ਯੂਕੇ ’ਚ ਹੈਨਰੀ ਨੋਵਾਕ ਦਾ ਕਤਲ: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਕਿਹੜੀ ਪੋਸਟ 'ਤੇ ਯੂਕੇ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ

    • ਲੇਖਕ, ਓਲਿਵੀਆ ਆਇਰਲੈਂਡ, ਬਰਨਡ ਡੇਬਸਮੈਨ
    • ਰੋਲ, ਵ੍ਹਾਈਟ ਹਾਊਸ ਰਿਪੋਰਟਰ
    • ਲੇਖਕ, ਆਇਨ ਵਾਟਸਨ
    • ਰੋਲ, ਪਾਲੀਟਿਕਸ ਰਿਪੋਰਟਰ
    • ਲੇਖਕ, ਕ੍ਰਿਸ ਗ੍ਰਾਹਮ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਹੈਨਰੀ ਨੋਵਾਕ ਦੇ ਕਤਲ ਬਾਰੇ ਜੇਡੀ ਵੈਂਸ ਦੀਆਂ ਟਿੱਪਣੀਆਂ ਤੋਂ ਬਾਅਦ, ਯੂਕੇ ਵਿੱਚ ਡਾਊਨਿੰਗ ਸਟ੍ਰੀਟ ਵੱਲੋਂ ਕਿਹਾ ਗਿਆ ਹੈ ਕਿ “ਅਸੀਂ ਉਨ੍ਹਾਂ ਲੋਕਾਂ ਦੀ ਆਲੋਚਨਾ ਕਰਦੇ ਹਾਂ ਜੋ ਸਾਡੇ ਲੋਕਤੰਤਰ ਵਿੱਚ ਦਖ਼ਲ ਦੇਣ ਅਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ 18 ਸਾਲਾ ਬ੍ਰਿਟਿਸ਼ ਵਿਦਿਆਰਥੀ ਦੀ ਮੌਤ ਲਈ "ਪਰਵਾਸੀਆਂ ਦੀ ਵੱਡੇ ਪੱਧਰ 'ਤੇ ਆਮਦ" ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹੈਨਰੀ ਨੋਵਾਕ ਦੀ ਪਿਛਲੇ ਸਾਲ ਦਸੰਬਰ ਵਿੱਚ ਸਾਊਥਹੈਂਪਟਨ ਵਿੱਚ ਵਿਕਰਮ ਦਿਗਵਾ ਨੇ ਚਾਕੂ ਮਾਰ ਕੇ ਕਤਲ ਕਰ ਦਿੱਤੀ ਸੀ। ਵੈਂਸ ਨੇ ਕਿਹਾ ਕਿ ਇਸ ਦਾ "ਇੱਕੋ-ਇੱਕ ਜਵਾਬ" "ਸਹੀ ਗੁੱਸਾ" ਹੈ।

ਐਕਸ 'ਤੇ ਕੀਤੀ ਗਈ ਪੋਸਟ ਤੋਂ ਬਾਅਦ, ਡਾਊਨਿੰਗ ਸਟ੍ਰੀਟ (ਯੂਕੇ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼) ਦੇ ਇੱਕ ਬੁਲਾਰੇ ਨੇ ਕਿਹਾ ਕਿ ਨੋਵਾਕ ਦੇ ਪਰਿਵਾਰ ਨੇ ਕਿਹਾ ਹੈ ਕਿ "ਉਹ ਨਹੀਂ ਚਾਹੁੰਦੇ ਕਿ ਉਸ ਦੀ ਮੌਤ ਨੂੰ ਹੋਰ ਫੁੱਟ ਪਾਉਣ ਲਈ ਵਰਤਿਆ ਜਾਵੇ।"

ਬਿਆਨ ਵਿੱਚ ਕਿਹਾ ਗਿਆ, "ਸਾਡੀ ਰਾਜਨੀਤੀ ਸਭ ਤੋਂ ਮਾੜੇ ਹਾਲਾਤ ਵਿੱਚ ਵੀ ਲੋਕਾਂ ਨੂੰ ਇਕੱਠਾ ਰੱਖਣ ਵਾਲੀ ਹੋਣੀ ਚਾਹੀਦੀ ਹੈ। ਇੱਕ ਦੇਸ਼ ਵਜੋਂ ਅਸੀਂ ਅਜਿਹੇ ਹੀ ਹਾਂ।"

ਮੰਗਲਵਾਰ ਨੂੰ ਸਾਊਥਹੈਂਪਟਨ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਇਹ ਪ੍ਰਦਰਸ਼ਨ ਉਸ ਵੇਲੇ ਸ਼ੁਰੂ ਹੋਏ ਜਦੋਂ ਬਾਡੀਕੈਮ ਫੁਟੇਜ ਜਾਰੀ ਹੋਈ, ਜਿਸ ਵਿੱਚ ਪੁਲਿਸ ਨੋਵਾਕ ਨੂੰ ਹੱਥਕੜੀਆਂ ਪਾਉਂਦੀ ਨਜ਼ਰ ਆ ਰਹੀ ਸੀ, ਜਦਕਿ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰੜੇ ਸਨ। ਦਿਗਵਾ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਹ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ।

ਦਿਗਵਾ ਨੂੰ ਉਮਰ ਕੈਦ ਦੀ ਸਜ਼ਾ (ਘੱਟੋ-ਘੱਟ 21 ਸਾਲ) ਸੁਣਾਈ ਗਈ ਹੈ। ਉਸ ਨੇ ਨੋਵਾਕ ਦੀ ਹੱਤਿਆ ਲਈ 21 ਸੈਂਟੀਮੀਟਰ (8 ਇੰਚ) ਲੰਬੇ ਬਲੇਡ ਦੀ ਵਰਤੋਂ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੀ ਸਿੱਖ ਆਸਥਾ ਦੇ ਤਹਿਤ ਇਹ ਬਲੇਡ ਰੱਖਦਾ ਸੀ।

ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਨੋਵਾਕ 3 ਦਸੰਬਰ ਨੂੰ ਆਪਣੇ ਦੋਸਤਾਂ ਨਾਲ ਸ਼ਾਮ ਬਿਤਾਉਣ ਤੋਂ ਬਾਅਦ ਇੱਕਲੇ ਘਰ ਵਾਪਸ ਜਾ ਰਹੇ ਸਨ।

ਜੇਡੀ ਵੈਂਸ ਨੇ ਕੀ ਕਿਹਾ

ਆਪਣੀ ਪੋਸਟ ਵਿੱਚ ਜੇਡੀ ਵੈਂਸ ਨੇ ਕਿਹਾ ਕਿ ਨੋਵਾਕ ਦੀ ਮੌਤ "ਬਿਲਕੁਲ ਉਸੇ ਤਰ੍ਹਾਂ ਹੋਈ ਜਿਵੇਂ ਕੋਈ ਸੱਭਿਅਤਾ ਮਰਦੀ ਹੈ- ਅਧਿਕਾਰੀਆਂ ਵੱਲੋਂ ਇਕੱਲਾ ਛੱਡ ਦਿੱਤਾ ਜਾਣਾ ਅਤੇ ਹੱਥਕੜੀਆਂ ਲਗਾ ਦਿੱਤਾ ਜਾਣਾ, ਜਿਨ੍ਹਾਂ ਨੇ ਨਾ ਤਾਂ ਉਨ੍ਹਾਂ 'ਤੇ ਭਰੋਸਾ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਪਰਵਾਹ ਕੀਤੀ।"

ਉਨ੍ਹਾਂ ਕਿਹਾ ਕਿ ਇਹ ਹੱਤਿਆ "ਜਿੰਨੀ ਦੁਖਦਾਈ ਹੈ, ਓਨੀ ਹੀ ਗੁੱਸਾ ਦਿਵਾਉਣ ਵਾਲੀ ਵੀ ਹੈ।"

ਉਨ੍ਹਾਂ ਕਿਹਾ, “ਨੋਵਾਕ ਅੱਜ ਵੀ ਜ਼ਿੰਦਾ ਹੁੰਦਾ "ਜੇ ਯੂਰਪੀਅਨ ਕੁਲੀਨ ਵਰਗ ਦੀਆਂ ਪਿਛਲੀਆਂ ਕੁਝ ਪੀੜ੍ਹੀਆਂ ਸਵੈ-ਨਫ਼ਰਤ ਦੀ ਰਾਜਨੀਤੀ ਅਤੇ ਪਰਵਾਸੀਆਂ ਦੇ ਸਮੂਹਿਕ ਹਮਲੇ ਦੇ ਵਿਰੁੱਧ ਖੜ੍ਹੀਆਂ ਹੁੰਦੀਆਂ।"

ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਦਿਗਵਾ ਬ੍ਰਿਟਿਸ਼ ਮੂਲ ਦਾ ਸੀ।

ਯੂਕੇ ਵੱਲੋਂ ਤਿੱਖੀ ਆਲੋਚਨਾ

ਬੱਚੇ ਅਤੇ ਪਰਿਵਾਰ ਸਬੰਧੀ ਮੰਤਰਾਲੇ ਦੇ ਮੰਤਰੀ ਜੋਸ਼ ਮੈਕਐਲਿਸਟਰ ਨੇ ਵੀ ਬੀਬੀਸੀ ਰੇਡੀਓ 4 ਦੇ 'ਐਨੀ ਕੁਐਸ਼ਚਨਜ਼' ਪ੍ਰੋਗਰਾਮ ਵਿੱਚ ਵੈਂਸ ਦੀ ਆਲੋਚਨਾ ਕੀਤੀ।

ਉਨ੍ਹਾਂ ਕਿਹਾ, "ਕੁਝ ਲੋਕ ਇਸ ਤਰ੍ਹਾਂ ਦੀ ਜ਼ਹਿਰੀਲੀ ਰਾਜਨੀਤੀ ਨੂੰ ਇੱਥੇ ਯੂਕੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਂ ਇਸ ਦਾ ਕਿਸੇ ਵੀ ਤਰ੍ਹਾਂ ਹਿੱਸਾ ਨਹੀਂ ਬਣਨਾ ਚਾਹੁੰਦਾ।"

ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਸਾਨੂੰ ਅਮਰੀਕੀ ਆਗੂਆਂ ਤੋਂ ਇਹ ਸਲਾਹ ਲੈਣ ਦੀ ਲੋੜ ਹੈ ਕਿ ਇੱਥੇ ਯੂਕੇ ਵਿੱਚ ਪ੍ਰਭਾਵਸ਼ਾਲੀ ਪੁਲਿਸਿੰਗ ਕਿਵੇਂ ਕੀਤੀ ਜਾਵੇ।"

ਸ਼ੁੱਕਰਵਾਰ ਨੂੰ ਕਨਜ਼ਰਵੇਟਿਵ ਪਾਰਟੀ ਦੀ ਆਗੂ ਕੇਮੀ ਬੇਡਨੋਕ ਨੇ ਨੋਵਾਕ ਦੀ ਮੌਤ ਨਾਲ ਜੁੜੇ ਹਾਲਾਤਾਂ ਦੀ "ਸੁਤੰਤਰ ਅਤੇ ਤੇਜ਼ ਸਮੀਖਿਆ" ਦੀ ਮੰਗ ਕੀਤੀ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਕਿਹਾ, "ਇਸ ਘਟਨਾ ਤੋਂ ਬਾਅਦ ਜੋ ਕੁਝ ਹੋਇਆ, ਉਸ ਬਾਰੇ ਉੱਠੇ ਸਵਾਲ ਜਨਤਾ ਲਈ ਬਹੁਤ ਹੀ ਮਾਅਨੇ ਰੱਖਦੇ ਹਨ।''

"ਇਹ ਸਵਾਲ ਸਿਰਫ਼ ਹੈਨਰੀ ਨਾਲ ਹੋਈ ਘਟਨਾ ਨਾਲ ਹੀ ਨਹੀਂ ਜੁੜੇ, ਸਗੋਂ ਪੁਲਿਸ 'ਤੇ ਲੋਕਾਂ ਦੇ ਭਰੋਸੇ ਅਤੇ ਸਾਡੇ ਸੰਸਥਾਨਾਂ ਦੀ ਉਸ ਸਮਰੱਥਾ ਨਾਲ ਵੀ ਜੁੜੇ ਹਨ, ਜਿਸ ਲਈ ਉਹ ਬਣਾਏ ਗਏ ਹਨ - ਅਰਥਾਤ ਲੋਕਾਂ ਦੀ ਸੁਰੱਖਿਆ ਕਰਨਾ।"

ਮਸਕ ਦੀ ਪੋਸਟ 'ਤੇ ਯੂਕੇ ਦੇ ਪੀਐੱਮ ਦੀ ਪ੍ਰਤੀਕਿਰਿਆ

'ਇੰਡਿਪੈਂਡੈਂਟ ਆਫ਼ਿਸ ਫ਼ਾਰ ਪੁਲਿਸ ਕੰਡਕਟ' ਪਹਿਲਾਂ ਹੀ ਮਾਮਲੇ 'ਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਵਿਵਹਾਰ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ, ਅਗਲੇ ਸਾਲ ਇੱਕ ਜਾਂਚ ਜੂਰੀ ਇਸ ਗੱਲ 'ਤੇ ਵਿਚਾਰ ਕਰੇਗੀ ਕਿ ਕੀ "ਪੁਲਿਸ ਅਧਿਕਾਰੀਆਂ ਦੀ ਕਿਸੇ ਕਾਰਵਾਈ ਜਾਂ ਲਾਪਰਵਾਹੀ" ਜਾਂ ਇਲਾਜ ਵਿੱਚ ਦੇਰੀ ਕਾਰਨ ਨੋਵਾਕ ਦੀ ਮੌਤ ਹੋਈ ਜਾਂ ਉਸ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਸੀ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ, ਸਰ ਕੀਰ ਸਟਾਰਮਰ ਨੇ ਟੈਕ ਅਰਬਪਤੀ ਇਲੋਨ ਮਸਕ 'ਤੇ ਨੋਵਾਕ ਦੀ ਹੱਤਿਆ ਨੂੰ ਲੈ ਕੇ "ਲੋਕਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼" ਕਰਨ ਦਾ ਇਲਜ਼ਾਮ ਲਗਾਇਆ ਸੀ।

ਮੰਗਲਵਾਰ ਨੂੰ ਐਕਸ 'ਤੇ ਪੋਸਟ ਕਰਦੇ ਹੋਏ ਮਸਕ ਨੇ ਲਿਖਿਆ ਸੀ, "ਇਹ ਵੀਡੀਓ ਉਨ੍ਹਾਂ ਸਾਰੇ ਲੋਕਾਂ ਨੂੰ ਭੇਜੋ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਇਸ ਵਿੱਚ ਦਿਖਾਇਆ ਗਿਆ ਹੈ ਕਿ ਮਰਦੇ ਸਮੇਂ ਨੋਵਾਕ ਨਾਲ ਪੁਲਿਸ ਨੇ ਕਿੰਨਾ ਮਾੜਾ ਵਿਵਹਾਰ ਕੀਤਾ ਅਤੇ ਪੁਲਿਸ ਨੇ ਕਾਇਰਤਾ ਦਿਖਾਉਂਦੇ ਹੋਏ ਉਸ ਦੇ ਕਾਤਲ ਅੱਗੇ ਕਿਵੇਂ ਗੋਡੇ ਟੇਕ ਦਿੱਤੇ।"

ਉਨ੍ਹਾਂ ਮੇਨ-ਸਟ੍ਰੀਮ ਮੀਡੀਆ 'ਤੇ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਜਾਰਜ ਫ਼ਲੌਇਡ ਬਾਰੇ "ਲੱਖਾਂ ਵਾਰ" ਲਿਖਿਆ, ਪਰ ਉਹ "ਨੋਵਾਕ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ" ਰਹੇ।

ਵੈਂਸ ਦੀ ਟਿੱਪਣੀ ਦੇ ਕੀ ਮਾਅਨੇ ਹੋ ਸਕਦੇ ਹਨ

ਮਈ 2020 ਵਿੱਚ ਅਮਰੀਕਾ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਜਾਰਜ ਫ਼ਲੌਇਡ ਨੂੰ ਹੱਥਕੜੀਆਂ ਪਹਿਨਾਈਆਂ ਅਤੇ ਉਨ੍ਹਾਂ ਦੀ ਗਰਦਨ 'ਤੇ ਗੋਡਾ ਰੱਖ ਦਿੱਤਾ ਸੀ, ਜਿਸ ਕਾਰਨ ਜਾਰਜ ਨੂੰ ਕਾਰਡੀਐਕ ਅਰੈਸਟ (ਦਿਲ ਦਾ ਦੁਆਰਾ) ਹੋ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਹੱਤਿਆ ਤੋਂ ਬਾਅਦ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਦੇ ਵਿਰੁੱਧ ਦੁਨੀਆ ਭਰ ਵਿੱਚ ਪ੍ਰਦਰਸ਼ਨ ਹੋਏ।

ਵੈਂਸ ਦੀਆਂ ਟਿੱਪਣੀਆਂ ਕੁਝ ਹੱਦ ਤੱਕ ਅਮਰੀਕੀ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਲੱਗਦੀਆਂ ਹਨ। ਆਪਣੇ ਦੂਜੇ ਕਾਰਜਕਾਲ ਦੌਰਾਨ, ਡੌਨਲਡ ਟਰੰਪ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਹਨ - ਇਹ ਚੋਣਾਂ ਦੌਰਾਨ ਕੀਤਾ ਗਿਆ ਇੱਕ ਮਹੱਤਵਪੂਰਨ ਵਾਅਦਾ ਸੀ, ਜਿਸ ਨੂੰ ਮੁਹਿੰਮ ਦੌਰਾਨ ਲੋਕਾਂ ਦਾ ਭਾਰੀ ਸਮਰਥਨ ਵੀ ਮਿਲਿਆ ਅਤੇ ਆਲੋਚਨਾ ਵੀ ਝੱਲਣੀ ਪਈ।

ਅਮਰੀਕੀ ਰਾਸ਼ਟਰਪਤੀ ਨੇ ਅਕਸਰ ਪਰਵਾਸੀਆਂ ਦੇ ਆਉਣ ਨੂੰ ਰਾਸ਼ਟਰੀ ਪਛਾਣ ਦੇ ਕਮਜ਼ੋਰ ਹੋਣ ਨਾਲ ਵੀ ਜੋੜਿਆ ਹੈ। ਭਾਵ, ਉਨ੍ਹਾਂ ਦਾ ਕਹਿਣਾ ਹੈ ਕਿ ਪਰਵਾਸੀਆਂ ਦੇ ਆਉਣ ਨਾਲ ਰਾਸ਼ਟਰੀ ਪਛਾਣ ਕਮਜ਼ੋਰ ਹੁੰਦੀ ਹੈ।

ਟਰੰਪ ਪ੍ਰਸ਼ਾਸਨ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨੇ ਵਾਰ-ਵਾਰ ਬ੍ਰਿਟੇਨ ਦੇ ਘਰੇਲੂ ਮਸਲਿਆਂ 'ਤੇ ਆਪਣੀ ਰਾਇ ਦਿੱਤੀ ਹੈ।

ਇਸ ਵਿੱਚ ਰਾਸ਼ਟਰਪਤੀ ਵੱਲੋਂ ਊਰਜਾ ਨੀਤੀ ਅਤੇ ਇਮੀਗ੍ਰੇਸ਼ਨ 'ਤੇ ਸ਼ਾਬਦਿਕ ਹਮਲੇ, ਅਤੇ "ਰੇਪ ਗੈਂਗਜ਼" ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ ਯੂਕੇ ਨੂੰ ਦਿੱਤੀ ਗਈ ਰਸਮੀ ਚੇਤਾਵਨੀ ਸ਼ਾਮਲ ਹੈ।

"ਟੂ-ਟੀਅਰ ਪੁਲਿਸਿੰਗ" ਵਾਲਾ ਦਾਅਵਾ

ਯੂਕੇ ਦੀ ਸਿਆਸਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਉਮੀਦ ਸੀ ਕਿ ਮੰਗਲਵਾਰ ਨੂੰ ਸਾਊਥਹੈਂਪਟਨ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਮਾਹੌਲ ਸ਼ਾਂਤ ਹੋ ਜਾਵੇਗਾ।

ਡਾਊਨਿੰਗ ਸਟ੍ਰੀਟ ਵੱਲੋਂ ਇੰਨੀ ਤੇਜ਼ੀ ਨਾਲ ਅਤੇ ਸਿੱਧੇ ਤੌਰ 'ਤੇ ਆਲੋਚਨਾ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਕਿਸੇ ਹੋਰ ਸਿਆਸੀ ਤੂਫ਼ਾਨ ਨੂੰ ਰੋਕਿਆ ਜਾ ਸਕੇ।

ਜਦੋਂ ਤੋਂ ਈਰਾਨ ਜੰਗ ਸ਼ੁਰੂ ਹੋਈ ਹੈ, ਡਾਊਨਿੰਗ ਸਟ੍ਰੀਟ ਅਸਹਿਮਤੀ ਵਾਲੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਨ ਵਿੱਚ ਵਧੇਰੇ ਸਹਿਜ ਰਿਹਾ ਹੈ।

ਇਸ ਦੇ ਬਾਵਜੂਦ, ਯੂਕੇ ਸਰਕਾਰ ਨੇ ਨਾਲ ਹੀ ਇਸ ਗੱਲ 'ਤੇ ਜ਼ੋਰ ਦੇਣਾ ਜਾਰੀ ਰੱਖਿਆ ਹੈ ਕਿ ਸੁਰੱਖਿਆ ਦੇ ਮਾਮਲਿਆਂ ਵਿੱਚ ਲਗਾਤਾਰ ਅਤੇ ਡੂੰਘਾ ਸਹਿਯੋਗ ਬਣਿਆ ਹੋਇਆ ਹੈ।

ਵੈਂਸ ਦੀਆਂ ਇਹ ਟਿੱਪਣੀਆਂ ਇੱਕ ਅਜਿਹੇ ਹਫ਼ਤੇ ਤੋਂ ਬਾਅਦ ਆਈਆਂ ਹਨ ਜਿਸ ਵਿੱਚ ਪੁਲਿਸ ਦੀ ਕਾਰਵਾਈ ਦੀ ਗਹਿਰੀ ਜਾਂਚ-ਪੜਤਾਲ ਹੋਈ ਹੈ।

ਬੁੱਧਵਾਰ ਨੂੰ PMQs (ਪ੍ਰਧਾਨ ਮੰਤਰੀ ਨਾਲ ਸਵਾਲ-ਜਵਾਬ ਸੈਸ਼ਨ) ਦੌਰਾਨ ਇਸ ਮਾਮਲੇ 'ਤੇ ਬਹਿਸ ਹੋਰ ਵੀ ਤਿੱਖੀ ਹੋ ਗਈ, ਜਦੋਂ ਸਰ ਕੀਅਰ ਸਟਾਰਮਰ ਨੇ 'ਰਿਫਾਰਮ UK' ਦੇ ਆਗੂ ਨਾਈਜਲ ਫੈਰੇਜ 'ਤੇ ਇਲਜ਼ਾਮ ਲਗਾਇਆ ਕਿ ਉਹ ਨੋਵਾਕ ਦੀ ਮੌਤ ਦਾ ਫਾਇਦਾ ਚੁੱਕ ਕੇ ਲੋਕਾਂ ਵਿੱਚ ''ਨਾਰਾਜ਼ਗੀ ਅਤੇ ਵੰਡ'' ਪੈਦਾ ਕਰ ਰਹੇ ਹਨ।

ਫੈਰੇਜ, ਜਿਨ੍ਹਾਂ ਨੇ ਬਿਨਾਂ ਕਿਸੇ ਟਿੱਪਣੀ ਦੇ ਵੈਂਸ ਦੀਆਂ ਗੱਲਾਂ ਨੂੰ ਰੀਪੋਸਟ ਕੀਤਾ ਸੀ, ਨੇ ਦਲੀਲ ਦਿੱਤੀ ਸੀ ਕਿ ਇਹ ਘਟਨਾ "ਟੂ-ਟੀਅਰ ਪੁਲਿਸਿੰਗ" (ਦੋ ਤਰ੍ਹਾਂ ਦੀ ਪੁਲਿਸਿੰਗ) ਦਾ ਨਤੀਜਾ ਸੀ। ਉਨ੍ਹਾਂ ਨੇ ਇਸਦੇ ਲਈ ਪੁਲਿਸ ਅਧਿਕਾਰੀਆਂ ਵੱਲੋਂ ਜਾਰੀ ਨਸਲਵਾਦ-ਵਿਰੋਧੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੱਤਾ।

"ਟੂ-ਟੀਅਰ ਪੁਲਿਸਿੰਗ" - ਇਹ ਦਾਅਵਾ ਹੈ ਕਿ ਘੱਟਗਿਣਤੀ ਭਾਈਚਾਰਿਆਂ ਨਾਲ ਖ਼ਾਸ ਵਿਵਹਾਰ ਕੀਤਾ ਜਾਂਦਾ ਹੈ ਕਿਉਂਕਿ ਅਧਿਕਾਰੀਆਂ ਨੂੰ ਨਸਲਵਾਦ ਦੇ ਇਲਜ਼ਾਮ ਲੱਗਣ ਦਾ ਡਰ ਹੁੰਦਾ ਹੈ।

ਵੈਸਟ ਮਿਡਲੈਂਡਜ਼ ਪੁਲਿਸ ਦੇ ਕਾਰਜਕਾਰੀ ਮੁਖੀ ਕਾਂਸਟੇਬਲ ਸਕਾਟ ਗ੍ਰੀਨ ਨੇ ਅਜਿਹੀ ਕਿਸੇ ਵੀ ਵਿਵਸਥਾ ਦੇ ਮੌਜੂਦ ਹੋਣ ਤੋਂ ਇਨਕਾਰ ਕੀਤਾ ਹੈ।

ਲਿਬਰਲ ਡੈਮੋਕ੍ਰੈਟਸ ਦੇ ਆਗੂ ਐਡ ਡੇਵੀ ਨੇ ਕਿਹਾ, "ਸਾਨੂੰ ਹੈਨਰੀ ਨੋਵਾਕ ਦੀ ਮੌਤ ਦਾ ਸਿਆਸੀਕਰਨ ਕਰਨ ਅਤੇ ਸਾਡੇ ਦੇਸ਼ ਨੂੰ ਵੰਡਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ - ਭਾਵੇਂ ਉਹ ਵੈਂਸ ਵਰਗੇ MAGA (ਮੇਕ ਅਮੇਰਿਕਾ ਗ੍ਰੇਟ ਅਗੇਨ) ਸਿਆਸਤਦਾਨਾਂ ਵੱਲੋਂ ਹੋਣ ਜਾਂ ਯੂਕੇ ਵਿੱਚ ਉਨ੍ਹਾਂ ਦੇ ਸਾਥੀਆਂ ਵੱਲੋਂ।"

ਐਡੀਸ਼ਨਲ ਰਿਪੋਰਟਿੰਗ - ਜੈਮੀ ਵ੍ਹਾਈਟਹੈੱਡ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)