ਕਸਰਤ ਕਰਦੇ ਸਮੇਂ ਪ੍ਰਦੂਸ਼ਿਤ ਹਵਾ ਅੰਦਰ ਜਾਣ ਦੀ ਮਾਤਰਾ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?

ਤਸਵੀਰ ਸਰੋਤ, Getty Images
- ਲੇਖਕ, ਮੈਲਿਸਾ ਹੋਗੇਨਬੂਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਆਮ ਤੌਰ 'ਤੇ ਕਸਰਤ ਦੇ ਫਾਇਦੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੇ ਖ਼ਤਰਿਆਂ ਤੋਂ ਵੱਧ ਹੁੰਦੇ ਹਨ ਪਰ ਕੁਝ ਕਦਮ ਚੁੱਕ ਕੇ ਅਸੀਂ ਪ੍ਰਦੂਸ਼ਿਤ ਹਵਾ ਦੇ ਸੰਪਰਕ ਨੂੰ ਘੱਟ ਕਰ ਸਕਦੇ ਹਾਂ।
ਹਾਲ ਹੀ ਵਿੱਚ ਸਵੇਰ ਦੀ ਦੌੜ ਦੌਰਾਨ ਮੈਂ ਸੜਕ ਪਾਰ ਕਰਨ ਲਈ ਉਡੀਕ ਕਰ ਰਿਹਾ ਸੀ ਕਿ ਇੱਕ ਵੈਨ ਮੇਰੇ ਕੋਲ ਆ ਕੇ ਰੁਕੀ। ਉਸ ਵਿੱਚੋਂ ਨਿਕਲਦੇ ਧੂੰਏਂ ਦਾ ਇੱਕ ਸੰਘਣਾ ਗੁਬਾਰ ਮੇਰੇ ਸਾਹਾਂ ਵਿੱਚ ਚਲਾ ਗਿਆ।
ਲੰਡਨ ਵਿੱਚ ਰਹਿੰਦੇ ਹੋਏ, ਜਿੱਥੇ ਮੈਂ ਨਿਯਮਿਤ ਤੌਰ 'ਤੇ ਸਾਈਕਲ ਚਲਾਉਂਦਾ ਅਤੇ ਦੌੜਦਾ ਹਾਂ, ਇਸ ਤੋਂ ਬਚਣਾ ਕਈ ਵਾਰ ਮੁਸ਼ਕਿਲ ਹੁੰਦਾ ਹੈ। ਮੇਰੇ ਰੋਜ਼ਾਨਾ ਆਉਣ-ਜਾਣ ਵਿੱਚ ਸਾਈਕਲ ਜਾਂ ਪੈਦਲ ਜਾਣਾ ਸ਼ਾਮਿਲ ਹੈ, ਇਸ ਲਈ ਟ੍ਰੈਫ਼ਿਕ ਲਾਈਟਾਂ ਬਦਲਣ ਦੀ ਉਡੀਕ ਕਰਦਿਆਂ ਮੈਂ ਅਕਸਰ ਵਾਹਨਾਂ ਦੇ ਪਿੱਛੇ ਫਸਿਆ ਰਹਿੰਦਾ ਹਾਂ।
ਜਦੋਂ ਪ੍ਰਦੂਸ਼ਿਤ ਹਵਾ ਦੀ ਇੱਕ ਹੋਰ ਲਹਿਰ ਸਾਹਾਂ ਵਿੱਚ ਜਾਂਦੀ ਹੈ ਅਤੇ ਮੈਂ ਖੰਘਣ ਲੱਗਦਾ ਹਾਂ ਤਾਂ ਅਕਸਰ ਮੇਰੇ ਮਨ ਵਿੱਚ ਸਵਾਲ ਆਉਂਦਾ ਹੈ: ਕੀ ਪ੍ਰਦੂਸ਼ਿਤ ਸੜਕਾਂ 'ਤੇ ਕਸਰਤ ਕਰਨਾ ਮੇਰੀ ਸਿਹਤ ਲਈ ਫਾਇਦੇ ਨਾਲੋਂ ਜ਼ਿਆਦਾ ਨੁਕਸਾਨਦਾਇਕ ਹੈ ?
ਇੱਥੇ ਤੁਹਾਨੂੰ ਕਸਰਤ ਕਰਨ ਦੇ ਖ਼ਤਰਿਆਂ ਅਤੇ ਫਾਇਦਿਆਂ ਬਾਰੇ ਜਾਣਨ ਦੀ ਲੋੜ ਹੈ ਅਤੇ ਨਾਲ ਹੀ ਇਹ ਵੀ ਕਿ ਸ਼ਹਿਰੀ ਇਲਾਕਿਆਂ ਵਿੱਚ ਕਸਰਤ ਕਰਦੇ ਸਮੇਂ ਆਪਣੇ ਆਪ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਤੁਸੀਂ ਜੋ ਹਵਾ ਸਾਹ ਰਾਹੀਂ ਅੰਦਰ ਲੈ ਰਹੇ ਹੋ, ਉਸ ਵਿੱਚ ਕੀ ਹੈ ?

ਤਸਵੀਰ ਸਰੋਤ, Getty Images
ਇਹ ਗੱਲ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਕਿ ਹਵਾ ਪ੍ਰਦੂਸ਼ਣ ਦਾ ਸਬੰਧ ਦਿਲ ਦੀਆਂ ਬਿਮਾਰੀਆਂ, ਸਾਹ ਨਾਲ ਜੁੜੀਆਂ ਸਮੱਸਿਆਵਾਂ, ਕੈਂਸਰ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਵਧੇ ਹੋਏ ਖ਼ਤਰੇ ਸਮੇਤ ਕਈ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਨਾਲ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਦੁਨੀਆ ਦੀ 99 ਫ਼ੀਸਦੀ ਆਬਾਦੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੀ ਹੈ, ਜਿਸ ਕਾਰਨ ਹਰ ਸਾਲ 67 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੁੰਦੀ ਹੈ।
ਲੰਡਨ ਦੇ ਇੰਪੀਰੀਅਲ ਕਾਲਜ ਦੀ ਐਸੋਸੀਏਟ ਪ੍ਰੋਫੈਸਰ ਔਡਰੀ ਡੀ ਨਜ਼ੈਲ, ਜੋ ਕਸਰਤ 'ਤੇ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਖੋਜ ਕਰਦੇ ਹਨ, ਕਹਿੰਦੇ ਹਨ ਕਿ ਹਵਾ ਪ੍ਰਦੂਸ਼ਣ ਦਾ ਅਸਰ ਸਰੀਰ ਦੇ ਲਗਭਗ ਸਾਰੇ ਅੰਗਾਂ 'ਤੇ ਪੈਂਦਾ ਹੈ।
ਉਹ ਕਹਿੰਦੇ ਹਨ, "ਅਸੀਂ ਪਹਿਲਾਂ ਸੋਚਦੇ ਸੀ ਕਿ ਇਸ ਦਾ ਸਬੰਧ ਸਿਰਫ਼ ਸਾਹ ਦੀਆਂ ਬਿਮਾਰੀਆਂ ਨਾਲ ਹੈ ਪਰ ਇਸ ਦਾ ਸਬੰਧ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਦਿਮਾਗੀ ਸਮਰੱਥਾ ਅਤੇ ਪ੍ਰਜਨਨ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਨਾਲ ਵੀ ਹੈ।"
ਇੱਕ ਵੱਡੀ ਚਿੰਤਾ PM2.5 ਨੂੰ ਲੈਕੇ ਹੈ। ਇਹ ਬਹੁਤ ਬਰੀਕ ਕਣ ਹੁੰਦੇ ਹਨ, ਜਿਨ੍ਹਾਂ ਦਾ ਆਕਾਰ ਸਿਰਫ਼ 2.5 ਮਾਈਕ੍ਰੋਮੀਟਰ ਹੁੰਦਾ ਹੈ। ਇਹ ਬਰੀਕ ਕਣ ਮਨੁੱਖ ਦੇ ਵਾਲ ਦੀ ਚੌੜਾਈ ਨਾਲੋਂ ਲਗਭਗ 30 ਗੁਣਾ ਛੋਟੇ ਹੁੰਦੇ ਹਨ।
ਇਹ ਕਣ ਟ੍ਰੈਫ਼ਿਕ ਸਮੇਤ ਵੱਖ-ਵੱਖ ਸਰੋਤਾਂ ਤੋਂ ਸਿੱਧੇ ਹਵਾ ਵਿੱਚ ਮਿਲਦੇ ਹਨ। ਇਹ ਸਾਡੇ ਫੇਫੜਿਆਂ ਦੇ ਅੰਦਰ ਡੂੰਘਾਈ ਤੱਕ ਪਹੁੰਚ ਸਕਦੇ ਹਨ, ਖੂਨ ਦੇ ਪ੍ਰਵਾਹ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਸਕਦੇ ਹਨ।
ਸਮੇਂ ਦੇ ਨਾਲ ਇਨ੍ਹਾਂ ਕਣਾਂ ਦਾ ਇਕੱਠਾ ਹੋਣਾ ਦਿਮਾਗ਼ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। 2025 ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ, ਜਿਸ ਵਿੱਚ 51 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ 2.9 ਕਰੋੜ ਤੋਂ ਵੱਧ ਲੋਕਾਂ ਦੇ ਅੰਕੜਿਆਂ ਨੂੰ ਸ਼ਾਮਿਲ ਕੀਤਾ ਗਿਆ, ਵਿੱਚ ਹਵਾ ਪ੍ਰਦੂਸ਼ਣ ਦੀਆਂ ਤਿੰਨ ਕਿਸਮਾਂ ਅਤੇ ਡਿਮੈਂਸ਼ੀਆ ਦੇ ਵਧੇ ਹੋਏ ਖ਼ਤਰੇ ਵਿਚਾਲੇ ਸਬੰਧ ਪਾਇਆ ਗਿਆ। ਇਨ੍ਹਾਂ ਵਿੱਚੋਂ ਇੱਕ PM2.5 ਸੀ।
ਕੈਂਬ੍ਰਿਜ ਯੂਨੀਵਰਸਿਟੀ ਦੀ ਮਹਾਂਮਾਰੀ ਵਿਗਿਆਨੀ ਅਤੇ ਇਸ ਅਧਿਐਨ ਦੀ ਸਹਿ-ਲੇਖਕ ਹਨੀਨ ਖ਼ਰੇਸ ਕਹਿੰਦੇ ਹਨ, "ਜਦੋਂ ਕਣ ਇੰਨੇ ਛੋਟੇ ਹੁੰਦੇ ਹਨ ਤਾਂ ਇਹ ਖੂਨ ਅਤੇ ਦਿਮਾਗ਼ ਵਿਚਾਲੇ ਮੌਜੂਦ ਰੁਕਾਵਟ ਨੂੰ ਪਾਰ ਕਰ ਸਕਦੇ ਹਨ ਅਤੇ ਤੁਹਾਡੇ ਦਿਮਾਗ ਤੱਕ ਪਹੁੰਚ ਸਕਦੇ ਹਨ।"
ਪਰ ਹੋਰ ਪ੍ਰਦੂਸ਼ਕ ਵੀ ਹਨ। ਰੁੱਝੀਆਂ ਸੜਕਾਂ ਜਾਂ ਸ਼ਹਿਰਾਂ ਵਿੱਚ ਕਸਰਤ ਕਰਦੇ ਸਮੇਂ ਅਸੀਂ ਨਾਈਟ੍ਰੋਜਨ ਡਾਈਆਕਸਾਈਡ ਵੀ ਸਾਹ ਰਾਹੀਂ ਅੰਦਰ ਲੈਂਦੇ ਹਾਂ। ਸਮੀਖਿਆ ਵਿੱਚ ਇਸ ਦਾ ਸਬੰਧ ਵੀ ਡਿਮੈਂਸ਼ੀਆ ਦੇ ਵਧੇ ਹੋਏ ਖ਼ਤਰੇ ਨਾਲ ਪਾਇਆ ਗਿਆ। ਨਾਈਟ੍ਰੋਜਨ ਡਾਈਆਕਸਾਈਡ ਫੇਫੜਿਆਂ ਵਿੱਚ ਸੋਜ ਪੈਦਾ ਕਰਨ ਦਾ ਕਾਰਨ ਵੀ ਬਣ ਸਕਦੀ ਹੈ। ਲੰਬੇ ਸਮੇਂ ਵਿੱਚ ਇਹ ਫੇਫੜਿਆਂ ਦੇ ਵਿਕਾਸ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਇਲਾਵਾ ਸਲਫ਼ਰ ਡਾਈਆਕਸਾਈਡ, ਅਮੋਨੀਆ, ਕਾਰਬਨ ਮੋਨੋਆਕਸਾਈਡ ਅਤੇ ਜ਼ਮੀਨੀ ਪੱਧਰ 'ਤੇ ਮੌਜੂਦ ਓਜ਼ੋਨ ਵੀ ਹਵਾ ਪ੍ਰਦੂਸ਼ਕ ਹਨ।
ਜਦੋਂ ਅਸੀਂ ਦੌੜਦੇ, ਸਾਈਕਲ ਚਲਾਉਂਦੇ ਜਾਂ ਤੇਜ਼ ਕਸਰਤ ਕਰਦੇ ਹਾਂ ਤਾਂ ਅਸੀਂ ਤੇਜ਼ੀ ਨਾਲ ਅਤੇ ਵਧੇਰੇ ਡੂੰਘੇ ਸਾਹ ਲੈਂਦੇ ਹਾਂ। ਇਸ ਦਾ ਮਤਲਬ ਹੈ ਕਿ ਤੁਰਨ ਦੇ ਮੁਕਾਬਲੇ ਦੌੜਦੇ ਸਮੇਂ ਅਸੀਂ ਆਮ ਤੌਰ 'ਤੇ ਵਧੇਰੇ ਪ੍ਰਦੂਸ਼ਿਤ ਹਵਾ ਅੰਦਰ ਲੈਂਦੇ ਹਾਂ। ਇੱਕੋ ਦੂਰੀ ਤੈਅ ਕਰਦੇ ਸਮੇਂ, ਵਧੇਰੇ ਤੀਬਰਤਾ ਨਾਲ ਕਸਰਤ ਕਰਨ ਵਾਲੇ ਵਿਅਕਤੀ ਦੇ ਫੇਫੜਿਆਂ ਵਿੱਚ ਜ਼ਹਿਰੀਲੇ ਕਣਾਂ ਦੀ ਵੱਧ ਮਾਤਰਾ ਪਹੁੰਚਦੀ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਕਾਰ ਵਿੱਚ ਬੈਠਣਾ ਵੀ ਸਾਨੂੰ ਹਵਾ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਨਹੀਂ ਬਚਾਉਂਦਾ। ਲੰਡਨ ਦੇ ਇੰਪੀਰੀਅਲ ਕਾਲਜ ਲੰਡਨ ਐੱਨਐੱਚਐਸ ਟਰੱਸਟ ਦੇ ਸਲਾਹਕਾਰ ਸਾਹ ਰੋਗਾਂ ਦੇ ਡਾਕਟਰ ਅਤੇ ਫੇਫੜਿਆਂ ਦੇ ਕੈਂਸਰ ਮਾਹਿਰ ਰੂਡੀ ਸਿਨਹਾਰਾਏ ਕਹਿੰਦੇ ਹਨ, "ਸਾਈਕਲ 'ਤੇ ਹੋਣ ਸਮੇਂ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਦੀ ਮਾਤਰਾ ਅਸਲ ਵਿੱਚ ਕਾਰ ਵਿੱਚ ਬੈਠਣ ਨਾਲੋਂ ਘੱਟ ਹੁੰਦੀ ਹੈ।"
ਉਹ ਕਹਿੰਦੇ ਹਨ, "ਜਦੋਂ ਤੁਸੀਂ ਸਾਈਕਲ ਚਲਾ ਰਹੇ ਹੁੰਦੇ ਹੋ ਤਾਂ ਤੁਸੀਂ ਲਗਾਤਾਰ ਅੱਗੇ ਵਧ ਰਹੇ ਹੁੰਦੇ ਹੋ ਅਤੇ ਤੁਹਾਡੇ ਆਲੇ-ਦੁਆਲੇ ਹਵਾ ਵੀ ਚੱਲ ਰਹੀ ਹੁੰਦੀ ਹੈ।"
ਅਤੇ ਹਵਾ ਪ੍ਰਦੂਸ਼ਣ ਦਾ ਮਤਲਬ ਸਿਰਫ਼ ਸੜਕਾਂ 'ਤੇ ਟ੍ਰੈਫ਼ਿਕ ਨਹੀਂ ਹੈ। ਲੰਡਨ ਅਤੇ ਨਿਊਯਾਰਕ ਵਰਗੇ ਸ਼ਹਿਰਾਂ ਦੀਆਂ ਭੂਮੀਗਤ ਆਵਾਜਾਈ ਪ੍ਰਣਾਲੀਆਂ ਵਿੱਚ ਵੀ ਬਰੀਕ ਕਣਾਂ ਦੀ ਮਾਤਰਾ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਣ ਧਾਤੂ-ਯੁਕਤ ਧੂੜ ਦੇ ਹੁੰਦੇ ਹਨ, ਜੋ ਪਹੀਆਂ, ਰੇਲਾਂ ਅਤੇ ਬ੍ਰੇਕਾਂ ਵਿਚਾਲੇ ਰਗੜ ਕਾਰਨ ਪੈਦਾ ਹੁੰਦੀ ਹੈ।
ਫਾਇਦੇ, ਨੁਕਸਾਨਾਂ ਨਾਲੋਂ ਵੱਧ ਹਨ
ਡੀ ਨਜ਼ੈਲ ਕਹਿੰਦੇ ਹਨ, "ਚੰਗੀ ਖ਼ਬਰ ਇਹ ਹੈ ਕਿ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਕਸਰਤ ਕਰਨ ਨਾਲ ਹੋਣ ਵਾਲੇ ਫਾਇਦੇ, ਇਸ ਨਾਲ ਜੁੜੇ ਖ਼ਤਰਿਆਂ ਨਾਲੋਂ ਵੱਧ ਹਨ।" ਉਨ੍ਹਾਂ ਮੁਤਾਬਕ, ਕਸਰਤ ਖੁਦ ਵੀ ਸਾਡੇ ਸਰੀਰ ਨੂੰ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
2016 ਦੇ ਇੱਕ ਅਧਿਐਨ ਵਿੱਚ ਡੀ ਨਜ਼ੈਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਸੇ ਗੱਲ ਦੀ ਜਾਂਚ ਕੀਤੀ। ਇੱਕ ਮਾਡਲਿੰਗ ਅਧਿਐਨ ਰਾਹੀਂ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਨਾਲ ਹੋਣ ਵਾਲੇ ਸਿਹਤ ਲਾਭ, ਪ੍ਰਦੂਸ਼ਿਤ ਹਵਾ ਕਾਰਨ ਹੋਣ ਵਾਲੇ ਨੁਕਸਾਨ ਨਾਲੋਂ ਵੱਧ ਹਨ।
ਹਾਲਾਂਕਿ, ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਵਾਲੇ ਪੱਧਰਾਂ 'ਤੇ, ਜਿਵੇਂ ਕਿ ਭਾਰਤ ਦੀ ਦਿੱਲੀ ਸਮੇਤ ਦੁਨੀਆ ਦੇ ਕੁਝ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ, ਲੰਬੇ ਸਮੇਂ ਤੱਕ ਕਸਰਤ ਕਰਨ ਦੇ ਖ਼ਤਰੇ ਇਸ ਦੇ ਫਾਇਦਿਆਂ ਦੇ ਨੇੜੇ ਪਹੁੰਚਣ ਜਾਂ ਉਨ੍ਹਾਂ ਤੋਂ ਵੱਧ ਹੋਣ ਲੱਗਦੇ ਹਨ।
ਇੱਥੋਂ ਤੱਕ ਕਿ ਪ੍ਰਦੂਸ਼ਿਤ ਇਲਾਕਿਆਂ ਵਿੱਚ ਵੀ ਕਸਰਤ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਘਟਾਉਂਦੀ ਹੈ। ਇੱਕ ਹਾਲੀਆ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਪ੍ਰਦੂਸ਼ਿਤ ਹਵਾ ਵਾਲੇ ਮਾਹੌਲ ਵਿੱਚ ਕਸਰਤ ਕਰਨ ਵਾਲੇ ਲੋਕਾਂ ਵਿੱਚ, ਕਸਰਤ ਨਾ ਕਰਨ ਵਾਲਿਆਂ ਦੇ ਮੁਕਾਬਲੇ ਮੌਤ ਦਾ ਖ਼ਤਰਾ 26 ਫ਼ੀਸਦੀ ਘੱਟ ਸੀ।
ਜਿਵੇਂ ਉਮੀਦ ਕੀਤੀ ਜਾ ਸਕਦੀ ਹੈ, ਸਾਫ਼ ਹਵਾ ਵਾਲੇ ਮਾਹੌਲ ਵਿੱਚ ਕਸਰਤ ਕਰਨਾ ਹੋਰ ਵੀ ਬਿਹਤਰ ਪਾਇਆ ਗਿਆ, ਜਿੱਥੇ ਮੌਤ ਦੇ ਖ਼ਤਰੇ ਵਿੱਚ 31 ਫ਼ੀਸਦੀ ਦੀ ਕਮੀ ਦੇਖੀ ਗਈ।
ਡੀ ਨਜ਼ੈਲ ਕਹਿੰਦੇ ਹਨ, "ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਗੱਲ ਹੌਸਲਾ ਦੇਣ ਵਾਲੀ ਹੋਣੀ ਚਾਹੀਦੀ ਹੈ ਹਾਲਾਂਕਿ, ਬਾਹਰ ਕਸਰਤ ਕਰਨ ਦੇ ਫਾਇਦੇ ਹਮੇਸ਼ਾ ਹਵਾ ਪ੍ਰਦੂਸ਼ਣ ਦੇ ਖ਼ਤਰਿਆਂ ਨਾਲੋਂ ਵੱਧ ਨਹੀਂ ਹੁੰਦੇ। ਇਸ ਲਈ ਆਪਣੀ ਸਿਹਤ ਨਾਲ ਜੁੜੀਆਂ ਸਥਿਤੀਆਂ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਦਮਾ ਜਾਂ ਦਿਲ ਨਾਲ ਜੁੜੀਆਂ ਬਿਮਾਰੀਆਂ ਵਰਗੀਆਂ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।
ਹੋਰ ਖੋਜਾਂ ਵਿੱਚ ਵੀ ਪਾਇਆ ਗਿਆ ਹੈ ਕਿ ਪ੍ਰਦੂਸ਼ਿਤ ਇਲਾਕਿਆਂ ਵਿੱਚ ਕਸਰਤ ਕਰਨ ਨਾਲ ਫੇਫੜਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਬਲੱਡ ਪ੍ਰੈਸ਼ਰ ਵਿੱਚ ਕਮੀ ਆ ਸਕਦੀ ਹੈ। ਇਹ ਪ੍ਰਦੂਸ਼ਣ ਕਾਰਨ ਹੋਣ ਵਾਲੇ ਦਿਮਾਗੀ ਸਮਰੱਥਾ 'ਤੇ ਪੈਣ ਵਾਲੇ ਕੁਝ ਮਾੜੇ ਪ੍ਰਭਾਵਾਂ ਨੂੰ ਵੀ ਘਟਾ ਸਕਦੀ ਹੈ।

ਹਾਲਾਂਕਿ, ਤੁਸੀਂ ਜਿਸ ਹੱਦ ਤੱਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੇ ਹੋ, ਉਸ ਨਾਲ ਵੀ ਕਾਫ਼ੀ ਫ਼ਰਕ ਪੈਂਦਾ ਹੈ।
2018 ਵਿੱਚ ਸਿਨਹਾਰਾਏ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਅਧਿਐਨ ਲਈ ਸਿਹਤਮੰਦ ਲੋਕਾਂ ਦੇ ਨਾਲ-ਨਾਲ ਕ੍ਰੌਨਿਕ ਆਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਜਾਂ ਕੋਰੋਨਰੀ ਦਿਲ ਦੀ ਬਿਮਾਰੀ ਵਾਲੇ ਬਜ਼ੁਰਗ ਲੋਕਾਂ ਨੂੰ ਸ਼ਾਮਿਲ ਕੀਤਾ। ਭਾਗੀਦਾਰਾਂ ਨੂੰ ਦੋ ਘੰਟੇ ਜਾਂ ਤਾਂ ਇੱਕ ਪਾਰਕ ਵਿੱਚ ਜਾਂ ਲੰਡਨ ਦੀ ਇੱਕ ਰੁੱਝੀ ਹੋਈ ਸੜਕ 'ਤੇ ਪੈਦਲ ਚੱਲਣ ਲਈ ਕਿਹਾ ਗਿਆ।
ਖੋਜਕਰਤਾਵਾਂ ਨੇ ਪਾਇਆ ਕਿ ਸਿਰਫ਼ ਦੋ ਘੰਟਿਆਂ ਬਾਅਦ ਹੀ, ਸਾਫ਼ ਹਵਾ ਵਾਲੇ ਇਲਾਕੇ ਵਿੱਚ ਪੈਦਲ ਚੱਲਣ ਵਾਲੇ ਲੋਕਾਂ ਦੇ ਫੇਫੜਿਆਂ ਅਤੇ ਖੂਨ ਦੀਆਂ ਨਾੜੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਦੇਖਿਆ ਗਿਆ। ਜਿਹੜੇ ਲੋਕ ਵਧੇਰੇ ਪ੍ਰਦੂਸ਼ਿਤ ਇਲਾਕੇ ਵਿੱਚ ਚੱਲੇ, ਉਨ੍ਹਾਂ ਵਿੱਚ ਇਹ ਫਾਇਦੇ ਘੱਟ ਸਨ।
ਸੀਓਪੀਡੀ ਵਾਲੇ ਲੋਕਾਂ ਵਿੱਚ ਪ੍ਰਦੂਸ਼ਿਤ ਹਵਾ ਦੇ ਸੰਪਰਕ ਦਾ ਸਬੰਧ ਲੱਛਣਾਂ ਦੇ ਹੋਰ ਵਿਗੜਨ ਨਾਲ ਪਾਇਆ ਗਿਆ।
ਦੂਜੇ ਸ਼ਬਦਾਂ ਵਿੱਚ, ਕਸਰਤ ਪ੍ਰਦੂਸ਼ਣ ਕਾਰਨ ਹੋਣ ਵਾਲੇ ਕਈ ਨੁਕਸਾਨਾਂ ਨੂੰ ਘਟਾ ਦਿੰਦੀ ਹੈ ਪਰ ਇਸ ਦਾ ਉਲਟ ਵੀ ਸੱਚ ਹੈ। ਬਹੁਤ ਜ਼ਿਆਦਾ ਪ੍ਰਦੂਸ਼ਣ ਕਸਰਤ ਵੱਲੋਂ ਸਰੀਰ ਨੂੰ ਮਿਲਣ ਵਾਲੇ ਸੁਰੱਖਿਆਤਮਕ ਪ੍ਰਭਾਵਾਂ ਨੂੰ ਘਟਾ ਦਿੰਦਾ ਹੈ। ਇਹ ਕਸਰਤ ਨਾਲ ਮਿਲਣ ਵਾਲੇ ਦਿਮਾਗੀ ਸਮਰੱਥਾ ਨਾਲ ਜੁੜੇ ਫਾਇਦਿਆਂ ਨੂੰ ਵੀ ਘਟਾ ਸਕਦਾ ਹੈ।
ਇਸ ਲਈ, ਜ਼ਿਆਦਾਤਰ ਹਾਲਾਤਾਂ ਵਿੱਚ ਕਸਰਤ ਦੇ ਫਾਇਦੇ ਇਸ ਦੇ ਖ਼ਤਰਿਆਂ ਨਾਲੋਂ ਵੱਧ ਹੁੰਦੇ ਹਨ, ਪਰ ਪ੍ਰਦੂਸ਼ਿਤ ਹਵਾ ਵਿੱਚ ਕਸਰਤ ਕਰਨਾ ਫਿਰ ਵੀ ਆਦਰਸ਼ ਸਥਿਤੀ ਨਹੀਂ ਹੈ।
ਪ੍ਰਦੂਸ਼ਿਤ ਹਵਾ ਦੇ ਸੰਪਰਕ ਨੂੰ ਕਿਵੇਂ ਘੱਟ ਕੀਤਾ ਜਾਵੇ

ਤਸਵੀਰ ਸਰੋਤ, Getty Images
ਜਿਹੜੇ ਲੋਕ ਰੁੱਝੇ ਹੋਏ ਸ਼ਹਿਰਾਂ ਵਿੱਚ ਰਹਿੰਦੇ ਹਨ, ਉਹ ਸਿਰਫ਼ ਜੌਗਿੰਗ ਕਰਨ ਲਈ ਸ਼ਹਿਰ ਛੱਡ ਕੇ ਪਿੰਡ ਜਾਂ ਦਿਹਾਤੀ ਇਲਾਕੇ ਵਿੱਚ ਨਹੀਂ ਜਾ ਸਕਦੇ। ਪਰ ਇਸ ਦਾ ਸਭ ਤੋਂ ਵਧੀਆ ਵਿਕਲਪ ਇਹ ਹੈ ਕਿ ਆਪਣੇ ਆਲੇ-ਦੁਆਲੇ ਸਭ ਤੋਂ ਵੱਧ ਹਰੇ-ਭਰੇ ਜਾਂ ਘੱਟ ਟ੍ਰੈਫ਼ਿਕ ਵਾਲੇ ਇਲਾਕੇ ਦੀ ਚੋਣ ਕੀਤੀ ਜਾਵੇ।
ਮਿਸਾਲ ਵਜੋਂ, ਸਵੇਰੇ ਕੰਮ 'ਤੇ ਜਾਂਦੇ ਸਮੇਂ ਮੇਰੇ ਕੋਲ ਘੱਟ ਟ੍ਰੈਫ਼ਿਕ ਵਾਲੀ ਸੜਕ ਰਾਹੀਂ ਸਾਈਕਲ ਚਲਾਉਣ ਦਾ ਵਿਕਲਪ ਹੈ ਪਰ ਇਸ ਰਸਤੇ ਵਿੱਚ ਕੁਝ ਮਿੰਟ ਵੱਧ ਲੱਗਦੇ ਹਨ।
ਡੀ ਨਜ਼ੈਲ ਕਹਿੰਦੇ ਹਨ, ਖੋਜ ਦੱਸਦੀ ਹੈ ਕਿ ਭਾਰੀ ਟ੍ਰੈਫ਼ਿਕ ਵਾਲੀ ਸੜਕ ਤੋਂ ਸਿਰਫ਼ ਇੱਕ ਜਾਂ ਦੋ ਗਲੀਆਂ ਦੂਰ ਜਾਣ ਨਾਲ ਪ੍ਰਦੂਸ਼ਣ ਦੇ ਸੰਪਰਕ ਵਿੱਚ 20 ਤੋਂ 30 ਫ਼ੀਸਦੀ ਤੱਕ ਕਮੀ ਆ ਸਕਦੀ ਹੈ।
ਅਤੇ ਜੇ ਤੁਸੀਂ ਅੰਦਰੂਨੀ ਜਾਂ ਛੋਟੀਆਂ ਗਲੀਆਂ ਵਾਲੇ ਰਸਤੇ ਦੀ ਚੋਣ ਕਰ ਸਕਦੇ ਹੋ ਤਾਂ ਇਹ ਹੋਰ ਵੀ ਬਿਹਤਰ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਰੁੱਝੇ ਹੋਏ ਰਸਤਿਆਂ ਦੀ ਬਜਾਏ ਅਜਿਹੀਆਂ ਗਲੀਆਂ ਰਾਹੀਂ ਜਾਣ ਨਾਲ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ 50 ਫ਼ੀਸਦੀ ਤੱਕ ਕਮੀ ਆ ਸਕਦੀ ਹੈ।
ਜੇ ਸੰਭਵ ਹੋਵੇ ਤਾਂ ਪੀਕ ਆਵਰ ਜਾਂ ਸਭ ਤੋਂ ਵੱਧ ਟ੍ਰੈਫ਼ਿਕ ਵਾਲੇ ਸਮੇਂ ਤੋਂ ਵੀ ਬਚਣਾ ਚਾਹੀਦਾ ਹੈ। ਖ਼ਰੇਸ ਕਹਿੰਦੀ ਹੈ ਕਿ ਟ੍ਰੈਫ਼ਿਕ ਵਿੱਚ ਖੜ੍ਹੀਆਂ ਕਾਰਾਂ "ਪ੍ਰਦੂਸ਼ਣ ਦੇ ਹੌਟਸਪੌਟ" ਪੈਦਾ ਕਰਦੀਆਂ ਹਨ।
ਉਹ ਇਹ ਵੀ ਸਲਾਹ ਦਿੰਦੇ ਹਨ ਕਿ ਗਰਮ ਅਤੇ ਧੁੱਪ ਵਾਲੀਆਂ ਦੁਪਹਿਰਾਂ ਦੌਰਾਨ ਓਜ਼ੋਨ ਦੇ ਵਧੇ ਹੋਏ ਪੱਧਰ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹ ਦੱਸਦੇ ਹਨ ਕਿ ਇਹ ਤਾਕਤਵਰ ਰਸਾਇਣ ਆਮ ਤੌਰ 'ਤੇ ਉਦੋਂ ਬਣਦਾ ਹੈ ਜਦੋਂ ਬਹੁਤ ਜ਼ਿਆਦਾ ਗਰਮੀ ਹੋਵੇ ਅਤੇ ਧੁੱਪ ਵੀ ਤੇਜ਼ ਹੋਵੇ। ਇਨ੍ਹਾਂ ਹਾਲਾਤਾਂ ਦੇ ਨਾਲ ਜੇ ਪੀਕ ਆਵਰ ਦਾ ਹਵਾ ਪ੍ਰਦੂਸ਼ਣ ਵੀ ਹੋਵੇ ਤਾਂ ਸਮੱਸਿਆ ਹੋਰ ਵਧ ਜਾਂਦੀ ਹੈ।
ਅਖ਼ੀਰ ਵਿੱਚ, ਆਪਣੇ ਇਲਾਕੇ ਦੇ ਹਵਾ ਗੁਣਵੱਤਾ ਸੂਚਕਾਂਕ 'ਤੇ ਨਜ਼ਰ ਰੱਖਣਾ ਵੀ ਮਦਦਗਾਰ ਹੋ ਸਕਦਾ ਹੈ। ਇਸ ਰਾਹੀਂ ਕਿਸੇ ਵੀ ਦਿਨ ਤੁਹਾਡੇ ਇਲਾਕੇ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਬਾਰੇ ਜਾਣਕਾਰੀ ਮਿਲ ਸਕਦੀ ਹੈ। ਸਿਨਹਾਰਾਏ ਦੀ ਸਲਾਹ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਹਵਾ ਪ੍ਰਦੂਸ਼ਣ ਜ਼ਿਆਦਾ ਹੋਵੇ, ਉਨ੍ਹਾਂ ਦਿਨਾਂ ਵਿੱਚ ਘਰ ਦੇ ਅੰਦਰ ਜਾਂ ਪਾਰਕਾਂ ਵਿੱਚ ਕਸਰਤ ਕਰਨਾ ਬਿਹਤਰ ਵਿਕਲਪ ਹੈ।
ਹਾਲਾਂਕਿ, ਖ਼ਰੇਸ ਕਹਿੰਦੇ ਹਨ ਕਿ ਵੱਡੀ ਤਸਵੀਰ ਇਹ ਹੈ ਕਿ ਨੀਤੀ ਪੱਧਰ 'ਤੇ ਬਦਲਾਅ ਵਿਅਕਤੀਗਤ ਪੱਧਰ 'ਤੇ ਕੀਤੇ ਜਾਣ ਵਾਲੇ ਉਪਰਾਲਿਆਂ ਨਾਲੋਂ ਕਿਤੇ ਵੱਧ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਇਹ ਮੁੱਖ ਤੌਰ 'ਤੇ ਇੱਕ ਪ੍ਰਣਾਲੀਗਤ ਸਮੱਸਿਆ ਹੈ। ਵਿਅਕਤੀਗਤ ਤੌਰ 'ਤੇ ਕੀਤੇ ਗਏ ਇਹ ਫ਼ੈਸਲੇ ਪ੍ਰਦੂਸ਼ਣ ਦੇ ਸਾਡੇ ਨਿੱਜੀ ਸੰਪਰਕ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਪਰ ਸਭ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦੂਸ਼ਣ ਦੇ ਸਰੋਤਾਂ 'ਤੇ ਹੀ ਨਿਕਾਸ ਨੂੰ ਘਟਾਉਣ ਨਾਲ ਮਿਲੇਗੀ।"
ਅਗਲੀ ਵਾਰ ਦੌੜਨ ਜਾਵਾਂਗਾ ਤਾਂ ਸ਼ਾਇਦ ਆਪਣੇ ਨੇੜਲੇ ਪਾਰਕ ਨੂੰ ਹੀ ਚੁਣਾਂਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































