ਰਣਵੀਰ ਸਿੰਘ 'ਤੇ ਕਿਹੜਾ ਬੈਨ ਲੱਗਿਆ, ਫਰਹਾਨ ਅਖ਼ਤਰ ਰਣਵੀਰ ਤੋਂ ਕਿਹੜੇ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਹੇ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਚਾਰ ਲੱਖ ਤੋਂ ਜ਼ਿਆਦਾ ਮੈਂਬਰ ਅਦਾਕਾਰ ਰਣਵੀਰ ਸਿੰਘ ਨਾਲ ਕੰਮ ਨਹੀਂ ਕਰਨਗੇ।

ਸੰਗਠਨ ਦਾ ਇਹ ਫ਼ੈਸਲਾ ਆਖਰੀ ਸਮੇਂ ਫ਼ਿਲਮ ਡੌਨ-3 ਤੋਂ ਰਣਵੀਰ ਸਿੰਘ ਦੇ ਬਾਹਰ ਹੋਣ ਬਾਅਦ ਆਇਆ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਇਹ ਫ਼ਿਲਮ ਪਿਛਲੇ ਤਿੰਨ ਸਾਲ ਤੋਂ ਬਣ ਰਹੀ ਸੀ।

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫਡਬਲਿਊਯੂਆਈਸੀਈ) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਉਦਯੋਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਕਲਾਕਾਰਾਂ ਅਤੇ ਟੈਕਨੀਸ਼ਅਨਾਂ ਦਾ ਸੰਗਠਨ ਹੈ।

ਫ਼ਿਲਮ ਨਿਰਮਾਤਾ ਨਿਰਦੇਸ਼ਕ ਫਰਹਾਨ ਅਖਤਰ ਅਤੇ ਉਨ੍ਹਾਂ ਦੇ ਪਾਰਟਨਰ ਰਿਤੇਸ਼ ਸ਼ਿਧਵਾਨੀ ਨੇ ਰਣਵੀਰ ਸਿੰਘ ਖ਼ਿਲਾਫ਼ ਇੰਡੀਅਨ ਫ਼ਿਲਮ ਐਂਡ ਟਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ ਸੀ। ਇਸ ਤੋਂ ਬਾਅਦ ਐਸੋਸੀਏਸ਼ਨ ਨੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਲਈ ਇਸ ਨੂੰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੂੰ ਭੇਜ ਦਿੱਤਾ ਸੀ।

ਇਸ ਤੋਂ ਬਾਅਦ ਇਸ ਸਾਰੇ ਵਿਵਾਦ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਰਣਵੀਰ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਉਨ੍ਹਾਂ ਨੇ ਕਦੇ ਜਨਤਕ ਤੌਰ 'ਤੇ ਪ੍ਰਤੀਕਿਰਿਆ ਦੇਣਾ ਜਾਂ ਕਿਸੇ ਤਰ੍ਹਾਂ ਦੀਆਂ ਅਟਕਲਾਂ ਨੂੰ ਵਧਾਵਾ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਦਾ ਧਿਆਨ ਆਪਣੇ ਕੰਮ ਅਤੇ ਅੱਗੇ ਦੀਆਂ ਵਚਨਬੱਧਤਾਵਾਂ 'ਤੇ ਕੇਂਦਰਿਤ ਹੈ।"

ਡੌਨ-3 ਫਰੈਂਚਾਈਜ਼ੀ ਦੀ ਤੀਜੀ ਫ਼ਿਲਮ ਹੋਣ ਵਾਲੀ ਸੀ। ਇਸ ਵਿੱਚ ਨਵੇਂ ਚਿਹਰਿਆਂ ਵਜੋਂ ਰਣਵੀਰ ਸਿੰਘ ਨੂੰ ਲਿਆ ਗਿਆ ਸੀ। ਫ਼ਿਲਮ ਦੀ ਸ਼ੂਟਿੰਗ ਹਾਲੇ ਸ਼ੁਰੂ ਨਹੀਂ ਹੋਈ ਸੀ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਪ੍ਰੀ-ਪ੍ਰੋਡਕਸ਼ਨ ਗੇੜ ਵਿੱਚ ਹੁਣ ਤੱਕ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਚੁੱਕੇ ਹਨ।

ਫੈਡਰੇਸ਼ਨ ਨੇ ਕੀ ਕਿਹਾ ?

ਫੈਡਰੇਸ਼ਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਮੁੰਬਈ ਵਿੱਚ ਮੀਡੀਆ ਨੂੰ ਕਿਹਾ, "11 ਅਪ੍ਰੈਲ ਨੂੰ ਫਰਹਾਨ ਅਖਤਰ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਸ਼ੂਟਿੰਗ ਲਈ ਯੁਨਿਟ ਦੇ ਰਵਾਨਾ ਹੋਣ ਤੋਂ ਤਿੰਨ ਹਫਤੇ ਪਹਿਲਾਂ ਰਣਵੀਰ ਨੇ ਫ਼ਿਲਮ ਛੱਡ ਦਿੱਤੀ।"

ਇਸ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਨਿਰਦੇਸ਼ਕ ਸਮੇਤ ਡੌਨ-3 ਦੀ ਟੀਮ ਨਾਲ ਗੱਲਬਾਤ ਕੀਤੀ।

ਅਸ਼ੋਕ ਪੰਡਿਤ ਨੇ ਕਿਹਾ, "ਉਨ੍ਹਾਂ ਨੇ ਦੋ ਘੰਟੇ ਤੱਕ ਪੂਰੀ ਘਟਨਾ ਦੱਸੀ। ਉਨ੍ਹਾਂ ਨੇ ਪ੍ਰੀ-ਪ੍ਰੋਡਕਸ਼ਨ 'ਤੇ ਹੋਏ ਖ਼ਰਚਿਆਂ ਦਾ ਬਿਓਰਾ ਵੀ ਪੇਸ਼ ਕੀਤਾ, ਜਿਨ੍ਹਾਂ ਦਾ ਹਿਸਾਬ-ਕਿਤਾਬ ਅਤੇ ਆਡਿਟ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੋ ਸੌ ਤੋਂ ਜ਼ਿਆਦਾ ਕਰਮਚਾਰੀਆਂ ਲਈ ਹੋਟਲ, ਲੋਕੇਸ਼ਨ ਅਤੇ ਵਿਦੇਸ਼ ਯਾਤਰਾ ਦੀ ਬੁਕਿੰਗ ਹੈ। ਸਭ ਕੁਝ ਦਸਤਾਵੇਜ਼ਾਂ ਵਿੱਚ ਦਰਜ ਹੈ। ਕੁਝ ਵੀ ਸੁਣੀ-ਸੁਣਾਈ ਗੱਲ ਨਹੀਂ ਹੈ।"

ਇਸ ਪ੍ਰੌਜੈਕਟ ਨੂੰ ਵਿੱਤੀ ਸਹਾਇਤਾ ਦੇ ਰਹੀ ਐਕਸਲ ਐਂਟਰਟੇਨਮੈਂਟ ਨੇ ਰਣਵੀਰ ਸਿੰਘ ਤੋਂ ਪ੍ਰੀ-ਪ੍ਰੋਡਕਸ਼ਨ 'ਤੇ ਹੋਏ ਖ਼ਰਚ ਦੇ ਨੁਕਸਾਨ ਦੀ ਭਰਪਾਈ ਵਜੋਂ 45 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਫੈਡਰੇਸ਼ਨ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ ਪਰ ਹਰ 10 ਦਿਨ ਬਾਅਦ ਤਿੰਨ ਵਾਰ ਯਾਦ ਦਵਾਉਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਫੈਡਰੇਸ਼ਨ ਦੇ ਪ੍ਰਧਾਨ ਬੀਐਨ ਤਿਵਾਰੀ ਨੇ ਕਿਹਾ, "ਅਸੀਂ ਇੰਡਸਟਰੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕੋਈ ਸੁਪਰਸਟਾਰ ਕਾਨੂੰਨ ਤੋਂ ਵੱਡਾ ਨਹੀਂ ਹੈ। ਜਦੋਂ ਤੱਕ ਉਹ ਨਿੱਜੀ ਤੌਰ 'ਤੇ ਸਾਨੂੰ ਮਿਲਣ ਦਾ ਫ਼ੈਸਲਾ ਨਹੀਂ ਕਰਦੇ, ਉਦੋਂ ਤੱਕ ਅਸੀਂ ਅਸਹਿਯੋਗ ਨਿਰਦੇਸ਼ ਜਾਰੀ ਰੱਖਾਂਗੇ।"

ਰਣਵੀਰ ਸਿੰਘ ਨੇ ਕੀ ਕਿਹਾ ?

ਇਸ ਵਿਵਾਦ ਵਿਚਕਾਰ ਰਣਵੀਰ ਸਿੰਘ ਦੇ ਅਧਿਕਾਰਤ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਦਾਕਾਰ ਫ਼ਿਲਮ ਇੰਡਸਟਰੀ ਅਤੇ ਡੌਨ ਫਰੈਂਚਾਇਜ਼ੀ ਨਾਲ ਜੁੜੇ ਸਾਰੇ ਲੋਕਾਂ ਦਾ ਬਹੁਤ ਸਨਮਾਨ ਕਰਦੇ ਹਨ।

ਬਿਆਨ ਵਿੱਚ ਕਿਹਾ ਗਿਆ ਕਿ ਡੌਨ-3 ਨਾਲ ਜੁੜੇ ਤਾਜ਼ਾ ਘਟਨਾਕ੍ਰਮ ਦੌਰਾਨ ਰਣਵੀਰ ਸਿੰਘ ਨੇ ਚੁੱਪ ਰਹਿਣਾ ਚੁਣਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੇਸ਼ੇਵਰ ਚਰਚਾਵਾਂ ਅਤੇ ਨਿੱਜੀ ਸੰਬੰਧਾਂ ਨੂੰ ਮਰਿਆਦਾ, ਪਰਿਪੱਕਤਾ ਅਤੇ ਆਪਸੀ ਸਤਿਕਾਰ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਮੇਂ ਨਾਲ ਕਈ ਤਰ੍ਹਾਂ ਦੀਆਂ ਅਟਕਲਾਂ ਅਤੇ ਦਾਅਵੇ ਸਾਹਮਣੇ ਆਏ, ਪਰ "ਉਨ੍ਹਾਂ ਨੇ ਕਦੇ ਜਨਤਕ ਤੌਰ 'ਤੇ ਪ੍ਰਤੀਕਿਰਿਆ ਦੇਣਾ ਜਾਂ ਕਿਸੇ ਤਰ੍ਹਾਂ ਦੀਆਂ ਅਟਕਲਾਂ ਨੂੰ ਵਧਾਵਾ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਦਾ ਧਿਆਨ ਆਪਣੇ ਕੰਮ ਅਤੇ ਅੱਗੇ ਦੀਆਂ ਵਚਨਬੱਧਤਾਵਾਂ 'ਤੇ ਕੇਂਦਰਿਤ ਹੈ।"

ਬੁਲਾਰੇ ਮੁਤਾਬਕ, ਰਣਵੀਰ ਸਿੰਘ ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਪ੍ਰਤੀ ਸਨਮਾਨ ਅਤੇ ਸ਼ੁੱਭ-ਕਾਮਨਾਵਾਂ ਰੱਖਦੇ ਹਨ ਅਤੇ ਫ੍ਰੈਂਚਾਈਜ਼ੀ ਦੀ ਸਫਲਤਾ ਦੀ ਕਾਮਨਾ ਕਰਦੇ ਹਨ।

ਕੀ ਹੈ ਵਿਵਾਦ ?

ਰਣਵੀਰ ਸਿੰਘ ਦੇ ਇਨਕਾਰ ਬਾਅਦ ਫਰਹਾਨ ਅਖਤਰ ਦੀ ਪ੍ਰੋਡਕਸ਼ਨ ਕੰਪਨੀ ਐਕਸੈਲ ਐਂਟਰਟੇਨਮੈਂਟ ਨੇ ਪ੍ਰੇਡਿਊਸਰਜ਼ ਗਿਲਡ ਆਫ ਇੰਡੀਆ ਨਾਲ ਸੰਪਰਕ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਆਖ਼ਰੀ ਵੇਲੇ ਪ੍ਰੌਜੈਕਟ ਛੱਡਣ ਨਾਲ ਕਰੀਬ 40 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਰਣਵੀਰ ਸਿੰਘ ਨੇ ਕਿਸ ਕਾਰਨ ਫ਼ਿਲਮ ਛੱਡੀ, ਇਸ ਬਾਰੇ ਫ਼ਿਲਹਾਲ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਹਾਲਾਂਕਿ, ਕੁਝ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਕ੍ਰਿਪਟ ਤੋਂ ਸੰਤੁਸ਼ਟ ਨਾ ਹੋਣ ਕਾਰਨ ਫ਼ਿਲਮ ਛੱਡ ਰਹੇ ਹਨ।

ਬਾਅਦ ਵਿੱਚ ਰਣਵੀਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਫਰਹਾਨ ਅਖਤਰ, ਰਿਤਿਕ ਰੌਸ਼ਨ ਨੂੰ ਫ਼ਿਲਮ ਵਿੱਚ ਲੈਣਾ ਚਾਹੁੰਦੇ ਸੀ ਹਾਲਾਂਕਿ ਧੁਰੰਧਰ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਦਾ ਫ਼ੈਸਲਾ ਬਦਲ ਗਿਆ।

ਕੁਝ ਦਿਨ ਪਹਿਲਾਂ ਰਿਤਿਕ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦਿਆਂ ਸਾਫ਼ ਕੀਤਾ ਸੀ ਕਿ ਉਨ੍ਹਾਂ ਨੂੰ ਡੌਨ-3 ਲਈ ਕਦੇ ਸੰਪਰਕ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਵੈਰਾਇਟੀ ਇੰਡੀਆ ਨੂੰ ਕਿਹਾ, "ਜੋ ਗੱਲ ਸਿਰਫ਼ ਅਫਵਾਹ ਵਜੋਂ ਸ਼ੁਰੂ ਹੋਈ ਸੀ, ਹੁਣ ਉਸ ਨੇ ਵੱਖਰਾ ਰੂਪ ਲੈ ਲਿਆ ਹੈ ਅਤੇ ਸੱਚਾਈ ਸਾਹਮਣੇ ਰੱਖਣਾ ਜ਼ਰੂਰੀ ਹੈ। ਮੈਂ ਸਾਫ਼ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਕਿਸੇ ਵੀ ਸਮੇਂ ਡੌਨ-3 ਲਈ ਸੰਪਰਕ ਨਹੀਂ ਕੀਤਾ ਗਿਆ। ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਬਿਨ੍ਹਾਂ ਪੁਸ਼ਟੀ ਵਾਲੇ ਦਾਅਵਿਆਂ ਤੋਂ ਦੂਰ ਰਹੋ।"

ਡੌਨ

ਸਾਲ 2023 ਵਿੱਚ ਐਲਾਨ ਹੋਇਆ ਸੀ ਕਿ ਰਣਵੀਰ ਸਿੰਘ ਡੌਨ ਦੀ ਤੀਜੀ ਫ਼ਿਲਮ ਵਿਚ ਮੁੱਖ ਕਿਰਦਾਰ ਨਿਭਾਉਣਗੇ।

ਫਰਹਾਨ ਅਖਤਰ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ, "ਇੱਕ ਨਵੇਂ ਦੌਰ ਦੀ ਸ਼ੁਰੂਆਤ।"

ਡੌਨ, ਸਾਲ 1978 ਦੀ ਕਲਾਸਿਕ ਫ਼ਿਲਮ ਹੈ, ਜਿਸ ਵਿੱਚ ਅਮਿਤਾਭ ਬਚਨ ਮੁੱਖ ਭੂਮਿਕਾ ਵਿੱਚ ਸਨ।

ਫ਼ਰਹਾਨ ਅਖਤਰ ਨੇ ਸਾਲ 2006 ਵਿੱਚ ਇਸ ਦਾ ਰੀਮੇਕ ਬਣਾਇਆ ਸੀ, ਜਿਸ ਵਿਚ ਸ਼ਾਹਰੁਖ ਖਾਨ ਲੀਂਡ ਰੋਲ ਵਿੱਚ ਨਜ਼ਰ ਆਏ ਸੀ।

ਸਾਲ 2011 ਵਿੱਚ ਉਨ੍ਹਾਂ ਨੇ ਇਸ ਦਾ ਸੀਕੁਅਲ ਡੌਨ-2 ਵੀ ਬਣਾਇਆ, ਜਿਸ ਵਿਚ ਸ਼ਾਹਰੁਖ ਖਾਨ ਹੀ ਮੁੱਖ ਭੂਮਿਕਾ ਵਿੱਚ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)