ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਫੌਜੀ ਕਾਰਵਾਈ ਖ਼ਤਮ ਹੋਵੇਗੀ ਅਤੇ ਸਟ੍ਰੇਟ ਆਫ ਹਾਰਮੁਜ਼ ਵੀ ਖੁੱਲ੍ਹੇਗਾ

ਤਸਵੀਰ ਸਰੋਤ, Getty Images
ਫ਼ਾਰਸ ਦੀ ਖਾੜੀ ਵਿੱਚ ਜੰਗ ਖ਼ਤਮ ਕਰਨ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤਾ ਹੋ ਗਿਆ ਹੈ। ਗੱਲਬਾਤ ਵਿੱਚ ਵਿਚੋਲਗੀ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਈਰਾਨ ਨਾਲ ਸਮਝੌਤੇ 'ਤੇ ਪਹੁੰਚਣ ਦੀ ਗੱਲ ਕਹੀ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ।
ਬ੍ਰਿਟੇਨ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਉਹ ਅਮਰੀਕਾ, ਈਰਾਨ ਅਤੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ "ਇਸ ਮੌਕੇ ਦਾ ਪੂਰਾ ਸਦਉਪਯੋਗ ਕਰਨ" ਲਈ ਕੰਮ ਕਰਨਗੇ।
ਈ4 ਸਮੂਹ ਨੇ ਕਿਹਾ, "ਅਸੀਂ ਇਸ ਕੂਟਨੀਤਿਕ ਸਫ਼ਲਤਾ ਲਈ ਅਮਰੀਕਾ, ਈਰਾਨੀ ਸਰਕਾਰ ਅਤੇ ਇਸ ਵਿੱਚ ਸ਼ਾਮਲ ਸਾਰੇ ਪੱਖਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਕਤਰ ਅਤੇ ਹੋਰ ਸਾਰੇ ਵਿਚੋਲਗੀ ਕਰਨ ਵਾਲੇ ਸ਼ਾਮਲ ਹਨ, ਉਨ੍ਹਾਂ ਨੂੰ ਵਧਾਈ ਦਿੰਦੇ ਹਾਂ।"
ਇਸ ਸਮਝੌਤੇ ਵਿੱਚ ਵਿਚੋਲਗੀ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਕਸ ਉੱਤੇ ਲਿਖਿਆ, "ਲੰਬੀ ਗੱਲਬਾਤ ਦੇ ਬਾਅਦ, ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸ਼ਾਂਤੀ ਸਮਝੌਤਾ ਹੋ ਗਿਆ ਹੈ। ਦੋਵੇਂ ਪੱਖਾਂ ਨੇ ਲੇਬਨਾਨ ਸਣੇ ਸਾਰੇ ਮੋਰਚਿਆਂ ਉੱਤੇ ਫੌਜੀ ਕਾਰਵਾਈ ਨੂੰ ਤੁਰੰਤ ਅਤੇ ਸਥਾਈ ਰੂਪ ਵਿੱਚ ਰੋਕਣ ਦਾ ਐਲਾਨ ਕੀਤਾ ਹੈ।"

ਤਸਵੀਰ ਸਰੋਤ, Reuters
ਅਮਰੀਕਾ-ਈਰਾਨ ਸਮਝੌਤੇ ਦੇ ਐਲਾਨ ਤੋਂ ਬਾਅਦ ਏਸ਼ੀਆ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮਝੌਤੇ ਤਹਿਤ ਸਟ੍ਰੇਟ ਆਫ ਹੋਰਮੁਜ਼ ਨੂੰ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਹੈ ਕਿ ਇਸ ਹਫ਼ਤੇ ਏਵੀਅਨ ਸ਼ਹਿਰ ਵਿੱਚ ਹੋ ਰਹੀ ਜੀ7 ਆਗੂਆਂ ਦੀ ਬੈਠਕ ਦੌਰਾਨ ਅਮਰੀਕਾ-ਈਰਾਨ ਸਮਝੌਤੇ ਦੇ ਹਿੱਸੇ ਵਜੋਂ ਸਟ੍ਰੇਟ ਆਫ ਹੋਰਮੁਜ਼ ਨੂੰ ਲੰਬੇ ਸਮੇਂ ਲਈ ਖੁੱਲ੍ਹਾ ਰੱਖਣ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ।
ਹੁਣ ਤੱਕ ਕੀ-ਕੀ ਪਤਾ ਹੈ?

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਦਰਮਿਆਨ ਇੱਕ ਸ਼ਾਂਤੀ ਸਮਝੌਤਾ ਹੋ ਗਿਆ ਹੈ, ਜਿਸ ਨਾਲ "ਲੇਬਨਾਨ ਸਮੇਤ ਸਾਰੇ ਮੋਰਚਿਆਂ 'ਤੇ ਚੱਲ ਰਹੇ ਫੌਜੀ ਅਭਿਆਨ" ਖ਼ਤਮ ਹੋ ਜਾਣਗੇ।
ਸ਼ਹਿਬਾਜ਼ ਸ਼ਰੀਫ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਸਮਝੌਤੇ 'ਤੇ ਸ਼ੁੱਕਰਵਾਰ ਨੂੰ ਸਵਿੱਟਜ਼ਰਲੈਂਡ ਵਿੱਚ ਰਸਮੀ ਤੌਰ 'ਤੇ ਦਸਤਖ਼ਤ ਕੀਤੇ ਜਾਣਗੇ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਜਦੋਂ ਸ਼ੁੱਕਰਵਾਰ ਨੂੰ ਸਮਝੌਤੇ 'ਤੇ ਦਸਤਖ਼ਤ ਹੋ ਜਾਣਗੇ ਤਾਂ "ਤੇਲ ਦੀ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ।"
ਬੀਬੀਸੀ ਦੇ ਉੱਤਰੀ ਅਮਰੀਕਾ ਪੱਤਰਕਾਰ ਦੇ ਮੁਤਾਬਕ, ਇਹ ਐਲਾਨ ਟਰੰਪ ਦੇ 80ਵੇਂ ਜਨਮਦਿਨ ਦੇ ਮੌਕੇ 'ਤੇ ਕੀਤਾ ਗਿਆ ਹੈ, ਹਾਲਾਂਕਿ ਸਮਝੌਤੇ ਦੇ ਪੂਰੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ।
ਈਰਾਨ ਦੇ ਉਪ ਵਿਦੇਸ਼ ਮੰਤਰੀ ਨੇ ਸਰਕਾਰੀ ਟੈਲੀਵਿਜ਼ਨ 'ਤੇ ਪੁਸ਼ਟੀ ਕੀਤੀ ਹੈ ਕਿ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉੱਥੇ ਹੀ ਦੇਸ਼ ਦੇ ਸਿਖਰਲੀ ਫੌਜੀ ਲੀਡਰਸ਼ਿਪ ਨੇ ਇਸ ਨੂੰ ਈਰਾਨ ਦੀ ਜਿੱਤ ਕਰਾਰ ਦਿੱਤਾ ਹੈ।
ਅਮਰੀਕਾ ਅਤੇ ਇਜ਼ਰਾਇਲ ਨੇ 28 ਫ਼ਰਵਰੀ ਨੂੰ ਈਰਾਨ 'ਤੇ ਹਮਲੇ ਸ਼ੁਰੂ ਕੀਤੇ ਸਨ। ਸ਼ੁਰੂਆਤੀ ਹਮਲਿਆਂ ਵਿੱਚ ਹੀ ਈਰਾਨ ਦੇ ਕਈ ਉੱਚ ਅਧਿਕਾਰੀ ਅਤੇ ਆਗੂ ਮਾਰੇ ਗਏ ਸਨ।
ਇਸ ਤੋਂ ਬਾਅਦ ਈਰਾਨ ਨੇ ਖਾੜੀ ਖੇਤਰ ਵਿੱਚ ਅਮਰੀਕੀ ਟਿਕਾਣਿਆਂ ਅਤੇ ਇਜ਼ਰਾਇਲ 'ਤੇ ਹਮਲੇ ਕੀਤੇ ਸਨ। ਇਸ ਦੇ ਨਾਲ ਹੀ ਇਰਾਨ ਨੇ ਤੇਲ ਅਤੇ ਗੈਸ ਦੀ ਸਪਲਾਈ ਲਈ ਅਹਿਮ ਸਮੁੰਦਰੀ ਰਸਤਾ ਸਟ੍ਰੇਟ ਆਫ ਹੋਰਮੁਜ਼ ਬੰਦ ਕਰ ਦਿੱਤਾ ਸੀ।
ਟਰੰਪ ਨੇ ਨਿਊਯਾਰਕ ਟਾਈਮਜ਼ ਨੂੰ ਕੀ ਕਿਹਾ
ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਨੂੰ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਈਰਾਨ ਨਾਲ ਹੋਇਆ ਸਮਝੌਤਾ ਇਹ ਯਕੀਨੀ ਬਣਾਉਂਦਾ ਹੈ ਕਿ ਸਟ੍ਰੇਟ ਆਫ਼ ਹੋਰਮੁਜ਼ "ਸਥਾਈ ਤੌਰ 'ਤੇ ਟੋਲ-ਮੁਕਤ" ਰਹੇਗਾ।
ਅਖ਼ਬਾਰ ਦੇ ਅਨੁਸਾਰ, 28 ਮਿੰਟ ਦੇ ਫ਼ੋਨ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਈਰਾਨ ਅਮਰੀਕਾ ਨਾਲ ਅੰਤਿਮ ਪਰਮਾਣੂ ਸਮਝੌਤੇ ਤੱਕ ਨਹੀਂ ਪਹੁੰਚਦਾ, ਤਾਂ ਉਹ ਫੌਜੀ ਹਮਲੇ ਮੁੜ ਸ਼ੁਰੂ ਕਰ ਦੇਣਗੇ, ਜਾਂ ਫਿਰ ਅਮਰੀਕਾ ਨੂੰ "ਮੱਧ ਪੂਰਬ ਦਾ ਸਰਪ੍ਰਸਤ" ਬਣਾ ਦਿੱਤਾ ਜਾਵੇਗਾ, ਜਿਸ ਦੇ ਬਦਲੇ ਖੇਤਰ ਦੀ ਕੁੱਲ ਆਮਦਨ ਦਾ ਪੰਜਵਾਂ ਹਿੱਸਾ ਮਿਲੇਗਾ।
ਉਨ੍ਹਾਂ ਨੇ ਆਪਣੇ ਪਹਿਲਾਂ ਦੇ ਦਾਅਵੇ ਦੁਹਰਾਉਂਦੇ ਹੋਏ ਕਿਹਾ ਕਿ ਫ਼ਰਵਰੀ ਵਿੱਚ ਈਰਾਨ 'ਤੇ ਹਮਲਾ ਕਰਨ ਅਤੇ ਉਸ ਤੋਂ ਬਾਅਦ ਉਸ ਦੇ ਬੰਦਰਗਾਹਾਂ ਦੀ ਸਮੁੰਦਰੀ ਨਾਕਾਬੰਦੀ ਕਰਨ ਦੇ ਫ਼ੈਸਲੇ ਨੇ "ਮੱਧ ਪੂਰਬ ਨੂੰ ਮੁੜ ਅਮਰੀਕਾ ਦੇ ਹੱਕ ਵਿੱਚ ਢਾਲ ਦਿੱਤਾ ਹੈ।"
ਇਸ ਡੀਲ ਦਾ ਐਲਾਨ ਕਰਦੇ ਹੋਏ ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਇਹ ਸ਼ਾਨਦਾਰ ਡੀਲ ਪੂਰੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲੈਕੇ ਆਵੇਗੀ।"
ਉਨ੍ਹਾਂ ਨੇ ਅੱਗੇ ਲਿਖਿਆ, "ਕਈ ਰਾਸ਼ਟਰਪਤੀਆਂ ਨੇ ਈਰਾਨ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਪਹਿਲਾਂ ਸਾਰੇ ਅਸਫਲ ਰਹੇ। ਖੇਤਰ ਦੇ ਆਗੂਆਂ ਨੂੰ ਪਹਿਲੀ ਵਾਰ ਇੱਕ ਅਜਿਹਾ ਰਾਸ਼ਟਰਪਤੀ ਮਿਲਿਆ ਹੈ, ਜੋ ਅਸਲ ਸ਼ਾਂਤੀ ਲਿਆ ਸਕਦਾ ਹੈ।"
ਉਨ੍ਹਾਂ ਲਿਖਿਆ, "ਸ਼ੁੱਕਰਵਾਰ ਨੂੰ ਦਸਤਖ਼ਤ ਹੋਣ ਦੇ ਨਾਲ ਹੀ ਸਟ੍ਰੇਟ ਆਫ਼ ਹੋਰਮੁਜ਼ ਖੁੱਲ੍ਹ ਜਾਵੇਗਾ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਹਟਾਈਆਂ ਜਾਣਗੀਆਂ ਅਤੇ ਖੇਤਰ ਵਿੱਚ ਅਤੇ ਪੂਰੀ ਦੁਨੀਆ ਵਿੱਚ ਤੇਲ ਦੀ ਆਵਾਜਾਈ ਮੁੜ ਬਹਾਲ ਹੋ ਜਾਵੇਗੀ।"
ਈਰਾਨੀ ਸਰਕਾਰੀ ਮੀਡੀਆ ਨੇ ਸਮਝੌਤੇ ਬਾਰੇ ਦੱਸਿਆ

ਤਸਵੀਰ ਸਰੋਤ, REUTERS/Stringer TPX IMAGES OF THE DAY
ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਨੇ ਸਰਕਾਰੀ ਟੀਵੀ ਨੂੰ ਫ਼ੋਨ 'ਤੇ ਪੁਸ਼ਟੀ ਕੀਤੀ ਕਿ ਅਮਰੀਕਾ ਨਾਲ ਸਮਝੌਤਾ ਅੰਤਿਮ ਰੂਪ ਲੈ ਚੁੱਕਿਆ ਹੈ ਅਤੇ ਸ਼ੁੱਕਰਵਾਰ ਨੂੰ ਸਵਿੱਟਜ਼ਰਲੈਂਡ ਵਿੱਚ ਇਸ 'ਤੇ ਅਧਿਕਾਰਤ ਰੂਪ ਨਾਲ ਦਸਤਖ਼ਤ ਹੋਣਗੇ।
ਈਰਾਨੀ ਸਰਕਾਰੀ ਮੀਡੀਆ ਨੇ ਅਮਰੀਕਾ ਅਤੇ ਈਰਾਨ ਵਿਚਕਾਰ 14 ਨੁਕਤਿਆਂ ਵਾਲੇ ਇੱਕ ਐਮਓਯੂ ਦੇ ਮਸੌਦੇ ਦਾ ਵੇਰਵਾ ਪ੍ਰਕਾਸ਼ਿਤ ਕਰਨ ਦਾ ਦਾਅਵਾ ਕੀਤਾ ਹੈ।
ਹਾਲਾਂਕਿ ਇਨ੍ਹਾਂ ਨੁਕਤਿਆਂ ਦੀ ਅਧਿਕਾਰਤ ਪੁਸ਼ਟੀ ਅਜੇ ਕਿਸੇ ਵੀ ਦੇਸ਼ ਨੇ ਨਹੀਂ ਕੀਤੀ ਹੈ।
ਅਰਧ-ਸਰਕਾਰੀ ਖ਼ਬਰ ਏਜੰਸੀ ਮੇਹਰ ਦੇ ਅਨੁਸਾਰ, ਮਸੌਦੇ ਵਿੱਚ ਸ਼ਾਮਲ ਨੁਕਤਿਆਂ ਵਿੱਚ ਇਹ ਗੱਲਾਂ ਸ਼ਾਮਲ ਹਨ-
- ਲੇਬਨਾਨ ਸਮੇਤ ਸਾਰੇ ਮੋਰਚਿਆਂ 'ਤੇ ਸਥਾਈ ਜੰਗਬੰਦੀ।
- ਅਮਰੀਕਾ ਵੱਲੋਂ ਈਰਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦੀ ਵਚਨਬੱਧਤਾ।
- 30 ਦਿਨਾਂ ਦੇ ਅੰਦਰ ਅਮਰੀਕੀ ਸਮੁੰਦਰੀ ਨਾਕਾਬੰਦੀ ਹਟਾਉਣਾ।
- ਈਰਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ।
- 30 ਦਿਨਾਂ ਦੇ ਅੰਦਰ "ਈਰਾਨੀ ਪ੍ਰਬੰਧਾਂ ਦੇ ਤਹਿਤ" ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਖੋਲ੍ਹਣਾ।
- ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਈਰਾਨ ਦੇ ਪੁਨਰਨਿਰਮਾਣ ਲਈ ਘੱਟੋ-ਘੱਟ 300 ਅਰਬ ਡਾਲਰ ਦੀ ਯੋਜਨਾ।
- ਈਰਾਨੀ ਤੇਲ ਅਤੇ ਊਰਜਾ ਉਤਪਾਦਾਂ 'ਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨਾ।
- ਪਰਮਾਣੂ ਹਥਿਆਰ ਨਾ ਬਣਾਉਣ ਦੀ ਈਰਾਨ ਦੀ ਵਚਨਬੱਧਤਾ।
- ਅਮਰੀਕਾ ਵੱਲੋਂ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਨਾ ਵਧਾਉਣ ਅਤੇ ਨਵੀਆਂ ਪਾਬੰਦੀਆਂ ਨਾ ਲਗਾਉਣ ਦੀ ਵਚਨਬੱਧਤਾ।
ਏਜੰਸੀਮੇਹਰ ਨੇ ਇਹ ਵੀ ਕਿਹਾ, "ਅੰਤਿਮ ਗੱਲਬਾਤ ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ, ਜਦੋਂ ਤੱਕ ਈਰਾਨ ਦੀਆਂ ਫ੍ਰੀਜ਼ ਕੀਤੀਆਂ ਜਾਇਦਾਦਾਂ ਦਾ ਘੱਟੋ-ਘੱਟ ਅੱਧਾ ਹਿੱਸਾ ਜਾਰੀ ਨਹੀਂ ਕਰ ਦਿੱਤਾ ਜਾਂਦਾ, ਈਰਾਨੀ ਤੇਲ 'ਤੇ ਲੱਗੀਆਂ ਪਾਬੰਦੀਆਂ ਮੁਅੱਤਲ ਨਹੀਂ ਕਰ ਦਿੱਤੀਆਂ ਜਾਂਦੀਆਂ ਅਤੇ ਸਮੁੰਦਰੀ ਫੌਜਾਂ ਨਾਕਾਬੰਦੀ ਖ਼ਤਮ ਨਹੀਂ ਕਰ ਦਿੱਤੀ ਜਾਂਦੀ।"
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਤਿਮ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵ ਰਾਹੀਂ ਮਨਜ਼ੂਰੀ ਦਿੱਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












