'ਮੇਰੇ ਪੁੱਤਰ ਦੀ ਲਾਸ਼ ਸਾਡੇ ਤੱਕ ਪਹੁੰਚਾਈ ਜਾਵੇ...', ਓਮਾਨ 'ਚ ਮਿਜ਼ਾਈਲ ਹਮਲੇ 'ਚ ਮਾਰੇ ਪੁੱਤਾਂ ਦੇ ਮਾਪਿਆਂ ਦਾ ਦਰਦ

ਰਾਮਜੀ ਚੌਰਸੀਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮ੍ਰਿਤਕ ਸ਼ਿਵਾਨੰਦ ਦੇ ਪਿਤਾ ਰਾਮਜੀ ਚੌਰਸੀਆ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕੀ ਫੌਜ ਨੇ 10 ਜੂਨ ਨੂੰ ਓਮਾਨ ਦੇ ਤੱਟ ਨੇੜੇ ਭਾਰਤੀ ਤੇਲ ਟੈਂਕਰ ਸੇਟੇਬੇਲੋ 'ਤੇ ਹਮਲਾ ਕੀਤਾ ਸੀ। ਇਸ ਜਹਾਜ਼ 'ਤੇ 24 ਭਾਰਤੀ ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 21 ਨੂੰ ਬਚਾ ਲਿਆ ਗਿਆ ਸੀ। ਜਦਕਿ ਤਿੰਨ ਮਲਾਹਾਂ ਨੂੰ ਲਾਪਤਾ ਦੱਸਿਆ ਗਿਆ ਸੀ।

ਹਾਲਾਂਕਿ, ਇਸ ਤੋਂ ਬਾਅਦ ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਲਾਪਤਾ ਹੋਏ ਤਿੰਨਾਂ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।

ਮ੍ਰਿਤਕਾਂ ਵਿੱਚ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਰਹਿਣ ਵਾਲੇ ਸ਼ਿਵਾਨੰਦ ਚੌਰਸੀਆ ਅਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆਦਿੱਤਿਆ ਸ਼ਰਮਾ ਸ਼ਾਮਲ ਹਨ।

ਸ਼ਿਵਾਨੰਦ ਇੰਜਣ ਫਿਟਰ ਵਜੋਂ ਤੈਨਾਤ ਸਨ, ਜਦਕਿ ਆਦਿੱਤਿਆ ਸ਼ਰਮਾ ਡੈੱਕ ਕੈਡੇਟ ਸਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਆਦਿੱਤਿਆ ਸ਼ਰਮਾ ਨਾਦੌਣ ਦੇ ਗਲੋੜ ਨਿਵਾਸੀ ਸਨ।

ਮ੍ਰਿਤਕ ਆਦਿੱਤਿਆ ਦੇ ਪਿਤਾ ਨੇ ਕੀਤੀ ਇਹ ਮੰਗ

ਬੀਬੀਸੀ ਦੇ ਸਹਿਯੋਗੀ ਸੌਰਭ ਚੌਹਾਨ ਦੇ ਮੁਤਾਬਕ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਗਲੋੜ ਖੇਤਰ ਦੇ ਹੜੇਟਾ ਪਿੰਡ ਦੇ ਰਹਿਣ ਵਾਲੇ 23 ਸਾਲਾ ਆਦਿਤਿਆ ਵੀ ਇਸ ਹਮਲੇ ਵਿੱਚ ਮਾਰੇ ਗਏ ਹਨ।

ਮ੍ਰਿਤਕ ਆਦਿਤਿਆ ਦੇ ਪਿਤਾ ਰਾਜੇਸ਼ ਸ਼ਰਮਾ ਨੇ ਕਿਹਾ, "ਮੇਰੀ ਮੰਗ ਹੈ ਕਿ ਮੇਰੇ ਪੁੱਤਰ ਦੀ ਲਾਸ਼ ਸਾਡੇ ਤੱਕ ਪਹੁੰਚਾਈ ਜਾਵੇ। ਨਾਲ ਹੀ ਉਸ ਦੇ ਆਖ਼ਰੀ ਪਲਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਈ ਗਈ ਸੀ ਜਾਂ ਨਹੀਂ। ਬਾਕੀ ਲੋਕਾਂ ਨੂੰ ਬਚਾ ਲਿਆ ਗਿਆ, ਪਰ ਇਨ੍ਹਾਂ ਤਿੰਨਾਂ ਨੂੰ ਕਿਉਂ ਨਹੀਂ ਬਚਾਇਆ ਗਿਆ?"

ਉਨ੍ਹਾਂ ਕਿਹਾ, "ਸਾਨੂੰ ਪਹਿਲਾਂ ਇਹ ਜਾਣਕਾਰੀ ਸੀ ਕਿ ਜਹਾਜ਼ ਓਮਾਨ ਤੱਕ ਜਾਵੇਗਾ ਅਤੇ ਓਮਾਨ ਤੋਂ ਵਾਪਸ ਮੁੜ ਆਵੇਗਾ। ਇਸ ਤੋਂ ਬਾਅਦ ਸਾਨੂੰ ਜਾਣਕਾਰੀ ਮਿਲੀ ਕਿ ਉਹ ਈਰਾਨ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਡੇ ਲਈ ਹੈਰਾਨੀ ਵਾਲੀ ਗੱਲ ਸੀ।"

ਰਾਜੇਸ਼ ਸ਼ਰਮਾ

ਤਸਵੀਰ ਸਰੋਤ, Saurabh Chauhan

ਤਸਵੀਰ ਕੈਪਸ਼ਨ, ਮ੍ਰਿਤਕ ਆਦਿੱਤਿਆ ਦੇ ਪਿਤਾ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਕਿਉਂ ਨਹੀਂ ਬਚਾਇਆ ਜਾ ਸਕਿਆ, ਸਪੱਸ਼ਟੀਕਰਨ ਮਿਲਣਾ ਚਾਹੀਦਾ ਹੈ

ਰਾਜੇਸ਼ ਸ਼ਰਮਾ ਨੇ ਕਿਹਾ, "ਕੈਪਟਨ ਨੂੰ ਇਹ ਰੂਟ ਨਹੀਂ ਲੈਣਾ ਚਾਹੀਦਾ ਸੀ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੈਪਟਨ ਨੇ ਕਿਹੜੀ ਮਜ਼ਬੂਰੀ ਕਾਰਨ ਜਹਾਜ਼ ਨੂੰ ਜੰਗੀ ਖੇਤਰ ਵਿੱਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ।"

ਆਦਿੱਤਿਆ ਦੇ ਦਾਦਾ ਅਸ਼ੋਕ ਕੁਮਾਰ ਨੇ ਕਿਹਾ, "ਮੇਰਾ ਇੱਕੋ ਹੀ ਪੋਤਰਾ ਸੀ। ਮੈਂ ਸੰਸਦ ਮੈਂਬਰ ਅਨੁਰਾਗ ਠਾਕੁਰ ਕੋਲੋ ਮੰਗ ਕਰਦਾ ਹਾਂ ਕਿ ਜਹਾਜ਼ ਦੇ ਕਪਤਾਨ ਨੂੰ ਜਹਾਜ਼ ਅੱਗੇ ਲੈ ਕੇ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ, ਇਸ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।"

ਮ੍ਰਿਤਕ ਸ਼ਿਵਾਨੰਦ ਚੌਰਸੀਆ ਅਤੇ ਆਦਿਤਿਆ ਸ਼ਰਮਾ

ਤਸਵੀਰ ਸਰੋਤ, Saurabh Chauhan/@CMOFFICEHP

ਤਸਵੀਰ ਕੈਪਸ਼ਨ, ਸ਼ਿਵਾਨੰਦ ਚੌਰਸੀਆ (ਖੱਬੇ) ਅਤੇ ਆਦਿਤਿਆ ਸ਼ਰਮਾ ਦੀ ਓਮਾਨ ਤੱਟ ਨੇੜੇ ਇੱਕ ਜਹਾਜ਼ 'ਤੇ ਹੋਏ ਹਮਲੇ ਵਿੱਚ ਮੌਤ ਹੋ ਗਈ ਸੀ (ਫਾਈਲ ਫੋਟੋ)

ਪਿਤਾ ਬੋਲੇ - ਸਾਡੀ ਪਰਸੋਂ ਰਾਤ ਨੂੰ ਗੱਲ ਹੋਈ ਸੀ

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਈਅਦ ਮੋਜ਼ਿਜ਼ ਇਮਾਮ ਦੇ ਮੁਤਾਬਕ 35 ਸਾਲਾ ਸ਼ਿਵਾਨੰਦ ਚੌਰਸੀਆ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਸੁਰੌਲੀ ਪੇਕੋਲੀ ਪਿੰਡ ਦੇ ਰਹਿਣ ਵਾਲੇ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਵਾਨੰਦ ਕਰੀਬ ਅੱਠ ਮਹੀਨੇ ਪਹਿਲਾਂ ਮੁੰਬਈ ਗਏ ਸਨ। ਉਹ ਇੱਕ ਵਿਦੇਸ਼ੀ ਸ਼ਿਪਿੰਗ ਕੰਪਨੀ ਵਿੱਚ ਕਰੂ ਮੈਂਬਰ ਵਜੋਂ ਕੰਮ ਕਰ ਰਹੇ ਸਨ।

ਸ਼ਿਵਾਨੰਦ ਦੇ ਪਿਤਾ ਰਾਮਜੀ ਚੌਰਸੀਆ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ, "ਸਾਡੀ ਉਸ ਨਾਲ ਆਖ਼ਰੀ ਵਾਰ ਪਰਸੋਂ ਰਾਤ ਨੂੰ ਗੱਲ ਹੋਈ ਸੀ। ਉਸ ਵੇਲੇ ਉਸ ਨੇ ਕਿਹਾ ਸੀ ਕਿ ਸਭ ਕੁਝ ਠੀਕ ਹੈ। ਪਰ ਹੁਣ ਸੂਚਨਾ ਮਿਲੀ ਹੈ ਕਿ ਉਹ ਨਹੀਂ ਰਿਹਾ।"

ਇਹ ਕਹਿੰਦੇ-ਕਹਿੰਦੇ ਸ਼ਿਵਾਨੰਦ ਦੇ ਪਿਤਾ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪਏ।

ਸ਼ਿਵਾਨੰਦ ਚੌਰਸੀਆ ਦੀ ਪਤਨੀ ਦੇ ਭਰਾ ਸੰਜੇ ਚੌਰਸੀਆ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਹਮਲੇ ਤੋਂ ਬਾਅਦ ਲਾਪਤਾ ਹੈ।"

ਸੰਜੇ ਚੌਰਸੀਆ

ਤਸਵੀਰ ਸਰੋਤ, Amit Kumar

ਤਸਵੀਰ ਕੈਪਸ਼ਨ, ਸ਼ਿਵਾਨੰਦ ਚੌਰਸੀਆ ਦੀ ਪਤਨੀ ਦੇ ਭਰਾ ਸੰਜੇ ਚੌਰਸੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ

ਹਾਲਾਂਕਿ, ਵੀਰਵਾਰ ਨੂੰ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦੱਸਿਆ ਕਿ ਜਿਨ੍ਹਾਂ ਤਿੰਨ ਭਾਰਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਸੀ, ਦੁੱਖ ਦੀ ਗੱਲ ਹੈ ਕਿ ਹੁਣ ਉਨ੍ਹਾਂ ਤਿੰਨਾਂ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।

ਪਿੰਡ ਦੇ ਰਹਿਣ ਵਾਲੇ ਰੋਹਨ ਸ਼ਾਹੀ ਨੇ ਕਿਹਾ, "ਸਾਨੂੰ ਇਹ ਪਤਾ ਲੱਗਿਆ ਹੈ ਕਿ ਓਮਾਨ ਦੀ ਖਾੜੀ ਵਿੱਚ ਜਹਾਜ਼ 'ਤੇ ਮਿਜ਼ਾਈਲ ਹਮਲਾ ਹੋਇਆ ਹੈ, ਜਿਸ ਵਿੱਚ ਸਾਡੇ ਪਿੰਡ ਦੇ ਸ਼ਿਵਾਨੰਦ ਦੀ ਮੌਤ ਹੋ ਗਈ। ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ, ਪਰ ਮੁੰਡਾ ਘਰ ਦਾ ਸਹਾਰਾ ਬਣਿਆ ਹੋਇਆ ਸੀ। ਹੁਣ ਉਸ ਦੀ ਵੀ ਮੌਤ ਹੋ ਗਈ ਹੈ।"

ਸ਼ਿਵਾਨੰਦ ਚੌਰਸੀਆ ਦੇ ਦੋ ਬੱਚੇ ਹਨ। ਪਰਿਵਾਰ ਦੀ ਆਰਥਿਕ ਸਥਿਤੀ ਵੀ ਕੋਈ ਖ਼ਾਸ ਚੰਗੀ ਨਹੀਂ ਹੈ। ਮਿਜ਼ਾਈਲ ਹਮਲੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਿੰਡ ਦੇ ਲੋਕਾਂ ਦੀ ਉਨ੍ਹਾਂ ਦੇ ਘਰ ਭੀੜ ਲੱਗੀ ਹੋਈ ਹੈ।

ਅਮਰੀਕਾ ਨੇ ਇਸ ਜਹਾਜ਼ 'ਤੇ ਹਮਲਾ ਕਿਉਂ ਕੀਤਾ

ਜਹਾਜ਼

ਤਸਵੀਰ ਸਰੋਤ, US Centcom

ਤਸਵੀਰ ਕੈਪਸ਼ਨ, ਅਮਰੀਕਾ ਦਾ ਇਲਜ਼ਾਮ ਹੈ ਕਿ ਇਹ ਜਹਾਜ਼ ਈਰਾਨੀ ਤੇਲ ਦੀ ਢੁਆਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ

ਦਰਅਸਲ, ਸੇਟੇਬੇਲੋ ਜਹਾਜ਼ ਅਮਰੀਕੀ ਫੌਜ ਵੱਲੋਂ ਦਾਗੇ ਗਏ 'ਪ੍ਰਿਸੀਜ਼ਨ ਮਿਊਨੀਸ਼ਨਜ਼' ਦੀ ਜ਼ਦ ਵਿੱਚ ਆ ਗਿਆ ਸੀ।

ਅਮਰੀਕੀ ਸੈਂਟਰਲ ਕਮਾਂਡ (ਸੈਂਟਕੌਮ) ਨੇ ਇਸ ਜਹਾਜ਼ 'ਤੇ ਹਮਲਾ ਕਰਨ ਦੀ ਵਜ੍ਹਾ ਵੀ ਦੱਸੀ ਹੈ। ਸੈਂਟਕੌਮ ਨੇ ਦਾਅਵਾ ਕੀਤਾ ਕਿ ਪਲਾਉ ਦੇ ਝੰਡੇ ਵਾਲੇ ਤੇਲ ਟੈਂਕਰ ਸੇਟੇਬੇਲੋ ਨੇ ਈਰਾਨ ਤੋਂ ਤੇਲ ਲੈ ਜਾਂਦੇ ਹੋਏ ਲਾਗੂ ਨਾਕਾਬੰਦੀ ਦੀ ਉਲੰਘਣਾ ਕੀਤੀ ਸੀ।

ਅਮਰੀਕੀ ਸੈਂਟਰਲ ਕਮਾਂਡ ਨੇ ਐਕਸ 'ਤੇ ਜਾਰੀ ਬਿਆਨ ਵਿੱਚ ਦਾਅਵਾ ਕੀਤਾ, "ਅਮਰੀਕੀ ਬਲਾਂ ਵੱਲੋਂ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਜਹਾਜ਼ ਦੇ ਕਰੂ ਮੈਂਬਰਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ।"

"ਇਸ ਤੋਂ ਬਾਅਦ ਇੱਕ ਅਮਰੀਕੀ ਜਹਾਜ਼ ਦੇ ਇੰਜਣ ਨੂੰ ਨਿਸ਼ਾਨਾ ਬਣਾਉਂਦਿਆਂ ਸਟੀਕ ਹਥਿਆਰਾਂ ਨਾਲ ਹਮਲਾ ਕੀਤਾ।"

ਅਮਰੀਕੀ ਫੌਜ ਨੇ ਸੇਟੇਬੇਲੋ 'ਤੇ ਕੀਤੇ ਹਮਲੇ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।

ਭਾਰਤ ਨੇ ਸਖ਼ਤ ਵਿਰੋਧ ਦਰਜ ਕਰਵਾਇਆ

ਐੱਸ ਜੈਸ਼ੰਕਰ

ਤਸਵੀਰ ਸਰੋਤ, Roy Rochlin/Getty Images for Newsweek

ਤਸਵੀਰ ਕੈਪਸ਼ਨ, ਸੇਟੇਬੇਲੋ 'ਤੇ ਹੋਏ ਹਮਲੇ ਦੀ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿੰਦਾ ਕੀਤੀ (ਫਾਈਲ ਫੋਟੋ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ)

ਤੇਲ ਟੈਂਕਰ ਸੇਟੇਬੇਲੋ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਅਮਰੀਕਾ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਉਪ ਮੁਖੀ ਜੇਸਨ ਮੀਕਸ ਨੂੰ ਤਲਬ ਕੀਤਾ ਅਤੇ ਇਸ ਘਟਨਾ 'ਤੇ ਆਪਣਾ ਵਿਰੋਧ ਜਤਾਇਆ। ਮੀਕਸ ਨੂੰ ਇਸ ਲਈ ਤਲਬ ਕੀਤਾ ਗਿਆ ਕਿਉਂਕਿ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜਿਓ ਗੋਰ ਕਜ਼ਾਖ਼ਸਤਾਨ ਦੇ ਦੌਰੇ 'ਤੇ ਸਨ।

ਭਾਰਤੀ ਵਿਦੇਸ਼ ਮੰਤਰਾਲੇ ਨੇ ਸੇਟੇਬੇਲੋ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ, "ਅਸੀਂ ਇੱਕ ਵਾਰ ਫਿਰ ਤਣਾਅ ਨੂੰ ਤੁਰੰਤ ਘਟਾਉਣ ਅਤੇ ਜਾਰੀ ਗੱਲਬਾਤ ਨੂੰ ਕੂਟਨੀਤਿਕ ਹੱਲ ਤੱਕ ਪਹੁੰਚਾਉਣ ਦੀ ਅਪੀਲ ਕਰਦੇ ਹਾਂ, ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਮੁੜ ਬਹਾਲ ਹੋ ਸਕੇ।"

ਮੰਤਰਾਲੇ ਨੇ ਕਿਹਾ, "ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਖੇਤਰ ਦੇ ਸਮੁੰਦਰੀ ਰਸਤੇ 'ਤੇ ਬਿਨਾਂ ਰੁਕਾਵਟ ਆਵਾਜਾਈ ਅਤੇ ਵਪਾਰ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਣਾ ਚਾਹੀਦਾ ਹੈ।"

ਪਹਿਲਾਂ ਵੀ ਇੱਕ ਜਹਾਜ਼ 'ਤੇ ਹਮਲਾ ਹੋਇਆ ਸੀ, ਪਰ ਸਵਾਰ ਲੋਕਾਂ ਨੂੰ ਬਚਾ ਲਿਆ ਗਿਆ ਸੀ

ਜਹਾਜ਼

ਤਸਵੀਰ ਸਰੋਤ, Shady Alassar/Anadolu via Getty Images

ਤਸਵੀਰ ਕੈਪਸ਼ਨ, ਇਸ ਤੋਂ ਪਹਿਲਾਂ 8 ਜੂਨ ਨੂੰ ਵੀ ਇੱਕ ਜਹਾਜ਼ ਹਮਲੇ ਦਾ ਸ਼ਿਕਾਰ ਹੋਇਆ ਸੀ (ਸੰਕੇਤਕ ਤਸਵੀਰ)

ਇਸ ਤੋਂ ਪਹਿਲਾਂ ਸੋਮਵਾਰ, ਭਾਵ 8 ਜੂਨ ਨੂੰ ਵੀ ਇੱਕ ਜਹਾਜ਼ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿੱਚ 24 ਭਾਰਤੀ ਮਲਾਹ ਸਵਾਰ ਸਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।

ਸਭ ਤੋਂ ਪਹਿਲਾਂ ਇਸ ਦੀ ਜਾਣਕਾਰੀ ਫਾਰਵਰਡ ਸੀਮੈਨਜ਼ ਯੂਨੀਅਨ ਆਫ਼ ਇੰਡੀਆ (ਐੱਫਐੱਸਯੂਆਈ) ਨੇ ਦਿੱਤੀ ਸੀ। ਐੱਫਐੱਸਯੂਆਈ ਨੇ ਕਰੂ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਓਮਾਨ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ। ਭਾਰਤੀ ਦੂਤਾਵਾਸ ਨੇ ਐਕਸ 'ਤੇ ਲਿਖਿਆ, "ਅਸੀਂ ਉਸ ਘਟਨਾ ਤੋਂ ਜਾਣੂ ਹਾਂ, ਜਿਸ ਵਿੱਚ ਭਾਰਤੀ ਮਲਾਹਾਂ ਵਾਲੇ ਇੱਕ ਜਹਾਜ਼ 'ਤੇ ਹਮਲਾ ਹੋਇਆ ਹੈ। ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਬਚਾਅ ਲਈ ਓਮਾਨ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।"

ਦੂਤਾਵਾਸ ਨੇ ਇਸ ਤੋਂ ਬਾਅਦ ਇਹ ਅਪਡੇਟ ਸਾਂਝਾ ਕੀਤਾ ਸੀ ਕਿ ਇਸ ਜਹਾਜ਼ 'ਤੇ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਲਈ ਦੂਤਾਵਾਸ ਨੇ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

(ਅਮਿਤ ਕੁਮਾਰ ਦੀ ਵਾਧੂ ਰਿਪੋਰਟਿੰਗ ਨਾਲ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)