You’re viewing a text-only version of this website that uses less data. View the main version of the website including all images and videos.
ਮੁੰਬਈ: ਮੁਹੱਰਮ ਦੇ ਜਲੂਸ 'ਚ ਚੂਹੇ ਮਾਰਨ ਵਾਲੀ ਦਵਾਈ ਨਾਲ ਭਰੇ ਕੈਪਸੂਲ ਵੰਡਣ ਦੇ ਇਲਜ਼ਾਮ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ, ਕੀ ਹੈ ਪੂਰਾ ਮਾਮਲਾ
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਮਰਾਠੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮੁੰਬਈ ਵਿੱਚ ਮੁਹੱਰਮ ਦੇ ਜਲੂਸ ਦੌਰਾਨ ਚੂਹੇ ਮਾਰਨ ਵਾਲੇ ਜ਼ਹਿਰ ਨਾਲ ਭਰੇ ਕੈਪਸੂਲ ਵੰਡਣ ਦੇ ਇਲਜ਼ਾਮ ਹੇਠ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਭੀੜ ਵਿੱਚ ਇਹ ਕੈਪਸੂਲ ਵੰਡ ਰਹੇ ਸ਼ਖਸ ਦੀਆਂ ਹਰਕਤਾਂ ਸ਼ੱਕੀ ਲੱਗਣ 'ਤੇ ਭਾਇਖਲਾ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਦਾਅਵਾ ਹੈ ਕਿ ਉਸ ਕੋਲੋਂ ਕਰੀਬ 15,000 ਜ਼ਹਿਰੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ।
ਹਾਲਾਂਕਿ ਮੁਲਜ਼ਮ ਦਾ ਦਾਅਵਾ ਹੈ ਕਿ ਇਹ ਦਰਦ ਨਿਵਾਰਕ ਗੋਲੀਆਂ ਹਨ। ਪਰ ਕਥਿਤ ਤੌਰ 'ਤੇ ਇੱਕ ਸ਼ਖਸ ਨੂੰ ਇਹ ਕੈਪਸੂਲ ਖਾਣ ਤੋਂ ਬਾਅਦ ਉਲਟੀਆਂ ਦੀ ਸ਼ਿਕਾਇਤ ਹੋਈ ਸੀ।
ਏਆਈਐਮਆਈਐਮ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਮੁੰਬਈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਦਾ ਮਕਸਦ ਮੁਹੱਰਮ ਵਿੱਚ ਸ਼ਾਮਿਲ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ 50 ਕਿਲੋ ਜ਼ਿੰਕ ਫਾਸਫਾਈਡ ਅਤੇ 30,000 ਖਾਲੀ ਕੈਪਸੂਲ ਖਰੀਦੇ ਸਨ। ਉਸ ਕੋਲੋਂ ਕੁੱਲ 14,900 ਕੈਪਸੂਲ ਬਰਾਮਦ ਕੀਤੇ ਗਏ ਹਨ।
ਮਹਾਰਾਸ਼ਟਰ 'ਚ ਕਾਂਗਰਸ ਦੇ ਆਗੂ ਹੁਸੈਨ ਦਲਵੀ ਨੇ ਇਸ ਮਾਮਲੇ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, "ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਦੇ ਪਿੱਛੇ ਦੀ ਸੱਚਾਈ ਤੱਕ ਪਹੁੰਚਣਾ ਅਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨਾ ਜ਼ਰੂਰੀ ਹੈ। ਕਿਸੇ ਤਿਉਹਾਰ ਦੌਰਾਨ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਇਹ ਦਰਸਾਉਂਦਾ ਹੈ ਕਿ ਸਮਾਜ 'ਚ ਨਫ਼ਰਤ ਕਿੰਨੀ ਵੱਧ ਗਈ ਹੈ।"
ਹਾਲਾਂਕਿ, ਅਜੇ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਅਜਿਹਾ ਕਿਉਂ ਕਰਨਾ ਚਾਹੁੰਦਾ ਸੀ, ਉਸ ਦਾ ਮਕਸਦ ਕੀ ਸੀ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕੀ ਹੈ ਪੂਰਾ ਮਾਮਲਾ ?
ਮੁਲਜ਼ਮ ਦੀ ਪਛਾਣ ਫ਼ੈਯਾਜ਼ ਨਿਸਾਰ ਪ੍ਰੇਮਜੀ ਵੱਜੋਂ ਹੋਈ ਹੈ। ਉਸ ਦੀ ਉਮਰ 39 ਸਾਲ ਹੈ ਅਤੇ ਉਹ ਪੁਣੇ ਦੇ ਵਿਮਾਨ ਨਗਰ ਦਾ ਰਹਿਣ ਵਾਲਾ ਹੈ।
ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109, 110 ਅਤੇ 123 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁੰਬਈ ਜ਼ੋਨ-1 ਦੇ ਡੀਸੀਪੀ ਜਯੰਤ ਮੀਣਾ ਦੇ ਅਨੁਸਾਰ, "ਭਾਇਖਲਾ ਪੁਲਿਸ ਨੇ 27 ਜੂਨ ਨੂੰ ਨਿਕਲੇ ਜਲੂਸ ਦੌਰਾਨ ਗੋਲੀਆਂ ਵੰਡ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਇਹ ਦਰਦ ਨਿਵਾਰਕ ਗੋਲੀਆਂ ਹਨ। ਹਾਲਾਂਕਿ, ਕਥਿਤ ਤੌਰ 'ਤੇ ਇੱਕ ਵਿਅਕਤੀ ਨੂੰ ਇਹ ਗੋਲੀ ਖਾਣ ਤੋਂ ਬਾਅਦ ਉਲਟੀਆਂ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।"
ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਇਹ ਕੈਪਸੂਲ ਹੋਰ ਲੋਕਾਂ ਵਿੱਚ ਵੰਡੇ ਜਾਣ ਤੋਂ ਰੋਕ ਦਿੱਤੇ ਗਏ।
ਜਿਸ ਵਿਅਕਤੀ ਦੀ ਤਬੀਅਤ ਵਿਗੜੀ ਸੀ, ਉਹ ਇਸ ਵੇਲੇ ਖ਼ਤਰੇ ਤੋਂ ਬਾਹਰ ਹੈ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਇਖਲਾ ਪੁਲਿਸ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 123 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਕੋਲੋਂ ਹਜ਼ਾਰਾਂ ਕੈਪਸੂਲ ਬਰਾਮਦ
ਪੁਲਿਸ ਮੁਤਾਬਕ, ਹੁਣ ਤੱਕ ਮੁਲਜ਼ਮ ਕੋਲੋਂ 14,900 ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ।
ਡੀਸੀਪੀ ਜਯੰਤ ਮੀਣਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਸਵੇਰੇ ਕਰੀਬ 4 ਵਜੇ ਸਲਮਾਨ ਨਾਮ ਦੇ ਇੱਕ ਵਿਅਕਤੀ ਨੇ ਇੱਕ ਕੈਪਸੂਲ ਖਾਣ ਤੋਂ ਬਾਅਦ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਘਟਨਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।"
ਮੀਣਾ ਨੇ ਕਿਹਾ, "ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਇਹ ਮੁਹੱਰਮ ਦੇ ਜਲੂਸ ਨੂੰ ਨਿਸ਼ਾਨਾ ਬਣਾਉਣ ਅਤੇ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਸੀ। ਉਸ ਨੇ 50 ਕਿਲੋਗ੍ਰਾਮ ਜ਼ਿੰਕ ਫਾਸਫਾਈਡ ਅਤੇ 30,000 ਖਾਲੀ ਕੈਪਸੂਲ ਹਾਸਲ ਕੀਤੇ ਸਨ। ਮੁੰਬਈ ਵਿੱਚ ਰਹਿਣ ਦੌਰਾਨ ਉਸ ਨੇ ਪਿਛਲੇ 15 ਦਿਨਾਂ ਵਿੱਚ ਇਨ੍ਹਾਂ ਕੈਪਸੂਲਾਂ ਨੂੰ ਭਰਿਆ ਸੀ। ਉਹ ਇਨ੍ਹਾਂ ਨੂੰ ਦਰਦ ਨਿਵਾਰਕ ਦਵਾਈ ਦੱਸ ਕੇ ਲੋਕਾਂ ਵਿੱਚ ਵੰਡਣ ਦੀ ਯੋਜਨਾ ਬਣਾ ਰਿਹਾ ਸੀ।"
ਉਨ੍ਹਾਂ ਕਿਹਾ, "ਮੁੰਬਈ ਪੁਲਿਸ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਅਤੇ ਸੰਭਾਵੀ ਜਾਨੀ ਨੁਕਸਾਨ ਟਲ ਗਿਆ। ਹੁਣ ਤੱਕ 14,900 ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ। ਬਾਕੀ ਕੈਪਸੂਲ ਅਤੇ ਰਸਾਇਣਾਂ ਨੂੰ ਲੈ ਕੇ ਜਾਂਚ ਜਾਰੀ ਹੈ।"
ਉਨ੍ਹਾਂ ਅੱਗੇ ਕਿਹਾ, "ਪੇਂਟ ਦਾ ਕਾਰੋਬਾਰ ਕਰਨ ਵਾਲੇ ਇਸ ਮੁਲਜ਼ਮ ਨੇ ਆਪਣੇ ਕਾਰੋਬਾਰ ਰਾਹੀਂ ਇਹ ਰਸਾਇਣ ਹਾਸਲ ਕੀਤੇ ਅਤੇ ਕੈਪਸੂਲ ਆਨਲਾਈਨ ਮੰਗਵਾਏ। ਉਸ ਦੇ ਵਿਦੇਸ਼ ਯਾਤਰਾ ਸੰਬੰਧਾਂ ਅਤੇ ਮੁੰਬਈ ਵਿੱਚ ਉਸ ਦੇ ਸੰਭਾਵਿਤ ਸਾਥੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।"
ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਏਆਈਐਮਆਈਐਮ ਦੇ ਆਗੂ ਵਾਰਿਸ ਪਠਾਣ ਨੇ ਕਿਹਾ, "ਮੈਂ ਵੀ ਉਸ ਜਲੂਸ ਵਿੱਚ ਸ਼ਾਮਿਲ ਸੀ। ਮੇਰੇ ਨਾਲ ਵੀ ਅਜਿਹਾ ਕੁਝ ਹੋ ਸਕਦਾ ਸੀ। ਹੋ ਸਕਦਾ ਹੈ ਕੋਈ ਉਸੇ ਤਰ੍ਹਾਂ ਮੇਰੇ ਕੋਲ ਵੀ ਆਇਆ ਹੁੰਦਾ। ਪਰ ਮੈਂ ਅੱਲ੍ਹਾ ਦਾ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਨੇ ਮੈਨੂੰ ਅਜਿਹੀ ਕੋਈ ਗੋਲੀ ਜਾਂ ਕੈਪਸੂਲ ਨਹੀਂ ਦਿੱਤਾ ਅਤੇ ਮੈਂ ਕੁਝ ਨਹੀਂ ਖਾਧਾ।"
ਉਨ੍ਹਾਂ ਅੱਗੇ ਕਿਹਾ, "ਪਰ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਮੈਂ ਇਸ ਦੀ ਨਿਰਪੱਖ ਜਾਂਚ ਚਾਹੁੰਦਾ ਹਾਂ। ਖਦਸ਼ਾ ਹੈ ਕਿ ਸਾਡੇ ਨਾਲ ਵੀ ਕੁਝ ਅਜਿਹਾ ਕਰਨ ਦੀ ਯੋਜਨਾ ਬਣਾਈ ਗਈ ਹੋਵੇ। ਮੈਂ ਉੱਥੇ ਮੌਜੂਦ ਸੀ ਅਤੇ ਤੁਸੀਂ ਮੇਰਾ ਵੀਡੀਓ ਵੀ ਦੇਖਿਆ ਹੋਵੇਗਾ। ਸਾਡੇ ਜੁਆਇੰਟ ਪੁਲਿਸ ਕਮਿਸ਼ਨਰ (ਕਾਨੂੰਨ-ਵਿਵਸਥਾ) ਉੱਥੇ ਮੌਜੂਦ ਸਨ। ਪੂਰੀ ਪੁਲਿਸ ਫੋਰਸ ਮੌਜੂਦ ਸੀ ਅਤੇ ਕਈ ਸਮਾਜ ਸੇਵੀ, ਸਿਆਸੀ ਆਗੂ ਅਤੇ ਹੋਰ ਲੋਕ ਵੀ ਉੱਥੇ ਮੌਜੂਦ ਸਨ।"
'ਪ੍ਰੇਮਜੀ ਮੋਹਰਾ ਹੈ' – ਸ਼ੀਆ ਪਰਸਨਲ ਲਾਅ ਬੋਰਡ
ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਯਾਸੂਬ ਅੱਬਾਸ ਨੇ ਕਿਹਾ, "ਮੁਹੱਰਮ ਦੇ ਜਲੂਸ ਦੌਰਾਨ ਫ਼ੈਯਾਜ਼ ਪ੍ਰੇਮਜੀ ਨਾਮ ਦੇ ਇੱਕ ਵਿਅਕਤੀ ਨੇ ਭੀੜ ਵਿੱਚ ਜ਼ਹਿਰ ਨਾਲ ਭਰੇ ਕੈਪਸੂਲ ਵੰਡੇ। ਇਨ੍ਹਾਂ ਨੂੰ ਖਾਣ ਤੋਂ ਬਾਅਦ ਕਈ ਲੋਕਾਂ ਦੀ ਤਬੀਅਤ ਵਿਗੜਨ ਲੱਗੀ। ਜਿਨ੍ਹਾਂ ਲੋਕਾਂ ਨੇ ਇਹ ਕੈਪਸੂਲ ਖਾਧੇ ਸਨ, ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।"
ਉਨ੍ਹਾਂ ਕਿਹਾ, "ਹਾਲਾਂਕਿ ਮੌਕੇ 'ਤੇ ਹਫ਼ੜਾ-ਦਫ਼ੜੀ ਜਾਂ ਭਗਦੜ ਵਰਗੀ ਕੋਈ ਸਥਿਤੀ ਨਹੀਂ ਬਣੀ, ਪਰ ਪੁਲਿਸ ਹਾਈ ਅਲਰਟ 'ਤੇ ਆ ਗਈ ਅਤੇ ਫ਼ੈਯਾਜ਼ ਪ੍ਰੇਮਜੀ ਨੂੰ ਗ੍ਰਿਫ਼ਤਾਰ ਕਰ ਲਿਆ। ਸਾਡਾ ਮੰਨਣਾ ਹੈ ਕਿ ਪ੍ਰੇਮਜੀ ਸਿਰਫ਼ ਇੱਕ ਮੋਹਰਾ ਹੈ। ਉਸ ਦੇ ਪਿੱਛੇ ਜਿਹੜੇ ਲੋਕ ਹਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਗੁਆਂਢੀ ਮੁਲਕ ਵਿੱਚ ਹੁੰਦੀਆਂ ਹਨ। ਭਾਰਤ ਸਰਕਾਰ ਇਸ ਸਥਿਤੀ ਦੀ ਅਣਦੇਖੀ ਕਰ ਰਹੀ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਹ ਅੱਤਵਾਦ ਦੇ ਇੱਕ ਨਵੇਂ ਰੂਪ ਦੀ ਤਿਆਰੀ ਹੈ। ਇਹ ਸਭ ਉਸ ਜਲੂਸ ਦੌਰਾਨ ਕੀਤਾ ਜਾ ਰਿਹਾ ਸੀ, ਜੋ ਸਦੀਆਂ ਪਹਿਲਾਂ ਕਰਬਲਾ ਵਿੱਚ ਅੱਤਵਾਦ ਖਿਲਾਫ ਆਵਾਜ਼ ਉਠਾਉਣ ਵਾਲੇ ਅਤੇ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦੇਣ ਵਾਲੇ ਇਮਾਮ ਹੁਸੈਨ ਦੀ ਯਾਦ ਵਿੱਚ ਕੱਢਿਆ ਗਿਆ ਸੀ। ਮਹਾਰਾਸ਼ਟਰ ਸਰਕਾਰ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ 'ਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।"
ਜ਼ਿੰਕ ਫਾਸਫਾਈਡ ਕੀ ਹੈ?
ਜ਼ਿੰਕ ਫਾਸਫਾਈਡ ਇੱਕ ਬੇਹੱਦ ਜ਼ਹਿਰੀਲਾ ਰਸਾਇਣਕ ਪਦਾਰਥ ਹੈ, ਜਿਸ ਦਾ ਇਸਤੇਮਾਲ ਮੁੱਖ ਤੌਰ 'ਤੇ ਚੂਹਿਆਂ ਅਤੇ ਹੋਰ ਜੀਵਾਂ ਨੂੰ ਮਾਰਨ ਲਈ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਖੇਤੀਬਾੜੀ ਅਤੇ ਅਨਾਜ ਭੰਡਾਰਨ ਵਿੱਚ ਵੀ ਕੀਤਾ ਜਾਂਦਾ ਹੈ।
ਜ਼ਿੰਕ ਫਾਸਫਾਈਡ ਜ਼ਿੰਕ ਅਤੇ ਫਾਸਫੋਰਸ ਨੂੰ ਮਿਲਾ ਕੇ ਬਣਿਆ ਹੁੰਦਾ ਹੈ। ਇਸ ਦਾ ਰਸਾਇਣਕ ਫਾਰਮੂਲਾ Zn₃P₂ ਹੈ ਅਤੇ ਇਹ ਗੂੜ੍ਹੇ ਸਲੇਟੀ ਜਾਂ ਕਾਲੇ ਪਾਊਡਰ ਜਾਂ ਦਾਣਿਆਂ ਦੇ ਰੂਪ ਵਿੱਚ ਮਿਲਦਾ ਹੈ।
ਮਾਹਿਰਾਂ ਦੇ ਅਨੁਸਾਰ, ਜ਼ਿੰਕ ਫਾਸਫਾਈਡ ਢਿੱਡ ਦੇ ਐਸਿਡ ਨਾਲ ਪ੍ਰਤੀਕਿਰਿਆ ਕਰ ਫਾਸਫ਼ੀਨ ਨਾਮ ਦੀ ਬੇਹੱਦ ਜ਼ਹਿਰੀਲੀ ਗੈਸ ਬਣਾਉਂਦਾ ਹੈ। ਇਹ ਗੈਸ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਊਰਜਾ ਬਣਾਉਣ ਤੋਂ ਰੋਕ ਦਿੰਦੀ ਹੈ ਅਤੇ ਦਿਲ, ਫੇਫੜਿਆਂ ਅਤੇ ਜਿਗਰ 'ਤੇ ਗੰਭੀਰ ਅਸਰ ਪੈ ਸਕਦਾ ਹੈ।
ਜ਼ਿੰਕ ਫਾਸਫਾਈਡ ਦਾ ਇਸਤੇਮਾਲ ਮੁੱਖ ਤੌਰ 'ਤੇ ਇਨ੍ਹਾਂ ਕੰਮਾਂ ਲਈ ਕੀਤਾ ਜਾਂਦਾ ਹੈ
- ਖੇਤੀਬਾੜੀ ਵਿੱਚ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਨੂੰ ਕਾਬੂ ਕਰਨ ਲਈ।
- ਅਨਾਜ ਭੰਡਾਰਨ ਕੇਂਦਰਾਂ, ਖੇਤਾਂ, ਬਾਗਾਂ ਅਤੇ ਸੜਕਾਂ ਦੇ ਕਿਨਾਰੇ ਖੁੱਲ੍ਹੇ ਇਲਾਕਿਆਂ ਵਿੱਚ
- ਜ਼ਿਆਦਾਤਰ ਮਾਮਲਿਆਂ 'ਚ ਇਸ ਪਦਾਰਥ ਨੂੰ ਅਨਾਜ ਜਾਂ ਚਾਰੇ ਵਿੱਚ ਮਿਲਾ ਕੇ ਇਸਤੇਮਾਲ ਕੀਤਾ ਜਾਂਦਾ ਹੈ।
- ਜੇ ਇਸ ਨੂੰ ਗਲਤੀ ਨਾਲ ਨਿਗਲ ਲਿਆ ਜਾਵੇ ਜਾਂ ਫਾਸਫ਼ੀਨ ਗੈਸ ਸਾਹ ਰਾਹੀਂ ਸਰੀਰ ਵਿੱਚ ਚਲੀ ਜਾਵੇ ਤਾਂ ਜ਼ਿੰਕ ਫਾਸਫਾਈਡ ਜਾਨਲੇਵਾ ਸਾਬਤ ਹੋ ਸਕਦਾ ਹੈ।
- ਇਹੀ ਵਜ੍ਹਾ ਹੈ ਕਿ ਕਈ ਦੇਸ਼ਾਂ ਵਿੱਚ ਇਸ ਰਸਾਇਣ ਦੀ ਵਰਤੋਂ 'ਤੇ ਸਖ਼ਤ ਨਿਯਮ ਅਤੇ ਪਾਬੰਦੀਆਂ ਲਾਗੂ ਹਨ ਅਤੇ ਇਹ ਆਮ ਲੋਕਾਂ ਲਈ ਆਸਾਨੀ ਨਾਲ ਉਪਲੱਬਧ ਨਹੀਂ ਕਰਵਾਇਆ ਜਾਂਦਾ।
- ਇਸ ਤੋਂ ਪਹਿਲਾਂ ਮੁੰਬਈ ਦੇ ਪਾਇਧੂਨੀ ਇਲਾਕੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਉਨ੍ਹਾਂ ਦੀ ਫੋਰੈਂਸਿਕ ਰਿਪੋਰਟ ਵਿੱਚ ਜ਼ਿੰਕ ਫਾਸਫਾਈਡ ਦਾ ਜ਼ਿਕਰ ਆਇਆ ਸੀ।
ਕੀ ਕਹਿੰਦੇ ਹਨ ਡਾਕਟਰ ?
ਮੁੰਬਈ ਦੇ ਡਾ. ਭੂਸ਼ਣ ਰੋਕੜੇ ਨੇ ਬੀਬੀਸੀ ਮਰਾਠੀ ਨਾਲ ਗੱਲਬਾਤ ਦੌਰਾਨ ਕਿਹਾ, "ਜ਼ਿੰਕ ਫਾਸਫਾਈਡ ਇੱਕ ਬੇਹੱਦ ਜ਼ਹਿਰੀਲਾ ਰਸਾਇਣਕ ਪਦਾਰਥ ਹੈ। ਇਸ ਦੀ ਵਰਤੋਂ ਚੂਹਿਆਂ ਨੂੰ ਮਾਰਨ ਲਈ ਰੈਟ ਪੌਇਜ਼ਨ (ਚੂਹਾ ਮਾਰ ਦਵਾਈ) ਵੱਜੋਂ ਕੀਤੀ ਜਾਂਦੀ ਹੈ।"
ਉਨ੍ਹਾਂ ਕਿਹਾ, "ਇਹ ਆਮ ਤੌਰ 'ਤੇ ਕਾਲੇ ਜਾਂ ਸਲੇਟੀ ਰੰਗ ਦੇ ਪਾਊਡਰ ਦੇ ਰੂਪ ਵਿੱਚ ਮਿਲਦਾ ਹੈ। ਹਾਲਾਂਕਿ, ਇਸ ਦੇ ਇਸਤੇਮਾਲ ਅਤੇ ਬਣਾਵਟ ਦੇ ਆਧਾਰ 'ਤੇ ਇਹ ਬਾਜ਼ਾਰ ਵਿੱਚ ਵੱਖ-ਵੱਖ ਰੂਪਾਂ ਵਿੱਚ ਵੀ ਉਪਲੱਬਧ ਹੁੰਦਾ ਹੈ।"
ਡਾ. ਭੂਸ਼ਣ ਰੋਕੜੇ ਨੇ ਦੱਸਿਆ, "ਇਸ ਦੀ ਵਰਤੋਂ ਚੂਹਿਆਂ ਨੂੰ ਮਾਰਨ, ਗੋਦਾਮਾਂ, ਅਨਾਜ ਭੰਡਾਰਨ ਕੇਂਦਰਾਂ ਅਤੇ ਖੇਤਾਂ ਵਿੱਚ ਚੂਹਿਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ"
ਉਨ੍ਹਾਂ ਕਿਹਾ, "ਇਹ ਰਸਾਇਣ ਮਨੁੱਖਾਂ ਅਤੇ ਪਾਲਤੂ ਜਾਨਵਰਾਂ ਦੋਵਾਂ ਲਈ ਬਹੁਤ ਖ਼ਤਰਨਾਕ ਹੈ।"
ਡਾ. ਰੋਕੜੇ ਦੇ ਅਨੁਸਾਰ, "ਇਹ ਰਸਾਇਣ ਢਿੱਡ ਦੇ ਰਸਤਿਓਂ ਸਰੀਰ 'ਚ ਪਹੁੰਚਣ ਜਾਂ ਨਮੀ ਦੇ ਸੰਪਰਕ 'ਚ ਆਉਣ ਤੋਂ ਬਾਅਦ 'ਫਾਸਫੀਨ ਗੈਸ' ਬਣਾਉਂਦਾ ਹੈ ਜੋ ਬੇਹੱਦ ਜ਼ਹਿਰੀਲੀ ਹੁੰਦੀ ਹੈ।"
ਉਨ੍ਹਾਂ ਕਿਹਾ, "ਇਹ ਗੈਸ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਦਾ ਇਸਤੇਮਾਲ ਕਰਨ ਤੋਂ ਰੋਕ ਦਿੰਦੀ ਹੈ ਅਤੇ ਸਰੀਰ ਦੇ ਕਈ ਅੰਗਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਉਲਟੀਆਂ, ਮੂੰਹ ਵਿੱਚੋਂ ਲਸਣ ਵਰਗੀ ਬਦਬੂ ਆਉਣਾ, ਛਾਤੀ ਵਿੱਚ ਜਕੜਨ, ਸਾਹ ਲੈਣ ਵਿੱਚ ਤਕਲੀਫ਼ ਅਤੇ ਸਰੀਰ ਨੂੰ ਸਦਮੇ (ਸ਼ੌਕ) ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਘੱਟ ਮਾਤਰਾ 'ਚ ਵੀ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ।"
ਡਾ. ਰੋਕੜੇ ਨੇ ਇਹ ਵੀ ਕਿਹਾ, "ਇਸ ਦਾ ਕੋਈ ਖ਼ਾਸ ਐਂਟੀਡੋਟ ਉਪਲੱਬਧ ਨਹੀਂ ਹੈ। ਇਸ ਲਈ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਕੇ ਸਿਰਫ਼ ਲੋੜੀਂਦਾ ਸਹਾਇਕ ਇਲਾਜ ਹੀ ਦਿੱਤਾ ਜਾਂਦਾ ਹੈ। ਇਸ ਰਸਾਇਣ ਨੂੰ ਬੱਚਿਆਂ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ।"
ਡਾ. ਰੋਕੜੇ ਨੇ ਕਿਹਾ, "ਜੇਕਰ ਗਲਤੀ ਨਾਲ ਇਸ ਨੂੰ ਨਿਗਲ ਲਿਆ ਜਾਵੇ ਜਾਂ ਜ਼ਹਿਰ ਦਾ ਖਦਸ਼ਾ ਹੋਵੇ ਤਾਂ ਉਲਟੀ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ