ਰਿਹਾਇਸ਼ੀ ਇਮਾਰਤਾਂ, ਹੋਟਲਾਂ, ਮਾਲਜ਼ ਲਈ ਕਿਹੜੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ, ਹੋਟਲ 'ਚ ਰੁਕਣ ਤੋਂ ਪਹਿਲਾਂ ਕੀ ਧਿਆਨ ਰੱਖਣਾ ਚਾਹੀਦਾ ਹੈ

    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਦਿੱਲੀ ਦੇ ਮਾਲਵੀਆ ਨਗਰ ਦੇ ਹੋਟਲ ਵਿੱਚ ਲੱਗੀ ਅੱਗ ਨੇ 21 ਲੋਕਾਂ ਦੀ ਜਾਨ ਲੈ ਲਈ। ਅੱਗ ਦੇ ਕਾਰਨਾਂ ਬਾਰੇ ਅਜੇ ਜਾਂਚ ਜਾਰੀ ਹੈ ਪਰ ਲੋਕਾਂ ਵਿੱਚ ਇਸ ਘਟਨਾ ਮਗਰੋਂ ਕਾਫੀ ਰੋਸ ਵੇਖਿਆ ਜਾ ਰਿਹਾ ਹੈ।

ਹੋਟਲ ਦੇ ਮਾਲਕ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਦਿੱਲੀ ਫਾਇਰ ਡਿਪਾਰਟਮੈਂਟ ਮੁਤਾਬਕ, ਹੋਟਲ ਸੰਚਾਲਕ ਨੇ ਐੱਨਓਸੀ ਨਹੀਂ ਲਿਆ ਸੀ ਅਤੇ ਇਸ ਦੇ ਇਲਾਵਾ ਹੋਟਲ ਵਿੱਚ ਫਾਇਰ ਸਿਸਟਮ ਵੀ ਨਹੀਂ ਸੀ।

ਬੁੱਧਵਾਰ ਨੂੰ ਪੰਜਾਬ ਵਿੱਚ ਫਿਰੋਜ਼ਪੁਰ ਦੇ ਹੋਟਲ ਵਿੱਚ ਲੱਗੀ ਅੱਗ ਨੇ ਵੀ ਇੱਕ ਜੀਅ ਦੀ ਜਾਨ ਲੈ ਲਈ।

ਇਨ੍ਹਾਂ ਘਟਨਾਵਾਂ ਵਿਚਾਲੇ ਰਿਹਾਇਸ਼ੀ ਇਮਾਰਤਾਂ, ਹੋਟਲਾਂ, ਰੈਸਟੋਰੈਂਟਾਂ ਵਿੱਚ ਅੱਗ ਦੀਆਂ ਘਟਨਾਵਾਂ ਤੋਂ ਸੁਰੱਖਿਆ ਲਈ ਬਣੇ ਨਿਯਮਾਂ ਦੀ ਪਾਲਣਾ ਦੇ ਮੁੱਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ।

ਸਰਕਾਰ ਵੱਲੋਂ ਇਮਾਰਤਾਂ ਨੂੰ ਅੱਗ ਤੋਂ ਸੁਰੱਖਿਅਤ ਰੱਖਣ ਅਤੇ ਘਟਨਾ ਵੇਲੇ ਬਚਾਅ ਦੇ ਲਈ ਨਿਯਮ ਬਣਾਏ ਗਏ ਹਨ। ਭਾਰਤ ਵਿੱਚ ਵੈਸੇ ਤਾਂ ਫਾਇਰ ਸੇਫਟੀ ਫਰੇਮਵਰਕ ਕਈ ਨਿਯਮਾਂ ਉੱਤੇ ਅਧਾਰਿਤ ਹੁੰਦਾ ਹੈ ਪਰ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) 2016 ਦੇ ਪਾਰਟ 4 (ਅੱਗ ਅਤੇ ਜੀਵਨ ਸੁਰੱਖਿਆ) ਦੇ ਤਹਿਤ ਬਣਾਈਆਂ ਗਈਆਂ ਮੁੱਢਲੀਆਂ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਂਦੀ ਹੈ।

ਵੈਸੇ ਤਾਂ ਅੱਗ ਤੋਂ ਸੁਰੱਖਿਆ ਬਾਰੇ ਨਿਯਮ ਬਣਾਉਣਾ ਸੂਬਾ ਸਰਕਾਰਾਂ ਦਾ ਵਿਸ਼ਾ ਹੈ ਅਤੇ ਉਹ ਆਪਣੇ ਪੱਧਰ ਉੱਤੇ ਨਿਯਮ ਬਣਾਉਂਦੀਆਂ ਵੀ ਹਨ ਪਰ ਮੁੱਢਲੇ ਤੌਰ ਉੱਤੇ ਨੈਸ਼ਨਲ ਬਿਲਡਿੰਗ ਕੋਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ।

ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) ਆਪਣੇ ਆਪ ਵਿੱਚ ਮੁੱਖ ਤੌਰ 'ਤੇ "ਦਿਸ਼ਾ-ਨਿਰਦੇਸ਼" ਹੁੰਦੇ ਹਨ, ਸਿੱਧਾ ਕਾਨੂੰਨ ਨਹੀਂ ਹੁੰਦੇ। ਜਦੋਂ ਕੋਈ ਰਾਜ ਸਰਕਾਰ, ਨਗਰ ਨਿਗਮ ਜਾਂ ਵਿਕਾਸ ਅਥਾਰਟੀ ਐੱਨਬੀਸੀ ਦੇ ਪ੍ਰਬੰਧਾਂ ਨੂੰ ਆਪਣੇ ਬਿਲਡਿੰਗ ਬਾਈ-ਲਾਜ਼ ਜਾਂ ਨਿਯਮਾਂ ਵਿੱਚ ਸ਼ਾਮਲ ਕਰ ਲੈਂਦੀ ਹੈ, ਤਾਂ ਉਹ ਲਾਜ਼ਮੀ ਨਿਯਮ ਬਣ ਜਾਂਦੇ ਹਨ।

ਇਸ ਲਈ ਅਸਲ ਵਿੱਚ ਬਿਲਡਰਾਂ ਅਤੇ ਇਮਾਰਤ ਮਾਲਕਾਂ ਲਈ ਐੱਨਬੀਸੀ ਦੇ ਬਹੁਤ ਸਾਰੇ ਪ੍ਰਬੰਧ ਨਿਯਮਾਂ ਵਾਂਗ ਹੀ ਲਾਗੂ ਹੁੰਦੇ ਹਨ।

ਆਓ ਜਾਣਦੇ ਹਾਂ ਕਿ ਇਮਾਰਤਾਂ, ਸ਼ਾਪਿੰਗ ਮਾਲਜ਼ ਤੇ ਹੋਟਲਾਂ ਲਈ ਕਿਹੜੇ ਨਿਯਮ ਬਣਾਏ ਗਏ ਹਨ, ਕੌਣ ਇਨ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ।

ਇਮਾਰਤਾਂ ਲਈ ਫਾਇਰ ਸੇਫਟੀ ਰੂਲਜ਼ ਕੌਣ ਤੈਅ ਕਰਦਾ ਹੈ

ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) ਇੱਕ ਵਿਸਤ੍ਰਿਤ ਭਵਨ ਨਿਰਮਾਣ ਕੋਡ ਹੈ, ਜੋ ਦੇਸ਼ ਭਰ ਵਿੱਚ ਭਵਨ ਨਿਰਮਾਣ ਗਤੀਵਿਧੀਆਂ ਨੂੰ ਨਿਯਮਿਤ ਕਰਨ ਲਈ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਇਸ ਕੋਡ ਵਿੱਚ ਮੁੱਖ ਤੌਰ 'ਤੇ ਪ੍ਰਸ਼ਾਸਨਿਕ ਨਿਯਮ, ਵਿਕਾਸ ਨਿਯੰਤਰਣ ਨਿਯਮ ਅਤੇ ਆਮ ਭਵਨ ਲੋੜਾਂ, ਅੱਗ ਸੁਰੱਖਿਆ ਸਬੰਧੀ ਲੋੜਾਂ ਨਾਲ ਜੁੜੇ ਨਿਯਮ ਸ਼ਾਮਲ ਹਨ।

ਇਸ ਦੇ ਇਲਾਵਾ ਮਾਡਲ ਬਿਲਡਿੰਗ ਬਾਈ-ਲਾਜ਼ (ਐੱਮਬੀਬੀਐੱਲ) 2016 ਸੂਬਿਆਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਇਮਾਰਤੀ ਨਿਯਮਾਂ ਨੂੰ ਲਾਗੂ ਕਰਨ ਵਾਸਤੇ ਇੱਕ ਮਾਡਲ ਰੈਗੂਲੇਟਰੀ ਢਾਂਚਾ ਪ੍ਰਦਾਨ ਕਰਦੇ ਹਨ।

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਬਾਰੇ ਦੱਸਦੇ ਹੋਏ ਆਰਕੀਟੈਕਟ ਪਰਮਿੰਦਰ ਕੌਰ ਦੱਸਦੇ ਹਨ, "ਬਿਲਡਿੰਗ ਬਾਈ-ਲਾਜ਼ ਇਮਾਰਤ ਦੀ ਪਲਾਨਿੰਗ ਕਰਨ ਵੇਲੇ ਵਰਤੇ ਜਾਂਦੇ ਹਨ ਪਰ ਨੈਸ਼ਨਲ ਬਿਲਡਿੰਗ ਕੋਰਡ ਮੁਤਾਬਕ ਹੀ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।"

"ਹਰ ਸੂਬੇ ਅਤੇ ਸ਼ਹਿਰ ਵਿੱਚ ਅਗਾਂਹ ਆਪਣੀਆਂ ਲੋਕਲ ਬਾਡੀਜ਼ ਹੁੰਦੀਆਂ ਹਨ। ਪਰ ਜਦੋਂ ਤੱਕ ਤੁਹਾਨੂੰ ਐੱਨਓਸੀ ਨਹੀਂ ਮਿਲਦੀ ਉਦੋਂ ਤੱਕ ਕੋਈ ਵੀ ਇਮਾਰਤ ਵਰਤੋਂ ਵਿੱਚ ਨਹੀਂ ਲਿਆਂਦੀ ਜਾਂਦੀ। ਐੱਨਓਸੀ ਹਾਸਿਲ ਕਰਨ ਵੇਲੇ ਇੱਕ ਸਰਟੀਫਿਕੇਟ ਫਾਇਰ ਡਿਪਾਰਟਮੈਂਟ ਵੱਲੋਂ ਵੀ ਲੈਣਾ ਪੈਂਦਾ ਹੈ ਅਤੇ ਫਾਇਰ ਅਫ਼ਸਰ ਇਮਾਰਤ ਵਿੱਚ ਇੰਤਜ਼ਾਮਾਂ ਦੀ ਜਾਂਚ ਕਰਨ ਜਾਂਦੇ ਹਨ ਅਤੇ ਫਿਰ ਇਹ ਸਰਟੀਫਿਕੇਟ ਦਿੰਦੇ ਹਨ।"

"ਨਕਸ਼ੇ ਪਾਸ ਕਰਵਾਉਣ ਵੇਲੇ ਫਾਇਰ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਹੈ। ਨਕਸ਼ਾ ਪਾਸ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਫਸਰ ਸ਼ਾਮਿਲ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਫਾਇਰ ਵਿਭਾਗ ਦਾ ਅਫਸਰ ਵੀ ਸ਼ਾਮਿਲ ਹੁੰਦਾ ਹੈ।"

ਕਿਹੜੀ ਇਮਾਰਤ ਲਈ ਕਿਹੜੇ ਫਾਇਰ ਐਗਜ਼ਿਟ ਅਤੇ ਸਹੂਲਤਾਂ ਲਾਜ਼ਮੀ ਹੁੰਦੀਆਂ ਹਨ?

ਨੈਸ਼ਨਲ ਬਿਲਡਿੰਗ ਕੋਡ ਦੇ ਪਾਰਟ 4 ਫਾਇਰ ਅਤੇ ਲਾਈਫ ਸੇਫਟੀ ਮੁਤਾਬਕ ਕੋਡ ਦਾ ਇਹ ਹਿੱਸਾ ਫਾਇਰ ਜ਼ੋਨਾਂ ਦੀ ਹੱਦਬੰਦੀ, ਹਰ ਫਾਇਰ ਜ਼ੋਨ ਵਿੱਚ ਇਮਾਰਤਾਂ ਦੇ ਨਿਰਮਾਣ ਸਬੰਧੀ ਪਾਬੰਦੀਆਂ, ਵਰਤੋਂ ਦੇ ਆਧਾਰ 'ਤੇ ਇਮਾਰਤਾਂ ਦਾ ਵਰਗੀਕਰਨ ਅਤੇ ਹੋਰ ਪਾਬੰਦੀਆਂ ਅਤੇ ਲੋੜਾਂ ਦਾ ਜ਼ਿਕਰ ਕਰਦਾ ਹੈ, ਜੋ ਸੁਰੱਖਿਅਤ ਨਿਕਾਸੀ ਯਕੀਨੀ ਬਣਾਉਣ ਤੋਂ ਪਹਿਲਾਂ ਅੱਗ, ਧੂੰਏਂ, ਜ਼ਹਿਰੀਲੀਆਂ ਗੈਸਾਂ ਜਾਂ ਘਬਰਾਹਟ ਕਾਰਨ ਮਨੁੱਖੀ ਜਾਨ ਨੂੰ ਹੋਣ ਵਾਲੇ ਖ਼ਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਜ਼ਰੂਰੀ ਹਨ।

ਫਾਇਰ ਜ਼ੋਨ ਕਿਸੇ ਸ਼ਹਿਰ, ਕਸਬੇ ਜਾਂ ਖੇਤਰ ਦੇ ਉਹ ਹਿੱਸੇ ਹੁੰਦੇ ਹਨ, ਜਿਨ੍ਹਾਂ ਨੂੰ ਅੱਗ ਦੇ ਖ਼ਤਰੇ ਦੇ ਪੱਧਰ ਅਤੇ ਉੱਥੇ ਹੋਣ ਵਾਲੇ ਨਿਰਮਾਣ ਦੀ ਕਿਸਮ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ।

ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ) ਅਨੁਸਾਰ, ਫਾਇਰ ਜ਼ੋਨਿੰਗ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਉੱਚ ਅੱਗ-ਖ਼ਤਰੇ ਵਾਲੀਆਂ ਇਮਾਰਤਾਂ (ਜਿਵੇਂ ਫੈਕਟਰੀਆਂ, ਗੋਦਾਮ ਜਾਂ ਜਲਣਸ਼ੀਲ ਪਦਾਰਥਾਂ ਦੇ ਸਟੋਰ) ਨੂੰ ਰਿਹਾਇਸ਼ੀ ਜਾਂ ਭੀੜ-ਭਾੜ ਵਾਲੇ ਇਲਾਕਿਆਂ ਤੋਂ ਉਚਿਤ ਦੂਰੀ 'ਤੇ ਰੱਖਿਆ ਜਾਵੇ।

ਪੰਚਕੂਲਾ ਦੇ ਫਾਇਰ ਸਟੇਸ਼ਨ ਅਫਸਰ ਰਵਿੰਦਰ ਪ੍ਰਾਸ਼ਰ ਮੁਤਾਬਕ ਨੈਸ਼ਨਲ ਬਿਲਡਿੰਗ ਕੋਡ 2016 ਦੇ ਪਾਰਟ 4 (ਅੱਗ ਅਤੇ ਜੀਵਨ ਸੁਰੱਖਿਆ) ਮੁਤਾਬਕ ਵੱਖ-ਵੱਖ ਬਿਲਡਿੰਗਾਂ ਨੂੰ ਅਲੱਗ-ਅਲੱਗ 9 ਹਿੱਸਿਆਂ ਵਿੱਚ ਵਰਗੀਕਰਤ ਕੀਤਾ ਗਿਆ ਹੈ।

ਨੈਸ਼ਨਲ ਬਿਲਡਿੰਗ ਕੋਡ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਰਿਹਾਇਸ਼ੀ, ਸਿੱਖਿਅਕ, ਅਸੈਂਬਲੀ (ਸਿਨੇਮਾ, ਮਾਲ, ਆਡੀਟੋਰੀਅਮ),ਬਿਜ਼ਨੈਸ, ਕਾਰੋਬਾਰੀ ਬਿਲਡਿੰਗਾਂ ਸਣੇ ਹੋਰ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਮੁਤਾਬਕ ਹੀ ਨਿਯਮ ਵੀ ਹਨ।

ਨੈਸ਼ਨਲ ਬਿਲਡਿੰਗ ਕੋਡ ਮੁਤਾਬਕ 15 ਮੀਟਰ ਤੱਕ ਦੀ ਇਮਾਰਤ ਵਿੱਚ ਅੱਗ ਬੁਝਾਊ ਯੰਤਰ (ਫਾਇਰ ਐਕਸਟਿੰਗਵਿਸ਼ਰਜ਼), ਫਾਇਰ ਅਲਾਰਮ, ਸੁਰੱਖਿਅਤ ਪੌੜੀਆਂ ਅਤੇ ਐਮਰਜੈਂਸੀ ਨਿਕਾਸ ਦੁਆਰ ਹੋਣੇ ਚਾਹੀਦੇ ਹਨ।

ਜੇਕਰ ਬਿਲਡਿੰਗ 15 ਤੋਂ 30 ਮੀਟਰ ਦੇ ਵਿਚਾਲੇ ਹੈ ਤਾਂ ਉੱਪਰ ਦੱਸੇ ਲੋੜੀਂਦੇ ਇੰਤਜ਼ਾਮਾਂ ਦੇ ਨਾਲ-ਨਾਲ ਆਟੋਮੈਟਿਕ ਫਾਇਰ ਡਿਟੈਕਸ਼ਨ ਸਿਸਟਮ, ਐਮਰਜੈਂਸੀ ਕਮਿਊਨੀਕੇਸ਼ਨ ਸਿਸਟਮ ਵੀ ਹੋਣਾ ਚਾਹੀਦਾ ਹੈ।

ਜੇਕਰ ਇਮਾਰਤ 30 ਮੀਟਰ ਤੋਂ ਵੀ ਉੱਚੀ ਹੈ ਤਾਂ ਇੱਥੇ ਆਟੋਮੈਟਿਕ ਸਪ੍ਰਿੰਕਲਰ ਸਿਸਟਮ, ਫਾਇਰਮੈਨ ਲਿਫਟ, ਸਮੋਕ ਮੈਨੇਜਮੈਂਟ ਸਿਸਟਮ, ਫਾਇਰ ਕਮਾਂਡ ਸੈਂਟਰ ਅਤੇ ਹੋਰ ਲੋੜੀਂਦੇ ਇੰਤਜ਼ਾਮ ਹੋਣੇ ਲਾਜ਼ਮੀ ਹਨ।

ਆਮ ਤੌਰ 'ਤੇ ਉਚਾਈ ਵਧਣ ਨਾਲ ਐੱਨਬੀਸੀ ਵਧੇਰੇ ਫਾਇਰ ਸੇਫਟੀ ਪ੍ਰਬੰਧਾਂ ਦੀ ਮੰਗ ਕਰਦਾ ਹੈ, ਹਾਲਾਂਕਿ ਸਹੀ ਲੋੜਾਂ ਇਮਾਰਤ ਦੀ ਕਿਸਮ ਅਤੇ ਵਰਤੋਂ ਉੱਤੇ ਵੀ ਨਿਰਭਰ ਕਰਦੀਆਂ ਹਨ।

ਰਵਿੰਦਰ ਪ੍ਰਾਸ਼ਰ ਕਹਿੰਦੇ ਹਨ ਹਰ ਬਿਲਡਿੰਗ ਦੀ ਉਚਾਈ ਅਤੇ ਉਸ ਦੀ ਸਮਰੱਥਾ ਉੱਤੇ ਨਿਯਮ ਨਿਰਭਰ ਕਰਦੇ ਹਨ ਪਰ ਹਰ ਥਾਂ ਉੱਤੇ ਬੇਸਿਕ ਫਾਇਰ ਫਾਈਟਿੰਗ ਸਿਸਟਮ ਹੋਣਾ ਹੀ ਚਾਹੀਦਾ ਹੈ।

ਆਰਕੀਟੈਕਟ ਪਰਮਿੰਦਰ ਕੌਰ ਵੀ ਕਹਿੰਦੇ ਹਨ ਕਿ ਇਮਾਰਤਾਂ ਵਿੱਚ ਫਾਇਰ ਐਗਜ਼ਿਟ ਭਾਵ ਨਿਕਾਸ ਤਾਂ ਜ਼ਰੂਰ ਹੀ ਹੋਣੇ ਚਾਹੀਦੇ ਹਨ।

ਉਹ ਕਹਿੰਦੇ ਹਨ, "ਇਮਾਰਤ ਦੀਆਂ ਪੌੜੀਆਂ ਜਾਂ ਤਾਂ ਐਗਜਿਟ ਨੇੜੇ ਖੁੱਲਣੀਆਂ ਚਾਹੀਦੀਆਂ ਹਨ ਜਾਂ ਫਿਰ ਸਿੱਧਾ ਬਾਹਰ ਹੀ ਖੁੱਲਣ। ਉਦਾਹਰਣ ਵਜੋਂ ਜਿਵੇਂ ਕਈ ਮਾਲਜ਼ ਦੀਆਂ ਪੌੜੀਆਂ ਸਿੱਧਾ ਇਮਾਰਤ ਤੋਂ ਬਾਹਰ ਖੁੱਲ੍ਹਦੀਆਂ ਹਨ।"

ਹੋਟਲਾਂ, ਮਾਲਾਂ, ਵੱਡੀਆਂ ਵਪਾਰਕ ਅਤੇ ਉੱਚੀਆਂ ਰਿਹਾਇਸ਼ੀ ਇਮਾਰਤਾਂ ਵਿੱਚ ਸਮੋਕ ਡਿਟੈਕਸ਼ਨ ਸਿਸਟਮ ਆਮ ਤੌਰ 'ਤੇ ਲਾਜ਼ਮੀ ਹੁੰਦੇ ਹਨ।

"ਹੋਟਲਾਂ, ਕਾਰੋਬਾਰੀ ਦਫਤਰਾਂ ਸਣੇ ਹੋਰ ਬਿਲਡਿੰਗ ਵਿੱਚ ਸਮੋਕ ਡਿਟੈਕਟਰ ਭਾਵ ਧੂੰਏਂ ਦਾ ਪਤਾ ਲਾਉਣ ਵਾਲੇ ਯੰਤਰ ਹੋਣੇ ਚਾਹੀਦੇ ਹਨ ਜੋ ਫਾਇਰ ਪੈਨਲ ਨਾਲ ਜੁੜੇ ਹੁੰਦੇ ਹਨ ਤਾਂ ਜਿਵੇਂ ਹੀ ਅੱਗ ਲੱਗੇ ਤਾਂ ਅਲਾਰਮ ਵੱਜੇ। ਇਹ ਪੈਨਲ ਆਮ ਤੌਰ ਉੱਤੇ ਕਾਮਨ ਏਰੀਆ ਜਿਵੇਂ ਕਿ ਰਿਸੈਪਸ਼ਨ ਉੱਤੇ ਹੁੰਦਾ ਹੈ।"

ਪਰਮਿੰਦਰ ਕੌਰ ਕਹਿੰਦੇ ਹਨ, "ਸਪ੍ਰਿੰਕਲਰ ਵੀ ਲੱਗੇ ਹੁੰਦੇ ਹਨ, ਜੋ ਪਾਣੀ ਵਾਲੇ ਟੈਂਕ ਨਾਲ ਜੁੜੇ ਹੁੰਦੇ ਹਨ, ਜਿਸ ਵਿੱਚ ਪਾਣੀ ਦੀ ਮਾਤਰਾ ਰੋਜ਼ਾਨਾ ਲੋੜਾਂ ਲਈ ਵਰਤੇ ਜਾਂਦੇ ਪਾਣੀ ਤੋਂ ਵੱਖਰੀ ਹੁੰਦੀ ਹੈ। ਅੱਗ ਲੱਗਣ ਕਰਕੇ ਜਦੋਂ ਤਾਪਮਾਨ ਵੱਧਦਾ ਹੈ ਤਾਂ ਇਹ ਸਪ੍ਰਿੰਕਲਰ ਆਨ ਹੋ ਜਾਂਦੇ ਹਨ। ਇਹ ਛੋਟੇ ਫੁਹਾਰਿਆਂ ਵਰਗੇ ਹੁੰਦੇ ਹਨ ਤਾਂ ਇਹ ਛੱਤ ਦੇ ਨੇੜੇ ਹੁੰਦੇ ਹਨ।"

"ਇਸ ਦੇ ਇਲਾਵਾ ਅੱਗ ਬੁਝਾਉਣ ਵਾਲੇ ਯੰਤਰ ਲਾਜ਼ਮੀ ਇਮਾਰਤ ਵਿੱਚ ਹੋਣੇ ਚਾਹੀਦੇ ਹਨ, ਇਹ ਦੋ-ਤਿੰਨ ਤਰ੍ਹਾਂ ਦੇ ਵੀ ਹੁੰਦੇ ਹਨ ਜਿਵੇਂ ਕਿ ਕਾਰਬਨਡਾਈਅਕਸਾਈਡ ਅਤੇ ਝੱਗ ਵਾਲੇ ਆਦਿ। ਜੇਕਰ ਲੰਬਾ ਕੌਰੀਡੋਰ ਹੈ ਤਾਂ ਯੰਤਰ ਦੋਵੇਂ ਪਾਸੇ ਲੱਗੇ ਹੋਣੇ ਚਾਹੀਦੇ ਹਨ ਅਤੇ ਜੇਕਰ ਛੋਟਾ ਹੈ ਤਾਂ ਇੱਕ ਪਾਸੇ ਹੋਣੇ ਚਾਹੀਦੇ ਹਨ। ਸਮੇਂ-ਸਮੇਂ ਉੱਤੇ ਉਨ੍ਹਾਂ ਦੀ ਮਿਆਦ ਪੁੱਗਣ ਦੀ ਮਿਤੀ ਬਾਰੇ ਵੀ ਚੈਕ ਕਰਦੇ ਰਹਿਣਾ ਚਾਹੀਦਾ ਹੈ।"

ਪਰਮਿੰਦਰ ਕੌਰ ਕਹਿੰਦੇ ਹਨ,"ਵੱਡੀਆਂ ਇਮਾਰਤਾਂ ਬਾਹਰ ਫਾਇਰ ਹੋਜ਼ ਕੈਬਨਿਟ ਹੁੰਦੀ ਹੈ, ਜਿਸ ਵਿੱਚ ਇੱਕ ਵੱਡੀ ਲਾਲ ਰੰਗ ਦੀ ਪਾਈਪ ਲਗਾਈ ਜਾਂਦੀ ਹੈ, ਇਸ ਬਾਕਸ ਉੱਤੇ ਲਿਖਿਆ ਹੁੰਦਾ ਹੈ, ਕਿ ਅੱਗ ਲੱਗਣ ਦੀ ਸੂਰਤ ਵਿੱਚ ਇਸ ਨੂੰ ਖੋਲ ਕੇ ਵਰਤਿਆ ਜਾ ਸਕਦਾ ਹੈ। ਇਸ ਦੇ ਇਲਾਵਾ ਇੱਕ ਫਾਇਰ ਬ੍ਰਿਗੇਡ ਇਨਲੈਟ ਵੀ ਹੁੰਦਾ ਹੈ ਤਾਂ ਜੋ ਜਦੋਂ ਫਾਇਰ ਬ੍ਰਿਗੇਡ ਆਵੇ ਤਾਂ ਉਹ ਇਨਲੈਟ ਨਾਲ ਪਾਣੀ ਦਾ ਕਨੈਕਸ਼ਨ ਜੋੜ ਕੇ ਅੱਗ ਬੁਝਾ ਸਕੇ।"

ਘਰਾਂ ਜਾਂ ਅਪਾਰਟਮੈਂਟਾਂ ਵਿੱਚ ਫਾਇਰ ਸੇਫਟੀ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਆਰਕੀਟੈਕਟ ਪਰਮਿੰਦਰ ਕੌਰ ਕਹਿੰਦੇ ਹਨ ਕਿ ਅਪਾਰਟਮੈਂਟ ਵਾਲੀਆਂ ਬਿਲਡਿੰਗ ਵਿੱਚ ਉਚਾਈ ਅਤੇ ਦਾਇਰੇ ਦੇ ਹਿਸਾਬ ਨਾਲ ਲੋੜੀਦੀਆਂ ਪੌੜੀਆਂ ਹੋਣੀਆਂ ਲਾਜ਼ਮੀ ਹਨ।

ਜੇਕਰ ਬਹੁਤੀਆਂ ਉੱਚੀਆਂ ਭਾਵ ਹਾਈਰਾਈਜ਼ ਬਿਲਡਿੰਗ ਹੈ ਤਾਂ ਉਸ ਵਿੱਚ ਅੱਗ ਬੁਝਾਉਣ ਵਾਲੇ ਯੰਤਰ,ਇਸ ਦੇ ਇਲਾਵਾ ਪਾਣੀ ਵਾਲੇ ਟੈਂਕ ਨਾਲ ਜੁੜੀਆਂ ਹੋਈਆਂ ਲਾਲ ਰੰਗ ਦੀਆਂ ਵਰਟੀਕਲ ਪਾਈਪਾਂ ਪਾਈਆਂ ਹੁੰਦੀਆਂ ਹਨ। ਇਹ ਸਿਸਟਮ ਅਕਸਰ ਪੌੜੀਆਂ ਵਾਲੇ ਏਰੀਏ ਵਿੱਚ ਪਾਇਆ ਹੁੰਦਾ ਹੈ। ਇਹ ਇੰਤਜ਼ਾਮ ਖ਼ਾਸ ਤੌਰ ਉੱਤੇ ਫਾਇਰ ਬ੍ਰਿਗੇਡ ਲਈ ਹੁੰਦਾ ਹੈ।

ਫਾਇਰ ਸਟੇਸ਼ਨ ਅਫਸਰ ਰਵਿੰਦਰ ਪ੍ਰਾਸ਼ਰ ਕਹਿੰਦੇ ਹਨ, "ਬਿਲਡਿੰਗ ਭਾਵੇਂ ਸ਼ਹਿਰ ਵਿੱਚ ਹੋਵੇ ਜਾਂ ਫਿਰ ਪਿੰਡ ਵਿੱਚ ਸਭ ਨੂੰ ਨਿਯਮਾਂ ਮੁਤਾਬਕ ਫਾਇਰ ਸੇਫਟੀ ਨੇਮਾਂ ਦੀ ਪਾਲਣਾ ਕਰਕੇ ਹੀ ਬਣਾਇਆ ਜਾਣਾ ਚਾਹੀਦਾ ਹੈ।"

"ਵੈਸੇ ਤਾਂ ਨੈਸ਼ਨਲ ਬਿਲਡਿੰਗ ਕੋਡ ਦੀ ਦੇਸ਼ ਭਰ ਵਿੱਚ ਪਾਲਣਾ ਕੀਤੀ ਜਾਂਦੀ ਹੈ ਪਰ ਫਿਰ ਵੀ ਸੂਬੇ ਆਪਣੇ ਨਿਯਮ ਵੀ ਸ਼ਾਮਿਲ ਕਰ ਲੈਂਦੇ ਹਨ। ਜਿਵੇਂ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕਰਵਾਉਣਾ ਇਮਾਰਤ ਬਣਨ ਵੇਲੇ ਨਕਸ਼ੇ ਪਾਸ ਕਰਨ ਵਾਲੀ ਅਤੇ ਸਰਟੀਫਿਕੇਟ ਦੇਣ ਵਾਲੀ ਅਥਾਰਿਟੀ ਉੱਤੇ ਨਿਰਭਰ ਹੁੰਦਾ ਹੈ।"

ਸ਼ਾਪਿੰਗ ਮਾਲਾਂ ਅਤੇ ਵੱਡੇ ਬਾਜ਼ਾਰਾਂ ਲਈ ਕੀ ਲਾਜ਼ਮੀ ਹੈ

ਸ਼ਾਪਿੰਗ ਮਾਲ ਅਤੇ ਹੋਰ ਵੱਡੇ ਬਜ਼ਾਰ ਕਿਉਂਕਿ ਭੀੜ-ਭਾੜ ਵਾਲੇ ਹੁੰਦੇ ਹਨ ਇਸ ਲਈ ਇੱਥੇ ਆਟੋਮੈਟਿਕ ਸਪ੍ਰਿੰਕਲਰ ਸਿਸਟਮ, ਸਮੋਕ ਡਿਟੈਕਟਰ ਧੂੰਆਂ ਪਤਾ ਲਗਾਉਣ ਵਾਲੇ ਸਿਸਟਮ, ਐਮਰਜੈਂਸੀ ਨਿਕਾਸ ਦੁਆਰ, ਫਾਇਰ ਕੰਟਰੋਲ ਰੂਮ ਹੋਣੇ ਲਾਜ਼ਮੀ ਹੁੰਦੇ ਹਨ। ਸਬੰਧਤ ਰਾਜ ਦੇ ਨਿਯਮਾਂ ਅਨੁਸਾਰ ਜਿੱਥੇ ਲੋੜ ਹੋਵੇ ਉੱਥੇ ਫਾਇਰ ਐੱਨਓਸੀ ਲਾਜ਼ਮੀ ਹੁੰਦੀ ਹੈ। ਇਸ ਤੋਂ ਇਲਾਵਾ, ਐਮਰਜੈਂਸੀ ਨਿਕਾਸ ਲਈ ਬਣਾਏ ਗਏ ਰਸਤੇ ਹਰ ਸਮੇਂ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਮੁਕਤ ਰਹਿਣੇ ਚਾਹੀਦੇ ਹਨ।

ਕਿਸੇ ਹੋਟਲ ਜਾਂ ਹੋਰ ਰਿਹਾਇਸ਼ੀ ਇਮਾਰਤ ਵਿੱਚ ਇੰਤਜ਼ਾਮਾਂ ਬਾਰੇ ਕਿਵੇਂ ਪਤਾ ਲਾਇਆ ਜਾਵੇ?

ਜਦੋਂ ਕਿਸੇ ਹੋਟਲ ਜਾਂ ਰਿਹਾਇਸ਼ੀ ਇਮਾਰਤ ਵਿੱਚ ਠਹਿਰਦਾ ਹੋ ਤਾਂ ਉਦੋਂ ਕਿਹੜੀਆਂ ਗੱਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ। ਇਸ ਬਾਰੇ ਦੱਸਦੇ ਹੋਏ ਪਰਮਿੰਦਰ ਕੌਰ ਕਹਿੰਦੇ ਹਨ, "ਧਿਆਨ ਦੇਵੋ ਕਿ ਅੱਗ ਬੁਝਾਉਣ ਲਈ ਕਿਹੜੇ ਇੰਤਜ਼ਾਮ ਹਨ, ਜਿਵੇਂ ਕਿ ਇਮਾਰਤ ਬਾਹਰ ਫਾਇਰ ਹੋਜ਼ ਕੈਬਨਿਟ ਲੱਗੀ ਹੋਵੇ, ਪਾਈਪਾਂ ਲੱਗੀਆਂ ਹੋਈਆਂ ਹਨ ਜਾਂ ਨਹੀਂ, ਸਮੋਕ ਡਿਟੈਕਟਰ ਮੌਜੂਦ ਹਨ ਜਾਂ ਨਹੀਂ, ਕੌਰੀਡੋਰ ਅਤੇ ਕਮਰਿਆਂ ਵਿੱਚ ਅਜਿਹੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)