ਕੀਅਰ ਸਟਾਰਮਰ ਨੇ ਯੂਕੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ, ਕੌਣ ਹਨ ਐਂਡੀ ਬਰਨਹੈਮ ਜੋ ਬਣਨਾ ਚਾਹੁੰਦੇ ਹਨ ਅਗਲੇ ਪੀਐੱਮ

ਕੀਅਰ ਸਟਾਰਮਰ ਨੇ ਯੂਕੇ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਲੇਬਰ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਸਟਾਰਮਰ ਨੇ ਕਿੰਗ ਚਾਰਲਜ਼ III ਨਾਲ ਗੱਲਬਾਤ ਕਰਕੇ ਆਪਣੇ ਅਸਤੀਫੇ ਦੇ ਫੈਸਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਲੀਡਰਸ਼ਿਪ ਦੀ ਚੋਣ ਲਈ ਸਮਾਂ-ਸਾਰਣੀ ਤੈਅ ਕੀਤੀ ਜਾਵੇ।
ਇਸ ਤਹਿਤ 9 ਜੁਲਾਈ ਤੋਂ ਨਾਮਜ਼ਦਗੀਆਂ ਮੰਗੀਆਂ ਜਾਣਗੀਆਂ ਅਤੇ ਗਰਮੀਆਂ ਦੀ ਸੰਸਦੀ ਛੁੱਟੀ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
ਇਸ ਦਾ ਅਰਥ ਹੈ ਕਿ ਸੰਸਦ ਦੇ ਸਤੰਬਰ ਵਿੱਚ ਮੁੜ ਬੈਠਣ ਤੋਂ ਪਹਿਲਾਂ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਸ ਸਮੇਂ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ।
'ਪਾਰਟੀ ਦਾ ਸੁਨੇਹਾ ਮੈਂ ਸੁਣ ਲਿਆ ਹੈ'

ਤਸਵੀਰ ਸਰੋਤ, EPA/Shutterstock
ਕੀਅਰ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਵਾਲ ਕਰ ਰਹੀ ਹੈ ਕਿ ਕੀ ਉਹ ਅਗਲੀਆਂ ਚੋਣਾਂ ਦੀ ਅਗਵਾਈ ਕਰਨ ਦੇ ਯੋਗ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ "ਸੁਣ ਲਿਆ ਹੈ" ਅਤੇ ਉਹ ਇਸ ਨੂੰ "ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਨ"।
ਇਸ ਦੌਰਾਨ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜੋ ਵੀ ਫੈਸਲੇ ਲਏ ਆਪਣੇ ਮੁਲਕ ਲਈ ਲਏ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦੇ ਹਨ।
ਨਵੇਂ ਲੀਡਰ ਦੀ ਦੌੜ 'ਚ ਐਂਡੀ ਬਰਨਹੈਮ ਸਭ ਤੋਂ ਅੱਗੇ

ਤਸਵੀਰ ਸਰੋਤ, PA Media
ਕੀਅਰ ਸਟਾਰਮਰ ਤੋਂ ਬਾਅਦ ਹੁਣ ਐਂਡੀ ਬਰਨਹੈਮ ਲੇਬਰ ਪਾਰਟੀ ਦੇ ਲੀਡਰ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਆਪਣੇ ਸੰਬੋਧਨ ਦੌਰਾਨ ਖੁਦ ਕੀਅਰ ਸਟਾਰਮਰ ਨੇ ਐਂਡੀ ਬਰਨਹੈਮ ਦੇ ਨਿਰਵਿਰੋਧ ਚੁਣੇ ਜਾਣ ਦਾ ਇਸ਼ਾਰਾ ਕੀਤਾ ਹੈ।
ਕੀਅਰ ਸਟਾਰਮਰ ਨੇ ਕਿਹਾ ਕਿ ਉਹ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਕਹਿਣਗੇ ਕਿ ਨਵੇਂ ਲੀਡਰ ਲਈ ਨਾਮਜ਼ਦਗੀ ਪ੍ਰਕਿਰਿਆ 9 ਜੁਲਾਈ ਨੂੰ ਸ਼ੁਰੂ ਕੀਤੀ ਜਾਵੇ।
ਸਟਾਰਮਰ ਮੁਤਾਬਕ ਇਹ ਪ੍ਰਕਿਰਿਆ 16 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਤੱਕ ਪੂਰੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੁੰਦਾ ਵੀ ਹੈ ਤਾਂ ਛੁੱਟੀਆਂ ਖਤਮ ਹੋਣ 'ਤੇ 1 ਸਤੰਬਰ ਨੂੰ ਜਦੋਂ ਪਾਰਲੀਮੈਂਟ ਮੁੜ ਲੱਗੇਗੀ ਤਾਂ ਉਦੋਂ ਤੱਕ ਨਵਾਂ ਲੀਡਰ ਚੁਣ ਲਿਆ ਜਾਵੇਗਾ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਇਸ਼ਾਰਾ ਵੀ ਕੀਤਾ ਕਿ ਨਵੇਂ ਲੇਬਰ ਲੀਡਰ ਦੀ ਚੋਣ ਲਈ ਕੋਈ ਮੁਕਾਬਲਾ ਨਹੀਂ ਹੋਵੇਗਾ।
ਸਟਾਰਮਰ ਨੇ ਕਿਹਾ ਕਿ ਜੇਕਰ ਐਂਡੀ ਬਰਨਹੈਮ 9 ਜੁਲਾਈ ਨੂੰ ਨੌਮੀਨੇਸ਼ਨ ਪ੍ਰਕਿਰਿਆ ਦੌਰਾਨ ਨਿਰਵਿਰੋਧ ਚੁਣੇ ਜਾਂਦੇ ਹਨ ਤਾਂ ਉਹ ਤੁਰੰਤ ਨਵੇਂ ਲੇਬਰ ਲੀਡਰ ਐਲਾਨੇ ਜਾ ਸਕਦੇ ਹਨ।
ਜਦੋਂ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੁੰਦੀ, ਕੀਅਰ ਸਟਾਰਮਰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ।
ਐਂਡੀ ਬਰਨਹੈਮ ਨੇ ਸੰਸਦ ਵੱਜੋਂ ਹਲਫ਼ ਲਿਆ

ਤਸਵੀਰ ਸਰੋਤ, House of Commons
ਕੀਅਰ ਸਟਾਰਮਰ ਵੱਲੋਂ ਪੀਐੱਮ ਅਹੁਦੇ ਤੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਐਂਡੀ ਬਰਨਹੈਮ ਨੇ ਹਾਊਸ ਆਫ ਕਾਮਨਸ ਵਿੱਚ ਬਤੌਰ ਸੰਸਦ ਮੈਂਬਰ ਹਲਫ਼ ਲਿਆ।
ਹਾਲ ਹੀ 'ਚ ਮੇਕਰਫੀਲਡ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਬ੍ਰਿਟਿਸ਼ ਸੰਸਦ ਲਈ ਉਨ੍ਹਾਂ ਦੇ ਰਾਹ ਖੁੱਲ੍ਹ ਗਏ ਅਤੇ ਉਨ੍ਹਾਂ ਨੇ ਕੀਅਰ ਸਟਾਰਮਰ ਦੀ ਥਾਂ ਦਾਅਵੇਦਾਰੀ ਪੇਸ਼ ਕਰਨ ਦੀ ਵੀ ਪੁਸ਼ਟੀ ਕਰ ਦਿੱਤੀ ਹੈ।
ਕੀਅਰ ਸਟਾਰਮਰ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਦਿੰਦਿਆਂ ਐਂਡੀ ਬਰਨਹੈਮ ਨੇ ਸੋਸ਼ਲ ਮੀਡੀਆ 'ਤੇ ਲਿਖਿਆ,"ਕੀਅਰ ਨੇ ਸਾਡੇ ਦੇਸ਼ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ ਅਤੇ ਮੈਂ ਇਸ ਚੁਣੌਤੀਪੂਰਨ ਸਮੇਂ ਦੌਰਾਨ ਉਨ੍ਹਾਂ ਦੀ ਅਗਵਾਈ ਅਤੇ ਸਮਰਪਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।"
ਐਂਡੀ ਨੇ ਅੱਗੇ ਲਿਖਿਆ, "ਉਨ੍ਹਾਂ ਦਾ ਇਹ ਫ਼ੈਸਲਾ ਇੱਕ ਤਬਦੀਲੀ ਦੀ ਸ਼ੁਰੂਆਤ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਇਹ ਪ੍ਰਕਿਰਿਆ ਸੁਚੱਜੇ ਅਤੇ ਜ਼ਿੰਮੇਵਾਰ ਢੰਗ ਨਾਲ ਪੂਰੀ ਕੀਤੀ ਜਾਵੇ। ਮੈਂ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣੀ ਉਮੀਦਵਾਰੀ ਪੇਸ਼ ਕਰਾਂਗਾ।"
ਐਂਡੀ ਬਰਨਹੈਮ ਦੀ ਲੇਬਰ ਪਾਰਟੀ ਦਾ ਲੀਡਰ ਬਣਨ ਦੀ ਚਾਹ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਪਾਰਟੀ ਦਾ ਲੀਡਰ ਬਣਨ ਲਈ ਚੋਣ ਲੜ ਚੁੱਕੇ ਹਨ ਹਾਲਾਂਕਿ ਦੋਵੇਂ ਵਾਰ ਉਨ੍ਹਾਂ ਨੂੰ ਸਫਲਤਾ ਹਾਸਲ ਨਹੀਂ ਹੋਈ ਸੀ।

ਤਸਵੀਰ ਸਰੋਤ, PA Media
1970 'ਚ ਲਿਵਰਪੂਲ 'ਚ ਜੰਮੇ ਬਰਨਹੈਮ ਦਾ ਬਚਪਨ ਵਾਰਿੰਗਟਨ ਨੇੜੇ ਇੱਕ ਪਿੰਡ 'ਚ ਗੁਜ਼ਰਿਆ। ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਟੈਲੀਕਾਮ 'ਚ ਇੰਜੀਨੀਅਰ ਸਨ ਅਤੇ ਮਾਂ ਰਿਸੈਪਸ਼ਨਿਸਟ ਸਨ। ਦੋਵੇਂ ਲੇਬਰ ਪਾਰਟੀ ਦੇ ਹਮਾਇਤੀ ਸਨ ਅਤੇ ਬਰਨਹੈਮ ਨੇ ਘੱਟ ਉਮਰ 'ਚ ਹੀ ਸਿਆਸਤ 'ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ।
ਐਂਡੀ ਨੇ ਬਤੌਰ ਪੱਤਰਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2001 ਵਿੱਚ ਗ੍ਰੇਟਰ ਮੈਨਚੈਸਟਰ ਦੇ ਆਪਣੇ ਗ੍ਰਹਿ ਹਲਕੇ ਲੀ ਤੋਂ ਉਹ ਸਾਂਸਦ ਚੁਣੇ ਗਏ।
ਉਨ੍ਹਾਂ ਨੇ ਸਭ ਤੋਂ ਪਹਿਲਾਂ ਬਲੇਅਰ ਸਰਕਾਰ 'ਚ ਮੰਤਰੀ ਵੱਜੋਂ ਕੰਮ ਕੀਤਾ ਪਰ ਬਾਅਦ 'ਚ ਬ੍ਰਾਊਨ ਸਰਕਾਰ 'ਚ ਸੱਭਿਆਚਾਰ ਅਤੇ ਸਿਹਤ ਮੰਤਰੀ ਬਣੇ।
2010 ਦੀਆਂ ਆਮ ਚੋਣਾਂ 'ਚ ਲੇਬਰ ਪਾਰਟੀ ਦੀ ਹਾਰ ਤੋਂ ਬਾਅਦ ਗੋਰਡਨ ਬ੍ਰਾਊਨ ਨੇ ਅਸਤੀਫਾ ਦਿੱਤਾ, ਜਿਸ ਤੋਂ ਬਾਅਦ ਬਰਨਹੈਮ ਪਾਰਟੀ ਲੀਡਰ ਬਣਨ ਦੀ ਦੌੜ 'ਚ ਉਤਰੇ। ਪੰਜ ਉਮੀਦਵਾਰਾਂ 'ਚ ਉਹ ਚੌਥੇ ਸਥਾਨ 'ਤੇ ਰਹੇ ਸਨ।
ਸਾਲ 2015 ਵਿੱਚ ਉਨ੍ਹਾਂ ਨੇ ਮੁੜ ਲੇਬਰ ਲੀਡਰ ਬਣਨ ਦੀ ਕੋਸ਼ਿਸ਼ ਕੀਤ ਪਰ ਇਸ ਵਾਰ ਜੇਰੇਮੀ ਕਾਰਬਿਨ ਨੇ ਉਨ੍ਹਾਂ ਨੂੰ ਹਰਾ ਦਿੱਤਾ।
2017 ਵਿੱਚ ਐਂਡੀ ਗ੍ਰੇਟਰ ਮੈਨਸਚੈਸਟਰ ਦੇ ਮੇਅਰ ਬਣੇ। ਇਸ ਤੋਂ ਬਾਅਦ 2021 ਅਤੇ 2024 ਵਿੱਚ ਵੀ ਮੇਅਰ ਦੇ ਅਹੁਦੇ 'ਤੇ ਕਾਇਮ ਰਹੇ।
ਹਾਲ ਹੀ 'ਚ ਮੇਕਰਫੀਲਡ ਜ਼ਿਮਨੀ ਚੋਣ ਵਿੱਚ ਐਂਡੀ ਬਰਨਹੈਮ ਨੇ ਕਰੀਬ 55 ਫੀਸਦ ਵੋਟਾਂ ਹਾਸਲ ਕਰ ਬ੍ਰਿਟਿਸ਼ ਸੰਸਦ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਮੇਕਰਫੀਲਡ ਜ਼ਿਮਨੀ ਚੋਣ 'ਚ ਜਿੱਤਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਐਂਡੀ ਬਰਨਹੈਮ ਨੇ ਕਿਹਾ ਸੀ ਕਿ ਵੋਟਰਾਂ ਨੇ 'ਬਦਲਾਅ ਦੀ ਮੰਗ' ਕੀਤੀ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਉਹ "ਬ੍ਰਿਟੇਨ ਲਈ ਇੱਕ ਨਵਾਂ ਰਾਹ" ਤੈਅ ਕਰਨਗੇ।
ਐਂਡੀ ਦੀ ਜਿੱਤ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਕੀਅਰ ਸਟਾਰਮਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਸਕਦੇ ਹਨ।
ਪਿਛਲੇ ਕੁਝ ਸਮੇਂ ਤੋਂ ਕੀਅਰ ਸਟਾਰਮਰ ਦਾ ਲੇਬਰ ਪਾਰਟੀ ਦੇ ਅੰਦਰ ਹੀ ਵਿਰੋਧ ਹੋ ਰਿਹਾ ਸੀ ਅਤੇ ਉਨ੍ਹਾਂ 'ਤੇ ਲੀਡਰਸ਼ਿਪ ਛੱਡਣ ਲਈ ਦਬਾਅ ਵੱਧ ਰਿਹਾ ਸੀ।
ਅਸਤੀਫੇ ਦੇ ਐਲਾਨ ਦੌਰਾਨ ਭਾਵੁਕ ਹੋਏ ਸਟਾਰਮਰ

ਤਸਵੀਰ ਸਰੋਤ, Reuters
10 ਡਾਊਨਿੰਗ ਸਟ੍ਰੀਟ ਦੇ ਬਾਹਰ ਅਸਤੀਫੇ ਦਾ ਐਲਾਨ ਕਰਦੇ ਸਮੇਂ ਕੀਅਰ ਸਟਾਰਮਰ ਭਾਵੁਕ ਹੋ ਗਏ।
ਸਟਾਰਮਰ ਨੇ ਕਿਹਾ ਕਿ ਦੋ ਸਾਲ ਪਹਿਲਾਂ ਡਾਊਨਿੰਗ ਸਟ੍ਰੀਟ ਆਉਣਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਸੀ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਉਣ ਦਾ ਉਨ੍ਹਾਂ ਦਾ ਮਕਸਦ ਲੱਖਾਂ ਲੋਕਾਂ ਦੀ ਜ਼ਿੰਦਗੀ ਵਿੱਚ ਚੰਗਾ ਬਦਲਾਅ ਲਿਆਉਣਾ ਸੀ।
ਇਸ ਦੌਰਾਨ ਉਨ੍ਹਾਂ ਜੁਲਾਈ 2024 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਸਫ਼ਰ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ 'ਦੇਸ਼ ਦੀ ਸਭ ਤੋਂ ਵੱਡੀ ਜੌਬ' ਛੱਡਣ ਤੋਂ ਬਾਅਦ ਹੁਣ ਉਹ 'ਸਭ ਤੋਂ ਅਹਿਮ ਜੌਬ' ਵੱਲ ਧਿਆਨ ਦੇਣਗੇ।
ਸਟਾਰਮਰ ਨੇ ਕਿਹਾ ਕਿ ਹੁਣ ਉਹ ਚੰਗੇ ਪਤੀ ਅਤੇ ਪਿਤਾ ਹੋਣ ਦੀ ਜ਼ਿੰਮੇਵਾਰੀ ਨਿਭਾਉਣਗੇ। ਸੰਬੋਧਨ ਖ਼ਤਮ ਹੋਣ 'ਤੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਗਲੇ ਲਾਇਆ ਅਤੇ ਵਾਪਸ ਮੁੜ ਗਏ।
ਲੇਬਰ ਪਾਰਟੀ ਨੂੰ ਸੱਤਾ 'ਚ ਲਿਆਉਣ ਵਾਲੇ ਸਟਾਰਮਰ ਨੂੰ ਜਾਣੋ

ਤਸਵੀਰ ਸਰੋਤ, Reuters
ਬ੍ਰਿਟੇਨ ਦੀ ਸੱਤਾ ਵਿੱਚ ਲੇਬਰ ਪਾਰਟੀ ਦੀ 14 ਸਾਲਾਂ ਬਾਅਦ ਵਾਪਸੀ ਵਿੱਚ ਕੀਅਰ ਸਟਾਰਮਰ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਕੀਅਰ ਸਟਾਰਮਰ ਦੀ ਅਗਵਾਈ ਵਿੱਚ ਹੀ ਲੇਬਰ ਪਾਰਟੀ ਨੇ ਰਿਸ਼ੀ ਸੂਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ।
ਸਾਲ 2015 ਵਿੱਚ ਸਟਾਰਮਰ ਉੱਤਰੀ ਲੰਡਨ 'ਚ ਹੋਰਬਰਨ ਅਤੇ ਸੇਂਟ ਪੈਨਕਰਾਸ ਤੋਂ ਸਾਂਸਦ ਚੁਣੇ ਗਏ ਸਨ।
2019 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਭਾਰੀ ਹਾਰ ਤੋਂ ਬਾਅਦ ਕੀਅਰ ਸਟਾਰਮਰ ਨੇ ਲੇਬਰ ਲੀਡਰ ਅਹੁਦੇ ਦੀ ਚੋਣ ਲੜੀ ਸੀ ਅਤੇ 2020 ਵਿੱਚ ਪਾਰਟੀ ਦੇ ਲੀਡਰ ਬਣੇ। ਜਿੱਤ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਸੀ ਉਹ ਲੇਬਰ ਪਾਰਟੀ ਨੂੰ "ਵਿਸ਼ਵਾਸ ਅਤੇ ਉਮੀਦ ਨਾਲ ਇੱਕ ਨਵੇਂ ਯੁੱਗ 'ਚ ਲਿਜਾਉਣਗੇ।"
ਚੋਣ ਅਭਿਆਨ ਦੌਰਾਨ ਕੀਅਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਵੱਲੋਂ ਸਿਹਤ, ਸਿੱਖਿਆ, ਆਵਾਸ ਅਤੇ ਮਾਈਗ੍ਰੇਸ਼ਨ ਦੇ ਮੁੱਦੇ 'ਤੇ ਕਈ ਅਹਿਮ ਵਾਅਦੇ ਕੀਤੇ ਗਏ ਸਨ।
ਬ੍ਰਿਟਿਸ਼ ਸਿਹਤ ਸੇਵਾ ਐਨਐਚਐਸ 'ਚ ਮਰੀਜ਼ਾਂ ਦੀ ਵੇਟਿੰਗ ਲਿਸਟ ਘੱਟ ਕਰਨਾ, ਹਰ ਹਫ਼ਤੇ ਐਨਐਚਐਸ ਨੂੰ 40,000 ਤੋਂ ਵੱਧ ਨਿਯੁਕਤੀਆਂ ਮਿਲਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਫੰਡਿੰਗ ਟੈਕਸ ਦੀ ਚੋਰੀ 'ਤੇ ਨਕੇਲ ਅਤੇ ਟੈਕਸ ਦੀਆਂ ਖਾਮੀਆਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ।
6500 ਅਧਿਆਪਕਾਂ ਦੀ ਭਰਤੀ, 15 ਲੱਖ ਨਵੇਂ ਘਰ ਬਣਾਉਣ, ਘਰ ਖਰੀਦਣ ਵਾਲਿਆਂ ਨੂੰ 'ਪਹਿਲਾ ਅਧਿਕਾਰ' ਦੇਣ ਵਰਗੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ।
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਬਾਰਡਰ ਸਿਕਿਓਰਿਟੀ ਕਮਾਂਡ ਲਾਂਚ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












