ਦੁਬਈ 'ਚ ਇਨਫਲੂਐਂਸਰ 'ਤੇ ਬੁਆਏਫ੍ਰੈਂਡ ਦੇ ਕਤਲ ਦਾ ਇਲਜ਼ਾਮ, ਮਹਿਲਾ ਨੇ ਕਿਹਾ- ਪ੍ਰੇਮੀ ਤੋਂ ਸੀ ਜਾਨ ਦਾ ਖ਼ਤਰਾ

ਤਸਵੀਰ ਸਰੋਤ, Detained in Dubai
- ਲੇਖਕ, ਕੈਥਰੀਨ ਇਵਾਂਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਦੁਬਈ ਵਿੱਚ 23 ਸਾਲ ਦੀ ਇੱਕ ਟਿੱਕਟੌਕ ਇਨਫਲੂਐਂਸਰ 'ਤੇ ਆਪਣੇ ਬੁਆਏਫ੍ਰੈਂਡ ਦੇ ਕਤਲ ਦਾ ਇਲਜ਼ਾਮ ਲੱਗਿਆ ਹੈ।
ਦਰਅਸਲ, ਬ੍ਰਿਟੇਨ ਦੇ ਕੈਂਟ ਦੇ ਗ੍ਰੇਵਸੈਂਡ ਦੇ ਰਹਿਣ ਵਾਲੇ ਬਰੂਕ ਜੌਰਜ 'ਤੇ ਆਪਣੇ ਬੁਆਏਫ੍ਰੈਂਡ ਨੂੰ ਚਾਕੂ ਮਾਰਨ ਦਾ ਇਲਜ਼ਾਮ ਹੈ। ਦੋਵਾਂ ਦੀ ਮੁਲਾਕਾਤ ਆਨਲਾਈਨ ਹੋਈ ਸੀ, ਜਿਸ ਤੋਂ ਬਾਅਦ ਉਹ ਰਿਸ਼ਤੇ ਵਿੱਚ ਆ ਗਏ ਸਨ। ਇਹ ਜਾਣਕਾਰੀ 'ਡਿਟੇਨਡ ਇਨ ਦੁਬਈ' ਨਾਮ ਦੀ ਸੰਸਥਾ ਨੇ ਦਿੱਤੀ ਹੈ।
ਸੰਸਥਾ ਦਾ ਕਹਿਣਾ ਹੈ ਕਿ ਬਰੂਕ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਾਰਟਨਰ ਦੇ ਹਿੰਸਕ ਹਮਲੇ ਤੋਂ ਬਚਣ ਲਈ ਆਤਮ-ਰੱਖਿਆ ਵਿੱਚ ਚਾਕੂ ਚੁੱਕਿਆ ਸੀ।
ਸੰਸਥਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ ਅਤੇ ਇਸ ਮਾਮਲੇ ਨੂੰ ਘਰੇਲੂ ਹਿੰਸਾ ਵਜੋਂ ਦੇਖਿਆ ਜਾਵੇ।
ਸੰਸਥਾ ਨੇ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਫਾਇਰਿੰਗ ਸਕੁਐਡ ਰਾਹੀਂ ਮੌਤ ਦੀ ਸਜ਼ਾ ਹੋ ਸਕਦੀ ਹੈ।
'ਮਰਦ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ'

ਤਸਵੀਰ ਸਰੋਤ, Getty Images
ਬ੍ਰਿਟੇਨ ਦੇ ਫੌਰੇਨ, ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ ਨੇ ਕਿਹਾ ਕਿ ਉਹ ਯੂਏਈ ਵਿੱਚ ਹਿਰਾਸਤ ਵਿੱਚ ਰੱਖੇ ਗਏ ਇੱਕ ਬ੍ਰਿਟਿਸ਼ ਮਹਿਲਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰ ਰਿਹਾ ਹੈ।
ਬ੍ਰਿਟਿਸ਼ ਬ੍ਰਾਂਡ ਜੌਨ ਲੂਇਸ ਵਿੱਚ ਕੰਮ ਕਰ ਚੁੱਕੇ ਬਰੂਕ ਨੂੰ 22 ਜੂਨ ਦੀ ਸਵੇਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਪਹਿਲਾਂ ਤੋਂ 'ਯੋਜਨਾਬੱਧ ਕਤਲ' ਦਾ ਇਲਜ਼ਾਮ ਲਗਾਇਆ ਗਿਆ।
ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਯੂਏਈ ਦੇ ਕਾਨੂੰਨ ਤਹਿਤ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।
'ਡਿਟੇਨਡ ਇਨ ਦੁਬਈ' ਨੇ ਦੱਸਿਆ ਕਿ ਬਰੂਕ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੀ ਮੌਜੂਦਗੀ ਤੋਂ ਬਿਨ੍ਹਾਂ, ਮਰਦ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ 'ਬਹੁਤ ਸ਼ਰਮਨਾਕ ਅਤੇ ਤਕਲੀਫ਼ਦੇਹ' ਸੀ।
'ਪਾਰਟਨਰ ਨੇ ਮੁੱਕਾ ਮਾਰਿਆ, ਪਾਸਪੋਰਟ ਆਪਣੇ ਕੋਲ ਰੱਖ ਲਿਆ'

ਤਸਵੀਰ ਸਰੋਤ, Detained in Dubai
ਜਦੋਂ ਬਰੂਕ ਪਹਿਲੀ ਵਾਰ ਦੁਬਈ ਘੁੰਮ ਕੇ ਵਾਪਸ ਆਏ ਸੀ, ਤਾਂ ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਦੱਸਿਆ ਸੀ।
'ਡਿਟੇਨਡ ਇਨ ਦੁਬਈ' ਦੇ ਸੀਈਓ ਰਾਧਾ ਸਟਰਲਿੰਗ ਦੇ ਮੁਤਾਬਕ, ਦੁਬਈ ਦੀ ਦੂਜੀ ਯਾਤਰਾ ਦੌਰਾਨ ਉਨ੍ਹਾਂ ਦਾ ਬੁਆਏਫ੍ਰੈਂਡ ਹਿੰਸਕ ਹੋ ਗਿਆ।
ਸਟਰਲਿੰਗ ਨੇ ਕਿਹਾ, "ਬਰੂਕ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪਾਰਟਨਰ ਹੌਲੀ-ਹੌਲੀ ਉਨ੍ਹਾਂ 'ਤੇ ਵਧੇਰੇ ਕੰਟਰੋਲ ਰੱਖਣ ਲੱਗਾ ਸੀ ਅਤੇ ਹਿੰਸਕ ਹੋ ਗਿਆ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਾਰਟਨਰ ਨੇ ਉਨ੍ਹਾਂ ਨੂੰ ਮੁੱਕਾ ਮਾਰਿਆ, ਉਨ੍ਹਾਂ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਅਤੇ ਫਲੈਟ ਵਿੱਚ ਦੁਬਾਰਾ ਉਨ੍ਹਾਂ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਹ ਦੁਬਈ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।"
ਸਟਰਲਿੰਗ ਮੁਤਾਬਕ, ਬਰੂਕ ਦਾ ਕਹਿਣਾ ਹੈ ਕਿ ''ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਲ ਪਿਆ ਚਾਕੂ ਚੁੱਕ ਕੇ ਆਤਮ-ਰੱਖਿਆ ਕੀਤੀ।''
ਉਸ ਦੀ ਇੱਕ ਅੱਖ ਬਹੁਤ ਸੁੱਜ ਗਈ ਸੀ - ਬਰੂਕ ਦੇ ਮਾਂ

ਬਰੂਕ ਦੇ ਮਾਂ ਥੇਰੇਜ਼ਾ ਜੌਰਜ ਨੇ ਬਿਆਨ ਵਿੱਚ ਕਿਹਾ, "ਜਦੋਂ ਬਰੂਕ ਦੂਜੀ ਵਾਰ ਦੁਬਈ ਗਈ, ਤਾਂ ਦੋਵਾਂ ਦੇ ਰਿਸ਼ਤੇ ਵਿੱਚ ਸਾਫ਼ ਬਦਲਾਅ ਆ ਗਿਆ ਸੀ।"
ਉਨ੍ਹਾਂ ਕਿਹਾ, "ਘਟਨਾ ਤੋਂ ਇੱਕ ਦਿਨ ਪਹਿਲਾਂ ਉਹ ਪਹਿਲਾਂ ਵਰਗੀ ਨਹੀਂ ਲੱਗ ਰਹੀ ਸੀ। ਉਹ ਸ਼ਾਂਤ ਸੀ ਅਤੇ ਹਮੇਸ਼ਾਂ ਵਾਂਗ ਖੁਸ਼ ਨਹੀਂ ਸੀ, ਪਰ ਉਸ ਨੇ ਮੈਨੂੰ ਕਾਰਨ ਨਹੀਂ ਦੱਸਿਆ। ਉਸ ਸ਼ਾਮ ਦੋਵੇਂ ਦੁਬਈ ਦੇ ਇੱਕ ਬਾਰ ਵਿੱਚ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਜਦੋਂ ਮੇਰੀ ਆਪਣੀ ਬੇਟੀ ਬਰੂਕ ਨਾਲ ਗੱਲ ਹੋਈ, ਤਾਂ ਉਹ ਬਹੁਤ ਡਰੀ ਹੋਈ ਸੀ। ਮੈਂ ਆਪਣੀ ਧੀ ਨੂੰ ਕਦੇ ਇੰਨਾ ਡਰਿਆ ਹੋਇਆ ਨਹੀਂ ਦੇਖਿਆ ਸੀ। ਉਹ ਲਗਾਤਾਰ ਰੋ ਰਹੀ ਸੀ। ਉਸ ਦੀ ਇੱਕ ਅੱਖ ਬਹੁਤ ਸੁੱਜ ਗਈ ਸੀ ਅਤੇ ਬੰਦ ਹੋਣ ਲੱਗੀ ਸੀ।"
ਥੇਰੇਜ਼ਾ ਜੌਰਜ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ "ਬਹੁਤ ਚਿੰਤਾ" ਹੈ।
ਉਹ ਅੱਗੇ ਕਹਿੰਦੇ ਹਨ, "ਮੈਨੂੰ ਪੂਰਾ ਭਰੋਸਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਘਰ ਵਾਪਸ ਆਉਣਾ ਚਾਹੁੰਦੀ ਸੀ ਅਤੇ ਜੋ ਕੁਝ ਉਸ ਨਾਲ ਹੋਇਆ ਸੀ, ਉਸ ਤੋਂ ਦੂਰ ਜਾਣਾ ਚਾਹੁੰਦੀ ਸੀ।"
'ਡਿਟੇਨਡ ਇਨ ਦੁਬਈ' ਦੇ ਸੀਈਓ ਰਾਧਾ ਸਟਰਲਿੰਗ ਨੇ ਕਿਹਾ, "ਬਰੂਕ ਦੇ ਕਰੀਬੀ ਲੋਕਾਂ ਨੂੰ ਹੌਲੀ-ਹੌਲੀ ਸ਼ੱਕ ਹੋਣ ਲੱਗਾ ਸੀ ਕਿ ਉਨ੍ਹਾਂ ਨੂੰ ਝੂਠ ਬੋਲ ਕੇ ਦੁਬਈ ਬੁਲਾਇਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਗਲਤ ਫਾਇਦਾ ਚੁੱਕਿਆ ਜਾ ਸਕੇ।"
ਉਨ੍ਹਾਂ ਕਿਹਾ, "ਉਨ੍ਹਾਂ ਦੀ ਚਿੰਤਾ ਇਸ ਲਈ ਵੱਧ ਗਈ ਸੀ ਕਿਉਂਕਿ ਉਨ੍ਹਾਂ ਦੇ ਪਾਰਟਨਰ ਦਾ ਵਤੀਰਾ ਅਚਾਨਕ ਬਦਲ ਗਿਆ ਸੀ। ਬਰੂਕ ਲਈ ਸਿਰਫ਼ ਇੱਕ ਪਾਸੇ ਦੀ ਟਿਕਟ ਲਈ ਗਈ ਸੀ। ਪਹਿਲੀ ਯਾਤਰਾ ਦੌਰਾਨ ਉਨ੍ਹਾਂ ਦਾ ਬਿਕਨੀ ਵਿੱਚ ਪ੍ਰੋਫੈਸ਼ਨਲ ਫੋਟੋਸ਼ੂਟ ਕਰਵਾਇਆ ਗਿਆ ਸੀ। ਦੂਜੀ ਯਾਤਰਾ ਤੋਂ ਬਾਅਦ ਉਨ੍ਹਾਂ ਦਾ ਪਾਸਪੋਰਟ ਆਪਣੇ ਕੋਲ ਰੱਖਣ ਦਾ ਵੀ ਇਲਜ਼ਾਮ ਲਗਾਇਆ ਗਿਆ। ਬਰੂਕ ਨੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਸਭ ਕੁਝ ਠੀਕ ਨਹੀਂ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਉੱਥੋਂ ਨਿਕਲਣਾ ਚਾਹੁੰਦੇ ਸਨ।"
'ਦੂਤਘਰ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ'

ਤਸਵੀਰ ਸਰੋਤ, Detained in Dubai
'ਡਿਟੇਨਡ ਇਨ ਦੁਬਈ' ਨੇ ਕਿਹਾ ਕਿ ਬਰੂਕ ਨੂੰ ਬ੍ਰਿਟਿਸ਼ ਦੂਤਘਰ ਦੇ ਅਧਿਕਾਰੀਆਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਬਿਨ੍ਹਾਂ ਵਕੀਲ ਦੇ ਬਿਆਨ ਦੇਣਾ ਪਿਆ।
ਸਟਰਲਿੰਗ ਨੇ ਕਿਹਾ ਕਿ ਇਹ ਮਾਮਲਾ ਮਹਿਲਾਵਾਂ ਖ਼ਿਲਾਫ਼ ਹਿੰਸਾ, ਆਤਮ-ਰੱਖਿਆ ਦੇ ਅਧਿਕਾਰ, ਕਾਨੂੰਨੀ ਪ੍ਰਕਿਰਿਆ ਅਤੇ ਵਿਦੇਸ਼ ਵਿੱਚ ਹਿਰਾਸਤ ਵਿੱਚ ਰੱਖੇ ਗਏ ਬ੍ਰਿਟਿਸ਼ ਨਾਗਰਿਕਾਂ ਨਾਲ ਹੋਣ ਵਾਲੇ ਵਤੀਰੇ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ, "ਅਸੀਂ ਮੰਗ ਕਰਦੇ ਹਾਂ ਕਿ ਜਾਂਚ ਪੂਰੀ ਹੋਣ ਤੱਕ ਬਰੂਕ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ। ਯੂਏਈ ਵਿੱਚ ਕਈ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਮਹਿਲਾਵਾਂ ਨੇ ਹਿੰਸਾ ਦੀ ਸ਼ਿਕਾਇਤ ਕੀਤੀ, ਤਾਂ ਉਲਟਾ ਉਨ੍ਹਾਂ ਦੇ ਹੀ ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਮੁੜ ਤੰਗ ਕੀਤਾ ਗਿਆ।"
'ਡਿਟੇਨਡ ਇਨ ਦੁਬਈ' ਨੇ ਮੰਗ ਕੀਤੀ ਹੈ ਕਿ ਜਾਂਚ ਦੌਰਾਨ ਬਰੂਕ ਨੂੰ ਸੁਰੱਖਿਆ, ਉਚਿਤ ਇਲਾਜ, ਕਾਨੂੰਨੀ ਮਦਦ ਅਤੇ ਤੁਰੰਤ ਬ੍ਰਿਟਿਸ਼ ਦੂਤਘਰ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












