ਏਆਈ ਦਾ ਇਸਤੇਮਾਲ ਕਰ ਬਣਾਏ ਜਾ ਰਹੇ ਨਵੇਂ ਵਾਇਰਸ, ਮਨੁੱਖਤਾ ਲਈ ਇਹ ਉਪਲਬਧੀ ਕਿੰਨੀ ਲਾਹੇਵੰਦ ਅਤੇ ਕਿੰਨੀ ਖਤਰਨਾਕ

ਤਸਵੀਰ ਸਰੋਤ, Stanford University
- ਲੇਖਕ, ਜੇਮਜ਼ ਗੈਲੇਘਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਅਮਰੀਕੀ ਖੋਜਕਾਰਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਅਜਿਹੇ ਬਿਲਕੁਲ ਨਵੇਂ ਵਾਇਰਸ ਤਿਆਰ ਕੀਤੇ ਗਏ ਹਨ ਜੋ ਪੂਰੀ ਤਰ੍ਹਾਂ ਕਾਰਗਰ ਹਨ ਅਤੇ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ।
ਇਹ ਪਹਿਲੀ ਵਾਰ ਹੈ ਕਿ ਜਦੋਂ ਪੂਰੇ ਜੀਨੋਮ ਦੀ ਹੀ ਰਚਨਾ ਏਆਈ ਦੀ ਮਦਦ ਨਾਲ ਸਫਲਤਾਪੂਰਵਕ ਕੀਤੀ ਗਈ ਹੈ।
ਇਸ ਤਕਨੀਕ ਨਾਲ ਬਣਾਏ ਗਏ 16 ਨਵੇਂ ਵਾਇਰਸ ਬੈਕਟੀਰੀਆ ਨੂੰ ਸੰਕ੍ਰਮਿਤ ਕਰਨ ਲਈ ਤਿਆਰ ਕੀਤੇ ਗਏ ਹਨ ਅਤੇ ਇਹ ਮਨੁੱਖਾਂ ਲਈ ਕੋਈ ਖ਼ਤਰਾ ਪੈਦਾ ਨਹੀਂ ਕਰਦੇ।
ਇਸ ਉਪਲਬਧੀ ਨੂੰ ਵਿਗਿਆਨ ਵਿੱਚ ਇੱਕ "ਬਹੁਤ ਮਹੱਤਵਪੂਰਨ ਮੋੜ" ਕਰਾਰ ਦਿੱਤਾ ਗਿਆ ਹੈ, ਜੋ ਬਿਮਾਰੀਆਂ ਦੇ ਇਲਾਜ ਲਈ ਇੱਕ ਨਵੇਂ ਯੁੱਗ ਦਾ ਰਾਹ ਖੋਲ੍ਹ ਸਕਦੀ ਹੈ। ਹਾਲਾਂਕਿ, ਮਾਹਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਏਆਈ ਨਾਲ ਤਿਆਰ ਕੀਤੇ ਵਾਇਰਸ ਸੁਰੱਖਿਆ ਅਤੇ ਜੈਵ-ਸੁਰੱਖਿਆ ਨਾਲ ਜੁੜੀਆਂ ਜ਼ਰੂਰੀ ਚਿੰਤਾਵਾਂ ਵੀ ਪੈਦਾ ਕਰਦੇ ਹਨ।
ਏਆਈ ਆਧਾਰਿਤ ਟੂਲਜ਼ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਪਹਿਲਾਂ ਹੀ ਨਵੀਆਂ ਐਂਟੀਬਾਇਓਟਿਕ ਦਵਾਈਆਂ ਡਿਜ਼ਾਇਨ ਕੀਤੀਆਂ ਜਾ ਚੁੱਕੀਆਂ ਹਨ।
ਪਰ ਸ਼ੁਰੂਆਤ ਤੋਂ ਕਿਸੇ ਨਵੇਂ ਵਾਇਰਸ ਨੂੰ ਡਿਜ਼ਾਇਨ ਕਰਨਾ ਇਸ ਨਾਲੋਂ ਕਾਫ਼ੀ ਵੱਧ ਜਟਿਲ ਕੰਮ ਹੈ।
ਏਆਈ ਜ਼ਰੀਏ ਨਵੇਂ ਵਾਇਰਸ ਕਿਵੇਂ ਹੋ ਰਹੇ ਤਿਆਰ ?

ਤਸਵੀਰ ਸਰੋਤ, Getty Images
ਸਟੈਨਫੋਰਡ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬ੍ਰਾਇਨ ਹਾਈ ਨੇ ਬੀਬੀਸੀ ਨੂੰ ਦੱਸਿਆ, "ਜੈਨੇਰੇਟਿਵ ਏਆਈ ਦੀ ਮਦਦ ਨਾਲ ਡਿਜ਼ਾਇਨ ਕੀਤੀ ਜਾ ਸਕਣ ਵਾਲੀ ਜਟਿਲਤਾ ਦੇ ਪੱਧਰ ਵਿੱਚ ਇਹ ਅਗਲਾ ਕਦਮ ਹੈ। ਪਹਿਲੀ ਵਾਰ ਜੈਨੇਰੇਟਿਵ ਏਆਈ ਦਾ ਇਸਤੇਮਾਲ ਕਰਕੇ ਪੂਰਾ ਜੀਨੋਮ ਤਿਆਰ ਕੀਤਾ ਗਿਆ ਹੈ। ਇਹ ਅਜਿਹੀ ਚੀਜ਼ ਹੈ ਜੋ ਆਪਣੀ ਨਕਲ ਬਣਾ ਸਕਦੀ ਹੈ ਅਤੇ ਕੋਸ਼ਿਕਾਵਾਂ ਦੇ ਅੰਦਰ ਹੋਰ ਕੰਮ ਵੀ ਕਰ ਸਕਦੀ ਹੈ। ਸਾਡੇ ਲਈ ਇਹ ਬਿਲਕੁਲ ਨਵਾਂ ਖੇਤਰ ਸੀ।"
ਇਹ ਤਕਨੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਵੱਡੇ ਭਾਸ਼ਾਈ ਮਾਡਲ ਜਿਵੇਂ ਕਿ ਚੈਟਜੀਪੀਟੀ ਸ਼ਬਦਾਂ ਦੀ ਲੜੀ ਨੂੰ ਲੈ ਕੇ ਅਨੁਮਾਨ ਲਗਾਉਂਦੇ ਹਨ।
ਪਰ ਇਸ ਮਾਮਲੇ ਵਿੱਚ Evo1 ਅਤੇ Evo2 ਨਾਮ ਦੇ ਏਆਈ ਮਾਡਲ, ਸ਼ਬਦਾਂ ਦੀ ਨਹੀਂ, ਸਗੋਂ ਜੀਵਨ ਦੀ ਭਾਸ਼ਾ ਦਾ ਅਨੁਮਾਨ ਲਗਾਉਂਦੇ ਹਨ।
ਇਨ੍ਹਾਂ ਏਆਈ ਮਾਡਲਸ ਨੂੰ ਵਾਇਰਸ, ਬੈਕਟੀਰੀਆ, ਪੌਦਿਆਂ ਅਤੇ ਮਨੁੱਖਾਂ ਦੇ ਜੈਨੇਟਿਕ ਕੋਡ ਦੇ ਵਿਸ਼ਾਲ ਡਾਟਾ 'ਤੇ ਸਿਖਲਾਈ ਦਿੱਤੀ ਗਈ।
ਫਿਰ ਇਨ੍ਹਾਂ ਨੂੰ ਵਾਇਰਸ ਦੀ ਇੱਕ ਅਜਿਹੀ ਕਿਸਮ ਤਿਆਰ ਕਰਨ ਦੇ ਯੋਗ ਬਣਾਇਆ ਗਿਆ, ਜਿਸ ਨੂੰ ਬੈਕਟੀਰੀਓਫੇਜ ਕਿਹਾ ਜਾਂਦਾ, ਜੋ ਸਿਰਫ਼ ਬੈਕਟੀਰੀਆ ਦੀਆਂ ਖ਼ਾਸ ਕਿਸਮਾਂ ਨੂੰ ਹੀ ਸੰਕ੍ਰਮਿਤ ਕਰਦੇ ਹਨ।
ਬਿਮਾਰੀਆਂ ਨਾਲ ਨਜਿੱਠਣ ਵਿੱਚ ਕਿਵੇਂ ਹੋਵੇਗੀ ਮਦਦਗਾਰ ?

ਤਸਵੀਰ ਸਰੋਤ, Getty Images
ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਏਆਈ ਵੱਲੋਂ ਤਿਆਰ ਕੀਤੇ ਅਜਿਹੇ 302 ਡਿਜ਼ਾਇਨਾਂ ਦੀ ਚੋਣ ਕੀਤੀ ਜਿਨ੍ਹਾਂ ਤੋਂ ਨਜੀਤਿਆਂ ਦੀ ਉਮੀਦ ਸੀ। ਇਨ੍ਹਾਂ ਵਿੱਚੋਂ 16 ਡਿਜ਼ਾਇਨ ਅਜਿਹੇ ਸਨ ਜੋ ਈ. ਕੋਲਾਈ ਬੈਕਟੀਰੀਆ ਨੂੰ ਨਸ਼ਟ ਕਰਨ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ।
ਲੈਬ ਵਿੱਚ ਪੀਐੱਚਡੀ ਕਰ ਰਹੇ ਸੈਮੂਅਲ ਕਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰ ਦੇ ਸ਼ੁਰੂਆਤੀ ਕੁਝ ਘੰਟਿਆਂ ਵਿੱਚ ਹੀ ਅਹਿਸਾਸ ਹੋ ਗਿਆ ਸੀ ਕਿ ਇਹ ਫੇਜ ਕੰਮ ਕਰ ਰਹੇ ਹਨ।
ਫੇਜ ਨੂੰ ਪੈਟਰੀ ਡਿਸ਼ਿਸ ਵਿੱਚ ਰੱਖਿਆ ਗਿਆ, ਜਿੱਥੇ ਬੈਕਟੀਰੀਆ ਦੀ ਇੱਕ ਪਰਤ ਉਗਾਈ ਗਈ ਅਤੇ ਵਿਗਿਆਨੀ ਇਸ ਗੱਲ ਦੀ ਉਡੀਕ ਕਰ ਰਹੇ ਸਨ ਕਿ ਕੀ ਉਨ੍ਹਾਂ ਵੱਲੋਂ ਬਣਾਏ ਗਏ ਨਵੇਂ ਵਾਇਰਸ ਬੈਕਟੀਰੀਆ ਨੂੰ ਸੰਕ੍ਰਮਿਤ ਕਰਨਾ ਸ਼ੁਰੂ ਕਰਦੇ ਹਨ ?
ਸੈਮੂਅਲ ਕਿੰਗ ਨੇ ਕਿਹਾ, "ਸਾਨੂੰ ਪੈਟਰੀ ਡਿਸ਼ਾਂ ਵਿੱਚ ਸਾਫ਼-ਸਾਫ਼ ਧੱਬੇ ਦਿਖਾਈ ਦੇਣ ਲੱਗੇ ਅਤੇ ਇਹ ਪਲ ਸਾਡੇ ਲਈ ਬੇਹੱਦ ਰੋਮਾਂਚਕ ਸੀ।"
ਜਦੋਂ ਇਹ ਨਤੀਜੇ ਪੂਰੀ ਖੋਜ ਟੀਮ ਨਾਲ ਸਾਂਝੇ ਕੀਤੇ ਗਏ ਤਾਂ "ਕਮਰੇ ਵਿੱਚ ਮੌਜੂਦ ਹਰ ਵਿਅਕਤੀ ਉਤਸਾਹ ਨਾਲ ਭਰ ਗਿਆ।"
ਨਵੇਂ ਫੇਜ ਦਾ ਵਿਕਾਸ ਉਨ੍ਹਾਂ ਅਜਿਹੇ ਸੰਕ੍ਰਮਣਾਂ ਦੇ ਇਲਾਜ ਲਈ ਨਵੇਂ ਤਰੀਕੇ ਵਿਕਸਿਤ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਨ੍ਹਾਂ 'ਤੇ ਹੁਣ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਨਹੀਂ ਹੁੰਦਾ।
ਪਰ ਇਹ ਉਪਲਬਧੀ ਇਸ ਗੱਲ ਦਾ ਵੀ ਸੰਕੇਤ ਦਿੰਦੀ ਹੈ ਕਿ ਏਆਈ ਹੁਣ ਕੁਦਰਤੀ ਸੰਸਾਰ ਤੋਂ ਅੱਗੇ ਵੱਧ ਕੇ ਨਵੀਂ ਜੀਵ ਵਿਗਿਆਨਕ ਬਣਤਰ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਖੇਤਰ ਨੂੰ ਸਿੰਥੈਟਿਕ ਬਾਇਓਲੋਜੀ ਕਿਹਾ ਜਾਂਦਾ ਹੈ।
ਬ੍ਰਾਇਨ ਹਾਈ ਦਾ ਕਹਿਣਾ ਹੈ ਕਿ ਇਸ ਤਕਨੀਕ ਵਿੱਚ ਨਵੀਆਂ ਦਵਾਈਆਂ ਅਤੇ ਇਲਾਜ ਵਿਕਸਿਤ ਕਰਕੇ "ਮਨੁੱਖੀ ਸਿਹਤ ਵਿੱਚ ਵੱਡੇ ਪੱਧਰ 'ਤੇ ਸੁਧਾਰ ਲਿਆਉਣ ਦੀ ਸਮਰੱਥਾ" ਹੈ।
ਮਾਹਰਾਂ ਨੇ ਕੀ ਚੇਤਾਵਨੀ ਦਿੱਤੀ ਹੈ?

ਤਸਵੀਰ ਸਰੋਤ, Stanford University
ਹਾਲਾਂਕਿ, ਮਾਹਰਾਂ ਨੇ ਇਹ ਚਿੰਤਾ ਵੀ ਜਤਾਈ ਹੈ ਕਿ ਇਸੇ ਤਕਨੀਕ ਗਲਤ ਇਰਾਦੇ ਨਾਲ ਇਸਤੇਮਾਲ ਕਰ ਕੇ ਨਵੀਆਂ ਬਿਮਾਰੀਆਂ ਵੀ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਜਰਨਲ ਸਾਇੰਸ ਵਿੱਚ ਪ੍ਰਕਾਸ਼ਿਤ ਇਸ ਖੋਜ ਨਾਲ ਛਪੇ ਇੱਕ ਟਿੱਪਣੀ ਲੇਖ ਵਿੱਚ ਡਾ. ਥੌਮਸ ਇੰਗਲੇਸਬਾਏ ਅਤੇ ਡਾ. ਮੋਰਿਟਜ਼ ਹਾਂਕੇ, ਜੋ ਕਿ ਜੌਹਨਸ ਹੋਪਕਿੰਨਸ ਯੂਨੀਵਰਸਿਟੀ ਦੇ ਸੈਂਟਰ ਫਾਰ ਹੈਲਥ ਸਿਕਿਓਰਿਟੀ ਨਾਲ ਸਬੰਧ ਰੱਖਦੇ ਹਨ, ਨੇ ਲਿਖਿਆ ਕਿ ਇਹ ਖੋਜ "ਜੈਵਿਕ ਸੁਰੱਖਿਆ ਅਤੇ ਜੈਵ ਰੱਖਿਆ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।"
ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸਵਾਲ ਇਹ ਨਹੀਂ ਰਿਹਾ ਕਿ ਜੈਨੇਰੇਟਿਵ ਏਆਈ ਰਾਹੀਂ ਵਾਇਰਸਾਂ ਦੇ ਜੀਨੋਮ ਡਿਜ਼ਾਇਨ ਕੀਤੇ ਜਾ ਸਕਣਗੇ ਜਾਂ ਨਹੀਂ, ਸਗੋਂ ਇਹ ਹੈ ਕਿ ਕੀ ਇਸ ਤਕਨੀਕ ਨੂੰ ਇਸ ਤਰ੍ਹਾਂ ਵਰਤਿਆ ਜਾ ਸਕੇਗਾ ਕਿ ਇਸ ਨਾਲ ਕੋਈ ਗੰਭੀਰ ਨੁਕਸਾਨ ਨਾ ਹੋਵੇ।
ਉਦਾਹਰਣ ਵਜੋਂ, ਉਨ੍ਹਾਂ ਨੇ ਕਿਹਾ ਕਿ ਅਜਿਹੇ ਨਵੇਂ ਵਾਇਰਸ, ਜਿਨ੍ਹਾਂ ਵਿੱਚ ਬਿਮਾਰੀ ਫੈਲਾਉਣ ਦੀ ਸਮਰੱਥਾ ਹੋ ਸਕਦੀ ਹੈ, "ਉਨ੍ਹਾਂ ਦਾ ਵਿਕਾਸ ਨਹੀਂ ਕੀਤਾ ਜਾਣਾ ਚਾਹੀਦਾ।"
ਖੋਜਕਾਰਾਂ ਨੇ ਖੁਦ ਵੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਏਆਈ ਨੂੰ ਸਿਖਲਾਈ ਲਈ ਦਿੱਤੇ ਗਏ ਡਾਟਾਬੇਸ ਵਿੱਚ ਉਹ ਵਾਇਰਸ ਸ਼ਾਮਿਲ ਨਹੀਂ ਕੀਤੇ ਜੋ ਮਨੁੱਖਾਂ ਜਾਂ ਹੋਰ ਜਟਿਲ ਜੀਵਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਇਹ ਖੋਜ ਮਨੁੱਖਾਂ ਨੂੰ ਸੰਕ੍ਰਮਿਤ ਕਰਨ ਵਾਲੇ ਵਾਇਰਸਾਂ ਦੀ ਥਾਂ ਬੈਕਟੀਰੀਓਫੇਜ (ਫੇਜ) 'ਤੇ ਕੀਤੀ ਗਈ ਅਤੇ ਸਾਰਾ ਕੰਮ ਇੱਕ ਸੁਰੱਖਿਅਤ ਪ੍ਰਯੋਗਸ਼ਾਲਾ ਵਿੱਚ ਕੀਤਾ ਗਿਆ।
ਬ੍ਰਾਇਨ ਹਾਈ ਦਾ ਕਹਿਣਾ ਹੈ ਕਿ ਮੌਜੂਦਾ ਸੁਰੱਖਿਆ ਉਪਾਅ ਹੀ ਇਸ ਗੱਲ ਨੂੰ ਕਾਫ਼ੀ ਹੱਦ ਤੱਕ ਯਕੀਨੀ ਬਣਾਉਂਦੇ ਹਨ ਕਿ "ਇਸ ਤਕਨੀਕ ਦੀ ਵਰਤੋਂ ਭਲਾਈ ਲਈ ਹੀ ਹੋਵੇ।"
ਕੰਪਿਊਟਰ ਬਿਟਸ ਤੋਂ ਲੈ ਕੇ ਐਟਮਸ ਤੱਕ

ਤਸਵੀਰ ਸਰੋਤ, Getty Images
ਵਾਇਰਸ ਜੀਵਿਤ ਨਹੀਂ ਹੁੰਦੇ ਅਤੇ ਏਆਈ ਵੱਲੋਂ ਪੂਰੀ ਤਰ੍ਹਾਂ ਜੀਵਿਤ ਜੀਵ ਬਣਾਉਣ ਲਈ ਅਜੇ ਇੱਕ ਹੋਰ ਵੱਡੀ ਵਿਗਿਆਨਕ ਪੁਲਾਂਘ ਦੀ ਲੋੜ ਹੋਵੇਗੀ।
ਇਸ ਖੋਜ ਵਿੱਚ ਵਰਤੇ ਗਏ ਫੇਜ ਦਾ ਜੈਨੇਟਿਕ ਕੋਡ ਲਗਭਗ 5,400 ਬੇਸ ਪੇਅਰਸ (ਅੱਖਰ) ਜਿੰਨਾ ਲੰਬਾ ਹੈ। ਇਸ ਦੇ ਮੁਕਾਬਲੇ, ਕਿਸੇ ਜੀਵਿਤ ਸੈੱਲ ਦਾ ਸਭ ਤੋਂ ਛੋਟਾ ਜੀਨੋਮ ਲਗਭਗ 5 ਲੱਖ ਬੇਸ ਪੇਅਰਸ ਦਾ ਹੁੰਦਾ ਹੈ, ਜਦੋਂਕਿ ਮਨੁੱਖੀ ਜੀਨੋਮ ਵਿੱਚ ਕਰੀਬ 3 ਬਿਲੀਅਨ ਬੇਸ ਪੇਅਰ ਹੁੰਦੇ ਹਨ।
ਬ੍ਰਾਇਨ ਹਾਈ ਨੇ ਕਿਹਾ ਕਿ ਸਧਾਰਨ ਜੀਵਾਂ ਨੂੰ ਏਆਈ ਦੀ ਮਦਦ ਨਾਲ ਡਿਜ਼ਾਇਨ ਕਰਨ ਦੀ ਕੋਸ਼ਿਸ਼ ਲਈ "ਕਾਫ਼ੀ ਮਿਹਨਤ ਕਰਨੀ ਪਵੇਗੀ, ਪਰ ਇਹ ਅਸੰਭਵ ਨਹੀਂ ਹੈ।" ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ "ਇਸ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਯਕੀਨੀ ਤੌਰ 'ਤੇ ਦਿਲਚਸਪੀ ਰੱਖਦੀ ਹੈ।"

ਪ੍ਰੋ. ਮਾਰਕ ਗੁਏਲ, ਜੋ ਸਪੇਨ ਦੀ ਪੋਮਪੇਉ ਫਾਬਰਾ ਯੂਨੀਵਰਸਿਟੀ ਦੀ ਸਿੰਥੈਟਿਕ ਬਾਇਓਲੋਜੀ ਲੈਬ ਨਾਲ ਜੁੜੇ ਹਨ, ਨੇ ਇਸ ਅਧਿਐਨ ਨੂੰ "ਬਹੁਤ ਮਹੱਤਵਪੂਰਨ ਮੋੜ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ "ਇਤਿਹਾਸ ਵਿੱਚ ਪਹਿਲੀ ਵਾਰ ਅਸੀਂ ਕੰਪਿਊਟਰ 'ਤੇ ਜੀਵ ਵਿਗਿਆਨ ਦੀ ਡਿਜ਼ਾਇਨਿੰਗ ਕਰਨੀ ਸ਼ੁਰੂ ਕਰ ਰਹੇ ਹਾਂ।"
ਉਨ੍ਹਾਂ ਦੇ ਮੁਤਾਬਕ, ਇਹ ਤਕਨੀਕ ਮਨੁੱਖਤਾ ਦੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਆਂ ਸੰਭਾਵਨਾਵਾਂ ਦੇਖਣ ਦਾ ਮੌਕਾ ਦਿੰਦੀ ਹੈ, ਜਿਵੇਂ ਕਿ ਬਿਮਾਰੀਆਂ ਦੇ ਇਲਾਜ ਲਈ ਫੇਜ ਤਿਆਰ ਕਰਨਾ, ਜੈਨੇਟਿਕ ਬਿਮਾਰੀਆਂ ਦੇ ਇਲਾਜ ਲਈ ਐਨਜ਼ਾਈਮ ਵਿਕਸਿਤ ਕਰਨਾ ਅਤੇ ਇਮਿਊਨੋਥੈਰੇਪੀ ਵਿੱਚ ਵਰਤੀਆਂ ਜਾਣ ਵਾਲੀਆਂ ਐਂਟੀਬਾਡੀ ਤਿਆਰ ਕਰਨਾ।
ਪੈਟ੍ਰਿਕ ਕਾਈ, ਜੋ ਮੈਨਚੈਸਟਰ ਇੰਸਟੀਚਿਊਟ ਆਫ਼ ਬਾਇਓਟੈਕਨੋਲੋਜੀ ਵਿੱਚ ਸਿੰਥੈਟਿਕ ਜੀਨੋਮਿਕਸ ਦੇ ਚੇਅਰ ਹਨ, ਨੇ ਇਸ ਅਧਿਐਨ ਨੂੰ "ਇੱਕ ਮਹੱਤਵਪੂਰਨ ਮੀਲ ਪੱਥਰ" ਦੱਸਿਆ।
ਉਨ੍ਹਾਂ ਨੇ ਕਿਹਾ, "ਇਸ ਦੀ ਮਹੱਤਤਾ ਸਿਰਫ਼ ਫੇਜ ਤੱਕ ਸੀਮਿਤ ਨਹੀਂ ਹੈ। ਇਹ ਦਰਸਾਉਂਦੀ ਹੈ ਕਿ ਜੀਨੋਮ ਭਾਸ਼ਾ ਮਾਡਲ ਹੁਣ ਵਿਕਾਸਵਾਦ ਵੱਲੋਂ ਨਿਰਧਾਰਤ ਡਿਜ਼ਾਇਨ ਦੇ ਸਿਧਾਂਤਾਂ ਨੂੰ ਸਮਝਣ ਲੱਗ ਪਏ ਹਨ, ਜਿਸ ਨਾਲ ਏਆਈ ਦੀ ਮਦਦ ਨਾਲ ਜੀਨੋਮ ਲਿਖਣ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ























