10 ਲੋਕਾਂ ਵਾਲਾ ਇਹ ਪਿੰਡ ਦੋ ਵਾਰ ਹਨੇਰੇ ਵਿੱਚ ਡੁੱਬੇਗਾ, ਸੂਰਜ ਗ੍ਰਹਿਣ ਕਿਵੇਂ ਬਣੇਗਾ ਇੱਥੇ ਖਿੱਚ ਦਾ ਕੇਂਦਰ

ਸਪੇਨ ਦਾ ਪਿੰਡ

ਤਸਵੀਰ ਸਰੋਤ, Rishika Sharma

ਤਸਵੀਰ ਕੈਪਸ਼ਨ, ਇਸ ਪਿੰਡ ਵਿੱਚ ਨਾ ਦੇ ਬਰਾਬਰ ਹੀ ਲੋਕ ਹੀ ਰਹਿੰਦੇ ਹਨ
    • ਲੇਖਕ, ਰਿਸ਼ਿਕਾ ਸ਼ਰਮਾ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਉੱਤਰੀ ਸਪੇਨ ਦੇ ਬੁਰਗੋਸ ਸੂਬੇ ਵਿੱਚ ਸਥਿਤ ਇਸ ਨਿੱਕੇ ਜਿਹੇ ਪਿੰਡ ਐਵੇਲਾਨੋਸਾ ਦੀ ਮੁਨਿਓ ਵਿੱਚ ਨਾ ਕੋਈ ਰੈਸਟੋਰੈਂਟ ਹੈ ਅਤੇ ਨਾ ਹੀ ਕੋਈ ਦੁਕਾਨ। ਬਹੁਤ ਹੀ ਘੱਟ ਆਵਾਜਾਈ ਵਾਲਾ ਇਹ ਪਿੰਡ ਐਵੇਲਾਨੋਸਾ ਦੀ ਮੁਨਿਓ ਇੱਕ ਅਸਾਧਾਰਣ ਰਾਤ ਦੀ ਤਿਆਰੀ ਕਰ ਰਿਹਾ ਹੈ।

ਇੱਥੇ ਜੇ ਧਿਆਨ ਨਾਲ ਸੁਣੋ ਤਾਂ ਇੱਕ ਹੌਲੀ ਜਿਹੀ ਧੁਨ ਮਹਿਸੂਸ ਹੁੰਦੀ ਹੈ। ਤੇਜ਼ ਗਰਮੀ ਦੀ ਧੁੱਪ ਨਾਲ ਝੁਲਸੀਆਂ ਲੈਵੈਂਡਰ ਦੀਆਂ ਝਾੜੀਆਂ ਦੇ ਆਲੇ-ਦੁਆਲੇ ਮੰਡਰਾਉਂਦੀਆਂ ਮੱਖੀਆਂ ਦੀ ਹੌਲੀ ਗੂੰਜ ਸੁਣਾਈ ਦਿੰਦੀ ਹੈ।

ਉੱਪਰ ਪੱਥਰ ਦੀਆਂ ਛੱਤਾਂ ਵਿਚਕਾਰ ਤੇਜ਼ੀ ਨਾਲ ਉੱਡਦੀਆਂ ਕਾਲੀਆਂ-ਚਿੱਟੀਆਂ ਚਿੜੀਆਂ ਦੀ ਚਹਿਚਹਾਟ, ਲਗਭਗ ਖਾਲੀ ਗਲੀਆਂ ਵਿੱਚ ਗੂੰਜਦੀ ਹੈ। ਘਰਾਂ ਤੋਂ ਕੁਝ ਦੂਰ ਇੱਕ ਇਕੱਲੇ ਟਰੈਕਟਰ ਦੀ ਗੜਗੜਾਹਟ ਹੀ ਅਕਸਰ ਇੱਥੇ ਮਨੁੱਖੀ ਜੀਵਨ ਦੀ ਧੁੰਦਲੀ ਜਿਹੀ ਨਿਸ਼ਾਨੀ ਹੁੰਦੀ ਹੈ।

ਇਹ ਖ਼ਾਮੋਸ਼ੀ ਹਫ਼ਤੇ ਵਿੱਚ ਇੱਕ ਵਾਰ ਉਦੋਂ ਟੁੱਟਦੀ ਹੈ, ਜਦੋਂ ਨੇੜਲੀ ਬੇਕਰੀ ਦੀ ਇੱਕ ਸਾਦੀ ਜਿਹੀ ਚਿੱਟੀ ਵੈਨ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੀ ਹੋਈ ਇੱਥੇ ਰਹਿ ਗਏ ਮੁੱਠੀ ਭਰ ਲੋਕਾਂ ਲਈ ਰੋਟੀ ਲੈ ਕੇ ਆਉਂਦੀ ਹੈ। ਕੁਝ ਪਲਾਂ ਲਈ ਇਹ ਵੈਨ ਪਿੰਡ ਦੀ ਸੁਸਤ ਜ਼ਿੰਦਗੀ ਵਿੱਚ ਹਲਚਲ ਪੈਦਾ ਕਰ ਦਿੰਦੀ ਹੈ।

ਇਨ੍ਹਾਂ ਕੁਝ ਲੋਕਾਂ ਲਈ ਇਹੀ ਰੋਜ਼ਾਨਾ ਜ਼ਿੰਦਗੀ ਦੀ ਲੈਅ ਹੈ। ਅਜਿਹੀ ਥਾਂ, ਜਿੱਥੇ ਜ਼ਿਆਦਾਤਰ ਦਿਨ ਅਸਲ ਵਿੱਚ ਕੁਝ ਵੀ ਨਹੀਂ ਵਾਪਰਦਾ।

ਆਮ ਜਿਹਾ ਪਿੰਡ ਕਿਵੇਂ ਬਣ ਗਿਆ ਖ਼ਾਸ

ਪਰ ਇਸ ਗਰਮੀਆਂ ਵਿੱਚ ਸਭ ਕੁਝ ਬਦਲਣ ਵਾਲਾ ਹੈ। ਆਮ ਤੌਰ 'ਤੇ ਸੁੰਨਸਾਨ ਰਹਿਣ ਵਾਲਾ ਇਹ ਪਿੰਡ ਕੁਝ ਸਮੇਂ ਲਈ ਦੁਨੀਆ ਦੀਆਂ ਸਭ ਤੋਂ ਰੋਮਾਂਚਕ ਥਾਵਾਂ ਵਿੱਚੋਂ ਇੱਕ ਬਣ ਜਾਵੇਗਾ।

12 ਅਗਸਤ 2026 ਨੂੰ ਐਟਲਾਂਟਿਕ ਮਹਾਂਸਾਗਰ ਦੇ ਉੱਪਰੋਂ ਲੰਘਦਾ ਪੂਰਨ ਸੂਰਜ ਗ੍ਰਹਿਣ ਯੂਰਪ ਦੇ ਮੁੱਖ ਭੂ-ਭਾਗ ਵਿੱਚ ਦਿਖਾਈ ਦੇਵੇਗਾ।

ਇਹ 1999 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਯੂਰਪ ਦੇ ਮੁੱਖ ਭੂ-ਭਾਗ ਤੋਂ ਪੂਰਨ ਸੂਰਜ ਗ੍ਰਹਿਣ ਦੇਖਿਆ ਜਾ ਸਕੇਗਾ। ਮੈਡ੍ਰਿਡ ਵਿੱਚ ਰਹਿਣ ਵਾਲੀ ਭੌਤਿਕ ਵਿਗਿਆਨੀ ਡਾ. ਮਾਰੀਆ ਤੇਰੇਸਾ ਲੋਪੇਜ਼ ਸਾਂਚੇਜ਼ ਮੁਤਾਬਕ, ਮੁੱਖ ਸਪੇਨ ਤੋਂ ਇਹ 1912 ਤੋਂ ਬਾਅਦ ਪਹਿਲਾ ਪੂਰਨ ਸੂਰਜ ਗ੍ਰਹਿਣ ਹੋਵੇਗਾ।

ਹਾਲਾਂਕਿ ਪੂਰਨ ਗ੍ਰਹਿਣ ਦਾ ਨਜ਼ਾਰਾ ਮਹਾਂਦੀਪ ਵਿੱਚ ਸਿਰਫ਼ ਇੱਕ ਤੰਗ ਪੱਟੀ ਦੇ ਅੰਦਰ ਹੀ ਦਿਖਾਈ ਦੇਵੇਗਾ ਅਤੇ ਐਵੇਲਾਨੋਸਾ ਦੀ ਮੁਨਿਓ ਇਸੇ ਪੱਟੀ ਦੇ ਬਿਲਕੁਲ ਅੰਦਰ ਸਥਿਤ ਹੈ। ਇਸ ਛੋਟੇ ਜਿਹੇ ਪਿੰਡ ਨੂੰ ਗ੍ਰਹਿਣ ਦੇਖਣ ਲਈ ਖ਼ਾਸ ਬਣਾਉਂਦਾ ਹੈ ਇੱਥੋਂ ਦਾ ਕੁਦਰਤੀ ਨਜ਼ਾਰਾ।

ਸੁਨਹਿਰੀ ਕਣਕ ਦੇ ਖੇਤ ਅਤੇ ਨੀਵੀਆਂ ਪਹਾੜੀਆਂ ਪੱਛਮ ਵੱਲ ਖੁੱਲ੍ਹੇ ਅਸਮਾਨ ਤੱਕ ਫੈਲੀਆਂ ਹੋਈਆਂ ਹਨ। ਇੱਥੇ ਇਮਾਰਤਾਂ ਘੱਟ ਹਨ, ਨਕਲੀ ਰੌਸ਼ਨੀ ਬਹੁਤ ਘੱਟ ਹੈ ਅਤੇ ਉਨ੍ਹਾਂ ਮਸ਼ਹੂਰ ਥਾਵਾਂ ਵਾਂਗ ਭੀੜ ਵੀ ਨਹੀਂ ਹੋਵੇਗੀ, ਜਿੱਥੇ ਲੋਕਾਂ ਦੇ ਗ੍ਰਹਿਣ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।

ਗ੍ਰਹਿਣ ਦਾ ਸਮਾਂ ਇਸ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ। ਇਹ ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਹੋਵੇਗਾ, ਜਿਸ ਕਾਰਨ ਕੁਝ ਹੀ ਮਿੰਟਾਂ ਵਿੱਚ ਦੋ ਵਾਰ ਸ਼ਾਮ ਵਰਗਾ ਹਨੇਰਾ ਛਾ ਜਾਵੇਗਾ।

ਪਿੰਡ ਵਿੱਚ ਰਾਸ਼ਨ ਦੇਣ ਆਉਣ ਵਾਲੀ ਵੈਨ

ਤਸਵੀਰ ਸਰੋਤ, Rishika Sharma

ਤਸਵੀਰ ਕੈਪਸ਼ਨ, ਐਵੇਲਾਨੋਸਾ ਦੀ ਮੁਨਿਓ ਵਿੱਚ ਬਚੇ ਹੋਏ ਕੁਝ ਵਸਨੀਕਾਂ ਲਈ ਹਫ਼ਤੇ ਵਿੱਚ ਇੱਕ ਵਾਰ ਬੇਕਰੀ ਦੀ ਵੈਨ ਰੋਟੀ ਲੈ ਕੇ ਆਉਂਦੀ ਹੈ

ਲੋਪੇਜ਼ ਇਸ ਨੂੰ "ਕੁਝ ਮਿੰਟਾਂ ਵਿੱਚ ਦੋ ਵਾਰ ਸੂਰਜ ਡੁੱਬਣ ਦਾ ਅਨੁਭਵ" ਦੱਸਦੀ ਹੈ। ਇਸੇ ਰਾਤ ਬਾਅਦ ਵਿੱਚ ਪਰਸੀਡਸ ਉਲਕਾ ਵਰਖਾ ਵੀ ਦਿਖਾਈ ਦੇਵੇਗੀ, ਜਿਸ ਨਾਲ ਆਸਮਾਨ ਵਿੱਚ ਦੋ ਵਿਰਲੀਆਂ ਖਗੋਲੀ ਘਟਨਾਵਾਂ ਇਕੱਠੀਆਂ ਨਜ਼ਰ ਆਉਣਗੀਆਂ।

ਪਿੰਡ ਦੀ ਵਸਨੀਕ ਸਾਰਾ ਅਲਵਾਰੇਜ਼ ਰੋਦਰੀਗੇਜ਼ ਨੂੰ ਇਹ ਵੀ ਪਤਾ ਹੈ ਕਿ ਲੋਕਾਂ ਨੂੰ ਗ੍ਰਹਿਣ ਦੇਖਣ ਲਈ ਕਿੱਥੇ ਜਾਣਾ ਚਾਹੀਦਾ ਹੈ। ਉਹ ਕਹਿੰਦੀ ਹੈ, "ਗੁਫ਼ਾ ਵੱਲ ਉੱਪਰ ਚਲੇ ਜਾਓ, ਉੱਥੋਂ ਸਭ ਕੁਝ ਦਿਖਾਈ ਦਿੰਦਾ ਹੈ।"

ਅਲਵਾਰੇਜ਼ ਦਾ ਜਨਮ 1937 ਵਿੱਚ ਐਵੇਲਾਨੋਸਾ ਦੀ ਮੁਨਿਓ ਵਿੱਚ ਹੋਇਆ ਸੀ ਅਤੇ ਉਹ ਅੱਜ ਤੱਕ ਇਸੇ ਪਿੰਡ ਵਿੱਚ ਰਹੀ ਹੈ। ਇੱਥੇ ਲਗਭਗ ਨੌਂ ਦਹਾਕਿਆਂ ਦੌਰਾਨ ਉਸ ਨੇ ਪਿੰਡ ਨੂੰ ਪੂਰੀ ਤਰ੍ਹਾਂ ਬਦਲਦੇ ਦੇਖਿਆ ਹੈ।

ਉਹ ਦੱਸਦੇ ਹਨ ਕਿ 1950 ਦੇ ਦਹਾਕੇ ਵਿੱਚ ਪਿੰਡ ਵਿੱਚ ਲਗਭਗ 200 ਲੋਕ ਰਹਿੰਦੇ ਸਨ ਅਤੇ ਕਈ ਛੋਟੀਆਂ ਦੁਕਾਨਾਂ ਵੀ ਸਨ। ਇੱਥੋਂ ਦੇ ਮੱਛੀ ਵੇਚਣ ਵਾਲੇ ਸਾਈਕਲਾਂ 'ਤੇ ਨੇੜਲੇ ਪਿੰਡਾਂ ਵਿੱਚ ਆਪਣੀ ਮੱਛੀ ਵੇਚਣ ਜਾਂਦੇ ਸਨ।

ਰਾਊਲ ਗਰਾਂਦੇ ਰੇਵਿਲਾ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਉਹ 73 ਸਾਲ ਪਹਿਲਾਂ ਬੱਚੇ ਦੇ ਰੂਪ ਵਿੱਚ ਮੈਡ੍ਰਿਡ ਚਲੇ ਗਏ ਸੀ। ਉਨ੍ਹਾਂ ਨੂੰ ਯਾਦ ਹੈ ਕਿ ਇੱਕ ਡਾਕੀਆ ਖੋਤੇ 'ਤੇ ਸਵਾਰ ਹੋ ਕੇ ਚਿੱਠੀਆਂ ਅਤੇ ਅਖ਼ਬਾਰ ਪਹੁੰਚਾਉਣ ਆਉਂਦਾ ਸੀ।

ਕਾਠੀ 'ਤੇ ਅੱਧ-ਸੁੱਤਾ ਡਾਕੀਆ ਰਸਤਾ ਜਾਣਨ ਲਈ ਖੋਤੇ 'ਤੇ ਨਿਰਭਰ ਕਰਦਾ ਸੀ ਅਤੇ ਖੋਤਾ ਉਸ ਨੂੰ ਉਨ੍ਹਾਂ ਥਾਵਾਂ 'ਤੇ ਰੋਕ ਲੈਂਦਾ ਸੀ ਜਿੱਥੇ ਡਾਕ ਦੇਣੀ ਹੁੰਦੀ ਸੀ। ਇਨ੍ਹਾਂ ਵਿੱਚ ਪਿੰਡ ਦੇ ਆਖ਼ਰੀ ਸਿਰੇ 'ਤੇ ਬਣਿਆ ਛੋਟਾ ਜਿਹਾ ਡਾਕਖਾਨਾ ਵੀ ਸ਼ਾਮਲ ਸੀ।

ਸਪੇਨ ਦਾ ਪਿੰਡ

ਪਿੰਡ ਛੱਡ ਚੁੱਕੇ ਪਰਿਵਾਰ ਮੁੜ ਵਾਪਸ ਆ ਰਹੇ ਹਨ

ਕਈ ਪੀੜ੍ਹੀਆਂ ਤੱਕ ਇਹ ਪਿੰਡ ਬਰਸਾਤ 'ਤੇ ਨਿਰਭਰ ਖੇਤੀਬਾੜੀ, ਸਬਜ਼ੀਆਂ ਦੇ ਬਾਗ਼ਾਂ, ਅੰਗੂਰਾਂ ਦੇ ਬਾਗ਼ਾਂ ਅਤੇ ਪਸ਼ੂ ਪਾਲਣ ਦੇ ਸਹਾਰੇ ਚੱਲਦਾ ਰਿਹਾ। ਫਿਰ ਖੇਤੀਬਾੜੀ ਵਿੱਚ ਮਸ਼ੀਨਾਂ ਆ ਗਈਆਂ। ਨੇੜੇ ਹੋਰ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਲੋਕ ਮੈਡ੍ਰਿਡ, ਬਿਲਬਾਓ, ਬਾਰਸੀਲੋਨਾ ਅਤੇ ਹੋਰ ਸ਼ਹਿਰਾਂ ਵੱਲ ਚਲੇ ਗਏ।

ਅੱਜ ਪਿੰਡ ਦੇ ਆਲੇ-ਦੁਆਲੇ ਦੀਆਂ ਪਹਾੜੀਆਂ 'ਤੇ ਚਰਨ ਵਾਲੀਆਂ ਬੱਕਰੀਆਂ ਦੀ ਗਿਣਤੀ ਪਿੰਡ ਵਿੱਚ ਪੱਕੇ ਤੌਰ 'ਤੇ ਰਹਿਣ ਵਾਲੇ ਲੋਕਾਂ ਨਾਲੋਂ ਵੱਧ ਹੈ। ਜਿੱਥੇ ਕਦੇ ਸੈਂਕੜੇ ਪਿੰਡ ਵਾਸੀ ਖੇਤੀ ਕਰਦੇ ਸਨ, ਉੱਥੇ ਹੁਣ ਦੂਰ-ਦੂਰ ਤੱਕ ਸੂਰਜਮੁਖੀ ਦੇ ਵਿਸ਼ਾਲ ਖੇਤ ਫੈਲੇ ਹੋਏ ਹਨ।

ਪਰ ਇਨ੍ਹਾਂ ਗਰਮੀਆਂ ਵਿੱਚ ਸੂਰਜ ਗ੍ਰਹਿਣ ਉਨ੍ਹਾਂ ਵਿੱਚੋਂ ਕੁਝ ਪਰਿਵਾਰਾਂ ਨੂੰ ਮੁੜ ਪਿੰਡ ਵੱਲ ਖਿੱਚ ਰਿਹਾ ਹੈ।

ਗ੍ਰਹਿਣ ਦੇ ਮੌਕੇ 'ਤੇ ਗਰਾਂਦੇ ਆਪਣੀ ਸਾਥੀ, ਪੁੱਤਰ, ਪੋਤੇ-ਪੋਤੀਆਂ ਅਤੇ ਦੋਸਤਾਂ ਦੇ ਵੱਡੇ ਸਮੂਹ ਨਾਲ ਵਾਪਸ ਆਉਣਗੇ। ਉਨ੍ਹਾਂ ਦਾ ਭਰਾ ਵੀ ਆਪਣੇ ਤਿੰਨ ਬੱਚਿਆਂ, ਪੋਤੇ ਅਤੇ ਭੈਣ ਨਾਲ ਆਵੇਗਾ। ਇਸ ਤਰ੍ਹਾਂ ਲਗਭਗ 20 ਲੋਕਾਂ ਦਾ ਸਮੂਹ ਇੱਕ ਰਾਤ ਲਈ ਪਿੰਡ ਦੀ ਆਬਾਦੀ ਨੂੰ ਦੁੱਗਣਾ ਕਰ ਦੇਵੇਗਾ।

ਪਰ ਇਹ ਇੱਥੇ ਹੀ ਨਹੀਂ ਰੁਕੇਗਾ। ਅਲਵਾਰੇਜ਼ ਦੱਸਦੀ ਹੈ ਕਿ ਹੋਰ ਗੁਆਂਢੀ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਠਹਿਰਾਉਣਗੇ। ਲੋਕ ਸਪੇਨ ਦੇ ਵੱਖ-ਵੱਖ ਹਿੱਸਿਆਂ ਤੋਂ ਹੀ ਨਹੀਂ, ਸਗੋਂ ਬ੍ਰਿਟੇਨ, ਫਰਾਂਸ ਅਤੇ ਵੈਨੇਜ਼ੁਏਲਾ ਤੋਂ ਵੀ ਇੱਥੇ ਪਹੁੰਚਣਗੇ।

ਸੈਂਟਿਆਗੋ ਦੇ ਕੰਪੋਸਤੇਲਾ ਯੂਨੀਵਰਸਿਟੀ ਦੇ ਭੂਗੋਲ ਵਿਭਾਗ ਦੀ ਪ੍ਰੋਫੈਸਰ ਡਾ. ਲੂਕਰੇਜ਼ੀਆ ਲੋਪੇਜ਼ ਕਹਿੰਦੀ ਹੈ ਕਿ ਸੂਰਜ ਗ੍ਰਹਿਣ ਵਰਗੀਆਂ ਇੱਕ ਵਾਰ ਹੋਣ ਵਾਲੀਆਂ ਘਟਨਾਵਾਂ ਲੋਕਾਂ ਨੂੰ "ਉਸ ਥਾਂ ਨੂੰ ਮੁੜ ਖੋਜਣ ਲਈ ਪ੍ਰੇਰਿਤ ਕਰ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਪਹਿਲਾਂ ਤੋਂ ਹੀ ਕੋਈ ਨਾ ਕੋਈ ਸਬੰਧ ਰਿਹਾ ਹੋਵੇ।"

ਐਵੇਲਾਨੋਸਾ ਵਿੱਚ ਇਹ ਮੁੜ ਹੋ ਰਹੀ ਖੋਜ ਹੁਣ ਪੁਰਾਣੇ ਵਸਨੀਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਅੱਗੇ ਵੀ ਵਧ ਰਹੀ ਹੈ।

ਸਪੇਨ ਦਾ ਪਿੰਡ

ਤਸਵੀਰ ਸਰੋਤ, Rishika Sharma

ਤਸਵੀਰ ਕੈਪਸ਼ਨ, ਖੇਤੀਬਾੜੀ ਵਿੱਚ ਮਸ਼ੀਨੀਕਰਨ ਅਤੇ ਲੋਕਾਂ ਦੀ ਹਿਜਰਤ ਨੇ ਐਵੇਲਾਨੋਸਾ ਦੀ ਮੁਨਿਓ ਨੂੰ ਬਦਲ ਦਿੱਤਾ, ਜਿੱਥੇ ਕਦੇ ਖੇਤੀਬਾੜੀ ਸੈਂਕੜੇ ਵਸਨੀਕਾਂ ਦੀ ਰੋਜ਼ੀ-ਰੋਟੀ ਦਾ ਸਹਾਰਾ ਸੀ

ਨੇੜੇ ਸਥਿਤ ਪੈਰਾਡੋਰ ਦੀ ਲੇਰਮਾ ਹੋਟਲ, ਜੋ ਕਦੇ ਡਿਊਕ ਆਫ਼ ਲੇਰਮਾ ਦੇ ਮਹਿਲ ਵਿੱਚ ਬਣਾਇਆ ਗਿਆ ਸੀ, 2022 ਤੋਂ ਹੀ ਇਸ ਸਮਾਗਮ ਲਈ ਪੂਰੀ ਤਰ੍ਹਾਂ ਬੁੱਕ ਹੈ।

ਕਾਸਤੀਆ ਵਾਇ ਲਿਓਨ ਦੇ ਟੂਰਿਜ਼ਮ ਬੋਰਡ ਦੇ ਅਲਬਰਟੋ ਬੋਸਕੇ ਕੋਏਲੋ ਕਹਿੰਦੇ ਹਨ ਕਿ ਪੂਰੇ ਖੇਤਰ ਵਿੱਚ ਵੀ ਇਹੋ ਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।

ਉਹ ਕਹਿੰਦੇ ਹਨ, "ਸਾਡੀਆਂ ਜ਼ਿਆਦਾਤਰ ਰਿਹਾਇਸ਼ਾਂ ਪੂਰੀ ਤਰ੍ਹਾਂ ਬੁੱਕ ਹੋ ਚੁੱਕੀਆਂ ਹਨ। ਅਸਲ ਵਿੱਚ, ਇਹ ਕਾਫ਼ੀ ਪਹਿਲਾਂ ਹੀ ਬੁੱਕ ਹੋ ਗਈਆਂ ਸਨ।"

ਉਹ ਦੱਸਦੇ ਹਨ ਕਿ ਗ੍ਰਹਿਣ ਦੇ ਮਾਹਰ "ਸਭ ਤੋਂ ਮਸ਼ਹੂਰ ਥਾਂ ਨਹੀਂ, ਸਗੋਂ ਸਭ ਤੋਂ ਵਧੀਆ ਥਾਂ" ਲੱਭ ਰਹੇ ਸਨ, ਕਿਉਂਕਿ ਉਹ ਗ੍ਰਹਿਣ ਦੇਖਣ ਲਈ ਸਭ ਤੋਂ ਵਧੀਆ ਹਾਲਾਤ ਚਾਹੁੰਦੇ ਸਨ।

ਗਰਾਂਦੇ ਮੈਨੂੰ ਕੈਲੀਫੋਰਨੀਆ ਦੇ ਇੱਕ ਪਰਿਵਾਰ ਬਾਰੇ ਦੱਸਦੇ ਹਨ, ਜੋ ਸੂਰਜ ਗ੍ਰਹਿਣ ਦੇਖਣ ਲਈ ਸਪੇਨ ਆਉਣ ਦੀ ਯੋਜਨਾ ਬਣਾ ਰਿਹਾ ਹੈ।

ਉਹ ਨਹੀਂ ਚਾਹੁੰਦੇ ਸਨ ਕਿ ਉਹ ਪਰਿਵਾਰ ਮੈਡ੍ਰਿਡ ਵਿੱਚ ਪੂਰਨ ਗ੍ਰਹਿਣ ਦੇ ਨਜ਼ਾਰੇ ਤੋਂ ਵਾਂਝਾ ਰਹਿ ਜਾਵੇ। ਇਸ ਲਈ ਗਰਾਂਦੇ ਨੇ ਘਰ-ਘਰ ਜਾ ਕੇ ਪੁੱਛਿਆ ਕਿ ਕੀ ਐਵੇਲਾਨੋਸਾ ਵਿੱਚ ਕੋਈ ਉਨ੍ਹਾਂ ਨੂੰ ਠਹਿਰਾ ਸਕਦਾ ਹੈ, ਤਾਂ ਜੋ ਉਹ ਉਸ ਥਾਂ ਤੋਂ ਗ੍ਰਹਿਣ ਦੇਖ ਸਕਣ, ਜਿਸ ਨੂੰ ਉਹ ਸਪੇਨ ਵਿੱਚ ਗ੍ਰਹਿਣ ਦੇਖਣ ਲਈ ਸਭ ਤੋਂ ਵਧੀਆ ਥਾਂ ਮੰਨਦੇ ਹਨ।

ਮੈਂ ਗਰਾਂਦੇ ਤੋਂ ਪੁੱਛਿਆ ਕਿ ਲਗਭਗ 10 ਲੋਕਾਂ ਵਾਲੇ ਪਿੰਡ ਦਾ ਅਚਾਨਕ ਦੁਨੀਆ ਦੀਆਂ ਨਜ਼ਰਾਂ ਵਿੱਚ ਆ ਜਾਣਾ ਕਿਵੇਂ ਮਹਿਸੂਸ ਹੁੰਦਾ ਹੈ ਤਾਂ ਗਰਾਂਦੇ ਹੱਸਦੇ ਹਨ ਅਤੇ ਸਿਰ ਹਿਲਾਉਂਦੇ ਹਨ।

ਉਹ ਕਹਿੰਦੇ ਹਨ, "'ਤਾਲ ਕੁਆਲ' (ਬਿਲਕੁਲ ਇਹੀ) ਅਤੇ ਇਸ ਗੱਲ 'ਤੇ ਹੈਰਾਨ ਹਨ ਕਿ ਉਨ੍ਹਾਂ ਦਾ ਨਿੱਕਾ ਜਿਹਾ ਪਿੰਡ, ਭਾਵੇਂ ਕੁਝ ਸਮੇਂ ਲਈ ਹੀ ਸਹੀ, ਦੁਨੀਆ ਨੂੰ ਆਪਣੇ ਦਰਵਾਜ਼ੇ ਤੱਕ ਖਿੱਚ ਰਿਹਾ ਹੈ।"

ਸਪੇਨ ਦਾ ਪਿੰਡ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਸੂਰਜ ਗ੍ਰਹਿਣ ਵਿੱਚ ਦਿਲਚਸਪੀ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ, 2022 ਵਿੱਚ ਹੀ ਪੈਰਾਡੋਰ ਦੀ ਲੇਰਮਾ ਹੋਟਲ ਦੀ ਇਸ ਸਮਾਗਮ ਲਈ ਪੂਰੀ ਬੁਕਿੰਗ ਹੋ ਚੁੱਕੀ ਸੀ

ਬੁਰਗੋਸ ਭਰ ਵਿੱਚ ਭਾਈਚਾਰੇ ਸੂਰਜ ਗ੍ਰਹਿਣ ਦੇਖਣ ਲਈ ਥਾਵਾਂ ਅਤੇ ਇਕੱਠਾਂ ਦੀ ਤਿਆਰੀ ਕਰ ਰਹੇ ਹਨ। ਪਰ ਐਵੇਲਾਨੋਸਾ ਦੇ ਮੁਨਿਓ ਵਿੱਚ ਸਥਾਨਕ ਲੋਕ ਅਤੇ ਸੈਲਾਨੀ ਪਿੰਡ ਦੇ ਉੱਪਰ ਸਥਿਤ ਗੁਫ਼ਾਵਾਂ ਵੱਲ ਜਾਣਗੇ।

ਪੂਰਨ ਗ੍ਰਹਿਣ ਦੇ ਸਮੇਂ ਸੂਰਜ ਦਿਸਹੱਦੇ ਤੋਂ ਸਿਰਫ਼ ਅੱਠ ਡਿਗਰੀ ਉੱਪਰ ਹੋਵੇਗਾ। ਇਸ ਲਈ ਪੱਛਮ ਵੱਲ ਬਿਨ੍ਹਾਂ ਕਿਸੇ ਰੁਕਾਵਟ ਦੇ ਨਜ਼ਾਰਾ ਬਹੁਤ ਮਹੱਤਵਪੂਰਨ ਹੋਵੇਗਾ। ਇਸ ਕਾਰਨ ਉੱਚਾਈ 'ਤੇ ਸਥਿਤ ਇਹ ਗੁਫ਼ਾਵਾਂ ਪੀੜ੍ਹੀ ਵਿੱਚ ਇੱਕ ਵਾਰ ਹੋਣ ਵਾਲੇ ਇਸ ਖਗੋਲੀ ਨਜ਼ਾਰੇ ਨੂੰ ਦੇਖਣ ਲਈ ਪਹਿਲੀ ਕਤਾਰ ਦੀ ਸੀਟ ਵਰਗੀਆਂ ਹੋਣਗੀਆਂ।

ਪਰ ਇਹ ਗੁਫ਼ਾਵਾਂ ਸਿਰਫ਼ ਵਧੀਆ ਨਜ਼ਾਰਾ ਦੇਣ ਵਾਲੀ ਥਾਂ ਨਹੀਂ ਹਨ। ਪੀੜ੍ਹੀਆਂ ਤੋਂ ਇਹ ਘਟਦੀ ਆਬਾਦੀ ਵਾਲਾ ਭਾਈਚਾਰਾ ਇੱਥੇ ਇਕੱਠਾ ਹੋ ਕੇ ਸੂਰਜ ਡੁੱਬਦਾ ਦੇਖਦਾ ਆ ਰਿਹਾ ਹੈ।

ਇੱਕ ਸਾਬਕਾ ਵਸਨੀਕ ਨੇ ਤਾਂ ਆਪਣੀ ਮੌਤ ਤੋਂ ਬਾਅਦ ਆਪਣੀਆਂ ਅਸਥੀਆਂ ਵੀ ਇੱਥੇ ਖਿਲਾਰਨ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਲਈ ਇਹ ਥਾਂ ਪਿੰਡ ਲਈ ਡੂੰਘੀ ਭਾਵਨਾਤਮਕ ਮਹੱਤਤਾ ਰੱਖਦੀ ਹੈ।

ਐਵੇਲਾਨੋਸਾ ਉਹ ਥਾਂ ਹੈ, ਜਿਸ ਨੂੰ ਅਲਵਾਰੇਜ਼ ਨੇ ਕਦੇ ਛੱਡਿਆ ਨਹੀਂ ਅਤੇ ਨਾ ਹੀ ਕਦੇ ਛੱਡੇਗੀ। ਗਰਾਂਦੇ ਵੀ ਆਪਣੀ ਜ਼ਿੰਦਗੀ ਦੇ ਲਗਭਗ ਹਰ ਸਾਲ ਇੱਥੇ ਵਾਪਸ ਆਉਂਦੇ ਰਹੇ ਹਨ।

ਹਰ ਗਰਮੀਆਂ ਵਿੱਚ ਅਲਵਾਰੇਜ਼ ਦੀਆਂ ਧੀਆਂ ਘਰ ਵਾਪਸ ਆਉਂਦੀਆਂ ਹਨ ਅਤੇ ਆਪਣੀ ਮਾਂ ਦੇ ਜਾਣ ਤੋਂ ਬਾਅਦ ਵੀ ਅਜਿਹਾ ਕਰਦੀਆਂ ਰਹਿਣਗੀਆਂ।

ਗਰਾਂਦੇ ਹੁਣ ਆਪਣੇ ਪੁੱਤਰਾਂ, ਉਨ੍ਹਾਂ ਦੇ ਬੱਚਿਆਂ ਅਤੇ ਹੌਲੀ-ਹੌਲੀ ਉਨ੍ਹਾਂ ਦੇ ਦੋਸਤਾਂ ਨੂੰ ਵੀ ਇੱਥੇ ਲਿਆਉਂਦੇ ਹਨ। ਉਹ ਚਾਹੁੰਦੇ ਹਨ ਕਿ ਬਚਪਨ ਵਿੱਚ ਪਿੰਡ ਨਾਲ ਉਨ੍ਹਾਂ ਦਾ ਜੋ ਰਿਸ਼ਤਾ ਬਣਿਆ ਸੀ, ਉਹੀ ਰਿਸ਼ਤਾ ਉਨ੍ਹਾਂ ਦੇ ਪੋਤੇ-ਪੋਤੀਆਂ ਦਾ ਵੀ ਇਸ ਪਿੰਡ ਨਾਲ ਬਣੇ, ਤਾਂ ਜੋ ਇੱਕ ਦਿਨ ਉਹ ਵੀ ਇੱਥੇ ਵਾਪਸ ਆਉਣ ਲਈ ਖਿੱਚ ਮਹਿਸੂਸ ਕਰਨ।

ਉਹ ਮੈਨੂੰ ਕਹਿੰਦੇ ਹਨ, "ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਰੇ ਬੱਚੇ ਅਤੇ ਪੋਤੇ-ਪੋਤੀਆਂ ਵੀ ਇਸ ਪਿੰਡ ਨਾਲ ਉਹੀ ਪਿਆਰ ਮਹਿਸੂਸ ਕਰਨ, ਜੋ ਮੈਂ ਕਰਦਾ ਹਾਂ।"

ਸੂਰਜ ਗ੍ਰਹਿਣ ਵਾਲੇ ਦਿਨ ਐਵੇਲਾਨੋਸਾ ਦੇ ਮੁਨਿਓ ਵਿੱਚ ਇੱਕ ਵਾਰ ਫਿਰ ਲੋਕਾਂ ਦੀਆਂ ਗੱਲਾਂ ਦੀਆਂ ਆਵਾਜ਼ਾਂ ਗੂੰਜਣਗੀਆਂ। ਜਿੱਥੇ ਰੈਸਟੋਰੈਂਟ ਨਹੀਂ ਹਨ, ਉੱਥੇ ਗ੍ਰਿੱਲ ਕੀਤੇ ਲੇਮਬ ਚੌਪਸ ਦੇ ਧੂੰਏਂ ਨਾਲ ਮਾਹੌਲ ਭਰ ਜਾਵੇਗਾ ਅਤੇ ਜਿੱਥੇ ਕਦੇ ਸਕੂਲ ਹੁੰਦਾ ਸੀ, ਉੱਥੋਂ ਬੱਚਿਆਂ ਦੇ ਹੱਸਣ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ।

ਫਿਰ ਕੁਝ ਅਸਾਧਾਰਣ ਮਿੰਟਾਂ ਲਈ ਦੋ ਵਾਰ ਹਨੇਰਾ ਛਾ ਜਾਵੇਗਾ ਅਤੇ ਭੂਗੋਲ ਦੇ ਇੱਕ ਅਦਭੁਤ ਇਤਫ਼ਾਕ ਕਾਰਨ, ਸਪੇਨ ਦਾ ਸਭ ਤੋਂ ਘੱਟ ਧਿਆਨ ਖਿੱਚਣ ਵਾਲਾ ਇਹ ਪਿੰਡ ਕੁਝ ਸਮੇਂ ਲਈ ਦੁਨੀਆ ਦਾ ਕੇਂਦਰ ਬਣ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)