ਏਕੇ-47 ਭਾਰਤ 'ਚ ਕਦੋਂ ਆਈ ਸੀ, ਕੀ ਪੁਲਿਸ ਅਜਿਹੇ ਹਥਿਆਰਾਂ ਦੀ ਵਰਤੋਂ ਕਰ ਸਕਦੀ ਹੈ

ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਸਿਵਾਨ ਜ਼ਿਲ੍ਹੇ ਵਿੱਚ ਏਕੇ-47 ਨਾਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ (ਫ਼ਾਈਲ ਫੋਟੋ)

ਤਸਵੀਰ ਸਰੋਤ, @yadavtejashwi

ਤਸਵੀਰ ਕੈਪਸ਼ਨ, ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਸਿਵਾਨ ਜ਼ਿਲ੍ਹੇ ਵਿੱਚ ਏਕੇ-47 ਨਾਲ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ (ਫ਼ਾਈਲ ਫੋਟੋ)
    • ਲੇਖਕ, ਚੰਦਨ ਕੁਮਾਰ ਜਜਵਾੜੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਕਲਾਸ਼ਨੀਕੋਵ ਏਕੇ-47 ਰਾਈਫਲ ਦੁਨੀਆ ਦੇ ਸਭ ਤੋਂ ਮਸ਼ਹੂਰ ਹਥਿਆਰਾਂ 'ਚੋਂ ਇੱਕ ਹੈ। ਇਹ ਦੂਜੇ ਹਥਿਆਰਾਂ ਦੇ ਮੁਕਾਬਲਤਨ ਸਸਤੀ ਹੁੰਦੀ ਹੈ ਅਤੇ ਇਸ ਦਾ ਨਿਰਮਾਣ ਅਤੇ ਰੱਖ-ਰਖਾਅ ਵੀ ਸੁਖਾਲਾ ਹੈ।

ਇਹੀ ਕਾਰਨ ਹੈ ਕਿ ਏਸ਼ੀਆ ਅਤੇ ਅਫਰੀਕਾ 'ਚ ਗੁਰੀਲਾ ਸੰਗਠਨਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਮੰਨਿਆ ਜਾਂਦਾ ਹੈ ਕਿ ਦੁਨੀਆ ਭਰ 'ਚ 10 ਕਰੋੜ ਤੋਂ ਵੀ ਜ਼ਿਆਦਾ ਕਲਾਸ਼ਨੀਕੋਵ ਰਾਈਫਲਾਂ ਵੇਚੀਆਂ ਜਾ ਚੁੱਕੀਆਂ ਹਨ।

ਬਿਹਾਰ ਦੇ ਸੀਵਾਨ 'ਚ ਪੁਲਿਸ ਦੇ ਇੱਕ ਜਵਾਨ ਵੱਲੋਂ ਏਕੇ-47 ਨਾਲ ਹਵਾਈ ਫਾਇਰ ਕਰਨ ਦੀ ਘਟਨਾ ਤੋਂ ਬਾਅਦ ਇਹ ਰਾਈਫਲ ਚਰਚਾ 'ਚ ਹੈ।

ਸੀਵਾਨ ਜ਼ਿਲ੍ਹੇ 'ਚ 25 ਜੁਲਾਈ ਨੂੰ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਬਿਹਾਰ ਪੁਲਿਸ ਦੇ ਇੱਕ ਜਵਾਨ ਨੇ ਏਕੇ-47 ਨਾਲ ਗੋਲੀਬਾਰੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਏਕੇ-47 ਨਾਲ ਗੋਲੀਬਾਰੀ ਦੀ ਇਸ ਘਟਨਾ ਨੇ ਇੰਨੀ ਤੂਲ ਫੜ ਲਈ ਹੈ ਕਿ ਬਿਹਾਰ ਪੁਲਿਸ ਦੇ ਐੱਸਆਈਟੀ ਦੇ ਜਵਾਨ ਅਭਿਸ਼ੇਕ ਪਟੇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਦਰਅਸਲ ਇਸ ਹਥਿਆਰ ਨੂੰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਆਮ ਹਥਿਆਰਾਂ ਵਾਂਗ ਨਹੀਂ ਕੀਤੀ ਜਾਂਦੀ ਹੈ। ਅਜਿਹੇ 'ਚ ਸਿਵਲ ਪੁਲਿਸ ਵੱਲੋਂ ਏਕੇ-47 ਨਾਲ ਗੋਲਾਬਾਰੀ ਕਰਨਾ ਇੱਕ ਵੱਡੇ ਵਿਵਾਦ ਦਾ ਮੁੱਦਾ ਬਣ ਗਿਆ ਹੈ।

ਸੀਵਾਨ ਪੁਲਿਸ ਵੱਲੋਂ ਏਕੇ-47 ਨਾਲ ਗੋਲਾਬਾਰੀ ਦੀ ਘਟਨਾ 'ਤੇ ਸਥਾਨਕ ਜ਼ਿਲ੍ਹਾ ਮੈਜਿਸਟ੍ਰੇਟ, ਡੀਐੱਮ ਵਿਵੇਕ ਰੰਜਨ ਮੈਤ੍ਰੇਯ ਨੇ ਕਿਹਾ, "ਉਨ੍ਹਾਂ ਨੂੰ ਗੋਲਾਬਾਰੀ ਦਾ ਹੁਕਮ ਨਹੀਂ ਸੀ। ਉਨ੍ਹਾਂ ਨੂੰ ਹਵਾਈ ਫਾਇਰ ਵੀ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਦਾ ਖਾਸ ਹਥਿਆਰ ਆਮ ਜਨਤਾ 'ਚ ਨਹੀਂ ਲੈ ਕੇ ਜਾਣਾ ਚਾਹੀਦਾ ਸੀ। ਉਹ ਫਸ ਗਏ ਸਨ, ਉਹ ਜਾ ਤਾਂ ਕਿਤੇ ਹੋਰ ਰਹੇ ਸਨ ਪਰ ਉਹ ਇੱਥੇ ਫਸ ਗਏ।"

ਏਕੇ 47

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਕੇ-47 ਸੁਰੱਖਿਆ ਬਲਾਂ ਤੋਂ ਲੈ ਕੇ ਅੱਤਵਾਦੀ ਸੰਗਠਨਾਂ ਅਤੇ ਹਥਿਆਰਬੰਦ ਗਰੁੱਪਾਂ ਤੱਕ, ਦੁਨੀਆ ਭਰ ਵਿੱਚ ਸਭ ਤੋਂ ਲੋਕਪ੍ਰਿਯ ਰਾਈਫ਼ਲਾਂ ਵਿੱਚੋਂ ਇੱਕ ਹੈ (ਫ਼ਾਈਲ ਫੋਟੋ

ਹਾਲਾਂਕਿ ਇਹ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਹੈ। ਆਰਜੇਡੀ ਦੇ ਆਗੂ ਤੇਜਸਵੀ ਯਾਦਵ ਸਮੇਤ ਉਨ੍ਹਾਂ ਦੀ ਹੀ ਪਾਰਟੀ ਦੇ ਹੋਰ ਆਗੂ ਵੀ ਇਸ ਮੁੱਦੇ 'ਤੇ ਸਵਾਲ ਚੁੱਕ ਰਹੇ ਹਨ।

ਅੱਗੇ ਅਸੀਂ ਕੁਝ ਅਜਿਹੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਵੱਖ-ਵੱਖ ਮੁਹਿੰਮਾਂ ਦੌਰਾਨ ਏਕੇ-47 ਨਾਲ ਵਾਹ ਪਿਆ ਹੈ ਅਤੇ ਨਾਲ ਹੀ ਇਹ ਵੀ ਜਾਣਨ ਦਾ ਯਤਨ ਕਰਾਂਗੇ ਕਿ ਇਹ ਬੰਦੂਕ ਇੰਨ੍ਹੀ ਮਸ਼ਹੂਰ ਕਿਉਂ ਹੈ ਅਤੇ ਭਾਰਤ 'ਚ ਇਸ ਦੀ ਵਰਤੋਂ ਕਦੋਂ ਤੋਂ ਸ਼ੁਰੂ ਹੋਈ ਹੈ। ਸਿਵਲ ਪੁਲਿਸ ਵੱਲੋਂ ਇਸ ਰਾਈਫਲ ਨੂੰ ਵਰਤਣ ਸੰਬੰਧੀ ਕੋਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਮੌਜੂਦ ਹਨ?

ਸੁਰੱਖਿਆ ਬਲਾਂ ਲਈ ਨਿਰਦੇਸ਼

ਅਰੁਣ ਕੁਮਾਰ

ਅਰੁਣ ਕੁਮਾਰ ਇੱਕ ਸਾਬਕਾ ਆਈਪੀਐੱਸ ਅਧਿਕਾਰੀ ਹਨ। ਉਨ੍ਹਾਂ ਨੇ ਯੂਪੀ ਪੁਲਿਸ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਬਦਨਾਮ ਅਪਰਾਧੀ ਸ਼੍ਰੀਪ੍ਰਕਾਸ਼ ਸ਼ੁਕਲਾ ਨੂੰ ਕਾਬੂ ਕਰਨ ਲਈ ਬਣਾਈ ਗਈ ਐਸਟੀਐਫ ਟੀਮ ਦੀ ਅਗਵਾਈ ਵੀ ਕੀਤੀ ਸੀ।

ਅਰੁਣ ਕੁਮਾਰ ਦਾ ਕਹਿਣਾ ਹੈ , "ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਕਿਵੇਂ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਕੇ ਭੀੜ ਜਾਂ ਪ੍ਰਦਰਸ਼ਨ ਨੂੰ ਕਾਬੂ 'ਚ ਕਰਨਾ ਹੈ, ਉਨ੍ਹਾਂ ਲਈ ਚੇਤਾਵਨੀ ਦੇਣ ਦੀ ਵਿਵਸਥਾ ਵੀ ਹੈ। ਅਜਿਹੀਆਂ ਸਥਿਤੀਆਂ 'ਚ ਹਥਿਆਰਾਂ ਦੀ ਵਰਤੋਂ ਕਰਨਾ ਆਖਰੀ ਵਿਕਲਪ ਹੁੰਦਾ ਹੈ।"

ਉਹ ਅੱਗੇ ਦੱਸਦੇ ਹਨ, "ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਇੱਥੋਂ ਤਿੱਤਰ-ਬਿੱਤਰ ਹੋ ਜਾਣ। ਉਸ ਤੋਂ ਬਾਅਦ ਵਾਟਰ ਕੈਨਨ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਇਸ ਨਾਲ ਵੀ ਭੀੜ ਕਾਬੂ 'ਚ ਨਾ ਆਵੇ ਤਾਂ ਫਿਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਲਾਠੀ ਚਾਰਜ ਕੀਤਾ ਜਾਂਦਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭੀੜ ਹਿੰਸਕ ਹੋ ਜਾਵੇ ਜਾਂ ਹਮਲਾ ਕਰਨ ਲਈ ਅੱਗੇ ਆਵੇ ਅਤੇ ਅਜਿਹਾ ਲੱਗੇ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਤਾਂ ਭੀੜ ਦੀ ਜਾਨ ਬਚਾਉਂਦੇ ਹੋਏ ਸੁਰਖਿਆ ਕਰਮੀ ਹਵਾਈ ਫਾਇਰ ਕਰ ਸਕਦਾ ਹੈ ਤਾਂ ਜੋ ਭੀੜ ਖਿੰਡ ਜਾਵੇ। ਇਹ ਆਖਰੀ ਬਦਲ ਹੁੰਦਾ ਹੈ।

ਦੂਜੇ ਪਾਸੇ ਆਈਪੀਐੱਸ ਅਧਿਕਾਰੀ ਰਾਜੇਸ਼ ਪਾਂਡੇ ਦਾ ਕਹਿਣਾ ਹੈ, "ਸੀਵਾਨ 'ਚ ਜੁ ਕੂਝ ਵੀ ਵਾਪਰਿਆ ਉਹ ਠੀਕ ਨਹੀਂ ਸੀ। ਅਜਿਹਾ ਕਰਨਾ ਨੈਤਿਕ ਤੌਰ 'ਤੇ ਵੀ ਸਹੀ ਨਹੀਂ ਹੈ। ਉਹ ਭੀੜ ਹਥਿਆਰਬੰਦ ਨਹੀਂ ਸੀ, ਅਜਿਹੀ ਸਥਿਤੀ 'ਚ ਗੋਲੀਬਾਰੀ ਕਰਨੀ ਕਿਸੇ ਵੀ ਪੁਲਿਸ ਦੇ ਲਈ ਠੀਕ ਨਹੀਂ ਹੈ।"

ਏਕੇ-47 ਕਿੰਨਾ ਕੁ ਖਾਸ ਹਥਿਆਰ ਹੈ?

ਰਾਜੇਸ਼ ਪਾਂਡੇ

ਅਵਟੋਮੈਟ ਕਲਾਸ਼ਨੀਕੋਵ ਰਾਈਫਲ ਦੀ ਖੋਜ ਰੂਸ ਦੇ ਮਿਖਾਈਲ ਕਲਾਸ਼ਨੀਕੋਵ ਨੇ 1947 'ਚ ਕੀਤੀ ਸੀ। ਇਹ ਰਾਈਫਲ ਦੁਨੀਆ ਭਰ 'ਚ ਸੁਰੱਖਿਆ ਬਲਾਂ, ਹਥਿਆਰਬੰਦ ਸਮੂਹਾਂ ਅਤੇ ਬਦਨਾਮ ਅਪਰਾਧੀ ਗਿਰੋਹਾਂ 'ਚ ਵੀ ਬਹੁਤ ਮਸ਼ਹੂਰ ਹੈ।

ਰਾਜੇਸ਼ ਪਾਂਡੇ ਦੱਸਦੇ ਹਨ, " ਮੈਂ ਸਾਲ 2008-09 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਤਹਿਤ ਕੋਸੋਵੋ ਗਿਆ ਸੀ। ਸਾਨੂੰ ਕਈ ਤਰ੍ਹਾਂ ਦੇ ਆਧੁਨਿਕ ਹਥਿਆਰਾਂ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਗਈ ਸੀ। ਪਰ ਏਕੇ-47 ਦਾ ਕੋਈ ਜਵਾਬ ਨਹੀਂ ਹੈ। ਇਸ ਦੀ ਮਾਰ ਬਹੁਤ ਹੀ ਘਾਤਕ ਹੁੰਦੀ ਹੈ ਅਤੇ ਇਸ ਨੂੰ ਚਲਾਉਣਾ ਬਹੁਤ ਹੀ ਸੌਖਾ ਹੈ। ਇਸ ਦਾ ਨਿਸ਼ਾਨਾ ਵੀ ਸਟੀਕ ਹੁੰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਜੇਕਰ ਇਹ 200-300 ਮੀਟਰ ਦੀ ਦੂਰੀ ਤੋਂ ਵੀ ਸਹੀ ਥਾਂ 'ਤੇ ਲੱਗ ਜਾਵੇ ਤਾਂ ਇਹ ਇਨਸਾਨ ਦੀ ਜਾਨ ਲੈ ਸਕਦੀ ਹੈ, ਜਦਕਿ ਪੁਰਾਣੇ ਛੋਟੇ ਹਥਿਆਰਾਂ ਦੀ ਰੇਂਜ ਸਿਰਫ਼ 30-40 ਮੀਟਰ ਤੱਕ ਹੀ ਹੁੰਦੀ ਹੈ।"

"ਏਕੇ-47 ਜ਼ਰੀਏ ਫਾਇਰ ਕਰਨ ਦੇ ਦੋ ਬਦਲ ਹੁੰਦੇ ਹਨ। ਜੇਕਰ ਇਸ ਨੂੰ ਐੱਸ ਮੋਡ ਭਾਵ ਸਿੰਗਲ ਮੋਡ 'ਤੇ ਰੱਖਿਆ ਜਾਵੇ ਤਾਂ ਇਹ ਕੰਟਰੋਲਡ ਫਾਇਰ ਕਰਦੀ ਹੈ, ਮਤਲਬ ਕਿ ਇੱਕ ਸਮੇਂ ਇੱਕ ਹੀ ਗੋਲੀ ਚੱਲਦੀ ਹੈ।"

ਉੱਥੇ ਹੀ ਜੇਕਰ ਇਸ ਨੂੰ ਆਟੋਮੈਟਿਕ (ਫੁੱਲ-ਆਟੋ) ਮੋਡ 'ਤੇ ਸੈੱਟ ਕੀਤਾ ਜਾਵੇ ਤਾਂ ਟ੍ਰਿਗਰ ਦਬਾ ਕੇ ਰੱਖਣ ਤੱਕ ਗੋਲੀਆਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਅਤੇ ਟ੍ਰਿਗਰ ਛੱਡਦੇ ਹੀ ਫਾਇਰਿੰਗ ਰੁਕ ਜਾਂਦੀ ਹੈ।

ਕੁਰਦਿਸ਼ ਫੋਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਕੇ-47 ਦੁਨੀਆ ਭਰ ਵਿੱਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਅਸਾਲਟ ਰਾਈਫ਼ਲਾਂ ਵਿੱਚੋਂ ਇੱਕ ਹੈ। ਇਹ ਤਸਵੀਰ ਸਾਲ 1979 ਵਿੱਚ ਉੱਤਰੀ ਇਰਾਕ ਵਿੱਚ ਲਈ ਗਈ ਸੀ

ਆਮ ਤੌਰ 'ਤੇ ਇਸ ਵਿੱਚ 30 ਰਾਊਂਡ ਦੀ ਮੈਗਜ਼ੀਨ ਹੁੰਦੀ ਹੈ, ਜਿਸ ਨੂੰ ਆਟੋਮੈਟਿਕ ਮੋਡ ਵਿੱਚ ਤੇਜ਼ੀ ਨਾਲ ਖਾਲ੍ਹੀ ਕੀਤਾ ਜਾ ਸਕਦਾ ਹੈ। ਕੁਝ ਹਾਲਾਤਾਂ ਵਿੱਚ ਦੋ ਮੈਗਜ਼ੀਨਾਂ ਨੂੰ ਇਕੱਠੇ ਜੋੜ ਕੇ ਰੱਖਿਆ ਜਾਂਦਾ ਹੈ, ਤਾਂ ਜੋ ਪਹਿਲੀ ਮੈਗਜ਼ੀਨ ਖਾਲ੍ਹੀ ਹੋਣ ਤੋਂ ਬਾਅਦ ਦੂਜੀ ਮੈਗਜ਼ੀਨ ਤੁਰੰਤ ਲਗਾਈ ਜਾ ਸਕੇ।

ਰਾਜੇਸ਼ ਪਾਂਡੇ ਅੱਗੇ ਦੱਸਦੇ ਹਨ, "ਏਕੇ-47 ਦੀ ਆਵਾਜ਼ ਬਹੁਤ ਹੀ ਵਿਸ਼ੇਸ਼ ਹੁੰਦੀ ਹੈ। ਜੋ ਕੋਈ ਵੀ ਇਸ ਰਾਈਫਲ ਤੋਂ ਜਾਣੂ ਹੈ ਤਾਂ ਉਹ ਇਸ ਦੀ ਆਵਾਜ਼ ਸੁਣ ਕੇ ਹੀ ਦੱਸ ਸਕਦਾ ਹੈ ਕਿ ਗੋਲੀਬਾਰੀ ਏਕੇ-47 ਨਾਲ ਹੋਈ ਹੈ।"

ਅਰੁਣ ਕੁਮਾਰ ਕਹਿੰਦੇ ਹਨ, "ਅਜਿਹਾ ਸਪੈਸ਼ਲ ਅਪਰੇਸ਼ਨਾਂ ਦੌਰਾਨ ਹੁੰਦਾ ਹੈ ਕਿ ਤੁਹਾਨੂੰ ਇੱਕ ਵਾਰ 'ਚ ਹੀ ਜ਼ਿਆਦਾ ਫਾਇਰ ਕਰਨੇ ਹੁੰਦੇ ਹਨ। ਮਿਸਾਲ ਵੱਜੋਂ ਜੰਗ, ਦਹਿਸ਼ਤਗਰਦੀ ਹਮਲੇ ਜਾਂ ਕਿਸੇ ਅਗਵਾ ਦੇ ਮਾਮਲੇ 'ਚ ਜਦੋਂ ਅਪਰਾਧੀ ਕੋਲ ਵੀ ਘਾਤਕ ਹਥਿਆਰ ਹੋਣ।"

ਉਨ੍ਹਾਂ ਦਾ ਕਹਿਣਾ ਹੈ, "ਕਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਇਸ ਦੇ ਆਟੋਮੈਟਿਕ ਤਰੀੂਕੇ ਨਾਲ ਵਰਤੋਂ ਕਦੇ ਨਹੀਂ ਹੁੰਦੀ ਹੈ। ਸਾਨੂੰ ਸਿਖਲਾਈ ਦੌਰਾਨ ਤਿਆਰ ਕੀਤਾ ਜਾਂਦਾ ਹੈ ਕਿ 'ਇੱਕ ਗੋਲੀ ਇੱਕ ਦੁਸ਼ਮਣ'। ਸਾਨੂੰ ਗੋਲੀ ਬਰਬਾਦ ਨਹੀਂ ਕਰਨੀ ਚਾਹੀਦੀ ਹੈ । ਸਿਵਲੀਅਨ/ ਆਮ ਨਾਗਰਿਕ ਦੁਸ਼ਮਣ ਨਹੀਂ ਹੁੰਦੇ ਹਨ। ਇਸ ਲਈ ਉਨ੍ਹਾਂ 'ਤੇ ਇਸ ਦੀ ਵਰਤੋਂ ਨਹੀਂ ਹੋ ਕੀਤੀ ਜਾਂਦੀ ਹੈ।"

ਭਾਰਤ 'ਚ ਕਦੋਂ ਪਹੁੰਚੀ ਏਕੇ-47

ਏਕੇ 47

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1970 ਦੇ ਦਹਾਕੇ ਵਿੱਚ ਸੋਵੀਅਤ ਸੰਘ ਦੇ ਅਫ਼ਗ਼ਾਨਿਸਤਾਨ ਵਿੱਚ ਦਖ਼ਲ ਦੇ ਨਾਲ ਹੀ ਏਕੇ-47 ਗੁਆਂਢੀ ਦੇਸ਼ ਵਿੱਚ ਪਹੁੰਚੀ ਅਤੇ ਬਾਅਦ ਵਿੱਚ ਭਾਰਤ ਤੱਕ ਆਈ (ਫ਼ਾਈਲ ਫੋਟੋ)

ਰਾਜੇਸ਼ ਪਾਂਡੇ ਦੱਸਦੇ ਹਨ ਕਿ ਭਾਰਤ 'ਚ ਏਕੇ-47 ਦੀ ਪ੍ਰਸਿੱਧੀ ਦਾ ਇਤਿਹਾਸ ਸੋਵੀਅਤ ਸੰਘ ਦੇ ਅਫਗਾਨਿਸਤਾਨ 'ਚ ਫੌਜੀ ਦਖਲਅੰਦਾਜ਼ੀ ਦੇ ਯੁੱਗ ਨਾਲ ਜੁੜਿਆ ਹੋਇਆ ਹੈ। ਇਹ 1970 ਦੇ ਦਹਾਕੇ ਦੇ ਆਖਰੀ ਮਹੀਨਿਆਂ ਦੀ ਗੱਲ ਹੈ, ਜਦੋਂ ਸੋਵੀਅਤ ਰੂਸ ਦੀ ਫੌਜ ਏਕੇ-47 ਨਾਲ ਅਫਗਾਨਿਸਤਾਨ ਪਹੁੰਚੀ ਸੀ।

ਭਾਰਤ ਦੇ ਗੁਆਂਢ 'ਚ ਇਸ ਹਥਿਆਰ ਦੇ ਪਹੁੰਚਣ ਤੋਂ ਬਾਅਦ ਲੋਕਾਂ ਨੇ ਇਸ ਦਾ ਅਸਰ ਵੇਖਿਆ ਅਤੇ ਇਹ ਭਾਰਤ 'ਚ ਵੀ ਮਸ਼ਹੂਰ ਹੋਣ ਲੱਗਾ।

ਭਾਰਤ 'ਚ ਇਸ ਹਥਿਆਰ ਸਭ ਤੋਂ ਪਹਿਲਾਂ ਫੌਜ, ਅਰਧ ਸੈਨਿਕ ਬਲਾਂ, ਸਰਹੱਦੀ ਸੂਬਿਆਂ ਦੀ ਪੁਲਿਸ ਅਤੇ ਉੱਤਰ-ਪੂਰਬ ਦੇ ਵਿਦਰੋਹ ਪ੍ਰਭਾਵਿਤ ਇਲਾਕਿਆਂ 'ਚ ਪੁਲਿਸ ਨੂੰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਨਕਸਲ ਪ੍ਰਭਾਵਿਤ ਖੇਤਰਾਂ 'ਚ ਵੀ ਹਥਿਆਰਬੰਦ ਸਮੂਹਾਂ ਨਾਲ ਮੁਕਾਬਲਾ ਕਰਨ ਲਈ ਪੁਲਿਸ ਨੂੰ ਇਹ ਹਥਿਆਰ ਮੁਹੱਈਆ ਕਰਵਾਏ ਗਏ ਸਨ।

ਰਾਜੇਸ਼ ਪਾਂਡੇ ਦੱਸਦੇ ਹਨ, "1980 ਦੇ ਦਹਾਕੇ ਦੇ ਅਖੀਰੀ ਸਾਲਾਂ 'ਚ ਪੰਜਾਬ ਪੁਲਿਸ ਅਤੇ ਉੱਤਰ-ਪੂਰਬੀ ਸੂਬਿਆਂ ਦੀ ਪੁਲਿਸ ਨੂੰ ਇਹ ਹਥਿਆਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਨਕਸਲ ਪ੍ਰਭਾਵਿਤ ਖੇਤਰਾਂ 'ਚ ਵੀ ਪੁਲਿਸ ਨੂੰ ਏਕੇ-47 ਦਿੱਤੀ ਗਈ ਸੀ। ਫਿਰ ਜੰਮੂ-ਕਸ਼ਮੀਰ ਪੁਲਿਸ ਨੂੰ ਵੀ ਇਹ ਰਾਈਫਲ ਦਿੱਤੀ ਗਈ।"

ਪੰਜਾਬ ਅਤੇ ਜੰਮੂ-ਕਸ਼ਮੀਰ ਬਾਰੇ ਖਾਸ ਗੱਲ ਇਹ ਹੈ ਕਿ ਦੋਵੇਂ ਹੀ ਸੂਬੇ ਅੰਤਰਰਾਸ਼ਟਰੀ ਸਰਹੱਦ ਨਾਲ ਆਪਣੀ ਹਦੂਦ ਸਾਂਝੀ ਕਰਦੇ ਹਨ। 1980 ਦੇ ਦਹਾਕੇ ਦੌਰਾਨ ਪੰਜਾਬ ਬਹੁਤ ਹੀ ਸੰਵੇਦਨਸ਼ੀਲ ਸਥਿਤੀ 'ਚ ਸੀ ਅਤੇ ਬਾਅਦ 'ਚ ਕਸ਼ਮੀਰ 'ਚ ਵੀ ਹਥਿਆਰਬੰਦ ਵੱਖਵਾਦੀ ਸਮੂਹ ਸਰਗਰਮ ਸਨ।

ਰਾਜੇਸ਼ ਪਾਂਡੇ ਦਾ ਕਹਿਣਾ ਹੈ, "ਦੱਖਣੀ ਭਾਰਤ 'ਚ ਚੰਦਨ ਦੀ ਤਸਕਰੀ ਕਰਨ ਵਾਲੇ ਵੀਰੱਪਨ ਨੂੰ ਹਿਰਾਸਤ 'ਚ ਲੈਣ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਏਕੇ-47 ਦਿੱਤੀਆਂ ਗਈਆਂ ਸਨ। ਉੱਤਰ ਪ੍ਰਦੇਸ਼ 'ਚ ਵੀ ਤਰਾਈ ਇਲਾਕੇ 'ਚ ਸਿੱਖ ਕੱਟੜਪੰਥ ਨਾਲ ਨਜਿੱਠਨ ਲਈ ਵੀ ਸੂਬਾ ਪੁਲਿਸ ਨੂੰ ਏਕੇ-47 ਦਿੱਤੀ ਗਈ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਸਾਡੇ ਪੁਲਿਸ ਡਾਇਰੈਕਟਰ ਜਨਰਲ ਸਨ।"

ਭਾਰਤ 'ਚ ਏਕੇ-47 ਨਾਲ ਜੁੜੀ ਸਭ ਤੋਂ ਹਾਈ ਪ੍ਰੋਫਾਈਲ ਘਟਨਾ

ਸੰਜੇ ਦੱਤ

ਤਸਵੀਰ ਸਰੋਤ, SABY DSOUZA/AFP via Getty Images

ਤਸਵੀਰ ਕੈਪਸ਼ਨ, ਸੰਜੇ ਦੱਤ ਨੂੰ ਆਰਮਜ਼ ਐਕਟ ਨਾਲ ਜੁੜੇ ਮਾਮਲੇ ਵਿੱਚ ਜੇਲ੍ਹ ਜਾਣਾ ਪਿਆ ਸੀ। ਸਾਲ 1993 ਦੇ ਮੁੰਬਈ ਧਮਾਕਿਆਂ ਤੋਂ ਬਾਅਦ ਦੀ ਇਹ ਘਟਨਾ ਕਾਫ਼ੀ ਸੁਰਖੀਆਂ ਵਿੱਚ ਰਹੀ ਸੀ (ਫ਼ਾਈਲ ਫੋਟੋ)

ਨਿੱਜੀ ਤੌਰ 'ਤੇ ਕਲਾਸ਼ਨੀਕੋਵ ਰਾਈਫਲ ਰੱਖਣ ਦਾ ਸਭ ਤੋਂ ਚਰਚਿਤ ਮਾਮਲਾ ਭਾਰਤ 'ਚ ਸ਼ਾਇਦ ਫਿਲਮ ਅਦਾਕਾਰ ਸੰਜੇ ਦੱਤ ਨਾਲ ਸਬੰਧਤ ਹੈ।

12 ਮਾਰਚ 1993 'ਚ ਮੁਬੰਈ 'ਚ ਸਿਲਸਿਲੇਵਾਰ ਬੰਬ ਧਮਾਕੇ ਹੋਏ ਸਨ, ਜਿਨ੍ਹਾਂ ਨੇ ਪੂਰੀ ਮੁਬੰਈ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਬੰਬ ਧਮਾਕਿਆਂ 'ਚ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਸਨ। ਇਸ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰਨ ਤੋਂ ਬਾਅਦ 19 ਅਪ੍ਰੈਲ, 1993 ਨੂੰ ਮੁਬੰਈ ਪੁਲਿਸ ਨੇ ਸੰਜੇ ਦੱਤ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਇਲਜ਼ਾਮ ਹੇਠ ਹਿਰਾਸਤ 'ਚ ਲਿਆ ਸੀ।

ਪੁਲਿਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਇੱਕ ਏਕੇ-56 ਰਾਈਫਲ ਜ਼ਬਤ ਕੀਤੀ ਸੀ। 28 ਨਵੰਬਰ, 2006 ਨੂੰ ਸੰਜੇ ਦੱਤ ਨੂੰ ਆਰਮਜ਼ ਐਕਟ ਤਹਿਤ ਦੋਸ਼ੀ ਠਹਿਰਾਇਆ ਗਿਆ, ਪਰ ਉਨ੍ਹਾਂ ਨੂੰ ਟਾਡਾ ਨਾਲ ਜੁੜੇ ਸਾਰੇ ਮਾਮਲਿਆਂ 'ਚੋਂ ਬਰੀ ਕਰ ਦਿੱਤਾ ਗਿਆ।

ਰਾਜੇਸ਼ ਪਾਂਡੇ ਦੱਸਦੇ ਹਨ, "ਏਕੇ-56 ਵੀ ਏਕੇ-47 ਦੀ ਤਰ੍ਹਾਂ ਹੀ ਹੁੰਦੀ ਹੈ। ਇਹ ਵੀ ਇੱਕ ਕਲਾਸ਼ਨੀਕੋਵ ਗੰਨ ਹੈ ਅਤੇ ਕੁਝ ਐਡਵਾਂਸ ਵੀ ਹੈ। ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਤੁਸੀ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅੱਜ ਵੀ ਜਦੋਂ ਤੁਸੀਂ ਅਫਗਾਨਿਸਤਾਨ ਜਾਂ ਕਿਸੇ ਹੋਰ ਦੇਸ਼ 'ਚ ਹਥਿਆਰਬੰਦ ਸਮੂਹਾਂ ਦੀਆਂ ਫੋਟੋਆਂ ਜਾਂ ਵੀਡੀਓ ਵੇਖੋਗੇ ਤਾਂ ਉਨ੍ਹਾਂ ਲੋਕਾਂ ਦੇ ਹੱਥਾਂ 'ਚ ਏਕੇ-47 ਹੀ ਨਜ਼ਰ ਆਵੇਗੀ।"

"ਇਸ ਦੀ ਵਰਤੋਂ ਨਾ ਸਿਰਫ ਹਮਲਾ ਕਰਨ ਲਈ ਕੀਤੀ ਜਾਂਦੀ ਹੈ ਸਗੋਂ ਸ਼ਕਤੀ ਦਾ ਪ੍ਰਦਰਸ਼ਨ ਕਰਨ ਅਤੇ ਜਸ਼ਨ ਮਨਾਉਣ ਲਈ ਵੀ ਇਸ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਜਦੋਂ ਅਸੀਂ ਕੋਸੋਵੋ 'ਚ ਸੀ ਤਾਂ ਉਦੋਂ ਹੀ ਖੋਸੋਵੋ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਛੱਤਾਂ 'ਤੇ ਚੜ੍ਹ ਕੇ ਕਲਾਸ਼ਨੀਕੋਵ ਨਾਲ ਫਾਇਰ ਕਰਕੇ ਜਸ਼ਨ ਮਨਾਇਆ ਸੀ।"

ਸਾਲ 1972, ਪੱਛਮੀ ਅਫ਼ਰੀਕਾ ਦੇ ਇੱਕ ਹਥਿਆਰਬੰਦ ਗਰੁੱਪ ਕੋਲ ਕਲਾਸ਼ਨਿਕੋਵ ਰਾਈਫ਼ਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1972, ਪੱਛਮੀ ਅਫ਼ਰੀਕਾ ਦੇ ਇੱਕ ਹਥਿਆਰਬੰਦ ਗਰੁੱਪ ਕੋਲ ਕਲਾਸ਼ਨਿਕੋਵ ਰਾਈਫ਼ਲ

ਭਾਰਤ 'ਚ ਏਕੇ-47 ਨਾਲ ਸਬੰਧਤ ਇੱਕ ਚਰਚਿਤ ਘਟਨਾ 17 ਦਸੰਬਰ, 1995 ਦੀ ਰਾਤ ਦੀ ਹੈ। ਇੱਕ ਰੂਸੀ ਐਂਟੋਨੋਵ ਏਐਨ 26 ਜਹਾਜ਼ ਨੇ ਕਰਾਚੀ ਤੋਂ ਢਾਕਾ ਲਈ ਉਡਾਣ ਭਰੀ। ਉਸ ਜਹਾਜ਼ 'ਚ 8 ਯਾਤਰੀ ਸਵਾਰ ਸਨ। ਹਵਾਈ ਜਹਾਜ਼ ਨੇ ਵਾਰਾਣਸੀ ਦੇ ਬਾਬਤਪੁਰ ਹਵਾਈ ਅੱਡੇ 'ਤੇ ਤੇਲ ਭਰਵਾਇਆ।

ਫਿਰ ਇੱਥੋਂ ਉਡਾਣ ਭਰਨ ਤੋਂ ਬਾਅਦ ਇਸ ਜਹਾਜ਼ ਨੇ ਪੱਛਮੀ ਬੰਗਾਲ ਦੇ ਪੁਰੂਲੀਆ ਦੇ ਆਸਮਾਨ 'ਚ ਪੈਰਾਸ਼ੂਟ ਨਾਲ ਬੰਨ੍ਹੇ ਹੋਏ ਲੱਕੜੀ ਦੇ ਤਿੰਨ ਵੱਡੇ ਬਕਸੇ ਹੇਠਾਂ ਸੁੱਟੇ, ਜਿਨ੍ਹਾਂ 'ਚ ਸੈਂਕੜੇ ਏਕੇ-47 ਰਾਈਫਲਾਂ ਭਰੀਆਂ ਹੋਈਆਂ ਸਨ। ਇਸ ਘਟਨਾ ਨੇ ਦੇਸ਼ ਭਰ 'ਚ ਸੁਰਖੀਆਂ ਬਟੋਰੀਆਂ ਸਨ।

ਬਾਅਦ 'ਚ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ 'ਚੋਂ ਹੀ ਕੁਝ ਏਕੇ-47 ਬਿਹਾਰ ਅਤੇ ਯੂਪੀ ਨਾਲ ਜੁੜੇ ਅਪਰਾਧੀਆਂ ਕੋਲ ਪਹੁੰਚੀਆਂ ਸਨ।

ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਖੂੰਖਾਰ ਅਪਰਾਧੀ ਸ਼੍ਰੀਪ੍ਰਕਾਸ਼ ਸ਼ੁਕਲ ਦਾ ਨਾਮ ਹੀ ਅਹਿਮ ਹੈ, ਜਿਸ ਨੂੰ ਫੜਨ ਲਈ ਸਾਲ 1998 'ਚ ਇੱਕ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਐਸਟੀਐਫ ਦੀ ਟੀਮ ਨੂੰ ਵੀ ਏਕੇ-47 ਨਾਲ ਲੈਸ ਕੀਤਾ ਗਿਆ ਸੀ।

ਅਰੁਣ ਕੁਮਾਰ ਕਹਿੰਦੇ ਹਨ, "ਪਹਿਲਾਂ ਪੁਲਿਸ ਦੇ ਕੋਲ ਥ੍ਰੀ ਨਾਟ ਥ੍ਰੀ ਦੀ ਬੰਦੂਕ ਹੁੰਦੀ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਹਥਿਆਰ ਸੀ। ਉਸ ਸਮੇਂ ਆਮ ਲੋਕਾਂ ਜਾਂ ਅਪਰਾਧੀਆਂ ਕੋਲ ਆਮ ਤੌਰ 'ਤੇ ਫਾਇਰ ਆਰਮਜ਼ ਨਹੀਂ ਹੁੰਦੇ ਸਨ ਅਤੇ ਉਨ੍ਹਾਂ ਸਮਿਆਂ 'ਚ 'ਅੱਤਵਾਦ' ਵੀ ਕੋਈ ਮੁੱਦਾ ਨਹੀਂ ਸੀ।"

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ-ਜਿਵੇਂ ਸਮੇਂ ਨੇ ਆਪਣੀ ਰਫ਼ਤਾਰ ਬਦਲੀ ਉਵੇਂ ਹੀ ਐਸਐਲਆਰ ਅਤੇ ਹੋਰ ਆਧੁਨਿਕ ਤਕਨੀਕ ਦੀਆਂ ਬੰਦੂਕਾਂ ਸੁਰੱਖਿਆ ਬਲਾਂ ਨੂੰ ਦਿੱਤੀਆਂ ਜਾਣ ਲੱਗੀਆਂ।

ਏਕੇ-47 ਸਭ ਤੋਂ ਪਹਿਲਾਂ ਸਪੈਸ਼ਲ ਅਪਰੇਸ਼ਨ ਕਰਨ ਵਾਲੀਆਂ ਹਥਿਆਰਬੰਦ ਫੌਜਾਂ ਅਤੇ ਅਰਧ ਸੈਨਿਕ ਬਲਾਂ ਨੂੰ ਮਿਲੀ ਸੀ। ਉਸ ਤੋਂ ਬਾਅਦ ਸਿਵਲ ਪੁਲਿਸ ਨੂੰ ਵੀ ਖਾਸ ਮਕਸਦ ਦੇ ਲਈ ਅਜਿਹੇ ਹਥਿਆਰ ਦਿੱਤੇ ਜਾਣ ਲੱਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)