ਵਿਨੇਸ਼ ਫੋਗਾਟ ਨੇ ਕਿਹਾ, ਉਹ ਬ੍ਰਿਜਭੂਸ਼ਣ ਜਿਨਸੀ ਸ਼ੋਸ਼ਣ ਮਾਮਲੇ ਦੀ ਹੈ ਸਰਵਾਈਵਰ, ਗੋਂਡਾ ਦੇ ਟੂਰਨਾਮੈਂਟ ਨੂੰ ਲੈ ਕੇ ਜਤਾਏ ਇਹ ਖਦਸ਼ੇ

ਵਿਨੇਸ਼ ਫੋਗਾਟ

ਤਸਵੀਰ ਸਰੋਤ, @Phogat_Vinesh

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਕਿਹਾ ਹੈ ਕਿ ਜੇ ਉਨ੍ਹਾਂ ਨਾਲ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ
ਪੜ੍ਹਨ ਦਾ ਸਮਾਂ: 6 ਮਿੰਟ

ਓਲੰਪਿਕ ਖਿਡਾਰੀ ਅਤੇ ਭਾਰਤੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਦੇ ਇੱਕ ਰੈਂਕਿੰਗ ਟੂਰਨਾਮੈਂਟ ਨੂੰ ਲੈ ਕੇ ਕਈ ਖਦਸ਼ੇ ਜਤਾਏ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ "ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀਆਂ 6 ਔਰਤ ਸਰਵਾਈਵਰਾਂ ਵਿੱਚੋਂ ਇੱਕ ਹਨ।"

ਵਿਨੇਸ਼ ਫੋਗਾਟ ਨੇ ਕਿਹਾ ਕਿ ਡਬਲਿਊਐੱਫਆਈ ਵੱਲੋਂ ਇੱਕ ਰੈਂਕਿੰਗ ਮੁਕਾਬਲੇ ਦਾ ਐਲਾਨ ਕੀਤਾ ਗਿਆ ਹੈ, ਜੋ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖੇਤਰ ਗੋਂਡਾ ਵਿੱਚ ਕਰਵਾਇਆ ਜਾ ਰਿਹਾ ਹੈ।

ਵਿਨੇਸ਼ ਨੇ ਆਪਣੀ ਸੁਰੱਖਿਆ ਦੇ ਨਾਲ-ਨਾਲ ਮੁਕਾਬਲੇ ਦੀ ਨਿਰਪੱਖਤਾ 'ਤੇ ਗੰਭੀਰ ਖਦਸ਼ੇ ਜ਼ਾਹਿਰ ਕੀਤੇ ਹਨ।

ਡਬਲਿਊਐੱਫਆਈ ਦੇ ਪ੍ਰਧਾਨ ਸੰਜੇ ਸਿੰਘ ਨੇ ਅੰਗਰੇਜ਼ੀ ਅਖ਼ਬਾਰ ਦਿ ਇੰਡਿਅਨ ਐਕਸਪ੍ਰੈਸ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਸੁਰੱਖਿਆ ਦੀ 'ਨਿੱਜੀ ਤੌਰ 'ਤੇ ਗਾਰੰਟੀ' ਦੇਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਨੇਸ਼, ਜੋ ਕਿ ਕਾਂਗਰਸ ਦੀ ਵਿਧਾਇਕ ਵੀ ਹਨ, ਨੂੰ ਇਸ ਮਾਮਲੇ 'ਤੇ ਸਿਆਸੀ ਨਹੀਂ ਹੋਣਾ ਚਾਹੀਦਾ।

ਵਿਨੇਸ਼ ਨੇ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣੇ ਆਪ ਨੂੰ ਸਰਵਾਈਵਰ ਦੱਸਦਿਆਂ ਕਿਹਾ ਕਿ ਇਹ ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਇਸ ਦੀ ਸੁਣਵਾਈ ਜਾਰੀ ਹੈ, ਪਰ ਹਾਲਾਤ ਇੰਨੇ ਬਣ ਗਏ ਹਨ ਕਿ ਉਨ੍ਹਾਂ ਨੂੰ ਮਜਬੂਰੀ ਵਿੱਚ ਇਹ ਦੱਸਣਾ ਪੈ ਰਿਹਾ ਹੈ।

ਵਿਨੇਸ਼ ਦੇ ਇਸ ਬਿਆਨ 'ਤੇ ਇਹ ਖ਼ਬਰ ਪ੍ਰਕਾਸ਼ਿਤ ਹੋਣ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੇਕਰ ਕੋਈ ਪ੍ਰਤੀਕਿਰਿਆ ਜਾਂ ਇਸ ਮਾਮਲੇ ਨਾਲ ਸਬੰਧਤ ਕੋਈ ਬਿਆਨ ਆਉਂਦਾ ਹੈ ਤਾਂ ਉਸ ਨੂੰ ਖ਼ਬਰ ਵਿੱਚ ਸ਼ਾਮਲ ਕੀਤਾ ਜਾਵੇਗਾ।

ਦੱਸ ਦਈਏ ਕਿ 2023 ਵਿੱਚ ਡਬਲਿਊਐੱਫਆਈ ਦੇ ਤਤਕਾਲੀ ਪ੍ਰਧਾਨ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਖ਼ਿਲਾਫ਼ ਇਲਜ਼ਾਮ ਲਗਾਉਣ ਵਾਲੀਆਂ ਮਹਿਲਾ ਭਲਵਾਨਾਂ ਵਿੱਚ ਵਿਨੇਸ਼ ਫੋਗਾਟ ਸ਼ਾਮਲ ਸਨ।

ਵਿਨੇਸ਼ ਨੇ ਕੀ ਕਿਹਾ

ਵਿਨੇਸ਼ ਫੋਗਾਟ

ਤਸਵੀਰ ਸਰੋਤ, Boris Streubel/Getty Images for Laureus

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ

ਵਿਨੇਸ਼ ਫੋਗਾਟ ਨੇ ਕਿਹਾ ਹੈ, "ਇੱਕ ਮਹੀਨਾ ਪਹਿਲਾਂ ਰੈਸਲਿੰਗ ਫੈਡਰੇਸ਼ਨ ਨੇ ਇੱਕ ਰੈਂਕਿੰਗ ਟੂਰਨਾਮੈਂਟ ਦੇ ਪ੍ਰਬੰਧ ਦਾ ਐਲਾਨ ਕੀਤਾ ਹੈ। ਇਹ ਮੁਕਾਬਲਾ ਗੋਂਡਾ, ਯੂਪੀ ਵਿੱਚ ਕਰਵਾਇਆ ਜਾ ਰਿਹਾ ਹੈ... ਜਿੱਥੇ ਬ੍ਰਿਜ ਭੂਸ਼ਣ ਦਾ ਘਰ ਹੈ, ਉਸ ਦਾ ਪ੍ਰਾਈਵੇਟ ਕਾਲਜ ਹੈ।"

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ ਰੈਂਕਿੰਗ ਟੂਰਨਾਮੈਂਟ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਸਥਿਤ ਨੰਦਿਨੀ ਨਗਰ ਯੂਨੀਵਰਸਿਟੀ ਵਿੱਚ 10 ਤੋਂ 12 ਮਈ ਦੇ ਵਿਚਕਾਰ ਹੋਣਾ ਹੈ। ਗੋਂਡਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੰਦਿਨੀ ਨਗਰ ਯੂਨੀਵਰਸਿਟੀ ਦੇ ਸੰਸਥਾਪਕ ਹਨ।

ਉਨ੍ਹਾਂ ਨੇ ਖਦਸ਼ਾ ਜਤਾਉਂਦਿਆਂ ਕਿਹਾ, "ਉੱਥੇ ਮਿਹਨਤ ਕਰਨ ਵਾਲੇ ਹਰ ਖਿਡਾਰੀ ਨੂੰ ਉਸ ਦਾ ਹੱਕ ਮਿਲੇਗਾ ਇਹ ਨਾਮੁਮਕਿਨ ਅਤੇ ਅਸੰਭਵ ਗੱਲ ਹੈ। ਕੌਣ ਰੈਫਰੀ ਕਿਸ ਦੇ ਮੈਚ ਵਿੱਚ ਜਾਵੇਗਾ, ਕੌਣ ਕਿੰਨੇ ਪੌਇੰਟ ਦੇਵੇਗਾ, ਕੌਣ ਮੈਟ ਚੇਅਰਮੈਨ ਕਿੱਥੇ ਬੈਠੇਗਾ, ਕਿਸ ਨੂੰ ਜਿਤਵਾਉਣਾ ਹੈ, ਕਿਸ ਨੂੰ ਹਰਵਾਉਣਾ ਹੈ ਉਹ ਸਭ ਬ੍ਰਿਜਭੂਸ਼ਣ ਦੇ ਲੋਕਾਂ ਵੱਲੋਂ ਕੰਟਰੋਲ ਕੀਤਾ ਜਾਵੇਗਾ।"

"ਸਾਰੇ ਮਿਹਨਤੀ ਖਿਡਾਰੀਆਂ ਦਾ ਵਜ਼ਨ ਠੀਕ ਤਰ੍ਹਾਂ ਚੈੱਕ ਕੀਤਾ ਜਾਵੇਗਾ, ਉਨ੍ਹਾਂ ਦੀ ਮਿਹਨਤ ਦਾ ਨਤੀਜਾ ਮੈਟ 'ਤੇ ਆਵੇਗਾ- ਮੈਨੂੰ ਨਹੀਂ ਲੱਗਦਾ।"

ਵਿਨੇਸ਼ ਫੋਗਾਟ

ਤਸਵੀਰ ਸਰੋਤ, David Ramos/Getty Images

ਤਸਵੀਰ ਕੈਪਸ਼ਨ, 2024 ਦੇ ਪੈਰਿਸ ਓਲੰਪਿਕ ਵਿੱਚ ਕਿਊਬਾ ਦੀ ਭਲਵਾਨ ਨੂੰ ਹਰਾਉਣ ਤੋਂ ਬਾਅਦ ਵਿਨੇਸ਼ ਫੋਗਾਟ। ਪੈਰਿਸ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ

ਵਿਨੇਸ਼ ਨੇ ਕਿਹਾ, "ਅੱਜ ਤੋਂ ਤਿੰਨ ਸਾਲ ਪਹਿਲਾਂ ਅਸੀਂ ਸੈਕਸ਼ੂਅਲ ਹੈਰਾਸਮੈਂਟ ਖ਼ਿਲਾਫ਼ ਵੀ ਆਵਾਜ਼ ਚੁੱਕੀ ਸੀ। ਛੇ ਮਹਿਲਾ ਖਿਡਾਰੀਆਂ ਨੇ ਸ਼ਿਕਾਇਤਾਂ ਕੀਤੀਆਂ ਸਨ, ਉਨ੍ਹਾਂ ਦੇ ਆਧਾਰ 'ਤੇ ਅੱਜ ਵੀ ਗਵਾਹੀਆਂ ਚੱਲ ਰਹੀਆਂ ਹਨ।"

"ਸੁਪਰੀਮ ਕੋਰਟ ਦੇ ਹੁਕਮ ਹਨ ਕਿ ਕਿਸੇ ਵੀ ਪੀੜਤ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾਵੇ। ਪਰ ਅੱਜ ਮਜਬੂਰੀ ਹੈ ਕਿ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਉਨ੍ਹਾਂ ਛੇ ਪੀੜਤਾਂ ਵਿੱਚੋਂ ਇੱਕ ਮੈਂ ਹਾਂ ਜਿਸ ਨੇ ਸ਼ਿਕਾਇਤ ਕੀਤੀ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਪਹਿਲਾਂ ਹੀ ਸਾਡੇ ਐਥਲੀਟਸ 'ਤੇ ਬਹੁਤ ਦਬਾਅ ਹੁੰਦਾ ਹੈ ਅਤੇ ਉੱਥੇ ਜਾ ਕੇ ਮੈਂ ਆਪਣਾ 100 ਫ਼ੀਸਦ ਦੇ ਸਕਾਂਗੀ, ਮੈਨੂੰ ਨਹੀਂ ਲੱਗਦਾ। ਮੈਂ ਕਹਾਂਗੀ ਕਿ ਇੱਕ ਕੁੜੀ ਲਈ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੀ ਹਾਲਤ ਵਿੱਚ ਮੁਕਾਬਲਾ ਕਰਨਾ ਅਤੇ ਉਹ ਹਰ ਖਿਡਾਰੀ ਮੈਨੂੰ ਰਿਲੇਟ ਕਰ ਸਕਦਾ ਹੈ ਜੋ ਇਸ ਸਥਿਤੀ ਵਿੱਚੋਂ ਲੰਘਦਾ ਹੈ।"

ਵਿਨੇਸ਼ ਨੇ ਕਿਹਾ, "ਜੇ ਮੈਂ ਉਸ ਮੁਕਾਬਲੇ ਵਿੱਚ ਜਾਵਾਂਗੀ, ਮੇਰੇ ਨਾਲ ਮੇਰੀ ਟੀਮ ਵੀ ਹੋਵੇਗੀ, ਮੇਰੇ ਵੈਲਵਿਸ਼ਰ ਵੀ ਹੋਣਗੇ ਅਤੇ ਕਿਸੇ ਦੇ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦੀ ਸਿੱਧੀ-ਸਿੱਧੀ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ।"

"ਮੈਂ ਕੋਈ ਪ੍ਰਿਵਿਲੇਜ ਜਾਂ ਆਪਣੇ ਲਈ ਖ਼ਾਸ ਟ੍ਰੀਟਮੈਂਟ ਨਹੀਂ ਚਾਹੁੰਦੀ ਹਾਂ। ਮੈਂ ਬਸ ਇਹ ਚਾਹੁੰਦੀ ਹਾਂ ਕਿ ਮੈਟ ਦੇ ਉੱਪਰ ਫ਼ੈਸਲਾ ਹਰ ਖਿਡਾਰੀ ਦੀ ਮਿਹਨਤ ਦੇ ਆਧਾਰ 'ਤੇ ਹੋਵੇ, ਨਾ ਕਿ ਕਿਸੇ ਗੁੰਡੇ-ਬਦਮਾਸ਼ ਵੱਲੋਂ। ਉਹ ਜਿਸ ਨੂੰ ਚਾਹੇ ਜਿਤਵਾਏਗਾ, ਜਿਸ ਨੂੰ ਚਾਹੇ ਹਰਵਾਏਗਾ।"

'ਸੁਰੱਖਿਆ ਦੀ ਨਿੱਜੀ ਗਾਰੰਟੀ'

ਬ੍ਰਿਜਭੂਸ਼ਣ ਸ਼ਰਨ ਸਿੰਘ (ਖੱਬੇ) ਦੇ ਨਾਲ ਸੰਜੇ ਸਿੰਘ (ਸੱਜੇ)

ਤਸਵੀਰ ਸਰੋਤ, Vipin Kumar/Hindustan Times via Getty Images

ਤਸਵੀਰ ਕੈਪਸ਼ਨ, ਦਸੰਬਰ 2023 ਵਿੱਚ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਚੋਣ ਜਿੱਤਣ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ (ਖੱਬੇ) ਦੇ ਨਾਲ ਸੰਜੇ ਸਿੰਘ (ਸੱਜੇ)

ਦਿ ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ ਵਿਨੇਸ਼ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਡਬਲਿਊਐੱਫਆਈ ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਉਹ ਵਿਨੇਸ਼ ਫੋਗਾਟ ਦੀ ਸੁਰੱਖਿਆ ਦੀ 'ਨਿੱਜੀ ਗਾਰੰਟੀ' ਦਿੰਦੇ ਹਨ, ਪਰ ਨਾਲ ਹੀ ਇਹ ਵੀ ਜੋੜਿਆ ਕਿ ਵਿਨੇਸ਼ ਕਾਂਗਰਸ ਦੀ ਵਿਧਾਇਕ ਵੀ ਹਨ, ਉਨ੍ਹਾਂ ਨੂੰ ਇਸ ਮਸਲੇ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ।

ਸੰਜੇ ਸਿੰਘ ਨੇ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ, "ਮੈਂ ਵਿਨੇਸ਼ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਨਿੱਜੀ ਗਾਰੰਟੀ ਦੇ ਰਿਹਾ ਹਾਂ। ਡਬਲਿਊਐੱਫਆਈ ਪ੍ਰਧਾਨ ਦੇ ਤੌਰ 'ਤੇ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਗੋਂਡਾ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ। ਮੈਂ ਖੁਦ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵਾਂਗਾ। ਕਿਰਪਾ ਕਰਕੇ ਆਓ ਅਤੇ ਮੈਟ 'ਤੇ ਆਪਣਾ ਸਰਵੋਤਮ ਪ੍ਰਦਰਸ਼ਨ ਦਿਓ।"

ਉਨ੍ਹਾਂ ਨੇ ਅੱਗੇ ਕਿਹਾ, "ਦੂਜੇ ਪਾਸੇ, ਜੇ ਉਹ ਸਿਆਸਤ ਕਰਨਾ ਚਾਹੁੰਦੀ ਹੈ ਤਾਂ ਇਹ ਉਨ੍ਹਾਂ ਦੀ ਚੋਣ ਹੈ। ਮਾਮਲਾ ਅਦਾਲਤ ਵਿੱਚ ਹੈ, ਇਸ ਲਈ ਮੈਂ ਉਸ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਸੱਚ ਸਾਹਮਣੇ ਆਉਣ ਦਿਓ।"

ਸੰਜੇ ਸਿੰਘ ਨੇ ਇਹ ਵੀ ਕਿਹਾ, "ਗੋਂਡਾ ਵਿੱਚ ਹੋਣ ਵਾਲੇ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਲਈ ਕਰੀਬ 1200 ਐਂਟਰੀਆਂ ਆਈਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 800 ਐਂਟਰੀਆਂ ਹਰਿਆਣਾ ਦੇ ਭਲਵਾਨਾਂ ਦੀਆਂ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਹੋਰ ਭਲਵਾਨ ਨੇ ਕੋਈ ਇਤਰਾਜ਼ ਨਹੀਂ ਜਤਾਇਆ।"

ਉਨ੍ਹਾਂ ਨੇ ਅੱਗੇ ਕਿਹਾ, "ਜੇ ਵਿਨੇਸ਼ ਨੂੰ ਪੱਖਪਾਤੀ ਰੈਫਰੀ ਨੂੰ ਲੈ ਕੇ ਚਿੰਤਾ ਹੈ, ਤਾਂ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਮੁਕਾਬਲੇ ਲਈ ਚੁਣੇ ਜਾਣ ਵਾਲੇ ਸਾਰੇ ਰੈਫਰੀ ਭਾਰਤੀ ਕੁਸ਼ਤੀ ਸੰਘ ਅਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪੈਨਲ ਤੋਂ ਹੋਣਗੇ।"

"ਇਹ ਚੋਣ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਨਾ ਹੀ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਨਾ ਹੀ ਮੇਰਾ ਇਸ ਵਿੱਚ ਕੋਈ ਦਖ਼ਲ ਹੋਵੇਗਾ ਕਿ ਕੌਣ ਰੈਫਰੀ ਬਣੇਗਾ।"

ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਮੁਹਿੰਮ

ਵਿਨੇਸ਼ ਫੋਗਾਟ

ਤਸਵੀਰ ਸਰੋਤ, Arun THAKUR / AFP) (Photo by ARUN THAKUR/AFP via Getty Images

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਸਾਲ 2023 ਵਿੱਚ ਭਾਰਤੀ ਕੁਸ਼ਤੀ ਸੰਘ ਦੇ ਤਤਕਾਲੀ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਭਲਵਾਨਾਂ ਵਿੱਚ ਸ਼ਾਮਲ ਸੀ

ਸਾਲ 2023 ਵਿੱਚ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ ਅਤੇ ਕੁਝ ਭਾਰਤੀ ਭਲਵਾਨਾਂ ਨੇ ਲਗਾਤਾਰ ਉਨ੍ਹਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ, ਬ੍ਰਿਜਭੂਸ਼ਣ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ।

ਭਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੇ ਆਪਣੇ ਸਰਕਾਰੀ ਸਨਮਾਨ 'ਖੇਲ ਰਤਨ' ਅਤੇ 'ਅਰਜੁਨ ਐਵਾਰਡ' ਦਿੱਲੀ ਵਿੱਚ ਕਰਤਵਯ ਪਥ 'ਤੇ ਛੱਡ ਦਿੱਤੇ ਸਨ। ਦੋਵਾਂ ਭਲਵਾਨਾਂ ਨੇ ਦਿੱਲੀ ਪੁਲਿਸ ਤੋਂ ਇਹ ਮੰਗ ਕੀਤੀ ਸੀ ਕਿ ਇਹ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣ।

ਪਿਛਲੇ ਸਾਲ ਮਈ ਵਿੱਚ ਵਿਨੇਸ਼ ਫੋਗਾਟ ਸਣੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਭਲਵਾਨਾਂ ਨੂੰ ਉਸ ਸਮੇਂ ਝਟਕਾ ਲੱਗਾ ਸੀ ਜਦੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਰਜ 'ਪੋਕਸੋ' ਕੇਸ ਬੰਦ ਕਰ ਦਿੱਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)