'ਗੋਲਡ ਮਿਸ ਹੋਇਆ, ਦੁੱਖ ਹੁੰਦਾ ਹੈ', ਪੰਜਾਬੀ ਮੁੰਡੇ ਲਵਪ੍ਰੀਤ ਸਿੰਘ ਨੇ ਜਿੱਤਿਆ ਸਿਲਵਰ ਮੈਡਲ, ਜਾਣੋ ਔਕੜਾਂ ਦੇ ਬਾਵਜੂਦ ਕਿਵੇਂ ਲਿਖੀ ਕਾਮਯਾਬੀ ਦੀ ਕਹਾਣੀ

ਲਵਪ੍ਰੀਤ ਸਿੰਘ

ਤਸਵੀਰ ਸਰੋਤ, Dean Mouhtaropoulos/Getty Images

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 8ਵੇਂ ਦਿਨ ਭਾਰਤ ਨੂੰ ਵੇਟਲਿਫਟਿੰਗ ਵਿੱਚ ਇੱਕ ਹੋਰ ਚਾਂਦੀ ਦਾ ਮੈਡਲ ਮਿਲਿਆ। ਇਹ ਮੈਡਲ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਦਵਾਇਆ।

ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 110 ਕਿਲੋਗ੍ਰਾਮ+ ਭਾਰ ਵਰਗ ਵਿੱਚ ਕੁੱਲ 388 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਲਵਪ੍ਰੀਤ ਨੇ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਭਾਰ ਚੁੱਕਿਆ। ਲਵਪ੍ਰੀਤ ਨੇ ਸਨੈਚ ਵਿੱਚ ਗੇਮ ਰਿਕਾਰਡ ਵੀ ਬਣਾਇਆ।

ਲਵਪ੍ਰੀਤ ਸਿੰਘ

ਤਸਵੀਰ ਸਰੋਤ, Steve Welsh/PA Images via Getty Images

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਨੇ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਭਾਰ ਚੁੱਕਿਆ

ਹਾਲਾਂਕਿ, ਉਹ ਆਪਣੀ ਤੀਜੀ ਕੋਸ਼ਿਸ਼ ਵਿੱਚ 217 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਉਹ ਸਫ਼ਲ ਨਹੀਂ ਹੋ ਸਕੇ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੇ ਡੇਵਿਟ ਐਂਡ੍ਰਿਊਜ਼ ਨੇ ਬਾਜ਼ੀ ਮਾਰ ਲਈ। ਡੇਵਿਟ ਐਂਡ੍ਰਿਊਜ਼ ਨੇ ਕੁੱਲ 389 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਅਤੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ।

ਇਸੇ ਕਰਕੇ ਲਵਪ੍ਰੀਤ ਸਿੰਘ ਮਹਿਜ਼ 1 ਕਿਲੋਗ੍ਰਾਮ ਦੇ ਫ਼ਰਕ ਨਾਲ ਸੋਨੇ ਦੇ ਮੈਡਲ ਤੋਂ ਖੁੰਝ ਗਏ। ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਭਾਰਤ ਨੂੰ 8ਵਾਂ ਮੈਡਲ ਹਾਸਿਲ ਹੋਇਆ।

ਇਸ ਮੈਡਲ ਦੇ ਨਾਲ ਲਵਪ੍ਰੀਤ ਇਨ੍ਹਾਂ ਖੇਡਾਂ ਵਿੱਚ ਆਪਣੇ ਮੈਡਲ ਦਾ ਰੰਗ ਬਦਲਣ ਵਿੱਚ ਕਾਮਯਾਬ ਰਹੇ। ਲਵਪ੍ਰੀਤ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ।

ਹੁਣ ਤੱਕ ਕਿੰਨੇ ਪੰਜਾਬੀਆਂ ਨੇ ਇਸ ਵਾਰ ਦੀਆਂ ਖੇਡਾਂ ਵਿੱਚ ਜਿੱਤੇ ਮੈਡਲ

ਲਵਪ੍ਰੀਤ ਸਿੰਘ

ਤਸਵੀਰ ਸਰੋਤ, Dean Mouhtaropoulos/Getty Images

ਤਸਵੀਰ ਕੈਪਸ਼ਨ, ਲਵਪ੍ਰੀਤ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਬ੍ਰਾਂਜ਼ ਮੈਡਲ ਜਿੱਤਿਆ ਸੀ ਅਤੇ ਇਸ ਵਾਰ ਸਿਲਵਰ ਜਿੱਤਣ ਵਿੱਚ ਕਾਮਯਾਬ ਰਹੇ।

ਜੇਕਰ ਪੰਜਾਬ ਦੇ ਲਿਹਾਜ਼ ਨਾਲ ਗੱਲ ਕੀਤੀ ਜਾਵੇ ਤਾਂ ਇਹ ਦੂਜਾ ਮੈਡਲ ਹਾਸਲ ਹੋਇਆ ਹੈ। ਇਸ ਤੋਂ ਪਹਿਲਾ ਮੈਡਲ ਵੀ ਵੇਟਲਿਫਟਿੰਗ ਵਿੱਚ ਹੀ ਮਿਲਿਆ ਸੀ।

ਉਹ ਮੈਡਲ ਵੇਟਲਿਫਟਰ ਹਰਜਿੰਦਰ ਕੌਰ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਹਾਸਲ ਕੀਤਾ ਸੀ। ਹਰਜਿੰਦਰ ਕੌਰ ਨੇ ਵੀ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਸੀ ਅਤੇ ਲਵਪ੍ਰੀਤ ਸਿੰਘ ਨੇ ਵੀ। ਇਸ ਵਾਰ ਦੋਵੇਂ ਮੈਡਲ ਦਾ ਰੰਗ ਬਦਲਣ ਵਿੱਚ ਕਾਮਯਾਬ ਰਹੇ ਹਨ।

ਚਾਂਦੀ ਦਾ ਮੈਡਲ ਜਿੱਤਣ ਮਗਰੋਂ ਕੀ ਬੋਲੇ ਲਵਪ੍ਰੀਤ ਸਿੰਘ

ਲਵਪ੍ਰੀਤ ਸਿੰਘ

ਤਸਵੀਰ ਸਰੋਤ, Dean Mouhtaropoulos/Getty Images

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਨੇ ਕਿਹਾ ਕਿ ਗੋਲਡ ਨਾ ਜਿੱਤ ਸਕਣ ਦਾ ਦੁੱਖ ਹੈ ਪਰ ਅਗਲੀਆਂ ਖੇਡਾਂ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਾਂਗਾ।

ਸੋਨੇ ਦਾ ਮੈਡਲ ਖੁੰਝਣ ਮਗਰੋਂ ਲਵਪ੍ਰੀਤ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਗੋਲਡ ਮੈਡਲ ਨਾ ਜਿੱਤ ਸਕਣ ਦਾ ਦੁੱਖ ਹੈ।"

ਲਵਪ੍ਰੀਤ ਸਿੰਘ ਨੇ ਕਿਹਾ ਕਿ ਜੇ ਮੈਂ 217 ਕਿਲੋ ਭਾਰ ਚੁੱਕ ਲੈਂਦਾ ਤਾਂ ਮੈਂ ਸੋਨੇ ਦਾ ਮੈਡਲ ਜ਼ਰੂਰ ਜਿੱਤ ਲੈਂਦਾ। ਪਰ ਦੁੱਖ ਹੈ ਇੰਝ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਟੀਚਾ ਆਉਣ ਵਾਲੇ ਮੁਕਾਬਲੇ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਾਂਗਾ। ਸਿਲਵਰ ਮੈਡਲ ਨਾਲ ਸੰਤੁਸ਼ਟ ਹੋਣ ਮਗਰੋਂ ਲਵਪ੍ਰੀਤ ਸਿੰਘ ਨੇ ਆਪਣੇ ਕੋਚ ਵਿਜੇ ਸ਼ਰਮਾ, ਭਾਰਤ ਸਰਕਾਰ, ਭਾਰਤੀ ਵੇਟਲਿਫਟਿੰਗ ਫੈਡਰੇਸ਼ਨ, ਭਾਰਤੀ ਨੇਵੀ ਦੇ ਕੈਪਟਨ ਵਿਜੇ ਕੁਮਾਰ ਦਾ ਧੰਨਵਾਦ ਕੀਤਾ। ਲਵਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਭ ਦਾ ਬਹੁਤ ਸਪੋਰਟ ਰਿਹਾ।

ਲਵਪ੍ਰੀਤ ਸਿੰਘ ਦਾ ਪਿਛੋਕੜ

ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ
ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ ਦੀ ਪੁਰਾਣੀ ਤਸਵੀਰ

ਲਵਪ੍ਰੀਤ ਸਿੰਘ ਦਾ ਜਨਮ 6 ਸਤੰਬਰ 1997 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਪਿੰਡ ਬਲ ਸਚੰਦਰ ਵਿੱਚ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ।

ਆਪਣੇ ਇਲਾਕੇ ਦੇ ਵੇਟਲਿਫਟਰਾਂ ਤੋਂ ਪ੍ਰੇਰਿਤ ਹੋ ਕੇ ਲਵਪ੍ਰੀਤ ਨੇ 2010 ਵਿੱਚ ਵੇਟਲਿਫਟਿੰਗ ਕਰਨਾ ਸ਼ੁਰੂ ਕੀਤਾ ਸੀ। ਉਦੋਂ ਲਵਪ੍ਰੀਤ ਦੀ ਉਮਰ 13 ਸਾਲ ਸੀ। ਲਵਪ੍ਰੀਤ ਨੇ ਉਸ ਸਮੇਂ ਸਥਾਨਕ ਕੋਚਾਂ ਦੀ ਰਹਿਨੁਮਾਈ ਹੇਠ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ।

ਆਰਥਿਕ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਅਨੁਸ਼ਾਸਿਤ ਸਿਖਲਾਈ ਨੇ ਉਨ੍ਹਾਂ ਨੂੰ ਜੂਨੀਅਰ ਅਤੇ ਸੀਨੀਅਰ ਪੱਧਰ 'ਤੇ ਲਗਾਤਾਰ ਅੱਗੇ ਵਧਣ ਵਿੱਚ ਮਦਦ ਕੀਤੀ।

ਬੀਬੀਸੀ ਪੰਜਾਬੀ ਨਾਲ ਸਾਲ 2022 ਵਿੱਚ ਗੱਲ ਕਰਦਿਆਂ ਪਰਿਵਾਰ ਨੇ ਦੱਸਿਆ ਸੀ ਕਿ ਲਵਪ੍ਰੀਤ ਸਿੰਘ ਦੇ ਪਿਤਾ ਟੇਲਰ ਹਨ ਅਤੇ ਦਾਦਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਦਾਦਾ ਗੁਰਮੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪਹਿਲਾਂ ਸਵੇਰੇ ਉਨ੍ਹਾਂ ਨਾਲ ਸਬਜ਼ੀ ਲਿਆਉਣ ਜਾਂਦਾ ਸੀ ਅਤੇ ਫਿਰ ਗੇਮ ਕਰਨ ਜਾਂਦਾ ਸੀ।

ਲਵਪ੍ਰੀਤ ਨੇ ਕੌਮੀ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ 2017 ਵਿੱਚ ਉਹ ਪਟਿਆਲਾ ਸਥਿਤ ਐਨਆਈਐੱਸ ਵਿੱਚ ਭਾਰਤੀ ਖੇਡ ਅਥਾਰਟੀ (ਐੱਸਏਆਈ) ਦੇ ਕੌਮੀ ਸਿਖਲਾਈ ਕੈਂਪ ਨਾਲ ਜੁੜੇ।

ਲਵਪ੍ਰੀਤ

ਤਸਵੀਰ ਸਰੋਤ, Ryan Pierse/Getty Images

ਤਸਵੀਰ ਕੈਪਸ਼ਨ, ਲਵਪ੍ਰੀਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਪਿੰਡ ਬਲ ਸਚੰਦਰ ਨਾਲ ਸਬੰਧ ਰੱਖਦੇ ਹਨ, 2022 ਵਿੱਚ ਵੀ ਉਨ੍ਹਾਂ ਨੇ ਮੈਡਲ ਜਿੱਤਿਆ ਸੀ

ਸ਼ੁਰੂਆਤ ਵਿੱਚ ਉਨ੍ਹਾਂ ਨੇ 105 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕੀਤਾ ਅਤੇ ਜੂਨੀਅਰ ਰਾਸ਼ਟਰਮੰਡਲ ਅਤੇ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤੇ।

ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐੱਫ) ਵੱਲੋਂ ਨਵੇਂ ਭਾਰ ਵਰਗ ਲਾਗੂ ਕੀਤੇ ਜਾਣ ਤੋਂ ਬਾਅਦ ਲਵਪ੍ਰੀਤ ਸਿੰਘ 109 ਕਿਲੋਗ੍ਰਾਮ ਵਰਗ ਵਿੱਚ ਆ ਗਏ।

ਇਸ ਵਰਗ ਵਿੱਚ ਉਨ੍ਹਾਂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਬ੍ਰਾਂਜ਼ ਮੈਡਲ ਅਤੇ 2022 ਦੀ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।

ਮੌਜੂਦਾ ਸਮੇਂ ਵਿੱਚ ਲਵਪ੍ਰੀਤ ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕਰਦੇ ਹਨ। 2026 ਦੀ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਸਨੈਚ ਵਿੱਚ 174 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਸਮੇਤ ਕੁੱਲ 386 ਕਿਲੋਗ੍ਰਾਮ ਭਾਰ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।

ਇਸ ਪ੍ਰਦਰਸ਼ਨ ਨਾਲ ਉਹ ਪੰਜਵੇਂ ਸਥਾਨ 'ਤੇ ਰਹੇ ਅਤੇ ਭਾਰਤ ਦੇ ਚੋਟੀ ਦੇ ਹੈਵੀਵੇਟ ਵੇਟਲਿਫਟਰਾਂ ਵਿੱਚ ਆਪਣੀ ਪਛਾਣ ਹੋਰ ਮਜਬੂਤ ਕੀਤੀ।

ਲਵਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ

• ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 2022 – ਗੋਲਡ ਮੈਡਲ

• ਰਾਸ਼ਟਰਮੰਡਲ ਖੇਡਾਂ 2022 – ਬ੍ਰਾਂਜ਼ ਮੈਡਲ

• ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 2021 – ਸਿਲਵਰ ਮੈਡਲ

• ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 2026 – ਪੰਜਵਾਂ ਸਥਾਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)