ਭਾਰਤੀ ਸੰਵਿਧਾਨ ਦੀਆਂ ਹੱਥੀਂ ਲਿਖੀਆਂ ਕਾਪੀਆਂ 'ਚ ਗੁਰੂ ਗੋਬਿੰਦ ਸਿੰਘ ਸਣੇ ਹੋਰ ਕਿਹੜੇ ਚਿੱਤਰ ਹਨ ਅਤੇ ਇਨ੍ਹਾਂ ਨੂੰ ਕਿਵੇਂ ਸੰਭਾਲ ਕੇ ਰੱਖਿਆ ਗਿਆ ਹੈ?

ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ

ਤਸਵੀਰ ਸਰੋਤ, CSIR NIScPR/YT

ਤਸਵੀਰ ਕੈਪਸ਼ਨ, ਸੰਵਿਧਾਨ ਦੀਆਂ ਦੋਵੇਂ ਹੱਥ ਲਿਖਤ ਕਾਪੀਆਂ ਮੌਜੂਦਾ ਸਮੇਂ ਵਿੱਚ ਸੰਸਦ ਦੀ ਲਾਇਬ੍ਰੇਰੀ ਵਿੱਚ ਸੀਲਬੰਦ ਕੱਚ ਦੇ ਬਾਕਸ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਹਨ
    • ਲੇਖਕ, ਜੋਤੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਜਦੋਂ ਵੀ ਭਾਰਤੀ ਸੰਵਿਧਾਨ ਦੀ ਗੱਲ ਹੁੰਦੀ ਹੈ ਤਾਂ ਅਕਸਰ ਡਾ. ਬੀ. ਆਰ. ਅੰਬੇਡਕਰ ਅਤੇ ਸੰਵਿਧਾਨ ਸਭਾ ਦਾ ਜ਼ਿਕਰ ਹੁੰਦਾ ਹੈ। ਪਰ ਘੱਟ ਲੋਕ ਜਾਣਦੇ ਹਨ ਕਿ ਸੰਵਿਧਾਨ ਦੀਆਂ ਪਹਿਲੀਆਂ ਅਧਿਕਾਰਤ ਕਾਪੀਆਂ ਹੱਥੀਂ ਲਿਖੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਭਾਰਤੀ ਇਤਿਹਾਸ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਚਿੱਤਰਾਂ ਨਾਲ ਸਜਾਇਆ ਗਿਆ ਸੀ। ਇਨ੍ਹਾਂ ਚਿੱਤਰਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਕਈ ਇਤਿਹਾਸਕ ਹਸਤੀਆਂ ਸ਼ਾਮਿਲ ਹਨ।

2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲਗਾ ਕੇ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤ ਦਾ ਸੰਵਿਧਾਨ ਅਪਣਾਇਆ ਗਿਆ ਅਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ।

ਸੰਵਿਧਾਨ ਨੂੰ ਅਪਣਾਏ ਜਾਣ ਤੋਂ ਬਾਅਦ ਇਸ ਦੀਆਂ ਪਹਿਲੀਆਂ ਦੋ ਕਾਪੀਆਂ ਹੱਥੀਂ ਲਿਖੀਆਂ ਗਈਆਂ ਸਨ। ਇੱਕ ਕਾਪੀ ਅੰਗਰੇਜ਼ੀ ਅਤੇ ਇੱਕ ਹਿੰਦੀ ਵਿੱਚ ਲਿਖੀ ਗਈ ਸੀ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਹੱਥੀਂ ਲਿਖਿਆ ਸੰਵਿਧਾਨ ਹੈ, ਜਿਸ ਦੇ ਕੁੱਲ 221 ਪੰਨੇ ਹਨ।

ਸੰਵਿਧਾਨ ਦੀਆਂ ਹੱਥੀਂ ਕਾਪੀਆਂ ਲਿਖਣ ਵਾਲੇ ਕੌਣ ਸਨ ਅਤੇ ਇਸ 'ਤੇ ਚਿੱਤਰਕਾਰੀ ਕਿਸ ਨੇ ਕੀਤੀ ਸੀ। ਮੌਜੂਦਾ ਸਮੇਂ ਵਿੱਚ ਇਹ ਹੱਥੀਂ ਲਿਖੀਆਂ ਕਾਪੀਆਂ ਕਿੱਥੇ ਮੌਜੂਦ ਹਨ ਅਤੇ ਇਨ੍ਹਾਂ ਦੀ ਸੰਭਾਲ ਲਈ ਕੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ, ਇਸ ਰਿਪੋਰਟ ਵਿੱਚ ਜਾਣਦੇ ਹਾਂ....

ਸੰਵਿਧਾਨ ਨੂੰ ਹੱਥੀਂ ਲਿਖਣ ਦਾ ਵਿਚਾਰ ਕਿਵੇਂ ਆਇਆ ?

ਭਾਰਤੀ ਸੰਵਿਧਾਨ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਭਾਰਤੀ ਸੰਵਿਧਾਨ ਦੀਆਂ ਦੋ ਹੱਥ ਲਿਖਤ ਕਾਪੀਆਂ ਤਿਆਰ ਕੀਤੀਆਂ ਗਈਆਂ ਸਨ, ਇੱਕ ਅੰਗਰੇਜ਼ੀ ਭਾਸ਼ਾ ਵਿੱਚ ਅਤੇ ਇੱਕ ਹਿੰਦੀ ਭਾਸ਼ਾ ਵਿੱਚ

ਭਾਰਤੀ ਸੰਸਦ ਦੇ ਅਧਿਕਾਰਤ ਦਸਤਾਵੇਜ਼ "ਏ ਬ੍ਰੀਫ ਨੋਟ ਆਨ ਦਿ ਕੈਲੀਗ੍ਰਾਫੀ ਆਫ ਦਿ ਕੌਂਸਟੀਟਿਊਸ਼ਨ ਆਫ ਇੰਡੀਆ ਇਨ ਇੰਗਲਿਸ਼ ਐਂਡ ਹਿੰਦੀ" ਮੁਤਾਬਕ ਇਹ ਸੁਝਾਅ ਸੰਵਿਧਾਨ ਸਭਾ ਦੇ ਮੈਂਬਰ ਪ੍ਰੋ. ਕੇ. ਟੀ. ਸ਼ਾਹ ਵੱਲੋਂ ਦਿੱਤਾ ਗਿਆ ਸੀ।

26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਅਪਣਾਇਆ ਗਿਆ ਅਤੇ ਇਸ ਨੂੰ ਹੱਥੀਂ ਲਿਖਣ (ਕੈਲੀਗ੍ਰਾਫੀ), ਸੁੰਦਰ ਚਿੱਤਰਕਾਰੀ ਨਾਲ ਸਜਾਵਟ ਅਤੇ ਇਸ ਦੀ ਪ੍ਰਿੰਟਿੰਗ ਦਾ ਵਿਚਾਰ ਕੁਝ ਦਿਨ ਪਹਿਲਾਂ ਹੀ ਸੁਝਾਇਆ ਗਿਆ ਸੀ।

ਕਿਉਂਕਿ ਭਾਰਤੀ ਸੰਵਿਧਾਨ ਨੂੰ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਜਾਣਾ ਤੈਅ ਹੋਇਆ ਸੀ। ਅਜਿਹੇ ਵਿੱਚ ਇਹ ਫੈਸਲਾ ਲਿਆ ਗਿਆ ਕਿ 20 ਜਨਵਰੀ 1950 ਤੱਕ ਘੱਟੋ-ਘੱਟ ਇਸ ਦੀ ਕੈਲੀਗ੍ਰਾਫੀ (ਹੱਥੀਂ ਲਿਖਾਈ) ਦਾ ਕੰਮ ਮੁਕੰਮਲ ਕੀਤਾ ਜਾਵੇ ਅਤੇ ਚਿੱਤਰਕਾਰੀ ਦਾ ਕੰਮ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਪੂਰਾ ਕੀਤਾ ਜਾ ਸਕਦਾ ਹੈ।

ਹੁਣ ਅਗਲਾ ਸਵਾਲ ਸੀ ਕਿ ਭਾਰਤ ਦਾ ਸੰਵਿਧਾਨ ਹੱਥੀਂ ਲਿਖੇਗਾ ਕੌਣ ਅਤੇ ਇਸ ਦੀ ਚਿੱਤਰਕਾਰੀ ਕੌਣ ਕਰੇਗਾ।

ਸੰਵਿਧਾਨ ਨੂੰ ਹੱਥੀਂ ਲਿਖਣ ਵਾਲੇ ਕਲਾਕਾਰ ਕੌਣ ਸਨ ?

ਪ੍ਰੇਮ ਬਿਹਾਰੀ ਨਰਾਇਣ ਰਾਇਜ਼ਾਦਾ

ਤਸਵੀਰ ਸਰੋਤ, livingconstitution.in

ਤਸਵੀਰ ਕੈਪਸ਼ਨ, ਭਾਰਤੀ ਸੰਵਿਧਾਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਹੱਥ ਲਿਖਤ ਕਾਪੀ ਪ੍ਰੇਮ ਬਿਹਾਰੀ ਨਰਾਇਣ ਰਾਇਜ਼ਾਦਾ ਵੱਲੋਂ ਤਿਆਰ ਕੀਤੀ ਗਈ ਸੀ

ਪ੍ਰੋ. ਕੇ.ਟੀ. ਸ਼ਾਹ ਦੇ ਸੁਝਾਅ ਤੋਂ ਬਾਅਦ ਤਲਾਸ਼ ਸ਼ੁਰੂ ਹੋਈ ਉਨ੍ਹਾਂ ਕਲਾਕਾਰਾਂ ਦੀ ਜਿਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਜਾਣੀ ਸੀ।

ਭਾਰਤੀ ਸਰਕਾਰ ਦੇ ਅਧਿਕਾਰਤ ਦਸਤਾਵੇਜ਼ "ਆਰਟ ਐਂਡ ਕੈਲੀਗ੍ਰਾਫੀ ਇਨ ਦਿ ਕੌਂਸਟੀਟਿਊਸ਼ਨ ਆਫ ਇੰਡੀਆ" ਮੁਤਾਬਕ ਸੰਵਿਧਾਨ ਦੀ ਅੰਗਰੇਜ਼ੀ ਕਾਪੀ ਲਿਖਣ ਦੀ ਜ਼ਿੰਮੇਵਾਰੀ ਪ੍ਰੇਮ ਬਿਹਾਰੀ ਨਰਾਇਣ ਰਾਇਜ਼ਾਦਾ ਨੂੰ ਸੌਂਪੀ ਗਈ ਜਦੋਂ ਕਿ ਹਿੰਦੀ ਦੀ ਕਾਪੀ ਲਿਖਣ ਲਈ ਵਸੰਤ ਕੇ. ਵੈਦਿਆ ਨੂੰ ਚੁਣਿਆ ਗਿਆ । ਪ੍ਰੇਮ ਬਿਹਾਰੀ ਨਰਾਇਣ ਰਾਇਜ਼ਾਦਾ ਵੱਲੋਂ ਇੱਕ ਮੰਗ ਰੱਖੀ ਗਈ ਸੀ ਕਿ ਉਹ ਸੰਵਿਧਾਨ ਦੇ ਹਰੇਕ ਪੰਨੇ 'ਤੇ ਆਪਣਾ ਨਾਂਅ ਲਿਖਣਾ ਚਾਹੁੰਦੇ ਹਨ, ਜਿਸ ਨੂੰ ਸੰਵਿਧਾਨ ਸਭਾ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ। ਜੇਕਰ ਤੁਸੀਂ ਸੰਵਿਧਾਨ ਦੀ ਅੰਗਰੇਜ਼ੀ ਕਾਪੀ ਦੇ ਹਰੇਕ ਪੰਨੇ ਦੇ ਹੇਠਾਂ ਦੇਖੋਗੇ ਤਾਂ ਇੱਕ ਕੋਨੇ 'ਤੇ ਅੰਗਰੇਜ਼ੀ ਵਿੱਚ "ਪ੍ਰੇਮ" ਲਿਖਿਆ ਨਜ਼ਰ ਆਵੇਗਾ।

ਕੈਲੀਗ੍ਰਾਫੀ (ਹੱਥੀਂ ਲਿਖਣ ਦਾ ਕੰਮ) ਕੌਣ ਕਰੇਗਾ ਇਹ ਤਾਂ ਸਪੱਸ਼ਟ ਹੋ ਗਿਆ ਸੀ ਪਰ ਚਿੱਤਰਕਾਰੀ ਦਾ ਸਵਾਲ ਅਜੇ ਵੀ ਕਾਇਮ ਸੀ।

ਕਲਾਕਾਰ ਨੰਦ ਲਾਲ ਬੋਸ

ਤਸਵੀਰ ਸਰੋਤ, livingconstitution.in

ਤਸਵੀਰ ਕੈਪਸ਼ਨ, ਭਾਰਤੀ ਸੰਵਿਧਾਨ ਵਿੱਚ ਚਿੱਤਰਕਾਰੀ ਦੇ ਕੰਮ ਲਈ ਕਲਾਕਾਰ ਨੰਦ ਲਾਲ ਬੋਸ ਨਾਲ ਸੰਪਰਕ ਸਾਧਿਆ ਗਿਆ ਸੀ

ਭਾਰਤੀ ਸੰਸਦ ਦੇ ਦਸਤਾਵੇਜ਼ ਮੁਤਾਬਕ ਕ੍ਰਿਸ਼ਨਾ ਕ੍ਰਿਪਲਾਨੀ ਦੇ ਕਹਿਣ 'ਤੇ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਵੱਲੋਂ ਪੱਛਮੀ ਬੰਗਾਲ ਵਿੱਚ ਸਥਿਤ ਸ਼ਾਂਤੀਨਿਕੇਤਨ ਦੇ ਕਲਾ ਭਵਨ ਦੇ ਮੁਖੀ ਨੰਦ ਲਾਲ ਬੋਸ ਨੂੰ ਚਿੱਠੀ ਲਿਖੀ ਗਈ। ਡਾ. ਰਾਜੇਂਦਰ ਪ੍ਰਸਾਦ ਦੀ ਗੁਜ਼ਾਰਿਸ਼ 'ਤੇ ਨੰਦ ਲਾਲ ਬੋਸ ਸੰਵਿਧਾਨ ਦੀ ਹੱਥੀਂ ਲਿਖੀ ਕਾਪੀ ਦੀ ਚਿੱਤਰਕਾਰੀ ਲਈ ਤਿਆਰ ਹੋ ਗਏ।

ਕਿਉਂਕਿ ਸਮਾਂ ਥੋੜ੍ਹਾ ਸੀ ਇਸ ਲਈ ਤੈਅ ਹੋਇਆ ਕਿ ਕੈਲੀਗ੍ਰਾਫੀ (ਹੱਥੀਂ ਲਿਖਣ) ਦਾ ਕੰਮ ਸ਼ੁਰੂ ਕੀਤਾ ਜਾਵੇ ਪਰ ਹਰੇਕ ਪੰਨੇ 'ਤੇ ਚਿੱਤਰਕਾਰੀ ਲਈ ਥਾਂ ਛੱਡ ਦਿੱਤੀ ਜਾਵੇ।

28 ਨਵੰਬਰ 1949 ਨੂੰ ਪ੍ਰੇਮ ਬਿਹਾਰੀ ਨਰਾਇਣ ਰਾਇਜ਼ਾਦਾ ਨੇ ਸੰਵਿਧਾਨ ਅਸੈਂਬਲੀ ਦਫ਼ਤਰ ਵਿੱਚ ਬੈਠ ਕੇ ਸੰਵਿਧਾਨ ਦੀ ਅੰਗਰੇਜ਼ੀ ਕਾਪੀ ਨੂੰ ਹੱਥੀਂ ਲਿਖਣਾ ਸ਼ੁਰੂ ਕੀਤਾ ਸੀ ਅਤੇ ਇਹ ਕੰਮ ਅਪ੍ਰੈਲ 1950 ਦੇ ਆਖ਼ਰੀ ਹਫ਼ਤੇ ਵਿੱਚ ਜਾ ਕੇ ਮੁਕੰਮਲ ਹੋਇਆ ਸੀ। ਜਿਵੇਂ-ਜਿਵੇਂ ਰਾਇਜ਼ਾਦਾ ਵੱਲੋਂ ਸੰਵਿਧਾਨ ਦੇ ਕੁਝ ਪੰਨੇ ਹੱਥੀਂ ਲਿਖ ਲਏ ਜਾਂਦੇ ਸਨ ਤਾਂ ਇਹ ਪੰਨੇ ਸ਼ਾਂਤੀਨਿਕੇਤਨ ਭੇਜੇ ਜਾਂਦੇ ਸਨ ਜਿੱਥੇ ਕਲਾਕਾਰ ਇਸ 'ਤੇ ਚਿੱਤਰਕਾਰੀ ਕਰਦੇ ਸਨ।

ਕਲਾਕਾਰ ਬਿਓਹਰ ਰਾਮਮਨੋਹਰ ਸਿਨ੍ਹਾ

ਤਸਵੀਰ ਸਰੋਤ, livingconstitution.in

ਤਸਵੀਰ ਕੈਪਸ਼ਨ, ਬਿਓਹਰ ਰਾਮਮਨੋਹਰ ਸਿਨ੍ਹਾ ਸਣੇ ਸ਼ਾਂਤੀਨਿਕੇਤਨ ਨਾਲ ਜੁੜੇ ਕਈ ਹੋਰ ਕਲਾਕਾਰਾਂ ਵੱਲੋਂ ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਲਈ ਚਿੱਤਰਕਾਰੀ ਕੀਤੀ ਗਈ ਸੀ

ਨੰਦ ਲਾਲ ਬੋਸ ਨੇ ਆਪਣੇ ਚੇਲੇ ਬਿਓਹਰ ਰਾਮਮਨੋਹਰ ਸਿਨ੍ਹਾ ਅਤੇ ਸ਼ਾਂਤੀਨਿਕੇਤਨ ਨਾਲ ਜੁੜੇ ਹੋਰ ਕਲਾਕਾਰਾਂ ਦੀ ਮਦਦ ਨਾਲ ਸੰਵਿਧਾਨ ਦੀ ਹੱਥੀਂ ਲਿਖੀ ਕਾਪੀ ਲਈ ਚਿੱਤਰਕਾਰੀ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ।

ਭਾਰਤੀ ਸਰਕਾਰ ਦੇ ਅਧਿਕਾਰਤ ਦਸਤਾਵੇਜ਼ "ਆਰਟ ਐਂਡ ਕੈਲੀਗ੍ਰਾਫੀ ਇਨ ਦਿ ਕੌਂਸਟੀਟਿਊਸ਼ਨ ਆਫ ਇੰਡੀਆ" ਮੁਤਾਬਕ ਨੰਦ ਲਾਲ ਬੋਸ ਅਤੇ ਬਿਓਹਰ ਰਾਮਮਨੋਹਰ ਸਿਨ੍ਹਾ ਤੋਂ ਇਲਾਵਾ ਦੀਨਾਨਾਥ ਭਾਰਗਵ, ਵਿਨਾਇਕ ਸਿਵਾਰਾਮ ਮਸੋਜੀ, ਬਿਸਵਾਰੂਪ ਬੋਸ, ਏ. ਪੇਰੂਮਲ, ਨਿਬੇਦਿਤਾ ਬੋਸ, ਅਮਾਲਾ ਸਰਕਾਰ, ਧੀਰੇਂਦਰ ਕ੍ਰਿਸ਼ਨਾ ਦੇਬ ਬਰਮਨ, ਗੌਰੀ ਭੰਜਾ, ਜਮੁਨਾ ਸੇਨ, ਜਗਦੀਸ਼ ਮਿੱਤਲ, ਬਾਨੀ ਪਟੇਲ, ਰਾਜਨੀਤੀ, ਕ੍ਰਿਪਾਲ ਸਿੰਘ ਸ਼ੇਖਾਵਤ ਅਤੇ ਸੁਮਿਤਰਾ ਨਰਾਇਣ ਨੇ ਵੀ ਸੰਵਿਧਾਨ ਲਈ ਚਿੱਤਰਕਾਰੀ ਵਿੱਚ ਯੋਗਦਾਨ ਪਾਇਆ ਸੀ।

ਸੰਵਿਧਾਨ 'ਤੇ ਉਕਰਿਆ ਹਰੇਕ ਚਿੱਤਰ ਜਿਸ ਕਲਾਕਾਰ ਨੇ ਬਣਾਇਆ, ਉਸ ਚਿੱਤਰ 'ਤੇ ਉਸ ਕਲਾਕਾਰ ਦੇ ਹਸਤਾਖ਼ਰ ਦੇਖਣ ਨੂੰ ਮਿਲਦੇ ਹਨ।

ਭਾਰਤੀ ਸੰਸਦ ਦੇ ਅਧਿਕਾਰਤ ਦਸਤਾਵੇਜ਼ "ਏ ਬ੍ਰੀਫ ਨੋਟ ਆਨ ਦਿ ਕੈਲੀਗ੍ਰਾਫੀ ਆਫ ਦਿ ਕੌਂਸਟੀਟਿਊਸ਼ਨ ਆਫ ਇੰਡੀਆ ਇਨ ਇੰਗਲਿਸ਼ ਐਂਡ ਹਿੰਦੀ" ਮੁਤਾਬਕ 26 ਜਨਵਰੀ 1950 ਨੂੰ ਜਦੋਂ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ ਸੰਵਿਧਾਨ ਦੀ ਹੱਥੀਂ ਲਿਖੀ ਅੰਗ੍ਰੇਜ਼ੀ ਕਾਪੀ ਦੇ ਸਿਰਫ਼ 99 ਪੰਨੇ ਹੀ ਤਿਆਰ ਹੋਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ 15 ਪੰਨਿਆਂ 'ਤੇ ਹੀ ਕਲਾਕਾਰੀ ਮੁਕੰਮਲ ਹੋਈ ਸੀ ਜਦੋਂ ਕਿ 70 ਪੰਨੇ ਨੰਦ ਲਾਲ ਬੋਸ ਕੋਲ ਸ਼ਾਂਤੀਨਿਕੇਤਨ ਵਿੱਚ ਮੌਜੂਦ ਸਨ।

ਅੰਗਰੇਜ਼ੀ ਕਾਪੀ ਦੀ ਕੈਲੀਗ੍ਰਾਫੀ ਦਾ ਕੰਮ ਮੁਕੰਮਲ ਹੋਣ ਵਿੱਚ ਕਰੀਬ ਪੰਜ ਮਹੀਨੇ ਲੱਗੇ ਸਨ ਜਦੋਂ ਕਿ ਇਸ ਦੀ ਚਿੱਤਰਕਾਰੀ ਦਾ ਕੰਮ ਪੂਰਾ ਹੋਣ ਵਿੱਚ ਕੁਝ ਹੋਰ ਸਮਾਂ ਲੱਗਾ ਸੀ।

ਸੰਵਿਧਾਨ ਵਿੱਚ ਉਕਰੀ ਚਿੱਤਰਕਾਰੀ ਦਾ ਕੀ ਮਹੱਤਵ ਹੈ ?

ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਵਿੱਚ ਕੀਤੀ ਗਈ ਚਿੱਤਰਕਾਰੀ ਸਿਰਫ਼ ਸਜਾਵਟ ਲਈ ਨਹੀਂ ਸੀ, ਸਗੋਂ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਣ ਲਈ ਵੀ ਕੀਤੀ ਗਈ ਸੀ।

ਜਦੋਂ ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਤਾਂ ਉਸ ਸਮੇਂ ਇਸ ਵਿੱਚ 395 ਆਰਟੀਕਲ, 22 ਭਾਗ ਅਤੇ 8 ਸ਼ਡਿਊਲ ਸਨ।

ਨੰਦ ਲਾਲ ਬੋਸ ਅਤੇ ਉਨ੍ਹਾਂ ਦੀ ਟੀਮ ਨੇ ਸੰਵਿਧਾਨ ਦੇ ਮੂਲ 22 ਭਾਗਾਂ ਨਾਲ ਸੰਬੰਧਿਤ 22 ਮੁੱਖ ਚਿੱਤਰ ਤਿਆਰ ਕੀਤੇ। ਹਰੇਕ ਚਿੱਤਰ ਮੋਹਨਜੋਦਾੜੋ ਕਾਲ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦੀ ਕਹਾਣੀ ਬਿਆਨ ਕਰਦਾ ਹੈ।

ਅਸ਼ੋਕ ਸਤੰਭ ਦਾ ਸਿੰਘ ਚਿੰਨ੍ਹ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਸੰਵਿਧਾਨ ਦੇ ਪਹਿਲੇ ਪੰਨੇ 'ਤੇ ਅਸ਼ੋਕ ਸਤੰਭ ਦਾ ਸਿੰਘ ਚਿੰਨ੍ਹ ਬਣਾਇਆ ਗਿਆ ਹੈ ਜਿਸ ਨੂੰ ਕਲਾਕਾਰ ਦੀਨਾਨਾਥ ਭਾਰਗਵ ਵੱਲੋਂ ਤਿਆਰ ਕੀਤਾ ਗਿਆ ਸੀ।

ਸੰਵਿਧਾਨ ਦੇ ਪਹਿਲੇ ਪੰਨੇ 'ਤੇ ਦੇਸ਼ ਦਾ ਕੌਮੀ ਚਿੰਨ੍ਹ "ਲਾਇਨ ਕੈਪੀਟਲ ਆਫ ਅਸ਼ੋਕਾ" (ਅਸ਼ੋਕ ਸਤੰਭ ਦਾ ਸਿੰਘ ਚਿੰਨ੍ਹ) ਅਤੇ ਹੇਠਾਂ ਕੌਮੀ ਨਾਅਰਾ "ਸਤਿਆਮੇਵ ਜਯਤੇ" ਲਿਖਿਆ ਗਿਆ ਹੈ। ਇਹ ਚਿੱਤਰ ਦੀਨਾਨਾਥ ਭਾਰਗਵ ਵੱਲੋਂ ਤਿਆਰ ਕੀਤਾ ਗਿਆ ਸੀ।

ਪ੍ਰਸਤਾਵਨਾ ਪੰਨੇ ਦੀ ਤਸਵੀਰ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਇਸ ਪੰਨੇ ਦੇ ਉੱਪਰਲੇ ਦੋ ਕੋਨਿਆਂ ਉੱਤੇ ਸਾਨ੍ਹ ਅਤੇ ਹਾਥੀ ਜਦੋਂਕਿ ਹੇਠਲੇ ਦੋਵੇਂ ਕੋਨਿਆਂ ਉੱਤੇ ਘੋੜੇ ਅਤੇ ਸ਼ੇਰ ਦਾ ਚਿੱਤਰ ਬਣਾਇਆ ਗਿਆ ਹੈ

ਦੂਜੇ ਪੰਨੇ 'ਤੇ ਸੰਵਿਧਾਨ ਦੀ ਪ੍ਰਸਤਾਵਨਾ ਲਿਖੀ ਗਈ ਹੈ ਜਿਸ ਦਾ ਡਿਜ਼ਾਇਨ ਕਲਾਕਾਰ ਬਿਓਹਰ ਰਾਮਮਨੋਹਰ ਸਿਨ੍ਹਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਚਾਰੇ ਪਾਸੇ ਬਣੇ ਬਾਰਡਰ ਦੇ ਹਰੇਕ ਕੋਨੇ 'ਤੇ ਅਸ਼ੋਕ ਸਤੰਭ ਦੇ ਚਾਰ ਜਾਨਵਰਾਂ ਸਾਨ੍ਹ, ਹਾਥੀ, ਘੋੜਾ ਅਤੇ ਸ਼ੇਰ ਬਣਾਏ ਗਏ ਹਨ।

ਇਸ ਤੋਂ ਬਾਅਦ ਸੰਵਿਧਾਨ ਦੇ 22 ਭਾਗ ਸ਼ੁਰੂ ਹੁੰਦੇ ਹਨ। ਇਨ੍ਹਾਂ 22 ਤਸਵੀਰਾਂ ਵਿੱਚ ਮੋਹਨਜੋਦਾੜੋ ਕਾਲ, ਵੈਦਿਕ ਕਾਲ, ਮਹਾਕਾਵਿ ਕਾਲ, ਮਹਾਜਨਪਦ ਅਤੇ ਨੰਦ ਕਾਲ, ਮੌਰਿਆ ਕਾਲ, ਗੁਪਤ ਕਾਲ, ਮੱਧਕਾਲੀਨ ਦੌਰ, ਮੁਗਲ ਕਾਲ, ਬ੍ਰਿਟਿਸ਼ ਕਾਲ ਅਤੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀਆਂ ਤਸਵੀਰਾਂ ਹਨ।

ਰਮਾਇਣ ਤੋਂ ਪ੍ਰੇਰਿਤ ਚਿੱਤਰ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਇਹ ਚਿੱਤਰ ਰਮਾਇਣ ਤੋਂ ਪ੍ਰੇਰਿਤ ਦੱਸਿਆ ਜਾਂਦਾ ਹੈ

ਉਦਾਹਰਨ ਵੱਜੋਂ ਤੀਜੇ ਭਾਗ ਜਿਸ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ, ਉਸ ਪੰਨੇ 'ਤੇ ਰਮਾਇਣ ਤੋਂ ਪ੍ਰੇਰਿਤ ਤਸਵੀਰ ਹੈ ਜਿਸ ਵਿੱਚ ਰਾਮ, ਲੱਛਮਣ ਅਤੇ ਸੀਤਾ ਨੂੰ ਦਰਸਾਇਆ ਦੱਸਿਆ ਗਿਆ ਹੈ। ਇਹ ਚਿੱਤਰ ਜਮੁਨਾ ਸੇਨ ਵੱਲੋਂ ਬਣਾਇਆ ਗਿਆ ਹੈ।

ਚੌਥੇ ਭਾਗ ਜਿਸ ਵਿੱਚ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਹੈ, ਉਸ ਪੰਨੇ 'ਤੇ ਮਹਾਭਾਰਤ ਤੋਂ ਪ੍ਰੇਰਿਤ ਤਸਵੀਰ ਹੈ ਜਿਸ ਵਿੱਚ ਕ੍ਰਿਸ਼ਨ ਅਰਜੁਨ ਨੂੰ ਉਪਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਬਾਨੀ ਪਟੇਲ, ਨੰਦ ਲਾਲ ਬੋਸ ਅਤੇ ਵਿਨਾਇਕ ਸ਼ਿਵਾਰਾਮ ਮਸੋਜੀ ਵੱਲੋਂ ਤਿਆਰ ਕੀਤੀ ਗਈ ਹੈ।

ਮਹਾਤਮਾ ਬੁੱਧ ਦੀ ਜੀਵਨੀ ਤੋਂ ਪ੍ਰੇਰਿਤ ਚਿੱਤਰ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਸੰਵਿਧਾਨ ਦੇ ਇਸ ਪੰਨੇ 'ਤੇ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਤੋਂ ਬਾਅਦ ਪਹਿਲਾ ਉਪਦੇਸ਼ ਦਿੰਦੇ ਹੋਏ ਦਾ ਚਿੱਤਰ ਬਣਾਇਆ ਗਿਆ ਹੈ

ਇਸ ਤੋਂ ਇਲਾਵਾ ਮਹਾਤਮਾ ਬੁੱਧ ਵੱਲੋਂ ਗਿਆਨ ਪ੍ਰਾਪਤੀ ਤੋਂ ਬਾਅਦ ਦਿੱਤੇ ਗਏ ਪਹਿਲੇ ਉਪਦੇਸ਼, ਨਾਲੰਦਾ ਯੂਨੀਵਰਸਿਟੀ, ਨਟਰਾਜ ਅਤੇ ਸਵਾਸਤਿਕ ਚਿੰਨ੍ਹ ਦਰਸਾਏ ਗਏ ਹਨ। ਮੁਗਲ ਰਾਜ ਨੂੰ ਦਰਸਾਉਣ ਲਈ ਅਕਬਰ ਦੇ ਦਰਬਾਰ ਦੀ ਤਸਵੀਰ ਬਣਾਈ ਗਈ ਹੈ।

ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਇਸ ਚਿੱਤਰ ਵਿੱਚ ਛੱਤਰਪਤੀ ਸ਼ਿਵਾਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸਕ ਵਿਰਾਸਤਾਂ ਨੂੰ ਦਰਸਾਇਆ ਗਿਆ ਹੈ

ਸੰਵਿਧਾਨ ਦੇ 15ਵੇਂ ਭਾਗ, ਜਿਸ ਵਿੱਚ ਚੋਣਾਂ ਨਾਲ ਜੁੜੇ ਕਾਨੂੰਨਾਂ ਦਾ ਵਰਣਨ ਹੈ, ਉਸ ਪੰਨੇ 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਬਣਾਇਆ ਗਿਆ ਹੈ।

ਇਸ ਚਿੱਤਰ ਵਿੱਚ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਤਿਹਾਸਕ ਵਿਰਾਸਤਾਂ ਨੂੰ ਦਰਸਾਇਆ ਗਿਆ ਹੈ। ਇਸ ਪੰਨੇ ਦੀ ਚਿੱਤਰਕਾਰੀ ਧੀਰੇਂਦਰ ਕ੍ਰਿਸ਼ਨਾ ਦੇਬ ਬਰਮਨ, ਨੰਦ ਲਾਲ ਬੋਸ ਅਤੇ ਕ੍ਰਿਪਾਲ ਸਿੰਘ ਸ਼ੇਖਾਵਤ ਵੱਲੋਂ ਕੀਤੀ ਗਈ ਹੈ।

ਗਾਂਧੀ ਵੱਲੋਂ ਕੱਢੇ ਡਾਂਡੀ ਮਾਰਚ

ਤਸਵੀਰ ਸਰੋਤ, Lalit Kala Akademi

ਤਸਵੀਰ ਕੈਪਸ਼ਨ, ਸੰਵਿਧਾਨ ਦੇ 17ਵੇਂ ਭਾਗ ਵਿੱਚ ਗਾਂਧੀ ਵੱਲੋਂ ਕੱਢੇ ਡਾਂਡੀ ਮਾਰਚ ਦਾ ਚਿੱਤਰ ਬਣਾਇਆ ਗਿਆ ਜਿਸ ਨੂੰ ਕਲਾਕਾਰ ਬਾਨੀ ਪਟੇਲ ਅਤੇ ਨੰਦ ਲਾਲ ਬੋਸ ਨੇ ਤਿਆਰ ਕੀਤਾ ਸੀ

ਇਸ ਤੋਂ ਇਲਾਵਾ ਮਹਾਰਾਣੀ ਲਕਸ਼ਮੀ ਬਾਈ, ਟੀਪੂ ਸੁਲਤਾਨ, ਮਹਾਤਮਾ ਗਾਂਧੀ ਵੱਲੋਂ ਕੀਤੇ ਡਾਂਡੀ ਮਾਰਚ, ਸੁਭਾਸ਼ ਚੰਦਰ ਬੋਸ ਦੀ ਤਸਵੀਰ ਵੀ ਦੇਖਣ ਨੂੰ ਮਿਲਦੀ ਹੈ।

ਭਾਰਤ ਦੀ ਭੂਗੋਲਿਕ ਸਥਿਤੀ ਨੂੰ ਦਰਸਾਉਣ ਲਈ ਹਿਮਾਲਿਆ ਪਰਬਤ ਤੋਂ ਲੈ ਕੇ ਰੇਗਿਸਤਾਨ ਅਤੇ ਸਮੁੰਦਰ ਦੀ ਤਸਵੀਰ ਵੀ ਸ਼ਾਮਿਲ ਕੀਤੀ ਗਈ ਹੈ।

ਹੱਥ ਲਿਖਤ ਸੰਵਿਧਾਨ ਦੀ ਸਾਂਭ-ਸੰਭਾਲ

ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ

ਤਸਵੀਰ ਸਰੋਤ, CSIR NIScPR/YT

ਤਸਵੀਰ ਕੈਪਸ਼ਨ, ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਨੂੰ ਸੀਲਬੰਦ ਕੱਚ ਦੇ ਬਾਕਸ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਨਾਈਟ੍ਰੋਜਨ ਭਰੀ ਜਾਂਦੀ ਹੈ

ਮੌਜੂਦਾ ਸਮੇਂ ਵਿੱਚ ਭਾਰਤੀ ਸੰਵਿਧਾਨ ਦੀਆਂ ਅੰਗਰੇਜ਼ੀ ਅਤੇ ਹਿੰਦੀ ਦੀਆਂ ਹੱਥ ਲਿਖਤ ਕਾਪੀਆਂ ਨਵੀਂ ਦਿੱਲੀ ਸਥਿਤ ਸੰਸਦ ਦੀ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਹਨ। ਇਨ੍ਹਾਂ ਨੂੰ ਖ਼ਾਸ ਤੌਰ 'ਤੇ ਡਿਜ਼ਾਇਨ ਕੀਤੇ ਗਏ ਸੀਲਬੰਦ ਕੱਚ ਦੇ ਬਾਕਸ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਬਾਕਸ ਵਿੱਚ ਨਾਈਟ੍ਰੋਜਨ ਗੈਸ ਭਰੀ ਜਾਂਦੀ ਹੈ ਅਤੇ ਆਕਸੀਜਨ ਨਾ ਮਾਤਰ ਹੁੰਦੀ ਹੈ ਤਾਂ ਜੋ ਸੰਵਿਧਾਨ ਦੇ ਕਾਗਜ਼ਾਂ ਦੀ ਆਕਸੀਡੇਸ਼ਨ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ।

1980 ਦਹਾਕੇ ਦੇ ਮੱਧ ਤੋਂ ਭਾਰਤੀ ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਦੀ ਸੰਭਾਲ ਬਾਰੇ ਚਾਰਾਜੋਈ ਸ਼ੁਰੂ ਹੋ ਗਈ ਸੀ। ਇਸ ਸਮੇਂ ਤੱਕ ਹੱਥ ਲਿਖਤ ਕਾਪੀਆਂ ਨੂੰ 30 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਸੀ। ਅਜਿਹੇ ਵਿੱਚ ਇਨ੍ਹਾਂ ਦੀ ਸਾਂਭ-ਸੰਭਾਲ ਜ਼ਰੂਰੀ ਹੋ ਗਈ ਸੀ।

ਕਾਊਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਯਾਨੀ CSIR ਮੁਤਾਬਕ ਸੰਸਦ ਲਾਇਬ੍ਰੇਰੀ ਵੱਲੋਂ ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਦੀ ਸੰਭਾਲ ਲਈ ਸਭ ਤੋਂ ਪਹਿਲਾਂ ਨੈਸ਼ਨਲ ਫਿਜ਼ੀਕਲ ਲੈਬੋਰੇਟਰੀ ਨਾਲ ਸੰਪਰਕ ਕੀਤਾ ਗਿਆ ਸੀ। 1988 ਤੋਂ 1989 ਤੱਕ ਨੈਸ਼ਨਲ ਫਿਜ਼ੀਕਲ ਲੈਬੋਰੇਟਰੀ ਵੱਲੋਂ ਕਈ ਪ੍ਰਯੋਗ ਕੀਤੇ ਗਏ ਹਾਲਾਂਕਿ ਕੁਝ ਤਕਨੀਕੀ ਖਾਮੀਆਂ ਕਾਰਨ ਸਫਲਤਾ ਹਾਸਲ ਨਹੀਂ ਹੋਈ। ਜਿਸ ਤੋਂ ਬਾਅਦ ਕਈ ਵਿਦੇਸ਼ੀ ਸੰਸਥਾਵਾਂ ਤੋਂ ਵੀ ਸਲਾਹ ਲਈ ਗਈ।

ਅਖੀਰ ਜੁਲਾਈ 1993 ਵਿੱਚ ਨੈਸ਼ਨਲ ਫਿਜ਼ੀਕਲ ਲੈਬੋਰੇਟਰੀ ਦਾ ਅਮਰੀਕਾ ਸਥਿਤ ਦਿ ਗੈਟੀ ਕਨਜ਼ਰਵੇਸ਼ਨ ਇੰਸਟੀਚਿਊਟ ਨਾਲ ਸਮਝੌਤਾ ਹੋਇਆ। ਜਿਸ ਦੇ ਤਹਿਤ ਭਾਰਤੀ ਸੰਵਿਧਾਨ ਦੀ ਅੰਗ੍ਰੇਜ਼ੀ ਅਤੇ ਹਿੰਦੀ ਹੱਥ ਲਿਖਤ ਕਾਪੀ ਲਈ ਦੋ ਵੱਖੋ-ਵੱਖਰੇ ਏਅਰਟਾਈਟ ਬਾਕਸ ਬਣਾਉਣ ਦੀ ਸਹਿਮਤੀ ਬਣੀ।

ਸੀਲਬੰਦ ਬਕਸਿਆਂ ਦੀ ਤਸਵੀਰ

ਤਸਵੀਰ ਸਰੋਤ, the Getty Conservation Institute

ਤਸਵੀਰ ਕੈਪਸ਼ਨ, ਅਮਰੀਕਾ ਸਥਿਤ ਦਿ ਗੈਟੀ ਕਨਜ਼ਰਵੇਸ਼ਨ ਇੰਸਟੀਚਿਊਟ ਵੱਲੋਂ ਤਿਆਰ ਇਹ ਬਕਸੇ ਮਾਰਚ 1994 ਨੂੰ ਭਾਰਤ ਦੀ ਸੰਸਦ ਵਿੱਚ ਪਹੁੰਚਾਏ ਗਏ ਸਨ

ਦਿ ਗੈਟੀ ਕਨਜ਼ਰਵੇਸ਼ਨ ਇੰਸਟੀਚਿਊਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਬਾਕਸ ਵਿੱਚ ਹਵਾ ਬਿਲਕੁੱਲ ਦਾਖਲ ਨਹੀਂ ਹੋ ਸਕਦੀ। ਸੰਵਿਧਾਨ ਦੀਆਂ ਕਾਪੀਆਂ ਦੀ ਸੰਭਾਲ ਲਈ ਇਨ੍ਹਾਂ ਬਾਕਸ ਵਿੱਚ ਨਾਈਟ੍ਰੋਜਨ ਗੈਸ ਭਰੀ ਜਾਂਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਇਸ ਵਿੱਚ ਆਕਸੀਜਨ ਇੱਕ ਫੀਸਦ ਤੋਂ ਵੀ ਘੱਟ ਹੋਵੇ।

ਜਾਣਕਾਰੀ ਮੁਤਾਬਕ ਇਨ੍ਹਾਂ ਬਾਕਸ ਵਿੱਚ ਇੱਕ ਅਜਿਹਾ ਯੰਤਰ ਫਿਟ ਕੀਤਾ ਗਿਆ ਹੈ ਜੋ ਆਕਸੀਜਨ ਦੀ ਮਾਤਰਾ ਨੂੰ ਹਰ ਪਲ ਟ੍ਰੇਸ ਕਰਦਾ ਰਹਿੰਦਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਬਾਕਸ ਦੇ ਅੰਦਰ ਆਕਸੀਜਨ ਦੀ ਮਾਤਰਾ ਇੱਕ ਫੀਸਦ ਤੋਂ ਵੱਧ ਨਾ ਹੋਵੇ।

ਇਨ੍ਹਾਂ ਬਾਕਸ ਨੂੰ ਰੱਖਣ ਲਈ ਸੰਸਦ ਲਾਇਬ੍ਰੇਰੀ ਵਿੱਚ ਵਿਸ਼ੇਸ਼ ਤੌਰ 'ਤੇ ਇੱਕ ਕਮਰਾ ਬਣਾਇਆ ਗਿਆ ਹੈ ਜਿਸ ਦਾ ਤਾਪਮਾਨ 20 ਡਿਗਰੀ ਦੇ ਆਸ-ਪਾਸ ਅਤੇ ਹਿਊਮਿਡਿਟੀ 30 ਫੀਸਦ ਦੇ ਆਸ-ਪਾਸ ਮੈਂਟੇਨ ਕੀਤੀ ਜਾਂਦੀ ਹੈ। ਇਸ ਵਿਗਿਆਨਕ ਤਕਨੀਕ ਜ਼ਰੀਏ ਸੰਵਿਧਾਨ ਦੀਆਂ ਹੱਥ ਲਿਖਤ ਕਾਪੀਆਂ ਨੂੰ ਆਕਸੀਡੇਸ਼ਨ, ਮਾਈਕ੍ਰੋ-ਬੈਕਟੀਰੀਆ ਅਤੇ ਹਵਾ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾਂਦਾ ਹੈ।

ਇਹ ਬਾਕਸ ਦਿ ਗੈਟੀ ਕਨਜ਼ਰਵੇਸ਼ਨ ਇੰਸਟੀਚਿਊਟ ਵਿੱਚ ਹੀ ਤਿਆਰ ਕੀਤੇ ਗਏ ਸਨ ਅਤੇ ਮਾਰਚ 1994 ਵਿੱਚ ਭਾਰਤ ਦੀ ਸੰਸਦ ਲਾਇਬ੍ਰੇਰੀ ਪਹੁੰਚਾਏ ਗਏ ਸਨ। ਸੰਸਦ ਲਾਇਬ੍ਰੇਰੀ ਵਿੱਚ ਵੀ ਕਰੀਬ ਇੱਕ ਸਾਲ ਤੱਕ ਇਨ੍ਹਾਂ ਬਾਕਸ ਦੀ ਗੁਣਵੱਤਾ ਜਾਂਚੀ ਗਈ। ਜਿਸ ਤੋਂ ਬਾਅਦ 27 ਅਕਤੂਬਰ 1995 ਨੂੰ ਰਸਮੀ ਤੌਰ 'ਤੇ ਸੰਵਿਧਾਨ ਦੀਆਂ ਦੋਵੇਂ ਹੱਥ ਲਿਖਤ ਕਾਪੀਆਂ ਇਨ੍ਹਾਂ ਬਾਕਸ ਵਿੱਚ ਰੱਖੀਆਂ ਗਈਆਂ।

ਹਰ ਸਾਲ ਕਾਊਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਯਾਨੀ CSIR ਦੇ ਵਿਗਿਆਨੀਆਂ ਵੱਲੋਂ ਇਨ੍ਹਾਂ ਬਾਕਸ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਸੰਵਿਧਾਨ ਦੀਆਂ ਦੋਵੇਂ ਹੱਥ ਲਿਖਤ ਕਾਪੀਆਂ ਦੀ ਗੁਣਵੱਤਾ ਦਾ ਨਿਰੀਖਣ ਕੀਤਾ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)