸ ਤਰ੍ਹਾਂ ਦੇ ਕਈ ਕੰਮਾਂ ਕਰਕੇ 'ਪੂਰੀ ਦੁਨੀਆਂ ਭਾਰਤ 'ਤੇ ਭਰੋਸਾ ਕਰਦੀ ਹੈ।'
ਕੀ ਸੀ ਮਾਮਲਾ ?

ਤਸਵੀਰ ਸਰੋਤ, ANI
ਓਸਲੋ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਨਾਰਵੇ ਦੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ, "ਭਾਰਤ ਅਤੇ ਨਾਰਵੇ ਇੱਕ ਦੂਜੇ ਨਾਲ ਮਜ਼ਬੂਤ ਪਾਰਟਨਰਸ਼ਿਪ ਕਰ ਰਹੇ ਹਨ। ਪਰ ਅਸੀਂ ਤੁਹਾਡੇ 'ਤੇ ਭਰੋਸਾ ਕਿਉਂ ਕਰੀਏ? ਕੀ ਤੁਸੀਂ ਵਾਅਦਾ ਕਰਦੇ ਹੋ ਕਿ ਆਪਣੇ ਦੇਸ਼ ਵਿੱਚ ਹੋ ਰਹੇ ਮਨੁੱਖੀ ਅਧਿਕਾਰ ਦੀ ਉਲੰਘਣਾ ਨੂੰ ਰੋਕੋਗੇ? ਤੁਹਾਡੇ ਪ੍ਰਧਾਨ ਮੰਤਰੀ ਮੁਸ਼ਕਲ ਸਵਾਲਾਂ ਦਾ ਜਵਾਬ ਦੇਣਾ ਕਦੋਂ ਸ਼ੁਰੂ ਕਰਨਗੇ?"
ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਤੁਹਾਡਾ ਸਵਾਲ ਸੁਣ ਲਿਆ ਹੈ ਅਤੇ ਇਸ ਦਾ ਜਵਾਬ ਦੇਵਾਂਗੇ ਤਾਂ ਨਾਰਵੇ ਦੀ ਉਸ ਪੱਤਰਕਾਰ ਨੇ ਕਿਹਾ ਕਿ ਮੈਨੂੰ ਇਸ ਦਾ ਜਵਾਬ ਤੁਰੰਤ ਚਾਹੀਦਾ ਹੈ।”
ਬਾਅਦ ਵਿੱਚ ਉਸੇ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੱਛਮ) ਸੀਬੀ ਜੌਰਜ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ,"ਭਾਰਤ ਬਹੁਤ ਪ੍ਰਾਚੀਨ ਸੱਭਿਅਤਾ ਹੈ। ਕਰੀਬ ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ, ਅਸੀਂ ਜ਼ੀਰੋ ਦੀ ਕਾਢ ਕੱਢੀ। ਅਸੀਂ ਯੋਗ ਦੀ ਕਾਢ ਕੱਢੀ।"
ਜਦੋਂ ਸੀਬੀ ਜੌਰਜ ਇਹ ਕਹਿ ਰਹੇ ਸੀ ਤਾਂ ਪੱਤਰਕਾਰ ਨੇ ਫਿਰ ਉਨ੍ਹਾਂ ਨੂੰ ਟੋਕ ਕੇ ਕਿਹਾ, “ਤੁਸੀਂ ਮੇਰੇ ਸਿੱਧੇ ਸਵਾਲ ਦਾ ਜਵਾਬ ਦਿਓ।”
ਇਸ 'ਤੇ ਸੀਬੀ ਜੌਰਜ ਨੇ ਕਿਹਾ, "ਇਹ ਮੇਰੀ ਪ੍ਰੈਸ ਕਾਨਫਰੰਸ ਹੈ। ਤੁਸੀਂ ਸਵਾਲ ਕੀਤਾ ਹੈ। ਹੁਣ ਤੁਹਾਡੇ ਵਿੱਚ ਮੇਰਾ ਜਵਾਬ ਸੁਣਨ ਦਾ ਧੀਰਜ ਹੋਣਾ ਚਾਹੀਦਾ ਹੈ।"
ਪੱਤਰਕਾਰ ਨੇ ਫਿਰ ਕਿਹਾ ਕਿ ਤੁਸੀਂ ਯੋਗ ਵਗੈਰਾ ਦੀ ਗੱਲ ਨਾ ਕਰਕੇ ਸਿੱਧੇ ਸਵਾਲ ਦਾ ਜਵਾਬ ਦਿਓ।
ਸੀਬੀ ਜੌਰਜ ਨੇ ਕਿਹਾ,"ਮੈਂ ਭਰੋਸੇ ਦੀ ਹੀ ਗੱਲ ਕਰ ਰਿਹਾ ਹਾਂ। ਜਦੋਂ ਪੂਰੀ ਦੁਨੀਆਂ ਕੋਵਿਡ ਮਹਾਂਮਾਰੀ ਨਾਲ ਜੂਝ ਰਹੀ ਸੀ। ਉਦੋਂ ਅਸੀਂ ਦੁਨੀਆਂ ਦੇ 150 ਸਾਲ ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਅਤੇ ਦਵਾਈ ਦਿੱਤੀ। ਪੂਰੀ ਦੁਨੀਆਂ ਨੂੰ ਅਸੀਂ ਸੰਕਟ ਵਿੱਚੋਂ ਉਭਰਨ 'ਚ ਮਦਦ ਕੀਤੀ।ਦੁਨੀਆਂ ਨੇ ਸਾਡੇ ਉੱਤੇ ਵਿਸ਼ਵਾਸ ਜਤਾਇਆ। ਇਹ ਹੁੰਦਾ ਹੈ ਭਰੋਸਾ।"
ਪੱਤਰਕਾਰ ਵਾਰ-ਵਾਰ ਟੋਕਦੀ ਰਹੀ ਕਿ ਮਨੁੱਖੀ ਅਧਿਕਾਰ ਉਲੰਘਣਾ ਬਾਰੇ ਪੁੱਛੇ ਉਨ੍ਹਾਂ ਦੇ ਸਵਾਲ ਦਾ ਸਿੱਧਾ ਜਵਾਬ ਦਿੱਤਾ ਜਾਵੇ।
ਸੀਬੀ ਜੌਰਜ ਨੇ ਇਸ ਦੇ ਜਵਾਬ ਵਿੱਚ ਭਾਰਤ ਵਿੱਚ ਆਯੋਜਿਤ ਜੀ-20 ਸੰਮੇਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੂਸ-ਯੁਕਰੇਨ ਜਿਹੇ ਮੁਸ਼ਕਿਲ ਹਾਲਾਤ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਸਾਰੇ ਦੇਸ਼ ਇੱਕ ਮੰਚ 'ਤੇ ਆਏ। ਭਾਰਤ ਨੇ ਸਭ ਨੂੰ ਇੱਕ ਕੀਤਾ ਅਤੇ ਪਹਿਲੀ ਵਾਰ ਅਫਰੀਕੀ ਯੂਨੀਅਨ ਨੂੰ ਭਾਰਤ ਜੀ-20 ਦਾ ਸਥਾਈ ਮੈਂਬਰ ਬਣਾਉਣ ਵਿੱਚ ਸਫਲ ਰਿਹਾ।
ਉਨ੍ਹਾਂ ਨੇ ਕਿਹਾ, "ਅਫਰੀਕੀ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਭਾਰਤ ਨੇ ਮੰਚ ਦਿੱਤਾ। ਇਹ ਹੁੰਦਾ ਹੈ ਭਰੋਸਾ।"
ਸੀਬੀ ਜੌਰਜ ਦੇ ਜਵਾਬ ਦੇਣ ਦੌਰਾਨ ਹੀ ਉਹ ਪੱਤਰਕਾਰ ਪ੍ਰੈਸ ਕਾਨਫਰੰਸ ਛੱਡ ਕੇ ਚਲੀ ਗਈ।
ਨਾਰਵੇ ਦੀ ਪੱਤਰਕਾਰ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ
ਇਸ ਤੋਂ ਪਹਿਲਾਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਸਟੋਰ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਨਾਰਵੇ ਦੀ ਪੱਤਰਕਾਰ ਸਵਾਲ ਪੁੱਛਦੀ ਨਜ਼ਰ ਆਈ ਜਦਕਿ ਪ੍ਰਧਾਨ ਮੰਤਰੀ ਉੱਥੋਂ ਜਾਂਦੇ ਦਿਖਾਏ ਦੇ ਰਹੇ ਹਨ।
ਵੀਡੀਓ ਵਿੱਚ ਪੱਤਰਕਾਰ ਹੇਲੇ ਲਿੰਗ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, "ਪ੍ਰਧਾਨ ਮੰਤਰੀ ਮੋਦੀ ਤੁਸੀਂ ਦੁਨੀਆਂ ਦੀ ਸਭ ਤੋਂ ਅਜ਼ਾਦ ਪ੍ਰੈਸ ਦੇ ਸਵਾਲਾਂ ਨੂੰ ਕਿਉਂ ਨਹੀਂ ਲੈਂਦੇ?"
ਬਾਅਦ ਵਿੱਚ ਹੇਲੇ ਲਿੰਗ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਮੈਨੂੰ ਇਸ ਦੀ ਉਮੀਦ ਵੀ ਨਹੀਂ ਸੀ। ਵਰਲਡ ਪ੍ਰੈਸ ਇੰਡੈਕਸ ਵਿੱਚ ਨਾਰਵੇ ਪਹਿਲੇ ਸਥਾਨ 'ਤੇ ਹੈ ਅਤੇ ਭਾਰਤ 157ਵੇਂ ਸਥਾਨ 'ਤੇ ਹੈ। "
ਇਸ ਤੋਂ ਬਾਅਦ ਉਨ੍ਹਾਂ ਦੀ ਇਸ ਪੋਸਟ ਦਾ ਜਵਾਬ ਦਿੰਦਿਆਂ ਨਾਰਵੇ ਵਿੱਚ ਭਾਰਤੀ ਦੂਤਾਵਾਸ ਨੇ ਐਕਸ 'ਤੇ ਪੋਸਟ ਕੀਤਾ ਸੀ ਕਿ ਦੂਤਾਵਾਸ ਇੱਕ ਪ੍ਰੈਸ ਕਾਨਫਰੰਸ ਕਰਵਾ ਰਿਹਾ ਹੈ ਜਿਸ ਵਿੱਚ ਉਹ ਆ ਕੇ ਆਪਣਾ ਸਵਾਲ ਪੁੱਛ ਸਕਦੀ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਵੀਡੀਓ ਦਾ ਜ਼ਿਕਰ ਕਰਦੇ ਪ੍ਰਧਾਨ ਮੰਤਰੀ 'ਤੇ 'ਘਬਰਾ ਕੇ ਉੱਥੋਂ ਚਲੇ ਜਾਣ' ਦਾ ਇਲਜ਼ਾਮ ਲਗਾਇਆ।
ਉਨ੍ਹਾਂ ਨੇ ਕਿਹਾ, "ਜਦੋਂ ਲੁਕਾਉਣ ਲਈ ਕੁਝ ਨਹੀਂ ਹੁੰਦਾ, ਉਦੋਂ ਡਰਨ ਦੀ ਲੋੜ ਨਹੀਂ ਹੁੰਦੀ। ਜਦੋਂ ਦੁਨੀਆਂ ਇੱਕ ਸਮਝੌਤਾ ਕਰ ਚੁੱਕੇ ਪ੍ਰਧਾਨ ਮੰਤਰੀ ਨੂੰ ਕੁਝ ਸਵਾਲਾਂ ਤੋਂ ਘਬਰਾ ਕੇ ਜਾਂਦੇ ਹੋਏ ਦੇਖਦੀ ਹੈ ਤਾਂ ਭਾਰਤ ਦੇ ਅਕਸ 'ਤੇ ਕੀ ਅਸਰ ਪੈਂਦਾ ਹੈ?"
ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਨੇ ਐਕਸ 'ਤੇ ਪੋਸਟ ਕੀਤਾ, "ਡੀਅਰ ਹੇਲੇ ਲਿੰਗ, ਭਾਰਤ ਦੇ ਵਿਰੋਧੀ ਦਲ ਅਤੇ ਕਰੋੜਾਂ ਭਾਰਤੀਆਂ ਵੱਲੋਂ ਤੁਹਾਡਾ ਧੰਨਵਾਦ। ਤੁਸੀਂ ਉਹ ਕੀਤਾ ਜੋ ਸਾਡਾ ਆਪਣਾ ਮੀਡੀਆ ਲਗਾਤਾਰ ਕਰਨ ਵਿੱਚ ਅਸਫਲ ਰਿਹਾ ਹੈ- ਸੱਤਾ ਤੋਂ ਸਵਾਲ ਪੁੱਛਣਾ ਅਤੇ ਜਵਾਬਦੇਹੀ ਮੰਗਣਾ। ਪ੍ਰੈਸ ਬ੍ਰੀਫਿੰਗ ਹੋਵੇ ਜਾਂ ਪ੍ਰੈਸ ਕਾਨਫਰੰਸ- ਨਾਮ ਦਾ ਫਰਕ ਹੈ। ਨਾ ਜਵਾਬ ਮਿਲੇ ਨਾ ਸੱਚ।"
ਪ੍ਰਧਾਨ ਮੰਤਰੀ ਮੋਦੀ ਪੰਜ ਦੇਸ਼ਾਂ ਦੀ ਅਧਿਕਾਰਕ ਯਾਤਰਾ 'ਤੇ ਹਨ। ਉਹ ਯੂਏਈ, ਨੀਦਰਲੈਂਡਜ਼ ਅਤੇ ਸਵੀਡਨ ਤੋਂ ਬਾਅਦ ਨਾਰਵੇ ਪਹੁੰਚੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












