ਹੂਤੀ ਵਿਦਰੋਹੀ ਕੌਣ ਹਨ ਜੋ ਸਾਊਦੀ ਅਰਬ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਇਸ ਪੂਰੇ ਵਿਵਾਦ ਵਿੱਚ ਲਾਲ ਸਾਗਰ ਕਿਉਂ ਅਹਿਮ ਮੰਨਿਆ ਜਾ ਰਿਹਾ ਹੈ

ਈਰਾਨ ਸਮਰਥਿਤ ਹੂਤੀ ਹਥਿਆਰਬੰਦ ਗੁੱਟ ਦੇ ਲੜਾਕਿਆਂ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Mohammed HUWAIS / AFP via Getty Images

ਤਸਵੀਰ ਕੈਪਸ਼ਨ, ਈਰਾਨ ਸਮਰਥਿਤ ਹੂਤੀ ਹਥਿਆਰਬੰਦ ਗੁੱਟ ਦਾ ਯਮਨ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਹੈ (ਫਾਈਲ ਫੋਟੋ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹੂਤੀ ਹਥਿਆਰਬੰਦ ਗੁੱਟ ਦੇ ਖ਼ਿਲਾਫ਼ ਲੜਾਈ ਵਿੱਚ ਸਾਊਦੀ ਅਰਬ ਦਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਬ੍ਰਿਟੇਨ ਸਾਊਦੀ ਅਰਬ ਨੂੰ 'ਰੱਖਿਆਤਮਕ' ਫੌਜੀ ਮਦਦ ਦੇਵੇਗਾ।

ਬ੍ਰਿਟੇਨ ਸਾਊਦੀ ਅਰਬ ਨੂੰ 'ਡਿਫੈਂਸਿਵ ਏਅਰ-ਟੂ-ਏਅਰ ਰਿਫਿਊਲਿੰਗ' ਵਿੱਚ ਮਦਦ ਦੇਵੇਗਾ। ਪ੍ਰਧਾਨ ਮੰਤਰੀ ਬਰਨਹੈਮ ਨੇ ਕਿਹਾ ਕਿ ਇਹ ਫ਼ੈਸਲਾ ਸਾਊਦੀ ਅਰਬ ਵੱਲੋਂ 'ਫੌਜੀ ਮਦਦ' ਦੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ।

ਡਿਫੈਂਸਿਵ ਏਅਰ-ਟੂ-ਏਅਰ ਰਿਫਿਊਲਿੰਗ ਦਾ ਮਤਲਬ ਹੈ ਕਿ ਇੱਕ ਫੌਜੀ ਜਹਾਜ਼ ਹਵਾ ਵਿੱਚ ਉੱਡਦੇ ਹੋਏ ਦੂਜੇ ਫੌਜੀ ਜਹਾਜ਼ ਨੂੰ ਈਂਧਨ ਦਿੰਦਾ ਹੈ, ਤਾਂ ਜੋ ਉਹ ਲੰਬੇ ਸਮੇਂ ਤੱਕ ਹਵਾ ਵਿੱਚ ਰਹਿ ਸਕੇ ਅਤੇ ਉਸ ਨੂੰ ਵਾਰ-ਵਾਰ ਏਅਰਬੇਸ 'ਤੇ ਵਾਪਸ ਆ ਕੇ ਈਂਧਨ ਭਰਨ ਦੀ ਲੋੜ ਨਾ ਪਵੇ।

ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਅਤੇ ਹੂਤੀ ਲੜਾਕਿਆਂ ਵਿਚਕਾਰ ਗ੍ਰਹਿ ਯੁੱਧ ਚੱਲ ਰਿਹਾ ਹੈ। ਇਸ ਜੰਗ ਵਿੱਚ ਗੁਆਂਢੀ ਦੇਸ਼ ਸਾਊਦੀ ਅਰਬ ਯਮਨ ਦੀ ਸਰਕਾਰ ਦੀ ਹਿਮਾਇਤ ਕਰਦਾ ਹੈ।

ਹਾਲ ਦੇ ਦਿਨਾਂ ਵਿੱਚ ਹੂਤੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਅਤੇ ਲਾਲ ਸਾਗਰ ਨਾਲ ਲੱਗਦੇ ਇਲਾਕਿਆਂ ਵਿੱਚ ਊਰਜਾ ਸਥਾਪਨਾਵਾਂ 'ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ।

ਸਾਊਦੀ ਅਰਬ ਨੇ ਲੰਘੇ ਦਿਨੀਂ ਇਲਜ਼ਾਮ ਲਾਇਆ ਸੀ ਕਿ ਹੂਤੀ ਲੜਾਕਿਆਂ ਨੇ ਪਵਿੱਤਰ ਸ਼ਹਿਰ ਮੱਕੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸਾਊਦੀ ਅਰਬ ਦੇ ਮੁਤਾਬਕ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਮੱਕਾ ਦੇ ਬਾਹਰੀ ਇਲਾਕਿਆਂ ਵਿੱਚ ਹੀ ਹੂਤੀ ਹਮਲਿਆਂ ਨੂੰ ਰੋਕ ਕੇ ਨਸ਼ਟ ਕਰ ਦਿੱਤਾ।

ਇਸ ਕਥਿਤ ਹਮਲੇ ਦੀ ਦੁਨੀਆਂ ਦੇ ਕਈ ਮੁਸਲਿਮ ਦੇਸ਼ਾਂ ਅਤੇ ਆਗੂਆਂ ਨੇ ਅਲੋਚਨਾ ਕੀਤੀ।

ਹਾਲਾਂਕਿ, ਹੂਤੀ ਗੁੱਟ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਾਊਦੀ ਅਰਬ ਦੇ ਇਸ ਇਲਜ਼ਾਮ ਨੂੰ ਗਲ਼ਤ ਦੱਸਿਆ ਹੈ। ਯਮਨ ਵਿੱਚ ਸਾਊਦੀ ਅਰਬ ਦੇ ਖ਼ਿਲਾਫ ਹਜ਼ਾਰਾਂ ਹੂਤੀ ਹਿਮਾਇਤੀਆਂ ਨੇ ਪ੍ਰਦਰਸ਼ਨ ਵੀ ਕੀਤਾ।

ਲਾਲ ਸਾਗਰ ਇੰਨਾ ਅਹਿਮ ਕਿਉਂ ਹੈ?

ਯਮਨ ਵਿੱਚ ਸਾਊਦੀ ਅਰਬ ਦੇ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਹੂਤੀ ਸਮਰਥਕਾਂ ਦੀ ਤਸਵੀਰ

ਤਸਵੀਰ ਸਰੋਤ, Mohammed Hamoud/Getty Images

ਤਸਵੀਰ ਕੈਪਸ਼ਨ, ਯਮਨ ਵਿੱਚ ਸਾਊਦੀ ਅਰਬ ਦੇ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਹੂਤੀ ਸਮਰਥਕ

ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਬ੍ਰਿਟੇਨ ਨੇ ਅਮਰੀਕਾ ਨਾਲ ਮਿਲ ਕੇ ਪੂਰੇ ਯਮਨ ਵਿੱਚ ਹੂਤੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਸਨ।

ਉਸ ਸਮੇਂ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਸੀ ਕਿ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਬ੍ਰਿਟੇਨ ਨੇ "ਆਤਮ-ਰੱਖਿਆ ਲਈ ਕਾਰਵਾਈ ਕੀਤੀ"। ਇਨ੍ਹਾਂ ਜਹਾਜ਼ਾਂ ਵਿੱਚ ਰੌਇਲ ਨੇਵੀ ਦਾ ਇੱਕ ਜੰਗੀ ਜਹਾਜ਼ ਵੀ ਸ਼ਾਮਲ ਸੀ।

ਇਸ ਤੋਂ ਬਾਅਦ ਯਮਨ ਵਿੱਚ ਹੂਤੀ ਲੜਾਕਿਆਂ ਨਾਲ ਸੰਘਰਸ਼ ਕੁਝ ਸਮੇਂ ਲਈ ਸ਼ਾਂਤ ਰਿਹਾ। ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇੱਕ ਵਾਰ ਫਿਰ ਤਣਾਅ ਵਧਿਆ ਹੈ। ਹੂਤੀਆਂ ਨੇ ਯਮਨ ਦੇ ਕਈ ਇਲਾਕਿਆਂ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹੈ।

ਇਨ੍ਹਾਂ ਵਿੱਚ ਲਾਲ ਸਾਗਰ ਤੋਂ ਹੋ ਕੇ ਲੰਘਣ ਵਾਲੇ ਅਹਿਮ ਸ਼ਿਪਿੰਗ ਰੂਟ ਵੀ ਸ਼ਾਮਲ ਹਨ। ਇਹ ਸਮੁੰਦਰੀ ਰਾਹ ਵਿਸ਼ਵ ਵਪਾਰ ਅਤੇ ਅਰਥਵਿਵਸਥਾ ਲਈ ਬੇਹੱਦ ਅਹਿਮ ਹਨ।

ਹਾਲ ਹੀ ਵਿੱਚ ਹੂਤੀਆਂ ਨੇ ਲਾਲ ਸਾਗਰ ਦੇ ਰਣਨੀਤਿਕ ਬੰਦਰਗਾਹ ਸ਼ਹਿਰ ਮੋਖਾ ਅਤੇ ਪੇਰਿਮ ਆਈਲੈਂਡ 'ਤੇ ਕਬਜ਼ਾ ਕਰ ਲਿਆ। ਪੇਰਿਮ ਟਾਪੂ ਲਾਲ ਸਾਗਰ ਦੇ ਐਂਟਰੀ ਪੁਆਇੰਟ 'ਤੇ ਸਥਿਤ ਹੈ।

ਇਹ ਇਲਾਕਾ ਸਾਊਦੀ ਅਰਬ ਲਈ ਵਰਤੇ ਜਾਣ ਵਾਲੇ ਇੱਕ ਅਹਿਮ ਸ਼ਿਪਿੰਗ ਰੂਟ ਦਾ ਹਿੱਸਾ ਹੈ।

18 ਸਤੰਬਰ ਨੂੰ ਯਮਨ ਦੀ ਰਾਜਧਾਨੀ ਸਨਾ ਵਿੱਚ ਹਜ਼ਾਰਾਂ ਲੋਕਾਂ ਨੇ ਸਾਊਦੀ ਅਰਬ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ

ਤਸਵੀਰ ਸਰੋਤ, Mohammed Hamoud/Getty Images

ਤਸਵੀਰ ਕੈਪਸ਼ਨ, 18 ਸਤੰਬਰ ਨੂੰ ਯਮਨ ਦੀ ਰਾਜਧਾਨੀ ਸਨਾ ਵਿੱਚ ਹਜ਼ਾਰਾਂ ਲੋਕਾਂ ਨੇ ਸਾਊਦੀ ਅਰਬ ਦੇ ਖ਼ਿਲਾਫ ਪ੍ਰਦਰਸ਼ਨ ਕੀਤਾ

ਹੂਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਕਈ ਥਾਵਾਂ ਤੋਂ ਸਰਕਾਰੀ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਨੇ ਯਮਨ ਦੇ ਲਾਲ ਸਾਗਰ ਨਾਲ ਲੱਗਦੇ ਲਗਭਗ ਪੂਰੇ ਤੱਟੀ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ।

ਇਸ ਇਲਾਕੇ ਵਿੱਚ ਬਾਬ ਅਲ-ਮੰਦੇਬ ਸਟ੍ਰੇਟ ਵੀ ਸ਼ਾਮਲ ਹੈ। ਇਹ ਅੰਤਰਰਾਸ਼ਟਰੀ ਸ਼ਿਪਿੰਗ ਲਈ ਬੇਹੱਦ ਅਹਿਮ ਸਮੁੰਦਰੀ ਰਸਤਾ ਹੈ।

ਇਜ਼ਰਾਇਲ ਅਤੇ ਅਮਰੀਕਾ ਵੱਲੋਂ ਈਰਾਨ 'ਤੇ ਕੀਤੇ ਹਮਲਿਆਂ ਤੋਂ ਬਾਅਦ ਹੌਰਮੁਜ਼ ਸਟ੍ਰੇਟ ਦੇ ਲਗਭਗ ਪੂਰੀ ਤਰ੍ਹਾਂ ਬੰਦ ਰਹਿਣ ਜਾਂ ਉੱਥੇ ਸ਼ਿਪਿੰਗ ਪ੍ਰਭਾਵਿਤ ਹੋਣ ਦੇ ਖਦਸ਼ੇ ਦਰਮਿਆਨ ਬਾਬ ਅਲ-ਮੰਦੇਬ ਦਾ ਸਮੁੰਦਰੀ ਰਸਤਾ ਹੋਰ ਵੀ ਅਹਿਮ ਹੋ ਗਿਆ ਹੈ।

ਸਾਊਦੀ ਅਰਬ ਦੇ ਜ਼ਿਆਦਾਤਰ ਊਰਜਾ ਕਾਰੋਬਾਰ ਲਈ ਵੀ ਇਸ ਸਮੁੰਦਰੀ ਰਾਹ ਦੀ ਵਰਤੋਂ ਹੁੰਦੀ ਹੈ। ਹੁਣ ਇਸ 'ਤੇ ਹੂਤੀਆਂ ਦੇ ਕਬਜ਼ੇ ਨਾਲ ਸਾਊਦੀ ਅਰਬ ਦੀ ਚਿੰਤਾ ਵਧ ਗਈ ਹੈ।

ਸਾਊਦੀ ਅਰਬ ਨਾਲ ਸੰਘਰਸ਼

ਹੂਤੀਆਂ ਨੇ ਕਈ ਸਾਲ ਪਹਿਲਾਂ ਹੀ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਇਸ ਮਹੀਨੇ ਉਨ੍ਹਾਂ ਨੇ ਯਮਨ ਦੇ ਤੱਟ ਦੇ ਨਾਲ-ਨਾਲ ਬਾਬ ਅਲ-ਮੰਦੇਬ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕੀਤਾ ਹੈ।

ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਯਮਨ ਦੇ ਲਾਲ ਸਾਗਰ ਤੱਟ 'ਤੇ ਲੜਾਈ ਅਚਾਨਕ ਵਧਣ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ।

ਸਾਊਦੀ ਅਰਬ ਅਤੇ ਹੂਤੀਆਂ ਵਿਚਕਾਰ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ 2022 ਵਿੱਚ ਹੋਇਆ ਜੰਗਬੰਦੀ ਸਮਝੌਤਾ ਪਹਿਲਾਂ ਹੀ ਅਸਥਿਰ ਸੀ। ਹਾਲ ਦੇ ਮਹੀਨਿਆਂ ਵਿੱਚ ਇਹ ਪੂਰੀ ਤਰ੍ਹਾਂ ਟੁੱਟ ਗਈ ਹੈ। ਦੋਵੇਂ ਧਿਰਾਂ ਮਿਜ਼ਾਈਲਾਂ, ਡਰੋਨ ਅਤੇ ਹਵਾਈ ਹਮਲਿਆਂ ਦੀ ਵਰਤੋਂ ਕਰ ਰਹੀਆਂ ਹਨ।

ਸਾਊਦੀ ਅਰਬ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦਾ ਸਮਰਥਨ ਕਰਦਾ ਹੈ। ਉਸ ਨੇ ਇਸ ਸਮਤਲ ਤੱਟੀ ਇਲਾਕੇ ਵਿੱਚ ਸੈਂਕੜੇ ਹਵਾਈ ਹਮਲੇ ਕੀਤੇ ਹਨ।

ਦੂਜੇ ਪਾਸੇ, ਹੂਤੀ ਇਸ ਇਲਾਕੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਦੱਖਣ-ਪੱਛਮੀ ਸਾਊਦੀ ਅਰਬ ਦੇ ਸ਼ਹਿਰਾਂ ਅਤੇ ਬੁਨਿਆਦੀ ਢਾਂਚੇ 'ਤੇ ਵੀ ਸੈਂਕੜੇ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਹਨ।

ਇਸ ਸੰਘਰਸ਼ ਕਾਰਨ ਲਾਲ ਸਾਗਰ ਦੇ ਦੂਜੇ ਪਾਸੇ ਮੌਜੂਦ ਛੋਟੇ ਜਿਹੇ ਅਫ਼ਰੀਕੀ ਦੇਸ਼ ਜਿਬੂਤੀ ਦੀ ਅਹਿਮੀਅਤ ਵੀ ਅਚਾਨਕ ਵਧ ਗਈ ਹੈ। ਜਿਬੂਤੀ ਬਾਬ ਅਲ-ਮੰਦੇਬ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਯਮਨ ਦੀ ਸਰਕਾਰੀ ਫੌਜ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਯਮਨ ਦੀ ਸਰਕਾਰੀ ਫੌਜ ਨੂੰ ਸਾਊਦੀ ਅਰਬ ਦਾ ਸਮਰਥਨ ਹਾਸਿਲ ਹੈ, ਜੋ ਉਸਦੀ ਮਦਦ ਕਰਦਾ ਹੈ को (ਫਾਈਲ ਫੋਟੋ)

ਜਿਬੂਤੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਫੌਜੀ ਅੱਡਿਆਂ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਹੈ। ਕਦੇ ਇਹ ਫ੍ਰਾਂਸ ਦੀ ਕਲੋਨੀ ਸੀ।

ਸਾਲ 2003 ਤੋਂ ਅਮਰੀਕਾ ਇੱਥੇ ਇੱਕ ਵੱਡਾ ਫੌਜੀ ਅੱਡਾ ਚਲਾ ਰਿਹਾ ਹੈ, ਜਿੱਥੇ ਕਈ ਦੇਸ਼ਾਂ ਦੀਆਂ ਫੌਜਾਂ ਮੌਜੂਦ ਹਨ। ਚੀਨ ਦਾ ਵੀ ਇੱਥੇ ਇੱਕ ਵੱਡਾ ਫੌਜੀ ਅੱਡਾ ਹੈ। ਹਿੰਦ ਮਹਾਸਾਗਰ ਖੇਤਰ ਵਿੱਚ ਇਹ ਚੀਨ ਦੀ ਸਭ ਤੋਂ ਵੱਡੀ ਫੌਜੀ ਮੌਜੂਦਗੀ ਹੈ। ਹਾਲ ਹੀ ਵਿੱਚ ਇਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ।

ਹਾਲਾਂਕਿ, ਜਿਬੂਤੀ ਨੇ ਸਾਫ਼ ਕਰ ਦਿੱਤਾ ਹੈ ਕਿ ਹੂਤੀਆਂ ਅਤੇ ਸਾਊਦੀ ਹਿਮਾਇਤੀ ਯਮਨ ਸਰਕਾਰ ਵਿਚਾਲੇ ਚੱਲ ਰਹੀ ਜੰਗ ਵਿੱਚ ਸ਼ਾਮਲ ਹੋਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।

ਹੂਤੀ ਵਿਦਰੋਹੀ ਕੌਣ ਹਨ

ਇਸੇ ਮਹੀਨੇ ਹੂਤੀ ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਊਦੀ ਹਿਮਾਇਤੀ ਸਰਕਾਰੀ ਫੌਜ ਦੇ ਕੈਂਪ ਉੱਤੇ ਹਮਲੇ ਕੀਤੇ ਅਤੇ ਇਹ ਤਸਵੀਰ ਜਾਰੀ ਕੀਤੀ

ਤਸਵੀਰ ਸਰੋਤ, Handout/Houthi Media Center via Getty Images

ਤਸਵੀਰ ਕੈਪਸ਼ਨ, ਇਸੇ ਮਹੀਨੇ ਹੂਤੀ ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਾਊਦੀ ਹਿਮਾਇਤੀ ਸਰਕਾਰੀ ਫੌਜ ਦੇ ਕੈਂਪ ਉੱਤੇ ਹਮਲੇ ਕੀਤੇ ਅਤੇ ਇਹ ਤਸਵੀਰ ਜਾਰੀ ਕੀਤੀ

ਹੂਤੀ ਯਮਨ ਦੇ ਘੱਟ ਗਿਣਤੀ ਸ਼ੀਆ 'ਜ਼ੈਦੀ' ਭਾਈਚਾਰੇ ਦਾ ਇੱਕ ਹਥਿਆਰਬੰਦ ਗੁੱਟ ਹੈ।

ਇਸ ਭਾਈਚਾਰੇ ਨੇ 1990 ਦੇ ਦਹਾਕੇ ਵਿੱਚ ਉਸ ਵੇਲੇ ਦੇ ਰਾਸ਼ਟਰਪਤੀ ਅਲੀ ਅਬਦੁੱਲ੍ਹਾ ਸਾਲੇਹ ਦੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਇਹ ਗੁੱਟ ਬਣਾਇਆ ਸੀ।

ਇਸ ਦਾ ਨਾਮ ਮੁਹਿੰਮ ਦੇ ਸੰਸਥਾਪਕ ਹੁਸੈਨ ਅਲ-ਹੂਤੀ ਦੇ ਨਾਮ 'ਤੇ ਪਿਆ। ਹੂਤੀ ਖ਼ੁਦ ਨੂੰ 'ਅੰਸਾਰ ਅੱਲ੍ਹਾ' ਯਾਨੀ 'ਰੱਬ ਦੇ ਸਾਥੀ' ਵੀ ਕਹਿੰਦੇ ਹਨ।

2003 ਵਿੱਚ ਅਮਰੀਕਾ ਦੀ ਅਗਵਾਈ ਵਿੱਚ ਇਰਾਕ 'ਤੇ ਹੋਏ ਹਮਲੇ ਦੌਰਾਨ ਹੂਤੀ ਬਾਗੀਆਂ ਨੇ ਇੱਕ ਨਾਅਰਾ ਦਿੱਤਾ ਸੀ। ਇਸ ਵਿੱਚ ਅਮਰੀਕਾ ਅਤੇ ਇਜ਼ਰਾਇਲ ਦੇ ਖ਼ਿਲਾਫ਼ ਨਾਅਰੇ ਲਗਾਏ ਗਏ ਸਨ ਅਤੇ ਇਸਲਾਮ ਦੀ ਜਿੱਤ ਦੀ ਗੱਲ ਕਹੀ ਗਈ ਸੀ।

ਹੂਤੀਆਂ ਨੇ ਖ਼ੁਦ ਨੂੰ ਹਮਾਸ ਅਤੇ ਹਿਜ਼ਬੁੱਲਾਹ ਦੇ ਨਾਲ ਇਰਾਨ ਦੀ ਅਗਵਾਈ ਵਾਲੇ 'ਵਿਰੋਧ ਦੀ ਧੁਰੀ' ਭਾਵ ਐਕਸ ਆਫ ਰਜਿਸਟੈਂਸ ਦਾ ਹਿੱਸਾ ਦੱਸਿਆ ਹੈ। ਇਹ ਗੁੱਟ ਇਜ਼ਰਾਇਲ, ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਖ਼ਿਲਾਫ਼ ਹੈ।

ਹੂਤੀ ਖ਼ੁਦ ਨੂੰ ਈਰਾਨ ਦਾ ਸਹਿਯੋਗੀ ਵੀ ਦੱਸਦੇ ਹਨ। ਦੋਵਾਂ ਦਾ ਇੱਕ ਸਾਂਝਾ ਵਿਰੋਧੀ ਸਾਊਦੀ ਅਰਬ ਹੈ।

ਹੂਤੀਆਂ ਨੂੰ ਈਰਾਨ ਤੋਂ ਹਥਿਆਰ ਮਿਲਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਅਮਰੀਕਾ ਅਤੇ ਸਾਊਦੀ ਅਰਬ ਦਾ ਇਲਜ਼ਾਮ ਹੈ ਕਿ ਈਰਾਨ ਨੇ ਹੂਤੀ ਬਾਗੀਆਂ ਨੂੰ ਬੈਲਿਸਟਿਕ ਮਿਜ਼ਾਈਲਾਂ ਵੀ ਦਿੱਤੀਆਂ ਹਨ।

ਈਰਾਨ ਦਾ ਸਮਰਥਨ ਅਤੇ ਹਿਜ਼ਬੱਲ੍ਹਾ ਮਾਡਲ

ਯਮਨ ਦੇ ਤੈਜ਼ ਇਲਾਕੇ ਵਿੱਚ ਹੂਤੀ ਲੜਾਕਿਆਂ ਅਤੇ ਸਾਊਦੀ ਹਿਮਾਇਤੀ ਸਰਕਾਰੀ ਫੌਜ ਦੇ ਵਿਚਕਾਰ ਸੰਘਰਸ਼ ਚੱਲ ਰਿਹਾ ਹੈ

ਤਸਵੀਰ ਸਰੋਤ, Ahmad AL-BASHA / AFP via Getty Images

ਤਸਵੀਰ ਕੈਪਸ਼ਨ, ਯਮਨ ਦੇ ਤੈਜ਼ ਇਲਾਕੇ ਵਿੱਚ ਹੂਤੀ ਲੜਾਕਿਆਂ ਅਤੇ ਸਾਊਦੀ ਹਿਮਾਇਤੀ ਸਰਕਾਰੀ ਫੌਜ ਦੇ ਵਿਚਕਾਰ ਸੰਘਰਸ਼ ਚੱਲ ਰਿਹਾ ਹੈ

ਸਾਊਦੀ ਅਰਬ ਇਲਜ਼ਾਮ ਲਗਾ ਚੁੱਕਾ ਹੈ ਕਿ ਈਰਾਨ ਨੇ ਹੂਤੀ ਬਾਗੀਆਂ ਨੂੰ ਕਰੂਜ਼ ਮਿਜ਼ਾਈਲਾਂ ਅਤੇ ਡਰੋਨ ਵੀ ਦਿੱਤੇ ਹਨ।

ਯਮਨ ਦੇ ਜ਼ਿਆਦਾ ਆਬਾਦੀ ਵਾਲੇ ਇਲਾਕੇ ਹੂਤੀ ਬਾਗੀਆਂ ਦੇ ਕਬਜ਼ੇ ਹੇਠ ਹਨ। ਉਨ੍ਹਾਂ ਦਾ ਸੰਗਠਨ ਦੇਸ਼ ਦੇ ਉੱਤਰੀ ਹਿੱਸੇ ਵਿੱਚ ਟੈਕਸ ਵਸੂਲਦਾ ਹੈ ਅਤੇ ਆਪਣੀ ਮੁਦਰਾ ਵੀ ਜਾਰੀ ਕਰਦਾ ਹੈ।

ਹੂਤੀ ਬਾਗੀ ਲੈਬਨਾਨ ਦੇ ਹਥਿਆਰਬੰਦ ਸ਼ੀਆ ਗੁੱਟ ਹਿਜ਼ਬੁੱਲ੍ਹਾ ਤੋਂ ਵੀ ਪ੍ਰਭਾਵਿਤ ਗੈ।

ਅਮਰੀਕਾ ਦੇ ਰਿਸਰਚ ਇੰਸਟੀਚਿਊਟ 'ਕਾਊਂਟਰਿੰਗ ਟੈਰਰਿਜ਼ਮ ਸੈਂਟਰ' ਮੁਤਾਬਕ, ਹਿਜ਼ਬੁੱਲ੍ਹਾ ਨੇ 2014 ਤੋਂ ਹੂਤੀਆਂ ਨੂੰ ਵੱਡੇ ਪੱਧਰ 'ਤੇ ਫੌਜੀ ਸਿਖਲਾਈ ਦਿੱਤੀ ਹੈ।

2014 ਦੀ ਸ਼ੁਰੂਆਤ ਵਿੱਚ ਯਮਨ ਵਿੱਚ ਹੂਤੀ ਸਿਆਸੀ ਤੌਰ 'ਤੇ ਕਾਫ਼ੀ ਮਜ਼ਬੂਤ ਹੋ ਗਏ। ਉਸ ਸਮੇਂ ਉਨ੍ਹਾਂ ਨੇ ਰਾਸ਼ਟਰਪਤੀ ਅਬਦਰੱਬੁਹ ਮੰਸੂਰ ਹਾਦੀ ਦੇ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ। ਹਾਦੀ, ਅਲੀ ਅਬਦੁੱਲ੍ਹਾ ਸਾਲੇਹ ਤੋਂ ਬਾਅਦ ਰਾਸ਼ਟਰਪਤੀ ਬਣੇ ਸਨ।

ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਨਾਲ ਸਮਝੌਤਾ ਕਰ ਲਿਆ। ਉਹ ਉਨ੍ਹਾਂ ਨੂੰ ਮੁੜ ਸੱਤਾ ਵਿੱਚ ਲਿਆਉਣਾ ਚਾਹੁੰਦੇ ਸਨ।

ਹੂਤੀਆਂ ਨੇ ਯਮਨ ਦੇ ਉੱਤਰੀ ਹਿੱਸੇ ਵਿੱਚ ਸਾਅਦਾ ਸੂਬੇ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ 2015 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਰਾਜਧਾਨੀ ਸਨਾ 'ਤੇ ਵੀ ਕਬਜ਼ਾ ਕਰ ਲਿਆ।

ਇਸ ਤੋਂ ਬਾਅਦ ਰਾਸ਼ਟਰਪਤੀ ਹਾਦੀ ਯਮਨ ਛੱਡ ਕੇ ਵਿਦੇਸ਼ ਚਲੇ ਗਏ।

ਯਮਨ ਦੇ ਗੁਆਂਢੀ ਸਾਊਦੀ ਅਰਬ ਨੇ ਫੌਜੀ ਦਖ਼ਲ ਦਿੱਤਾ। ਉਸ ਨੇ ਹੂਤੀਆਂ ਨੂੰ ਸੱਤਾ ਤੋਂ ਹਟਾ ਕੇ ਹਾਦੀ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਮੁਹਿੰਮ ਵਿੱਚ ਯੂਏਈ ਅਤੇ ਬਹਿਰੀਨ ਨੇ ਵੀ ਸਾਊਦੀ ਅਰਬ ਦਾ ਸਾਥ ਦਿੱਤਾ।

ਹੂਤੀ ਬਾਗੀਆਂ ਨੇ ਇਨ੍ਹਾਂ ਹਮਲਿਆਂ ਦਾ ਸਾਹਮਣਾ ਕੀਤਾ ਅਤੇ ਯਮਨ ਦੇ ਵੱਡੇ ਹਿੱਸੇ 'ਤੇ ਆਪਣਾ ਕੰਟਰੋਲ ਕਾਇਮ ਰੱਖਿਆ।

2017 ਵਿੱਚ ਹੂਤੀਆਂ ਨੇ ਅਲੀ ਅਬਦੁੱਲ੍ਹਾ ਸਾਲੇਹ ਦਾ ਕਤਲ ਕਰ ਦਿੱਤਾ। ਸਾਲੇਹ ਨੇ ਹੂਤੀਆਂ ਨਾਲ ਆਪਣਾ ਗਠਜੋੜ ਤੋੜ ਕੇ ਸਾਊਦੀ ਅਰਬ ਨਾਲ ਜਾਣ ਦੀ ਕੋਸ਼ਿਸ਼ ਕੀਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)