ਸੁਖਬੀਰ ਬਾਦਲ 'ਤੇ ਹਮਲਾ, ਸੱਤਾ ਤੋਂ ਲਾਂਭੇ ਹੋਣ ਦੇ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਪ੍ਰਤੀ ਇੰਨੀ ਨਾਰਾਜ਼ਗੀ ਕਿਉਂ ਹੈ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਉੱਤੇ 13 ਅਗਸਤ ਨੂੰ ਨਾਂਦੇੜ ਵਿੱਚ ਹਮਲਾ ਹੋਇਆ ਸੀ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਵਿੱਚ ਹਮਲਾ ਹੋਣ ਮਗਰੋਂ ਉਹ ਜ਼ਖ਼ਮੀ ਹੋ ਗਏ, ਇਸ ਤੋਂ ਪਹਿਲਾਂ ਵੀ ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਉਨ੍ਹਾਂ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਸੀ।

ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ 10 ਸਾਲ ਰਾਜ ਕਰਨ ਤੋਂ ਬਾਅਦ ਹੁਣ 9 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ 3 ਵਿਧਾਇਕ ਹੀ ਚੁਣੇ ਗਏ ਸਨ ਇਨ੍ਹਾਂ ਵਿੱਚੋਂ ਵੀ 2 ਹੁਣ ਉਨ੍ਹਾਂ ਨਾਲ ਨਹੀਂ ਹਨ।

2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿੱਚ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਦੇ ਨਾਲ-ਨਾਲ, ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿੱਤੇ ਜਾਣ ਦੇ ਨਾਲ-ਨਾਲ ਹੋਰ ਮੁੱਦਿਆਂ 'ਤੇ ਸੁਖਬੀਰ ਸਿੰਘ ਬਾਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਵਿਰੋਧ ਕਰਨ ਵਾਲੇ ਹਲਕਿਆਂ ਵਿੱਚ ਪੰਥਕ ਅਤੇ ਗਰਮ-ਖ਼ਿਆਲੀ ਧਿਰਾਂ ਨਾਲ ਜੁੜੇ ਲੋਕਾਂ ਦੀ ਵੱਧ ਭੂਮਿਕਾ ਰਹੀ ਹੈ।

ਸੁਖਬੀਰ ਬਾਦਲ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਜਾਂਦੇ ਹੋਏ
ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਜਾਂਦੇ ਹੋਏ

ਸੁਖਬੀਰ ਬਾਦਲ ਨੇ ਹਮਲੇ ਤੋਂ ਇੱਕ ਦਿਨ ਬਾਅਦ ਕਿਹਾ, "ਉਨ੍ਹਾਂ(ਹਮਲਾ ਕਰਨ ਵਾਲੇ ਤੱਤਾਂ) ਦਾ ਮਿਸ਼ਨ ਪੰਜਾਬ ਵਿੱਚ ਹਾਲਾਤ ਨੂੰ ਆਪਣੇ ਹੱਥ ਵਿੱਚ ਲੈਣਾ ਅਤੇ ਪੰਜਾਬ ਦੀ ਸ਼ਾਂਤੀ ਵਿੱਚ ਵਿਘਨ ਪਾਉਣਾ ਹੈ, ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਇਹ ਕਦੇ ਨਹੀਂ ਹੋਣ ਦੇਵਾਂਗਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਭਾਈਚਾਰਕ ਸਾਂਝ ਲਈ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਹਰ ਕੁਰਬਾਨੀ ਦੇ ਸਕਦਾ ਹੈ ਪਰ ਸਾਡੇ ਵਾਸਤੇ ਪੰਜਾਬ ਦੀ ਤਰੱਕੀ ਤੇ ਦੇਸ਼ ਦੀ ਤਰੱਕੀ ਇੱਕ ਨੰਬਰ ਉੱਤੇ ਹੈ।"

ਸੱਤਾ ਤੋਂ ਬਾਹਰ ਹੋਣ ਦੇ ਇੰਨੇ ਸਾਲਾਂ ਬਾਅਦ ਅਤੇ ਸਿਆਸੀ ਪੱਧਰ ਉੱਤੇ ਪਿੱਛੜਨ ਤੋਂ ਬਾਅਦ ਵੀ ਸੁਖਬੀਰ ਬਾਦਲ ਨੂੰ ਇੰਨੇ ਤਿੱਖੇ ਵਿਰੋਧ ਦਾ ਸਾਹਮਣਾ ਕਿਉਂ ਕਰਨਾ ਪੈਂ ਰਿਹਾ ਹੈ? ਇਸ ਨਾਲ ਜੁੜੇ ਸਵਾਲਾਂ ਬਾਰੇ ਅਸੀਂ ਮਾਹਰਾਂ ਨਾਲ ਗੱਲ ਕੀਤੀ।

ਸੁਖਬੀਰ ਸਿੰਘ ਬਾਦਲ ਪ੍ਰਤੀ 'ਗੁੱਸੇ' ਦੇ ਕੀ ਕਾਰਨ?

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ 2024 ਵਿੱਚ ਤਨਖ਼ਾਹ ਲਾਈ ਗਈ ਸੀ

ਸੁਖਬੀਰ ਸਿੰਘ ਬਾਦਲ ਪ੍ਰਤੀ ਕੁਝ ਸਿੱਖ ਹਲਕਿਆਂ ਵਿੱਚ ਨਾਰਾਜ਼ਗੀ ਦੇ ਕੀ ਕਾਰਨ ਹਨ ਇਸ ਬਾਰੇ ਮਾਹਰਾਂ ਦੀ ਵੱਖੋ-ਵੱਖਰੀ ਰਾਇ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ ਕਿ ਬੇਸ਼ੱਕ ਸੁਖਬੀਰ ਬਾਦਲ ਪ੍ਰਤੀ ਸਿਆਸੀ ਨਾਰਾਜ਼ਗੀ ਜਾਂ 'ਗੁੱਸਾ' ਕੁਝ ਲੋਕਾਂ ਵਿੱਚ ਹੋ ਸਕਦਾ ਹੈ ਪਰ ਇੱਕ ਜਾਂ ਦੋ ਜਣਿਆਂ ਦੀਆਂ ਕਾਰਵਾਈਆਂ ਨੂੰ ਸਾਰੇ ਭਾਈਚਾਰੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ।

ਜਸਪਾਲ ਸਿੰਘ ਸਿੱਧੂ

ਉੱਥੇ ਹੀ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੰਨਦੇ ਹਨ ਬੇਅਦਬੀ ਦੀਆਂ ਘਟਨਾਵਾਂ ਸਣੇ ਹੋਰ ਮੁੱਦਿਆਂ ਉੱਤੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਉਨ੍ਹਾਂ ਪ੍ਰਤੀ ਨਾਰਾਜ਼ਗੀ ਦਾ ਕਾਰਨ ਹੈ।

ਉਹ ਕਹਿੰਦੇ ਹਨ, "ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸੁਖਬੀਰ ਬਾਦਲ ਵੱਡੇ ਪੱਧਰ ਉੱਤੇ ਕਈ ਸਿੱਖ ਹਲਕਿਆਂ ਵਿੱਚ ਰੋਸ ਅਤੇ ਗੁੱਸੇ ਦੇ ਪਾਤਰ ਬਣੇ, ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਬਾਰੇ ਇਸ ਤਰ੍ਹਾਂ ਦਾ ਨੈਰੇਟਿਵ ਹੈ ਕਿ ਉਹ ਅਕਾਲ ਤਖ਼ਤ ਉੱਤੇ ਪੇਸ਼ ਹੋਏ ਪਰ ਉੱਥੇ ਕੀਤੀ ਗੱਲ ਨੂੰ ਪੂਰਾ ਨਹੀਂ ਕੀਤਾ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਵੱਖ-ਵੱਖ ਧਿਰਾਂ ਵਿੱਚ ਸ਼ਾਮਲ ਕਈ ਸਿੱਖਾਂ ਨੂੰ ਇਹ ਲੱਗਦਾ ਹੈ ਕਿ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਦਾ ਕਾਰਨ ਸੁਖਬੀਰ ਸਿੰਘ ਬਾਦਲ ਹਨ ਤੇ ਪਿਛਲੇ ਸਾਲਾਂ ਵਿੱਚ ਉਨ੍ਹਾਂ ਵੱਲੋਂ ਸਿੱਖ ਭਾਵਨਾਵਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਰਾਹੀਂ ਵੀ ਉਹ ਆਪਣੀ ਇਮਾਨਦਾਰੀ ਦਾ ਸੁਨੇਹਾ ਨਹੀਂ ਦੇ ਸਕੇ ਹਨ।

ਅਮਨਪ੍ਰੀਤ ਸਿੰਘ ਗਿੱਲ

ਦਿੱਲੀ ਦੇ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਅਮਨਪ੍ਰੀਤ ਸਿੰਘ ਗਿੱਲ ਸੁਖਬੀਰ ਬਾਦਲ ਦੇ ਭਾਰੀ ਸਿਆਸੀ ਅਤੇ ਨਿੱਜੀ ਵਿਰੋਧ ਪਿੱਛੇ ਕਾਰਨ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਏ ਜਾਣ ਨੂੰ ਮੰਨਦੇ ਹਨ।

ਉਹ ਕਹਿੰਦੇ ਹਨ, "ਪਿਛਲੇ ਇੱਕ ਦਹਾਕੇ ਤੋਂ ਸੁਖਬੀਰ ਸਿੰਘ ਬਾਦਲ ਸੱਤਾ ਤੋਂ ਬਾਹਰ ਹਨ ਇਸ ਦੇ ਬਾਵਜੂਦ ਉਨ੍ਹਾਂ ਮਗਰੋਂ ਸੱਤਾ ਵਿੱਚ ਆਈਆਂ ਪਾਰਟੀਆਂ ਨੇ ਉਨ੍ਹਾਂ ਉੱਤੇ ਲੱਗਦੇ ਇਲਜ਼ਾਮਾਂ ਨੂੰ ਨਿਆਂਇਕ ਪ੍ਰਕਿਰਿਆ ਰਾਹੀਂ ਕਿਸੇ ਅੰਜਾਮ ਉੱਤੇ ਨਹੀਂ ਪਹੁੰਚਾਇਆ ਇਸਦੇ ਉਲਟ ਵਿਧਾਨ ਸਭਾ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਉਨ੍ਹਾਂ ਨੂੰ ਪੰਥਕ ਮਸਲਿਆਂ ਦਾ ਇੱਕੋ-ਇੱਕ ਗੁਨਾਹਗਾਰ ਸਾਬਤ ਕਰਨ ਦਾ ਯਤਨ ਕੀਤਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਸੁਖਬੀਰ ਸਿੰਘ ਬਾਦਲ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਵਿੱਚੋਂ ਸਿਆਸੀ ਪਾਰਟੀਆਂ ਅਤੇ ਪੰਥਕ ਧਿਰਾਂ ਨੇ ਆਪਣੀ ਸਿਆਸੀ ਊਰਜਾ ਹਾਸਲ ਕੀਤੀ ਹੈ।"

ਉਹ ਅੱਗੇ ਕਹਿੰਦੇ ਹਨ ਕਿ ਹਾਲਾਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਖ਼ਰੀ ਸਾਲਾਂ ਦੌਰਾਨ ਨਿਆਂਇਕ ਪ੍ਰਕਿਰਿਆ ਤੇਜ਼ ਕੀਤੀ ਅਤੇ ਇੱਕ ਤਰੀਕੇ ਨਾਲ ਆਪਣੇ ਪ੍ਰਤੀ ਲੋਕਾਂ ਵਿਚਲੇ ਰੋਸ ਨੂੰ ਦੂਜੇ ਪਾਸੇ ਲਾਇਆ ਹੈ।

ਨਿਘਾਰ ਤੋਂ ਬਾਅਦ ਵੀ ਸੁਖਬੀਰ ਸਿਆਸਤ ਵਿੱਚ 'ਅਹਿਮ' ਕਿਉਂ ਹਨ?

ਵਿਧਾਨ ਸਭਾ ਵਿੱਚ ਸੀਟਾਂ ਦੇ ਪੱਖੋਂ ਵੱਡਾ ਨਿਘਾਰ ਸਹਿਣ ਤੋਂ ਬਾਅਦ ਵੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸਤ ਵਿੱਚ ਕਿਵੇਂ 'ਰੈਲੇਵੈਂਟ' ਬਣੇ ਹੋਏ ਹਨ?

ਪ੍ਰੋਫ਼ੈਸਰ ਆਸ਼ੂਤੋਸ਼ ਇਸ ਦੇ ਜਵਾਬ ਵਿੱਚ ਕਹਿੰਦੇ ਹਨ, "ਸੁਖਬੀਰ ਬਾਦਲ ਦੀ ਸਿਆਸੀ ਅਹਿਮੀਅਤ ਦਾ ਸਿਹਰਾ ਉਨ੍ਹਾਂ ਦੇ ਪਿਤਾ ਨੂੰ ਜਾਂਦਾ ਹੈ।"

ਉਹ ਦੱਸਦੇ ਹਨ ਕਿ ਗੁਰਦੁਆਰਾ ਸੁਧਾਰ ਲਹਿਰ ਵਰਗੀਆਂ ਲਹਿਰਾਂ ਵਿੱਚੋਂ ਨਿਕਲੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਵਜੋਂ ਸਾਹਮਣੇ ਆਈ ਜੋ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲਕੇ ਇੱਕ ਅਹਿਮ ਭੂਮਿਕਾ ਨਿਭਾਉਂਦੀ ਆਈ ਹੈ।

ਆਸ਼ੂਤੋਸ਼ ਕੁਮਾਰ

ਉਹ ਕਹਿੰਦੇ ਹਨ, "ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਬਣ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਖ਼ੁਦਮੁਖ਼ਤਿਆਰੀ ਨੂੰ ਢਾਹ ਲੱਗੀ। ਕਿਉਂਕਿ ਸੁਖਬੀਰ ਬਾਦਲ ਆਪਣੇ ਪਿਤਾ ਜਿੰਨੀ ਸਿਆਸੀ ਮੁਹਾਰਤ ਨਹੀਂ ਰੱਖਦੇ ਅਤੇ ਨਾ ਹੀ ਉਨ੍ਹਾਂ ਦਾ ਲੋਕਾਂ ਵਿੱਚ ਓਨਾ ਚੰਗਾ ਅਧਾਰ ਹੈ ਇਸ ਲਈ ਸੁਖਬੀਰ ਬਾਦਲ ਦੀ ਇੱਕ ਲੀਡਰ ਵਜੋਂ ਵੀ ਓਨੀ ਪ੍ਰਵਾਨਗੀ ਨਹੀਂ ਹੈ।"

ਉਹ ਅੱਗੇ ਕਹਿੰਦੇ ਹਨ ਕਿ ਸਿੱਖਾਂ ਵਰਗੀ ਘਟਗਿਣਤੀ ਨੂੰ ਇੱਕ ਲੀਡਰਸ਼ਿਪ ਦੀ ਲੋੜ ਮਹਿਸੂਸ ਹੁੰਦੀ ਹੈ, ਬੇਅਦਬੀ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਦੀਆਂ ਘਟਨਾਵਾਂ ਨੇ ਉਸ ਭਰੋਸੇ ਨੂੰ ਨੁਕਸਾਨ ਪਹੁੰਚਾਇਆ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਲੋਕਾਂ ਨੂੰ ਸੀ।

ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਆਧਾਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ 'ਬਿਜ਼ਨਸ ਓਰੀਐਂਟਿਡ' ਤੇ ਅਗਾਂਹਵਧੂ ਲੀਡਰ ਵਜੋਂ ਪੇਸ਼ ਕੀਤਾ, ਇਹ ਅਕਾਲੀ ਲੀਡਰ ਦੀ ਇਮੇਜ ਨਹੀਂ ਰਹੀ।

ਆਸ਼ੂਤੋਸ਼ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਨੂੰ ਏਜੰਡੇ ਉੱਤੇ ਲਿਆਉਣ ਵਿੱਚ ਸਫ਼ਲ ਰਹੇ ਪਰ ਉਨ੍ਹਾਂ ਦੇ ਸਮੇਂ ਦੌਰਾਨ ਸਿੱਖ ਸਿਆਸਤ ਵਿੱਚ ਹੋਈਆਂ ਤਬਦੀਲੀਆਂ ਪ੍ਰਤੀ ਨਾਰਾਜ਼ਗੀ ਦਾ ਪਾਤਰ ਵੀ ਸੁਖਬੀਰ ਬਾਦਲ ਹੀ ਬਣਦੇ ਹਨ।

ਅਕਾਲ ਤਖ਼ਤ ਵੱਲੋਂ ਤਨਖ਼ਾਹ ਲਾਏ ਜਾਣਾ

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

2 ਦਸੰਬਰ 2024 ਨੂੰ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਸਾਲ 2007 ਤੋਂ 2017 ਤੱਕ ਪਾਰਟੀ ਦੀ ਸੱਤਾ ਦੌਰਾਨ ਹੋਈਆਂ 'ਗਲਤੀਆਂ' ਦੀ ਧਾਰਮਿਕ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਗਲਤੀਆਂ ਵਿੱਚ ਬੇਅਦਬੀ ਅਤੇ ਗੋਲੀਬਾਰੀ ਦੀ ਘਟਨਾ ਵੀ ਸ਼ਾਮਲ ਸੀ।

ਇਸਦੇ ਨਾਲ ਹੀ ਅਕਾਲ ਤਖ਼ਤ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਧੜ੍ਹੇਬਾਜ਼ੀ ਤੋਂ ਉੱਪਰ ਉੱਠ ਕੇ ਅਕਾਲੀ ਦਲ ਵਿੱਚ ਸੁਧਾਰਾਂ ਦੀ ਗੱਲ ਕਹੀ ਗਈ ਸੀ।

ਸੁਖਬੀਰ ਸਿੰਘ ਬਾਦਲ ਨੇ 6 ਜਨਵਰੀ 2025 ਨੂੰ ਮੁਕਤਸਰ ਸਾਹਿਬ ਵਿੱਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੁੜ ਦਾਅਵਾ ਕੀਤਾ ਕਿ ਉਹ 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੌਕੇ ਪੰਜਾਬ ਵਿੱਚ ਨਹੀਂ ਸਨ।

ਸੁਖਬੀਰ ਬਾਦਲ ਨੇ ਕਿਹਾ, "ਇਨ੍ਹਾਂ ਨੇ ਬੇਅਦਬੀ ਦੀ ਗੱਲ ਕੀਤੀ, ਅਕਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਲੋਕ ਸਿਆਸਤ ਖੇਡੀ ਗਏ, ਪਰ ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਪਵਾ ਲੈਣਾ, ਮੈਂ ਹੈ ਹੀ ਨਹੀਂ ਸੀ।"

ਅਕਾਲੀ ਦਲ ਦੇ ਆਗੂਆਂ ਨੇ ਹਮਲੇ ਬਾਰੇ ਕੀ ਕਿਹਾ?

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਰਾਇਣ ਸਿੰਘ ਚੌੜਾ ਵੱਲੋਂ ਦਸੰਬਰ 2024 ਵਿੱਚ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ

ਸੁਖਬੀਰ ਬਾਦਲ ਉੱਤੇ ਹੋਏ ਹਮਲੇ ਉੱਤੇ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ।

ਹਰਸਿਮਰਤ ਕੌਰ ਬਾਅਦ ਨੇ ਐਕਸ 'ਤੇ ਵੱਖਰੀਆਂ ਪੋਸਟਾਂ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਨ੍ਹਾਂ ਦੀਆਂ ਫੋਨ ਕਾਲਾਂ ਅਤੇ ਘਟਨਾ ਦੀ ਜਾਂਚ ਦੇ ਤੁਰੰਤ ਨਿਰਦੇਸ਼ ਦੇਣ ਲਈ ਧੰਨਵਾਦ ਕੀਤਾ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਹਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

13 ਅਗਸਤ ਨੂੰ ਨਾਂਦੇੜ ਵਿੱਚ ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਸ਼ਖ਼ਸ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ। ਉਹ ਪਿਛਲੇ ਲਗਭਗ ਦੋ ਸਾਲ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਹੇ ਸਨ ਅਤੇ ਮੂਲ ਰੂਪ ਵਿੱਚ ਪੁਣੇ ਦਾ ਰਹਿਣ ਵਾਲਾ ਹੈ।

4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵੇਲੇ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਧਾਰਮਿਕ ਸਜ਼ਾ ਤਹਿਤ ਸੇਵਾ ਨਿਭਾ ਰਹੇ ਸਨ।

ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)