ਇਸ ਪੰਜਾਬੀ ਖਿਡਾਰੀ ਦੀ ਕੋਰੋਨਾ ਨਾਲ ਕਿਵੇਂ ਆਸਟਰੇਲੀਆ ਕ੍ਰਿਕਟ 'ਚ ਕਿਸਮਤ ਚਮਕੀ, ਕੌਣ ਹੈ ਨਿਖਿਲ ਚੌਧਰੀ?

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਲੋਕਾਂ ਲਈ ਤਬਾਹੀ ਦਾ ਮੰਜ਼ਰ ਬਣੀ ਕੁਦਰਤੀ ਆਫਤ ਜਦੋਂ ਕਿਸੇ ਲਈ ਵਰਦਾਨ ਸਾਬਤ ਹੋ ਗਈ।

ਸਾਲ 2020 ਕੁਝ ਅਜਿਹਾ ਹੀ ਸੀ, ਜਿੱਥੇ ਸੰਸਾਰ ਭਰ ਵਿੱਚ ਲੋਕ ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਸਨ। ਇਸ ਬਿਮਾਰੀ ਨੇ ਦੁਨੀਆ ਨੂੰ ਰੋਕ ਦਿੱਤਾ ਸੀ।

ਇੱਕ ਨੌਜਵਾਨ ਅਜਿਹਾ ਵੀ ਸੀ, ਜਿਸ ਲਈ ਇਸ ਆਫਤ ਨੇ ਉਸ ਦੇ ਭਵਿੱਖ ਦੇ ਰਾਹ ਖੋਲ੍ਹੇ ਦਿੱਤੇ।

ਨਿਖਿਲ ਚੌਧਰੀ ਇੱਕ ਸਮੇਂ ਪੰਜਾਬ ਦੀ ਕ੍ਰਿਕਟ ਟੀਮ ਲਈ ਖੇਡ ਰਹੇ ਸਨ ਪਰ ਕੋਰੋਨਾਵਾਇਰਸ ਦੇ ਦੌਰ ਨੇ ਉਨ੍ਹਾਂ ਲਈ ਉਹ ਕਰ ਦਿੱਤਾ, ਜੋ ਸ਼ਾਇਦ ਉਸ ਨੇ ਸੋਚਿਆ ਨਹੀਂ ਸੀ।

ਨਿਖਿਲ ਚੌਧਰੀ ਨੇ 17 ਜੂਨ ਨੂੰ ਬੰਗਲਾਦੇਸ਼ ਖਿਲਾਫ਼ ਆਸਟਰੇਲੀਆ ਦੀ ਟੀ-20 ਕ੍ਰਿਕਟ ਟੀਮ ਵੱਲੋਂ ਆਪਣਾ ਪਹਿਲਾ ਮੈਚ ਖੇਡ ਕੇ ਡੈਬਿਊ ਕੀਤਾ ਹੈ।

ਇਹ 60 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਕੋਈ ਭਾਰਤ ਵਿੱਚ ਜੰਮਿਆ ਖਿਡਾਰੀ ਆਸਟਰੇਲੀਆ ਦੀ ਟੀਮ ਵੱਲੋਂ ਖੇਡ ਰਿਹਾ ਹੈ।

ਨਿਖਿਲ ਆਲਰਾਊਂਡਰ ਹਨ, ਉਹ ਸੱਜੇ ਹੱਥ ਦੇ ਬੱਲੇਬਾਜ਼ ਤੇ ਸਪਿਨਰ ਗੇਂਦਬਾਜ਼ ਹਨ। ਆਪਣੇ ਪਹਿਲੇ ਹੀ ਮੈਚ ਵਿੱਚ ਉਨ੍ਹਾਂ ਨੇ ਇੱਕ ਵਿਕਟ ਹਾਸਲ ਕੀਤੀ ਹੈ, ਜਦਕਿ ਬੱਲੇਬਾਜ਼ੀ ਵਿੱਚ 18 ਦੌੜਾਂ ਬਣਾਈਆਂ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕ੍ਰਿਕਟ ਜਗਤ ਵਿੱਚ ਆਸਟਰੇਲੀਆ ਦਾ ਦਬਦਬਾ ਰਿਹਾ ਹੈ ਤੇ ਉਸ ਟੀਮ ਦਾ ਹਿੱਸਾ ਬਣਨਾ ਹਰ ਕਿਸੇ ਕ੍ਰਿਕਟਰ ਲਈ ਮਾਣ ਵਾਲੀ ਗੱਲ ਹੈ।

ਨਿਖਿਲ ਚੌਧਰੀ ਦਾ ਪੰਜਾਬ ਨਾਲ ਸਬੰਧ

ਨਿਖਿਲ ਚੌਧਰੀ ਦਾ ਸਬੰਧ ਕਿਸਾਨ ਪਰਿਵਾਰ ਨਾਲ ਹੈ। ਉਨ੍ਹਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹਾ ਦਾ ਪੁਰਮਾਫੀ ਪਿੰਡ ਹੈ। ਉਨ੍ਹਾਂ ਦੇ ਪਿਤਾ 1989 ਵਿੱਚ ਦਿੱਲੀ ਆ ਗਏ ਸਨ।

ਨਿਖਿਲ ਦਾ ਜਨਮ 1996 ਵਿੱਚ ਦਿੱਲੀ ਦੇ ਤੀਸ ਹਜ਼ਾਰੀ ਦੇ ਸੈਂਟ ਸਟੀਫਨ ਹਸਪਤਾਲ ਵਿੱਚ ਹੋਇਆ ਸੀ।

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ ਅਤੇ ਦੋ ਵੱਡੀਆਂ ਭੈਣਾਂ ਹਨ।

ਨਿਖਿਲ ਨੂੰ ਖੇਡ ਦਾ ਤੋਹਫਾ ਉਨ੍ਹਾਂ ਦੀ ਪਰਿਵਾਰਕ ਵਿਰਾਸਤ ਵਿਚੋਂ ਹੀ ਮਿਲਿਆ ਹੈ। ਉਨ੍ਹਾਂ ਦੇ ਦਾਦਾ ਪਹਿਲਵਾਨ ਅਤੇ ਪਿਤਾ ਅਥਲੀਟ ਰਹਿ ਚੁੱਕੇ ਹਨ।

ਨਿਖਿਲ ਜਦੋਂ ਕਰੀਬ 2 ਕੁ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਕਾਰੋਬਾਰ ਦੇ ਸਿਲਸਿਲੇ ਵਜੋਂ ਪੰਜਾਬ ਵਿੱਚ ਪਰਿਵਾਰ ਨਾਲ ਰਹਿਣ ਦਾ ਵਿਚਾਰ ਬਣਾ ਲਿਆ।

ਉਨ੍ਹਾਂ ਦੇ ਦਾਦਾ ਫੌਜ ਵਿੱਚ ਸਨ ਤੇ ਪਿਤਾ ਦਾ ਕੰਸਟਰਕਸ਼ਨ ਬਿਲਡਰ ਦਾ ਕਾਰੋਬਾਰ ਹੈ।

ਨਿਖਿਲ ਚੌਧਰੀ ਦੇ ਪਿਤਾ ਸਨੇਹ ਕੁਮਾਰ ਚੌਧਰੀ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ, "ਮੇਰਾ ਕੰਸਟਰਕਸ਼ਨ ਬਿਲਡਰ ਦਾ ਕੰਮ ਹੈ ਤੇ ਸਾਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਦਿੱਲੀ ਤੋਂ ਅਪ-ਡਾਊਨ ਕਰਨਾ ਪੈਂਦਾ ਸੀ। ਫਿਰ ਇੱਥੇ ਪੰਜਾਬ ਵਿੱਚ ਉਸ ਸਮੇਂ ਕੰਮ ਜ਼ਿਆਦਾ ਸੀ ਤੇ ਅਸੀਂ ਇਸ ਕਰਕੇ ਪੰਜਾਬ ਵਿੱਚ ਵਸਣ ਦਾ ਮੰਨ ਬਣਾ ਲਿਆ। ਮੈਂ ਆਪਣੇ ਪਰਿਵਾਰ ਨਾਲ 1999 ਵਿੱਚ ਦਿੱਲੀ ਤੋਂ ਲੁਧਿਆਣਾ ਆ ਗਿਆ ਸੀ।"

ਨਿਖਿਲ ਚੌਧਰੀ ਦੇ ਕ੍ਰਿਕਟ ਨਾਲ ਜੁੜਣ ਬਾਰੇ ਸਨੇਹ ਦੱਸਦੇ ਹਨ, "ਸਾਡਾ ਪਿਛੋਕੜ ਵੈਸੇ ਕਿਸਾਨ ਪਰਿਵਾਰ ਨਾਲ ਹੈ ਤੇ ਪਰਿਵਾਰ ਵਿੱਚ ਸਾਰੇ ਖੇਡ ਨਾਲ ਜੁੜੇ ਹੋਣ ਕਾਰਨ ਨਿਖਿਲ ਅੰਦਰ ਵੀ ਖੇਡਣ ਦਾ ਜਨੂੰਨ ਸੀ। ਨਿਖਿਲ ਘਰ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਆਪਣੀ ਉਮਰ ਦੇ ਬੱਚਿਆਂ ਨਾਲ ਹੀ ਸ਼ਾਮ-ਸ਼ਾਮ ਤੱਕ ਖੇਡਦਾ ਸੀ।"

'ਮੈਂ ਉਸ ਲਈ ਦਫ਼ਤਰ ਵਿੱਚ ਹੀ ਪਿੱਚ ਬਣਾ ਦਿੱਤੀ ਸੀ'

ਸਨੇਹ ਦੱਸਦੇ ਹਨ ਕਿ ਉਹ ਚਾਹੁੰਦੇ ਸਨ ਕਿ ਨਿਖਿਲ ਕੋਈ ਗਰੁੱਪ ਖੇਡ ਦੀ ਥਾਂ ਵਿਅਕਤੀਗਤ ਖੇਡ ਖੇਡੇ ਜਿਵੇਂ ਬੈਡਮਿੰਟਨ ਜਾਂ ਟੈਨਿਸ ਖੇਡੇ।

"ਮੈਂ ਚਾਹੁੰਦਾ ਸੀ ਕਿ ਉਹ ਖੇਡਾਂ ਵਿੱਚ ਆਵੇ। ਫਿਸ ਉਸ ਦਾ ਕ੍ਰਿਕਟ ਨੂੰ ਲੈ ਕੇ ਜਨੂੰਨ ਦੇਖ ਕੇ ਅਸੀਂ ਉਸ ਨੂੰ ਪ੍ਰੋਫੈਸ਼ਨਲ ਖਿਡਾਰੀ ਬਣਾਉਣ ਬਾਰੇ ਸੋਚਿਆ। ਮੈਂ ਆਪਣੇ ਦਫ਼ਤਰ ਵਿੱਚ ਹੀ ਉਸ ਲਈ ਇੱਕ ਛੋਟੀ ਪਿੱਚ ਬਣਾ ਦਿੱਤੀ ਸੀ ਅਤੇ ਨੈੱਟ ਲਗਵਾ ਦਿੱਤਾ ਸੀ। ਉਥੇ ਮੇਰੇ ਦਫਤਰ ਦੇ ਕਰਮਚਾਰੀ ਨਿਖਿਲ ਨੂੰ ਖਿਡਾਉਂਦੇ ਹੁੰਦੇ ਸਨ ਤੇ ਪ੍ਰੈਕਟਿਸ ਕਰਵਾਉਂਦੇ ਸਨ।"

ਸਨੇਹ ਚੌਧਰੀ ਆਪਣੇ ਪੁੱਤਰ ਨਿਖਿਲ ਦੇ ਕ੍ਰਿਕਟ ਦੇ ਸ਼ੁਰੂਆਤੀ ਕਰੀਅਰ ਬਾਰੇ ਦੱਸਦੇ ਹੋਏ ਕਹਿੰਦੇ ਹਨ, "ਲੁਧਿਆਣਾ ਦੇ ਕੇਵੀਐੱਮ ਸਕੂਲ ਵਿੱਚ ਨਿਖਿਲ ਦੇ ਸਪੋਰਟਸ ਟੀਚਰ ਤੇਜਸ਼ਵਰ ਦਿਆਲ ਨੇ ਖੇਡਾਂ ਦਾ ਇੱਕ ਕੈਂਪ ਲਗਾਇਆ ਸੀ, ਜਿਸ ਵਿੱਚ ਨਿਖਿਲ ਵੀ ਸੀ। ਇੱਥੋਂ ਹੀ ਨਿਖਿਲ ਦੇ ਕ੍ਰਿਕਟ ਦੀ ਅਸਲ ਸ਼ੁਰੂਆਤ ਹੋਈ। ਫਿਰ ਉੱਥੋਂ ਹੀ 11 ਸਾਲ ਦੀ ਉਮਰ ਵਿੱਚ ਉਸ ਨੇ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡਣਾ ਸ਼ੁਰੂ ਕੀਤਾ। ਇਥੋਂ ਦੇ ਹੀ ਕੋਚ ਚਰਨਜੀਤ ਭੰਗੂ ਦੇ ਦਿਸ਼ਾ-ਨਿਰਦੇਸ਼ ਵਿੱਚ ਹੀ ਨਿਖਿਲ ਪੰਜਾਬ ਦੀਆਂ ਵੱਖ-ਵੱਖ ਉਮਰ ਦੇ ਵਰਗਾਂ ਦੀਆਂ ਟੀਮਾਂ ਵੱਲੋਂ ਖੇਡਿਆ।"

ਕੋਰੋਨਾਵਾਇਰਸ ਨੇ ਜਦੋਂ ਬਦਲੀ ਕਿਸਮਤ

ਨਿਖਿਲ ਚੌਧਰੀ ਦੇ ਕ੍ਰਿਕਟ ਕਰੀਅਰ ਦਾ ਸ਼ੁਰੂਆਤੀ ਦੌਰ ਚਰਨਜੀਤ ਭੰਗੂ ਕੋਚ ਦੀ ਅਗਵਾਈ ਵਿੱਚੋਂ ਹੀ ਲੰਘਿਆ ਹੈ।

ਕੋਚ ਚਰਨਜੀਤ ਭੰਗੂ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿਵੇਂ ਨਿਖਿਲ ਨੇ ਪੰਜਾਬ ਵੱਲੋਂ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਉਹ ਦੱਸਦੇ ਹਨ, "ਨਿਖਿਲ 10-12 ਸਾਲ ਦੀ ਉਮਰ ਵਿੱਚ ਹੀ ਮੇਰੇ ਕੋਲ ਆ ਗਿਆ ਸੀ ਤੇ ਟਰੇਨਿੰਗ ਲੈ ਰਿਹਾ ਸੀ। ਸ਼ੁਰੂ ਤੋਂ ਹੀ ਕ੍ਰਿਕਟ ਨੂੰ ਲੈ ਕੇ ਉਸ ਵਿੱਚ ਵੱਖਰਾ ਹੀ ਜਨੂੰਨ ਸੀ, ਅਸੀਂ ਸਕੂਲ ਤੋਂ ਬਾਅਦ ਸਾਰਾ ਦਿਨ ਅਭਿਆਸ ਕਰਦੇ ਸੀ।"

ਨਿਖਿਲ ਦੇ ਪਿਤਾ ਤੇ ਕੋਚ ਭੰਗੂ ਦੱਸਦੇ ਹਨ ਕਿ ਕਿਵੇਂ 2020 ਵਿੱਚ ਜਦੋਂ ਕੋਰੋਨਾਵਾਇਰਸ ਦੀ ਦੁਨੀਆ ਭਰ ਵਿੱਚ ਮਾਰ ਪਈ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਨਿਖਿਲ ਆਸਟਰੇਲੀਆ ਗਿਆ ਸੀ।

ਸਨੇਹ ਦੱਸਦੇ ਹਨ, "ਨਿਖਿਲ ਮੈਨੂੰ ਕਹਿੰਦਾ ਡੈਡੀ ਮੈਂ ਆਪਣਾ ਜਨਮ ਦਿਨ ਮਨਾਉਣ ਲਈ ਆਸਟਰੇਲੀਆ ਜਾਣਾ ਹੈ। ਉਹ ਸਾਲ 2020 ਦਾ ਮਾਰਚ ਮਹੀਨਾ ਸੀ, ਜਦੋਂ ਨਿਖਿਲ ਆਸਟਰੇਲੀਆ ਚਲਾ ਗਿਆ ਤੇ ਉਸੇ ਦੌਰਾਨ ਕੋਰੋਨਾਵਾਇਰਸ ਆ ਗਿਆ। ਕਰੋਨਾ ਕਰਕੇ ਸਾਰਾ ਕੁਝ ਬੰਦ ਹੋਣ ਕਾਰਨ ਉਹ ਉਥੇ ਹੀ ਫਸ ਗਿਆ। ਫਿਰ ਕੁਝ ਮਹੀਨੇ ਉਥੋਂ ਲਾਉਣ ਤੋਂ ਬਾਅਦ ਉਸ ਨੇ ਆਸਟਰੇਲੀਆ ਦੇ ਕੁਈਨਜ਼ਲੈਂਡ ਵਿੱਚ ਹੀ ਲੋਕਲ ਕ੍ਰਿਕਟ ਖੇਡਣੀ ਸ਼ੁਰੂ ਕੀਤੀ।"

"ਮੈਨੂੰ ਉਸ ਨੇ ਕਾਲ ਕਰਕੇ ਕਿਹਾ ਕਿ ਮੈਂ ਡੈਡੀ ਹੁਣ ਆਸਟਰੇਲੀਆ ਵੱਲੋਂ ਹੀ ਖੇਡਣਾ ਹੈ ਪਰ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਇੱਥੇ ਘਰੇਲੂ ਕ੍ਰਿਕਟ ਵਿੱਚ ਚੰਗਾ ਕਰ ਰਿਹਾ ਹੈ ਤੇ ਸਮਾਂ ਆਉਣ ਤੇ ਭਾਰਤੀ ਟੀਮ ਵਿੱਚ ਵੀ ਜਾਵੇਗਾ। ਨਿਖਿਲ ਨੇ ਉਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ।"

ਕੋਚ ਭੰਗੂ ਦੱਸਦੇ ਹਨ ਕਿ ਨਿਖਿਲ ਪੰਜਾਬ ਦੀ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਪਰ ਕੋਰੋਨਾਵਾਇਰਸ ਦੇ ਦੌਰ ਨੇ ਸਭ ਕੁਝ ਬਦਲ ਦਿੱਤਾ।

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਦਾ ਆਸਟਰੇਲੀਆ ਬਾਰੇ ਕਹਿਣਾ ਸੀ, "ਇਹ ਭਾਰਤ ਤੋਂ ਬਿਲਕੁਲ ਵੱਖਰਾ ਹੈ ਅਤੇ ਮੈਨੂੰ ਇੱਥੋਂ ਦਾ ਸੱਭਿਆਚਾਰ ਪਸੰਦ ਆਇਆ। ਮੈਂ ਆਸਟਰੇਲੀਆ ਵਿੱਚ ਆਪਣਾ ਕ੍ਰਿਕਟ ਕਰੀਅਰ ਬਣਾਉਣਾ ਚਾਹੁੰਦਾ ਸੀ।"

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਚੌਧਰੀ ਤੋਂ ਪਹਿਲਾਂ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਵਾਲਾ ਭਾਰਤੀ ਮੂਲ ਦਾ ਪੁਰਸ਼ ਖਿਡਾਰੀ ਲੈੱਗ-ਸਪਿਨਰ ਰੈਕਸ ਸੈਲਰਸ ਸੀ, ਜਿਸਨੇ 1964 ਵਿੱਚ ਕੋਲਕਾਤਾ ਵਿੱਚ ਆਪਣਾ ਇਕਲੌਤਾ ਟੈਸਟ ਮੈਚ ਖੇਡਿਆ ਸੀ।

ਆਸਟਰੇਲੀਆ ਵਿੱਚ ਸੰਘਰਸ਼ ਤੇ ਸਫ਼ਲਤਾ

ਨਿਖਿਲ ਨੇ ਜਦੋਂ ਪਰਿਵਾਰਕ ਸਹੂਲਤਾਂ ਤੋਂ ਦੂਰ ਰਹਿ ਕੇ ਆਸਟਰੇਲੀਆ ਵਿੱਚ ਹੀ ਰਹਿਣ ਦਾ ਮਨ ਬਣਾਇਆ ਤਾਂ ਉਨ੍ਹਾਂ ਸਾਹਮਣੇ ਕਈ ਚੁਣੌਤੀਆਂ ਵੀ ਸਨ।

ਉਨ੍ਹਾਂ ਨੇ ਉੱਥੇ ਇੱਕ ਮੈਕਸੀਕਨ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ। ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਦੇ ਰੈਸਟੋਰੈਂਟ ਵਿੱਚ ਸੱਟ ਲੱਗ ਗਈ ਸੀ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਕੰਮ ਛੱਡਣ ਦਾ ਮਨ ਬਣਾਇਆ।

ਫਿਰ ਉਨ੍ਹਾਂ ਨੇ ਉਥੇ ਪੋਸਟ ਆਫਿਸ ਵਿੱਚ ਵੀ ਕੰਮ ਕੀਤਾ। ਪਰ ਇਸ ਸਭ ਸੰਘਰਸ਼ ਦੇ ਬਾਵਜੂਦ ਉਨ੍ਹਾਂ ਦਾ ਕ੍ਰਿਕਟ ਉਪਰ ਧਿਆਨ ਕੇਂਦਰਿਤ ਰਿਹਾ।

ਆਸਟਰੇਲੀਆ ਵਿੱਚ ਘਰੇਲੂ ਮੈਦਾਨਾਂ ਵਿੱਚ ਖੇਡ ਕੇ ਨਿਖਿਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਕੋਚ ਜੇਮਸ ਹੋਪਸ ਦੀ ਨਜ਼ਰ ਨਿਖਿਲ ਉਪਰ ਜਦੋਂ ਪਈ ਤਾਂ ਉਸ ਨੂੰ ਬੀਬੀਐੱਲ ਯਾਨੀ ਬਿੱਗ ਬੈਸ਼ ਲੀਗ ਲਈ ਹੋਬਰਟ ਹਰੀਕੇਨਜ਼ ਟੀਮ ਵਿੱਚ ਚੁਣ ਲਿਆ ਗਿਆ।

ਪੰਜਾਬ ਤੋਂ ਆਸਟਰੇਲੀਆ ਦੀ ਟੀਮ ਤੱਕ ਦਾ ਸਫਰ

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਚੌਧਰੀ ਨੇ 2017 ਵਿੱਚ ਹਰਭਜਨ ਸਿੰਘ ਦੀ ਕਪਤਾਨੀ ਵਿੱਚ ਪੰਜਾਬ ਦੀ ਟੀਮ ਵਿੱਚ ਆਪਣੀ ਥਾਂ ਬਣਾਈ।

ਨਿਖਿਲ ਚੌਧਰੀ ਨੇ ਯੁਵਰਾਜ ਸਿੰਘ ਵਰਗੇ ਦਿੱਗਜ ਖਿਡਾਰੀਆਂ ਨਾਲ ਵੀ ਡਰੈੱਸਿੰਗ ਰੂਮ ਸਾਂਝਾ ਕੀਤਾ ਹੈ।

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਨੇ ਯੁਵਰਾਜ ਸਿੰਘ ਬਾਰੇ ਕਿਹਾ ਸੀ, ""ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ, ਜਿਵੇਂ ਕਿ ਪਾਰੀ ਨੂੰ ਕਿਵੇਂ ਤੇਜ਼ ਕਰਨਾ ਹੈ, ਵੱਡੇ ਟੀਚਿਆਂ ਦਾ ਸਾਹਮਣਾ ਕਰਨਾ ਅਤੇ ਪਾਰੀ ਨੂੰ ਅੰਤ ਤੱਕ ਜਾਰੀ ਰੱਖਣਾ।"

ਕੋਚ ਭੰਗੂ ਦੱਸਦੇ ਹਨ ਕਿ ਨਿਖਿਲ ਪੰਜਾਬ ਦੀ ਟੀਮ ਵੱਲੋਂ ਮੁਸ਼ਤਾਕ ਅਲੀ ਤੇ ਰੰਜੀ ਟਰਾਫੀ ਵਰਗੇ ਵੱਡੇ ਘਰੇਲੂ ਟੂਰਨਾਮੈਂਟ ਖੇਡਦਾ ਰਿਹਾ ਹੈ।

ਕੋਚ ਭੰਗੂ ਦੱਸਦੇ ਹਨ, "ਨਿਖਿਲ ਨੇ ਜਦੋਂ ਕ੍ਰਿਕਟ ਦੀ ਸ਼ੁਰੂਆਤ ਕੀਤੀ ਤਾਂ ਉਸ ਨੇ ਆਫਸਪਿਨਰ ਵਜੋਂ ਸ਼ੁਰੂ ਕੀਤਾ ਪਰ ਅਸੀਂ ਨਾਲ-ਨਾਲ ਉਸਦੀ ਬੱਲੇਬਾਜ਼ੀ ਉਪਰ ਵੀ ਕੰਮ ਕੀਤਾ ਪਰ ਹੁਣ ਇਹ ਬੱਲੇਬਾਜ਼ੀ ਦੇ ਨਾਲ ਲੈੱਗਸਪਿਨਰ ਖੇਡਦਾ ਹੈ। ਆਪਣੀ ਖੇਡ ਦੇ ਚੰਗੇ ਪ੍ਰਦਰਸ਼ਨ ਕਾਰਨ ਹੀ ਅੱਜ ਉਹ ਆਸਟਰੇਲੀਆ ਟੀਮ ਵਿੱਚ ਹੈ।"

ਈਐੱਸਪੀਐੱਨ ਕ੍ਰਿਕਇਨਫੋ ਮੁਤਾਬਕ ਨਿਖਿਲ ਨੇ ਆਈਪੀਐੱਲ ਲਈ ਮੁੰਬਈ ਇੰਡੀਅਨਜ਼ ਟੀਮ ਲਈ ਵੀ ਟਰਾਇਲ ਦਿੱਤੇ ਪਰ ਉਥੇ ਉਹ ਨਹੀਂ ਚੁਣਿਆ ਗਿਆ।

ਕੋਚ ਭੰਗੂ ਦੱਸਦੇ ਹਨ ਕਿ ਬੇਸ਼ੱਕ ਨਿਖਿਲ ਭਾਰਤ ਵੱਲੋਂ ਨਹੀਂ ਖੇਡ ਸਕਿਆ ਪਰ ਉਸਦੀ ਚੰਗੀ ਖੇਡ ਦੇ ਸਦਕਾ ਉਸ ਨੂੰ ਪਹਿਲਾਂ ਆਸਟਰੇਲੀਆ ਦੀ ਸਭ ਤੋਂ ਵੱਡੀ ਕ੍ਰਿਕਟ ਬਿੱਗ ਬੈਸ਼ ਲੀਗ ਲਈ ਚੁਣ ਲਿਆ ਗਿਆ ਅਤੇ ਹੁਣ ਉਹ ਆਸਟਰੇਲੀਆ ਵੱਲੋਂ ਖੇਡ ਕੇ ਸਾਡਾ ਮਾਣ ਵਧਾ ਰਿਹਾ ਹੈ।