"ਸਾਡਾ ਸਪਰਮ ਡੋਨਰ ਪਿਤਾ ਇੱਕੋ ਹੀ ਸੀ", ਜਦੋਂ ਇਨ੍ਹਾਂ ਤਿੰਨ ਕੁੜੀਆਂ ਨੂੰ ਕਈ ਸਾਲਾਂ ਬਾਅਦ ਸੱਚਾਈ ਪਤਾ ਲੱਗੀ ਤਾਂ ਕਿਵੇਂ ਬਦਲੀ ਜ਼ਿੰਦਗੀ

ਤਸਵੀਰ ਸਰੋਤ, Sperm Sisters
- ਲੇਖਕ, ਗੇਮਾ ਦੁਨਸਤਾਨ
- ਰੋਲ, ਵੇਲਸ ਇਨਵੈਸਟੀਗੇਟਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਨਤਾਸ਼ਾ, ਗੇਮਾ ਅਤੇ ਹੇਲਨ ਇਹ ਸੋਚਦੇ ਹੋਏ ਵੱਡੀਆਂ ਹੋਈਆਂ ਕਿ ਉਹ ਜਾਣਦੀਆਂ ਹਨ ਕਿ ਉਨ੍ਹਾਂ ਦੇ ਪਿਤਾ ਕੌਣ ਹਨ।
ਪਰ ਕਈ ਦਹਾਕਿਆਂ ਬਾਅਦ ਡੀਐਨਏ ਟੈਸਟ ਕਰਵਾਉਣ 'ਤੇ ਇਹ ਖੁਲਾਸਾ ਹੋਇਆ ਕਿ ਉਨ੍ਹਾਂ ਤਿੰਨਾਂ ਦਾ ਜਨਮ ਇੱਕੋ ਵੇਲਸ਼ ਸਪਰਮ ਡੋਨਰ ਦੇ ਸਪਰਮ ਰਾਹੀਂ ਹੋਇਆ ਸੀ। ਕਿਉਂਕਿ ਉਨ੍ਹਾਂ ਦਾ ਜਨਮ 1991 ਵਿੱਚ ਨਿਯਮ ਲਾਗੂ ਹੋਣ ਤੋਂ ਪਹਿਲਾਂ ਹੋਇਆ ਸੀ।
ਉਹ ਕਹਿੰਦੀਆਂ ਹਨ ਕਿ ਉਹ ਸਪਰਮ ਡੋਨੇਸ਼ਨ ਦੇ ਉਸ "ਵਾਈਲਡ ਵੈਸਟ" ਦੌਰ ਦੀ ਪੀੜ੍ਹੀ ਨਾਲ ਸੰਬੰਧਤ ਹਨ, ਜਦੋਂ ਇਸ ਖੇਤਰ ਵਿੱਚ ਨਿਯਮ ਕਾਫ਼ੀ ਘੱਟ ਸਨ।
ਉਹ ਆਪਣੇ ਆਪ ਨੂੰ "ਸਪਰਮ ਸਿਸਟਰਜ਼" ਕਹਿੰਦੀਆਂ ਹਨ ਅਤੇ ਹੁਣ ਭੈਣਾਂ ਹੋਣ ਦੇ ਅਹਿਸਾਸ ਨੂੰ ਮਹਿਸੂਸ ਕਰ ਰਹੀਆਂ ਹਨ। ਆਪਣੀ ਪਹਿਲੀ ਮੁਲਾਕਾਤ ਨੂੰ ਉਹ ਕਿਸੇ ਪਰੀ-ਕਥਾ ਵਾਂਗ ਦੱਸਦੀਆਂ ਹਨ। ਉਹ ਕਹਿੰਦੀਆਂ ਹਨ, "ਇਹ ਬਹੁਤ ਜਾਦੂਈ ਅਹਿਸਾਸ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।"
ਜਦੋਂ ਪਤਾ ਲੱਗੀ ਸੱਚਾਈ...

ਤਸਵੀਰ ਸਰੋਤ, Gemma Hicks
ਗੇਮਾ ਅਤੇ ਹੇਲਨ ਹਿਕਸ ਦੀ ਪਰਵਰਿਸ਼ ਬਰਕਸ਼ਾਇਰ ਵਿੱਚ ਇਕੱਠੇ ਹੋਈ। ਉਹ ਹਮੇਸ਼ਾ ਇਹੀ ਮੰਨਦੀਆਂ ਰਹੀਆਂ ਕਿ ਜਿਹੜੇ ਪਿਤਾ ਨੇ ਉਨ੍ਹਾਂ ਨੂੰ ਪਾਲਿਆ-ਪੋਸਿਆ, ਉਹੀ ਉਨ੍ਹਾਂ ਦੇ ਜੈਵਿਕ ਪਿਤਾ ਵੀ ਹਨ।
ਪਰ ਆਪਣੀ ਉਮਰ ਦੇ 20ਵਿਆਂ ਦੇ ਅੰਤ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਜਨਮ ਇੱਕ ਸਪਰਮ ਡੋਨਰ ਦੀ ਮਦਦ ਨਾਲ ਹੋਇਆ ਸੀ। ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੀ ਦੋਹਾਂ ਦਾ ਸਪਰਮ ਡੋਨਰ ਇੱਕੋ ਹੀ ਸੀ ਕਿਉਂਕਿ ਉਸ ਦੌਰ ਦੇ ਰਿਕਾਰਡ ਬਹੁਤ ਸੀਮਤ ਸਨ।
ਸਰੀ ਵਿੱਚ ਰਹਿਣ ਵਾਲੇ 36 ਸਾਲਾ ਗੇਮਾ ਕਹਿੰਦੇ ਹਨ, "ਉਸ ਸਮੇਂ ਸਪਰਮ ਡੋਨੇਸ਼ਨ ਇੱਕ ਵਾਈਲਡ ਵੈਸਟ (ਉਹ ਦੌਰ ਜਦੋਂ ਇਸ ਬਾਬਤ ਨਿਯਮ ਘੱਟ ਸਨ) ਵਰਗਾ ਸੀ। ਬਹੁਤ ਸਾਰੇ ਮਾਪਿਆਂ ਨੂੰ ਕਿਹਾ ਜਾਂਦਾ ਸੀ ਕਿ ਉਹ ਬੱਚੇ ਨੂੰ ਆਪਣਾ ਹੀ ਸਮਝ ਕੇ ਪਾਲਣ ਅਤੇ ਇਸ ਬਾਰੇ ਕਦੇ ਨਾ ਦੱਸਣ।"
ਅਗਸਤ 1991 ਵਿੱਚ ਯੂਕੇ ਦੀ ਪ੍ਰਜਨਨ ਸੰਬੰਧੀ ਨਿਗਰਾਨ ਸੰਸਥਾ ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ (ਐਚਐਫਈਏ) ਦੀ ਸਥਾਪਨਾ ਹੋਈ ਅਤੇ ਇਸ ਖੇਤਰ ਲਈ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਗਏ।
ਡੀਐਨਏ ਟੈਸਟ ਨੇ ਨਾ ਸਿਰਫ਼ ਇਹ ਸਾਬਤ ਕੀਤਾ ਕਿ ਦੋਹਾਂ ਦਾ ਜੈਵਿਕ ਪਿਤਾ ਇੱਕੋ ਹੈ, ਸਗੋਂ ਉਨ੍ਹਾਂ ਨੂੰ ਹੋਰ ਨਵੀਆਂ ਭੈਣਾਂ ਨਾਲ ਵੀ ਮਿਲਾ ਦਿੱਤਾ।
ਗੇਮਾ ਦੱਸਦੇ ਹਨ, "ਮੈਨੂੰ ਸਰੀਰਕ ਤੌਰ 'ਤੇ ਵੀ ਅਜੀਬ ਮਹਿਸੂਸ ਹੋਇਆ। ਮੈਨੂੰ ਲੱਗਣ ਲੱਗਾ ਕਿ ਮੈਂ ਆਪਣੇ ਆਪ ਨੂੰ ਨਹੀਂ ਜਾਣਦੀ। ਮੈਂ ਆਪਣੀ ਹਰ ਛੋਟੀ ਗੱਲ ਬਾਰੇ ਸੋਚਣ ਲੱਗੀ ਕਿ ਕੀ ਇਹ ਮੇਰੇ ਜੀਨਸ ਦਾ ਅਸਰ ਹੈ।"
ਹੈਂਪਸ਼ਾਇਰ ਵਿੱਚ ਰਹਿਣ ਵਾਲੇ 35 ਸਾਲਾ ਹੇਲਨ ਲਈ ਇਹ ਖ਼ਬਰ ਸ਼ੁਰੂਆਤੀ ਸਦਮੇ ਤੋਂ ਬਾਅਦ ਇੱਕ ਤਰ੍ਹਾਂ ਦੀ ਸਪੱਸ਼ਟਤਾ ਲੈ ਕੇ ਆਈ।
ਉਹ ਕਹਿੰਦੇ ਹਨ, "ਮੈਨੂੰ ਇੱਕ ਅਜੀਬ ਪਰ ਗਹਿਨ ਸ਼ਾਂਤੀ ਮਹਿਸੂਸ ਹੋਈ। ਜਦੋਂ ਮੈਂ ਆਪਣੀ ਜ਼ਿੰਦਗੀ ਦੇ ਕੁਝ ਪੁਰਾਣੇ ਪਲਾਂ ਨੂੰ ਯਾਦ ਕਰਦੀ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਅਚਾਨਕ ਸਮਝ ਆਉਣ ਲੱਗ ਪੈਂਦੀਆਂ ਹਨ।"
ਬਾਅਦ ਵਿੱਚ ਉਹ ਇਸੇ ਡੋਨਰ ਦੀ ਮਦਦ ਨਾਲ ਪੈਦਾ ਹੋਈਆਂ ਦੋ ਹੋਰ ਕੁੜੀਆਂ ਨੂੰ ਵੀ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ 36 ਸਾਲਾ ਨਤਾਸ਼ਾ ਗੋਲਡਸਟੇਨ-ਓਪਾਸਿਆਕ ਹੈ, ਜੋ ਐਸੈਕਸ ਵਿੱਚ ਰਹਿੰਦੇ ਹਨ।
'ਅਫ਼ਸੋਸ ਹੁੰਦਾ ਕਿ ਅਸੀਂ ਕਾਫੀ ਕੁਝ ਗੁਆ ਲਿਆ'

ਤਸਵੀਰ ਸਰੋਤ, Natasha Goldstein-Opasiak
ਨਤਾਸ਼ਾ ਨੂੰ 21 ਸਾਲ ਦੀ ਉਮਰ ਵਿੱਚ ਪਤਾ ਲੱਗਿਆ ਸੀ ਕਿ ਉਸ ਦਾ ਜਨਮ ਸਪਰਮ ਡੋਨਰ ਰਾਹੀਂ ਹੋਇਆ ਸੀ ਪਰ ਉਨ੍ਹਾਂ ਨੇ 31 ਸਾਲ ਦੀ ਉਮਰ ਤੱਕ ਡੀਐਨਏ ਟੈਸਟ ਨਹੀਂ ਕਰਵਾਇਆ।
ਉਹ ਕਹਿੰਦੇ ਹਨ, "ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਮੇਰੇ ਦੂਜੇ ਅੱਧੇ ਹਿੱਸੇ ਦੀ ਜੈਨੇਟਿਕ ਪਛਾਣ ਕੀ ਹੈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੇ ਭੈਣ-ਭਰਾ ਮਿਲ ਜਾਣਗੇ।"
ਉਹ ਕਹਿੰਦੇ ਹਨ, "ਤੁਹਾਨੂੰ ਇੱਕ ਈਮੇਲ ਆਉਂਦੀ ਹੈ ਕਿ ਤੁਹਾਡੇ ਰਿਸ਼ਤੇਦਾਰ ਮਿਲੇ ਹਨ। ਇਹ ਬਿਲਕੁਲ ਟਿੰਡਰ ਵਾਂਗ ਹੁੰਦਾ ਹੈ, ਉਹ ਦੱਸਦੇ ਹਨ ਕਿ ਤੁਹਾਡਾ ਮੈਚ ਹੋ ਗਿਆ ਹੈ, ਇਹ ਹਨ ਤੁਹਾਡੀਆਂ ਸੌਤੇਲੀਆਂ ਭੈਣਾਂ।"
ਹੇਲਨ ਅਤੇ ਗੇਮਾ ਨੇ ਨਤਾਸ਼ਾ ਨਾਲ ਸੰਪਰਕ ਕੀਤਾ ਅਤੇ ਇੱਕ ਮਹੀਨੇ ਦੇ ਅੰਦਰ ਹੀ ਤਿੰਨਾਂ ਨੇ ਮਿਲਣ ਦਾ ਫ਼ੈਸਲਾ ਕਰ ਲਿਆ।
ਗੇਮਾ ਕਹਿੰਦੇ ਹਨ, "ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਚੁੰਬਕਾਂ ਵਾਂਗ ਇੱਕ-ਦੂਜੇ ਵੱਲ ਖਿੱਚੇ ਗਏ ਸੀ।"
"ਨਤਾਸ਼ਾ ਨਾਲ ਮੇਜ਼ 'ਤੇ ਬੈਠਣ ਦੇ ਇੱਕ ਮਿੰਟ ਦੇ ਅੰਦਰ ਹੀ ਸਾਨੂੰ ਮਹਿਸੂਸ ਹੋ ਗਿਆ ਕਿ ਅਸੀਂ ਇੱਕੋ ਜਿਹੇ ਢੰਗ ਨਾਲ ਗੱਲ ਕਰਦੇ ਹਾਂ ਅਤੇ ਕਈ ਗੱਲਾਂ ਬਾਰੇ ਸਾਡੇ ਵਿਚਾਰ ਵੀ ਇੱਕੋ ਜਿਹੇ ਹਨ। ਇਹ ਥੋੜ੍ਹਾ ਅਜੀਬ ਸੀ ਪਰ ਬਹੁਤ ਜਾਦੂਈ ਵੀ।"
ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਉਹ ਪਹਿਲਾਂ ਵੀ ਇੱਕ-ਦੂਜੇ ਦੇ ਬਹੁਤ ਨੇੜੇ ਆ ਚੁੱਕੀਆਂ ਸਨ।
ਲਗਭਗ 15 ਸਾਲ ਪਹਿਲਾਂ ਗੇਮਾ ਅਤੇ ਨਤਾਸ਼ਾ ਲੀਡਜ਼ ਦੀ ਇੱਕੋ ਯੂਨੀਵਰਸਿਟੀ ਦੇ ਇੱਕੋ ਹੀ ਵਿਦਿਆਰਥੀ ਨਿਵਾਸ ਵਿੱਚ ਰਹਿੰਦੀਆਂ ਸਨ।
ਗੇਮਾ ਕਹਿੰਦੇ ਹਨ, "ਇਹ ਸੋਚ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਾਨੂੰ ਬਚਪਨ ਵਿੱਚ ਇੱਕ-ਦੂਜੇ ਤੋਂ ਦੂਰ ਰੱਖਿਆ ਗਿਆ। ਅਸੀਂ ਇਕੱਠੇ ਸਮਾਂ ਬਿਤਾ ਸਕਦੀਆਂ ਸੀ, ਜਨਮਦਿਨ ਮਨਾਉਂਦੀਆਂ ਅਤੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਸਕਦੀਆਂ ਸੀ। ਇਹ ਸੋਚ ਕੇ ਅਫ਼ਸੋਸ ਹੁੰਦਾ ਹੈ ਕਿ ਅਸੀਂ ਕਿੰਨਾ ਕੁਝ ਗੁਆ ਦਿੱਤਾ।"
'ਸੱਚ ਪਤਾ ਲੱਗਣ 'ਤੇ ਕਈ ਸਵਾਲਾਂ ਦੇ ਜਵਾਬ ਮਿਲਣ ਲੱਗੇ'
ਤਿੰਨਾਂ ਦੇ ਕਈ ਮਿਲਦੇ-ਜੁਲਦੇ ਗੁਣ ਹਨ, ਜਿਵੇਂ ਕਿ ਰਚਨਾਤਮਕਤਾ। ਗੇਮਾ ਨੇ ਕਲਾ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਇਆ, ਹੇਲਨ ਨੇ ਸੰਗੀਤ ਨੂੰ ਅਪਣਾਇਆ ਅਤੇ ਨਤਾਸ਼ਾ ਨੇ ਡਾਂਸ ਨੂੰ। ਇਸ ਤੋਂ ਇਲਾਵਾ, ਤਿੰਨੇ ਕਿਸੇ ਨਾ ਕਿਸੇ ਸਮੇਂ ਅਧਿਆਪਕ ਜਾਂ ਲੈਕਚਰਾਰ ਵੀ ਰਹਿ ਚੁੱਕੀਆਂ ਹਨ।
ਗੇਮਾ ਕਹਿੰਦੇ ਹਨ, "ਮੈਂ ਕਿਸੇ ਬਹੁਤ ਰਚਨਾਤਮਕ ਪਰਿਵਾਰ ਵਿੱਚ ਵੱਡੀ ਨਹੀਂ ਹੋਈ ਸੀ, ਪਰ ਜਦੋਂ ਇਹ ਜਾਣਿਆ ਕਿ ਅਸੀਂ ਤਿੰਨੇ ਬਹੁਤ ਰਚਨਾਤਮਕ ਹਾਂ ਤਾਂ ਬਹੁਤ ਕੁਝ ਸਮਝ ਆਉਣ ਲੱਗ ਪਿਆ। ਹਰ ਚੀਜ਼ ਆਪਣੇ ਆਪ ਸੁਮੇਲ ਕਰ ਗਈ ਅਤੇ ਆਪਣੇ ਆਪ ਬਾਰੇ ਸਾਡਾ ਅਹਿਸਾਸ ਵੀ ਮਜਬੂਤ ਹੋ ਗਿਆ।"
ਤਿੰਨਾਂ ਭੈਣਾਂ ਦਾ ਕਹਿਣਾ ਹੈ ਕਿ ਆਪਣੇ ਵੰਸ਼ ਅਤੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਕਿਸੇ ਵਿਅਕਤੀ ਦੀ ਪਛਾਣ 'ਤੇ ਡੂੰਘਾ ਅਸਰ ਪਾਉਂਦੀ ਹੈ।
ਗੇਮਾ ਅਤੇ ਹੇਲਨ ਨੂੰ ਪਾਲਣ-ਪੋਸਣ ਵਾਲੇ ਪਿਤਾ ਵੇਲਸ਼ ਸਨ। ਇਸ ਲਈ ਉਹ ਬਚਪਨ ਤੋਂ ਹੀ ਵੇਲਜ਼ ਜਾਂਦੀਆਂ ਰਹੀਆਂ ਅਤੇ ਵੇਲਜ਼ ਦੀ ਰਗਬੀ ਟੀਮ ਦਾ ਸਮਰਥਨ ਕਰਦੀਆਂ ਸਨ।
ਗੇਮਾ ਕਹਿੰਦੇ ਹਨ, "ਵੇਲਸ਼ ਹੋਣਾ ਸਾਡੇ ਪਾਲਣ-ਪੋਸਣ ਦਾ ਬਹੁਤ ਮਹੱਤਵਪੂਰਨ ਹਿੱਸਾ ਸੀ। ਅਸੀਂ ਆਪਣੀ ਪਛਾਣ ਅਤੇ ਸੱਭਿਆਚਾਰ 'ਤੇ ਮਾਣ ਕਰਦੇ ਹੋਏ ਵੱਡੀਆਂ ਹੋਈਆਂ।"
ਦਿਲਚਸਪ ਗੱਲ ਇਹ ਰਹੀ ਕਿ ਡੀਐਨਏ ਟੈਸਟ ਤੋਂ ਇਹ ਵੀ ਪਤਾ ਲੱਗਿਆ ਕਿ ਉਨ੍ਹਾਂ ਦੇ ਜੈਵਿਕ ਪਿਤਾ ਵੀ ਅੰਸ਼ਕ ਤੌਰ 'ਤੇ ਵੇਲਸ਼ ਸਨ।
ਗੇਮਾ ਨੇ ਕਿਹਾ, "ਖੁਸ਼ਕਿਸਮਤੀ ਨਾਲ ਸਾਡੇ ਲਈ ਬਹੁਤ ਕੁਝ ਨਹੀਂ ਬਦਲਿਆ। ਮੈਨੂੰ ਨਹੀਂ ਪਤਾ ਜੇ ਸਾਨੂੰ ਪਤਾ ਲੱਗਦਾ ਕਿ ਅਸੀਂ ਫਰਾਂਸੀਸੀ ਹਾਂ ਜਾਂ ਕਿਸੇ ਹੋਰ ਦੇਸ਼ ਨਾਲ ਸਬੰਧਿਤ ਹਾਂ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ। ਮੈਨੂੰ ਇਹ ਸੋਚ ਕੇ ਦੁੱਖ ਹੁੰਦਾ ਕਿ ਵੇਲਸ਼ ਭਾਈਚਾਰਾ ਸਾਡੀ ਪਛਾਣ ਦਾ ਹਿੱਸਾ ਨਹੀਂ ਸੀ।"

ਤਸਵੀਰ ਸਰੋਤ, Gemma Hicks
ਨਤਾਸ਼ਾ ਬਚਪਨ ਵਿੱਚ ਆਪਣੇ ਆਪ ਨੂੰ ਵੇਲਸ਼ ਨਹੀਂ ਸਮਝਦੀ ਸੀ, ਪਰ ਵੇਲਜ਼ ਨਾਲ ਕੁਝ ਸੰਪਰਕ ਜ਼ਰੂਰ ਸੀ।
ਉਹ ਕਹਿੰਦੇ ਹਨ, "ਮੈਂ ਆਪਣੇ ਬਚਪਨ ਵਿੱਚ ਉੱਤਰੀ ਵੇਲਜ਼ ਦੇ ਬੈਂਗੋਰ ਅਤੇ ਗਵਿਨੇਡ ਵਰਗੇ ਇਲਾਕਿਆਂ ਵਿੱਚ ਕਾਫ਼ੀ ਸਮਾਂ ਬਿਤਾਇਆ ਸੀ, ਇਸ ਲਈ ਮੈਨੂੰ ਪਹਿਲਾਂ ਤੋਂ ਹੀ ਵੇਲਜ਼ ਨਾਲ ਇੱਕ ਅਜੀਬ ਪਰ ਮਜਬੂਤ ਜੁੜਾਅ ਮਹਿਸੂਸ ਹੁੰਦਾ ਸੀ।"
"ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਸਪਰਮ ਡੋਨਰ ਵੀ ਉੱਥੋਂ ਦੇ ਸਨ ਤਾਂ ਮੈਨੂੰ ਸਚਮੁੱਚ ਬਹੁਤ ਖੁਸ਼ੀ ਹੋਈ।"
ਹੇਲਨ ਕਹਿੰਦੇ ਹਨ, "ਜਦੋਂ ਤੁਹਾਨੂੰ ਆਖ਼ਰਕਾਰ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਅਸਲ ਵਿੱਚ ਕੌਣ ਹੋ ਅਤੇ ਅਸੀਂ ਖੁਸ਼ਕਿਮਸਤ ਹਾਂ ਕਿ ਅਸੀਂ ਇਹ ਜਾਣ ਸਕੇ ਤਾਂ ਤੁਹਾਨੂੰ ਅੰਦਰੋਂ ਇੱਕ ਅਦਭੁੱਤ ਸ਼ਾਂਤੀ ਮਹਿਸੂਸ ਹੁੰਦੀ ਹੈ।"
ਇਹ ਭੈਣਾਂ ਆਪਣੇ ਜੈਵਿਕ ਪਿਤਾ ਦੀ ਪਛਾਣ ਕਰਨ ਵਿੱਚ ਵੀ ਸਫਲ ਰਹੀਆਂ ਅਤੇ ਉਨ੍ਹਾਂ ਨਾਲ ਸੰਪਰਕ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਪਰਮ ਡੋਨਰ ਪਿਤਾ ਉਨ੍ਹਾਂ ਨੂੰ "ਨਿੱਘੇਪਣ ਅਤੇ ਸਕਾਰਾਤਮਕਤਾ" ਨਾਲ ਮਿਲੇ।
'ਸਪਰਮ ਸਿਸਟਰਜ਼' ਦੇ ਨਾਂਅ ਨਾਲ ਪੌਡਕਾਸਟ ਸ਼ੁਰੂ ਕੀਤਾ
ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ (ਐਚਐਫਈਏ) ਮੁਤਾਬਕ 1991 ਤੋਂ ਬਾਅਦ ਯੂਕੇ ਦੇ ਲਾਇਸੰਸਸ਼ੁਦਾ ਕਲੀਨਿਕਾਂ ਵਿੱਚ ਡੋਨਰ ਇਲਾਜ ਰਾਹੀਂ 85,000 ਤੋਂ ਵੱਧ ਬੱਚਿਆਂ ਦਾ ਜਨਮ ਹੋ ਚੁੱਕਾ ਹੈ।
2005 ਵਿੱਚ ਯੂਕੇ ਦੇ ਕਾਨੂੰਨ ਵਿੱਚ ਕੀਤੀ ਗਈ ਤਬਦੀਲੀ ਤੋਂ ਬਾਅਦ ਸਪਰਮ, ਐੱਗਸ ਜਾਂ ਭਰੂਣ ਦਾ ਗੁਪਤ ਤੌਰ 'ਤੇ ਦਾਨ ਕਰਨਾ ਸੰਭਵ ਨਹੀਂ ਰਿਹਾ।
ਇਸ ਦਾ ਮਤਲਬ ਹੈ ਕਿ ਜਦੋਂ ਡੋਨਰ ਦੇ ਸਪਰਮ, ਅੰਡਾਣੂ ਜਾਂ ਭਰੂਣ ਦੀ ਮਦਦ ਨਾਲ ਜਨਮਿਆ ਬੱਚਾ 18 ਸਾਲ ਦਾ ਹੋ ਜਾਂਦਾ ਹੈ, ਤਾਂ ਉਹ ਆਪਣੇ ਡੋਨਰ ਬਾਰੇ ਕੁਝ ਪਛਾਣਯੋਗ ਜਾਣਕਾਰੀ ਪ੍ਰਾਪਤ ਕਰਨ ਅਤੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਤਸਵੀਰ ਸਰੋਤ, Sperm Sisters
ਤਿੰਨਾਂ ਭੈਣਾਂ ਦਾ ਕਹਿਣਾ ਹੈ ਕਿ ਹੁਣ ਉਹ "ਸਪਰਮ ਸਿਸਟਰਜ਼" ਵਜੋਂ ਇੱਕ-ਦੂਜੇ ਤੋਂ ਵੱਖ ਨਹੀਂ ਰਹਿ ਸਕਦੀਆਂ ਅਤੇ ਉਨ੍ਹਾਂ ਨੇ ਇਸੇ ਨਾਂਅ ਨਾਲ ਇੱਕ ਪੌਡਕਾਸਟ ਵੀ ਸ਼ੁਰੂ ਕੀਤਾ ਹੈ।
ਨਤਾਸ਼ਾ ਕਹਿੰਦੇ ਹਨ, "ਸਾਨੂੰ ਤਿੰਨਾਂ ਨੂੰ ਕਈ ਵਾਰ ਇਕੱਲਾਪਣ ਮਹਿਸੂਸ ਹੁੰਦਾ ਸੀ। ਅਸੀਂ ਸੋਚਿਆ ਕਿ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਨਾਲ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ ਅਤੇ ਅਸੀਂ ਇੱਕ-ਦੂਜੇ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਾਂਗੇ।"
ਉਹ ਅੱਗੇ ਕਹਿੰਦੇ ਹਨ, "ਅਸੀਂ ਇਸ ਪੌਡਕਾਸਟ ਰਾਹੀਂ ਆਪਣੇ ਭੈਣਚਾਰੇ ਨੂੰ ਹੋਰ ਮਜਬੂਤ ਬਣਾਇਆ ਹੈ।"
ਗੇਮਾ ਕਹਿੰਦੇ ਹਨ, "ਸਾਡੇ ਕੋਲ ਪੂਰੇ 30 ਸਾਲਾਂ ਦੀਆਂ ਗੱਲਾਂ ਹਨ ਜੋ ਅਜੇ ਵੀ ਸਾਂਝੀਆਂ ਕਰਨੀਆਂ ਹਨ।" ਉਨ੍ਹਾਂ ਮੁਤਾਬਕ ਇਸ ਪੌਡਕਾਸਟ ਨੇ ਉਨ੍ਹਾਂ ਨੂੰ ਹੇਲਨ ਦੇ ਹੋਰ ਵੀ ਕਰੀਬ ਲਿਆ ਦਿੱਤਾ ਹੈ।
ਇਹ ਤਿੰਨੋਂ ਭੈਣਾਂ ਡੋਨਰ ਰਾਹੀਂ ਜੰਮੇ ਬੱਚਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਉਤਸੁਕ ਹਨ। ਨਤਾਸ਼ਾ ਇਸ ਵਿਸ਼ੇ ਨੂੰ "ਇੱਕ ਖਾਮੋਸ਼ ਮੁੱਦਾ" ਕਰਾਰ ਦਿੰਦੇ ਹਨ।
ਉਹ ਕਹਿੰਦੇ ਹਨ ਕਿ ਜਦੋਂ ਉਹ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਸਪਰਮ ਡੋਨਰ ਦੀ ਮਦਦ ਨਾਲ ਹੋਇਆ ਸੀ ਤਾਂ ਅਕਸਰ ਲੋਕਾਂ ਦੀ ਪ੍ਰਤੀਕਿਰਿਆ "ਪੂਰੀ ਤਰ੍ਹਾਂ ਹੈਰਾਨੀ ਅਤੇ ਇਸ ਗੱਲ ਦੀ ਘੱਟ ਸਮਝ" ਵਾਲੀ ਹੁੰਦੀ ਹੈ ਕਿ ਇਸ ਦਾ ਅਸਲ ਅਰਥ ਕੀ ਹੈ।
ਸਪਰਮ ਡੋਨਰ ਜ਼ਰੀਏ ਜੰਮੇ ਬੱਚਿਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼
ਭਾਵੇਂ ਅੱਜ-ਕੱਲ੍ਹ ਇਸ ਖੇਤਰ ਵਿੱਚ ਬਿਹਤਰ ਨਿਯਮ ਬਣ ਚੁੱਕੇ ਹਨ, ਪਰ ਇਨ੍ਹਾਂ ਭੈਣਾਂ ਦਾ ਮੰਨਣਾ ਹੈ ਕਿ ਅਜੇ ਵੀ ਡੋਨਰ ਰਾਹੀਂ ਜੰਮੇ ਸਾਰੇ ਬੱਚਿਆਂ ਦੀ ਪੂਰੀ ਸੁਰੱਖਿਆ ਯਕੀਨੀ ਨਹੀਂ ਬਣੀ।
ਉਨ੍ਹਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਹੋਰ ਕਿੰਨੇ ਭੈਣ-ਭਰਾ ਹੋ ਸਕਦੇ ਹਨ। ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ, ਉਸ ਵੇਲੇ ਇੱਕ ਡੋਨਰ ਤੋਂ ਵੱਧ ਤੋਂ ਵੱਧ 10 ਪਰਿਵਾਰਾਂ ਤੱਕ ਹੀ ਬੱਚੇ ਪੈਦਾ ਕਰਨ ਦੀ ਮੌਜੂਦਾ ਸੀਮਾ ਲਾਗੂ ਨਹੀਂ ਸੀ।
ਹਾਲ ਹੀ ਵਿੱਚ ਬੀਬੀਸੀ ਵੇਲਜ਼ ਦੀ ਇੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ਸਾਈਟ ਅਤੇ ਐਪਸ ਰਾਹੀਂ ਗੈਰ-ਨਿਯਮਤ (ਅਨਰੈਗੂਲੇਟਡ) ਸਪਰਮ ਦਾਨ ਨੂੰ ਹੁੰਗਾਰਾ ਮਿਲ ਰਿਹਾ ਹੈ।

ਗੇਮਾ ਕਹਿੰਦੇ ਹਨ, "ਐਚਐਫਈਏ ਨੇ ਇਹ ਯਕੀਨੀ ਬਣਾਉਣ ਲਈ ਬਹੁਤ ਕੰਮ ਕੀਤਾ ਹੈ ਕਿ ਇਹ ਪ੍ਰਕਿਰਿਆ ਨਿਯਮਤ ਹੋਵੇ ਅਤੇ ਲੋਕ ਆਪਣੇ ਡੋਨਰ ਬਾਰੇ ਜਾਣ ਸਕਣ।"
ਉਹ ਕਹਿੰਦੇ ਹਨ, "ਕਾਨੂੰਨਾਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਪਰ ਦੁੱਖ ਦੀ ਗੱਲ ਹੈ ਕਿ ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਹੋਣ ਵਾਲੇ 'ਸਪਰਮ ਡੋਨੇਸ਼ਨ' ਦੇ ਵਧਦੇ ਰੁਝਾਨ ਕਾਰਨ ਲੱਗਦਾ ਹੈ ਕਿ ਇਹ ਸਾਰੀ ਮਿਹਨਤ ਮੁੜ ਪਿੱਛੇ ਵੱਲ ਜਾ ਰਹੀ ਹੈ।"
"ਸਾਡਾ ਜਨਮ ਇੱਕ ਅਜਿਹੇ ਦੌਰ ਵਿੱਚ ਹੋਇਆ ਸੀ ਜਦੋਂ ਕੋਈ ਸਪੱਸ਼ਟ ਨਿਯਮ ਨਹੀਂ ਸਨ। ਕੁਝ ਹੱਦ ਤੱਕ ਅੱਜ ਵੀ ਹਾਲਾਤ ਵੱਖਰੇ ਨਹੀਂ ਹਨ। ਜੇ ਅਸੀਂ ਡੋਨਰ ਰਾਹੀਂ ਜੰਮੇ ਬੱਚਿਆਂ ਦੀ ਅਗਲੀ ਪੀੜ੍ਹੀ ਲਈ ਇੱਕ ਆਵਾਜ਼ ਬਣ ਸਕੀਏ ਤਾਂ ਸ਼ਾਇਦ ਕੁਝ ਮਾਪੇ ਇਹ ਸੋਚਣ ਲਈ ਪ੍ਰੇਰਿਤ ਹੋਣ ਕਿ ਇਸ ਗੱਲ ਨੂੰ ਗੁਪਤ ਰੱਖਣਾ ਚਾਹੀਦਾ ਹੈ ਜਾਂ ਨਹੀਂ ਅਤੇ ਕੀ ਉਨ੍ਹਾਂ ਨੂੰ ਹੋਰ ਸਵਾਲ ਪੁੱਛਣੇ ਚਾਹੀਦੇ ਹਨ।"
ਹੇਲਨ ਦਾ ਕਹਿਣਾ ਹੈ ਕਿ ਸਪਰਮ ਡੋਨਰਾਂ ਦੀ ਮਦਦ ਨਾਲ ਜੰਮੇ ਬੱਚਿਆਂ ਦੀ ਇਸ ਸਮੇਂ "ਕੋਈ ਆਵਾਜ਼ ਨਹੀਂ" ਹੈ।
ਉਹ ਕਹਿੰਦੇ ਹਨ, "ਮੈਂ ਅਤੇ ਮੇਰੀਆਂ ਭੈਣਾਂ ਇਸ ਤਜ਼ਰਬੇ ਦੇ ਪ੍ਰਭਾਵਾਂ ਬਾਰੇ ਗੱਲ ਕਰਨ ਅਤੇ ਉਨ੍ਹਾਂ ਬੱਚਿਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰ ਰਹੀਆਂ ਹਾਂ, ਜਿਨ੍ਹਾਂ ਦੀ ਗੱਲ ਅਕਸਰ ਸੁਣੀ ਨਹੀਂ ਜਾਂਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












