ਲਖਨਊ ਅੱਗ ਹਾਦਸਾ: "ਪਾਪਾ, ਅੱਗ ਲੱਗ ਗਈ ਹੈ, ਮੈਨੂੰ ਬਚਾ ਲਓ"

- ਲੇਖਕ, ਪ੍ਰੇਰਣਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਚੇਤਾਵਨੀ: ਇਸ ਰਿਪੋਰਟ ਦੇ ਕੁਝ ਹਿੱਸੇ ਤੁਹਾਨੂੰ ਵਿਚਲਿਤ ਕਰ ਸਕਦੇ ਹਨ।
ਰਾਤ ਦੇ ਸਾਢੇ ਬਾਰਾਂ ਵਜ ਰਹੇ ਹਨ। ਲਖਨਊ ਦੇ ਅਲੀਗੰਜ ਇਲਾਕੇ ਵਿੱਚ ਹਾਲੇ ਵੀ ਲੋਕਾਂ ਦੀ ਭੀੜ ਹੈ। ਚਰਚਾ ਉਸ ਭਿਆਨਕ ਅੱਗ ਦੀ ਹੋ ਰਹੀ ਹੈ, ਜਿਸ ਨੇ ਸੋਮਵਾਰ ਦੁਪਹਿਰ ਮਹਿਜ਼ ਕੁਝ ਘੰਟਿਆਂ ਵਿੱਚ ਪੰਦਰਾਂ ਲੋਕਾਂ ਦੀ ਜਾਨ ਲੈ ਲਈ।
ਜਿਸ ਇਮਾਰਤ ਵਿੱਚ ਅੱਗ ਲੱਗੀ ਸੀ, ਉਹ ਹੁਣ ਕਾਲੇ ਹੋਏ ਮਲਬੇ ਵਿੱਚ ਤਬਦੀਲ ਹੋ ਚੁੱਕੀ ਹੈ।
ਪੁਲਿਸ ਨੇ ਸਾਰੇ ਪਰਿਸਰ ਨੂੰ ਸੀਲ ਕਰ ਦਿੱਤਾ ਹੈ ਅਤੇ ਆਲੇ-ਦੁਆਲੇ ਭਾਰੀ ਸੁਰੱਖਿਆ ਬਲ ਤਾਇਨਾਤ ਹੈ।
ਪਰ ਹਾਦਸੇ ਦੀ ਸਭ ਤੋਂ ਦਰਦਨਾਕ ਤਸਵੀਰ ਇਮਾਰਤ ਦੇ ਬਾਹਰ ਨਹੀਂ, ਬਲਕਿ ਲਖਨਊ ਦੇ ਕਿੰਗ ਜੌਰਜ ਮੈਡੀਕਲ ਯੁਨੀਵਰਸਿਟੀ ਦੇ ਮੁਰਦਾ ਘਰ ਦੇ ਅੰਦਰ ਅਤੇ ਬਾਹਰ ਦਿਸਦੀ ਹੈ।
ਇੱਕ ਮਾਂ ਵਾਰ-ਵਾਰ ਆਪਣੇ 26 ਸਾਲਾ ਬੇਟੇ ਨੀਲੇਸ਼ ਦਾ ਨਾਮ ਲੈ ਕੇ ਰੋ ਪੈਂਦੀ ਹੈ। ਨੀਲੇਸ਼ ਕੰਪਿਊਟਰ ਗ੍ਰਾਫਿਕਸ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਦੀਆਂ ਉਮੀਦਾਂ ਦਾ ਸਹਾਰਾ ਸੀ।
ਨਾਲ ਖੜੇ ਉਸ ਦੇ ਪਿਤਾ ਸਦਮੇ ਨਾਲ ਵਾਰ-ਵਾਰ ਲੜਖੜਾ ਜਾਂਦੇ ਹਨ। ਪਰਿਵਾਰ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਸਵੇਰੇ ਘਰੋਂ ਨਿਕਲਿਆ ਬੇਟਾ ਹੁਣ ਕਦੇ ਵਾਪਸ ਨਹੀਂ ਪਰਤੇਗਾ।
ਪਿਤਾ ਨੂੰ ਫੋਨ ਕਰਕੇ ਲਗਾਈ ਜਾਨ ਬਚਾਉਣ ਦੀ ਗੁਹਾਰ

ਮ੍ਰਿਤਕਾਂ ਵਿੱਚ ਸਭ ਤੋਂ ਘੱਟ ਉਮਰ 19 ਸਾਲਾ ਮੁਹੰਮਦ ਸ਼ਾਜਾਨ ਦੀ ਸੀ। ਉਨ੍ਹਾਂ ਦੇ ਭਰਾ ਇਜ਼ਹਾਰ ਅਲੀ ਦੱਸਦੇ ਹਨ ਕਿ ਅੱਗ ਲੱਗਣ ਵੇਲੇ ਸ਼ਾਜ਼ਾਨ ਦੂਜੀ ਮੰਜ਼ਿਲ 'ਤੇ ਐਨੀਮੇਸ਼ਨ ਦੀ ਟ੍ਰੇਨਿੰਗ ਲੈ ਰਹੇ ਸੀ।
ਉਹ ਦੱਸਦੇ ਹਨ, "ਉਸ ਨੇ ਫੋਨ ਕਰਕੇ ਦੱਸਿਆ ਸੀ ਕਿ ਉਹ ਅੰਦਰ ਫਸ ਗਿਆ ਹੈ। ਜਾਨ ਬਚਾਉਣ ਲਈ ਬਾਥਰੂਮ ਵਿੱਚ ਚਲਾ ਗਿਆ ਸੀ, ਪਰ ਫਿਰ ਬਾਹਰ ਨਹੀਂ ਨਿਕਲ ਸਕਿਆ।"
22 ਸਾਲਾ ਅਬਦੁਲ ਰਹਿਮਾਨ ਨੇ ਮਹਿਜ਼ ਨੌ ਮਹੀਨੇ ਪਹਿਲਾਂ ਆਈਟੀ ਤਕਨੀਸ਼ੀਅਨ ਵਜੋਂ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਦੋਸਤ ਸ਼ਾਦਾਨ ਸ਼ੇਖ ਦੱਸਦੇ ਹਨ ਕਿ ਰਹਿਮਾਨ ਦੇ ਪਿਤਾ ਲਕਵੇ ਦੇ ਮਰੀਜ਼ ਹਨ ਅਤੇ ਘਰ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੇ ਹੀ ਮੋਢਿਆਂ 'ਤੇ ਸੀ। ਉਹ ਪਰਿਵਾਰ ਲਈ ਬਣਦੇ ਮੁਆਵਜ਼ੇ ਦੀ ਮੰਗ ਕਰਦੇ ਹਨ।
ਪ੍ਰਭਜੋਤ ਸਿੰਘ ਫੋਨ 'ਤੇ ਆਪਣੇ ਬੇਟੇ ਨਾਲ ਹੋਈ ਆਖ਼ਰੀ ਗੱਲ ਨੂੰ ਯਾਦ ਕਰਦੇ ਹਨ। ਉਹ ਕਹਿੰਦੇ ਹਨ, "ਦੁਪਹਿਰ ਕਰੀਬ ਦੋ ਵਜੇ ਬੇਟੇ ਦਾ ਫੋਨ ਆਇਆ। ਉਸ ਨੇ ਕਿਹਾ,'ਪਾਪਾ ਅੱਗ ਲੱਗ ਗਈ ਹੈ, ਮੈਨੂੰ ਬਚਾ ਲਓ, ਮੈਂ ਅੰਦਰ ਫਸ ਗਿਆ ਹਾਂ।' ਅਸੀਂ ਤੁਰੰਤ ਨਿਕਲੇ, ਐਂਬੁਲੈਂਸ ਨੂੰ ਵੀ ਫੋਨ ਕੀਤਾ, ਪਰ ਜਦੋਂ ਤੱਕ ਪਹੁੰਚੇ, ਬਹੁਤ ਦੇਰ ਹੋ ਚੁੱਕੀ ਸੀ।"
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 19 ਤੋਂ 30 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿੱਚ ਤਿੰਨ ਮਹਿਲਾਵਾਂ ਵੀ ਸ਼ਾਮਿਲ ਹਨ। ਕੁਝ ਲੋਕ ਉੱਤਰ ਪ੍ਰਦੇਸ਼ ਦੇ ਬਾਹਰ ਪੱਛਮ ਬੰਗਾਲ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸੀ, ਜੋ ਰੋਜ਼ਗਾਰ ਜਾਂ ਟਰੇਨਿੰਗ ਲਈ ਲਖਨਊ ਆਏ ਸੀ। ਪੰਦਰਾਂ ਮ੍ਰਿਤਕਾਂ ਤੋਂ ਇਲਾਵਾ ਘਟਨਾ ਵਿੱਚ ਨੌ ਲੋਕ ਜ਼ਖਮੀ ਹੋਏ ਅਤੇ ਉਨ੍ਹਾਂ ਦਾ ਇਲਾਜ ਟ੍ਰੌਮਾ ਸੈਂਟਰ ਵਿੱਚ ਚੱਲ ਰਿਹਾ ਹੈ।
ਇਨ੍ਹਾਂ ਵਿੱਚ ਕੁਝ ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਨਿਕਲਣ ਦਾ ਕੋਈ ਰਸਤਾ ਨਾ ਦੇਖ ਕੇ ਬਿਜਲੀ ਅਤੇ ਇੰਟਰਨੈਟ ਦੀਆਂ ਤਾਰਾਂ ਦੇ ਸਹਾਰੇ ਨੀਚੇ ਉਤਰਨ ਦੀ ਕੋਸ਼ਿਸ਼ ਕੀਤੀ। ਇਸੇ ਕੋਸ਼ਿਸ਼ ਵਿੱਚ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ।
ਲਾਪਰਵਾਹੀ ਦੇ ਇਲਜ਼ਾਮ

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਅੱਖੀਂ ਦੇਖਣ ਵਾਲਿਆਂ ਦਾ ਇਲਜ਼ਾਮ ਹੈ ਕਿ ਇਮਾਰਤ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਘੱਟ ਸੀ। ਇੱਕ ਪਰਿਵਾਰਕ ਮੈਂਬਰ ਦਾ ਦਾਅਵਾ ਹੈ ਕਿ ਗੇਮਿੰਗ ਜ਼ੋਨ ਵਿੱਚ ਆਉਣ ਜਾਣ ਲਈ ਸਿਰਫ਼ ਇੱਕ ਹੀ ਮੁੱਖ ਦਰਵਾਜ਼ਾ ਸੀ, ਜੋ ਅੰਗੂਠੇ ਦੇ ਇੰਪਰੈਸ਼ਨ ਨਾਲ ਖੁੱਲ੍ਹਦਾ ਸੀ। ਅੱਗ ਲੱਗਣ ਬਾਅਦ ਮਸ਼ੀਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਕਈ ਲੋਕ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭ ਸਕੇ।
ਸਵਾਲ ਇਹ ਵੀ ਚੁੱਕੇ ਜਾ ਰਹੇ ਹਨ ਕਿ ਕੀ ਇਮਾਰਤ ਵਿੱਚ ਲੋੜੀਂਦੇ ਅਗਨੀ ਸੁਰੱਖਿਆ ਪ੍ਰਬੰਧ ਸਨ ਅਤੇ ਕੀ ਰਾਹਤ ਤੇ ਬਚਾਅ ਕਾਰਜ ਸਮਾਂ ਰਹਿੰਦੇ ਸ਼ੁਰੂ ਹੋ ਗਿਆ ਸੀ?
ਮ੍ਰਿਤਕਾਂ ਦੇ ਪਰਿਜਨਾਂ ਵਿੱਚੋਂ ਕੁਝ ਇਸ ਹਾਦਸੇ ਵਿੱਚ ਲਾਪਰਵਾਹੀ ਦੇ ਵੀ ਇਲਜ਼ਾਮ ਲਗਾ ਰਹੇ ਹਨ। ਪ੍ਰਭਜੋਤ ਸਿੰਘ ਕਹਿੰਦੇ ਹਨ, "ਜੇ ਲਾਪਰਵਾਹੀ ਨਾ ਹੁੰਦੀ ਤਾਂ ਇੰਨੇ ਲੋਕਾਂ ਦੀ ਜਾਨ ਨਾ ਜਾਂਦੀ।"
ਅਜਿਹੇ ਇਲਜ਼ਾਮ ਸਿਰਫ਼ ਪਰਿਵਾਰਕ ਮੈਂਬਰਾਂ ਵੱਲੋਂ ਹੀ ਨਹੀਂ, ਬਲਕਿ ਘਟਨਾ ਸਥਾਨ 'ਤੇ ਮੌਜੂਦ ਕਈ ਪ੍ਰਤੱਖਦਰਸ਼ੀਆਂ ਵੱਲੋਂ ਵੀ ਲਗਾਏ ਜਾ ਰਹੇ ਹਨ।
ਅੱਗ ਕਿੱਥੇ ਅਤੇ ਕਿਵੇਂ ਲੱਗੀ?

22 ਜੂਨ ਨੂੰ ਦੁਪਹਿਰ ਤਕਰੀਬਨ ਢਾਈ ਵਜੇ ਲਖਨਊ ਦੇ ਅਲੀਗੰਜ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਇਹ ਦੋ ਮੰਜ਼ਿਲਾਂ ਇਮਾਰਤ ਸੀ। ਸਥਾਨਕ ਲੋਕਾਂ ਮੁਤਾਬਕ ਗ੍ਰਾਊਂਡ ਫ਼ਲੋਰ 'ਤੇ ਪੈਟ ਸ਼ੌਪ ਚਲਦੀ ਸੀ, ਜਦਕਿ ਪਹਿਲੀ ਮੰਜ਼ਿਲ 'ਤੇ ਇੱਕ ਗੇਮਿੰਗ ਅਤੇ ਐਨੀਮੇਸ਼ਨ ਟਰੇਨਿੰਗ ਸੈਂਟਰ ਚਲਦਾ ਸੀ। ਇੱਥੇ ਐਨੀਮੇਸ਼ਨ, ਗੇਮ ਕੋਡਿੰਗ ਜਿਹੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ ਅਤੇ ਕੋਈ ਲੋਕ ਕੰਮ ਵੀ ਕਰਦੇ ਸੀ।
ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਅੱਗ ਪਹਿਲਾਂ ਹੇਠਲੀ ਮੰਜ਼ਿਲ 'ਤੇ ਲੱਗੀ ਅਤੇ ਪਿਰ ਦੇਖਦੇ-ਦੇਖਦੇ ਪੂਰੀ ਇਮਾਰਤ ਇਸ ਦੀ ਲਪੇਟ ਵਿੱਚ ਆ ਗਈ।
ਘਟਨਾ ਦੇ ਚਸ਼ਮਦੀਦ ਅਨੁਰਾਗ ਓਝਾ ਦਾਅਵਾ ਕਰਦੇ ਹਨ ਕਿ ਅੱਗ ਲੱਗਣ ਦੇ ਕਰੀਬ ਚਾਲੀ ਮਿੰਟ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਘਟਨਾ ਸਥਾਨ 'ਤੇ ਪਹੁੰਚੀ।

ਉਹ ਕਹਿੰਦੇ ਹਨ, "ਸਾਡੇ ਗੁਆਂਢੀ ਨੇ ਵੀ ਫੋਨ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਘਰ ਅੱਗ ਤੱਕ ਪਹੁੰਚਣ ਦਾ ਖ਼ਤਰਾ ਸੀ। ਜੇ ਪੰਜ ਮਿਟ ਵੀ ਹੋਰ ਦੇਰੀ ਹੁੰਦੀ ਤਾਂ ਆਲੇ-ਦੁਆਲੇ ਦੀਆਂ ਹੋਰ ਇਮਾਰਤਾਂ ਵੀ ਜਲ ਸਕਦੀਆਂ ਸੀ।"
ਘਟਨਾ ਦੇ ਸ਼ੁਰੂਆਤੀ ਵੀਡੀਓ ਅਤੇ ਤਸਵੀਰਾਂ ਵਿੱਚ ਇਮਾਰਤ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰੀ ਦਿਸਦੀ ਹੈ। ਹਾਲਾਂਕਿ, ਇਨ੍ਹਾਂ ਵੀਡੀਓਜ਼ ਦੇ ਅਧਾਰ 'ਤੇ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਦਮਕਲ ਦੀਆਂ ਟੀਮਾਂ ਕਦੋਂ ਪਹੁੰਚੀਆਂ।
ਇੱਕ ਹੋਰ ਪ੍ਰਤੱਖਦਰਸ਼ੀ ਕਹਿੰਦੇ ਹਨ, "ਮੈਂ ਆਪਣੇ ਕਮਰੇ ਵਿੱਚ ਸੀ। ਬਾਹਰੋਂ ਧੂੰਏਂ ਅਤੇ ਜਲਣ ਦੀ ਗੰਧ ਆ ਰਹੀ ਸੀ। ਜਦੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਇਮਾਰਤ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਅੰਦਰ ਫਸੇ ਲੋਕ ਖਿੜਕੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਸੀ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਤੇਜ਼ ਸੀ ਕਿ ਕੋਈ ਮਦਦ ਨਹੀਂ ਕਰ ਸਕਿਆ।"
ਉਧਰ, ਅਰਵਿੰਦ ਨਾਮ ਦੇ ਇੱਕ ਹੋਰ ਪ੍ਰਤੱਖਦਰਸ਼ੀ ਦੱਸਦੇ ਹਨ ਕਿ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਪੈੱਟ ਸੌਂਪ ਸੀ। ਉਨ੍ਹਾਂ ਮੁਤਾਬਕ, ਉੱਥੇ ਹੀ ਕਿਸੇ ਹਿੱਸੇ ਵਿੱਚ ਅੱਗ ਲੱਗੀ ਸੀ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਉੱਤੇ ਤੱਕ ਫੈਲ ਗਈ।
ਅੱਗ ਲੱਗਣ ਦਾ ਕਾਰਨ ਕੀ ਸੀ ਅਤੇ ਕੀ ਇਮਾਰਤ ਵਿੱਚ ਲੋੜੀਂਦੇ ਅਗਨੀ ਸੁਰੱਖਿਆ ਇੰਤਜ਼ਾਮ ਮੌਜੂਦ ਸਨ, ਇਸ ਦੀ ਜਾਂਚ ਹੁਣ ਪ੍ਰਸ਼ਾਸਨ ਅਤੇ ਪੁਲਿਸ ਕਰ ਰਹੀ ਹੈ।
ਐਸਆਈਟੀ ਦੀ ਜਾਂਚ ਅਤੇ ਕਾਰਵਾਈ

ਤਸਵੀਰ ਸਰੋਤ, Hasan Ashari/Getty Images
ਬੀਤੀ ਦੇਰ ਰਾਤ ਅਲੀਨਗਰ ਥਾਣੇ ਵਿੱਚ ਚਾਰ ਨਾਮਜ਼ਦ ਅਤੇ ਇੱਕ ਹੋਰ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਜੋ ਚਾਰ ਨਾਮਜ਼ਦ ਹਨ, ਉਨ੍ਹਾਂ ਵਿੱਚ ਵੀਰੇਂਦਰ ਸ਼ੁਕਲਾ, ਤੁਸ਼ਾਂਕ ਕ੍ਰਿਸ਼ਨ ਜੈਯਸਵਾਲ, ਰਾਮਕ੍ਰਿਸ਼ਨ ਉਪਾਧਿਆਏ ਅਤੇ ਸੁਰੇਸ਼ ਕੁਮਾਰ ਸ਼ਾਮਿਲ ਹਨ।
ਰਾਮਕ੍ਰਿਸ਼ਨ ਉਪਾਧਿਆਏ ਪੈੱਟ ਸ਼ੌਪ ਅਤੇ ਵੀਰੇਂਦਰ ਸ਼ੁਕਲਾ ਅੱਗ ਦੀ ਲਪੇਟ ਵਿੱਚ ਆਈ ਇਮਾਰਤ ਦੇ ਮਾਲਿਕ ਹਨ।
ਇਨ੍ਹਾਂ ਵਿੱਚ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 105, 110, 125 ਅਤੇ 3(5) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਇਲਜ਼ਾਮ ਹੈ ਕਿ ਇਮਾਰਤ ਵਿੱਚ ਫਾਇਰ ਸੇਫਟੀ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਸੀ। ਬਿਲਡਿੰਗ ਤੋਂ ਬਾਹਰ ਨਿਕਲਣ ਦਾ ਵੀ ਸਿਰਫ਼ ਇੱਕ ਹੀ ਰਸਤਾ ਸੀ। ਉੱਧਰ ਅਸੁਰੱਖਿਅਤ ਤਰੀਕੇ ਨਾਲ ਏਸੀ ਦੇ ਬਾਹਰ ਦੂਜੇ ਬਿਜਲੀ ਉਪਕਰਨ ਲੱਗੇ ਹੋਏ ਸੀ।
ਮੁੱਖ ਮੰਤਰੀ ਦੇ ਹੁਕਮ ਬਾਅਦ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਵੀ ਗਠਿਤ ਕੀਤੀ ਗਈ ਹੈ। ਯੋਗੀ ਅਦਿੱਤਿਆ ਨਾਥ ਨੇ ਮ੍ਰਿਤਕ ਪਰਿਵਾਰਾਂ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।
ਘਟਨਾ ਵਿੱਚ ਮਾਰੇ ਗਏ ਬੱਚਿਆ ਦੇ ਪਰਿਵਾਰਕ ਜੀਆਂ ਲਈ ਸੂਬਾ ਸਰਕਾਰ ਨੇ ਜਿੱਥੇ ਪੰਜ ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਪੰਜਾਬ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।
ਉਧਰ, ਮੁੱਖ ਮੰਤਰੀ ਦਫ਼ਤਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਜੀਆਂ ਨੂੰ ਦੋ ਲੱਖ ਅਤੇ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












