ਸੁਆਦ ਅਤੇ ਅਨੰਦ ਲੈ ਕੇ ਖਾਧਾ ਭੋਜਨ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ, ਜਾਣੋ ਕਿਵੇਂ?

ਸੰਤਰੇ ਦੀ ਫਾੜੀ ਖਾਂਦਿਆਂ ਖੱਟਾ ਮਹਿਸੂਸ ਕਰਦੀ ਕੁੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨ ਅਤੇ ਸਰੀਰ ਦਾ ਸੰਬੰਧ ਸਾਡੀ ਭੁੱਖ ਨੂੰ ਪ੍ਰਭਾਵਿਤ ਕਰ ਸਕਦਾ ਹੈ
    • ਲੇਖਕ, ਮੇਲਿਸਾ ਹੋਗਨਬੂਮ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਸਿਰਫ਼ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕੀ ਖਾਂਦੇ ਹੋ, ਬਲਕਿ ਇਸ ਵੀ ਰੱਖਦਾ ਹੈ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ।

ਮਨ ਅਤੇ ਸਰੀਰ ਦਾ ਸੰਬੰਧ ਸਾਡੀ ਭੁੱਖ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਅਸੀਂ ਜੋ ਖਾਧਾ ਹੈ ਉਸ ਬਾਰੇ ਸਾਡੀ ਉਮੀਦ ਦਿਮਾਗ਼ ਦੀ ਭੁੱਖ ਅਤੇ ਤ੍ਰਿਪਤੀ (ਸੰਤੁਸ਼ਟੀ) ਦੀ ਧਾਰਨਾ ਨੂੰ ਬਦਲ ਸਕਦੀ ਹੈ।

ਜੇ ਤੁਹਾਡੇ ਸਾਹਮਣੇ ਇੱਕ ਸਵਾਦ ਚਾਕਲੇਟ ਬਾਰ ਜਾਂ ਘੱਟ ਕੈਲੋਰੀ ਵਾਲਾ, ਕੁਦਰਤੀ ਤੌਰ 'ਤੇ ਮਿੱਠਾ ਬਦਲ ਰੱਖਿਆ ਜਾਵੇ, ਤਾਂ ਤੁਸੀਂ ਕਿਹੜਾ ਚੁਣੋਗੇ?

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਤਰਕਸੰਗਤ ਤੌਰ 'ਤੇ ਜਾਣਦੇ ਹਨ ਕਿ ਸਾਨੂੰ ਦੂਜਾ ਬਦਲ ਚੁਣਨਾ ਚਾਹੀਦਾ ਹੈ, ਪਰ ਸਵਾਦਲੀ ਟ੍ਰੀਟ ਤੋਂ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ।

ਇਸ ਕਰਕੇ ਉਹ ਲੋਕ ਜਿਹੜੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਡਾਈਟ 'ਤੇ ਕਾਇਮ ਰਹਿਣਾ ਔਖਾ ਹੋ ਜਾਂਦਾ ਹੈ।

ਅਸੀਂ ਜ਼ਿਆਦਾ ਊਰਜਾ ਵਾਲੇ ਅਤੇ ਮਿੱਠੇ ਖਾਣਿਆਂ ਦੀ ਇੱਛਾ ਰੱਖਣ ਲਈ ਜੈਨੇਟਿਕ ਤੌਰ 'ਤੇ ਬਣੇ ਹੋਏ ਹਾਂ, ਕਿਉਂਕਿ ਸਾਡੇ ਪੁਰਖੇ ਕਦੇ ਇਨ੍ਹਾਂ 'ਤੇ ਹੀ ਨਿਰਭਰ ਕਰਦੇ ਸਨ।

ਇਸ ਚੁਣੌਤੀ ਨੂੰ ਹੋਰ ਵਧਾਉਂਦਾ ਹੈ ਸਾਡਾ ਵਾਤਾਵਰਣ, ਜਿੱਥੇ ਉੱਚ ਕੈਲੋਰੀ ਵਾਲੇ ਅਤੇ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਗਏ ਖਾਣੇ ਹਰ ਜਗ੍ਹਾ ਮੌਜੂਦ ਹਨ। ਜਦੋਂ ਅਸੀਂ ਇਹ ਖਾਂਦੇ ਹਾਂ, ਤਾਂ ਅਕਸਰ ਖਾਣ-ਪੀਣ ਦੀਆਂ ਆਦਤਾਂ ਬਾਰੇ ਦੋਸ਼ ਭਾਵਨਾ ਵੀ ਵਧ ਜਾਂਦੀ ਹੈ।

ਯੂਨੀਵਰਸਿਟੀ ਆਫ਼ ਮਿਸ਼ੀਗਨ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਐਸ਼ਲੀ ਗੀਅਰਹਾਰਡ ਕਹਿੰਦੀ ਹੈ, "ਅਲਟ੍ਰਾ-ਪ੍ਰੋਸੈਸਡ ਉਤਪਾਦ ਅਸਲ ਵਿੱਚ ਇੱਕ ਹੈਵੀ ਮੈਟਲ ਕਨਸਰਟ ਵਰਗੇ ਹੁੰਦੇ ਹਨ। ਇਹ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਹੋਰ ਸਭ ਕੁਝ ਦਬ ਜਾਵੇ। ਅਤੇ ਲੋਕਾਂ ਲਈ ਫਲ ਜਾਂ ਸਬਜ਼ੀ ਦੀ ਨਰਮ ਕਲਾਸੀਕਲ ਸੰਗੀਤ ਵਰਗੀ ਧੁਨ ਨੂੰ ਸੁਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।"

ਪਰ ਖੋਜ ਇਸ ਵਿਚਾਰ ਵੱਲ ਇਸ਼ਾਰਾ ਕਰਦੀ ਹੈ ਕਿ ਸਿਹਤਮੰਦ ਵਜ਼ਨ ਬਣਾਈ ਰੱਖਣ ਲਈ ਸਾਨੂੰ ਸਿਰਫ਼ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕੀ ਖਾਂਦੇ ਹਾਂ, ਸਗੋਂ ਭੋਜਨ ਬਾਰੇ ਸਾਡੀ ਸੋਚ ਵੀ ਮਹੱਤਵਪੂਰਨ ਹੈ। ਅਸਲ ਵਿੱਚ, ਖਾਣ-ਪੀਣ ਵਿੱਚ ਖੁਸ਼ੀ ਲੱਭਣ ਦੇ ਸਿਹਤ ਨੂੰ ਲਾਭ ਵੀ ਹੁੰਦੇ ਹਨ, ਕਿਉਂਕਿ ਅਸੀਂ ਜੋ ਖਾਧਾ ਹੈ ਉਸ ਬਾਰੇ ਸਾਡੀ ਉਮੀਦ ਹੀ ਸਾਡੀ ਭੁੱਖ ਨੂੰ ਪ੍ਰਭਾਵਿਤ ਕਰਦੀ ਹੈ।

ਸੰਤੁਸ਼ਟ ਨਾ ਕਰਨ ਵਾਲੇ 'ਸਿਹਤਮੰਦ' ਮਿਲਕਸ਼ੇਕ

ਦੋ ਵੱਖ ਵੱਖ ਇਨਸਾਨਾਂ ਦੇ ਹੱਥਾਂ ਵਿੱਚ ਫੜੇ ਹੋਏ ਮਿਲਕਸ਼ੇਕ ਦੇ ਦੋ ਗਲਾਸ , ਹੇਠਾਂ ਸੈਲਫ 'ਤੇ ਸਟ੍ਰਾਬਰੀਜ਼ ਪਈਆਂ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਰੋਕ ਟੋਕ ਵਾਲੀ ਮਾਨਸਿਕਤਾ ਤੁਹਾਡਾ ਭਾਰ ਓਨੀ ਤੇਜ਼ੀ ਨਾਲ ਘਟਣ ਨਹੀਂ ਦੇਵੇਗੀ'

15 ਸਾਲ ਪਹਿਲਾਂ ਪ੍ਰਕਾਸ਼ਿਤ ਇੱਕ ਮੰਨੇ-ਪ੍ਰਮੰਨੇ ਪ੍ਰਯੋਗ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਪਾਇਆ ਕਿ ਅਸੀਂ ਮੰਨਦੇ ਹਾਂ ਕਿ ਜੋ ਅਸੀਂ ਖਾ ਰਹੇ ਹਾਂ, ਉਹ ਸਾਡੇ ਸਰੀਰ ਦੀ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੀ ਮਨੋਵਿਗਿਆਨੀ ਆਲੀਆ ਕ੍ਰਮ ਦੀ ਅਗਵਾਈ ਵਾਲੀ ਟੀਮ ਨੇ ਦਰਸਾਇਆ ਕਿ ਜੇ ਭਾਗੀਦਾਰਾਂ ਨੂੰ ਇਹ ਵਿਸ਼ਵਾਸ ਸੀ ਕਿ ਉਹ ਇੱਕ ਬਹੁਤ ਸਵਾਦਲੇ ਅਤੇ ਉੱਚ ਕੈਲੋਰੀ ਵਾਲਾ ਮਿਲਕਸ਼ੇਕ ਪੀ ਰਹੇ ਹਨ, ਤਾਂ ਉਨ੍ਹਾਂ ਦੇ ਸਰੀਰ ਦੀ ਹਾਰਮੋਨਲ ਪ੍ਰਤੀਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਸੀ ਕਿ ਉਹ ਕੀ ਮੰਨ ਰਹੇ ਸਨ ਨਾ ਕਿ ਉਹ ਅਸਲ ਵਿੱਚ ਕਿੰਨੀ ਕੈਲੋਰੀ ਖਾ ਰਹੇ ਸਨ।

ਭਾਗੀਦਾਰਾਂ ਨੂੰ ਇੱਕੋ ਜਿਹਾ ਮਿਲਕਸ਼ੇਕ ਦਿੱਤਾ ਗਿਆ ਸੀ ਪਰ ਜਾਂ ਤਾਂ ਇਹ ਕਿਹਾ ਗਿਆ ਕਿ ਸਿਹਤਮੰਦ ਡ੍ਰਿੰਕ ਹੈ ਅਤੇ ਸਿਰਫ਼ 140 ਕੈਲੋਰੀਜ਼ ਸਨ ਅਤੇ ਜਾਂ ਇਹ ਕਿਹਾ ਗਿਆ ਕਿ ਇਹ 620 ਕੈਲੋਰੀਜ਼ ਵਾਲਾ ਮਿਲਕਸ਼ੇਕ ਸੀ। ਅਸਲ ਵਿੱਚ, ਇਸ ਵਿੱਚ 380 ਕੈਲੋਰੀਜ਼ ਸਨ।

ਜਦੋਂ ਭਾਗੀਦਾਰਾਂ ਨੇ ਵਿਸ਼ਵਾਸ ਕੀਤਾ ਕਿ ਉਹ ਜ਼ਿਆਦਾ ਕੈਲੋਰੀਜ਼ ਵਾਲਾ ਸ਼ੇਕ ਪੀ ਰਹੇ ਸਨ, ਤਾਂ ਉਨ੍ਹਾਂ ਨੇ ਭੁੱਖ ਵਾਲੇ ਹਾਰਮੋਨ ਘਰੇਲਿਨ ਵਿੱਚ ਤੇਜ਼ੀ ਨਾਲ ਕਮੀ ਮਹਿਸੂਸ ਕੀਤੀ। ਇਹ ਹਾਰਮੋਨ ਸਾਡੀ ਭੁੱਖ ਨਾਲ ਜੁੜਿਆ ਹੁੰਦਾ ਹੈ, ਜਦੋਂ ਅਸੀਂ ਭੁੱਖੇ ਹੁੰਦੇ ਹਾਂ ਇਹ ਵਧਦਾ ਹੈ ਅਤੇ ਜਦੋਂ ਢਿੱਡ ਭਰਿਆ ਹੁੰਦਾ ਹੈ ਇਹ ਘਟਦਾ ਹੈ।

ਪਰ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਸਿਹਤਮੰਦ ਸ਼ੇਕ ਪੀ ਰਹੇ ਸਨ, ਤਾਂ ਘਰੇਲਿਨ ਵਿੱਚ ਘੱਟ ਕਮੀ ਦੇਖਣ ਨੂੰ ਮਿਲੀ।

ਇਸ ਨਾਲ ਪਤਾ ਲੱਗਿਆ ਕਿ ਉਨ੍ਹਾਂ ਦੀ ਮਾਨਸਿਕਤਾ ਅਤੇ ਉਮੀਦਾਂ ਨੇ ਭੋਜਨ ਦੇ ਸਰੀਰ 'ਤੇ ਅਸਰ ਨੂੰ ਬਦਲ ਦਿੱਤਾ। ਆਲੀਆ ਕ੍ਰਮ ਕਹਿੰਦੇ ਹਨ, "ਇਹ ਵਿਸ਼ਵਾਸ ਕਰਨਾ ਕਿ ਤੁਸੀਂ ਲੋੜ ਮੁਤਾਬਕ ਖਾ ਰਹੇ ਹੋ, ਤੁਹਾਡੇ ਸਰੀਰ ਨੂੰ ਅਜਿਹੀ ਪ੍ਰਤੀਕਿਰਆ ਲਈ ਮਜਬੂਰ ਕਰਦਾ ਹੈ ਜਿਵੇਂ ਪੇਟ ਭਰ ਗਿਆ ਹੋਵੇ।"

"ਸਿਹਤਮੰਦ ਭਾਰ ਬਣਾਏ ਰੱਖਣ ਲਈ ਇਹ ਮਹੱਤਵਪੂਰਨ ਹੈ, ਕਿਉਂਕਿ ਘਰੇਲਿਨ ਸਾਡੇ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦਾ ਹੈ। ਜੇ ਅਸੀਂ ਪੇਟ ਭਰਿਆ ਹੋਇਆ ਮਹਿਸੂਸ ਨਹੀਂ ਕਰਦੇ ਅਤੇ ਸਾਡਾ ਮੈਟਾਬੋਲਿਜ਼ਮ ਸੁਸਤ ਹੋ ਜਾਂਦਾ ਹੈ, ਤਾਂ ਅਸੀਂ ਓਨੀ ਊਰਜਾ ਨਹੀਂ ਬਾਲ ਸਕਾਂਗੇ। ਇਸ ਲਈ ਖਾਣ ਪੀਣ ਵਿੱਚ ਬਹੁਤ ਜ਼ਿਆਦਾ ਸੰਜਮ ਜਾਂ ਰੋਕ ਟੋਕ ਵਾਲੀ ਮਾਨਸਿਕਤਾ ਸਿਹਤਮੰਦ ਵਜ਼ਨ ਬਣਾਏ ਰੱਖਣ 'ਤੇ ਉਲਟਾ ਅਸਰ ਪਾ ਸਕਦੀ ਹੈ।"

ਉਨ੍ਹਾਂ ਕਿਹਾ, "ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਖੰਡ, ਚਰਬੀ ਤੇ ਕੈਲੋਰੀਜ਼ ਦੀ ਮਾਤਰ ਘਟਾਉਂਦੇ ਹੋ, ਪਰ ਤੁਹਾਡੀ ਮਾਨਸਿਕਤਾ ਰੋਕ ਟੋਕ ਵਾਲੀ ਹੈ, ਤਾਂ ਇਹ ਤੁਹਾਡਾ ਭਾਰ ਓਨੀ ਤੇਜ਼ੀ ਨਾਲ ਘਟਣ ਨਹੀਂ ਦੇਵੇਗੀ।"

ਕ੍ਰਮ ਨੇ ਸਾਡਾ ਢਿੱਡ ਭਰਿਆ ਹੋਇਆ ਮਹਿਸੂਸ ਕਰਨ ਦੀ ਜੈਨੇਟਿਕ ਪ੍ਰਵਿਰਤੀ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਪਾਏ ਹਨ। ਜਿਨ੍ਹਾਂ ਵਿਅਕਤੀਆਂ ਨੂੰ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਵਿੱਚ ਅਜਿਹੇ ਜੀਨ ਹਨ ਜੋ ਉਨ੍ਹਾਂ ਨੂੰ ਜਲਦੀ ਰੱਜਿਆ ਹੋਇਆ ਮਹਿਸੂਸ ਕਰਵਾਉਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਭਾਰ ਨੂੰ ਨਿਯੰਰਤਰਿਤ ਕਰਨ ਵਾਲਾ ਹਾਰਮੋਨ GLP-1 ਜ਼ਿਆਦਾ ਮਾਤਰਾ ਵਿੱਚ ਪੈਦਾ ਹੋਇਆ। ਭਾਵੇਂ ਅਸਲ ਵਿੱਚ ਉਨ੍ਹਾਂ ਅੰਦਰ ਉਹ ਜੀਨ ਨਹੀਂ ਸਨ।

ਲੇਬਲਿੰਗ ਕਿਉਂ ਅਹਿਮੀਅਤ ਰੱਖਦੀ ਹੈ?

ਚਾਕਲੇਟ ਸ਼ੇਕ ਜਿਹੀ ਕੋਈ ਚੀਜ਼ ਹੱਥ ਵਿੱਚ ਫੜੀ ਪਾਰਕ ਵਿੱਚ ਬੈਠਾ ਆਦਮੀ ਜਿਸ ਦੇ ਚਿਹਰੇ 'ਤੇ ਮੁਸਕਰਾਹਟ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ 'ਖਾਣ ਵੇਲੇ ਵਰਤਿਆ ਬਹੁਤ ਸੰਜਮ ਬਾਅਦ ਵਿੱਚ ਜ਼ਿਆਦਾ ਖਾਣ ਦਾ ਕਾਰਨ ਬਣ ਸਕਦਾ ਹੈ'

ਲੇਬਲਿੰਗ ਵੀ ਫਰਕ ਪਾਉਂਦੀ ਹੈ। ਇੱਕ ਹੋਰ ਅਧਿਐਨ ਵਿੱਚ, ਭਾਗੀਦਾਰਾਂ ਨੂੰ ਇੱਕ ਪ੍ਰੋਟੀਨ ਬਾਰ ਖਾਣ ਲਈ ਕਿਹਾ ਗਿਆ ਜਿਸ ਉੱਤੇ ਜਾਂ ਤਾਂ 'ਸਵਾਦ' ਜਾਂ 'ਸਿਹਤਮੰਦ' ਲਿਖਿਆ ਹੋਇਆ ਸੀ, ਪਰ ਦੋਹਾਂ ਵਿੱਚ ਪੌਸ਼ਟਿਕ ਤੱਤ ਇੱਕੋ ਜਿਹੇ ਸਨ। ਭਾਗੀਦਾਰਾਂ ਦੇ ਤੀਜੇ ਸਮੂਹ ਨੂੰ ਸਿਰਫ਼ ਉਸ ਬਾਰ ਦੀ ਦਿੱਖ ਨੂੰ ਰੇਟ ਕਰਨ ਲਈ ਕਿਹਾ ਗਿਆ ਸੀ।

'ਸਿਹਤਮੰਦ' ਲੇਬਲ ਵਾਲੀ ਬਾਰ ਖਾਣ ਤੋਂ ਬਾਅਦ ਭਾਗੀਦਾਰਾਂ ਨੇ ਦੱਸਿਆ ਨੇ ਉਹ ਘੱਟ ਸੰਤੁਸ਼ਟ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜ਼ਿਆਦਾ ਭੁੱਖ ਲੱਗੀ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਦੂਜੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਭੋਜਨ ਖਾਧਾ ਜਿਨ੍ਹਾਂ ਨੇ ਬਾਰ ਨਹੀਂ ਖਾਧੀ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ 'ਸਿਹਤਮੰਦ' ਲੇਬਲ ਸਵਾਦ ਜਾਂ ਆਨੰਦ ਦੀ ਉਮੀਦ ਘਟਾ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਸਿਹਤਮੰਦ ਲੇਬਲ ਵਾਲੇ ਭੋਜਨ ਸਾਨੂੰ ਘੱਟ ਸੰਤੁਸ਼ਟ ਕਰਦੇ ਹਨ।

ਪੌਸ਼ਟਿਕ ਭੋਜਨ ਦੇ ਸਵਾਦ ਅਤੇ ਆਨੰਦ 'ਤੇ ਜ਼ੋਰ ਦੇ ਕੇ ਕੀਤੀ ਲੇਬਲਿੰਗ ਕਰਨ ਨਾਲ ਵੀ ਲੋਕਾਂ ਵਿੱਚ ਉਨ੍ਹਾਂ ਭੋਜਨਾਂ ਦਾ ਆਨੰਦ ਲੈਣ ਦੀ ਸੰਭਾਵਨਾ ਵਧਦੀ ਦੇਖੀ ਗਈ। ਇਸੇ ਤਰ੍ਹਾਂ, ਉਹ ਵਿਅਕਤੀ ਜੋ ਚਾਕਲੇਟ ਕੇਕ ਜਿਹੀ ਕੋਈ ਆਨੰਦਮਈ ਚੀਜ਼ ਖਾਣ ਬਾਅਦ ਦੋਸ਼ੀ ਮਹਿਸੂਸ ਕਰਦੇ ਹਨ, ਉਨ੍ਹਾਂ ਵਿੱਚ ਭਾਰ ਘਟਾਉਣ ਵਿੱਚ ਘੱਟ ਸਫਲਤਾ ਦੇਖੀ ਗਈ ਹੈ

ਕੁੱਲ ਮਿਲਾ ਕੇ, ਇਹ ਖੋਜ ਉਨ੍ਹਾਂ ਲਈ ਅਹਿਮ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ। ਜਿਵੇਂ ਕਿ ਮੇਰੇ ਸਹਿਯੋਗੀ ਡੇਵਿਡ ਰੌਬਸਨ ਨੇ ਆਪਣੀ ਕਿਤਾਬ 'ਦ ਐਕਸਪੈਕਟੇਸ਼ਨ ਇਫੈਕਟ' ਵਿੱਚ ਡੂੰਘਾਈ ਨਾਲ ਦੱਸਿਆ ਹੈ ਕਿ ਆਪਣੇ ਆਪ ਨੂੰ ਕਿਸੇ ਮਨਪਸੰਦ ਚੀਜ਼ ਤੋਂ ਵਾਂਝਾ ਰੱਖਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁੱਲ ਮਿਲਾ ਕੇ ਘੱਟ ਕੈਲੋਰੀਜ਼ ਖਾਓਗੇ। ਅਸਲ ਵਿੱਚ, ਖਾਣ ਵਿੱਚ ਵਰਤਿਆ ਬਹੁਤ ਸੰਜਮ ਬਾਅਦ ਵਿੱਚ ਜ਼ਿਆਦਾ ਖਾਣ ਦਾ ਕਾਰਨ ਬਣ ਸਕਦਾ ਹੈ।

ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨੀ ਆਲੀਆ ਕ੍ਰਮ ਕਹਿੰਦੇ ਹਨ ਕਿ ਇਹ ਵਿਸ਼ਵਾਸ ਕਰਨਾ ਕਿ ਤੁਸੀਂ ਲੋੜ ਮੁਤਾਬਕ ਖਾ ਰਹੇ ਹੋ, ਤੁਹਾਡੇ ਸਰੀਰ ਨੂੰ ਅਜਿਹੀ ਪ੍ਰਤੀਕਿਰਆ ਲਈ ਮਜਬੂਰ ਕਰਦਾ ਹੈ ਜਿਵੇਂ ਉਸ ਦਾ ਪੇਟ ਭਰ ਗਿਆ ਹੋਵੇ।

ਕ੍ਰਮ ਕਹਿੰਦੇ ਹਨ ਕਿ ਭੋਜਨ ਲਈ ਅਜਿਹੇ ਸ਼ਬਦਾਂ ਜਿਵੇਂ ਕਿ 'ਲਾਈਟ', 'ਲੋਅ', 'ਰਿਡਿਊਸਡ' ਦੀ ਵਰਤੋਂ ਕਰਨ ਤੋਂ ਬਚ ਸਕਦੇ ਹਾਂ ਜੋ ਵਾਂਝੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਉਹ ਕਹਿੰਦੇ ਹਨ, "ਇਹ ਮਾਨਸਿਕਤਾ ਕਿ ਤੁਹਾਨੂੰ ਲੋੜ ਮੁਤਾਬਕ ਖੁਰਾਕ ਨਹੀਂ ਮਿਲ ਰਹੀ, ਅਸਲ ਵਿੱਚ ਡਾਈਟਿੰਗ ਦੇ ਫ਼ਾਇਦਿਆਂ ਨੂੰ ਖ਼ਤਮ ਕਰ ਸਕਦੀ ਹੈ।"

ਗੀਅਰਹਾਰਡ ਵੀ ਸਹਿਮਤੀ ਜਤਾਉਂਦੇ ਹਨ ਅਤੇ ਕਹਿੰਦੇ ਹਨ ਕਿ ਸਿਰਫ਼ ਪੌਸ਼ਟਿਕ ਤੱਤਾਂ ਅਤੇ ਕੈਲੋਰੀਜ਼ 'ਤੇ ਧਿਆਨ ਦੇਣ ਦੀ ਬਜਾਏ ਭੋਜਨ ਨੂੰ ਆਨੰਦ ਲੈਣ ਵਾਲੀ ਚੀਜ਼ ਵਜੋਂ ਦੇਖਣਾ ਸਾਡੇ ਲਈ ਫਾਇਦੇਮੰਦ ਹੋਵੇਗਾ। ਉਹ ਕਹਿੰਦੇ ਹਨ, "ਜਦੋਂ ਅਸੀਂ ਖ਼ੁਦ ਨੂੰ ਸੀਮਤ ਕਰ ਲੈਂਦੇ ਹਾਂ ਤਾਂ ਇਹ ਇੱਕ ਬੋਝ ਜਾਂ ਸਿਰਫ਼ ਕੰਮ ਬਣ ਸਕਦਾ ਹੈ।"

ਗੀਅਰਹਾਰਡ ਮੁਤਾਬਕ ਸਾਨੂੰ ਇਸ ਦੀ ਬਜਾਏ, ਬਿਨ੍ਹਾਂ ਪ੍ਰੌਸੈਸ ਕੀਤੇ ਭੋਜਨਾਂ ਜਿਸ ਵਿੱਚ ਪ੍ਰੋਟੀਨ ਅਤੇ ਭਰਪੂਰ ਫਲ ਤੇ ਸਬਜ਼ੀਆਂ ਸ਼ਾਮਲ ਹਨ, 'ਤੇ ਧਿਆਨ ਦੇਣ ਦੀ ਲੋੜ ਹੈ। ਮਨੁੱਖੀ ਸਰੀਰ ਨੂੰ ਇਨ੍ਹਾਂ ਚੀਜ਼ਾਂ ਤੋਂ ਹੀ ਪੋਸ਼ਣ ਲੈਣ ਅਤੇ ਇਨ੍ਹਾਂ ਨੂੰ ਹੀ ਸੰਤੁਸ਼ਟੀਦਾਇਕ ਅਤੇ ਆਕਰਸ਼ਕ ਮੰਨਣ ਲਈ ਬਣਾਇਆ ਗਿਆ ਸੀ।

ਅਲਟਰਾ ਪ੍ਰੌਸੈਸਡ ਭੋਜਨਾਂ ਨੂੰ ਘਟਾਉਣਾ ਵੀ ਇਸ ਵਿੱਚ ਮਦਦ ਕਰੇਗਾ ਕਿਉਂਕਿ ਉਹ ਸਾਨੂੰ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਦਿੰਦੇ ਅਤੇ ਹੋਰ ਖਾਣ ਦੀ ਲਾਲਸਾ ਪੈਦਾ ਕਰਦੇ ਹਨ।

ਕ੍ਰਮ ਕਹਿੰਦੇ ਹਨ ਕਿ ਅਸੀਂ ਅਜਿਹਾ ਆਨੰਦਮਈ ਮਾਨਸਿਕਤਾ ਨਾਲ ਵੀ ਕਰ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਸੰਜਮ 'ਤੇ ਧਿਆਨ ਦੇਣ ਦੀ ਬਜਾਏ ਇਹ ਯਕੀਨੀ ਬਣਾਉਣਾ ਕਿ ਤੁਹਾਡੇ ਸਰੀਰ ਨੂੰ ਉਹੀ ਮਿਲ ਰਿਹਾ ਹੈ ਜਿਸ ਦੀ ਉਸ ਨੂੰ ਲੋੜ ਹੈ। ਕ੍ਰਮ ਕਹਿੰਦੇ ਹਨ, "ਖ਼ੁਦ 'ਤੇ ਅਤੇ ਆਪਣੇ ਸਰੀਰ 'ਤੇ ਭਰੋਸਾ ਰੱਖੋ ਕਿ ਉਹ ਸਹੀ ਸਮੇਂ ਸਹੀ ਚੀਜ਼ਾਂ ਦੀ ਭੁੱਖ ਮਹਿਸੂਸ ਕਰੇਗਾ।"

ਸੰਤੁਲਿਤ ਭੋਜਨ ਦੇ ਨਾਲ ਕਦੇ ਕਦਾਈਂ ਆਪਣੀ ਪਸੰਦ ਦਾ ਖਾਣਾ ਅਤੇ ਉਸ ਦਾ ਆਨੰਦ ਲੈਣਾ ਸਿਹਤਮੰਦ ਭਾਰ ਬਣਾਈ ਰੱਖਣ ਵਿੱਚ ਸਪਸ਼ਟ ਰੂਪ 'ਚ ਭੂਮਿਕਾ ਨਿਭਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)