'ਸਾਨੂੰ ਲੱਗਦਾ ਹੈ ਕਿ ਅਸੀਂ ਦੁਨੀਆ 'ਤੇ ਰਾਜ ਕਰਦੇ ਹਾਂ, ਪਰ ਅਜਿਹਾ ਨਹੀਂ ਹੈ': ਧਰਤੀ ਦੀ ਉੱਪਰੀ ਪਰਤ ਵਿੱਚ ਘੁੰਮਣ ਵਾਲਾ 'ਡੈਵਿਲ ਵਰਮ'

    • ਲੇਖਕ, ਕੈਟਰੀਨਾ ਜ਼ਿਮਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ
ਸ਼ੈਤਾਨ ਕੀੜਾ

ਤਸਵੀਰ ਸਰੋਤ, Gaetan Borgonie et al., Nature, 2011

ਤਸਵੀਰ ਕੈਪਸ਼ਨ, ਇਹ ਮਾਈਕ੍ਰੋਸਕੋਪੀ ਚਿੱਤਰ ਇੱਕ ਸ਼ੈਤਾਨ ਕੀੜੇ ਦੀ ਪਤਲੀ ਨੋਕ ਦਿਖਾਉਂਦਾ ਹੈ

ਜੇਕਰ ਤੁਸੀਂ ਆਪਣੇ ਹੇਠਾਂ ਮੌਜੂਦ ਜ਼ਮੀਨ ਵਿੱਚ ਡ੍ਰਿੱਲ ਕਰਕੇ ਧਰਤੀ ਦੀ ਉੱਪਰੀ ਪਰਤ (ਕ੍ਰਸਟ) ਵਿੱਚ ਹੇਠਾਂ ਉੱਤਰੋ, ਤਾਂ ਤੁਹਾਨੂੰ ਬਹੁਤ ਜਲਦੀ ਬੇਚੈਨੀ ਮਹਿਸੂਸ ਹੋਣ ਲੱਗੇਗੀ।

ਜਿਵੇਂ-ਜਿਵੇਂ ਸੂਰਜ ਦੀ ਰੌਸ਼ਨੀ ਗਾਇਬ ਹੁੰਦੀ ਜਾਂਦੀ ਹੈ ਅਤੇ ਤੁਸੀਂ (ਧਰਤੀ) ਗ੍ਰਹਿ ਦੇ ਪਿਘਲੇ ਹੋਏ ਕੋਰ (ਕੇਂਦਰ) ਵੱਲ ਵਧਦੇ ਜਾਂਦੇ ਹੋ ਤਾਂ ਤਾਪਮਾਨ ਅਤੇ ਦਬਾਅ ਵੀ ਵਧਦੇ ਜਾਂਦੇ ਹਨ, ਜਦਕਿ ਚੱਟਾਨਾਂ ਦੀਆਂ ਦਰਾਰਾਂ ਅਤੇ ਛੇਕਾਂ ਵਿੱਚ ਡੂੰਘਾ ਭੂ-ਜਲ ਭਰਿਆ ਹੁੰਦਾ ਹੈ।

1.3 ਕਿਲੋਮੀਟਰ (0.8 ਮੀਲ) ਦੀ ਭਿਆਨਕ ਗਹਿਰਾਈ 'ਤੇ ਜੇਕਰ ਤੁਹਾਨੂੰ ਲੱਗੇ ਕਿ ਇੱਥੇ ਹੇਠਾਂ ਤਾਂ ਕੋਈ ਵੀ ਚੀਜ਼ ਜ਼ਿੰਦਾ ਨਹੀਂ ਹੋ ਸਕਦੀ, ਤਾਂ ਤੁਹਾਡਾ ਅਜਿਹਾ ਸੋਚਣਾ ਸੁਭਾਵਿਕ ਹੈ।

ਪਰ ਜੇ ਕਿਤੇ ਕਿਸਮਤ ਚੰਗੀ ਰਹੇ ਤਾਂ ਤੁਸੀਂ ਉਨ੍ਹਾਂ ਨੂੰ ਦੇਖ ਸਕਦੇ ਹੋ: ਅਰਬਾਂ-ਖਰਬਾਂ ਬੈਕਟੀਰੀਆ, ਜੋ ਕਈ ਵਾਰ ਚਮਕੀਲੇ ਸੰਤਰੀ ਜਾਂ ਚਿੱਟੇ ਰੰਗ ਦੀਆਂ ਪਰਤਾਂ ਬਣਾਉਂਦੇ ਹਨ।

ਜੇਕਰ ਤੁਸੀਂ ਮਾਈਕ੍ਰੋਸਕੋਪ ਨਾਲ ਦੇਖੋ ਤਾਂ ਸ਼ਾਇਦ ਇੱਕ ਨਿੱਕਾ ਜਿਹਾ ਕੀੜਾ ਵੀ ਨਜ਼ਰ ਆ ਜਾਵੇ, ਜੋ ਆਪਣੇ ਮੂੰਹ ਦੇ ਵਿਸ਼ੇਸ਼ ਅੰਗਾਂ ਦੀ ਵਰਤੋਂ ਕਰਕੇ ਚੱਟਾਨ ਉੱਤੇ ਅੱਗੇ ਵਧਦਾ ਹੈ।

ਇਹ ਹੈ 'ਹੈਲਿਸੇਫਾਲੋਬਸ ਮੇਫਿਸਟੋ', ਜਿਸ ਨੂੰ 'ਡੈਵਿਲ ਵਰਮ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸੂਖਮਜੀਵਾਂ (ਮਾਈਕ੍ਰੋਬਜ਼) ਦੀ ਭਾਲ ਵਿੱਚ ਘੁੰਮਦਾ ਰਹਿੰਦਾ ਹੈ। ਹਾਲਾਂਕਿ ਇਹ ਬਹੁਤ ਛੋਟਾ ਹੈ ਹੁੰਦਾ ਹੈ, ਜੋ ਸਿਰਫ਼ ਕੁਝ ਮਨੁੱਖੀ ਵਾਲਾਂ ਦੀ ਚੌੜਾਈ ਜਿੰਨੇ ਆਕਾਰ ਦਾ ਹੁੰਦਾ ਹੈ ਪਰ ਇਸ ਨਿੱਕੇ ਜਿਹੇ ਈਕੋਸਿਸਟਮ ਵਿੱਚ ਇਹ ਇੱਕ ਵ੍ਹੇਲ ਵਾਂਗ ਹੈ।

ਸੌਖੇ ਸ਼ਬਦਾਂ ਵਿੱਚ, ਇਹ ਕੀੜਾ ਭਾਵੇਂ ਸਾਡੇ ਲਈ ਬਹੁਤ ਨਿੱਕਾ ਅਤੇ ਮਹੀਨ ਜਿਹਾ ਹੈ ਪਰ ਇਨ੍ਹਾਂ ਨਿੱਕੇ-ਨਿੱਕੇ ਜੀਵਾਂ ਦੀ ਦੁਨੀਆ 'ਚ ਇਹ ਇੰਨਾਂ ਵੱਡਾ ਹੈ ਜਿਵੇਂ ਸਮੁੰਦਰ 'ਚ ਹੋਰ ਮੱਛੀਆਂ ਅਤੇ ਜੀਵਾਂ ਦੇ ਮੁਕਾਬਲੇ ਵ੍ਹੇਲ ਮੱਛੀ ਹੁੰਦੀ ਹੈ - ਬਹੁਤ ਵੱਡੀ।

ਜਦੋਂ ਇਹ ਸੂਖਮ ਕੀੜਾ ਚੱਟਾਨ 'ਤੇ ਉੱਗੀ ਬਲਗਮ ਵਰਗੀ ਮਾਈਕ੍ਰੋਬੀਅਲ ਪਰਤ ਵਿੱਚ ਮਰ ਜਾਂਦਾ ਹੈ, ਤਾਂ ਇਸ ਦੇ ਸਰੀਰ ਨੂੰ ਸੰਭਵ ਤੌਰ 'ਤੇ ਬੈਕਟੀਰੀਆ ਅਤੇ ਹੋਰ ਜੀਵ ਖਾ ਜਾਂਦੇ ਹਨ, ਜਿਸ ਨਾਲ ਜੀਵਨ ਦਾ ਇਹ ਅਜੀਬ, 'ਹੇਡੀਅਨ' (ਨਰਕ ਵਰਗਾ) ਚੱਕਰ ਚੱਲਦਾ ਰਹਿੰਦਾ ਹੈ।

1980 ਦੇ ਦਹਾਕੇ ਤੋਂ ਪਹਿਲਾਂ, ਜ਼ਿਆਦਾਤਰ ਜੀਵ ਵਿਗਿਆਨੀ ਇਹ ਨਹੀਂ ਮੰਨਦੇ ਸਨ ਕਿ ਸਤ੍ਹਾ ਤੋਂ 30 ਸੈਂਟੀਮੀਟਰ (1 ਫੁੱਟ) ਤੋਂ ਵੱਧ ਗਹਿਰਾਈ ਵਿੱਚ ਜੀਵਨ ਮੌਜੂਦ ਹੋ ਸਕਦਾ ਹੈ। ਸਾਲ 2011 ਵਿੱਚ 'ਡੈਵਿਲ ਵਰਮ' ਦੀ ਖੋਜ ਨੇ ਧਰਤੀ ਦੀਆਂ ਗਹਿਰਾਈਆਂ ਬਾਰੇ ਸਾਡੀ ਸਮਝ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।

ਯੂਨੀਵਰਸਿਟੀ ਆਫ਼ ਸਦਰਨ ਕੈਲੀਫ਼ੋਰਨੀਆ ਦੇ ਜਿਓਮਾਈਕ੍ਰੋਬਾਇਓਲੋਜਿਸਟ ਕੈਰਨ ਲੋਇਡ ਹੈਰਾਨੀ ਨਾਲ ਕਹਿੰਦੇ ਹਨ, "ਜੇ ਉੱਥੇ ਹੇਠਾਂ ਇੱਕ ਕੀੜਾ ਮਿਲ ਸਕਦਾ ਹੈ, ਤਾਂ ਹੋਰ ਕੀ-ਕੀ ਹੈ ਜੋ ਸਾਡੀ ਨਜ਼ਰ ਤੋਂ ਓਹਲੇ ਹੈ?"

ਅਸਾਧਾਰਣ ਤੌਰ 'ਤੇ, ਕਿਸਮਤ ਨਾਲ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੀ ਬਦੌਲਤ, ਵਿਗਿਆਨੀ ਉਸ ਇੱਕ 'ਡੈਵਿਲ ਵਰਮ' ਤੋਂ ਨਵੀਂ ਪੀੜ੍ਹੀ ਪੈਦਾ ਕਰਨ ਵਿੱਚ ਕਾਮਯਾਬ ਹੋਏ ਅਤੇ ਉਤਸ਼ਾਹ ਨਾਲ ਉਨ੍ਹਾਂ ਅਗਲੀਆਂ ਪੀੜ੍ਹੀਆਂ ਦਾ ਅਧਿਐਨ ਵੀ ਕਰ ਰਹੇ ਹਨ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਇਹ ਪ੍ਰਜਾਤੀ ਧਰਤੀ ਦੀਆਂ ਗਰਮ ਅਤੇ ਹਨ੍ਹੇਰੀਆਂ ਗਹਿਰਾਈਆਂ ਵਿੱਚ ਜ਼ਿੰਦਾ ਕਿਵੇਂ ਰਹਿੰਦੀ ਹੈ।

ਗਹਿਰੇ ਬਾਇਓਸਫੀਅਰ (ਜੀਵਮੰਡਲ) ਵਿੱਚ ਦਾਖ਼ਲਾ

ਗੋਲ ਕੀੜੇ

ਤਸਵੀਰ ਸਰੋਤ, Gaetan Borgonie/Extreme Life Isyensya

ਤਸਵੀਰ ਕੈਪਸ਼ਨ, ਬਹੁਤ ਸਾਰੇ ਵਿਗਿਆਨੀਆਂ ਨੂੰ ਸ਼ੱਕ ਸੀ ਕਿ ਗੋਲ ਕੀੜੇ ਧਰਤੀ ਦੀ ਪੇਪੜੀ ਵਿੱਚ ਡੂੰਘਾਈ ਵਿੱਚ ਮੌਜੂਦ ਹੋ ਸਕਦੇ ਹਨ

2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਬੈਲਜੀਅਮ ਵਿੱਚ 'ਐਕਸਟ੍ਰੀਮ ਲਾਈਫ ਇਸਯੇਨਸੀਆ' ਨਾਂ ਦਾ ਇੱਕ ਗੈਰ-ਮੁਨਾਫ਼ਾ ਖੋਜ ਸੰਸਥਾਨ ਸ਼ੁਰੂ ਕਰਨ ਵਾਲੇ ਵਰਮ ਬਾਇਓਲੋਜਿਸਟ (ਕੀੜਿਆਂ ਦੇ ਵਿਗਿਆਨੀ) ਗਾਏਟਨ ਬੋਰਗੋਨੀ ਨੂੰ ਯਾਦ ਹੈ ਕਿ ਪਹਿਲਾਂ ਦੇ ਵਿਗਿਆਨੀ ਇਸ ਗੱਲ ਦਾ ਮਜ਼ਾਕ ਉਡਾਉਂਦੇ ਸਨ ਕਿ ਧਰਤੀ ਦੀਆਂ ਗਹਿਰਾਈਆਂ ਵਿੱਚ ਕੋਈ ਹੋਰ ਅਣਜਾਣੇ ਜੀਵ ਵੀ ਹੋ ਸਕਦਾ ਹੈ।

ਜ਼ਮੀਨ ਦੇ ਬਹੁਤ ਹੇਠਾਂ ਜੀਵਨ ਹੋਣ ਦੀ ਪਹਿਲੀ ਠੋਸ ਰਿਪੋਰਟ ਕੁਝ ਸਾਲ ਪਹਿਲਾਂ ਹੀ ਸਾਹਮਣੇ ਆਈ ਸੀ – ਜਿਵੇਂ ਕਿ 1997 ਵਿੱਚ ਗੈਸ ਦੇ ਇੱਕ ਬੋਰਹੋਲ ਵਿੱਚ 2.8 ਕਿਲੋਮੀਟਰ (1.7 ਮੀਲ) ਦੀ ਗਹਿਰਾਈ 'ਤੇ ਬੈਕਟੀਰੀਆ ਦਾ ਮਿਲਣਾ।

ਬੋਰਗੋਨੀ ਦਾ ਮੰਨਣਾ ਸੀ ਕਿ ਜ਼ਮੀਨ ਦੇ ਬਹੁਤ ਹੇਠਾਂ ਛੋਟੇ ਕੀੜਿਆਂ ਦਾ ਇੱਕ ਸਮੂਹ, ਜਿਨ੍ਹਾਂ ਨੂੰ ਰਾਊਂਡਵਰਮ ਜਾਂ ਨੇਮਾਟੋਡ ਕਿਹਾ ਜਾਂਦਾ ਹੈ, ਹੋ ਸਕਦਾ ਹੈ।

ਇਹ ਵਿਚਾਰ ਉਸ ਸਮੇਂ ਆਮ ਨਹੀਂ ਸੀ, ਪਰ ਬੋਰਗੋਨੀ ਜਾਣਦੇ ਸਨ ਕਿ ਇਹ ਛੋਟੇ ਜੀਵ ਕਿੰਨੇ ਮਜ਼ਬੂਤ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਇਸ 'ਤੇ ਖੋਜ ਕਰਨਾ ਲਾਭਦਾਇਕ ਹੋਵੇਗਾ।

ਸਾਲ 2008 ਵਿੱਚ ਬੋਰਗੋਨੀ ਨੇ 'ਐਕਸਟ੍ਰੀਮ ਲਾਈਫ' (ਕਠਿਨ ਹਾਲਾਤਾਂ ਵਿੱਚ ਜੀਵਨ) ਦੇ ਹੋਰ ਮਾਹਿਰਾਂ ਨਾਲ ਮਿਲ ਕੇ ਦੱਖਣੀ ਅਫ਼ਰੀਕਾ ਦੀ ਬੀਟ੍ਰਿਕਸ ਗੋਲਡ ਮਾਈਨ (ਸੋਨੇ ਦੀ ਖਾਨ) ਦਾ ਦੌਰਾ ਕੀਤਾ।

ਬੋਰਗੋਨੀ ਦੱਸਦੇ ਹਨ ਕਿ ਖਾਨ ਵਿੱਚ ਬਹੁਤ ਹੇਠਾਂ, ਉਨ੍ਹਾਂ ਨੇ ਅਜਿਹੇ ਛੇਕਾਂ ਤੱਕ ਪਹੁੰਚ ਬਣਾਈ ਜੋ ਚੱਟਾਨ ਦੇ ਅੰਦਰ ਲਗਭਗ 37° ਸੈਲਸੀਅਸ ਤਾਪਮਾਨ ਵਾਲਾ ਪਾਣੀ ਕੱਢਣ ਲਈ ਖਾਨ ਦੀਆਂ ਕੰਧਾਂ ਵਿੱਚ ਕੀਤੇ ਗਏ ਸਨ।

ਉਨ੍ਹਾਂ ਨੇ ਇਸ ਪਾਣੀ ਨੂੰ ਅਜਿਹੇ ਫਿਲਟਰ ਵਿੱਚੋਂ ਲੰਘਾਇਆ ਜੋ ਛੋਟੇ ਜੀਵਾਂ ਨੂੰ ਫੜ੍ਹਨ ਲਈ ਬਣਾਏ ਗਏ ਸਨ।

6,000 ਲੀਟਰ ਤੋਂ ਵੱਧ ਪਾਣੀ ਨੂੰ ਫਿਲਟਰ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇੱਕ ਨਿੱਕਾ ਜਿਹਾ ਕੀੜਾ ਮਿਲਿਆ।

ਦੱਖਣੀ ਅਫ਼ਰੀਕਾ ਵਿੱਚ ਗੋਲ ਕੀੜਾ

ਤਸਵੀਰ ਸਰੋਤ, Gaetan Borgonie/Extreme Life Isyensya

ਤਸਵੀਰ ਕੈਪਸ਼ਨ, ਦੱਖਣੀ ਅਫ਼ਰੀਕਾ ਵਿੱਚ ਇੱਕ ਕਿਲੋਮੀਟਰ ਤੋਂ ਵੀ ਵੱਧ ਹੇਠਾਂ ਪੋਇਕੀਲੋਲਾਈਮਸ ਆਕਸੀਸਰਕਸ, ਇੱਕ ਹੋਰ ਗੋਲ ਕੀੜਾ ਵੀ ਪਾਇਆ ਗਿਆ ਹੈ

ਦੱਖਣੀ ਅਫ਼ਰੀਕਾ ਦੀਆਂ ਹੋਰ ਦੋ ਖਾਨਾਂ ਵਿੱਚ ਉਨ੍ਹਾਂ ਨੇ ਇਸ ਤੋਂ ਵੀ ਵੱਧ ਪਾਣੀ ਫਿਲਟਰ ਕੀਤਾ। ਉੱਥੇ ਇੱਕ ਖਾਨ ਵਿੱਚ ਤਾਂ 12 ਮਿਲੀਅਨ ਲੀਟਰ ਤੋਂ ਵੀ ਵੱਧ ਪਾਣੀ ਫਿਲਟਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਾਊਂਡਵਰਮ ਦੀਆਂ ਕਈ ਵੱਖ-ਵੱਖ ਪ੍ਰਜਾਤੀਆਂ ਮਿਲੀਆਂ, ਨਾਲ ਹੀ ਕੁਝ ਹੋਰ ਬਿਨਾਂ ਰੀੜ੍ਹ ਵਾਲੇ ਜੀਵ, ਫੰਗਸ ਅਤੇ ਕਈ ਸੂਖਮਜੀਵ ਵੀ ਮਿਲੇ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਜਾਤੀਆਂ ਜ਼ਮੀਨ ਦੀ ਸਤ੍ਹਾ 'ਤੇ ਵੀ ਮਿਲਦੀਆਂ ਹਨ, ਪਰ ਬੀਟ੍ਰਿਕਸ ਖਾਨ ਤੋਂ ਮਿਲਿਆ ਕੀੜਾ - ਜਿਸ ਦੀ ਪੂੰਛ ਫਿਲਟਰਿੰਗ ਪ੍ਰਕਿਰਿਆ ਦੌਰਾਨ ਟੁੱਟ ਗਈ ਸੀ - ਵਿਗਿਆਨ ਲਈ ਨਵਾਂ ਸੀ ਅਤੇ ਉਸ ਦਾ ਨਾਂ 'ਹੈਲਿਸੇਫਾਲੋਬਸ ਮੇਫਿਸਟੋ' ਰੱਖਿਆ ਗਿਆ।

ਖੋਜ

ਤਸਵੀਰ ਸਰੋਤ, Gaetan Borgonie/Extreme Life Isyensya

ਤਸਵੀਰ ਕੈਪਸ਼ਨ, ਧਰਤੀ ਦੇ ਹੇਠਾਂ ਕੀਤੀਆਂ ਗਈਆਂ ਖੋਜਾਂ ਨੇ ਵਿਗਿਆਨੀਆਂ ਦੇ ਸੋਚਣ ਨਾਲੋਂ ਕਿਤੇ ਜ਼ਿਆਦਾ ਜੀਵਨ ਦਾ ਖੁਲਾਸਾ ਕੀਤਾ ਹੈ

ਰਾਊਂਡਵਰਮ ਲਈ ਪੂੰਛ ਦਾ ਟੁੱਟਣਾ ਮੌਤ ਦੀ ਸਜ਼ਾ ਵਰਗਾ ਹੈ। ਪਰ ਚੰਗੀ ਗੱਲ ਇਹ ਸੀ ਕਿ ਉਹ ਮਾਦਾ ਸੀ ਅਤੇ 'ਪਾਰਥੇਨੋਜੈਨੇਟਿਕ' ਸੀ – ਯਾਨੀ ਉਹ ਬਿਨਾਂ ਮੇਟਿੰਗ (ਪ੍ਰਜਣਨ ਲਈ ਮੇਲ) ਦੇ ਆਪਣੇ ਆਪ ਬੱਚੇ ਪੈਦਾ ਕਰ ਸਕਦੀ ਸੀ ਅਤੇ ਮਰਨ ਤੋਂ ਪਹਿਲਾਂ ਉਸ ਨੇ ਅੱਠ ਅਜਿਹੇ ਅੰਡੇ ਦਿੱਤੇ, ਜਿਨ੍ਹਾਂ ਵਿੱਚੋਂ ਬੱਚੇ ਨਿੱਕਲ ਸਕਦੇ ਸਨ।

ਇਸ ਕੀੜੇ ਦੀਆਂ ਕੁਝ ਸੰਤਾਨਾਂ ਅਮਰੀਕਾ ਦੀ ਅਮੈਰੀਕਨ ਯੂਨੀਵਰਸਿਟੀ ਵਿੱਚ ਜੀਨੋਮਿਕਸ ਖੋਜਕਾਰ ਜੌਨ ਬ੍ਰੈਕਟ ਦੀ ਲੈਬ ਵਿੱਚ ਪਹੁੰਚੀਆਂ।

ਇੱਥੇ, ਉਨ੍ਹਾਂ ਨੂੰ ਪੈਟਰੀ ਡਿਸ਼ ਵਿੱਚ ਉਸੇ ਤਰ੍ਹਾਂ ਦੇ ਮਾਹੌਲ ਵਿੱਚ ਪਾਲਿਆ ਜਾ ਰਿਹਾ ਹੈ, ਜਿਸ ਵਿੱਚ 'ਡੈਵਿਲ ਵਰਮ' ਦਾ ਨਜ਼ਦੀਕੀ ਰਿਸ਼ਤੇਦਾਰ 'ਕੇਨੋਰਹੈਬਡਾਈਟਿਸ ਐਲੀਗੈਂਸ' ਰਹਿੰਦੇ ਹੈ। ਇਹ ਰਾਊਂਡਵਰਮ ਦੀ ਇੱਕ ਅਜਿਹੀ ਪ੍ਰਜਾਤੀ ਹੈ ਜਿਸ 'ਤੇ ਬਹੁਤ ਜ਼ਿਆਦਾ ਖੋਜ ਹੋ ਚੁੱਕੀ ਹੈ ਅਤੇ ਜੋ ਸੜੇ ਹੋਏ ਫਲਾਂ 'ਤੇ ਰਹਿੰਦੀ ਹੈ।

ਦੋਵਾਂ ਪ੍ਰਜਾਤੀਆਂ ਵਿੱਚ ਕੁਝ ਫ਼ਰਕ ਵੀ ਹਨ, ਜਿਵੇਂ - ਡੈਵਿਲ ਵਰਮ ਪਾਣੀ ਵਿੱਚ ਤੈਰਦਾ ਨਹੀਂ, ਸਗੋਂ ਪਲਾਸਟਿਕ ਟਿਊਬ ਦੀਆਂ ਕੰਧਾਂ ਨਾਲ ਚਿਪਕਿਆ ਰਹਿੰਦਾ ਹੈ। ਇਹੀ ਖ਼ੂਬੀ ਸ਼ਾਇਦ ਉਸ ਨੂੰ ਜ਼ਮੀਨ ਦੇ ਹੇਠਾਂ ਮੌਜੂਦ ਚੱਟਾਨਾਂ ਨਾਲ ਚਿਪਕੇ ਰਹਿਣ ਵਿੱਚ ਮਦਦ ਕਰਦੀ ਹੈ।

ਖ਼ਾਸ ਗੱਲ ਇਹ ਹੈ ਕਿ ਡੈਵਿਲ ਵਰਮ ਕਮਰੇ ਦੇ ਤਾਪਮਾਨ 'ਤੇ ਠੀਕ ਤਰ੍ਹਾਂ ਨਹੀਂ ਵਧਦਾ। 20° ਸੈਲਸੀਅਸ 'ਤੇ ਇਸ ਦੇ ਵਧਣ ਦੀ ਦਰ ਹੌਲੀ ਹੋ ਜਾਂਦੀ ਹੈ ਅਤੇ ਆਪਣਾ ਜੀਵਨ-ਚੱਕਰ ਪੂਰਾ ਕਰਨ ਵਿੱਚ ਇਸ ਨੂੰ ਸਿਰਫ਼ ਅੱਠ ਦਿਨ ਲੱਗਦੇ ਹਨ। ਇਸ ਨੂੰ 37° ਸੈਲਸੀਅਸ ਤਾਪਮਾਨ ਪਸੰਦ ਹੈ – ਅਜਿਹੇ ਹਾਲਾਤ, ਜਿਨ੍ਹਾਂ ਵਿੱਚ ਆਮ ਤੌਰ 'ਤੇ ਕੇਨੋਰਹੈਬਡਾਈਟਿਸ ਐਲੀਗੈਂਸ' ਮਰ ਜਾਂਦੇ ਹਨ, ਪਰ ਡੈਵਿਲ ਵਰਮ ਉੱਥੇ ਹਰ ਦੋ ਦਿਨ ਬਾਅਦ ਖੁਸ਼ੀ-ਖੁਸ਼ੀ ਪ੍ਰਜਣਨ ਕਰਦਾ ਹੈ।

 ਦੱਖਣੀ ਅਫਰੀਕਾ

ਤਸਵੀਰ ਸਰੋਤ, Gaetan Borgonie/Extreme Life Isyensya

ਤਸਵੀਰ ਕੈਪਸ਼ਨ, ਵਿਗਿਆਨੀਆਂ ਨੂੰ ਦੱਖਣੀ ਅਫਰੀਕਾ ਦੀ ਬੀਟ੍ਰਿਕਸ ਸੋਨੇ ਦੀ ਖਾਨ ਵਿੱਚ ਕਈ ਗੋਲ ਕੀੜੇ ਦੀਆਂ ਕਿਸਮਾਂ ਮਿਲੀਆਂ ਹਨ

ਮੁਸ਼ਕਿਲ ਹਾਲਾਤਾਂ ਵਿੱਚ ਜ਼ਿੰਦਾ ਰਹਿਣ ਲਈ ਬਦਲਾਅ

ਕਿਸੇ ਇੱਕ ਜੀਵ ਦੀਆਂ ਸੰਤਾਨਾਂ (ਵੰਸ਼ਜਾਂ) ਦੇ ਆਧਾਰ 'ਤੇ ਕਿਸੇ ਪ੍ਰਜਾਤੀ ਦਾ ਅਧਿਐਨ ਕਰਨਾ ਮੁਸ਼ਕਿਲ ਹੁੰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਲੰਬੇ ਸਮੇਂ ਤੋਂ ਆਪਣੇ ਮੂਲ ਆਵਾਸ ਤੋਂ ਦੂਰ ਰਹੀ ਹੋਵੇ। ਪਰ ਬ੍ਰੈਕਟ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਕੀੜਾ ਜ਼ਮੀਨ ਦੇ ਬਹੁਤ ਹੇਠਾਂ ਕਿਵੇਂ ਜ਼ਿੰਦਾ ਰਹਿੰਦਾ ਹੈ।

ਜਦੋਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਲ 2019 ਵਿੱਚ 'ਡੈਵਿਲ ਵਰਮ' ਦੇ ਡੀਐਨਏ ਦਾ ਸੀਕਵੈਂਸ ਪਤਾ ਕੀਤਾ, ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਅਜਿਹੇ ਜੀਨ ਮਿਲੇ ਜੋ 'ਹੀਟ-ਸ਼ਾਕ ਪ੍ਰੋਟੀਨ' ਬਣਾਉਂਦੇ ਹਨ। ਇਹ ਅਜਿਹੇ ਮੌਲੀਕਿਊਲ ਹੁੰਦੇ ਹਨ ਜੋ ਹੋਰ ਪ੍ਰੋਟੀਨਾਂ ਨੂੰ ਬਹੁਤ ਵੱਧ ਤਾਪਮਾਨ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।

ਹਾਲ ਹੀ ਵਿੱਚ, ਸਾਲ 2024 ਵਿੱਚ, ਬ੍ਰੈਕਟ ਦੀ ਟੀਮ ਨੇ 'ਸਾਈਟੋਕ੍ਰੋਮ ਆਕਸੀਡੇਜ਼ ਸੀ' ਨਾਂ ਦੇ ਇੱਕ ਹੋਰ ਮੌਲੀਕਿਊਲ ਦਾ ਬਾਰੀਕੀ ਨਾਲ ਅਧਿਐਨ ਕੀਤਾ, ਜੋ ਆਕਸੀਜਨ ਲੈਣ ਅਤੇ ਜੀਵਨ ਕਾਇਮ ਰੱਖਣ ਲਈ ਜ਼ਰੂਰੀ ਹੈ।

ਕਈ ਪ੍ਰਯੋਗਾਂ ਰਾਹੀਂ ਬ੍ਰੈਕਟ ਨੂੰ ਪਤਾ ਲੱਗਾ ਕਿ ਡੈਵਿਲ ਵਰਮ ਦਾ 'ਸਾਈਟੋਕ੍ਰੋਮ ਆਕਸੀਡੇਜ਼ ਸੀ' ਸਿਰਫ਼ ਵੱਧ ਤਾਪਮਾਨ 'ਤੇ ਹੀ ਕੰਮ ਕਰਦਾ ਹੈ। ਕਮਰੇ ਦੇ ਤਾਪਮਾਨ 'ਤੇ ਇਹ ਮੌਲੀਕਿਊਲ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਊਰਜਾ ਬਣਨ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜਿਹੇ ਹਾਲਾਤਾਂ ਵਿੱਚ ਇਹ ਕੀੜੇ ਬਹੁਤ ਸੁਸਤ ਹੋ ਜਾਂਦੇ ਹਨ।

ਜੀਵ

ਤਸਵੀਰ ਸਰੋਤ, Gaetan Borgonie, Extreme Life Isyensya, Belgium

ਤਸਵੀਰ ਕੈਪਸ਼ਨ, ਡੂੰਘੀਆਂ ਖਾਣਾਂ ਤੋਂ ਪਾਣੀ ਵਿੱਚ ਬਹੁ-ਸੈਲੂਲਰ ਜੀਵਨ ਦੀ ਹੈਰਾਨੀਜਨਕ ਵਿਭਿੰਨਤਾ ਸੀ, ਜਿਸ ਵਿੱਚ ਕਈ ਕਿਸਮਾਂ ਦੇ ਕੀੜੇ ਵੀ ਸ਼ਾਮਲ ਸਨ

ਬ੍ਰੈਕਟ ਦਾ ਮੰਨਣਾ ਹੈ ਕਿ ਇਹ ਆਫ਼-ਸਵਿੱਚ (ਕੰਮ ਬੰਦ ਕਰਨ ਦੀ ਪ੍ਰਕਿਰਿਆ) ਜ਼ਿੰਦਾ ਰਹਿਣ ਦਾ ਇੱਕ ਤਰੀਕਾ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਬਿਹਤਰ ਮਾਹੌਲ ਵਿੱਚ ਵੱਧ ਪ੍ਰਜਣਨ ਕਰਨ ਅਤੇ ਉਨ੍ਹਾਂ ਲਈ ਬਿਹਤਰ ਮਾਹੌਲ ਹੈ - ਗਰਮ ਥਾਂ।"

ਇਸ ਵੇਲੇ ਉਹ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕੀ ਡੈਵਿਲ ਵਰਮ ਦੀ 'ਪਾਰਥੇਨੋਜੈਨੇਟਿਕ' ਪ੍ਰਜਣਨ ਰਣਨੀਤੀ (ਬਿਨਾਂ ਨਰ ਦੇ ਪ੍ਰਜਣਨ) ਵੀ ਜ਼ਿੰਦਾ ਰਹਿਣ ਦਾ ਇੱਕ ਤਰੀਕਾ ਹੈ। ਕਿਉਂਕਿ ਜ਼ਮੀਨ ਦੇ ਹੇਠਾਂ ਦੀ ਵਿਸ਼ਾਲ ਦੁਨੀਆ ਵਿੱਚ ਡੈਵਿਲ ਵਰਮ ਦਾ ਆਪਣੀ ਹੀ ਪ੍ਰਜਾਤੀ ਦੇ ਕਿਸੇ ਹੋਰ ਜੀਵ ਨਾਲ ਮਿਲਣਾ ਮੁਸ਼ਕਿਲ ਹੋ ਸਕਦਾ ਹੈ, ਇਸ ਲਈ ਇਸ ਤਰ੍ਹਾਂ ਦਾ ਬਿਨਾਂ ਨਰ ਦੇ ਪ੍ਰਜਨਨ ਕਈ ਵਾਰ ਸੰਤਾਨ ਪੈਦਾ ਕਰਨ ਦਾ ਉਨ੍ਹਾਂ ਦਾ ਇੱਕੋ-ਇੱਕ ਤਰੀਕਾ ਹੋ ਸਕਦਾ ਹੈ।

ਹੋ ਸਕਦਾ ਹੈ ਕਿ ਨਰ ਡੈਵਿਲ ਵਰਮ ਵੀ ਮੌਜੂਦ ਹੋਣ, ਜਿਸ ਨਾਲ ਜਦੋਂ ਉਹ ਇੱਕ-ਦੂਜੇ ਨੂੰ ਮਿਲਣ ਤਾਂ ਕੁਝ ਹੱਦ ਤੱਕ ਲੈਂਗਿਕ ਪ੍ਰਜਣਨ ਹੋ ਸਕੇ ਪਰ ਬ੍ਰੈਕਟ ਦਾ ਅੰਦਾਜ਼ਾ ਹੈ ਕਿ ਅਜੇ ਤੱਕ ਨਰ ਡੈਵਿਲ ਵਰਮ ਦੀ ਖੋਜ ਨਹੀਂ ਹੋ ਸਕੀ ਹੈ।

ਜੋ ਵੀ ਹੋਵੇ, ਇਹ ਕੀੜੇ ਦਿਖਾਉਂਦੇ ਹਨ ਕਿ ਉਹ ਨਵੇਂ ਮਾਹੌਲ ਵਿੱਚ ਆਪਣੇ ਆਪ ਨੂੰ ਕਿੰਨੀ ਆਸਾਨੀ ਨਾਲ ਢਾਲ ਸਕਦੇ ਹਨ।

ਬ੍ਰੈਕਟ ਕਹਿੰਦੇ ਹਨ, "ਜਿੱਥੇ ਵੀ ਤੁਹਾਨੂੰ ਭੋਜਨ ਦਾ ਸਰੋਤ ਮਿਲੇ ਅਤੇ ਜਾਨਵਰਾਂ ਦੇ ਉੱਥੇ ਪਹੁੰਚਣ ਦੀ ਸੰਭਾਵਨਾ ਹੋਵੇ, (ਰਾਊਂਡਵਰਮ) ਉਸ ਥਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲੈਣਗੇ।"

ਡੈਵਿਲ ਵਰਮ ਧਰਤੀ ਦੀਆਂ ਇੰਨੀਆਂ ਗਹਿਰਾਈਆਂ ਤੱਕ ਕਿਵੇਂ ਪਹੁੰਚਿਆ?

ਵੈਨ ਹੀਅਰਡਨ

ਇਹ ਅਜੇ ਵੀ ਇੱਕ ਰਹੱਸ ਹੈ ਕਿ ਇਹ ਜੀਵ ਧਰਤੀ ਦੇ ਇੰਨੇ ਡੂੰਘੇ ਹਿੱਸਿਆਂ ਤੱਕ ਕਿਵੇਂ ਪਹੁੰਚੇ। ਬੋਰਗੋਨੀ ਅਤੇ ਸਵਿਟਜ਼ਰਲੈਂਡ ਦੀ ਈਟੀਐੱਚ ਜ਼ਿਊਰਿਖ ਦੀ ਜਿਓਬਾਇਓਲੋਜਿਸਟ ਕਾਰਾ ਮੈਗਨਾਬੋਸਕੋ ਦੀ ਖੋਜ ਤੋਂ ਸੰਕੇਤ ਮਿਲਦੇ ਹਨ ਕਿ ਘੱਟੋ-ਘੱਟ ਕੁਝ ਰਾਊਂਡਵਰਮ ਸਤ੍ਹਾ ਦੇ ਵਾਤਾਵਰਣ ਤੋਂ ਪਾਣੀ ਦੇ ਰਾਹੀਂ ਹੇਠਾਂ ਪਹੁੰਚਦੇ ਹਨ।

ਸੰਭਵ ਹੈ ਕਿ ਭੂਚਾਲਾਂ ਦੌਰਾਨ ਧਰਤੀ ਵਿੱਚ ਪੈਦਾ ਹੋਣ ਵਾਲੇ ਝਟਕੇ ਵੀ ਉਨ੍ਹਾਂ ਨੂੰ ਹੋਰ ਡੂੰਘਾਈ ਤੱਕ ਜਾਣ ਵਿੱਚ ਮਦਦ ਕਰਦੇ ਹੋਣ।

ਦੂਜੇ ਪਾਸੇ, ਕਈ ਬੈਕਟੀਰੀਆ ਸ਼ਾਇਦ ਇਸ ਤੋਂ ਵੀ ਕਾਫ਼ੀ ਲੰਬੇ ਸਮੇਂ ਤੋਂ ਧਰਤੀ ਦੀਆਂ ਗਹਿਰਾਈਆਂ ਵਿੱਚ ਮੌਜੂਦ ਹਨ।

ਸਾਲ 2021 ਵਿੱਚ ਚੀਨ ਦੇ ਇੰਸਟੀਚਿਊਟ ਆਫ਼ ਡੀਪ-ਸੀ ਸਾਇੰਸ ਐਂਡ ਇੰਜੀਨੀਅਰਿੰਗ ਦੀ ਜਿਓਮਾਈਕ੍ਰੋਬਾਇਓਲੋਜਿਸਟ ਮੈਗੀ ਲਾਊ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਕਿ ਧਰਤੀ ਦੀਆਂ ਗਹਿਰਾਈਆਂ ਵਿੱਚ ਰਹਿਣ ਵਾਲਾ ਬੈਕਟੀਰੀਆ ਡੇਸਲਫੋਰੂਡਿਸ ਆਡੈਕਸਵਾਇਏਟਰ ਜੋ ਤਿੰਨ ਵੱਖ-ਵੱਖ ਮਹਾਂਦੀਪਾਂ ਵਿੱਚ ਮਿਲਿਆ, ਜੈਨੇਟਿਕ ਤੌਰ 'ਤੇ ਲਗਭਗ ਇੱਕੋ ਜਿਹਾ ਹੈ, ਹਾਲਾਂਕਿ ਇਹ ਧਰਤੀ ਦੀ ਸਤ੍ਹਾ 'ਤੇ ਕਦੇ ਨਹੀਂ ਮਿਲਿਆ।

ਲਾਊ ਅਤੇ ਉਨ੍ਹਾਂ ਦੇ ਸਾਥੀਆਂ ਦਾ ਅੰਦਾਜ਼ਾ ਹੈ ਕਿ ਇਹ ਬੈਕਟੀਰੀਆ ਉਦੋਂ ਤੋਂ ਧਰਤੀ ਦੀ ਕ੍ਰਸਟ ਵਿੱਚ ਮੌਜੂਦ ਹੋ ਸਕਦਾ ਹੈ, ਜਦੋਂ ਮਹਾਂਦੀਪਾਂ ਦੇ ਮਹਾਂ-ਸਮੂਹ ਪੈਂਜੀਆ ਦਾ ਟੁੱਟਣਾ ਲਗਭਗ 16.5 ਕਰੋੜ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਧਰਤੀ 'ਤੇ ਡਾਇਨਾਸੋਰ ਘੁੰਮਦੇ-ਫਿਰਦੇ ਸਨ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਵਿਸ਼ਾਲ ਐਸਟਰਾਇਡ ਧਰਤੀ ਨਾਲ ਟਕਰਾ ਜਾਵੇ ਅਤੇ ਸਤ੍ਹਾ 'ਤੇ ਮੌਜੂਦ ਜੀਵਨ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇ, ਤਾਂ ਵੀ ਧਰਤੀ ਦੇ ਅੰਦਰ ਗਹਿਰਾਈ ਵਿੱਚ ਰਹਿਣ ਵਾਲੇ ਇਹ ਜੀਵ ਜੀਵਨ ਨੂੰ ਮੁੜ ਜਨਮ ਦੇਣ ਦਾ ਆਧਾਰ ਬਣ ਸਕਦੇ ਹਨ।

ਵਿਗਿਆਨੀ ਵੈਨ ਹੀਅਰਡਨ ਕਹਿੰਦੇ ਹਨ, "ਇਨਸਾਨ ਹੋਣ ਦੇ ਨਾਤੇ ਸਾਨੂੰ ਲੱਗਦਾ ਹੈ ਕਿ ਅਸੀਂ ਦੁਨੀਆ 'ਤੇ ਰਾਜ ਕਰਦੇ ਹਾਂ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਇਹ ਗੱਲ ਮੇਰੇ ਲਈ ਬਹੁਤ ਨਿਮਰ ਬਣਾਉਣ ਵਾਲੀ ਰਹੀ ਹੈ। ਇਹ ਜੀਵ ਲੱਖਾਂ ਨਹੀਂ, ਸ਼ਾਇਦ ਅਰਬਾਂ ਸਾਲਾਂ ਤੋਂ ਇੱਥੇ ਮੌਜੂਦ ਹਨ ਅਤੇ ਸਾਡੇ ਖਤਮ ਹੋ ਜਾਣ ਤੋਂ ਬਾਅਦ ਵੀ ਬਹੁਤ ਲੰਬੇ ਸਮੇਂ ਤੱਕ ਇੱਥੇ ਰਹਿਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)