ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ: 500 ਰੁਪਏ ਦੇ ਕਰਜ਼ੇ ਨਾਲ ਖੁੱਲ੍ਹੀ ਮਠਿਆਈ ਦੀ ਦੁਕਾਨ ਤੋਂ ਵੱਡੇ ਕੈਂਪਸ ਤੱਕ ਦਾ ਸਫ਼ਰ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਤਸਵੀਰ ਕੈਪਸ਼ਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 600 ਏਕੜ ਵਿੱਚ ਫੈਲੀ ਹੋਈ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਭਾਵ ਐੱਲਪੀਯੂ, ਪਿਛਲੇ ਕੁਝ ਦਿਨਾਂ ਤੋਂ ਵਿਦਿਆਰਥੀਆਂ ਦੇ ਵਿਰੋਧ ਕਾਰਨ ਸੁਰਖੀਆਂ ਵਿੱਚ ਹੈ।

ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਹਿੰਸਕ ਵੀ ਹੋ ਗਿਆ। ਇਸ ਦੌਰਾਨ ਭੰਨ-ਤੋੜ, ਪਥਰਾਅ, ਅੱਗ ਲਗਾਉਣ ਦੀਆਂ ਘਟਨਾਵਾਂ ਅਤੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ-44 ਨੂੰ ਰੋਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇਸ਼-ਵਿਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਦਾ ਇੱਕ ਵੱਡਾ ਸਿੱਖਿਆ ਕੇਂਦਰ ਹੈ। ਅਜਿਹੇ ਵਿੱਚ ਇਸ ਰਿਪੋਰਟ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਰੋਸ ਦੀ ਵਜ੍ਹਾ ਕੀ ਹੈ।

ਇਸ ਤੋਂ ਇਲਾਵਾ ਇਹ ਵੀ ਜਾਣਾਂਗੇ ਕਿ 600 ਏਕੜ ਤੋਂ ਵੱਧ ਵਿੱਚ ਫੈਲੇ ਇਸ ਕੈਂਪਸ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਕਿਵੇਂ 2005 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਲਈ ਕਾਨੂੰਨ ਪਾਸ ਕੀਤਾ ਗਿਆ।

ਐੱਲਪੀਯੂ ਵਿੱਚ ਤਾਜ਼ਾ ਵਿਵਾਦ ਕੀ ਹੈ?

ਗੱਡੀ ਨੂੰ ਲੱਗੀ ਅੱਗ
ਤਸਵੀਰ ਕੈਪਸ਼ਨ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿਰੋਧ ਕਾਰਨ ਮੁੜ ਚਰਚਾ ਵਿੱਚ ਹੈ

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਤਾਜ਼ਾ ਵਿਰੋਧ ਦੀ ਸ਼ੁਰੂਆਤ 27 ਸਤੰਬਰ ਦੀ ਤੜਕੇ ਕੁੜੀਆਂ ਦੇ ਹੋਸਟਲ-3 ਦੇ ਨੇੜੇ ਹੋਈ।

ਕੁਝ ਵਿਦਿਆਰਥੀਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਹੋਇਆ ਹੈ। ਇਹ ਇਲਜ਼ਾਮ ਵੀ ਲਗਾਇਆ ਗਿਆ ਕਿ ਹੋਸਟਲ ਵਾਰਡਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਤੁਰੰਤ ਕਾਰਵਾਈ ਨਹੀਂ ਕੀਤੀ ਗਈ।

ਹਾਲਾਂਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਅਫ਼ਵਾਹ ਫੈਲ ਗਈ ਸੀ ਅਤੇ ਹਕੀਕਤ ਵਿੱਚ ਅਜਿਹਾ ਕੁਝ ਨਹੀਂ ਹੋਇਆ ਸੀ।

ਐੱਲਪੀਯੂ
ਤਸਵੀਰ ਕੈਪਸ਼ਨ, ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਅਤੇ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਅਫ਼ਵਾਹਾਂ ਦੇ ਪਿੱਛੇ ਲੱਗ ਕੇ ਵਿਦਿਆਰਥੀ ਬਾਹਰ ਆ ਗਏ ਅਤੇ ਭੰਨ-ਤੋੜ ਹੋਈ। ਕੁਝ ਚੀਜ਼ਾਂ ਨੂੰ ਅੱਗ ਵੀ ਲਗਾਈ ਗਈ ਅਤੇ ਨੈਸ਼ਨਲ ਹਾਈਵੇ-44 ਜਾਮ ਕਰ ਦਿੱਤਾ ਗਿਆ।

ਐੱਲਪੀਯੂ ਪ੍ਰਸ਼ਾਸਨ ਨੇ ਵੀ ਇਹੀ ਕਿਹਾ ਕਿ ਬਲਾਤਕਾਰ ਨਾਲ ਸਬੰਧਤ ਚੱਲ ਰਹੀਆਂ ਗੱਲਾਂ ਝੂਠੀਆਂ, ਬੇਬੁਨਿਆਦ ਅਤੇ ਮਨਘੜਤ ਅਫ਼ਵਾਹਾਂ ਹਨ। ਯੂਨੀਵਰਸਿਟੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਬਿਨ੍ਹਾਂ ਤਸਦੀਕ ਜਾਣਕਾਰੀ ਨਾ ਫੈਲਾਉਣ ਅਤੇ ਅਧਿਕਾਰਤ ਸਰੋਤਾਂ ਤੋਂ ਮਿਲ ਰਹੀ ਜਾਣਕਾਰੀ 'ਤੇ ਭਰੋਸਾ ਕਰਨ ਲਈ ਕਿਹਾ।

ਹਾਲਾਂਕਿ 27 ਸਤੰਬਰ ਦੁਪਹਿਰ ਤੱਕ ਮਾਹੌਲ ਸ਼ਾਂਤ ਸੀ, ਪਰ ਸ਼ਾਮ ਨੂੰ ਪ੍ਰਦਰਸ਼ਨ ਹੋਰ ਤਣਾਅਪੂਰਨ ਹੋ ਗਿਆ। ਪੁਲਿਸ ਮੁਤਾਬਕ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕੀਤਾ ਗਿਆ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਭੀੜ ਨੂੰ ਹਟਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਅਤੇ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਸਾੜੀਆਂ ਗਈਆਂ ਗੱਡੀਆਂ
ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ

ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਕੀ ਸਨ?

ਵਿਦਿਆਰਥੀਆਂ ਦੀਆਂ ਮੰਗਾਂ ਸਿਰਫ਼ ਕਥਿਤ ਬਲਾਤਕਾਰ ਦੀ ਜਾਂਚ ਤੱਕ ਸੀਮਤ ਨਹੀਂ ਸਨ।

ਇੱਕ ਮੁੱਖ ਮੰਗ ਇਹ ਸੀ ਕਿ ਪੂਰੇ ਮਾਮਲੇ ਵਿੱਚ ਐੱਫਆਈਆਰ ਦਰਜ ਹੋਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ। ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਦਿੱਤਾ ਅਤੇ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ।

ਵਿਦਿਆਰਥਣਾਂ ਵੱਲੋਂ ਇੱਕ ਹੋਰ ਖ਼ਾਸ ਮੰਗ ਰੱਖੀ ਗਈ ਕਿ ਕੁੜੀਆਂ ਦੇ ਹੋਸਟਲਾਂ ਦਾ ਪੂਰਾ ਸਟਾਫ਼ ਮਹਿਲਾ ਕਰਮਚਾਰੀਆਂ ਦਾ ਹੋਵੇ।

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਹੋਰ ਵੀ ਮੰਗਾਂ ਹਨ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਬੈਠ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਬਦਲੇ ਦੀ ਕਾਰਵਾਈ ਨਾ ਕੀਤੀ ਜਾਵੇ।

ਐੱਲਪੀਯੂ
ਤਸਵੀਰ ਕੈਪਸ਼ਨ, ਪੁਲਿਸ ਨੇ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਸੱਤ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ

ਯੂਨੀਵਰਸਿਟੀ ਨੇ ਹੁਣ ਕੀ ਫ਼ੈਸਲੇ ਲਏ?

ਯੂਨੀਵਰਸਿਟੀ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 28 ਸਤੰਬਰ ਤੋਂ ਐੱਲਪੀਯੂ ਨੇ ਨਿਯਮਤ ਕਲਾਸਾਂ 10 ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਹਨ।

ਇਸ ਵਿਚਾਲੇ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਪ੍ਰੀਖਿਆਵਾਂ ਸਬੰਧੀ ਨਵੀਆਂ ਤਰੀਕਾਂ ਬਾਅਦ ਵਿੱਚ ਯੂਐੱਮਐੱਸ ਰਾਹੀਂ ਦੱਸੀਆਂ ਜਾਣਗੀਆਂ।

ਵਿਦਿਆਰਥੀਆਂ ਨੂੰ ਇਹ ਬਦਲ ਦਿੱਤਾ ਗਿਆ ਹੈ ਕਿ ਉਹ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਸਲਾਹ ਕਰਕੇ 10 ਦਿਨਾਂ ਦੇ ਸਮੇਂ ਦੌਰਾਨ ਆਪਣੇ ਘਰ ਜਾ ਸਕਦੇ ਹਨ।

ਜਿਹੜੇ ਵਿਦਿਆਰਥੀ ਕੈਂਪਸ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਹੋਸਟਲ ਜਾਂ ਰਿਹਾਇਸ਼ ਵਿੱਚ ਰਹਿਣ ਅਤੇ ਬਿਨਾਂ ਲੋੜ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਅਸ਼ਾਂਤੀ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣ ਲਈ ਵੀ ਕਿਹਾ ਗਿਆ ਹੈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਤਸਵੀਰ ਕੈਪਸ਼ਨ, ਸੋਮਵਾਰ ਨੂੰ ਹਾਈਵੇਅ 'ਤੇ ਆਵਾਜਾਈ ਬਹਾਲ ਹੋਈ ਅਤੇ ਪੁਲਿਸ ਨੇ ਸਥਿਤੀ ਕਾਬੂ ਹੇਠ ਹੋਣ ਦੀ ਗੱਲ ਕਹੀ

ਉਧਾਰ ਲਏ 500 ਰੁਪਏ ਤੋਂ ਕਿਵੇਂ ਬਣਿਆ ਕਰੋੜਾਂ ਦਾ ਗਰੁੱਪ

ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਹਨ। ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਸਨ ਪਰ ਉਹ ਪਾਰਟੀ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਯੂਨੀਵਰਸਿਟੀ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਮਠਿਆਈ ਦੀ ਦੁਕਾਨ ਤੋਂ ਹੋਈ ਸੀ।

ਦਰਅਸਲ, ਅਸ਼ੋਕ ਮਿੱਤਲ ਦੇ ਪਿਤਾ ਬਲਦੇਵ ਰਾਜ ਮਿੱਤਲ 1947 ਦੀ ਵੰਡ ਤੋਂ ਬਾਅਦ ਰਾਜਸਥਾਨ ਦੇ ਜੈਪੁਰ ਤੋਂ ਪੰਜਾਬ ਦੇ ਜਲੰਧਰ ਕੈਂਟ ਆਏ ਸਨ।

ਅਸ਼ੋਕ ਮਿੱਤਲ
ਤਸਵੀਰ ਕੈਪਸ਼ਨ, ਅਸ਼ੋਕ ਮਿੱਤਲ ਅਕਸਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਫੌਜ ਵਿੱਚ ਇੱਕ ਦੋਸਤ ਤੋਂ 500 ਰੁਪਏ ਉਧਾਰੇ ਲੈ ਕੇ ਦੁਕਾਨ ਖੋਲ੍ਹੀ ਸੀ

ਸਾਲ 1961 ਵਿੱਚ ਉਨ੍ਹਾਂ ਨੇ ਜਲੰਧਰ ਛਾਉਣੀ ਵਿੱਚ 'ਲਵਲੀ ਸਵੀਟਸ' ਨਾਂ ਦੀ ਇੱਕ ਛੋਟੀ ਜਿਹੀ ਮਿਠਾਈ ਦੀ ਦੁਕਾਨ ਸ਼ੁਰੂ ਕੀਤੀ। ਆਪਣੇ ਸੁਆਦ ਅਤੇ ਮਿਆਰ ਸਦਕਾ ਇਹ ਦੁਕਾਨ ਬਹੁਤ ਮਸ਼ਹੂਰ ਹੋ ਗਈ ਅਤੇ ਕਾਰੋਬਾਰ ਵਧਦਾ ਗਿਆ।

ਬਲਦੇਵ ਰਾਜ ਮਿੱਤਲ ਦੁਕਾਨ ਖੋਲ੍ਹਣ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਸਿਆਲਕੋਟ ਵਿੱਚ ਡਿਫ਼ੈਂਸ ਠੇਕੇਦਾਰ ਸਨ, ਪਰ ਇੱਕ ਅਫ਼ਸਰ ਨਾਲ ਕੁਝ ਤਕਰਾਰ ਹੋਣ ਕਰਕੇ ਉਨ੍ਹਾਂ ਨੇ ਠੇਕੇਦਾਰੀ ਦਾ ਕੰਮ ਛੱਡ ਕੇ ਦੁਕਾਨ ਸ਼ੁਰੂ ਕੀਤੀ।

ਅਸ਼ੋਕ ਮਿੱਤਲ ਅਕਸਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਫੌਜ ਵਿੱਚ ਇੱਕ ਦੋਸਤ ਤੋਂ 500 ਰੁਪਏ ਉਧਾਰੇ ਲੈ ਕੇ ਦੁਕਾਨ ਖੋਲ੍ਹੀ ਸੀ।

ਬੀਬੀਸੀ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ ਅਸ਼ੋਕ ਮਿੱਤਲ ਨੇ ਦੱਸਿਆ ਸੀ ਕਿ ਫੌਜ ਦੇ ਇੱਕ ਬਹੁਤ ਸੀਨੀਅਰ ਅਫ਼ਸਰ ਦੇ ਕਹਿਣ 'ਤੇ ਹੀ ਉਨ੍ਹਾਂ ਦੇ ਪਿਤਾ ਨੇ ਦੁਕਾਨ ਦਾ ਨਾਮ 'ਲਵਲੀ ਸਵੀਟਸ' ਰੱਖਿਆ ਸੀ।

ਮਠਿਆਈ ਦੀ ਇੱਕ ਦੁਕਾਨ ਤੋਂ ਹੋਰ ਦੁਕਾਨਾਂ ਅਤੇ ਫਿਰ ਆਟੋਮੋਬਾਈਲ ਖੇਤਰ ਵਿੱਚ ਮਿੱਤਲ ਪਰਿਵਾਰ ਨੇ ਕਾਰੋਬਾਰ ਵਧਾਇਆ।

ਇਸ ਤੋਂ ਬਾਅਦ ਸਾਲ 2005 ਵਿੱਚ ਅਸ਼ੋਕ ਮਿੱਤਲ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਬਣਾਈ।

ਛੋਟੇ ਕੋਰਸਾਂ ਤੋਂ ਯੂਨੀਵਰਸਿਟੀ ਤੱਕ ਦਾ ਸਫ਼ਰ

ਐੱਲਪੀਯੂ
ਤਸਵੀਰ ਕੈਪਸ਼ਨ, ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਮਾਨ ਅਤੇ ਬੈਗਾਂ ਦੇ ਨਾਲ ਦੇਖਿਆ ਗਿਆ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅੱਜ ਭਾਵੇਂ ਇੱਕ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਹੈ, ਪਰ ਇਸ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਰੂਪ ਵਿੱਚ ਨਹੀਂ ਹੋਈ ਸੀ।

ਐੱਲਪੀਯੂ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ 2001 ਵਿੱਚ ਫਗਵਾੜਾ ਵਿੱਚ ਪਹਿਲਾ ਵਪਾਰ ਅਤੇ ਸੂਚਨਾ ਤਕਨਾਲੋਜੀ ਸਕੂਲ ਸ਼ੁਰੂ ਕੀਤਾ ਗਿਆ ਸੀ। ਫਿਰ 2002 ਵਿੱਚ ਇੰਜੀਨੀਅਰਿੰਗ ਸੰਸਥਾਵਾਂ ਅਤੇ ਬੀ.ਫਾਰਮਾ ਤੇ ਐੱਮ.ਫਾਰਮਾ ਦੇ ਪ੍ਰੋਗਰਾਮ ਸ਼ੁਰੂ ਹੋਏ।

2003 ਵਿੱਚ ਕਾਨੂੰਨ ਅਤੇ ਸਿੱਖਿਆ ਨਾਲ ਸਬੰਧਤ ਕੋਰਸ ਸ਼ੁਰੂ ਹੋਏ ਅਤੇ 2004 ਵਿੱਚ ਇਮਾਰਤੀ ਨਕਸ਼ਾ-ਸਾਜ਼ੀ ਅਤੇ ਵਾਸਤੂਕਲਾ ਦੇ ਪ੍ਰੋਗਰਾਮ ਵੀ ਆਏ।

ਇਸ ਪੂਰੇ ਵਿਸਥਾਰ ਤੋਂ ਬਾਅਦ 2005 ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਹੋਈ। 2006 ਵਿੱਚ ਇਸ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਵ ਯੂਜੀਸੀ, ਤੋਂ ਮਾਨਤਾ ਮਿਲੀ।

ਅਸ਼ੋਕ ਮਿੱਤਲ

ਸੰਸਦ ਮੈਂਬਰ ਤੇ ਫਾਊਂਡਰ ਚਾਂਸਲਰ ਅਸ਼ੋਕ ਮਿੱਤਲ ਦੱਸਦੇ ਹਨ ਕਿ ਪਹਿਲਾਂ ਭਾਰਤ ਵਿੱਚ ਪ੍ਰਾਈਵੇਟ ਸੈਕਟਰ ਲਈ ਯੂਨੀਵਰਸਿਟੀ ਬਣਾਉਣਾ ਕਾਨੂੰਨ ਵਿੱਚ ਨਹੀਂ ਸੀ। ਜਦੋਂ ਲਵਲੀ ਇੰਸਟੀਚਿਊਟ ਆਫ਼ ਟੈਕਨਾਲੋਜੀ ਨੂੰ ਯੂਨੀਵਰਸਿਟੀ ਬਣਾਇਆ ਗਿਆ, ਉਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ।

ਉਨ੍ਹਾਂ ਦੱਸਿਆ, "25 ਜੁਲਾਈ 2005 ਨੂੰ ਪੰਜਾਬ ਸਰਕਾਰ ਅਤੇ ਲਵਲੀ ਇੰਟਰਨੈਸ਼ਨਲ ਟਰੱਸਟ ਵਿਚਕਾਰ ਸਮਝੌਤਾ ਹੋਇਆ। ਸਰਕਾਰ ਨੇ ਟਰੱਸਟ ਵੱਲੋਂ ਸਵੈ-ਵਿੱਤੀ ਪੇਸ਼ੇਵਰ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ।"

"ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਾਨੂੰਨ, 2005 ਪਾਸ ਕੀਤਾ। ਇਸ ਕਾਨੂੰਨ ਨੂੰ ਰਾਜਪਾਲ ਦੀ ਮਨਜ਼ੂਰੀ 23 ਦਸੰਬਰ 2005 ਨੂੰ ਮਿਲੀ ਅਤੇ ਇਹ ਪੰਜਾਬ ਐਕਟ ਨੰਬਰ 25, 2005 ਬਣ ਗਿਆ।"

ਆਸ਼ੋਕ ਮਿੱਤਲ ਨੇ ਬੀਬੀਸੀ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਯੂਨੀਵਰਸਿਟੀ ਦਾ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਲਈ ਆਇਆ ਤਾਂ ਕਾਂਗਰਸ ਦੇ ਹੀ ਇੱਕ ਮੈਂਬਰ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ। ਵਿਰੋਧ ਦਾ ਕਾਰਨ ਨਿੱਜੀ ਖੇਤਰ ਵਿੱਚ ਯੂਨੀਵਰਸਿਟੀ ਦਾ ਆਉਣਾ ਸੀ।

ਇਸ ਤੋਂ ਬਾਅਦ ਜਦੋਂ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਰਾਹੀਂ ਸਿਆਸਤ ਵਿੱਚ ਆਏ ਸਨ ਤਾਂ ਭੁੱਲਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਵਲੀ ਯੂਨੀਵਰਸਿਟੀ ਨੂੰ ਲੈ ਕੇ ਸਵਾਲ ਚੁੱਕੇ ਸਨ ਕਿ ਯੂਨੀਵਰਸਿਟੀ ਨੇ ਪੰਚਾਇਤੀ/ਸ਼ਾਮਲਾਟ ਜ਼ਮੀਨ 'ਤੇ ਕਥਿਤ ਤੌਰ 'ਤੇ ਕਬਜ਼ਾ ਕੀਤਾ ਹੈ।

ਐੱਲਪੀਯੂ 2005 ਵਿੱਚ ਪੰਜਾਬ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਤਾਂ ਬਣੀ, ਪਰ ਇਸ ਤੋਂ ਬਾਅਦ ਪੰਜਾਬ ਵਿੱਚ ਨਿੱਜੀ ਯੂਨੀਵਰਸਿਟੀ ਖੇਤਰ ਤੇਜ਼ੀ ਨਾਲ ਵਧਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)