ਭੋਪਾਲ ਵਿੱਚ ਹੋਈ ਟਵਿਸ਼ਾ ਸ਼ਰਮਾ ਦੀ ਮੌਤ ਦਾ ਪੂਰਾ ਮਾਮਲਾ ਕੀ ਹੈ, ਪਰਿਵਾਰ ਨੇ ਕਿਉਂ ਕਿਹਾ, 'ਅਸੀਂ ਇੱਕ ਬਹੁਤ ਵੱਡੇ ਸਿਸਟਮ ਨਾਲ ਲੜ ਰਹੇ ਹਾਂ'

ਟਵਿਸ਼ਾ ਸ਼ਰਮਾ

ਤਸਵੀਰ ਸਰੋਤ, Photo credit Twisha's family

ਤਸਵੀਰ ਕੈਪਸ਼ਨ, ਟਵਿਸ਼ਾ ਸ਼ਰਮਾ ਦਾ ਵਿਆਹ ਭੋਪਾਲ ਦੇ ਇੱਕ ਸੇਵਾਮੁਕਤ ਜੱਜ ਦੇ ਪੁੱਤਰ ਨਾਲ ਹੋਇਆ ਸੀ (ਫਾਈਲ ਫੋਟੋ)
    • ਲੇਖਕ, ਵਿਸ਼ਨੂਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

"ਅਸੀਂ ਇੱਕ ਬਹੁਤ ਵੱਡੇ ਸਿਸਟਮ ਨਾਲ ਲੜ ਰਹੇ ਹਾਂ।"

ਭੋਪਾਲ ਵਿੱਚ 33 ਸਾਲਾ ਟਵਿਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨਵਨਿਧਿ ਸ਼ਰਮਾ ਦਾ ਇਹ ਇਲਜ਼ਾਮ ਹੁਣ ਇਸ ਮਾਮਲੇ ਦੇ ਕੇਂਦਰ ਵਿੱਚ ਹੈ। ਪਿਛਲੇ 12 ਮਈ ਦੀ ਰਾਤ ਕਟਾਰਾ ਹਿਲਜ਼ ਸਥਿਤ ਘਰ ਵਿੱਚ ਟਵਿਸ਼ਾ ਦੀ ਲਾਸ਼ ਮਿਲੀ ਸੀ।

ਉਨ੍ਹਾਂ ਦੇ ਪਰਿਵਾਰ ਨੇ ਕਤਲ ਦਾ ਇਲਜ਼ਾਮ ਲਗਾਇਆ ਹੈ, ਜਦਕਿ ਟਵਿਸ਼ਾ ਦੇ ਸਹੁਰੇ ਪੱਖ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ।

ਪੁਲਿਸ ਨੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਉਨ੍ਹਾਂ ਦੀ ਸੱਸ ਗਿਰੀਬਾਲਾ ਸਿੰਘ, ਜੋ ਰਿਟਾਇਰਡ ਜੱਜ ਹਨ, ਦੇ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਦਾਜ ਮੰਗਣ ਨਾਲ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।

ਟਵਿਸ਼ਾ ਦੀਆਂ ਵ੍ਹਟਸਐਪ ਚੈਟਾਂ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਕਈ ਵਾਰ ਸਹੁਰਾ ਪਰਿਵਾਰ ਅਤੇ ਪਤੀ ਸਮਰਥ ਸਿੰਘ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਉੱਥੇ ਹੀ ਸਹੁਰੇ ਪੱਖ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

(ਕਹਾਣੀ ਵਿੱਚ ਦਿੱਤੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ)

ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨ ਆਸਥਾ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ 'ਦਮ ਘੁੱਟਣਾ' ਦੱਸਿਆ ਗਿਆ ਹੈ, ਪਰ ਸਰੀਰ ਉੱਤੇ ਕਈ ਸੱਟਾਂ ਦੇ ਨਿਸ਼ਾਨ ਵੀ ਦਰਜ ਕੀਤੇ ਗਏ ਹਨ।

ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਏਸੀਪੀ ਰਜਨੀਸ਼ ਕਸ਼ਯਪ ਕੌਲ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, "ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੋਸਟਮਾਰਟਮ ਰਿਪੋਰਟ ਵਿੱਚ ਸਰੀਰ ਉੱਤੇ ਕਈ ਸੱਟਾਂ ਦੇ ਨਿਸ਼ਾਨ ਵੀ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।"

ਉਨ੍ਹਾਂ ਕਿਹਾ, "ਪਰਿਵਾਰ ਵੱਲੋਂ ਕਈ ਵ੍ਹਟਸਐਪ ਚੈਟਾਂ ਅਤੇ ਹੋਰ ਥਾਵਾਂ ਉੱਤੇ ਟਵਿਸ਼ਾ ਵੱਲੋਂ ਤੰਗ-ਪਰੇਸ਼ਾਨੀ ਬਾਰੇ ਕੀਤੀਆਂ ਗੱਲਾਂ ਅਤੇ ਇਲਜ਼ਾਮਾਂ ਦੇ ਸਬੂਤ ਦਿੱਤੇ ਗਏ ਹਨ। ਉਨ੍ਹਾਂ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।"

ਦੂਜੇ ਪਾਸੇ, ਸੇਵਾਮੁਕਤ ਜੱਜ ਅਤੇ ਟਵਿਸ਼ਾ ਦੀ ਸੱਸ ਗਿਰੀਬਾਲਾ ਸਿੰਘ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੀ ਹਨ।

ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਅਤੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਹ ਫਿਲਹਾਲ ਫਰਾਰ ਹੈ।

ਗਿਰੀਬਾਲਾ ਸਿੰਘ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਅਜਿਹੇ ਹਾਲਾਤ ਵਿੱਚ ਕਿਸੇ ਆਮ ਵਿਅਕਤੀ ਨੂੰ ਵੀ ਜ਼ਮਾਨਤ ਮਿਲ ਜਾਂਦੀ" ਅਤੇ ਦਾਅਵਾ ਕੀਤਾ ਕਿ ਟਵਿਸ਼ਾ ਮਾਨਸਿਕ ਅਤੇ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੀ ਸੀ।

ਹਾਲਾਂਕਿ ਏਸੀਪੀ ਰਜਨੀਸ਼ ਕਸ਼ਯਪ ਕੌਲ ਨੇ ਬੀਬੀਸੀ ਨੂੰ ਇਹ ਵੀ ਕਿਹਾ ਕਿ ਅਦਾਲਤ ਨੇ ਮੁੱਖ ਮੁਲਜ਼ਮ ਸਮਰਥ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਪੋਸਟਮਾਰਟਮ ਰਿਪੋਰਟ ਵਿੱਚ ਦਰਜ ਸੱਟਾਂ ਦੇ ਨਿਸ਼ਾਨ, ਕਥਿਤ ਵ੍ਹਟਸਐਪ ਚੈਟਾਂ, ਪਰਿਵਾਰ ਵੱਲੋਂ ਲਗਾਏ ਗਏ ਸਬੂਤਾਂ ਨਾਲ ਛੇੜਛਾੜ ਦੇ ਇਲਜ਼ਾਮ ਅਤੇ ਪਤੀ ਸਮਰਥ ਸਿੰਘ ਦੇ ਫਰਾਰ ਹੋਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਸੇਵਾਮੁਕਤ ਜੱਜ ਅਤੇ ਟਵਿਸ਼ਾ ਦੀ ਸੱਸ ਗਿਰੀਬਾਲਾ ਸਿੰਘ

ਤਸਵੀਰ ਸਰੋਤ, Vishnukant Tiwari/BBC

ਤਸਵੀਰ ਕੈਪਸ਼ਨ, ਸੇਵਾਮੁਕਤ ਜੱਜ ਅਤੇ ਟਵਿਸ਼ਾ ਦੀ ਸੱਸ ਗਿਰੀਬਾਲਾ ਸਿੰਘ ਨੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ

ਕੀ ਹੈ ਪੂਰਾ ਮਾਮਲਾ?

ਟਵਿਸ਼ਾ ਸ਼ਰਮਾ ਨੋਇਡਾ ਦੀ ਰਹਿਣ ਵਾਲੀ ਸੀ। ਪਰਿਵਾਰ ਮੁਤਾਬਕ, ਉਨ੍ਹਾਂ ਦੀ ਮੁਲਾਕਾਤ ਭੋਪਾਲ ਦੇ ਵਕੀਲ ਸਮਰਥ ਸਿੰਘ ਨਾਲ 2024 ਵਿੱਚ ਇੱਕ ਡੇਟਿੰਗ ਐਪ ਰਾਹੀਂ ਹੋਈ ਸੀ। ਦੋਵਾਂ ਦਾ ਵਿਆਹ ਦਸੰਬਰ 2025 ਵਿੱਚ ਹੋਇਆ ਸੀ।

ਐੱਫ਼ਆਈਆਰ ਮੁਤਾਬਕ, ਵਿਆਹ ਤੋਂ ਬਾਅਦ ਹੀ ਟਵਿਸ਼ਾ ਅਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਵਿਚਕਾਰ ਤਣਾਅ ਸ਼ੁਰੂ ਹੋ ਗਿਆ ਸੀ।

ਟਵਿਸ਼ਾ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਵਿਆਹ ਵਿੱਚ ਦਾਜ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਲਗਾਤਾਰ ਤਾਅਨੇ ਦਿੱਤੇ ਜਾਂਦੇ ਸਨ ਕਿ ਵਿਆਹ ਉਨ੍ਹਾਂ ਦੇ "ਸਟੈਂਡਰਡ" ਮੁਤਾਬਕ ਨਹੀਂ ਹੋਇਆ।

ਐੱਫ਼ਆਈਆਰ ਵਿੱਚ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਟਵਿਸ਼ਾ ਨੂੰ ਖ਼ਰਚ ਲਈ ਪੈਸੇ ਨਹੀਂ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਮਾਪੇ ਆਨਲਾਈਨ ਪੈਸੇ ਭੇਜਦੇ ਸਨ।

ਇਸੇ ਐੱਫ਼ਆਈਆਰ ਅਨੁਸਾਰ, ਅਪ੍ਰੈਲ 2026 ਵਿੱਚ ਟਵਿਸ਼ਾ ਗਰਭਵਤੀ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਉਨ੍ਹਾਂ ਦੇ ਚਰਿੱਤਰ 'ਤੇ ਸਵਾਲ ਚੁੱਕਦੇ ਸਨ।

ਪਰਿਵਾਰ ਦਾ ਕਹਿਣਾ ਹੈ ਕਿ ਮਈ ਦੇ ਪਹਿਲੇ ਹਫ਼ਤੇ ਵਿੱਚ ਕਥਿਤ ਦਬਾਅ ਤੋਂ ਬਾਅਦ ਟਵਿਸ਼ਾ ਦਾ ਗਰਭਪਾਤ ਕਰਵਾਇਆ ਗਿਆ।

ਟਵਿਸ਼ਾ ਅਤੇ ਸਮਰਥ ਸਿੰਘ

ਤਸਵੀਰ ਸਰੋਤ, Photo credit Twisha's family

ਤਸਵੀਰ ਕੈਪਸ਼ਨ, ਟਵਿਸ਼ਾ ਅਤੇ ਸਮਰਥ ਸਿੰਘ ਡੇਟਿੰਗ ਐਪ ਰਾਹੀਂ ਮਿਲੇ ਸਨ ਅਤੇ ਫਿਰ ਵਿਆਹ ਹੋਇਆ ਸੀ, ਸਮਰਥ ਸਿੰਘ ਇਸ ਵੇਲੇ ਫਰਾਰ ਹਨ (ਫ਼ਾਈਲ ਫ਼ੋਟੋ)

ਪਰਿਵਾਰ ਅਨੁਸਾਰ, 12 ਮਈ ਦੀ ਰਾਤ ਕਰੀਬ 9:41 ਵਜੇ ਟਵਿਸ਼ਾ ਨੇ ਆਪਣੇ ਪਿਤਾ ਨੂੰ ਵ੍ਹਟਸਐਪ ਕਾਲ ਕੀਤੀ।

ਉਨ੍ਹਾਂ ਦੇ ਪਿਤਾ ਨਵਨਿਧੀ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਟਵਿਸ਼ਾ ਨਾਲ ਗੱਲ ਕਰ ਰਹੀ ਸੀ ਤਾਂ ਪਿੱਛੇ ਤੋਂ ਸਮਰਥ ਸਿੰਘ ਦੀ ਆਵਾਜ਼ ਆਈ ਅਤੇ ਅਚਾਨਕ ਫ਼ੋਨ ਕੱਟ ਗਿਆ।

ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ 20 ਮਿੰਟ ਤੱਕ ਲਗਾਤਾਰ ਫ਼ੋਨ ਕੀਤੇ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ।

ਬਾਅਦ ਵਿੱਚ ਗਿਰੀਬਾਲਾ ਸਿੰਘ ਨੇ ਫ਼ੋਨ ਚੁੱਕਿਆ ਅਤੇ ਕਿਹਾ, "ਸ਼ੀ ਇਜ਼ ਨੋ ਮੋਰ।"

ਪੁਲਿਸ ਮੁਤਾਬਕ, ਟਵਿਸ਼ਾ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।

ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਵਿੱਚ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਗਿਆ।

ਰਿਪੋਰਟ ਵਿੱਚ ਸਰੀਰ ਦੇ ਹੋਰ ਹਿੱਸਿਆਂ ਉੱਤੇ ਕਈ ਸੱਟਾਂ ਦਾ ਵੀ ਜ਼ਿਕਰ ਹੈ।

ਮਾਮਲੇ ਵਿੱਚ ਭੋਪਾਲ ਪੁਲਿਸ ਨੇ ਛੇ ਮੈਂਬਰੀ ਐੱਸਆਈਟੀ ਬਣਾਈ ਹੈ।

ਨਵਨਿਧੀ ਸ਼ਰਮਾ

ਟਵਿਸ਼ਾ ਦੇ ਪਰਿਵਾਰਕ ਮੈਂਬਰ ਕੀ ਇਲਜ਼ਾਮ ਲਗਾ ਰਹੇ ਹਨ

ਟਵਿਸ਼ਾ ਦੇ ਪਿਤਾ ਨਵਨਿਧੀ ਸ਼ਰਮਾ ਅਤੇ ਉਨ੍ਹਾਂ ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਦਾ ਇਲਜ਼ਾਮ ਹੈ ਕਿ 'ਇਹ ਖ਼ੁਦਕੁਸ਼ੀ ਨਹੀਂ ਸਗੋਂ ਕਤਲ' ਦਾ ਮਾਮਲਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਨਵਨਿਧੀ ਸ਼ਰਮਾ ਨੇ ਕਿਹਾ, "ਪੁਲਿਸ ਨੇ ਖ਼ੁਦ ਅਦਾਲਤ ਵਿੱਚ ਕਿਹਾ ਹੈ ਕਿ ਮੁਲਜ਼ਮ ਪ੍ਰਭਾਵਸ਼ਾਲੀ ਲੋਕ ਹਨ ਅਤੇ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਫਿਰ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਕਿਵੇਂ ਮਿਲ ਗਈ?"

ਉਨ੍ਹਾਂ ਇਲਜ਼ਾਮ ਲਗਾਇਆ ਕਿ ਮੁਲਜ਼ਮ ਪਰਿਵਾਰ ਦਾ ਨਿਆਂਪਾਲਿਕਾ, ਲੋਕਾਯੁਕਤ ਅਤੇ ਮੈਡੀਕਲ ਖੇਤਰ ਵਿੱਚ ਪ੍ਰਭਾਵ ਹੈ।

ਨਵਨਿਧੀ ਸ਼ਰਮਾ ਨੇ ਕਿਹਾ, "ਅਸੀਂ ਇੱਕ ਬਹੁਤ ਵੱਡੇ ਸਿਸਟਮ ਨਾਲ ਲੜ ਰਹੇ ਹਾਂ। ਮੇਰੀ ਟਵਿਸ਼ਾ ਬਹੁਤ ਟੈਲੇਂਟਡ (ਹੁਸ਼ਿਆਰ) ਸੀ। ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਨੇ ਉਸ ਨੂੰ ਹਮੇਸ਼ਾ ਤੰਗ-ਪਰੇਸ਼ਾਨ ਕੀਤਾ…"

ਉਨ੍ਹਾਂ ਦਾ ਇਲਜ਼ਾਮ ਹੈ ਕਿ ਘਟਨਾ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਕੀਤੀ ਗਈ।

ਉਨ੍ਹਾਂ ਕਿਹਾ, "ਟਵਿਸ਼ਾ ਦੀ ਸੱਸ ਕਹਿ ਰਹੀ ਹੈ ਕਿ ਉਨ੍ਹਾਂ ਲੋਕਾਂ ਨੇ ਟਵਿਸ਼ਾ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੇਰੀ ਧੀ ਨੇ ਕਥਿਤ ਤੌਰ 'ਤੇ ਦੂਜੀ ਮੰਜ਼ਿਲ 'ਤੇ ਖੁਦਕੁਸ਼ੀ ਕੀਤੀ ਤਾਂ ਉਸ ਨੂੰ ਹੇਠਾਂ ਲਿਆ ਕੇ ਕੈਮਰੇ ਸਾਹਮਣੇ ਸੀਪੀਆਰ ਦੇਣ ਦਾ ਕੀ ਮਤਲਬ ਹੈ?"

ਨਵਨਿਧੀ ਸ਼ਰਮਾ ਨੇ ਇਹ ਵੀ ਸਵਾਲ ਚੁੱਕਿਆ ਕਿ ਘਰ ਦੇ ਨੇੜੇ ਪੁਲਿਸ ਚੌਕੀ ਹੋਣ ਦੇ ਬਾਵਜੂਦ ਪੁਲਿਸ ਨੂੰ ਤੁਰੰਤ ਸੂਚਨਾ ਕਿਉਂ ਨਹੀਂ ਦਿੱਤੀ ਗਈ?

ਉਨ੍ਹਾਂ ਕਿਹਾ, "ਇਹ ਸਾਰੇ ਲੋਕ ਕਾਨੂੰਨ ਦੇ ਜਾਣਕਾਰ ਹਨ, ਕੀ ਇਨ੍ਹਾਂ ਨੂੰ ਨਹੀਂ ਪਤਾ ਕਿ ਅਜਿਹੇ ਮਾਮਲੇ ਵਿੱਚ ਤੁਰੰਤ ਪੁਲਿਸ ਨੂੰ ਬੁਲਾਉਣਾ ਚਾਹੀਦਾ ਹੈ? ਜਿੱਥੇ ਇਨ੍ਹਾਂ ਦਾ ਘਰ ਹੈ ਉੱਥੋਂ ਕੁਝ ਹੀ ਮੀਟਰ ਦੂਰ ਪੁਲਿਸ ਚੌਕੀ ਹੈ ਪਰ ਪੁਲਿਸ ਨੂੰ ਉਸ ਵੇਲੇ ਕੋਈ ਸੂਚਨਾ ਨਹੀਂ ਦਿੱਤੀ ਗਈ। ਆਖ਼ਿਰ ਇਹ ਲੋਕ ਕੀ ਲੁਕਾਉਣਾ ਚਾਹੁੰਦੇ ਸਨ?"

ਪੋਸਟਮਾਰਟਮ 'ਤੇ ਸਵਾਲ

ਟਵਿਸ਼ਾ ਦੇ ਪਿਤਾ ਨਵਨਿਧੀ ਸ਼ਰਮਾ

ਤਸਵੀਰ ਸਰੋਤ, Photo credit Twisha's family

ਤਸਵੀਰ ਕੈਪਸ਼ਨ, ਟਵਿਸ਼ਾ ਦੇ ਪਿਤਾ ਨਵਨਿਧੀ ਸ਼ਰਮਾ ਨੇ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ (ਫ਼ਾਈਲ ਫ਼ੋਟੋ)

ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਪਰਿਵਾਰ ਲਗਾਤਾਰ ਸਵਾਲ ਚੁੱਕ ਰਿਹਾ ਹੈ।

ਨਵਨਿਧੀ ਸ਼ਰਮਾ ਨੇ ਬੀਬੀਸੀ ਨੂੰ ਕਿਹਾ, "ਜੇ ਇਹ ਖ਼ੁਦਕੁਸ਼ੀ ਸੀ ਤਾਂ ਸਰੀਰ 'ਤੇ ਇੰਨੇ ਨਿਸ਼ਾਨ ਕਿਵੇਂ ਆਏ?"

ਉਨ੍ਹਾਂ ਇਲਜ਼ਾਮ ਲਗਾਇਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਟਵਿਸ਼ਾ ਦੀ ਲੰਬਾਈ ਗ਼ਲਤ ਦਰਜ ਹੈ ਅਤੇ ਮੌਤ ਕਿਵੇਂ ਹੋਈ ਇਸ ਦਾ ਸਪੱਸ਼ਟ ਜ਼ਿਕਰ ਨਹੀਂ ਹੈ।

33 ਸਾਲਾ ਟਵਿਸ਼ਾ ਸ਼ਰਮਾ ਦੇ ਪਰਿਵਾਰ ਮੁਤਾਬਕ, ਉਨ੍ਹਾਂ ਨੇ ਐੱਮਬੀਏ ਦੀ ਪੜ੍ਹਾਈ ਕੀਤੀ ਸੀ ਅਤੇ ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਖੇਤਰ ਵਿੱਚ ਕੰਮ ਕਰ ਰਹੀ ਸੀ। ਉਨ੍ਹਾਂ ਨੇ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਕਾਰਪੋਰੇਟ ਸੈਕਟਰ ਵਿੱਚ ਕੰਮ ਕੀਤਾ ਸੀ।

ਟਵਿਸ਼ਾ ਦੀ ਪਛਾਣ ਸਿਰਫ਼ ਕਾਰਪੋਰੇਟ ਦੁਨੀਆ ਤੱਕ ਸੀਮਤ ਨਹੀਂ ਸੀ। ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ਟਵਿਸ਼ਾ ਮਾਡਲਿੰਗ, ਅਦਾਕਾਰੀ ਅਤੇ ਬਿਊਟੀ ਪੇਜੈਂਟਸ ਨਾਲ ਵੀ ਜੁੜੀ ਰਹੀ ਸੀ।

ਨਵਨਿਧੀ ਸ਼ਰਮਾ ਨੇ ਕਿਹਾ, "ਮੇਰੀ ਧੀ ਮਿਸ ਪੁਣੇ ਰਹਿ ਚੁੱਕੀ ਸੀ, ਕਈ ਵੱਡੀਆਂ ਕੰਪਨੀਆਂ ਲਈ ਇਸ਼ਤਿਹਾਰ ਵੀ ਕਰ ਚੁੱਕੀ ਸੀ ਅਤੇ ਇੱਕ ਤੇਲਗੂ ਫ਼ਿਲਮ ਵਿੱਚ ਵੀ ਕੰਮ ਕਰ ਚੁੱਕੀ ਸੀ। ਫਿਰ ਕੋਵਿਡ ਤੋਂ ਬਾਅਦ ਉਸ ਨੇ ਕਿਹਾ ਕਿ ਪਾਪਾ ਹੁਣ ਕੋਈ ਵਧੀਆ ਅਤੇ ਸਥਿਰ ਨੌਕਰੀ ਕਰਾਂਗੀ। ਉਸ ਨੇ ਇਸ ਖੇਤਰ ਵਿੱਚ ਵੀ ਆਪਣੀ ਥਾਂ ਬਣਾ ਲਈ ਸੀ।"

ਟਵਿਸ਼ਾ ਦੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਵਿਆਹ ਤੋਂ ਬਾਅਦ ਟਵਿਸ਼ਾ ਨੂੰ 'ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ-ਪਰੇਸ਼ਾਨ' ਕੀਤਾ ਗਿਆ। ਉਨ੍ਹਾਂ ਮੁਤਾਬਕ, ਟਵਿਸ਼ਾ ਵਾਪਸ ਨੋਇਡਾ ਮੁੜਨਾ ਚਾਹੁੰਦੀ ਸੀ।

ਵ੍ਹਟਸਐਪ ਚੈਟਾਂ ਵਿੱਚ ਟਵਿਸ਼ਾ ਨੇ ਆਪਣੀ ਮਾਂ ਨੂੰ ਲਿਖਿਆ ਸੀ, "ਮੈਨੂੰ ਬਹੁਤ ਜ਼ਿਆਦਾ ਘੁੱਟਣ ਮਹਿਸੂਸ ਹੋ ਰਹੀ ਹੈ ਮਾਂ।" ਇੱਕ ਹੋਰ ਸੁਨੇਹੇ ਵਿੱਚ ਉਨ੍ਹਾਂ ਨੇ ਕਥਿਤ ਤੌਰ 'ਤੇ ਲਿਖਿਆ, "ਮੇਰੀ ਜ਼ਿੰਦਗੀ ਨਰਕ ਬਣ ਗਈ ਹੈ।"

ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਪੱਖ ਹੁਣ ਟਵਿਸ਼ਾ ਦੇ 'ਚਰਿੱਤਰ ਅਤੇ ਮਾਨਸਿਕ ਹਾਲਤ' ਨੂੰ ਲੈ ਕੇ ਇਲਜ਼ਾਮ ਲਗਾ ਰਿਹਾ ਹੈ ਤਾਂ ਜੋ ਮਾਮਲੇ ਦਾ ਰੁਖ਼ ਬਦਲਿਆ ਜਾ ਸਕੇ।

ਨਵਨਿਧੀ ਸ਼ਰਮਾ ਨੇ ਕਿਹਾ, "ਮੇਰੀ ਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਸੱਸ ਜੱਜ ਗਿਰੀਬਾਲਾ ਸਿੰਘ ਨੇ ਕੀ ਕਿਹਾ?

ਸੇਵਾਮੁਕਤ ਜੱਜ ਗਿਰੀਬਾਲਾ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੇਵਾਮੁਕਤ ਜੱਜ ਗਿਰੀਬਾਲਾ ਸਿੰਘ ਨੇ ਦਾਅਵਾ ਕੀਤਾ ਕਿ ਟਵਿਸ਼ਾ ਮਾਨਸਿਕ ਅਤੇ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੀ ਸੀ

ਸੇਵਾਮੁਕਤ ਜੱਜ ਗਿਰੀਬਾਲਾ ਸਿੰਘ ਨੇ ਪ੍ਰੈੱਸ ਕਾਨਫਰੰਸ ਅਤੇ ਅਦਾਲਤ ਵਿੱਚ ਦਾਖ਼ਲ ਆਪਣੀ ਅਗਾਊਂ ਜ਼ਮਾਨਤ ਅਰਜ਼ੀ ਵਿੱਚ ਟਵਿਸ਼ਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਟਵਿਸ਼ਾ ਅਤੇ ਸਮਰਥ ਸਿੰਘ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਪਰਿਵਾਰਾਂ ਵਿਚਕਾਰ "ਕਾਫ਼ੀ ਫ਼ਰਕ" ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਕੀਤਾ ਸੀ।

ਗਿਰੀਬਾਲਾ ਸਿੰਘ ਨੇ ਦਾਅਵਾ ਕੀਤਾ, "ਟਵਿਸ਼ਾ ਮਾਨਸਿਕ ਅਤੇ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੀ ਸੀ, ਉਸ ਦਾ ਇਲਾਜ ਚੱਲ ਰਿਹਾ ਸੀ।"

ਟਵਿਸ਼ਾ ਦੇ ਮਾਪਿਆਂ ਵੱਲੋਂ ਲਗਾਏ ਗਏ ਸਹੁਰੇ ਪੱਖ ਦੇ ਪ੍ਰਭਾਵਸ਼ਾਲੀ ਹੋਣ ਅਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਗਿਰੀਬਾਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ "ਜੋ ਅਗਾਊਂ ਜ਼ਮਾਨਤ ਮਿਲੀ, ਉਸ ਦਾ ਉਨ੍ਹਾਂ ਦੇ ਨਿਆਂਇਕ ਪਿਛੋਕੜ ਨਾਲ ਕੋਈ ਸੰਬੰਧ ਨਹੀਂ ਹੈ।"

ਏਸੀਪੀ ਰਜਨੀਸ਼ ਕਸ਼ਯਪ

ਪੁਲਿਸ ਨੇ ਕੀ ਕਿਹਾ

ਮਾਮਲੇ ਦੀ ਜਾਂਚ ਲਈ ਭੋਪਾਲ ਪੁਲਿਸ ਨੇ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ, ਜਿਸ ਦੀ ਅਗਵਾਈ ਏਸੀਪੀ ਰਜਨੀਸ਼ ਕਸ਼ਯਪ ਕੌਲ ਕਰ ਰਹੇ ਹਨ।

ਪੁਲਿਸ ਨੇ ਟਵਿਸ਼ਾ ਸ਼ਰਮਾ ਦੇ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਦੇ ਖ਼ਿਲਾਫ਼ ਦਾਜ ਮੌਤ, ਤੰਗ-ਪਰੇਸ਼ਾਨ ਕਰਨ ਅਤੇ ਦਾਜ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਏਸੀਪੀ ਰਜਨੀਸ਼ ਕਸ਼ਯਪ ਕੌਲ ਨੇ ਕਿਹਾ, "ਕਿਉਂਕਿ ਵਿਆਹ ਤੋਂ ਕਰੀਬ ਸਾਢੇ ਪੰਜ ਮਹੀਨਿਆਂ ਦੇ ਅੰਦਰ ਹੀ ਔਰਤ ਦੀ ਮੌਤ ਹੋਈ ਹੈ, ਇਸ ਲਈ ਮਾਮਲੇ ਦੀ ਜਾਂਚ ਦਾਜ ਮੌਤ ਨਾਲ ਜੁੜੇ ਪ੍ਰਾਵਧਾਨਾਂ ਤਹਿਤ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ।"

ਪੋਸਟਮਾਰਟਮ ਰਿਪੋਰਟ ਵਿੱਚ ਦਰਜ ਸੱਟਾਂ ਦੇ ਨਿਸ਼ਾਨਾਂ ਬਾਰੇ ਏਸੀਪੀ ਰਜਨੀਸ਼ ਕਸ਼ਯਪ ਕੌਲ ਨੇ ਕਿਹਾ, "ਪੋਸਟਮਾਰਟਮ ਰਿਪੋਰਟ ਵਿੱਚ ਸਰੀਰ ਉੱਤੇ ਕਈ ਸੱਟਾਂ ਦੇ ਨਿਸ਼ਾਨ ਵੀ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।"

ਉਨ੍ਹਾਂ ਕਿਹਾ ਕਿ ਪੁਲਿਸ ਨੇ ਅਦਾਲਤ ਵਿੱਚ ਇਹ ਪੱਖ ਵੀ ਰੱਖਿਆ ਹੈ ਕਿ ਜੇ ਮੁਲਜ਼ਮਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਸਬੂਤਾਂ ਨਾਲ ਛੇੜਛਾੜ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਮੁਤਾਬਕ, "ਮੁੱਖ ਮੁਲਜ਼ਮ ਸਮਰਥ ਸਿੰਘ ਹੈ। ਅਸੀਂ ਅਦਾਲਤ ਵਿੱਚ ਇਹ ਪੱਖ ਰੱਖਿਆ ਹੈ ਕਿ ਜੇ ਮੁਲਜ਼ਮਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ ਅਤੇ ਇਸੇ ਆਧਾਰ 'ਤੇ ਸਮਰਥ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਗਈ ਹੈ।"

"ਇਸ ਤੋਂ ਇਲਾਵਾ ਘਟਨਾ ਤੋਂ ਬਾਅਦ ਮੁਲਜ਼ਮ ਪੱਖ ਨੇ ਪੁਲਿਸ ਨੂੰ ਤੁਰੰਤ ਸੂਚਨਾ ਵੀ ਨਹੀਂ ਦਿੱਤੀ, ਜਦਕਿ ਇਹ ਪੱਖ ਕਾਨੂੰਨ ਅਤੇ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ ਲੋਕ ਹਨ।"

ਮਾਮਲੇ ਵਿੱਚ ਸ਼ੁਰੂਆਤੀ ਜਾਂਚ 'ਤੇ ਵੀ ਸਵਾਲ ਉੱਠੇ ਹਨ। ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਕਥਿਤ ਫਾਹੇ ਨੂੰ ਪੋਸਟਮਾਰਟਮ ਦੌਰਾਨ ਪੇਸ਼ ਨਹੀਂ ਕੀਤਾ ਗਿਆ ਸੀ।

ਇਸ 'ਤੇ ਏਸੀਪੀ ਨੇ ਕਿਹਾ, "ਤਤਕਾਲੀ ਜਾਂਚ ਅਧਿਕਾਰੀ ਵੱਲੋਂ ਸਮੱਗਰੀ ਨਾ ਭੇਜਣ ਦੇ ਸੰਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਐੱਫ਼ਐੱਸਐੱਲ ਟੀਮ ਨੇ ਉਸ ਫਾਹੇ ਨੂੰ ਘਟਨਾ ਸਥਾਨ ਤੋਂ ਹੀ ਜ਼ਬਤ ਕੀਤਾ ਸੀ ਪਰ ਉਹ ਪੋਸਟਮਾਰਟਮ ਲਈ ਕਿਵੇਂ ਨਹੀਂ ਪਹੁੰਚਿਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"

ਪੁਲਿਸ ਨੇ ਸਮਰਥ ਸਿੰਘ ਦੀ ਗ੍ਰਿਫ਼ਤਾਰੀ ਲਈ 10 ਹਜ਼ਾਰ ਰੁਪਏ ਇਨਾਮ ਦਾ ਐਲਾਨ ਕੀਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਦਾਜ ਲਈ ਤੰਗ-ਪਰੇਸ਼ਾਨੀ, ਸਰੀਰਕ ਹਿੰਸਾ ਅਤੇ ਸਬੂਤ ਮਿਟਾਉਣ ਦੇ ਇਲਜ਼ਾਮਾਂ ਸਮੇਤ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਟਵਿਸ਼ਾ ਦੇ ਪਰਿਵਾਰ ਨੇ ਮਾਮਲੇ ਵਿੱਚ ਨਵੇਂ ਸਿਰੇ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਾ ਪੋਸਟਮਾਰਟਮ ਏਮਜ਼ ਦਿੱਲੀ ਜਾਂ ਬਾਹਰ ਕਿਸੇ ਸੁਤੰਤਰ ਮਾਹਰ ਸੰਸਥਾ ਵਿੱਚ ਕਰਵਾਇਆ ਜਾਣਾ ਚਾਹੀਦਾ ਹੈ।

ਟਵਿਸ਼ਾ ਦੇ ਪਿਤਾ ਨਵਨਿਧੀ ਸ਼ਰਮਾ ਨੇ ਕਿਹਾ, "ਮੈਂ ਦਿਲ ਦਾ ਮਰੀਜ਼ ਹਾਂ, ਪਰ ਆਪਣੀ ਧੀ ਲਈ ਇਨਸਾਫ਼ ਮੰਗਣ ਵਾਸਤੇ ਦਿਨ-ਰਾਤ ਭੱਜਦੌੜ ਕਰ ਰਿਹਾ ਹਾਂ।"

ਉਨ੍ਹਾਂ ਅੱਗੇ ਕਿਹਾ, "ਸਾਡੇ ਲਈ ਤਾਂ ਸਭ ਕੁਝ ਛੁੱਟ ਗਿਆ ਹੈ। ਮੇਰੀ ਧੀ ਨਾਲ ਜਿਉਂਦੇ ਜੀ ਵੀ ਬਹੁਤ ਗ਼ਲਤ ਹੋਇਆ ਅਤੇ ਹੁਣ ਮੌਤ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਾ ਮਿਲੇ, ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

"ਅਸੀਂ ਤਾਂ ਸਿਰਫ਼ ਧੀ ਨੂੰ ਇਨਸਾਫ਼ ਮਿਲੇ ਇਸ ਲਈ ਲੜ ਰਹੇ ਹਾਂ ਅਤੇ ਧੀ ਨੂੰ ਇਨਸਾਫ਼ ਦਿਵਾ ਕੇ ਹੀ ਰਹਾਂਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)