ਗਾਜ਼ਾ ਦੀ ਬੱਚੀ ਜੋ ਲਾਸ਼ਾਂ ਵਿਚਕਾਰ ਬੈਠ ਕੇ ਗੁਹਾਰ ਲਗਾਉਂਦੀ ਹੈ, 'ਪਲੀਜ਼ ਮੈਨੂੰ ਇੱਥੋਂ ਕੱਢ ਲਓ, ਮੈਨੂੰ ਡਰ ਲੱਗ ਰਿਹਾ ਹੈ, ਉਹ ਮੇਰੇ 'ਤੇ ਗੋਲੀਆਂ ਚਲਾ ਰਹੇ ਨੇ'

ਤਸਵੀਰ ਸਰੋਤ, Rajab Family
- ਲੇਖਕ, ਵੰਦਨਾ
- ਰੋਲ, ਨਿਊਜ਼ ਐਡੀਟਰ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਪਲੀਜ਼ ਮੈਨੂੰ ਇੱਥੋਂ ਕੱਢ ਲਓ, ਮੈਨੂੰ ਡਰ ਲੱਗ ਰਿਹਾ ਹੈ, ਉਹ ਮੇਰੇ 'ਤੇ ਗੋਲੀਆਂ ਚਲਾ ਰਹੇ ਹਨ।"
ਕਾਰ ਵਿੱਚ ਫਸੀ ਇਕੱਲੀ ਛੇ ਸਾਲ ਦੀ ਬੱਚੀ…ਕਾਰ ਵਿੱਚ ਸਵਾਰ ਉਸ ਦੇ ਸਾਰੇ ਰਿਸ਼ਤੇਦਾਰ ਮਾਰੇ ਜਾ ਚੁੱਕੇ ਹਨ।
ਗੋਲੀਬਾਰੀ ਅਤੇ ਲਾਸ਼ਾਂ ਦੇ ਵਿਚਕਾਰ ਲੁਕੀ ਬੈਠੀ ਇਹ ਬੱਚੀ ਮੋਬਾਈਲ ਫ਼ੋਨ 'ਤੇ ਵਲੰਟੀਅਰਸ ਨੂੰ ਗੁਹਾਰ ਲਗਾ ਰਹੀ ਹੈ। ਉਹ ਸਹਿਮੀ ਹੋਈ ਹੈ ਪਰ ਲੜ ਰਹੀ ਹੈ।
ਉਂਝ ਤਾਂ ਇਹ ਕਿਸੇ ਕਾਲਪਨਿਕ ਫ਼ਿਲਮ ਦਾ ਦ੍ਰਿਸ਼ ਹੋ ਸਕਦਾ ਹੈ। ਪਰ ਜਦੋਂ ਤੁਸੀਂ ਸਿਨੇਮਾ ਹਾਲ ਦੇ ਹਨੇਰੇ 'ਚ 'ਦਿ ਵੌਇਸ ਆਫ਼ ਹਿੰਦ ਰਜਬ' ਫ਼ਿਲਮ ਦੇਖ ਰਹੇ ਹੁੰਦੇ ਹੋ ਤਾਂ ਇਹ ਅਹਿਸਾਸ ਹੀ ਰੂਹ ਕੰਬਾ ਦਿੰਦਾ ਹੈ ਕਿ ਇਹ ਕਲਪਨਾ ਨਹੀਂ ਹਕੀਕਤ ਹੈ…ਕਿ ਇਸ ਬੱਚੀ ਦੀ ਆਵਾਜ਼ ਕਿਸੇ ਅਦਾਕਾਰ ਦੀ ਨਹੀਂ ਹੈ।
ਇਹ ਫ਼ਿਲਮ ਹੈ 'ਦਿ ਵੌਇਸ ਆਫ਼ ਹਿੰਦ ਰਜਬ', ਜੋ ਕਈ ਮਹੀਨਿਆਂ ਦੇ ਵਿਵਾਦ ਤੋਂ ਬਾਅਦ ਭਾਰਤ ਵਿੱਚ 'ਏ' ਸਰਟੀਫ਼ਿਕੇਟ ਨਾਲ ਰਿਲੀਜ਼ ਹੋਈ ਹੈ।
ਸ਼ਾਇਦ ਹਿੰਦ ਨੂੰ ਬਚਾ ਲੈ ਜਾਣਗੇ...

ਤਸਵੀਰ ਸਰੋਤ, Altitude
'ਦਿ ਵੌਇਸ ਆਫ਼ ਹਿੰਦ ਰਜਬ' ਫ਼ਿਲਮ ਫਲਸਤੀਨੀ ਬੱਚੀ ਹਿੰਦ ਰਜਬ ਦੇ ਉਨ੍ਹਾਂ ਕੁਝ ਘੰਟਿਆਂ 'ਤੇ ਬਣੀ ਹੈ ਜਦੋਂ ਉਹ ਅਤੇ ਉਸ ਦੇ ਰਿਸ਼ਤੇਦਾਰ ਗਾਜ਼ਾ ਤੋਂ ਭੱਜਦੇ ਸਮੇਂ ਹਮਲੇ ਦਾ ਸ਼ਿਕਾਰ ਹੋ ਗਏ ਸਨ। ਹਿੰਦ ਇਕੱਲੇ ਕਈ ਘੰਟਿਆਂ ਤੱਕ ਕਾਰ ਵਿੱਚ ਲੁਕੀ ਰਹੀ। ਕਈ ਮੀਡੀਆ ਸੰਸਥਾਵਾਂ ਦੀ ਜਾਂਚ ਮੁਤਾਬਕ ਉਹ ਸੰਭਾਵਿਤ ਇਜ਼ਰਾਇਲੀ ਗੋਲੀਬਾਰੀ ਵਿੱਚ ਮਾਰੀ ਗਈ।
ਫ਼ਿਲਮ ਦੇਖਦੇ ਹੋਏ ਬਤੌਰ ਦਰਸ਼ਕ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਕਿ ਹਿੰਦ ਰਜਬ ਨੂੰ ਜਨਵਰੀ 2024 ਵਿੱਚ ਗਾਜ਼ਾ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਬਚਾਇਆ ਨਹੀਂ ਜਾ ਸਕਿਆ ਸੀ।
ਪਰ ਫਿਰ ਵੀ ਜਦੋਂ ਤੁਸੀਂ ਉਸ ਬੱਚੀ ਨੂੰ ਅਤੇ ਫ਼ੋਨ 'ਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਵਲੰਟੀਅਰਸ ਨੂੰ ਦੇਖ ਅਤੇ ਸੁਣ ਰਹੇ ਹੁੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਉਸਨੂੰ ਬਚਾ ਲਿਆ ਜਾਵੇਗਾ...ਸ਼ਾਇਦ ਤੁਸੀਂ ਸਾਰੇ ਮਿਲ ਕੇ ਉਸਨੂੰ ਬਚਾ ਲਵੋਗੇ।
ਡਾਕੂਮੈਂਟਰੀ ਅਤੇ ਅਸਲ ਕਲਾਕਾਰਾਂ ਵਿਚਾਲੇ ਝੂਲਦੀ ਇਹ ਫਿਲਮ ਤੁਹਾਡੇ ਨਾਲ ਜਿਵੇਂ ਧੋਖਾ ਜਿਹਾ ਕਰਦੀ ਹੋਈ ਲੱਗਦੀ ਹੈ...ਕਿਉਂਕਿ ਤੁਹਾਨੂੰ ਪਤਾ ਹੈ ਕਿ ਹਿੰਦ ਦੀ ਮੌਤ ਹੋ ਚੁੱਕੀ ਹੈ ਪਰ ਹੱਥੋਂ ਨਿਕਲਦੇ ਸਮੇਂ ਵਿਚਾਲੇ ਫਿਲਮ ਹਰ ਪਲ ਉਸਨੂੰ ਬਚਾ ਸਕਣ ਦਾ ਭਰਮ ਅਤੇ ਉਮੀਦ ਦਿੰਦੀ ਹੈ।
ਪਰ ਹਕੀਕਤ ਇਹ ਨਹੀਂ ਹੈ ਅਤੇ ਇਹੀ ਕਸ਼ਮਕਸ਼ ਬਤੌਰ ਦਰਸ਼ਕ ਤੁਹਾਡੇ ਦਿਲ ਨੂੰ ਗਹਿਰਾਈ ਨਾਲ ਛੂਹ ਜਾਂਦੀ ਹੈ ਅਤੇ ਤੋੜ ਦਿੰਦੀ ਹੈ। ਕਿਸੇ ਥ੍ਰਿਲਰ ਵਾਂਗ ਤੁਹਾਡੇ ਦਿਲ ਦੀਆਂ ਧੜਕਨਾਂ ਤੇਜ਼ ਹੁੰਦੀਆਂ ਰਹਿੰਦੀਆਂ ਹਨ।
ਜਦੋਂ ਹਿੰਦ ਦੱਸਦੀ ਹੈ ਸਕੂਲ ਦਾ ਨਾਮ 'ਏ ਹੈਪੀ ਚਾਈਲਡਹੁੱਡ'

ਫ਼ਿਲਮ ਵਿੱਚ ਇੱਕ ਪਾਸੇ ਹਿੰਦ ਹੈ ਜੋ ਦਿਖਾਈ ਨਹੀਂ ਦਿੰਦੀ, ਸਿਰਫ਼ ਸੁਣਾਈ ਦਿੰਦੀ ਹੈ—ਉਸ ਦੀ ਅਸਲੀ ਆਵਾਜ਼ ਦੀ ਫ਼ੋਨ ਰਿਕਾਰਡਿੰਗ ਵਿੱਚ ਉਸ ਬੱਚੀ ਦਾ ਖੌਫ਼ ਅਤੇ ਬੇਵੱਸੀ ਤੁਸੀਂ ਸੁਣ ਸਕਦੇ ਹੋ।
ਅਤੇ ਦੂਜੇ ਪਾਸੇ ਤੁਸੀਂ ਰੈੱਡ ਕ੍ਰੇਸੈਂਟ ਦੇ ਅਸਲ ਵਲੰਟੀਅਰਸ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੂੰ ਦੇਖ ਸਕਦੇ ਹੋ ਜਿਨ੍ਹਾਂ ਨੇ ਫ਼ੋਨ 'ਤੇ ਹਿੰਦ ਦੀ ਮਦਦ ਕੀਤੀ ਸੀ।
ਮਿੰਟ-ਦਰ-ਮਿੰਟ ਉਹ ਹਿੰਦ ਨਾਲ ਗੱਲ ਕਰਦੇ ਹਨ, ਉਸਨੂੰ ਹੌਸਲਾ ਦਿੰਦੇ ਹਨ ਜਦੋਂਕਿ ਮੌਤ ਉਸਦੇ ਸਾਹਮਣੇ ਖੜੀ ਹੈ।
ਹੌਸਲਾ ਦੇਣ ਲਈ ਵਲੰਟੀਅਰ ਹਿੰਦ ਨੂੰ ਝੂਠ ਬੋਲਦੇ ਹਨ ਕਿ ਖੂਨ ਨਾਲ ਲਥਪਥ ਉਸਦੇ ਰਿਸ਼ਤੇਦਾਰ ਅਜੇ ਕਾਰ ਵਿੱਚ ਅੱਖਾਂ ਬੰਦ ਕਰ ਕੇ ਸੁੱਤੇ ਹੋਏ ਹਨ। ਪਰ ਜੰਗ ਵਿੱਚ ਜਿਉਣਾ ਸਿੱਖ ਚੁੱਕੀ ਹਿੰਦ ਵਲੰਟੀਅਰਸ ਨੂੰ ਨਿਸ਼ਬਦ ਕਰ ਦਿੰਦੀ ਹੈ ਜਦੋਂ ਉਹ ਕਹਿੰਦੀ ਹੈ, 'ਨਹੀਂ, ਉਹ ਮਰ ਚੁੱਕੇ ਹਨ।'
ਦਹਿਸ਼ਤ ਦੇ ਇਨ੍ਹਾਂ ਪਲਾਂ ਵਿਚਾਲੇ ਮਾਸੂਮੀਅਤ ਦੇ ਉਹ ਕੁਝ ਪਲ ਵੀ ਸਾਹਮਣੇ ਆਉਂਦੇ ਹਨ ਜਦੋਂ ਹਿੰਦ ਨੇ ਉਹਨਾਂ ਵਲੰਟੀਅਰਸ ਨੂੰ ਦੱਸਿਆ ਸੀ ਕਿ ਉਸਦੇ ਸਕੂਲ ਦਾ ਨਾਮ 'ਏ ਹੈਪੀ ਚਾਈਲਡਹੁੱਡ' ਹੈ ਅਤੇ ਉਸਦੀ ਕਲਾਸ ਦਾ ਨਾਮ 'ਬਟਰਫਲਾਈ' ਹੈ।
ਭਾਰਤ ਵਿੱਚ ਫਿਲਮ ਰਿਲੀਜ਼ ਨੂੰ ਲੈ ਕੇ ਵਿਵਾਦ

ਤਸਵੀਰ ਸਰੋਤ, Venice Film Festival
ਮੰਨਿਆ ਜਾ ਰਿਹਾ ਸੀ ਕਿ ਮਾਰਚ ਵਿੱਚ ਆਸਕਰ ਸਮਾਰੋਹ ਦੇ ਆਸ-ਪਾਸ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼ ਹੋਵੇਗੀ।
ਬੀਬੀਸੀ ਨਾਲ ਗੱਲਬਾਤ ਵਿੱਚ ਫ਼ਿਲਮ ਦੇ ਡਿਸਟ੍ਰੀਬਿਊਟਰ ਮਨੋਜ ਨੰਦਵਾਨਾ ਨੇ ਦੱਸਿਆ, "ਮੈਂ ਫ਼ਰਵਰੀ ਵਿੱਚ ਹੀ ਸਰਟੀਫਿਕੇਟ ਲਈ ਭਾਰਤੀ ਸੈਂਸਰ ਬੋਰਡ ਦੇ ਸਾਹਮਣੇ ਫ਼ਿਲਮ ਸਬਮਿਟ ਕਰ ਦਿੱਤੀ ਸੀ। ਜਿਵੇਂ ਕਿ ਮੀਡੀਆ ਵਿੱਚ ਆ ਚੁੱਕਿਆ ਹੈ ਕਿ ਸੈਂਸਰ ਬੋਰਡ ਦੇ ਇੱਕ ਮੈਂਬਰ ਨੇ ਮੌਖਿਕ ਤੌਰ 'ਤੇ ਸਾਨੂੰ ਕਿਹਾ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਇਸ ਨਾਲ ਭਾਰਤ-ਇਜ਼ਰਾਇਲ ਸਬੰਧ ਟੁੱਟ ਜਾਣਗੇ। ਲਿਖਤੀ ਤੌਰ 'ਤੇ ਤਾਂ ਉਹ ਕੁਝ ਕਹਿ ਨਹੀਂ ਸਕਦੇ ਸਨ।"
"ਪਰ ਚੰਗੀ ਗੱਲ ਇਹ ਹੈ ਕਿ ਫ਼ਿਲਮ ਹੁਣ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕਰ ਦਿੱਤੀ ਗਈ ਹੈ। ਕੋਈ ਸ਼ਬਦ ਨੂੰ ਹਟਾਇਆ ਜਾਂ ਬੀਪ ਨਹੀਂ ਕੀਤਾ ਗਿਆ ਹੈ। ਇਸਨੂੰ ਐਡਲਟ ਸਰਟੀਫਿਕੇਟ ਮਿਲਿਆ ਹੈ।"
ਮਾਰਚ ਵਿੱਚ ਫ਼ਿਲਮ ਨਾ ਰਿਲੀਜ਼ ਕਰਨ ਦੇ ਕਥਿਤ ਇਲਜ਼ਾਮ 'ਤੇ ਭਾਰਤੀ ਸੈਂਸਰ ਬੋਰਡ ਤੋਂ ਪ੍ਰਤੀਕਿਰਿਆ ਮੰਗਣ 'ਤੇ ਕੋਈ ਜਵਾਬ ਨਹੀਂ ਆਇਆ।
ਪਰ ਭਾਰਤ ਵਿੱਚ ਕਈ ਫ਼ਿਲਮਕਾਰਾਂ, ਕਲਾਕਾਰਾਂ ਅਤੇ ਸੰਸਦ ਮੈਂਬਰਾਂ ਨੇ ਫ਼ਿਲਮ ਰਿਲੀਜ਼ ਨਾ ਕਰਨ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਸੀ।

ਉੱਥੇ ਹੀ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸ਼ਸ਼ੀ ਥਰੂਰ ਨੇ ਇਸਨੂੰ 'ਡਿਸਗਰੇਸਫੁਲ' ਕਹਿੰਦੇ ਹੋਏ ਲਿਖਿਆ ਸੀ ਕਿ ਕਿਸੇ ਫ਼ਿਲਮ ਦੀ ਸਕ੍ਰੀਨਿੰਗ ਦਾ ਦੂਜੇ ਦੇਸ਼ਾਂ ਨਾਲ ਸਬੰਧਾਂ ਨੂੰ ਲੈਕੇ ਕੋਈ ਲੈਣਾ-ਦੇਣਾ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਫ਼ਿਲਮਾਂ ਨੂੰ ਬੈਨ ਕਰਨਾ ਬੰਦ ਕਰਨਾ ਚਾਹੀਦਾ ਹੈ।
ਫ਼ਿਲਮ ਦੀ ਗੱਲ ਕਰੀਏ ਤਾਂ ਟਿਊਨੀਸ਼ੀਆ ਦੀ ਨਿਰਦੇਸ਼ਕ ਕੌਥਰ ਬਿਨ ਹਾਨੀਆ ਨੇ ਹਿੰਦ 'ਤੇ ਫ਼ਿਲਮ ਬਣਾਉਣ ਬਾਰੇ ਕਿਉਂ ਸੋਚਿਆ।
ਕੌਥਰ ਬਿਨ ਹਾਨੀਆ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਸੀ, "ਜਦੋਂ ਮੈਂ ਹਿੰਦ ਰਜਬ ਦੀ ਅਸਲ ਆਡੀਓ ਰਿਕਾਰਡਿੰਗ ਸੁਣੀ ਸੀ ਜਿਸ ਵਿੱਚ ਉਹ ਬੱਚੀ ਮਦਦ ਮੰਗ ਰਹੀ ਸੀ, ਉਹ ਆਵਾਜ਼ ਮੇਰਾ ਪਿੱਛਾ ਕਰਦੀ ਰਹੀ। ਮੈਂ ਆਪਣੇ ਆਪ ਨੂੰ ਬਹੁਤ ਬੇਵੱਸ ਮਹਿਸੂਸ ਕੀਤਾ। ਮੈਂ ਇਹ ਫ਼ਿਲਮ ਇਸ ਲਈ ਬਣਾਈ ਕਿਉਂਕਿ ਅਜਿਹਾ ਨਾ ਕਰਕੇ ਮੈਂ ਵੀ ਇਕ ਤਰ੍ਹਾਂ ਨਾਲ ਉਸ ਘਟਨਾ ਵਿੱਚ ਆਪਣੇ ਆਪ ਨੂੰ ਸ਼ਾਮਿਲ ਮਹਿਸੂਸ ਕਰਦੀ।"
ਗਾਜ਼ਾ ਵਿੱਚ ਹੋਏ ਇਸ ਹਮਲੇ ਵਿੱਚ ਨਾ ਸਿਰਫ਼ ਹਿੰਦ ਰਜਬ ਦੀ ਮੌਤ ਹੋਈ, ਬਲਕਿ ਉਸਦੀ ਮਦਦ ਕਰਨ ਗਏ ਐਂਬੂਲੈਂਸ ਕਰੂ ਦੇ ਦੋ ਮੈਂਬਰ ਵੀ ਮਾਰੇ ਗਏ ਸਨ।
ਇਜ਼ਰਾਇਲ ਦਾ ਰੁਖ਼

ਤਸਵੀਰ ਸਰੋਤ, Altitude
ਇਜ਼ਰਾਇਲੀ ਡਿਫੈਂਸ ਫੋਰਸ (ਆਈਡੀਐਫ) ਨੇ ਪਹਿਲਾਂ ਕਿਹਾ ਸੀ ਕਿ ਹਮਲੇ ਦੇ ਸਮੇਂ ਇਜ਼ਰਾਇਲੀ ਫੌਜ ਇਲਾਕੇ ਵਿੱਚ ਨਹੀਂ ਸੀ। ਪਰ ਕੁਝ ਸੁਤੰਤਰ ਜਾਂਚਾਂ ਤੋਂ ਬਾਅਦ ਇਸ ਦਾਅਵੇ 'ਤੇ ਸਵਾਲ ਉਠਾਏ ਗਏ।
ਬਾਅਦ ਵਿੱਚ ਆਈਡੀਐਫ ਨੇ ਕਿਹਾ ਕਿ ਉਸਨੇ 'ਟੈਰਰ ਟਾਰਗੇਟਸ' 'ਤੇ ਰੇਡ ਕੀਤੀ ਸੀ ਅਤੇ ਉਸ ਇਲਾਕੇ ਦੇ ਨੇੜੇ ਫੌਜ ਮੌਜੂਦ ਨਹੀਂ ਸੀ ਜਿੱਥੋਂ ਹਿੰਦ ਨੇ ਐਮਰਜੈਂਸੀ ਕਾਲ ਕੀਤੀ ਸੀ।
ਅਕਤੂਬਰ 2024 ਵਿੱਚ ਸੰਯੁਕਤ ਰਾਸ਼ਟਰ ਕਮਿਸ਼ਨ ਨੇ ਇਜ਼ਰਾਇਲ 'ਤੇ ਗਾਜ਼ਾ ਦੇ ਸਿਹਤ ਸੇਵਾ ਸਿਸਟਮ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਸੀ, ਜਿਸ ਵਿੱਚ ਹਿੰਦ ਰਜਬ ਅਤੇ ਉਸਨੂੰ ਬਚਾਉਣ ਗਏ ਵਲੰਟੀਅਰਸ ਦਾ ਵੀ ਜ਼ਿਕਰ ਸੀ।
ਉੱਥੇ ਹੀ ਹਿੰਦ ਦੀ ਮਾਂ ਵੇਸਮ ਹਮਾਦਾ ਦੇ ਸਵਾਲ ਬਰਕਰਾਰ ਹਨ। ਉਨ੍ਹਾਂ ਨੇ ਬੇਹੱਦ ਭਾਵੁਕ ਇੰਟਰਵਿਊ ਵਿੱਚ ਬੀਬੀਸੀ ਨੂੰ ਕਿਹਾ ਸੀ, "ਮੈਂ ਕਿਆਮਤ ਦੇ ਦਿਨ ਈਸ਼ਵਰ ਦੇ ਸਾਹਮਣੇ ਉਨ੍ਹਾਂ ਸਾਰਿਆਂ ਤੋਂ ਸਵਾਲ ਕਰਾਂਗੀ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣੀ, ਮਦਦ ਦੀ ਗੁਹਾਰ ਲਗਾ ਰਹੀ ਮੇਰੀ ਧੀ ਦੀ ਆਵਾਜ਼ ਸੁਣੀ, ਪਰ ਉਸਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਤੁਸੀਂ ਹੋਰ ਕਿੰਨੀਆਂ ਮਾਵਾਂ ਦੇ ਇਸ ਦਰਦ 'ਚੋਂ ਗੁਜ਼ਰਨ ਦਾ ਇੰਤਜ਼ਾਰ ਕਰ ਰਹੇ ਹੋ?"
ਮਨੋਜ ਨੰਦਵਾਨਾ ਦੱਸਦੇ ਹਨ ਕਿ ਫ਼ਿਲਮ ਦੇ ਪ੍ਰੀਮੀਅਰ ਦੌਰਾਨ ਹਿੰਦ ਦੀ ਮਾਂ ਵੀ ਆਈ ਸੀ ਪਰ ਉਨ੍ਹਾਂ ਦੀ ਹਿੰਦ ਦੀ ਮਾਂ ਨਾਲ ਗੱਲ ਨਹੀਂ ਹੋਈ।
"ਜਿਸ ਮਾਂ ਨੇ ਆਪਣੀ ਬੱਚੀ ਨੂੰ ਗਵਾ ਲਿਆ ਹੋਵੇ, ਜਿਸਦੇ ਚਿਹਰੇ 'ਤੇ ਤੁਸੀਂ ਉਹ ਦਰਦ ਦੇਖ ਪਾ ਰਹੇ ਹੋ, ਤੁਸੀਂ ਉਨ੍ਹਾਂ ਨਾਲ ਕੀ ਗੱਲ ਕਰੋਗੇ ? ਉਨ੍ਹਾਂ ਨੂੰ ਲੱਗਦਾ ਰਿਹਾ ਕਿ ਉਹ ਆਪਣੀ ਬੱਚੀ ਨੂੰ ਬਚਾ ਨਹੀਂ ਸਕੇ। ਕੁਝ ਲੋਕ ਹੋਣਗੇ ਜੋ ਇਸਨੂੰ ਪ੍ਰੋਪੇਗੈਂਡਾ ਕਹਿਣਗੇ। ਇਹ ਫ਼ਿਲਮ ਦਿਖਾਉਂਦੀ ਹੈ ਕਿ ਜੰਗ ਕੀ ਕਰ ਸਕਦੀ ਹੈ, ਫਿਰ ਉਹ ਕਿਤੇ ਵੀ ਹੋਵੇ।"

ਤਸਵੀਰ ਸਰੋਤ, Getty Images
ਰਾਜਨੀਤੀ, ਧਰਮ ਅਤੇ ਭੂਗੋਲ ਦੇ ਦਾਇਰੇ ਤੋਂ ਪਰੇ ਇਹ ਫ਼ਿਲਮ ਹਿੰਦ ਰਜਬ 'ਤੇ ਕੇਂਦਰਿਤ ਹੈ ਅਤੇ ਉਨ੍ਹਾਂ ਐਮਰਜੈਂਸੀ ਵਲੰਟੀਅਰਸ 'ਤੇ, ਜੋ ਲੜ ਰਹੇ ਸਨ ਸਮੇਂ ਨਾਲ, ਖੁਦ ਨਾਲ, ਕਦੇ ਆਪਸ 'ਚ...ਇਸ ਉਮੀਦ 'ਚ ਕਿ ਹਿੰਦ ਨੂੰ ਬਚਾਇਆ ਜਾ ਸਕੇ।
ਅਤੇ ਫ਼ਿਲਮ ਵਿੱਚ ਜਦੋਂ ਆਖ਼ਿਰਕਾਰ ਤੁਸੀਂ ਇਹ ਯਕੀਨ ਕਰ ਲੈਂਦੇ ਹੋ ਕਿ ਛੇ ਸਾਲ ਦੀ ਹਿੰਦ ਹੁਣ ਵਾਕਈ ਨਹੀਂ ਰਹੀ, ਉਦੋਂ ਆਖ਼ਰੀ ਕੁਝ ਮਿੰਟਾਂ 'ਚ ਤੁਸੀਂ ਹਿੰਦ ਨੂੰ ਅਸਲ 'ਚ ਸਕ੍ਰੀਨ 'ਤੇ ਦੇਖਦੇ ਹੋ, ਉਸਦੀ ਅਸਲ ਜ਼ਿੰਦਗੀ ਵਿੱਚ, ਹੋਮ ਵੀਡੀਓਜ਼ ਤੋਂ ਲਏ ਕੁਝ ਦ੍ਰਿਸ਼ਾਂ ਵਿੱਚ, ਜਿੱਥੇ ਉਹ ਸਮੁੰਦਰ ਕਿਨਾਰੇ ਖੇਡ ਰਹੀ ਹੈ।
ਬਿਲਕੁੱਲ ਉਸੇ ਤਰ੍ਹਾਂ ਜਿਵੇਂ ਹਿੰਦ ਨੇ ਮਰਨ ਤੋਂ ਪਹਿਲਾਂ ਵਲੰਟੀਅਰਸ ਨੂੰ ਦੱਸਿਆ ਸੀ—"ਏ ਹੈਪੀ ਚਾਈਲਡਹੁੱਡ"।
ਅਸਲ ਜ਼ਿੰਦਗੀ ਅਤੇ ਡਾਕੂਮੈਂਟਰੀ ਦੇ ਸੁਮੇਲ ਨਾਲ ਫ਼ਿਲਮ ਬਣਾਉਣ ਦਾ ਇਹ ਤਰੀਕਾ ਤੁਹਾਨੂੰ ਬੇਚੈਨ ਕਰਦਾ ਹੈ, ਉਦਾਸ ਕਰਦਾ ਹੈ, ਰੁਆਉਂਦਾ ਹੈ, ਝੰਝੋੜਦਾ ਹੈ, ਪਰੇਸ਼ਾਨ ਕਰਦਾ ਹੈ ਜਾਂ ਸ਼ਾਂਤ ਵੀ ਕਰ ਦਿੰਦਾ ਹੈ—ਮੇਰੇ ਕੋਲ ਇਸਨੂੰ ਬਿਆਨ ਕਰਨ ਲਈ ਸ਼ਾਇਦ ਸਹੀ ਸ਼ਬਦ ਨਹੀਂ ਹਨ।
ਫ਼ਿਲਮ ਦੇ ਭਾਰਤੀ ਡਿਸਟ੍ਰੀਬਿਊਟਰ ਮਨੋਜ ਨੰਦਵਾਨਾ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਲਈ ਵੀ ਇਸ ਦੇ ਅਧਿਕਾਰ ਖਰੀਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












