ਗਰਮੀ ਦੇ ਮੌਸਮ ਵਿੱਚ ਰਾਤ ਨੂੰ ਚੰਗੀ ਨੀਂਦ ਕਿਵੇਂ ਲਈ ਜਾਵੇ, ਜਾਣੋ 10 ਟਿਪਸ

ਰਾਤ ਨੂੰ ਸੌ ਰਹੀ ਮਹਿਲਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮੀ ਦਾ ਕਹਿਰ ਨਾ ਸਿਰਫ਼ ਭਾਰਤ ਬਲਕਿ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ (ਸੰਕੇਤਕ ਤਸਵੀਰ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਸਣੇ ਉੱਤਰ ਭਾਰਤ ਦੇ ਸੂਬਿਆਂ ਵਿੱਚ ਗਰਮੀ ਜ਼ੋਰਾਂ 'ਤੇ ਹੈ। ਅਲ ਨੀਨੋ ਦੇ ਪ੍ਰਭਾਵ ਕਾਰਨ ਮਾਨਸੂਨ ਵਿੱਚ ਵੀ ਦੇਰੀ ਹੋ ਰਹੀ ਹੈ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਬ੍ਰਿਟੇਨ ਵਿੱਚ ਪੈ ਰਹੀ ਭਿਆਨਕ ਗਰਮੀ ਜੂਨ ਮਹੀਨੇ ਦੌਰਾਨ ਦਿਨ ਅਤੇ ਰਾਤ ਦੇ ਸਭ ਤੋਂ ਵੱਧ ਤਾਪਮਾਨ ਦੇ ਰਿਕਾਰਡ ਤੋੜ ਸਕਦੀ ਹੈ।

ਅਜਿਹੇ ਵਿੱਚ ਦਿਨ ਵੇਲੇ ਤਾਂ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲਦਾ ਹੀ ਹੈ ਪਰ ਰਾਤ ਸਮੇਂ ਵੀ ਗਰਮੀ ਕਾਰਨ ਨੀਂਦ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ।

ਗਰਮ ਮੌਸਮ ਵਿੱਚ ਸੌਣਾ ਮੁਸ਼ਕਲ ਹੋ ਜਾਂਦਾ ਹੈ, ਪਰ ਇਹ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

1. ਦਿਨ ਵੇਲੇ ਨੀਂਦ ਦੀ ਝਪਕੀ ਨਾ ਲਓ

ਗਰਮ ਮੌਸਮ ਦੌਰਾਨ ਦਿਨ ਵਿੱਚ ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਤੁਹਾਡਾ ਸਰੀਰ ਅੰਦਰੂਨੀ ਤਾਪਮਾਨ ਨੂੰ ਕੰਟਰੋਲ ਕਰਨ ਲਈ ਵਧੇਰੇ ਊਰਜਾ ਵਰਤਦਾ ਹੈ।

ਪਰ ਜੇ ਰਾਤ ਨੂੰ ਤੁਹਾਡੀ ਨੀਂਦ ਖ਼ਰਾਬ ਹੁੰਦੀ ਹੈ ਤਾਂ ਦਿਨ ਵੇਲੇ ਸੌਣ ਜਾਂ ਝਪਕੀ ਲੈਣ ਤੋਂ ਬਚੋ। ਗਰਮੀ ਵਿੱਚ ਆਉਣ ਵਾਲੀ ਨੀਂਦ ਕੀਮਤੀ ਹੁੰਦੀ ਹੈ, ਇਸ ਨੂੰ ਸੌਣ ਦੇ ਸਮੇਂ ਲਈ ਸੰਭਾਲ ਕੇ ਰੱਖੋ।

2. ਆਪਣੀ ਰੋਜ਼ਾਨਾ ਵਾਲੀ ਰੂਟੀਨ ਜਾਰੀ ਰੱਖੋ

ਗਰਮ ਮੌਸਮ ਤੁਹਾਨੂੰ ਆਪਣੀਆਂ ਆਦਤਾਂ ਬਦਲਣ ਲਈ ਉਤਸਾਹਿਤ ਕਰ ਸਕਦਾ ਹੈ, ਪਰ ਅਜਿਹਾ ਨਾ ਕਰੋ। ਇਸ ਨਾਲ ਤੁਹਾਡੇ ਸੌਣ ਦੇ ਪੈਟਰਨ ਵਿੱਚ ਵਿਘਨ ਪੈ ਸਕਦਾ ਹੈ।

ਸੌਣ ਦੇ ਆਪਣੇ ਨਿਯਮਤ ਸਮੇਂ ਅਤੇ ਰੂਟੀਨ ਦੀ ਪਾਲਣਾ ਕਰੋ ਅਤੇ ਉਹੀ ਕੰਮ ਕਰੋ ਜੋ ਤੁਸੀਂ ਆਮ ਤੌਰ 'ਤੇ ਸੌਣ ਤੋਂ ਪਹਿਲਾਂ ਕਰਦੇ ਹੋ।

ਬਿਸਤਰੇ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਤ ਨੂੰ ਸੌਣ ਸਮੇਂ ਪਤਲੀਆਂ ਸੂਤੀ ਚਾਦਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ (ਸੰਕੇਤਕ ਤਸਵੀਰ)

3. ਬੁਨਿਆਦੀ ਗੱਲਾਂ ਦਾ ਧਿਆਨ ਰੱਖੋ

ਇਹ ਯਕੀਨੀ ਬਣਾਓ ਕਿ ਰਾਤ ਨੂੰ ਤੁਹਾਡਾ ਸੌਣ ਵਾਲਾ ਕਮਰਾ ਜਿੰਨਾ ਹੋ ਸਕੇ, ਠੰਢਾ ਰਹੇ। ਦਿਨ ਦੇ ਸਮੇਂ ਸੂਰਜ ਦੀ ਗਰਮੀ ਨੂੰ ਅੰਦਰ ਆਉਣ ਤੋਂ ਰੋਕਣ ਲਈ ਪਰਦਿਆਂ ਦਾ ਇਸਤੇਮਾਲ ਕਰੋ।

ਘਰ ਦੇ ਉਸ ਪਾਸੇ ਦੀਆਂ ਖਿੜਕੀਆਂ ਬੰਦ ਰੱਖੋ ਜਿੱਥੇ ਸਿੱਧੀ ਧੁੱਪ ਪੈਂਦੀ ਹੋਵੇ ਤਾਂ ਜੋ ਗਰਮ ਹਵਾ ਅੰਦਰ ਨਾ ਆਵੇ। ਸੌਣ ਤੋਂ ਪਹਿਲਾਂ ਸਾਰੀਆਂ ਖਿੜਕੀਆਂ ਖੋਲ੍ਹ ਦਿਓ ਤਾਂ ਜੋ ਤਾਜ਼ੀ ਹਵਾ ਦਾ ਵਹਾਅ ਬਣ ਸਕੇ।

4. ਪਤਲੀਆਂ ਚਾਦਰਾਂ ਦਾ ਇਸਤੇਮਾਲ ਕਰੋ

ਬਿਸਤਰੇ 'ਤੇ ਵਿਛਾਈ ਜਾਣ ਵਾਲੀ ਮੋਟੀ ਚਾਦਰ ਦਾ ਇਸਤੇਮਾਲ ਘਟਾਓ। ਪਤਲੀਆਂ ਸੂਤੀ ਚਾਦਰਾਂ ਦਾ ਇਸਤੇਮਾਲ ਕਰੋ ਕਿਉਂਕਿ ਇਹ ਪਸੀਨਾ ਸੋਖਣ ਵਿੱਚ ਮਦਦ ਕਰਦੀਆਂ ਹਨ।

ਸੂਤੀ ਜਾਂ ਲਿਨਨ ਵਰਗੇ ਕੁਦਰਤੀ ਰੇਸ਼ਿਆਂ ਤੋਂ ਬਣੇ ਢਿੱਲੇ-ਢਾਲੇ ਕੱਪੜੇ ਪਾ ਕੇ ਸੌਣਾ ਵੱਧ ਅਰਾਮਦਾਇਕ ਅਤੇ ਠੰਢਕ ਦੇਣ ਵਾਲਾ ਹੋ ਸਕਦਾ ਹੈ।

ਭਾਵੇਂ ਤੁਹਾਡਾ ਕਮਰਾ ਕਿੰਨਾ ਵੀ ਗਰਮ ਹੋਵੇ, ਰਾਤ ਦੌਰਾਨ ਤੁਹਾਡੇ ਸਰੀਰ ਦਾ ਤਾਪਮਾਨ ਕੁਦਰਤੀ ਤੌਰ 'ਤੇ ਘੱਟਦਾ ਹੈ।

ਇਸੇ ਕਰਕੇ ਕਈ ਵਾਰ ਤੁਸੀਂ ਰਾਤ ਵਿੱਚ ਠੰਢ ਮਹਿਸੂਸ ਕਰਦੇ ਹੋ, ਭਾਵੇਂ ਕਮਰੇ ਦਾ ਤਾਪਮਾਨ ਆਮ ਨਾਲੋਂ ਵੱਧ ਹੀ ਕਿਉਂ ਨਾ ਹੋਵੇ।

ਛੋਟੇ ਪੱਖੇ ਨਾਲ ਬੱਚੀ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮ ਅਤੇ ਉਮਸ ਵਾਲੇ ਮੌਸਮ ਵਿੱਚ ਛੋਟਾ ਜਿਹਾ ਪੱਖਾ ਵੀ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ (ਸੰਕੇਤਕ ਤਸਵੀਰ)

5. ਛੋਟਾ ਪੱਖਾ ਵੀ ਕਾਰਗਰ, ਜੁਰਾਬਾਂ ਠੰਢੀਆਂ ਕਰਕੇ ਪਾਓ

ਗਰਮ ਅਤੇ ਉਮਸ ਵਾਲੇ ਮੌਸਮ ਵਿੱਚ ਛੋਟਾ ਜਿਹਾ ਪੱਖਾ ਵੀ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਪਸੀਨੇ ਦੇ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ਨੂੰ ਆਪਣੇ ਅੰਦਰੂਨੀ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਜੇ ਤੁਹਾਡੇ ਕੋਲ ਪੱਖਾ ਨਹੀਂ ਹੈ ਤਾਂ ਗਰਮ ਪਾਣੀ ਵਾਲੀ ਬੋਤਲ ਵਿੱਚ ਬਰਫ਼ ਵਾਲਾ ਠੰਢਾ ਪਾਣੀ ਭਰ ਕੇ ਵਰਤ ਸਕਦੇ ਹੋ।

ਇੱਕ ਹੋਰ ਤਰੀਕਾ ਇਹ ਹੈ ਕਿ ਜੁਰਾਬਾਂ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਕੇ ਠੰਢਾ ਕਰ ਲਓ ਅਤੇ ਫਿਰ ਪਹਿਨੋ। ਪੈਰਾਂ ਨੂੰ ਠੰਢਾ ਰੱਖਣ ਨਾਲ ਚਮੜੀ ਅਤੇ ਸਰੀਰ ਦਾ ਕੁੱਲ ਤਾਪਮਾਨ ਘਟਾਉਣ ਵਿੱਚ ਮਦਦ ਮਿਲਦੀ ਹੈ।

6. ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ

ਦਿਨ ਭਰ ਭਰਪੂਰ ਮਾਤਰਾ ਵਿੱਚ ਪਾਣੀ ਪੀਓ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਹਾਲਾਂਕਿ, ਸੌਣ ਤੋਂ ਠੀਕ ਪਹਿਲਾਂ ਬਹੁਤ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਨਹੀਂ ਤਾਂ ਰਾਤ ਨੂੰ ਵਾਰ-ਵਾਰ ਬਾਥਰੂਮ ਜਾਣਾ ਪੈ ਸਕਦਾ ਹੈ।

ਗਰਮੀ ਦਾ ਮੌਸਮ

ਤਸਵੀਰ ਸਰੋਤ, Getty Images

7. ਕੀ ਪੀ ਰਹੇ ਹੋ, ਇਸ ਦਾ ਵੀ ਧਿਆਨ ਰੱਖੋ

ਸਾਫਟ ਡ੍ਰਿੰਕਸ ਜਾਂ ਠੰਢੇ ਪੇਅ ਪਦਾਰਥ ਪੀਂਦੇ ਸਮੇਂ ਸਾਵਧਾਨ ਰਹੋ। ਇਨ੍ਹਾਂ ਵਿੱਚ ਅਕਸਰ ਕੈਫੀਨ ਦੀ ਮਾਤਰਾ ਵੱਧ ਹੁੰਦੀ ਹੈ। ਕੈਫੀਨ ਦਿਮਾਗ ਅਤੇ ਨਰਵਸ ਸਿਸਟਮ ਨੂੰ ਉਤੇਜਿਤ ਕਰਦੀ ਹੈ, ਜਿਸ ਕਾਰਨ ਤੁਹਾਨੂੰ ਨੀਂਦ ਘੱਟ ਆ ਸਕਦੀ ਹੈ।

ਜ਼ਿਆਦਾ ਸ਼ਰਾਬ ਪੀਣ ਤੋਂ ਵੀ ਬਚੋ। ਗਰਮ ਮੌਸਮ ਵਿੱਚ ਕਈ ਲੋਕ ਆਮ ਨਾਲੋਂ ਵੱਧ ਸ਼ਰਾਬ ਪੀਂਦੇ ਹਨ। ਭਾਵੇਂ ਸ਼ਰਾਬ ਤੁਹਾਨੂੰ ਜਲਦੀ ਨੀਂਦ ਲਿਆ ਸਕਦੀ ਹੈ ਪਰ ਨੀਂਦ ਦੀ ਗੁਣਵੱਤਾ ਨੂੰ ਖ਼ਰਾਬ ਕਰਦੀ ਹੈ।

8. ਸ਼ਾਂਤ ਰਹੋ ਅਤੇ ਫੋਨ ਤੋਂ ਦੂਰ ਰਹੋ

ਜੇ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਬਿਸਤਰੇ ਤੋਂ ਉੱਠ ਕੇ ਕੋਈ ਸ਼ਾਂਤ ਅਤੇ ਅਰਾਮਦਾਇਕ ਕੰਮ ਕਰੋ। ਕਿਤਾਬ ਪੜ੍ਹੋ, ਕੁਝ ਲਿਖੋ ਜਾਂ ਕੱਪੜੇ ਤਹਿ ਕਰਨ ਵਰਗਾ ਹਲਕਾ ਕੰਮ ਕਰੋ।

ਪਰ ਫੋਨ ਦੀ ਵਰਤੋਂ ਕਰਨ ਤੋਂ ਬਚੋ। ਬੇਮਕਸਦ ਸਕ੍ਰੋਲਿੰਗ ਭਾਵੇਂ ਆਕਰਸ਼ਕ ਲੱਗੇ, ਪਰ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ (ਬਲੂ ਲਾਈਟ) ਦਿਮਾਗ ਨੂੰ ਸਰਗਰਮ ਕਰ ਦਿੰਦੀ ਹੈ, ਜਿਸ ਨਾਲ ਨੀਂਦ ਹੋਰ ਦੂਰ ਹੋ ਸਕਦੀ ਹੈ।

ਜਦੋਂ ਮੁੜ ਨੀਂਦ ਮਹਿਸੂਸ ਹੋਵੇ, ਉਦੋਂ ਬਿਸਤਰੇ 'ਤੇ ਵਾਪਸ ਜਾਓ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮੀ ਦੇ ਦਿਨਾਂ ਵਿੱਚ ਵੀ ਬੱਚੇ ਦੇ ਸੌਣ ਅਤੇ ਨਹਾਉਣ ਦਾ ਰੂਟੀਨ ਨਾ ਬਦਲੋ (ਸੰਕੇਤਕ ਤਸਵੀਰ)

9. ਬੱਚਿਆਂ ਦੇ ਸੌਣ ਅਤੇ ਨਹਾਉਣ ਦਾ ਸਮਾਂ ਨਾ ਬਦਲੋ

ਬੱਚੇ ਆਮ ਤੌਰ 'ਤੇ ਚੰਗੀ ਨੀਂਦ ਲੈਂਦੇ ਹਨ, ਪਰ ਉਹ ਘਰ ਦੇ ਮਾਹੌਲ ਅਤੇ ਰੂਟੀਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਲਈ ਸੰਵੇਦਨਸ਼ੀਲ ਹੁੰਦੇ ਹਨ।

ਇਸ ਲਈ ਸਿਰਫ਼ ਗਰਮੀ ਹੋਣ ਕਰਕੇ ਉਨ੍ਹਾਂ ਦੇ ਸੌਣ ਅਤੇ ਨਹਾਉਣ ਦੇ ਨਿਯਮਤ ਸਮੇਂ ਨੂੰ ਨਾ ਬਦਲੋ।

ਸੌਣ ਦੀ ਤਿਆਰੀ ਦੇ ਹਿੱਸੇ ਵਜੋਂ, ਬ੍ਰਿਟੇਨ ਦੀ ਐਨਐਚਐਸ ਸਲਾਹ ਦਿੰਦੀ ਹੈ ਕਿ ਬੱਚਿਆਂ ਨੂੰ ਕੋਸੇ ਪਾਣੀ ਨਾਲ ਨੁਆਇਆ ਜਾਵੇ।

ਪਾਣੀ ਬਹੁਤ ਠੰਢਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਨਾਲ ਖੂਨ ਦਾ ਸੰਚਾਰ ਵੱਧ ਸਕਦਾ ਹੈ ਅਤੇ ਬੱਚੇ ਦਾ ਤਾਪਮਾਨ ਵੀ ਵਧ ਸਕਦਾ ਹੈ।

ਨਵਜੰਮੇ ਬੱਚੇ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਨੂੰ ਜ਼ਿਆਦਾ ਗਰਮੀ ਜਾਂ ਠੰਢ ਲੱਗ ਰਹੀ ਹੈ, ਇਸ ਲਈ ਉਨ੍ਹਾਂ ਦੇ ਤਾਪਮਾਨ 'ਤੇ ਨਜ਼ਰ ਰੱਖਣਾ ਜ਼ਰੂਰੀ ਹੈ।

ਬੱਚੇ ਆਮ ਤੌਰ 'ਤੇ 16 ਤੋਂ 20 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਕਮਰੇ ਵਿੱਚ ਸਭ ਤੋਂ ਵਧੀਆ ਨੀਂਦ ਲੈਂਦੇ ਹਨ। ਇਸ ਲਈ ਕਮਰੇ ਦਾ ਤਾਪਮਾਨ ਮਾਪਣ ਲਈ ਥਰਮਾਮੀਟਰ ਦੀ ਵਰਤੋਂ ਕਰੋ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

10. ਚਿੰਤਾ ਨਾ ਕਰੋ, ਤੁਸੀਂ ਸਿਹਤਮੰਦ ਰਹੋਗੇ

ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤੇ ਬਾਲਗਾਂ ਨੂੰ ਹਰ ਰਾਤ ਲਗਭਗ 7 ਤੋਂ 8 ਘੰਟੇ ਦੀ ਚੰਗੀ ਨੀਂਦ ਦੀ ਲੋੜ ਹੁੰਦੀ ਹੈ।

ਨੌਜਵਾਨ, ਬੱਚਿਆਂ ਅਤੇ ਨਵਜੰਮੇ ਬੱਚਿਆਂ ਨੂੰ ਇਸ ਤੋਂ ਵੀ ਵੱਧ ਨੀਂਦ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਅਜੇ ਵਿਕਾਸ ਦੇ ਪੜਾਅ ਵਿੱਚ ਹੁੰਦੇ ਹਨ।

ਪਰ ਇਹ ਵੀ ਯਾਦ ਰੱਖੋ ਕਿ ਜ਼ਿਆਦਾਤਰ ਲੋਕ ਇੱਕ ਜਾਂ ਦੋ ਰਾਤਾਂ ਦੀ ਖ਼ਰਾਬ ਨੀਂਦ ਤੋਂ ਬਾਅਦ ਵੀ ਆਪਣਾ ਰੋਜ਼ਾਨਾ ਕੰਮ ਠੀਕ ਤਰ੍ਹਾਂ ਕਰ ਸਕਦੇ ਹਨ। ਹੋ ਸਕਦਾ ਹੈ ਕਿ ਤੁਹਾਨੂੰ ਆਮ ਨਾਲੋਂ ਕੁਝ ਵੱਧ ਉਬਾਸੀਆਂ ਆਉਣ ਪਰ ਸੰਭਾਵਨਾ ਹੈ ਕਿ ਤੁਸੀਂ ਠੀਕ ਰਹੋਗੇ।

ਇਹ ਸੁਝਾਅ ਪ੍ਰੋ. ਕੇਵਿਨ ਮੋਰਗਨ, ਲਫ਼ਬਰੋ ਯੂਨੀਵਰਸਿਟੀ ਦੇ ਕਲੀਨਿਕਲ ਸਲੀਪ ਰਿਸਰਚ ਯੂਨਿਟ ਦੇ ਸਾਬਕਾ ਡਾਇਰੈਕਟਰ ਅਤੇ ਲੀਸਾ ਆਰਟਿਸ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ 'ਤੇ ਆਧਾਰਿਤ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)