ਪੰਜਾਬ ਕਾਂਗਰਸ 'ਚ ਰਾਜਾ ਵੜਿੰਗ ਦੀ ਕੁਰਸੀ ਬਚੇ ਰਹਿਣ ਮਗਰੋਂ, ਚੰਨੀ ਅਤੇ ਹੋਰ ਲੀਡਰਾਂ ਦੀ ਚੁੱਪ ਨੇ ਕਿਹੜੇ ਸਿਆਸੀ ਭੂਚਾਲ ਦੇ ਸੰਕੇਤ ਦਿੱਤੇ

ਚਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, Getty Images

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਬੁੱਧਵਾਰ ਸ਼ਾਮੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ 'ਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਪ੍ਰਮੁੱਖ ਕਮੇਟੀਆਂ ਦਾ ਐਲਾਨ ਤਾਂ ਕਰ ਦਿੱਤਾ ਪਰ ਪਾਰਟੀ ਦੇ ਕੁਝ ਆਗੂਆਂ ਦੀ ਇਸ ਮਾਮਲੇ ਉੱਤੇ ਵੱਟੀ 'ਚੁੱਪੀ' ਕੁਝ ਹੋਰ ਸੰਕੇਤ ਦੇ ਰਹੀ ਹੈ।

ਖ਼ਾਸ ਤੌਰ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਪੰਜਾਬ ਇਕਾਈ ਦਾ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਥਾਪਿਆ ਗਿਆ।

ਹੁਣ ਤੱਕ ਚਰਨਜੀਤ ਚੰਨੀ ਇਸ ਮੁੱਦੇ ਉੱਤੇ ਚੁੱਪ ਹਨ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੇ ਸਮਰਥਕਾਂ ਦੀ ਸ਼ੁੱਕਰਵਾਰ ਨੂੰ ਮੀਟਿੰਗ ਵੀ ਸੱਦ ਲਈ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਪਰਗਟ ਸਿੰਘ, ਸੁਖਪਾਲ ਖਹਿਰਾ, ਰਾਣਾ ਗੁਰਜੀਤ ਸਮੇਤ ਕਈ ਆਗੂਆਂ ਨੇ ਖ਼ਾਮੋਸ਼ੀ ਧਾਰੀ ਹੋਈ ਹੈ।

ਦੂਜੇ ਪਾਸੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਵੀ ਐਕਸ ਉੱਤੇ ਆਪਣੀ ਪੋਸਟ ਰਾਹੀਂ ਪਾਰਟੀ ਦੇ ਫ਼ੈਸਲੇ ਉੱਤੇ ਅਸਿੱਧੇ ਤੌਰ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ।

ਹਾਈਕਮਾਨ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ ਉੱਤੇ ਬਰਕਰਾਰ ਰੱਖਿਆ ਹੈ, ਜਦੋਂ ਕਿ ਚਾਰ ਨਵੀਆਂ ਕਮੇਟੀਆਂ ਦਾ ਗਠਨ ਕਰ ਕੇ ਸਭ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਗਿਆ ਹੈ।

ਕਾਂਗਰਸ ਹਾਈਕਮਾਨ ਨੇ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਵਿਚਾਲੇ ਤਾਕਤ ਦਾ ਸੰਤੁਲਨ ਬਣਾਉਣ ਅਤੇ ਸੀਨੀਅਰ ਆਗੂਆਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਤਾਜ਼ਾ ਐਲਾਨ ਦੇ ਨਾਲ ਹਾਈਕਮਾਨ ਨੇ ਜਾਤੀ ਤੇ ਵੱਖ-ਵੱਖ ਵਰਗਾਂ ਵਿੱਚ ਤਾਲਮੇਲ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ ਹੈ।

ਪਰ ਦੂਜੇ ਪਾਸੇ ਸਿਆਸੀ ਮਾਮਲਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਹਾਈਕਮਾਨ ਨੇ ਸਾਰੇ ਪਹਿਲੂਆਂ ਦਾ ਧਿਆਨ ਰੱਖਿਆ ਹੈ ਪਰ ਕਈ ਆਗੂਆਂ ਦੇ ਮੌਜੂਦਾ ਰੁਖ ਨੂੰ ਦੇਖਦੇ ਹੋਏ ਪੰਜਾਬ ਵਿੱਚ ਉਥਲ ਪੁਥਲ ਦੀ ਸੰਭਾਵਨਾ ਨੂੰ ਨਕਾਰਿਆਂ ਨਹੀਂ ਜਾ ਸਕਦਾ।

ਕੀ ਹੈ ਹਾਈ ਕਮਾਨ ਦਾ ਫ਼ੈਸਲਾ

ਪੰਜਾਬ ਦੇ ਕਾਂਗਰਸੀ ਆਗੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈ ਕਮਾਨ ਦੇ ਪੱਤਰ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ।

ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਨਿਯੁਕਤੀਆਂ ਸਬੰਧੀ ਜਾਰੀ ਪੱਤਰ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ।

ਪਾਰਟੀ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ ਪਰ ਹੁਣ ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਨੂੰ ਵਰਕਿੰਗ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਕਾਂਗਰਸ ਦੇ ਐਲਾਨ ਦੀ ਅਹਿਮ ਗੱਲ ਇਹ ਵੀ ਹੈ ਕਿ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮ ਪੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ, ਜਦੋਂ ਕਿ ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ (ਦੋਵੇਂ ਵਿਧਾਇਕ) ਅਤੇ ਡਾ. ਧਰਮਵੀਰ ਗਾਂਧੀ ਨੂੰ ਲਾਇਆ ਗਿਆ ਹੈ।

ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੀ ਚੇਅਰਮੈਨੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਵਜੋਂ ਓ ਪੀ ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਨਿਯੁਕਤ ਕੀਤਾ ਗਿਆ ਹੈ।

ਇਸ ਤਰ੍ਹਾਂ ਕੋਰ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਇਆ ਗਿਆ ਹੈ, ਜਦੋਂ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਹੋਣਗੇ।

ਇਸ ਕਮੇਟੀ 'ਚ ਸਹਿ ਚੇਅਰਮੈਨ ਵਜੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ।

ਕਾਂਗਰਸ ਦੀ ਨਵੀਂ ਸੂਚੀ ਵਿੱਚ ਜਾਤੀਗਤ ਅਤੇ ਧਾਰਮਿਕ ਸਮੀਕਰਨਾਂ ਨੂੰ ਵੀ ਧਿਆਨ ਵਿੱਚ ਰੱਖ ਗਿਆ ਹੈ। ਕਮੇਟੀ ਚੇਅਰਮੈਨਾਂ ਵਿੱਚ ਦੋ ਦਲਿਤ, ਇੱਕ ਹਿੰਦੂ ਤੇ ਇੱਕ ਜੱਟ ਸਿੱਖ ਭਾਈਚਾਰੇ 'ਚੋਂ ਹੈ।

ਮੁਸਲਿਮ ਭਾਈਚਾਰੇ ਅਤੇ ਔਰਤਾਂ 'ਚੋਂ ਰਜ਼ੀਆ ਸੁਲਤਾਨਾ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਓਬੀਸੀਜ਼ ਨੂੰ ਵੀ ਪੁਨਰਗਠਨ ਮੌਕੇ ਕਮੇਟੀਆਂ 'ਚ ਥਾਂ ਦਿੱਤੀ ਗਈ ਹੈ।

ਕਾਂਗਰਸ ਹਾਈਕਮਾਨ ਨੇ ਨਵੇਂ ਢਾਂਚੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਸੀ। ਇਸ ਦੇ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਜਿਸ ਵਿੱਚ ਕਾਂਗਰਸੀ ਆਗੂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਲ ਸਨ। ਇਸ ਕਮੇਟੀ ਨੇ ਪੰਜਾਬ ਦੇ ਲਗਭਗ ਸਾਰੇ ਪ੍ਰਮੁੱਖ ਆਗੂਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਇ ਲਈ।

ਮੁੱਖ ਮੰਤਰੀ ਦੇ ਚਿਹਰੇ ਦਾ ਵਿਕਲਪ ਖੁੱਲ੍ਹਾ ਰੱਖਿਆ

ਪ੍ਰੋਫੈਸਰ ਕੁਲਦੀਪ ਸਿੰਘ ਦਾ ਬਿਆਨ

ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ, ਜਿਸ ਤਹਿਤ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦੀ ਅਗਵਾਈ ਦੀ ਭੂਮਿਕਾ 'ਚ ਰੱਖਿਆ ਹੈ ਜਦੋਂ ਕਿ ਵੜਿੰਗ ਅਤੇ ਬਾਜਵਾ ਦੇ ਅਹੁਦੇ ਬਰਕਰਾਰ ਰੱਖੇ ਗਏ ਹਨ।

ਸਿਆਸੀ ਜਾਣਕਾਰ ਮੰਨਦੇ ਹਨ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦਾ ਕੋਈ ਪੱਕਾ ਫ਼ਾਰਮੂਲਾ ਨਹੀਂ ਹੈ। ਕਈ ਵਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਕਈ ਵਾਰ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੂੰ ਵੀ ਇਹ ਅਹੁਦਾ ਦਿੱਤਾ ਹੈ।

ਇਸ ਦਾ ਉਦਾਹਰਨ ਹਿਮਾਚਲ ਵਿੱਚ ਦੇਖਿਆ ਜਾ ਸਕਦਾ ਹੈ ਜਿੱਥੇ ਪਾਰਟੀ ਹਾਈਕਮਾਨ ਨੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ। ਇਸ ਤਰ੍ਹਾਂ ਪਾਰਟੀ ਪ੍ਰਧਾਨ ਨੂੰ ਵੀ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੈ।

ਕਾਂਗਰਸ ਦਾ ਅੰਦਰੂਨੀ ਕਲੇਸ਼ ਅਤੇ ਰਾਜਾ ਵੜਿੰਗ ਦੀ ਕੁਰਸੀ ਕਿਵੇਂ ਬਚੀ

ਰਾਜਾ ਵੜਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਆਸੀ ਜਾਣਕਾਰਾਂ ਦੇ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਨੇ ਵੀ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਉੱਤੇ ਅਸਰ ਪਾਇਆ ਹੈ।

ਦੂਜੇ ਪਾਸੇ ਸਿਆਸੀ ਜਾਣਕਾਰਾਂ ਦੇ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਨੇ ਵੀ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਉੱਤੇ ਅਸਰ ਪਾਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਅਨੁਸਾਰ ਹਾਈਕਮਾਨ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ 'ਚ ਬਦਲਾਅ ਕਰਨ ਵਾਲੀ ਗ਼ਲਤੀ ਦੁਹਰਾਉਣ ਤੋਂ ਗੁਰੇਜ਼ ਕਰਦਿਆਂ ਪੰਜਾਬ ਕਾਂਗਰਸ ਦੇ ਪੁਨਰਗਠਨ ਨੂੰ ਸੰਤੁਲਿਤ ਅਤੇ ਰਣਨੀਤਕ ਕਦਮ ਨਾਲ ਡੀਲ ਕੀਤਾ ਹੈ।

ਪ੍ਰੋਫੈਸਰ ਕੁਲਦੀਪ ਸਿੰਘ ਮੁਤਾਬਕ ਪਾਰਟੀ ਵਿੱਚ ਦੋ ਹੀ ਅਹੁਦੇ ਪ੍ਰਮੁੱਖ ਹੁੰਦੇ ਹਨ ਇੱਕ ਪਾਰਟੀ ਪ੍ਰਧਾਨ ਅਤੇ ਦੂਜਾ ਵਿਰੋਧੀ ਧਿਰ ਦਾ ਆਗੂ ਅਤੇ ਇਹਨਾਂ ਦੋਵਾਂ ਹੀ ਅਹੁਦਿਆਂ ਉੱਤੇ ਬੈਠੇ ਆਗੂਆਂ ਨੂੰ ਫ਼ਿਲਹਾਲ ਕਾਂਗਰਸ ਹਾਈਕਮਾਨ ਨੇ ਛੇੜਿਆ ਨਹੀਂ ਹੈ।

ਇਸ ਤੋਂ ਇਲਾਵਾ ਕਾਂਗਰਸ ਦਾ ਇਹ ਤਜਰਬਾ ਪਹਿਲਾਂ ਫ਼ੇਲ੍ਹ ਰਿਹਾ ਹੈ। ਉਨ੍ਹਾਂ ਦੱਸਿਆ 2022 ਦੀਆ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਸੁਨੀਲ ਜਾਖੜ ਦੀ ਥਾਂ ਨਵਜੋਤ ਸਿੱਧੂ ਨੂੰ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਸੀ ਪਰ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰਾਂ ਹਾਰ ਮਿਲੀ ਸੀ। ਇਸ ਲਈ ਕਾਂਗਰਸ ਪਾਰਟੀ ਸੰਗਠਨਾਤਮਕ ਬਦਲਾਅ ਕੀਤੇ ਬਿਨਾ ਚੋਣ ਮੈਦਾਨ ਵਿੱਚ ਜਾਣਾ ਚਾਹੁੰਦੀ ਹੈ।

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਲ ਇੰਡੀਆ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਥਾਪਿਆ ਗਿਆ

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਖ਼ਾਲਿਦ ਮੁਹੰਮਦ ਮੁਤਾਬਕ ਬੇਸ਼ੱਕ ਪਾਰਟੀ ਦੇ ਪ੍ਰਧਾਨ ਦੇ ਤੌਰ ਉੱਤੇ ਰਾਜਾ ਵੜਿੰਗ ਦੀ ਕਾਰਜਸ਼ੈਲੀ ਉੱਤੇ ਕਈ ਵਾਰ ਸਵਾਲ ਉੱਠੇ ਹਨ ਖ਼ਾਸ ਤੌਰ ਉੱਤੇ ਜ਼ਿਮਨੀ ਚੋਣਾਂ ਸਮੇਂ ਉਨ੍ਹਾਂ ਦੇ ਬਿਆਨ, ਪਰ ਫਿਰ ਪਾਰਟੀ ਹਾਈਕਮਾਨ ਨੇ ਉਨ੍ਹਾਂ ਉੱਤੇ ਭਰੋਸਾ ਪ੍ਰਗਟਾਇਆ ਕਿਉਂਕਿ ਹਾਈਕਮਾਨ ਉਨ੍ਹਾਂ ਨੂੰ ਭਵਿੱਖ ਦੇ ਲੀਡਰ ਵਜੋਂ ਦੇਖੀ ਰਹੀ ਹੈ।

ਇਸ ਤੋਂ ਇਲਾਵਾ ਰਾਜਾ ਵੜਿੰਗ ਦੇ ਪੱਖ ਵਿੱਚ ਇੱਕ ਹੋਰ ਕਾਰਨ ਵੀ ਗਿਆ ਹੈ, ਉਹ ਹੈ ਉਨ੍ਹਾਂ ਦਾ ਜੱਟ ਸਿੱਖ ਭਾਈਚਾਰੇ ਨਾਲ ਸਬੰਧਿਤ ਹੋਣਾ। ਉਨ੍ਹਾਂ ਆਖਿਆ ਕਿ ਇੱਕ ਪਾਸੇ ਬੀਜੇਪੀ ਨੇ ਹਿੰਦੂ ਪ੍ਰਧਾਨ ਨੂੰ ਹਟਾ ਕੇ ਜੱਟ ਸਿੱਖ ਭਾਈਚਾਰੇ ਤੋਂ ਕੇਵਲ ਢਿੱਲੋਂ ਨੂੰ ਪੰਜਾਬ ਵਿੱਚ ਪ੍ਰਧਾਨ ਥਾਪਿਆ ਹੈ। ਇਸ ਕਰ ਕੇ ਕਾਂਗਰਸ ਹਾਈਕਮਾਨ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਪ੍ਰਧਾਨ ਨਾ ਬਦਲਣ ਦਾ ਫ਼ੈਸਲਾ ਕੀਤਾ ਹੈ।

ਪ੍ਰੋਫੈਸਰ ਖ਼ਾਲਿਦ ਮੁਤਾਬਕ ਬੇਸ਼ੱਕ ਹਾਈਕਮਾਨ ਨੇ ਪੰਜਾਬ ਕਾਂਗਰਸ ਦੀਆਂ ਸਾਰੀਆਂ ਧਿਰਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਚਰਨਜੀਤ ਸਿੰਘ ਚੰਨੀ ਦੀ ਮੌਜੂਦਾ 'ਚੁੱਪ' ਨੂੰ ਦੇਖਦੇ ਹੋਏ ਕਾਂਗਰਸ ਵਿੱਚ ਅਜੇ ਉਥੱਲ ਪੁਥੱਲ ਦੀ ਸੰਭਾਵਨਾ ਨਕਾਰੀ ਨਹੀਂ ਜਾ ਸਕਦੀ।

ਮਨੀਸ਼ ਤਿਵਾਰੀ ਦੀ ਸੋਸ਼ਲ ਮੀਡੀਆ ਪੋਸਟ ਦੀ ਚਰਚਾ

ਮਨੀਸ਼ ਤਿਵਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਰਹੱਸਮਈ ਪੋਸਟ ਸਾਂਝੀ ਕਰ ਕੇ ਆਪਣੇ ਦਿਲ ਦੀ ਗੱਲ ਲੋਕਾਂ ਸਾਹਮਣੇ ਰੱਖੀ।

ਪੰਜਾਬ ਵਿੱਚ ਪਾਰਟੀ ਦੇ ਸੰਗਠਨਾਂ ਤਮਕ ਫੇਰਬਦਲ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ, ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰ ਕੇ ਆਪਣੇ ਦਿਲ ਦੀ ਗੱਲ ਲੋਕਾਂ ਸਾਹਮਣੇ ਰੱਖੀ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਲਾਨੀ ਗਈ ਸੂਚੀ ਵਿੱਚ ਆਪਣੀ ਸ਼ਮੂਲੀਅਤ ਨਾ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ 'ਐਕਸ 'ਤੇ ਲਿਖਿਆ: "ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਲਈ ਕੋਈ ( ਗਿੱਦੜ ਸਿੰਙੀ) ਹੁੰਦੀ ! ਉਨ੍ਹਾਂ ਲਿਖਿਆ ਕਾਂਗਰਸ ਨੇ ਮੈਨੂੰ ਪਿਛਲੇ 45 ਸਾਲਾਂ ਵਿੱਚ ਬਹੁਤ ਕੁਝ ਦਿੱਤਾ ਹੈ ਅਤੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਵਿੱਚ ਸਮਰਪਿਤ ਕੀਤੀ ਹੈ, ਜੋ ਹੋਣਾ ਹੈ, ਉਹ ਹੋ ਕੇ ਰਹੇਗਾ।"

ਤਿੰਨ ਵਾਰ ਦੇ ਲੋਕ ਸਭਾ ਸੰਸਦ ਮੈਂਬਰ, ਤਿਵਾਰੀ ਵਰਤਮਾਨ ਵਿੱਚ ਲੋਕ ਸਭਾ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹਨ। ਉਹ ਪਹਿਲਾਂ ਪੰਜਾਬ ਵਿੱਚ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਦੂਜੇ ਪਾਸੇ ਮਨੀਸ਼ ਤਿਵਾਰੀ ਦੀ ਇਸ ਪੋਸਟ ਦੇ ਜਵਾਬ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਮੌਜੂਦਾ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਆਖਿਆ ਹੈ ਕਿ "ਮਨੀਸ਼ ਤਿਵਾਰੀ ਸੀਨੀਅਰ ਆਗੂ ਹਨ ਪਰ ਪਾਰਟੀ ਵਿੱਚ ਜ਼ਿੰਮੇਵਾਰੀ ਦੇਣ ਦਾ ਕੰਮ ਹਾਈਕਮਾਨ ਦਾ ਹੈ ਜਿਸ ਨੂੰ ਉਹ ਕਾਬਲ ਸਮਝਦੀ ਹੈ ਉਸ ਨੂੰ ਥਾਪੜ ਮਿਲ ਜਾਂਦਾ ਹੈ ਇਸ ਵਿੱਚ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।"

ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਪੰਜਾਬ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦਾ ਕਲੇਸ਼ ਹੋਣ ਦੀ ਗੱਲ ਨੂੰ ਨਕਾਰਿਆ ਹੈ। ਉਹਨਾਂ ਮੁਤਾਬਕ ਪਾਰਟੀ ਨੇ ਸੂਚੀ ਵਿੱਚ ਸਾਰੇ ਵਰਗਾਂ ਦਾ ਖਿਆਲ ਰੱਖਿਆ ਹੈ ਅਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)