13 ਸਾਲ ਦੀ ਉਮਰ ਤੋਂ ਐਂਡੋਮੀਟ੍ਰਿਓਸਿਸ ਨਾਲ ਜੂਝ ਰਹੀ ਗ੍ਰੇਸ ਦੀ ਕਹਾਣੀ ਜਿਸ ਦੇ ਦਰਦ ਨੂੰ ਡਾਕਟਰਾਂ ਨੇ 'ਗੰਭੀਰਤਾ ਨਾਲ ਨਹੀਂ ਲਿਆ'

- ਲੇਖਕ, ਵਿੱਕੀ ਲੋਡਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਹਰ ਮਹੀਨੇ, ਲਗਭਗ ਉਸ ਸਮੇਂ ਜਦੋਂ ਗ੍ਰੇਸ ਨੂੰ ਮਾਹਵਾਰੀ ਆਉਂਦੀ ਹੈ, ਤਾਂ ਉਸ ਨੂੰ ਹਸਪਤਾਲ ਜਾਣਾ ਪੈਂਦਾ ਹੈ।
ਉਸ ਨੂੰ ਅਕਸਰ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਉਸ ਦੇ ਮਾਪਿਆਂ ਨੂੰ ਉਸ ਨੂੰ ਚੁੱਕ ਕੇ ਕਾਰ ਤੱਕ ਲੈ ਕੇ ਜਾਣਾ ਪੈਂਦਾ ਹੈ। ਉਹ ਏਐਂਡਈ ਵਿੱਚ ਆਪਣੀ ਵਾਰੀ ਆਉਣ ਲਈ ਕਈ ਘੰਟੇ ਉਡੀਕ ਕਰਦੀ ਹੈ ਅਤੇ ਆਖ਼ਿਰਕਾਰ ਉਸ ਨੂੰ ਹੰਝੂਆਂ ਨਾਲ ਘਰ ਭੇਜ ਦਿੱਤਾ ਜਾਂਦਾ ਹੈ ਅਤੇ ਹੋਰ ਤੇਜ਼ ਦਰਦ ਨਿਵਾਰਕ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਹਨ।
14 ਸਾਲਾ ਦੀ ਗ੍ਰੇਸ ਨੂੰ ਲੰਬੇ ਸਮੇਂ ਤੱਕ, ਜੋ ਯੌਰਕਸ਼ਾਇਰ ਤੋਂ ਹੈ, ਲੱਗਦਾ ਰਿਹਾ ਕਿ ਡਾਕਟਰ ਉਸ ਦੇ ਦਰਦ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਉਹ ਕਹਿੰਦੀ ਹੈ, "ਮੈਨੂੰ ਲੱਗਦਾ ਸੀ ਕਿ ਮੈਨੂੰ ਅਜਿਹੀ ਕੁੜੀ ਸਮਝਿਆ ਜਾਂਦਾ ਸੀ ਜੋ ਸਕੂਲ ਨਹੀਂ ਜਾਣਾ ਚਾਹੁੰਦੀ ਅਤੇ ਗੱਲ ਨੂੰ ਵਧਾ-ਚੜ੍ਹਾ ਕੇ ਦੱਸ ਰਹੀ ਹੈ।"
ਉਸ ਦੇ ਲੱਛਣਾਂ ਦੇ ਕਈ ਸੰਭਾਵਿਤ ਕਾਰਨ ਦੱਸੇ ਗਏ। ਇਨ੍ਹਾਂ ਵਿੱਚ ਇਰੀਟੇਬਲ ਬਾਊਲ ਸਿੰਡਰੋਮ, ਇੱਕ ਸਿਸਟ, ਚਿੰਤਾ ਅਤੇ "ਸਿਰਫ਼ ਮਾੜੀ ਮਾਹਵਾਰੀ" ਸ਼ਾਮਲ ਸਨ। ਪਰ ਉਹ ਕਹਿੰਦੀ ਹੈ, "ਮੈਨੂੰ ਪਤਾ ਸੀ ਕਿ ਇਹ ਇਸ ਤੋਂ ਵੱਧ ਕੁਝ ਸੀ।"
ਡਾਕਟਰਾਂ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਇਹ ਐਂਡੋਮੀਟ੍ਰਿਓਸਿਸ ਨਹੀਂ ਹੋ ਸਕਦਾ, ਕਿਉਂਕਿ ਉਹ ਬਹੁਤ ਛੋਟੀ ਸੀ। ਐਂਡੋਮੀਟ੍ਰਿਓਸਿਸ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਹੈ, ਜਿਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਵਰਗਾ ਟਿਸ਼ੂ ਸਰੀਰ ਦੇ ਹੋਰ ਹਿੱਸਿਆਂ ਵਿੱਚ ਵਧਣ ਲੱਗਦਾ ਹੈ ਅਤੇ ਇਸ ਨਾਲ ਦਰਦ ਤੇ ਦਾਗ਼ ਬਣ ਸਕਦੇ ਹਨ।
ਗ੍ਰੇਸ ਦਾ ਕਹਿਣਾ ਹੈ ਕਿ ਹੋਰ ਜਾਂਚ ਕਰਵਾਉਣ ਲਈ ਉਸ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਤਸਵੀਰ ਸਰੋਤ, Grace
'ਇਹ ਮੇਰੇ ਪੇਟ ਦੇ ਆਲੇ-ਦੁਆਲੇ ਗਰਮ ਕੰਡਿਆਂ ਵਾਲੀ ਤਾਰ ਲਪੇਟਣ ਵਰਗਾ ਹੈ'
ਗ੍ਰੇਸ ਨੂੰ 11 ਸਾਲ ਦੀ ਉਮਰ ਵਿੱਚ ਮਾਹਵਾਰੀ ਸ਼ੁਰੂ ਹੋਈ ਸੀ ਅਤੇ 13 ਸਾਲ ਦੀ ਉਮਰ ਤੱਕ ਉਸ ਨੂੰ ਮਾਹਵਾਰੀ ਦੇ ਸਮੇਂ ਦੇ ਨੇੜੇ ਬਹੁਤ ਜ਼ਿਆਦਾ ਦਰਦ ਹੋਣ ਲੱਗਾ ਸੀ।
ਉਹ ਇਸ ਦਰਦ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ ਜਿਵੇਂ ਉਸ ਦੇ ਪੇਟ ਦੇ ਆਲੇ-ਦੁਆਲੇ "ਗਰਮ ਕੰਡਿਆਂ ਵਾਲੀ ਤਾਰ" ਲਪੇਟੀ ਹੋਈ ਹੋਵੇ।
ਉਹ ਕਹਿੰਦੀ ਹੈ, "ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੇਰੇ ਅੰਗਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਖਿੱਚਿਆ ਜਾ ਰਿਹਾ ਹੋਵੇ।"
ਉਹ ਅਕਸਰ ਮੰਜੇ ਤੋਂ ਉੱਠ ਨਹੀਂ ਸਕਦੀ ਅਤੇ ਜਦੋਂ ਘਰ ਵਿੱਚ ਉਸ ਕੋਲ ਮੌਜੂਦ ਦਰਦ ਦੀਆਂ ਦਵਾਈਆਂ ਖ਼ਤਮ ਹੋ ਜਾਂਦੀਆਂ ਹਨ ਤਾਂ ਉਸ ਨੂੰ ਹਸਪਤਾਲ ਜਾਣਾ ਪੈਂਦਾ ਹੈ। ਉੱਥੇ ਉਸ ਨੂੰ ਅਕਸਰ ਮੋਰਫ਼ਿਨ ਦਿੱਤੀ ਜਾਂਦੀ ਹੈ। ਉਸ ਨੂੰ ਕੋ-ਕੋਡਾਮੋਲ ਅਤੇ ਟ੍ਰਾਮਾਡੋਲ ਵੀ ਦਿੱਤੀਆਂ ਗਈਆਂ ਹਨ।
ਓਪੀਓਇਡ ਵਰਗੀਆਂ ਤੇਜ਼ ਦਵਾਈਆਂ 'ਤੇ ਨਿਰਭਰ ਹੋਣ ਦੀ ਗੱਲ ਉਸ ਨੂੰ ਚਿੰਤਾ ਵਿੱਚ ਪਾਉਂਦੀ ਹੈ। ਉਹ ਕਹਿੰਦੀ ਹੈ, "ਇਹ ਡਰਾਉਣਾ ਹੈ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਆਪਣੀ ਬਾਕੀ ਜ਼ਿੰਦਗੀ ਇਨ੍ਹਾਂ ਦਵਾਈਆਂ 'ਤੇ ਨਿਰਭਰ ਰਹਿਣਾ ਪਵੇ।"
ਪਰ ਗ੍ਰੇਸ ਲਈ ਸਭ ਤੋਂ ਨਿਰਾਸ਼ਾਜਨਕ ਗੱਲ ਅਤੇ ਜਿਸ ਕਾਰਨ ਉਸ ਨੇ ਬੀਬੀਸੀ ਯੌਰਸ ਵਾਇਸ ਨਾਲ ਸੰਪਰਕ ਕੀਤਾ, ਇਹ ਹੈ ਕਿ ਉਸ ਨੂੰ ਲੱਗਦਾ ਹੈ ਕਿ ਡਾਕਟਰੀ ਮਾਹਰ ਇਹ ਨਹੀਂ ਮੰਨਦੇ ਕਿ ਕਿਸ਼ੋਰ ਅਤੇ ਨੌਜਵਾਨ ਕੁੜੀਆਂ ਵੀ ਐਂਡੋਮੀਟ੍ਰਿਓਸਿਸ ਤੋਂ ਪੀੜਤ ਹੋ ਸਕਦੀਆਂ ਹਨ।

ਗ੍ਰੇਸ ਦੇ ਜੀਪੀ ਨੇ ਉਸ ਦੀ ਬਿਮਾਰੀ ਦੀ ਪਛਾਣ ਨਹੀਂ ਕੀਤੀ ਅਤੇ ਨਾ ਹੀ ਪਹਿਲੇ ਮਾਹਰ ਡਾਕਟਰ ਨੇ, ਜਿਸ ਨੂੰ ਉਸ ਨੇ ਨਿੱਜੀ ਤੌਰ 'ਤੇ ਦਿਖਾਇਆ ਸੀ।
ਉਹ ਕਹਿੰਦੀ ਹੈ, "ਇੱਥੋਂ ਤੱਕ ਕਿ ਇੱਕ ਮਾਹਰ ਨੇ ਵੀ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਜੇ ਕੋਈ ਮਾਹਰ ਮੇਰੀ ਗੱਲ ਨਹੀਂ ਸੁਣੇਗਾ ਤਾਂ ਫਿਰ ਕੌਣ ਸੁਣੇਗਾ?"
ਪਰਿਵਾਰ ਵੱਲੋਂ ਦੂਜੀ ਵਾਰ ਨਿੱਜੀ ਤੌਰ 'ਤੇ ਡਾਕਟਰੀ ਰਾਏ ਲੈਣ ਲਈ ਜ਼ੋਰ ਪਾਉਣ ਤੋਂ ਬਾਅਦ ਹੀ ਉਸ ਦੀ ਬਿਮਾਰੀ ਦੀ ਪੁਸ਼ਟੀ ਹੋਈ।
ਐਂਡੋਮੀਟ੍ਰਿਓਸਿਸ ਉਸ ਸਮੇਂ ਹੁੰਦਾ ਹੈ ਜਦੋਂ ਬੱਚੇਦਾਨੀ ਦੀ ਅੰਦਰਲੀ ਪਰਤ ਵਰਗਾ ਟਿਸ਼ੂ ਬੱਚੇਦਾਨੀ ਤੋਂ ਬਾਹਰ ਵਧਣ ਲੱਗਦਾ ਹੈ।
ਇਸ ਕਾਰਨ ਬਹੁਤ ਜ਼ਿਆਦਾ ਦਰਦ, ਜ਼ਿਆਦਾ ਮਾਹਵਾਰੀ ਅਤੇ ਥਕਾਵਟ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਐੱਨਐੱਚਐੱਸ ਦੇ ਅੰਕੜਿਆਂ ਮੁਤਾਬਕ, ਲਗਭਗ 10 ਫ਼ੀਸਦੀ ਔਰਤਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ।
ਐਂਡੋਮੀਟ੍ਰਿਓਸਿਸ ਯੂਕੇ ਚੈਰਿਟੀ ਦੇ ਮੁਤਾਬਕ, ਮਾਹਵਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਹ ਮੰਨਣਾ ਇੱਕ ਆਮ ਗਲਤਫ਼ਹਿਮੀ ਹੈ ਕਿ ਸਿਰਫ਼ ਵੱਡੀ ਉਮਰ ਦੀਆਂ ਔਰਤਾਂ ਹੀ ਇਸ ਬਿਮਾਰੀ ਤੋਂ ਪੀੜਤ ਹੁੰਦੀਆਂ ਹਨ।
ਫੇਅ ਫਾਰਥਿੰਗ, ਜੋ ਇਸ ਚੈਰਿਟੀ ਦੀ ਬੁਲਾਰਨ ਹੈ, ਕਹਿੰਦੀ ਹੈ ਕਿ ਸਰਕਾਰ, ਐੱਨਐੱਚਐੱਸ ਅਤੇ ਸਿਹਤ ਖੇਤਰ ਨਾਲ ਜੁੜੇ ਮਾਹਰਾਂ ਨੂੰ ਨੌਜਵਾਨਾਂ ਲਈ ਮਾਹਵਾਰੀ ਨਾਲ ਜੁੜੀ ਸਿਹਤ ਬਾਰੇ ਸਿੱਖਿਆ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਉਹ ਕਹਿੰਦੀ ਹੈ ਕਿ ਜੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ, "ਅਗਲੀ ਪੀੜ੍ਹੀ ਉਸ ਭਵਿੱਖ ਤੋਂ ਵਾਂਝੀ ਨਾ ਰਹੇ ਜਿਸ ਦੀ ਉਹ ਹੱਕਦਾਰ ਹੈ, ਤਾਂ ਇਹ ਬਹੁਤ ਜ਼ਰੂਰੀ ਹੈ।"
ਚੈਰਿਟੀ ਦਾ ਕਹਿਣਾ ਹੈ ਕਿ ਐਂਡੋਮੀਟ੍ਰਿਓਸਿਸ ਦੀ ਪਛਾਣ ਕਰਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਵੱਡੀ ਉਮਰ ਦੀਆਂ ਔਰਤਾਂ ਵਿੱਚ ਇਸ ਦੀ ਪਛਾਣ ਹੋਣ ਵਿੱਚ ਔਸਤਨ ਨੌਂ ਸਾਲ ਲੱਗ ਜਾਂਦੇ ਹਨ।
ਸ਼ੁਰੂਆਤੀ ਪੜਾਅ ਵਿੱਚ, ਉਦਾਹਰਨ ਵਜੋਂ ਕਿਸ਼ੋਰਾਂ ਵਿੱਚ, ਇਹ ਬਿਮਾਰੀ ਅਕਸਰ ਅਲਟਰਾਸਾਊਂਡ ਸਕੈਨ ਵਿੱਚ ਨਜ਼ਰ ਨਹੀਂ ਆਉਂਦੀ। ਹਾਲਾਂਕਿ, ਹੁਣ ਨਵੇਂ ਟੈਸਟ ਤਿਆਰ ਕੀਤੇ ਜਾ ਰਹੇ ਹਨ, ਜੋ ਇਸ ਬਿਮਾਰੀ ਦੀ ਪਹਿਲਾਂ ਪਛਾਣ ਕਰਨ ਵਿੱਚ ਮਦਦ ਕਰਨਗੇ।
ਗਰਭਵਤੀ ਹੋਣਾ ਮੁਸ਼ਕਲ ਹੋ ਸਕਦਾ ਹੈ। ਗ੍ਰੇਸ ਕਹਿੰਦੀ ਹੈ ਕਿ 14 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਬਿਮਾਰੀ ਦਾ ਉਸ ਦੀ ਮਾਂ ਬਣਨ ਦੀ ਸਮਰੱਥਾ 'ਤੇ ਅਸਰ ਪੈ ਸਕਦਾ ਹੈ।
ਉਸ ਨੂੰ ਦੱਸਿਆ ਗਿਆ ਹੈ ਕਿ ਉਸ ਦੇ ਪ੍ਰਜਨਨ ਅੰਗਾਂ ਨੂੰ ਹੋਏ ਨੁਕਸਾਨ ਕਾਰਨ 30 ਸਾਲ ਦੀ ਉਮਰ ਤੋਂ ਬਾਅਦ ਸ਼ਾਇਦ ਉਹ ਬੱਚੇ ਪੈਦਾ ਨਾ ਕਰ ਸਕੇ।
ਉਸ ਨੂੰ ਲੱਗਦਾ ਹੈ ਕਿ ਉਸ ਕੋਲ ਸਮਾਂ ਬਹੁਤ ਘੱਟ ਹੈ। ਉਹ ਕਹਿੰਦੀ ਹੈ, "ਮੈਨੂੰ ਅਗਲੇ 15 ਸਾਲਾਂ ਦੇ ਅੰਦਰ ਬੱਚੇ ਪੈਦਾ ਕਰਨੇ ਪੈਣਗੇ, ਨਹੀਂ ਤਾਂ ਸ਼ਾਇਦ ਮੈਂ ਬੱਚੇ ਪੈਦਾ ਨਾ ਕਰ ਸਕਾਂ।"
ਬੱਚਿਆਂ ਦੀ ਗਾਇਨੀਕੋਲੋਜੀ ਦੀ ਮਾਹਰ ਡਾਕਟਰ ਗੇਲ ਬਸਬੀ ਕਹਿੰਦੀ ਹੈ ਕਿ ਲਗਭਗ 80 ਫ਼ੀਸਦੀ ਕਿਸ਼ੋਰਾਂ ਨੂੰ ਮਾਹਵਾਰੀ ਦੌਰਾਨ ਦਰਦ ਹੁੰਦਾ ਹੈ। ਪਰ ਡਾਕਟਰਾਂ ਨੂੰ ਇਹ ਪਛਾਣਨਾ ਚਾਹੀਦਾ ਹੈ ਕਿ ਕਿਸੇ ਮਰੀਜ਼ ਦੇ ਲੱਛਣ ਆਮ ਨਹੀਂ ਹਨ, ਜਿਵੇਂ ਕਿ ਸਕੂਲ ਨਾ ਜਾਣਾ, ਹਰ ਮਹੀਨੇ ਪੀਈ ਦੀ ਕਲਾਸ ਛੱਡਣਾ ਜਾਂ ਦੋਸਤਾਂ ਨਾਲ ਬਾਹਰ ਨਾ ਜਾਣਾ।
ਉਹ ਕਹਿੰਦੀ ਹੈ, "ਜਦੋਂ ਤੁਸੀਂ ਮੰਜੇ 'ਤੇ ਪਏ ਹੋਵੋ ਅਤੇ ਤੁਹਾਡਾ ਸਭ ਤੋਂ ਚੰਗਾ ਦੋਸਤ ਗਰਮ ਪਾਣੀ ਵਾਲੀ ਬੋਤਲ ਹੋਵੇ ਤਾਂ ਇਹ ਆਮ ਨਹੀਂ ਹੈ।"

ਤਸਵੀਰ ਸਰੋਤ, Grace
ਡਾਕਟਰ ਬਸਬੀ ਦਾ ਕਹਿਣਾ ਹੈ ਕਿ ਗ੍ਰੇਸ ਦਾ ਮਾਮਲਾ, ਜਿਸ ਵਿੱਚ ਉਸ ਨੂੰ 13 ਸਾਲ ਦੀ ਉਮਰ ਵਿੱਚ ਲੱਛਣ ਦਿਖਾਈ ਦੇਣ ਲੱਗੇ ਸਨ, ਕੋਈ ਅਸਾਧਾਰਨ ਗੱਲ ਨਹੀਂ ਹੈ।
ਉਹ ਆਪਣੇ ਕਲੀਨਿਕਾਂ ਵਿੱਚ ਗ੍ਰੇਸ ਤੋਂ ਛੋਟੀ ਅਤੇ ਵੱਡੀ ਉਮਰ ਦੀਆਂ ਕੁੜੀਆਂ ਨੂੰ ਵੀ ਦੇਖਦੀ ਹੈ। ਐੱਨਐੱਚਐੱਸ ਵਿੱਚ ਆਪਣੇ ਕੰਮ ਦੇ ਨਾਲ-ਨਾਲ ਉਸ ਨੇ ਮੈਨਚੈਸਟਰ ਵਿੱਚ ਕਿਸ਼ੋਰਾਂ ਲਈ ਐਂਡੋਮੀਟ੍ਰਿਓਸਿਸ ਦਾ ਇੱਕ ਨਿੱਜੀ ਕਲੀਨਿਕ ਵੀ ਖੋਲ੍ਹਿਆ ਹੈ।
ਇਸ ਬਿਮਾਰੀ ਦੇ ਲੱਛਣਾਂ ਦਾ ਅਸਰ ਸਿਰਫ਼ ਸਰੀਰਕ ਨਹੀਂ ਹੁੰਦਾ। ਗ੍ਰੇਸ ਵਰਗੀਆਂ ਕੁੜੀਆਂ ਵਿੱਚ ਚਿੰਤਾ ਜਾਂ ਡਿਪ੍ਰੈਸ਼ਨ ਹੋਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ, ਕਿਉਂਕਿ ਉਨ੍ਹਾਂ ਦਾ ਦਰਦ ਉਨ੍ਹਾਂ ਦੀ ਪੜ੍ਹਾਈ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਦੇ ਇੱਕ ਮਹੱਤਵਪੂਰਨ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ।
ਡਾਕਟਰ ਬਸਬੀ ਕਹਿੰਦੀ ਹੈ, "ਸਾਨੂੰ ਕਿਸ਼ੋਰ ਉਮਰ ਦਾ ਆਨੰਦ ਮਾਣਨਾ ਚਾਹੀਦਾ ਹੈ, ਪਰ ਉਹ ਉਹ ਕੰਮ ਨਹੀਂ ਕਰ ਸਕਦੀਆਂ ਜਿਨ੍ਹਾਂ ਨੂੰ ਕਰਨ ਵਿੱਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ ਅਤੇ ਜੋ ਉਨ੍ਹਾਂ ਦੇ ਹਮਉਮਰ ਦੋਸਤ ਕਰ ਰਹੇ ਹੁੰਦੇ ਹਨ।"
ਗ੍ਰੇਸ ਦੇ ਪਰਿਵਾਰ ਵਿੱਚ ਐਂਡੋਮੀਟ੍ਰਿਓਸਿਸ ਦੀ ਬਿਮਾਰੀ ਦਾ ਇਤਿਹਾਸ ਹੈ, ਪਰ ਉਸ ਦੀ ਮਾਂ ਸਮੰਥਾ ਕਹਿੰਦੀ ਹੈ ਕਿ ਇਸ ਦੇ ਬਾਵਜੂਦ ਗ੍ਰੇਸ ਦੀ ਬਿਮਾਰੀ ਦੀ ਪਛਾਣ ਕਰਵਾਉਣਾ ਆਸਾਨ ਨਹੀਂ ਹੋਇਆ।
ਉਹ ਕਹਿੰਦੀ ਹੈ, "ਜਦੋਂ ਤੁਹਾਡਾ ਬੱਚਾ ਦਰਦ ਨਾਲ ਫਰਸ਼ 'ਤੇ ਪਿਆ ਹੋਵੇ ਤਾਂ ਇਹ ਬਿਲਕੁਲ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਮਾੜੀ ਮਾਹਵਾਰੀ ਨਹੀਂ ਹੈ। ਪਰ ਮਾਹਰ ਕਹਿੰਦੇ ਹਨ, 'ਅਸੀਂ ਤੁਹਾਨੂੰ ਛੇ ਮਹੀਨਿਆਂ ਲਈ ਗੋਲੀ ਦੇ ਦਿੰਦੇ ਹਾਂ ਅਤੇ ਫਿਰ ਦੇਖਦੇ ਹਾਂ ਕਿ ਹਾਲਾਤ ਕਿਵੇਂ ਰਹਿੰਦੇ ਹਨ'।"
ਹਾਲ ਹੀ ਵਿੱਚ ਗ੍ਰੇਸ ਦੀ ਲੈਪਰੋਸਕੋਪੀ, ਛੋਟੇ ਚੀਰੇ ਰਾਹੀਂ ਕੀਤੀ ਜਾਣ ਵਾਲੀ ਸਰਜਰੀ, ਕੀਤੀ ਗਈ ਹੈ, ਜਿਸ ਰਾਹੀਂ ਉਸ ਦੇ ਐਂਡੋਮੀਟ੍ਰਿਓਸਿਸ ਨੂੰ ਹਟਾਇਆ ਗਿਆ।
ਉਮੀਦ ਹੈ ਕਿ ਇਸ ਪ੍ਰਕਿਰਿਆ ਨਾਲ ਘੱਟੋ-ਘੱਟ ਕੁਝ ਸਮੇਂ ਲਈ ਉਸ ਦੇ ਲੱਛਣਾਂ ਅਤੇ ਦਰਦ ਵਿੱਚ ਰਾਹਤ ਮਿਲੇਗੀ। ਉਸ ਨੂੰ ਹਰ ਮਹੀਨੇ ਟਿਸ਼ੂ ਦੇ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਦਰਦ ਘਟਾਉਣ ਲਈ ਹਾਰਮੋਨਲ ਗਰਭ-ਨਿਰੋਧਕ ਦਵਾਈ ਲੈਣ ਦੀ ਸਲਾਹ ਦਿੱਤੀ ਗਈ ਹੈ।
ਆਪਣੀ ਗੱਲ ਖੁੱਲ੍ਹ ਕੇ ਸਾਹਮਣੇ ਰੱਖ ਕੇ ਗ੍ਰੇਸ ਨੂੰ ਉਮੀਦ ਹੈ ਕਿ ਹੋਰ ਕਿਸ਼ੋਰਾਂ ਵਿੱਚ ਵੀ ਆਪਣੀ ਬਿਮਾਰੀ ਦੀ ਪਛਾਣ ਕਰਵਾਉਣ ਲਈ ਅੱਗੇ ਆਉਣ ਦਾ ਹੌਸਲਾ ਪੈਦਾ ਹੋਵੇਗਾ।
ਉਹ ਕਹਿੰਦੀ ਹੈ, "ਮੈਨੂੰ ਲੱਗਦਾ ਸੀ ਕਿ ਮੈਂ ਪਾਗ਼ਲ ਹੋ ਰਹੀ ਹਾਂ। ਕਿ ਇਹ ਸਭ ਮੇਰੇ ਦਿਮਾਗ਼ ਵਿੱਚ ਹੀ ਹੈ। ਪਰ ਅਸਲ ਵਿੱਚ, ਤੁਸੀਂ ਆਪਣੇ ਸਰੀਰ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਤੁਹਾਡਾ ਦਰਦ ਸੱਚਾ ਹੈ।"
ਵਾਧੂ ਰਿਪੋਰਟਿੰਗ: ਐਲੈਕਸ ਐਮਰੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























