'ਖੁੱਲ੍ਹੇ ਜ਼ਖ਼ਮ ਅਤੇ ਅੱਖਾਂ ਬੰਦ ਨਹੀਂ ਹੋ ਸਕਦੀਆਂ': ਮਹਿਲਾ ਨੇ ਪਲਕਾਂ ਦੀ ਸਰਜਰੀ ਬਾਰੇ ਚੇਤਾਵਨੀ ਦਿੱਤੀ

- ਲੇਖਕ, ਐਨਾ ਕੋਲਿਨਸਨ
- ਲੇਖਕ, ਜੋ ਐਡਨਿਟ
- ਰੋਲ, ਬੀਬੀਸੀ ਨਿਊਜ਼ ਇਨਵੈਸਟੀਗੇਸ਼ਨਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਚੇਤਾਵਨੀ: ਇਸ ਰਿਪੋਰਟ ਵਿੱਚ ਸਰਜਰੀ ਦੀਆਂ ਗ੍ਰਾਫਿਕ ਤਸਵੀਰਾਂ ਅਤੇ ਵੇਰਵੇ ਸ਼ਾਮਿਲ ਹਨ
"ਹਰ ਕੋਈ ਇਸਨੂੰ ਬਹੁਤ ਆਸਾਨ ਦੱਸਦਾ ਸੀ, ਪਰ ਮੇਰੇ ਚਿਹਰੇ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਗ ਲੱਗੀ ਹੋਵੇ ਅਤੇ ਸੜਦੀ ਹੋਈ ਚਮੜੀ ਦੀ ਬਹੁਤ ਭਿਆਨਕ ਬੂ ਆ ਰਹੀ ਸੀ।" ਇਹ ਗੱਲ ਨਿਕਿਤਾ ਮੋਰਗਨ ਆਪਣੀ ਪਲਕਾਂ ਦੀ ਸਰਜਰੀ ਬਾਰੇ ਦੱਸਦੇ ਹੋਏ ਕਹਿੰਦੇ ਹਨ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਵੀਡੀਓਜ਼ ਦੇਖਣ ਤੋਂ ਬਾਅਦ ਬਲੇਫਾਰੋਪਲਾਸਟੀ, ਜਾਂ "ਬਲੇਫ਼", ਕਰਵਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਵਿੱਚ ਅੱਖਾਂ ਦੇ ਬਿਲਕੁਲ ਉੱਪਰਲੀ ਚਮੜੀ ਹਟਾਈ ਜਾਂਦੀ ਹੈ। ਹਾਲਾਂਕਿ ਉਨ੍ਹਾਂ ਨੂੰ ਲੋਕਲ ਐਨੇਸਥੀਟਿਕ ਦਿੱਤਾ ਗਿਆ ਸੀ, ਫਿਰ ਵੀ ਨਿਕਿਤਾ ਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੋਇਆ।
ਓਕਿਊਲੋਪਲਾਸਟਿਕ ਸਰਜਨ, ਜੋ ਅੱਖਾਂ ਦੇ ਆਲੇ-ਦੁਆਲੇ ਸਰਜਰੀ ਕਰਨ ਵਿੱਚ ਮਾਹਿਰ ਡਾਕਟਰ ਹੁੰਦੇ ਹਨ, ਕਹਿੰਦੇ ਹਨ ਕਿ ਸਸਤੀ ਬਲੇਫ਼ ਸਰਜਰੀ ਤੋਂ ਬਾਅਦ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਚਿੰਤਾਜਨਕ ਤਰੀਕੇ ਨਾਲ ਵਧ ਰਹੀ ਹੈ। ਇਹ ਸਰਜਰੀਆਂ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਚਿਹਰੇ ਨੂੰ ਕੱਸਣ, ਸਮਤਲ ਕਰਨ ਅਤੇ ਲਿਫ਼ਟ ਕਰਨ (ਉਭਾਰ ਲਿਆਉਣ) ਵਾਲਾ ਸੁੰਦਰਤਾ ਦਾ ਜੋ ਇੱਕ ਟ੍ਰੈਂਡ ਚੱਲਿਆ ਹੋਇਆ ਹੈ, ਉਸੇ ਦੇ ਚੱਲਦਿਆਂ ਇਸ ਪ੍ਰਕਿਰਿਆ ਦੀ ਮੰਗ ਵਧੀ ਹੈ। ਅਤੇ ਇਸਦੀ ਕੀਮਤ ਯੂਕੇ ਵਿੱਚ ਆਮ ਤੌਰ 'ਤੇ ਹਜ਼ਾਰਾਂ ਪੌਂਡ ਹੁੰਦੀ ਹੈ।
ਸਰਜਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਮੁੱਖ ਰੂਪ ਨਾਲ ਮੇਨਲੈਂਡ ਯੂਰਪ, ਅਫ਼ਰੀਕਾ ਅਤੇ ਏਸ਼ੀਆ ਦੇ ਕਲਿਨਿਕਾਂ ਨਾਲ ਸਬੰਧਿਤ ਹੁੰਦੇ ਹਨ ਅਤੇ ਜਦੋਂ ਸਰਜਰੀ ਤੋਂ ਬਾਅਦ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਨੂੰ ਸਰਜਰੀ ਤੋਂ ਬਾਅਦ ਵਾਲੀ ਚੰਗੀ ਦੇਖਭਾਲ ਨਹੀਂ ਮਿਲ ਪਾਉਂਦੀ ਤਾਂ ਇਸ ਨਾਲ ਐਨਐਚਐਸ 'ਤੇ ਬੋਝ ਪੈਂਦਾ ਹੈ।

ਨਿਕਿਤਾ ਤੋਂ ਇਲਾਵਾ, ਅਸੀਂ ਦਰਜਨਾਂ ਲੋਕਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ ਇੱਕ ਅਜਿਹੀ ਮਹਿਲਾ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਸੌਣ ਲਈ ਆਪਣੀਆਂ ਅੱਖਾਂ ਟੇਪ ਨਾਲ ਬੰਦ ਕਰਨੀਆਂ ਪੈਂਦੀਆਂ ਸਨ ਕਿਉਂਕਿ ਉਨ੍ਹਾਂ ਦੀਆਂ ਪਲਕਾਂ ਦੀ ਬਹੁਤ ਜ਼ਿਆਦਾ ਚਮੜੀ ਹਟਾ ਦਿੱਤੀ ਗਈ ਸੀ, ਜਦਕਿ ਇੱਕ ਵੱਖਰੀ ਮਹਿਲਾ ਨੂੰ ਡਰ ਸੀ ਕਿ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ।
ਯੂਕੇ ਦੇ ਸਰਜਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਮਰੀਜ਼ ਵੇਖੇ ਹਨ, ਜੋ ਵਿਦੇਸ਼ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਆਪਣੀਆਂ ਅੱਖਾਂ ਢੰਗ ਨਾਲ ਬੰਦ ਨਹੀਂ ਕਰ ਸਕਦੇ ਸਨ।
ਡਬਲਿਨ ਦੇ ਰਹਿਣ ਵਾਲੇ ਨਿਕਿਤਾ ਆਪਣੀਆਂ ਅੱਖਾਂ ਨੂੰ ਹੋਰ ਸਪਸ਼ਟ ਆਕਾਰ ਦੇਣਾ ਚਾਹੁੰਦੇ ਸੀ, ਪਰ ਉਹ ਆਇਰਲੈਂਡ ਵਿੱਚ ਉੱਪਰੀ ਪਲਕਾਂ ਦੀ ਸਰਜਰੀ ਦਾ ਖਰਚਾ ਨਹੀਂ ਝੱਲ ਸਕਦੇ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ 4,000 ਯੂਰੋ (ਲਗਭਗ 4 ਲੱਖ 36 ਹਜ਼ਾਰ ਭਾਰਤੀ ਰੁਪਏ) ਤੋਂ ਵੱਧ ਦੱਸੀ ਗਈ ਸੀ।
ਫਿਰ 31 ਸਾਲਾ ਨਿਕਿਤਾ ਨੂੰ ਟਿੱਕਟੌਕ 'ਤੇ ਪਤਾ ਲੱਗਿਆ ਕਿ ਉਹ ਡੱਚ ਕੰਪਨੀ ਫੇਸਲੈਂਡ ਤੋਂ 750 ਯੂਰੋ (ਲਗਭਗ 81 ਹਜ਼ਾਰ ਭਾਰਤੀ ਰੁਪਏ) ਵਿੱਚ ਬਲੇਫ਼ ਕਰਵਾ ਸਕਦੇ ਹਨ।
ਉਨ੍ਹਾਂ ਨੇ ਡੂਸਲਡੋਰਫ਼ ਵਿੱਚ ਸਥਿਤ ਕਲਿਨਿਕ ਬਾਰੇ ਦੱਸਿਆ ਕਿ ਉੱਥੇ ਸਰਜਰੀ ਕਰਵਾ ਕੇ ਇੱਕ ਬਾਹਰ ਆਉਂਦਾ ਸੀ ਤਾਂ ਦੂਜਾ ਅੰਦਰ ਜਾਂਦਾ ਸੀ। ਭਾਵ ਇਹ ਕੰਮ ਜ਼ੋਰਾਂ 'ਤੇ ਸੀ।
ਕੰਪਨੀ ਦਾ ਕਹਿਣਾ ਹੈ ਕਿ ਉਸਨੇ ਅਕਤੂਬਰ 2024 ਤੋਂ ਹੁਣ ਤੱਕ ਨੀਦਰਲੈਂਡਜ਼, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਆਪਣੇ ਕਲਿਨਿਕਾਂ ਰਾਹੀਂ ਯੂਕੇ ਦੇ ਲੋਕਾਂ 'ਤੇ 2,950 ਤੋਂ ਵੱਧ ਬਲੇਫ਼ ਪ੍ਰਕਿਰਿਆਵਾਂ ਕੀਤੀਆਂ ਹਨ।
ਕੰਪਨੀ ਕਹਿੰਦੀ ਹੈ ਕਿ ਉਹ "ਸੁਰੱਖਿਅਤ ਅਤੇ ਗੁਣਵੱਤਾਪੂਰਨ" ਇਲਾਜ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਦੱਸਿਆ ਕਿ "1% ਤੋਂ ਘੱਟ ਪ੍ਰਕਿਰਿਆਵਾਂ ਤੋਂ ਬਾਅਦ ਸ਼ਿਕਾਇਤ ਆਈ ਹੈ", ਹਾਲਾਂਕਿ ਇਸ ਵਿੱਚ ਉਹ ਸਾਰੇ ਲੋਕ ਸ਼ਾਮਿਲ ਨਹੀਂ ਹਨ ਜਿਨ੍ਹਾਂ ਨੂੰ ਦੁਬਾਰਾ ਸਰਜਰੀ ਦੀ ਲੋੜ ਪਈ।
ਜਿਨ੍ਹਾਂ ਮਰੀਜ਼ਾਂ ਨੇ ਬੀਬੀਸੀ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਲੈਂਡ ਦੇ ਕਲਿਨਿਕਾਂ ਵਿੱਚ ਗਏ ਸਨ, ਪਰ ਸਾਨੂੰ ਨਹੀਂ ਪਤਾ ਕਿ ਫੇਸਲੈਂਡ ਵਿੱਚ ਕੁੱਲ ਕਿੰਨੀਆਂ ਦਿੱਕਤਾਂ ਹੋਈਆਂ।
ਨਿਕਿਤਾ, ਜਿਨ੍ਹਾਂ ਨੇ ਨਵੰਬਰ 2025 ਵਿੱਚ ਬਲੇਫ਼ ਕਰਵਾਇਆ ਸੀ, ਕਹਿੰਦੇ ਹਨ ਕਿ ਉਨ੍ਹਾਂ ਨੂੰ ਅਹਿਸਾਸ ਨਹੀਂ ਸੀ ਕਿ ਇਹ ਪ੍ਰਕਿਰਿਆ ਕਿੰਨੀ ਵੱਡੀ ਜਾਂ ਹਮੇਸ਼ਾ ਲਈ ਅਸਰ ਛੱਡਣ ਵਾਲੀ ਹੋਵੇਗੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ "ਬੁੱਲ੍ਹਾਂ ਜਾਂ ਬੋਟਾਕਸ ਕਰਵਾਉਣ" ਵਰਗੀ ਹੋਵੇਗੀ।
ਉਨ੍ਹਾਂ ਨੂੰ ਲੋਕਲ ਐਨੇਸਥੀਟਿਕ ਦਾ ਟੀਕਾ (ਸੁੰਨ ਕਰਨ ਜਾਂ ਬੇਹੋਸ਼ੀ ਦਾ ਟੀਕਾ) ਲਗਾਇਆ ਗਿਆ ਸੀ, ਪਰ ਜਦੋਂ ਡਾਕਟਰ ਨੇ ਪਲਕ ਦੀ ਨਾਜ਼ੁਕ ਚਮੜੀ ਕੱਟਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਅਜਿਹਾ ਦਰਦ ਮਹਿਸੂਸ ਕੀਤਾ, ਜੋ ਉਨ੍ਹਾਂ ਨੇ ਕਦੇ ਨਹੀਂ ਕੀਤਾ ਸੀ।
ਨਿਕਿਤਾ ਕਹਿੰਦੇ ਹਨ, "ਮੈਂ ਸਦਮੇ ਦੀ ਹਾਲਤ ਵਿੱਚ ਚਲੀ ਗਈ ਸੀ, ਇਹ ਭਿਆਨਕ ਸੀ। ਜਦੋਂ ਉਹ ਟਾਂਕੇ ਲਾ ਰਹੇ ਸਨ ਤਾਂ ਮੈਨੂੰ ਸੂਈ ਆਪਣੀ ਚਮੜੀ ਵਿੱਚੋਂ ਲੰਘਦੀ ਮਹਿਸੂਸ ਹੋ ਰਹੀ ਸੀ।"

ਫੇਸਲੈਂਡ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਦੀਆਂ ਪ੍ਰਕਿਰਿਆ ਤੋਂ ਪਹਿਲਾਂ ਕੰਸਲੇਸ਼ਨ ਹੁੰਦੀ ਹੈ ਅਤੇ ਉਹ ਸਹਿਮਤੀ ਵਾਲੇ ਕਾਗਜ਼ਾਂ 'ਤੇ ਦਸਤਖ਼ਤ ਕਰਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ "ਪੂਰੀ ਤਰ੍ਹਾਂ ਜਾਣੂ ਅਤੇ ਤਿਆਰ" ਹਨ।
ਕੰਪਨੀ ਨੇ ਇਹ ਵੀ ਕਿਹਾ ਕਿ ਨਿਕਿਤਾ ਦੇ ਡਾਕਟਰ ਨੇ ਕਿਹਾ ਸੀ ਕਿ ਪ੍ਰਕਿਰਿਆ ਦੌਰਾਨ ਨਿਕਿਤਾ "ਬਹੁਤ ਘਬਰਾਏ ਹੋਏ ਅਤੇ ਚਿੰਤਾ ਵਿੱਚ" ਸਨ, "ਜੋ ਦਰਦ ਦੀ ਮਹਿਸੂਸ ਕਰਨ ਨੂੰ ਪ੍ਰਭਾਵਿਤ ਕਰ ਸਕਦਾ ਹੈ"।
ਕੁਝ ਹੀ ਘੰਟਿਆਂ ਵਿੱਚ, "ਸਦਮੇ ਵਿੱਚ" ਨਿਕਿਤਾ ਘਰ ਵਾਪਸੀ ਲਈ ਜਹਾਜ਼ ਵਿੱਚ ਸਵਾਰ ਹੋ ਗਏ। ਸਰਜਰੀ ਵਾਲੇ ਦਿਨ ਹੀ ਜਹਾਜ਼ ਯਾਤਰਾ ਕਰਨ ਦੀ ਸਲਾਹ ਡਾਕਟਰੀ ਮਾਹਿਰਾਂ ਅਤੇ ਫੇਸਲੈਂਡ ਦੋਵਾਂ ਦੁਆਰਾ ਨਹੀਂ ਦਿੱਤੀ ਜਾਂਦੀ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਕਰਦੇ ਦੇਖਿਆ ਸੀ।
ਉਨ੍ਹਾਂ ਕਿਹਾ, "ਮੈਨੂੰ ਦੇਖਣ ਵਿੱਚ ਮੁਸ਼ਕਿਲ ਆ ਰਹੀ ਸੀ। ਜੇ ਮੈਂ ਉੱਪਰ ਵੇਖਦੀ ਸੀ ਤਾਂ ਮੇਰੇ ਟਾਂਕਿਆਂ ਵਿੱਚੋਂ ਖੂਨ ਨਿੱਕਲਦਾ ਸੀ, ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਖੂਨ ਦੇ ਹੰਝੂ ਰੋ ਰਹੀ ਹੋਵਾਂ।"
ਉਨ੍ਹਾਂ ਨੂੰ ਉਸੇ ਦਿਨ ਉਡਾਣ ਭਰਨ ਦਾ ਬਹੁਤ ਪਛਤਾਵਾ ਹੈ ਅਤੇ ਉਹ ਹੋਰਨਾਂ ਨੂੰ ਵੀ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹਨ।
ਬਲੇਫ਼ ਦਾ ਵਧਦਾ ਰੁਝਾਨ
ਬੀਬੀਸੀ ਦੇ ਵਿਸ਼ਲੇਸ਼ਣ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਯੂਕੇ ਦੇ ਸੋਸ਼ਲ ਮੀਡੀਆ ਖਾਤਿਆਂ ਦੁਆਰਾ ਚਾਰ ਪ੍ਰਮੁੱਖ ਪਲੇਟਫ਼ਾਰਮਾਂ 'ਤੇ ਪੋਸਟ ਕੀਤੀਆਂ ਗਈਆਂ ਬਲੇਫ਼ ਸੰਬੰਧੀ ਵੀਡੀਓਜ਼ ਨੂੰ ਲਗਭਗ 150 ਮਿਲੀਅਨ ਵਾਰ ਦੇਖਿਆ ਗਿਆ। ਇਹ ਅੰਕੜਾ ਇਸ ਤੋਂ ਪਹਿਲਾਂ ਦੇ ਤਿੰਨ ਸਾਲਾਂ ਨਾਲੋਂ ਪੰਜ ਗੁਣਾ ਵੱਧ ਹੈ।
ਆਪਣੀਆਂ ਪੋਸਟਾਂ ਵਿੱਚ ਕਈ ਲੋਕ ਸਕਾਰਾਤਮਕ ਨਤੀਜਿਆਂ ਬਾਰੇ ਦੱਸਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਲੈਂਡ ਵਿੱਚ ਇਲਾਜ ਕਰਵਾ ਚੁੱਕੇ ਹਨ।
ਇੱਕ ਮਹਿਲਾ ਨੇ ਸਾਨੂੰ ਦੱਸਿਆ ਕਿ ਉਸ ਦੀਆਂ ਢਿੱਲੀਆਂ ਪਲਕਾਂ ਉਨ੍ਹਾਂ ਦੀ ਨਜ਼ਰ ਵਿੱਚ ਰੁਕਾਵਟ ਪਾ ਰਹੀਆਂ ਸਨ ਅਤੇ ਸਿਰਦਰਦ ਦਾ ਕਾਰਨ ਬਣ ਰਹੀਆਂ ਸਨ। ਉਹ ਐਨਐਚਐਸ ਤੋਂ ਇਲਾਜ ਕਰਾਉਣ ਲਈ ਯੋਗ ਨਹੀਂ ਸਨ ਅਤੇ ਯੂਕੇ ਵਿੱਚ ਨਿੱਜੀ ਇਲਾਜ ਦਾ ਖਰਚਾ ਨਹੀਂ ਝੱਲ ਸਕਦੇ ਸਨ, ਪਰ ਹੁਣ ਉਹ ਕਹਿੰਦੇ ਹਨ ਕਿ ਫੇਸਲੈਂਡ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਗਈਆਂ ਹਨ।
ਕੰਪਨੀ ਦੀ ਵੈੱਬਸਾਈਟ ਦਾ ਦਾਅਵਾ ਹੈ ਕਿ ਉਹ "ਸੌਖੀ, ਪਹੁੰਚਯੋਗ ਅਤੇ ਉੱਚ ਗੁਣਵੱਤਾ ਵਾਲੀ ਦੇਖਭਾਲ" 'ਤੇ ਧਿਆਨ ਕੇਂਦਰਿਤ ਕਰਕੇ ਬਾਜ਼ਾਰ ਨੂੰ ਬਦਲ ਰਹੀ ਹੈ। ਉਸਦੇ ਅਨੁਸਾਰ, ਇਲਾਜ ਮਾਨਤਾ ਪ੍ਰਾਪਤ ਮੈਡੀਕਲ ਡਾਕਟਰਾਂ ਦੁਆਰਾ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਸਰਜੀਕਲ ਪ੍ਰਕਿਰਿਆਵਾਂ ਲਈ ਫੇਸਲੈਂਡ ਵੱਲੋਂ ਵੀ ਸਿਖਲਾਈ ਦਿੱਤੀ ਜਾਂਦੀ ਹੈ।
ਯੂਕੇ ਦੇ ਸਰਜਨਾਂ ਨੇ ਸਾਨੂੰ ਦੱਸਿਆ ਕਿ ਉੱਪਰੀ ਪਲਕਾਂ ਦੀ ਸਰਜਰੀ ਵਿੱਚ ਆਮ ਤੌਰ 'ਤੇ ਇਸਦੀ ਤਿਆਰੀ ਕਰਨ, ਸਰਜਰੀ ਅਤੇ ਇਸ ਤੋਂ ਬਾਅਦ ਦੀ ਦੇਖਭਾਲ ਸਮੇਤ ਲਗਭਗ ਤਿੰਨ ਘੰਟੇ ਲੈਂਦੀ ਹੈ। ਪਰ ਜਿਨ੍ਹਾਂ ਫੇਸਲੈਂਡ ਮਰੀਜ਼ਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਲਿਨਿਕਾਂ ਵਿੱਚ ਇੱਕ ਘੰਟੇ ਤੋਂ ਵੀ ਘੱਟ ਸਮਾਂ ਰਹੇ।
ਫੇਸਲੈਂਡ ਦਾ ਕਹਿਣਾ ਹੈ ਕਿ ਮਾਹਿਰਾਂ ਨੂੰ ਵੱਧ ਗਿਣਤੀ ਵਿੱਚ ਇਲਾਜ ਕਰਨ ਦੀ ਇਜਾਜ਼ਤ ਦੇਣ ਨਾਲ ਖਰਚੇ ਕਾਫ਼ੀ ਘੱਟ ਹੋ ਜਾਂਦੇ ਹਨ।
'ਉਨ੍ਹਾਂ ਨੇ ਮੇਰੀ ਬਹੁਤ ਜ਼ਿਆਦਾ ਚਮੜੀ ਕੱਟ ਦਿੱਤੀ'

ਆਪਣੀ ਫੇਸਲੈਂਡ ਬਲੇਫ਼ ਸਰਜਰੀ ਤੋਂ ਅੱਠ ਦਿਨ ਬਾਅਦ, ਲੌਰਾ (ਬਦਲਿਆ ਹੋਇਆ ਨਾਮ) ਨੂੰ ਚਾਰ ਵਾਰ ਏਐਂਡਈ ਲਈ ਯਾਤਰਾ ਕੀਤੀ ਕਿਉਂਕਿ ਉਨ੍ਹਾਂ ਦੀ ਪਲਕਾਂ ਦੇ ਜ਼ਖ਼ਮ ਮੁੜ ਖੁੱਲ੍ਹ ਗਏ ਸਨ।
ਜੂਨ ਵਿੱਚ ਐਮਸਟਰਡੈਮ ਕਲਿਨਿਕ ਵਿੱਚ ਉਨ੍ਹਾਂ ਦੀ ਪ੍ਰਕਿਰਿਆ ਸ਼ੁਰੂਆਤ ਵਿੱਚ ਠੀਕ ਲੱਗੀ ਸੀ, ਪਰ ਸਮੱਸਿਆਵਾਂ ਉਸ ਵੇਲੇ ਸ਼ੁਰੂ ਹੋਈਆਂ ਜਦੋਂ ਉਨ੍ਹਾਂ ਨੇ ਯੂਕੇ ਵਾਪਸ ਆ ਕੇ ਆਪਣੇ ਟਾਂਕੇ ਕੱਢੇ। ਵਿਦੇਸ਼ ਵਿੱਚ ਇਲਾਜ ਕਰਵਾਉਣ ਵਾਲੇ ਕਈ ਮਰੀਜ਼ ਅਜਿਹਾ ਕਰਦੇ ਹਨ।
ਉਨ੍ਹਾਂ ਦੀਆਂ ਅੱਖਾਂ ਦੇ ਉੱਪਰ ਚੰਦਰਮਾ ਦੇ ਆਕਾਰ ਦੇ ਕੱਟ, ਜੋ ਟਾਂਕਿਆਂ ਨਾਲ ਜੁੜੇ ਹੋਏ ਸਨ, ਖੁੱਲ੍ਹ ਗਏ, ਜਿਸ ਨਾਲ ਕੱਚੇ, ਲਾਲ ਜ਼ਖ਼ਮ ਸਾਹਮਣੇ ਆ ਗਏ, ਜਿਨ੍ਹਾਂ ਵਿੱਚ ਬਾਅਦ ਵਿੱਚ ਇਨਫੈਕਸ਼ਨ ਹੋ ਗਿਆ। ਯੂਕੇ ਦੇ ਸਰਜਨਾਂ ਦਾ ਕਹਿਣਾ ਹੈ ਕਿ ਜੇ ਕੋਈ ਮਾਹਿਰ ਢੰਗ ਨਾਲ ਸਿਖਲਾਈ ਪ੍ਰਾਪਤ ਹੋਵੇ ਤਾਂ ਅਜਿਹਾ ਲਗਭਗ ਕਦੇ ਨਹੀਂ ਹੋਣਾ ਚਾਹੀਦਾ।
ਲੌਰਾ, ਜੋ ਆਪਣੇ 40ਵੇਂ ਸਾਲਾਂ ਦੇ ਸ਼ੁਰੂ ਵਿੱਚ ਹਨ, ਕਹਿੰਦੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਫੇਸਲੈਂਡ ਦੀ ਐਮਰਜੈਂਸੀ ਹੈਲਪਲਾਈਨ 'ਤੇ ਕਈ ਵਾਰ ਕਾਲ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ। ਬੇਚੈਨ ਹੋਕੇ ਉਹ ਏਐਂਡਈ ਵੱਲ ਦੌੜੇ।
ਉਨ੍ਹਾਂ ਕਿਹਾ, "ਜਦੋਂ ਮੈਂ ਅੱਖਾਂ ਕੁਝ ਜ਼ਿਆਦਾ ਦੇਰ ਲਈ ਬੰਦ ਕਰਦੀ ਸੀ ਤਾਂ ਖਿੱਚ ਕਾਰਨ ਮੇਰੇ ਜ਼ਖ਼ਮ ਮੁੜ ਖੁੱਲ੍ਹ ਜਾਂਦੇ ਸਨ। ਮੈਨੂੰ ਸੌਣ ਤੋਂ ਡਰ ਲੱਗਦਾ ਸੀ ਅਤੇ ਮੈਂ ਲਗਾਤਾਰ ਦਰਦ ਵਿੱਚ ਸੀ।"
ਅਗਲੇ ਦਿਨਾਂ ਵਿੱਚ ਲੌਰਾ ਆਪਣੀ ਫੇਸਲੈਂਡ ਡਾਕਟਰ ਨਾਲ ਸੰਪਰਕ ਵਿੱਚ ਰਹੇ ਅਤੇ ਕਈ ਵਾਰ ਉਨ੍ਹਾਂ ਨੇ ਕਿਹਾ ਕਿ ਉਹ ਜਹਾਜ਼ ਰਾਹੀਂ ਜਾਂਚ ਲਈ ਵਾਪਸ ਆ ਸਕਦੇ ਹਨ।
ਉਹ ਕਹਿੰਦੇ ਹਨ, "ਮੈਂ ਰੋ ਰਹੀ ਸੀ, ਬੇਨਤੀ ਕਰ ਰਹੀ ਸੀ ਕਿ 'ਤੁਸੀਂ ਮੈਨੂੰ ਇਸ ਹਾਲਤ ਵਿੱਚ ਨਹੀਂ ਛੱਡ ਸਕਦੇ'।"
ਪਰ ਫੇਸਲੈਂਡ ਨੇ ਉਨ੍ਹਾਂ ਨੂੰ ਦੱਸਿਆ ਕਿ ਸਭ ਤੋਂ ਵਧੀਆ ਇਹੀ ਹੈ ਕਿ ਉਹ ਆਪਣੇ ਲੋਕਲ (ਜਿੱਥੇ ਰਹਿੰਦੇ ਹਨ) ਹੀ ਕੋਈ ਇਲਾਜ ਲੈਣ।
ਲੌਰਾ ਨੂੰ ਐਨਐਚਐਸ ਦੇ ਇੱਕ ਅੱਖਾਂ ਦੇ ਮਾਹਿਰ ਕੋਲ ਭੇਜਿਆ ਗਿਆ, ਜਿਨ੍ਹਾਂ ਨੇ ਕਿਹਾ ਕਿ "ਚਮੜੀ ਬਹੁਤ ਜ਼ਿਆਦਾ" ਹਟਾ ਦਿੱਤੀ ਗਈ ਸੀ।
ਲੌਰਾ ਦੀ ਸਸਤੀ ਸਰਜਰੀ ਨੂੰ ਠੀਕ ਕਰਨ ਦਾ ਖਰਚਾ ਐਨਐਚਐਸ ਦੁਆਰਾ ਝੱਲੇ ਜਾਣ ਬਾਰੇ ਲੌਰਾ ਕਿਵੇਂ ਮਹਿਸੂਸ ਕਰਦੇ ਹਨ? ਇਸ ਬਾਰੇ ਉਹ ਕਹਿੰਦੇ ਹਨ, "ਮੈਨੂੰ ਦੋਸ਼ੀ ਮਹਿਸੂਸ ਹੁੰਦਾ ਹੈ... ਲੋਕ ਸੋਚਣਗੇ 'ਇਹ ਤੇਰੀ ਆਪਣੀ ਗਲਤੀ ਹੈ', ਪਰ ਜੇ ਮੈਨੂੰ ਪਤਾ ਹੁੰਦਾ ਕਿ ਕੀ ਹੋ ਸਕਦਾ ਹੈ ਤਾਂ ਮੈਂ ਕਦੇ ਨਾ ਜਾਂਦੀ।"
ਲੌਰਾ ਕਹਿੰਦੇ ਹਨ ਕਿ ਜੇ ਉਹ ਅੱਖਾਂ ਬੰਦ ਕਰਦੇ ਸਨ ਤਾਂ ਖਿੱਚ ਕਾਰਨ ਉਨ੍ਹਾਂ ਦੀਆਂ ਪਲਕਾਂ ਦੇ ਜ਼ਖ਼ਮ ਖੁੱਲ੍ਹ ਜਾਂਦੇ ਸਨ।
ਫੇਸਲੈਂਡ ਦਾ ਕਹਿਣਾ ਹੈ ਕਿ ਉਹ ਲੌਰਾ ਦੇ ਮਾਮਲੇ 'ਤੇ ਵਿਸਥਾਰ ਨਾਲ ਟਿੱਪਣੀ ਨਹੀਂ ਕਰ ਸਕਦੀ ਕਿਉਂਕਿ ਲੌਰਾ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੇ ਹਨ।
ਸਦਭਾਵਨਾ ਦੇ ਤੌਰ 'ਤੇ, ਫੇਸਲੈਂਡ ਨਾਲ ਕੰਮ ਕਰਨ ਵਾਲੀ ਇੱਕ ਸੁਤੰਤਰ ਸ਼ਿਕਾਇਤ ਕਮੇਟੀ ਨੇ ਲੌਰਾ ਨੂੰ 175 ਯੂਰੋ (ਲਗਭਗ 19 ਹਜ਼ਾਰ ਭਾਰਤੀ ਰੁਪਏ) ਦੀ ਪੇਸ਼ਕਸ਼ ਕੀਤੀ, ਜਿਸਨੂੰ ਲੌਰਾ ਨੇ ਲੈਣ ਤੋਂ ਮਨ੍ਹਾਂ ਕਰ ਦਿੱਤਾ।
ਕਈ ਮਰੀਜ਼ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ

ਯੂਕੇ ਦੇ ਸਰਜਨਾਂ ਦਾ ਕਹਿਣਾ ਹੈ ਕਿ ਪਿਛਲੇ 12 ਮਹੀਨਿਆਂ ਦੌਰਾਨ ਜਦੋਂ ਉਨ੍ਹਾਂ ਨੇ ਬਲੇਫਾਰੋਪਲਾਸਟੀ ਦੀਆਂ ਜਟਿਲਤਾਵਾਂ ਵਾਲੇ ਮਰੀਜ਼ ਦੇਖੇ, ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਲੋਕ ਵਿਦੇਸ਼ ਵਿੱਚ ਇਲਾਜ ਕਰਵਾ ਚੁੱਕੇ ਸਨ।
ਬ੍ਰਿਟਿਸ਼ ਓਕਿਊਲੋਪਲਾਸਟਿਕ ਸਰਜਰੀ ਸੋਸਾਇਟੀ (ਬੌਪਸ) ਦੇ 63 ਮੈਂਬਰਾਂ ਦੇ ਬੀਬੀਸੀ ਲਈ ਕਰਵਾਏ ਸਰਵੇਖਣ ਮੁਤਾਬਕ, ਵਿਦੇਸ਼ੀ ਪ੍ਰਕਿਰਿਆਵਾਂ ਤੋਂ ਬਾਅਦ ਸਭ ਤੋਂ ਆਮ ਸਮੱਸਿਆ ਸੀ ਕਿ ਲੋਕ ਆਪਣੀਆਂ ਅੱਖਾਂ ਢੰਗ ਨਾਲ ਬੰਦ ਨਹੀਂ ਕਰ ਪਾ ਰਹੇ ਸਨ।
ਬੌਪਸ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਕੰਸਲਟੈਂਟ ਓਕਿਊਲੋਪਲਾਸਟਿਕ ਸਰਜਨ ਕੋਲਿਨ ਵਾਈਜ਼ ਸਮਝਾਉਂਦੇ ਹਨ - "ਪਲਕਾਂ ਤੋਂ ਬਹੁਤ ਜ਼ਿਆਦਾ ਚਮੜੀ ਹਟਾਉਣਾ ਖਤਰਨਾਕ ਹੈ ਕਿਉਂਕਿ ਇਸ ਨਾਲ ਅੱਖ ਵਾਤਾਵਰਣ ਦੇ ਪ੍ਰਭਾਵਾਂ ਦੇ ਸਾਹਮਣੇ ਖੁੱਲ੍ਹੀ ਰਹਿ ਜਾਂਦੀ ਹੈ। ਇਸਨੂੰ ਠੀਕ ਕਰਨਾ ਮੁਸ਼ਕਿਲ ਅਤੇ ਮਹਿੰਗਾ ਹੋ ਸਕਦਾ ਹੈ।"
ਉਹ ਪਲਕਾਂ ਦੀ ਤੁਲਨਾ "ਪਰਦਿਆਂ ਦੀ ਇੱਕ ਜੋੜੀ" ਨਾਲ ਕਰਦੇ ਹਨ। ਜਦੋਂ ਤੁਸੀਂ ਉਨ੍ਹਾਂ ਨੂੰ ਖੋਲ੍ਹਦੇ ਹੋ ਤਾਂ ਉਨ੍ਹਾਂ ਵਿੱਚ ਮੋੜ ਹੋਣਾ ਚਾਹੀਦਾ ਹੈ, ਤਾਂ ਜੋ ਜਦੋਂ ਤੁਸੀਂ ਉਨ੍ਹਾਂ ਨੂੰ ਬੰਦ ਕਰੋ ਤਾਂ ਅੱਖ ਦੇ ਗੋਲੇ ਨੂੰ ਢੱਕਣ ਲਈ ਕਾਫ਼ੀ ਚਮੜੀ ਹੋਵੇ।
ਬੌਪਸ ਮੈਂਬਰਾਂ ਦੁਆਰਾ ਰਿਪੋਰਟ ਕੀਤੀਆਂ ਹੋਰ ਸਮੱਸਿਆਵਾਂ ਵਿੱਚ ਨਿਸ਼ਾਨ ਪੈਣਾ, ਅੱਖਾਂ ਵਿੱਚ ਅਸਮਾਨਤਾ ਅਤੇ ਜ਼ਖ਼ਮਾਂ ਦਾ ਖੁੱਲ੍ਹ ਜਾਣਾ ਸ਼ਾਮਿਲ ਹੈ।
ਸਰਜਨਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਮਰੀਜ਼ ਵੀ ਦੇਖੇ, ਜਿਨ੍ਹਾਂ ਨੂੰ ਯੂਕੇ ਦੇ ਗੈਰ-ਰਜਿਸਟਰਡ ਪ੍ਰੈਕਟੀਸ਼ਨਰਾਂ ਤੋਂ ਇਲਾਜ ਕਰਵਾਉਣ ਬਾਅਦ ਦਿੱਕਤਾਂ ਹੋਈਆਂ, ਜਿਸ ਵਿੱਚ ਘਰਾਂ ਦੇ ਡਰਾਇੰਗ ਰੂਮਾਂ ਵਿੱਚ ਕੀਤੀਆਂ ਗਈਆਂ ਬਲੇਫਾਰੋਪਲਾਸਟੀਆਂ ਵੀ ਸ਼ਾਮਿਲ ਸਨ।
'ਮੈਨੂੰ ਡਰ ਸੀ ਕਿ ਮੈਂ ਆਪਣੀ ਨਜ਼ਰ ਗੁਆ ਰਹੀ ਹਾਂ'

ਸਾਲ 2024 ਵਿੱਚ ਕ੍ਰਿਸਮਸ ਵਾਲੇ ਦਿਨ, ਕੈਰਨ ਹਾਰਟੇ ਨੀਂਦ ਤੋਂ ਉੱਠੇ ਤਾਂ ਉਨ੍ਹਾਂ ਨੂੰ ਦੇਖਣ ਵਿੱਚ ਮੁਸ਼ਕਿਲ ਹੋ ਰਹੀ ਸੀ।
ਫੇਸਲੈਂਡ ਦੇ ਐਮਸਟਰਡੈਮ ਕਲਿਨਿਕ ਵਿੱਚ ਉਨ੍ਹਾਂ ਦੀ ਬਲੇਫ਼ ਸਰਜਰੀ ਤੋਂ ਕੁਝ ਦਿਨ ਬਾਅਦ, ਉਨ੍ਹਾਂ ਦੀ ਖੱਬੀ ਅੱਖ ਸੁੱਜੀ ਹੋਈ ਸੀ ਅਤੇ ਉਸ ਵਿੱਚੋਂ ਖੂਨ ਰਿਸ ਰਿਹਾ ਸੀ, ਜਦਕਿ ਦੋਹਾਂ ਅੱਖਾਂ ਦੇ ਉੱਪਰਲੇ ਜ਼ਖ਼ਮ ਖੁੱਲ੍ਹਣ ਲੱਗ ਪਏ ਸਨ।
ਉਹ ਕਹਿੰਦੇ ਹਨ, "ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਥੋੜ੍ਹੀ ਜਿਹੀ ਵਾਧੂ ਚਮੜੀ ਕਾਰਨ ਮੈਂ ਆਪਣੀ ਨਜ਼ਰ ਹੀ ਗੁਆ ਬੈਠਾਂਗੀ।"
ਕੈਰਨ ਸਿੱਧਾ ਏਐਂਡਈ ਪਹੁੰਚੇ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਫੇਸਲੈਂਡ ਨੂੰ ਫ਼ੋਨ ਕਰਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਬਹੁਤ ਦੂਰ ਸੀ।
ਬਾਅਦ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਨਜ਼ਰ ਬਚੀ ਰਹੇਗੀ, ਪਰ ਉਨ੍ਹਾਂ ਦੇ ਚਿਹਰੇ ਵਿੱਚ ਗੰਭੀਰ ਇੰਫੈਕਸ਼ਨ ਹੋ ਗਿਆ ਸੀ। ਉਨ੍ਹਾਂ ਨੂੰ ਐਂਟੀਬਾਇਓਟਿਕਸ ਦਿੱਤੀਆਂ ਗਈਆਂ ਅਤੇ ਹਸਪਤਾਲ ਵਿੱਚ ਨਿਯਮਿਤ ਜਾਂਚਾਂ ਦੀ ਲੋੜ ਪਈ।
ਬੀਬੀਸੀ ਨੇ ਅਜਿਹੀਆਂ ਈਮੇਲਾਂ ਦੇਖੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੈਰੀਨ ਨੇ ਫੇਸਲੈਂਡ ਨਾਲ ਦੋ ਵਾਰ ਸੰਪਰਕ ਕੀਤਾ ਸੀ ਤਾਂ ਜੋ ਉਹ ਉਨ੍ਹਾਂ ਨੂੰ ਦੱਸ ਸਕੇ ਕਿ ਕੀ ਹੋਇਆ, ਅਤੇ 12 ਦਿਨ ਬਾਅਦ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਜਵਾਬ ਮਿਲਿਆ। ਇਸ ਤੋਂ ਬਾਅਦ ਕੁਝ ਹੋਰ ਈਮੇਲਾਂ ਹੋਈਆਂ, ਪਰ ਕੈਰਨ ਕਹਿੰਦੇ ਹਨ ਕਿ ਉਸ ਤੋਂ ਬਾਅਦ ਫਿਰ ਕੰਪਨੀ ਵੱਲੋਂ ਕੋਈ ਸੁਨੇਹਾ ਜਾਂ ਜਵਾਬ ਨਹੀਂ ਆਇਆ।
ਫੇਸਲੈਂਡ ਦਾ ਕਹਿਣਾ ਹੈ ਕਿ ਉਸਨੇ "ਉਨ੍ਹਾਂ ਨੂੰ ਬਿਨਾਂ ਸਹਾਇਤਾ ਜਾਂ ਫਾਲੋ-ਅੱਪ ਦੇਖਭਾਲ ਤੋਂ ਨਹੀਂ ਛੱਡਿਆ"। ਭਾਵ ਉਹ ਫਾਲੋਅਪ ਕਰਦੇ ਰਹੇ।
ਕੰਪਨੀ ਕਹਿੰਦੀ ਹੈ ਕਿ ਜੇ ਮਰੀਜ਼ਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਕਾਫ਼ੀ ਸਹਾਇਤਾ ਨਹੀਂ ਮਿਲੀ ਜਾਂ ਉਨ੍ਹਾਂ ਨੂੰ ਦਿੱਕਤਾਂ ਆਈਆਂ, ਤਾਂ ਉਸਨੂੰ ਇਸ ਗੱਲ ਦਾ ਦੁੱਖ ਹੈ।
ਕੈਰਨ, ਲੌਰਾ ਅਤੇ ਨਿਕਿਤਾ ਵਾਂਗ, ਜਿਨ੍ਹਾਂ ਮਰੀਜ਼ਾਂ ਨਾਲ ਅਸੀਂ ਗੱਲ ਕੀਤੀ ਅਤੇ ਜਿਨ੍ਹਾਂ ਨੇ ਵਿਦੇਸ਼ ਵਿੱਚ ਪਲਕਾਂ ਦੀ ਸਸਤੀ ਸਰਜਰੀ ਕਰਵਾਈ ਸੀ, ਉਨ੍ਹਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਸੀ ਬਾਅਦ ਵਿੱਚ ਲੋੜੀਂਦੀ ਦੇਖਭਾਲ ਨਹੀਂ ਮਿਲੀ।
ਵਾਈਜ਼ ਕਹਿੰਦੇ ਹਨ, "ਆਮ ਬਲੇਫ਼ ਲਈ ਬਾਅਦ ਵਾਲੀ ਦੇਖਭਾਲ ਮਰੀਜ਼ ਨੂੰ ਹਫ਼ਤੇ ਦੇ ਸੱਤੋਂ ਦਿਨ ਅਤੇ 24 ਘੰਟੇ ਉਪਲੱਬਧ ਹੋਣੀ ਚਾਹੀਦੀ ਹੈ। ਜੇ ਤੁਹਾਡਾ ਸਰਜਨ ਸੈਂਕੜੇ ਮੀਲ ਦੂਰ ਹੈ, ਤਾਂ ਤੁਰੰਤ ਦੇਖਭਾਲ ਮੁਹੱਈਆ ਕਰਵਾਉਣਾ ਅਸੰਭਵ ਹੋ ਜਾਂਦਾ ਹੈ।"
ਉਹ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਮਰੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੁਝ ਮਾਮਲਿਆਂ ਵਿੱਚ ਘੱਟ ਕੀਮਤ ਦਾ ਮਤਲਬ ਘੱਟ ਮਿਆਰ ਵੀ ਹੋ ਸਕਦਾ ਹੈ।
'ਖ਼ਤਰਨਾਕ ਕੰਮ'

ਆਪਣੀ ਸਰਜਰੀ ਤੋਂ ਇੱਕ ਹਫ਼ਤਾ ਬਾਅਦ, ਨਿਕਿਤਾ ਨੇ ਆਪਣੇ ਟਾਂਕੇ ਖ਼ੁਦ ਕੱਢ ਲਏ। ਉਨ੍ਹਾਂ ਨੇ ਇਹ ਟਿੱਕਟੌਕ ਵੀਡੀਓਜ਼ ਦੇਖ ਕੇ ਸਿੱਖਿਆ ਸੀ।
ਉਹ ਕਹਿੰਦੇ ਹਨ, "ਇਸ ਨਾਲ ਤੁਹਾਨੂੰ ਕਮਜ਼ੋਰ ਮਹਿਸੂਸ ਹੁੰਦਾ ਹੈ, ਜਿਵੇਂ ਤੁਸੀਂ ਆਪਣੀ ਚਮੜੀ ਵਿੱਚੋਂ ਕੋਈ ਚੀਜ਼ ਖਿੱਚ ਰਹੇ ਹੋਵੋ।"
ਫੇਸਲੈਂਡ ਕੰਪਨੀ ਕਹਿੰਦੀ ਹੈ ਕਿ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟਾਂਕੇ ਕੱਢਣ ਦੇ ਸਮੇਂ ਬਾਰੇ ਆਪਣੇ ਡਾਕਟਰਾਂ ਨਾਲ ਸਲਾਹ ਕਰਨ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਕਿਵੇਂ ਕਰਨਾ ਹੈ। ਨਿਕਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਆਫਟਰਕੇਅਰ ਪੈਕ ਜਾਂ ਹਿਦਾਇਤਾਂ ਨਹੀਂ ਮਿਲੀਆਂ।
ਕੰਪਨੀ ਇਹ ਵੀ ਕਹਿੰਦੀ ਹੈ ਕਿ ਮਰੀਜ਼ ਟਾਂਕੇ ਕੱਢਵਾਉਣ ਲਈ ਫੇਸਲੈਂਡ ਦੇ ਕਲਿਨਿਕ ਵਿੱਚ ਵਾਪਸ ਆ ਸਕਦੇ ਹਨ, ਪਰ ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ ਸੀ।
ਵਾਈਜ਼ ਦੇ ਅਨੁਸਾਰ, ਮਰੀਜ਼ਾਂ ਦੁਆਰਾ ਆਪਣੇ ਟਾਂਕੇ ਖ਼ੁਦ ਕੱਢਣਾ "ਖਤਰਨਾਕ ਕੰਮ" ਹੈ, ਕਿਉਂਕਿ ਇੰਫੈਕਸ਼ਨ ਦੇ ਖਤਰੇ ਅਤੇ ਜ਼ਖ਼ਮਾਂ ਦੇ ਮੁੜ ਖੁੱਲ੍ਹ ਜਾਣ ਦੀ ਸੰਭਾਵਨਾ ਘਟਾਉਣ ਲਈ ਟਾਂਕੇ ਸਰਜਨ ਜਾਂ ਨਰਸ ਦੁਆਰਾ ਕੱਢੇ ਜਾਣੇ ਚਾਹੀਦੇ ਹਨ।
ਇੱਕ ਛੋਟੇ ਨਿਸ਼ਾਨ ਨੂੰ ਛੱਡ ਕੇ, ਨਿਕਿਤਾ ਆਪਣੇ ਨਤੀਜਿਆਂ ਨਾਲ ਜ਼ਿਆਦਾਤਰ ਖੁਸ਼ ਹਨ ਪਰ ਉਹ ਚਾਹੁੰਦੇ ਹਨ ਕਿ ਹੋਰ ਲੋਕ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਣ ਅਤੇ ਖ਼ਤਰਿਆਂ ਨੂੰ ਪੂਰੀ ਤਰ੍ਹਾਂ ਸਮਝਣ।
ਉਹ ਕਹਿੰਦੇ ਹਨ, "ਜੇ ਮੇਰੇ ਕੋਲ ਪੈਸੇ ਹੁੰਦੇ ਜਾਂ ਮੈਂ ਟਿੱਕਟੌਕ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਈ ਹੁੰਦੀ, ਤਾਂ ਸ਼ਾਇਦ ਮੈਂ ਆਪਣੇ ਘਰ ਦੇ ਨੇੜੇ ਕਿਤੇ ਜਾਂਦੀ ਅਤੇ ਜਲਦਬਾਜ਼ੀ ਵਿੱਚ ਫ਼ੈਸਲਾ ਨਾ ਕਰਦੀ।"
ਲਗਭਗ ਦੋ ਸਾਲ ਬਾਅਦ ਵੀ, ਕੈਰੀਨ ਨੂੰ ਆਪਣੀ ਖੱਬੀ ਅੱਖ ਨਾਲ ਸਮੱਸਿਆਵਾਂ ਹਨ, ਜਿਨ੍ਹਾਂ ਵਿੱਚ ਧੁੰਦਲੀ ਨਜ਼ਰ ਅਤੇ ਨਿਸ਼ਾਨ ਸ਼ਾਮਿਲ ਹਨ।
ਇਸੇ ਦੌਰਾਨ, ਲੌਰਾ ਨੂੰ ਡਰ ਹੈ ਕਿ ਉਨ੍ਹਾਂ ਦੀਆਂ ਦੋਹਾਂ ਅੱਖਾਂ ਦੇ ਉੱਪਰਲੇ ਹਿੱਸੇ 'ਤੇ ਜ਼ਿੰਦਗੀ ਭਰ ਲਈ ਨਿਸ਼ਾਨ ਰਹਿ ਸਕਦੇ ਹਨ।
ਉਹ ਕਹਿੰਦੇ ਹਨ, "ਮੈਂ ਇੱਕ ਅਜਿਹੀ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਅਸਲ ਵਿੱਚ ਠੀਕ ਕਰਨ ਦੀ ਲੋੜ ਹੀ ਨਹੀਂ ਸੀ, ਅਤੇ ਹੁਣ ਮੈਂ ਇਸ ਤੋਂ ਵੀ ਵੱਡੀ ਸਮੱਸਿਆ ਝੱਲ ਰਹੀ ਹਾਂ, ਜਿਸ ਲਈ ਮੈਨੂੰ ਸਰਜਰੀ ਦੀ ਲੋੜ ਹੈ ਅਤੇ ਮੈਂ ਉਸਦਾ ਖਰਚਾ ਨਹੀਂ ਝੱਲ ਸਕਦੀ। ਇਹ ਬਹੁਤ ਦੁਖੀ ਕਰਨ ਵਾਲਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































