'ਮੈਨੂੰ ਛੇ ਸਾਲ ਦੀ ਉਮਰ ਵਿੱਚ ਹੀ ਪੀਰੀਅਡਜ਼ ਸ਼ੁਰੂ ਹੋ ਗਏ, ਛੋਟੀ ਉਮਰੇ ਪੀਰੀਅਡਜ਼ ਤੇ ਛਾਤੀ ਵਧਣ ਨਾਲ ਬੱਚੀਆਂ ਦੇ ਦਿਮਾਗ 'ਤੇ ਕਿਹੋ ਜਿਹਾ ਹੋ ਰਿਹਾ ਅਸਰ

ਤਸਵੀਰ ਸਰੋਤ, Gabby
- ਲੇਖਕ, ਰੇਬੇਕਾ ਥੌਰਨ
- ਰੋਲ, ਬੀਬੀਸੀ ਵਰਲਡ ਸਰਵਿਸ ਦੇ ਗਲੋਬਲ ਹੈਲਥ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਛੇ ਸਾਲ ਦੀ ਉਮਰ ਵਿੱਚ ਗੈਬੀ ਨੂੰ ਪਹਿਲੀ ਵਾਰ ਪੀਰੀਅਡਸ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਸਰੀਰ 'ਤੇ ਵਾਲ ਵੀ ਆਉਣ ਲੱਗੇ।
ਆਪਣੇ ਪਹਿਲੇ ਬੱਚੇ ਵਿੱਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਨੂੰ ਦੇਖ ਕੇ ਉਨ੍ਹਾਂ ਦੀ ਮਾਂ ਘਬਰਾ ਗਈ। ਉਹ ਗੈਬੀ ਨੂੰ ਡਾਕਟਰ ਕੋਲ ਲੈ ਗਏ।
ਇੰਗਲੈਂਡ ਦੀ ਰਹਿਣ ਵਾਲੀ ਗੈਬੀ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, "ਬਾਲ ਰੋਗ ਮਾਹਿਰਾਂ ਦੀ ਟੀਮ ਨੂੰ ਮੇਰੇ ਮਾਮਲੇ 'ਤੇ ਖ਼ੁਦ ਰਿਸਰਚ ਕਰਨੀ ਪਈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹਾ ਮਾਮਲਾ ਨਹੀਂ ਦੇਖਿਆ ਸੀ।"
ਉਨ੍ਹਾਂ ਕਿਹਾ, "ਇਲਾਜ ਦਾ ਸਹੀ ਤਰੀਕਾ ਜਾਣਨ ਲਈ ਉਨ੍ਹਾਂ ਨੂੰ ਦੇਸ਼ ਭਰ ਦੇ ਹੋਰ ਹਸਪਤਾਲਾਂ ਨਾਲ ਵੀ ਸੰਪਰਕ ਕਰਨਾ ਪਿਆ।"
ਹੁਣ 26 ਸਾਲ ਦੇ ਹੋ ਚੁੱਕੇ ਗੈਬੀ ਨੂੰ ਬਾਅਦ ਵਿੱਚ ਸੈਂਟਰਲ ਪ੍ਰਿਕੌਸ਼ਸ ਪਿਊਬਰਟੀ (ਸੀਪੀਪੀ) ਹੋਣ ਦਾ ਪਤਾ ਲੱਗਿਆ। ਇਹ ਅਜਿਹੀ ਸਥਿਤੀ ਹੈ, ਜਿਸ ਵਿੱਚ ਕੁੜੀਆਂ ਵਿੱਚ ਅੱਠ ਸਾਲ ਅਤੇ ਮੁੰਡਿਆਂ ਵਿੱਚ ਨੌਂ ਸਾਲ ਦੀ ਉਮਰ ਤੋਂ ਪਹਿਲਾਂ ਹੀ ਜਵਾਨੀ ਦੀ ਅਵਸਥਾ (ਪਿਊਬਰਟੀ) ਸ਼ੁਰੂ ਹੋ ਜਾਂਦੀ ਹੈ।
ਇਹ ਬਿਮਾਰੀ ਕਿੰਨੇ ਲੋਕਾਂ ਨੂੰ ਹੁੰਦੀ ਹੈ, ਇਸ ਦੇ ਅੰਕੜੇ ਵੱਖ-ਵੱਖ ਦੇਸ਼ਾਂ ਵਿੱਚ ਕਾਫ਼ੀ ਵੱਖਰੇ ਹਨ।
ਕੁੜੀਆਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ। ਦੁਨੀਆ ਭਰ ਵਿੱਚ ਹਰ ਸਾਲ 10,000 ਕੁੜੀਆਂ ਵਿੱਚ 0.2 ਤੋਂ 26 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਜਦਕਿ 10,000 ਮੁੰਡਿਆਂ ਵਿੱਚ ਇਹ ਗਿਣਤੀ 0.02 ਤੋਂ 0.9 ਦੇ ਵਿਚਕਾਰ ਹੁੰਦੀ ਹੈ।
ਘੱਟ ਉਮਰ ਵਿੱਚ ਯੌਨ ਅਵਸਥਾ ਜਾਂ ਜਵਾਨੀ ਸ਼ੁਰੂ ਹੋਣ ਵਾਲੇ ਬੱਚਿਆਂ ਨੂੰ ਸਿਰਫ਼ ਉਸ ਸਮੇਂ ਦੀਆਂ ਪਰੇਸ਼ਾਨੀਆਂ ਹੀ ਨਹੀਂ ਝੱਲਣੀਆਂ ਪੈਂਦੀਆਂ, ਸਗੋਂ ਅੱਗੇ ਚੱਲ ਕੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਕੈਂਸਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ।
'ਮੈਨੂੰ ਲੱਗਦਾ ਸੀ ਕਿ ਮੈਂ ਸਭ ਤੋਂ ਵੱਖਰੀ ਹਾਂ'

ਤਸਵੀਰ ਸਰੋਤ, Gabby
ਜਦੋਂ ਗੈਬੀ ਦੀ ਕਿਸ਼ੋਰ ਅਵਸਥਾ ਸ਼ੁਰੂ ਹੋਈ, ਉਦੋਂ ਉਹ ਇੰਨੇ ਛੋਟੇ ਸਨ ਕਿ ਉਨ੍ਹਾਂ ਨੂੰ ਉਸ ਦੌਰ ਦੀਆਂ ਜ਼ਿਆਦਾਤਰ ਗੱਲਾਂ ਯਾਦ ਨਹੀਂ ਹਨ। ਪਰ ਜੋ ਕੁਝ ਯਾਦ ਹੈ, ਉਹ ਦਰਦਨਾਕ ਅਤੇ ਪਰੇਸ਼ਾਨ ਕਰਨ ਵਾਲਾ ਹੈ।
ਉਹ ਕਹਿੰਦੇ ਹਨ, "ਮੈਨੂੰ ਯਾਦ ਹੈ ਕਿ ਤੇਜ਼ ਦਰਦ ਕਾਰਨ ਮੈਂ ਫਰਸ਼ 'ਤੇ ਸੁੰਗੜ ਕੇ ਲੇਟ ਜਾਂਦੀ ਸੀ।"
ਕਰੀਬ ਇੱਕ ਸਾਲ ਤੱਕ ਜਾਂਚ ਕਰਵਾਉਣ ਅਤੇ ਮਾਹਰਾਂ ਕੋਲ ਭੇਜੇ ਜਾਣ ਤੋਂ ਬਾਅਦ ਡਾਕਟਰਾਂ ਨੂੰ ਉਨ੍ਹਾਂ ਦੀ ਬਿਮਾਰੀ ਦਾ ਪਤਾ ਲੱਗਾ।
ਉਨ੍ਹਾਂ ਦੇ ਦਿਮਾਗ਼ ਦਾ ਐੱਮਆਰਆਈ ਸਕੈਨ ਵੀ ਕੀਤਾ ਗਿਆ, ਪਰ ਉਸ ਵਿੱਚ ਅਜਿਹਾ ਕੋਈ ਸਪੱਸ਼ਟ ਕਾਰਨ ਨਹੀਂ ਮਿਲਿਆ, ਜੋ ਇਸ ਸਥਿਤੀ ਦੀ ਵਜ੍ਹਾ ਬਣਿਆ ਹੋਵੇ।
ਇਸ ਤੋਂ ਬਾਅਦ ਗੈਬੀ ਨੂੰ ਸੈਂਟਰਲ ਪ੍ਰਿਕੌਸ਼ਸ ਪਿਊਬਰਟੀ (ਸੀਪੀਪੀ) ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦਾ ਇਲਾਜ ਹਾਰਮੋਨ ਬਲੌਕਰ ਦਵਾਈਆਂ ਨਾਲ ਸ਼ੁਰੂ ਕੀਤਾ ਗਿਆ।
ਇਨ੍ਹਾਂ ਦਵਾਈਆਂ ਨੂੰ ਗੋਨਾਡੋਟ੍ਰੋਪਿਨ-ਰੀਲੀਜ਼ਿੰਗ ਹਾਰਮੋਨ ਐਗੋਨਿਸਟ (ਜੀਐੱਨਆਰਐੱਚ) ਕਿਹਾ ਜਾਂਦਾ ਹੈ।
ਗੈਬੀ ਕਹਿੰਦੇ ਹਨ, "ਮੈਨੂੰ ਲੱਗਦਾ ਸੀ ਕਿ ਮੈਂ ਸਭ ਤੋਂ ਵੱਖਰੀ ਹਾਂ। ਮੇਰੇ ਇੰਨੇ ਸਾਰੇ ਟੈਸਟ ਹੋ ਰਹੇ ਸਨ ਅਤੇ ਹਾਰਮੋਨ ਰੋਕਣ ਲਈ ਮੈਨੂੰ ਹਰ ਤਿੰਨ ਹਫ਼ਤਿਆਂ ਵਿੱਚ ਇੰਜੈਕਸ਼ਨ ਲਗਵਾਉਣੇ ਪੈਂਦੇ ਸਨ।"

ਤਸਵੀਰ ਸਰੋਤ, Gabby
ਜੀਐੱਨਆਰਐੱਚ ਦੇ ਨਿਯਮਿਤ ਇੰਜੈਕਸ਼ਨ ਕਿਸ਼ੋਰ ਅਵਸਥਾ ਦੀ ਪ੍ਰਕਿਰਿਆ ਨੂੰ ਕੁਝ ਸਮੇਂ ਲਈ ਰੋਕ ਦਿੰਦੇ ਹਨ। ਇਸ ਨਾਲ ਬੱਚੇ ਦਾ ਸਰੀਰਕ ਵਿਕਾਸ ਉਸ ਦੀ ਉਮਰ ਦੇ ਹਿਸਾਬ ਨਾਲ ਆਮ ਰਫ਼ਤਾਰ ਨਾਲ ਹੁੰਦਾ ਰਹਿੰਦਾ ਹੈ।
ਆਮ ਤੌਰ 'ਤੇ 11 ਤੋਂ 12 ਸਾਲ ਦੀ ਉਮਰ ਦੇ ਵਿਚਕਾਰ ਇਹ ਦਵਾਈ ਬੰਦ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਕਿਸ਼ੋਰ ਅਵਸਥਾ ਆਮ ਤਰੀਕੇ ਨਾਲ ਮੁੜ ਸ਼ੁਰੂ ਹੋ ਜਾਂਦੀ ਹੈ।
ਇਨ੍ਹਾਂ ਦਵਾਈਆਂ ਨੇ ਗੈਬੀ ਦੇ ਸਰੀਰਕ ਵਿਕਾਸ ਨੂੰ ਰੋਕਣ ਵਿੱਚ ਅਸਰ ਦਿਖਾਇਆ। ਪਰ ਉਦੋਂ ਤੱਕ ਉਹ ਲਗਭਗ ਇੱਕ ਸਾਲ ਤੱਕ ਕਿਸ਼ੋਰ ਅਵਸਥਾ ਨਾਲ ਜੁੜੇ ਸਰੀਰਕ ਬਦਲਾਵਾਂ ਦਾ ਤਜਰਬਾ ਕਰ ਚੁੱਕੇ ਸਨ।
ਉਹ ਕਹਿੰਦੇ ਹਨ, "ਸ਼ੀਸ਼ੇ ਵਿੱਚ ਖ਼ੁਦ ਨੂੰ ਦੇਖ ਕੇ ਮੈਂ ਸਮਝ ਨਹੀਂ ਪਾਉਂਦੀ ਸੀ ਕਿ ਮੈਂ ਕੌਣ ਹਾਂ। ਮੈਂ ਮਾਨਸਿਕ ਤੌਰ 'ਤੇ ਜਿੰਨਾ ਮਹਿਸੂਸ ਕਰਦੀ ਸੀ, ਉਸ ਤੋਂ ਜ਼ਿਆਦਾ ਵੱਡੀ ਦਿਖਾਈ ਦਿੰਦੀ ਸੀ।"
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਸ ਕਾਰਨ ਮੇਰੇ 'ਤੇ ਉਮਰ ਤੋਂ ਪਹਿਲਾਂ ਜ਼ਿਆਦਾ ਵੱਡੇ (ਸਮਝਦਾਰ/ਸਿਆਣੇ) ਬਣਨ ਦਾ ਦਬਾਅ ਆ ਗਿਆ ਸੀ।"
ਘੱਟ ਉਮਰ ਵਿੱਚ ਕਿਸ਼ੋਰ ਅਵਸਥਾ ਸ਼ੁਰੂ ਹੋਣ ਦੀ ਵਜ੍ਹਾ ਕੀ ਹੈ?
ਪੈਰੀਫੇਰਲ ਪ੍ਰਿਕੌਸ਼ਸ ਪਿਊਬਰਟੀ (ਪੀਪੀਪੀ) ਉਦੋਂ ਹੁੰਦੀ ਹੈ, ਜਦੋਂ ਓਵਰੀਆਂ ਸਮੇਂ ਤੋਂ ਪਹਿਲਾਂ ਜਵਾਨੀ ਵਾਲੇ ਹਾਰਮੋਨ ਛੱਡਣ ਲੱਗਦੀਆਂ ਹਨ।
ਇਸ ਵਿੱਚ ਦਿਮਾਗ਼ ਦੇ ਉਸ ਹਿੱਸੇ ਦੀ ਭੂਮਿਕਾ ਨਹੀਂ ਹੁੰਦੀ, ਜਿਸ ਨੂੰ ਹਾਈਪੋਥੈਲਮਸ ਕਿਹਾ ਜਾਂਦਾ ਹੈ। ਹਾਈਪੋਥੈਲਮਸ ਸਰੀਰ ਦੇ ਹਾਰਮੋਨਾਂ ਦਾ ਕੰਟਰੋਲ ਸੈਂਟਰ ਹੁੰਦਾ ਹੈ।
ਆਮ ਤੌਰ 'ਤੇ ਇਸ ਦੀ ਵਜ੍ਹਾ ਕੋਈ ਹੋਰ ਸਿਹਤ ਸਮੱਸਿਆ ਹੁੰਦੀ ਹੈ। ਇਨ੍ਹਾਂ ਵਿੱਚ ਓਵਰੀ ਵਿੱਚ ਟਿਊਮਰ, ਐਡ੍ਰੀਨਲ ਗ੍ਰੰਥੀ ਨਾਲ ਜੁੜੀਆਂ ਬਿਮਾਰੀਆਂ ਜਾਂ ਬਾਹਰੀ ਸਰੋਤਾਂ ਤੋਂ ਮਿਲਣ ਵਾਲੇ ਯੌਨ ਹਾਰਮੋਨ ਸ਼ਾਮਲ ਹਨ।
ਸੈਂਟਰਲ ਪ੍ਰਿਕੌਸ਼ਸ ਪਿਊਬਰਟੀ (ਸੀਪੀਪੀ) ਵਿੱਚ ਸਰੀਰ ਵਿੱਚ ਕਿਸ਼ੋਰ ਅਵਸਥਾ ਆਮ ਪ੍ਰਕਿਰਿਆ ਦੇ ਅਨੁਸਾਰ ਹੀ ਅੱਗੇ ਵਧਦੀ ਹੈ, ਪਰ ਇਸ ਦੀ ਸ਼ੁਰੂਆਤ ਬਹੁਤ ਜਲਦੀ ਹੋ ਜਾਂਦੀ ਹੈ।
ਇਹ ਘੱਟ ਉਮਰ ਵਿੱਚ ਕਿਸ਼ੋਰ ਅਵਸਥਾ ਸ਼ੁਰੂ ਹੋਣ ਦਾ ਸਭ ਤੋਂ ਆਮ ਢੰਗ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਸ ਦਾ ਕੋਈ ਸਪੱਸ਼ਟ ਕਾਰਨ ਪਤਾ ਨਹੀਂ ਲੱਗਦਾ।
ਡੈਨਮਾਰਕ ਵਿੱਚ 1998 ਤੋਂ 2017 ਦੇ ਵਿਚਕਾਰ 8,596 ਬੱਚਿਆਂ 'ਤੇ ਕੀਤੇ ਗਏ 2020 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਹਰ ਸਾਲ ਔਸਤਨ 10,000 ਕੁੜੀਆਂ ਵਿੱਚ 9.2 ਅਤੇ 10,000 ਮੁੰਡਿਆਂ ਵਿੱਚ 0.9 ਬੱਚਿਆਂ ਨੂੰ ਸੀਪੀਪੀ ਦਾ ਨਿਦਾਨ ਕੀਤਾ ਗਿਆ।
ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ 20 ਸਾਲਾਂ ਦੌਰਾਨ ਕੁੜੀਆਂ ਵਿੱਚ ਇਸ ਦੇ ਮਾਮਲਿਆਂ ਦੀ ਦਰ ਲਗਭਗ ਤਿੰਨ ਗੁਣਾ ਵਧ ਗਈ। ਇਸੇ ਤਰ੍ਹਾਂ ਮੁੰਡਿਆਂ ਵਿੱਚ ਇਹ ਦਰ ਲਗਭਗ ਦੁੱਗਣੀ ਹੋ ਗਈ।
ਦੱਖਣੀ ਕੋਰੀਆ ਵਿੱਚ 2008 ਤੋਂ 2014 ਦੇ ਵਿਚਕਾਰ ਰਾਸ਼ਟਰੀ ਬੀਮਾ ਦਾਅਵਿਆਂ ਦੇ ਵਿਸ਼ਲੇਸ਼ਣ ਤੋਂ ਅੰਦਾਜ਼ਾ ਲਗਾਇਆ ਗਿਆ ਕਿ 10,000 ਕੁੜੀਆਂ ਵਿੱਚੋਂ 26.28 ਨੂੰ ਸੀਪੀਪੀ ਸੀ। ਜਦੋਂਕਿ 10,000 ਮੁੰਡਿਆਂ ਵਿੱਚ ਇਹ ਗਿਣਤੀ ਸਿਰਫ਼ 0.7 ਸੀ।

ਤਸਵੀਰ ਸਰੋਤ, Getty Images
ਖੋਜਕਰਤਾ ਅਜੇ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ ਕਿ ਇਹ ਸਮੱਸਿਆ ਕੁੜੀਆਂ ਵਿੱਚ ਜ਼ਿਆਦਾ ਕਿਉਂ ਦੇਖੀ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਵਾਤਾਵਰਣ ਅਤੇ ਸਰੀਰ ਨਾਲ ਜੁੜੇ ਜੈਵਿਕ ਕਾਰਨਾਂ ਦਾ ਮਿਲਿਆ ਜੁਲਿਆ ਕਾਰਨ ਹੋ ਸਕਦਾ ਹੈ।
ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਆਮ ਆਬਾਦੀ ਵਿੱਚ ਕੁੜੀਆਂ ਦੀ ਕਿਸ਼ੋਰ ਅਵਸਥਾ ਪਹਿਲਾਂ ਦੇ ਮੁਕਾਬਲੇ ਘੱਟ ਉਮਰ ਵਿੱਚ ਸ਼ੁਰੂ ਹੋ ਰਹੀ ਹੈ।
44 ਅਧਿਐਨਾਂ ਦੇ 2025 ਦੇ ਇੱਕ ਮੈਟਾ-ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ 1977 ਤੋਂ 2013 ਦੇ ਵਿਚਕਾਰ ਕੁੜੀਆਂ ਵਿੱਚ ਛਾਤੀਆਂ ਦਾ ਵਿਕਾਸ ਸ਼ੁਰੂ ਹੋਣ ਦੀ ਔਸਤ ਉਮਰ ਹਰ ਦਹਾਕੇ ਵਿੱਚ ਲਗਭਗ ਤਿੰਨ ਮਹੀਨੇ ਘੱਟ ਹੋਈ।
ਅਧਿਐਨਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੁੰਡਿਆਂ ਵਿੱਚ ਵੀ ਕਿਸ਼ੋਰ ਅਵਸਥਾ ਪਹਿਲਾਂ ਸ਼ੁਰੂ ਹੋਣ ਲੱਗੀ ਹੈ। ਹਾਲਾਂਕਿ ਇਹ ਬਦਲਾਅ ਕੁੜੀਆਂ ਦੇ ਮੁਕਾਬਲੇ ਓਨਾ ਵੱਡਾ ਨਹੀਂ ਹੈ।
ਬ੍ਰਾਜ਼ੀਲ ਦੀ ਸਾਓ ਪਾਓਲੋ ਯੂਨੀਵਰਸਿਟੀ ਵਿੱਚ ਐਂਡੋਕ੍ਰਾਈਨੋਲੋਜਿਸਟ ਡਾਕਟਰ ਐਨਾ ਪਿਨਹੇਰੋ ਮਾਸ਼ਾਦੋ ਕੈਂਟਨ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੇ ਬੱਚਿਆਂ ਦਾ ਵੀ ਇਲਾਜ ਕੀਤਾ ਹੈ, ਜਿਨ੍ਹਾਂ ਦੀ ਉਮਰ ਸਿਰਫ਼ ਇੱਕ ਸਾਲ ਸੀ ਅਤੇ ਉਨ੍ਹਾਂ ਵਿੱਚ ਇਹ ਸਮੱਸਿਆ ਦੇਖੀ ਗਈ।
ਉਨ੍ਹਾਂ ਮੁਤਾਬਕ, ਅਜਿਹੇ ਬਹੁਤ ਗੰਭੀਰ ਮਾਮਲਿਆਂ ਵਿੱਚ ਸਭ ਤੋਂ ਸੰਭਾਵਿਤ ਵਜ੍ਹਾ ਹਾਈਪੋਥੈਲਮਸ ਵਿੱਚ ਮੌਜੂਦ ਜ਼ਖ਼ਮ ਜਾਂ ਅਸਮਾਨਤਾਵਾਂ ਹੁੰਦੀਆਂ ਹਨ।
ਕੁਝ ਮਾਮਲਿਆਂ ਵਿੱਚ ਇਹ ਵੀ ਪਾਇਆ ਗਿਆ ਕਿ ਦਿਮਾਗ਼ ਦੇ ਟਿਊਮਰ ਵੀ ਘੱਟ ਉਮਰ ਵਿੱਚ ਯੌਨ ਅਵਸਥਾ ਸ਼ੁਰੂ ਹੋਣ ਦਾ ਕਾਰਨ ਬਣੇ।
ਕੈਂਟਨ ਅਤੇ ਉਨ੍ਹਾਂ ਦੀ ਖੋਜ ਟੀਮ ਦਾ ਮੰਨਣਾ ਹੈ ਕਿ ਇਸਦੇ ਪਿੱਛੇ ਕੁਝ ਬਾਹਰੀ ਕਾਰਨ ਵੀ ਹੋ ਸਕਦੇ ਹਨ। ਇਨ੍ਹਾਂ ਵਿੱਚ ਖਾਣ-ਪੀਣ ਅਤੇ ਵਾਤਾਵਰਣ ਨਾਲ ਜੁੜੇ ਕਾਰਕ ਸ਼ਾਮਲ ਹਨ।
ਉਹ ਕਹਿੰਦੇ ਹਨ, "ਬੱਚਿਆਂ ਵਿੱਚ ਵਧਦਾ ਮੋਟਾਪਾ ਇੱਕ ਅਜਿਹਾ ਕਾਰਨ ਹੈ, ਜਿਸ 'ਤੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਜਦੋਂ ਕਿਸੇ ਬੱਚੇ ਨੂੰ ਮੋਟਾਪੇ ਦੀ ਸਮੱਸਿਆ ਹੁੰਦੀ ਹੈ, ਤਾਂ ਉਸ ਦੀ ਯੌਨ ਅਵਸਥਾ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।"
ਖੋਜ ਵਿੱਚ ਪਾਇਆ ਗਿਆ ਹੈ ਕਿ ਸਰੀਰ ਵਿੱਚ ਮੌਜੂਦ ਫੈਟ ਟਿਸ਼ੂ, ਐਸਟ੍ਰੋਜਨ ਸਮੇਤ ਕਈ ਯੌਨ ਹਾਰਮੋਨਾਂ ਦੇ ਪੱਧਰ ਨੂੰ ਵਧਾ ਸਕਦੇ ਹਨ।
ਫੈਟ ਟਿਸ਼ੂ ਲੈਪਟਿਨ ਨਾਮ ਦੇ ਇੱਕ ਹਾਰਮੋਨ ਦਾ ਪੱਧਰ ਵੀ ਵਧਾਉਂਦੇ ਹਨ, ਜੋ ਹੱਡੀਆਂ ਦੇ ਵਿਕਾਸ ਵਿੱਚ ਭੂਮਿਕਾ ਨਿਭਾਉਂਦਾ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਕੁਝ ਬੱਚਿਆਂ ਵਿੱਚ ਇਹੀ ਬਦਲਾਅ ਘੱਟ ਉਮਰ ਵਿੱਚ ਯੌਨ ਅਵਸਥਾ ਸ਼ੁਰੂ ਹੋਣ ਦੀ ਵਜ੍ਹਾ ਬਣ ਸਕਦੇ ਹਨ।
ਅਨੁਵੰਸ਼ਿਕ ਕਾਰਨ ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਸਾਲ 2013 ਵਿੱਚ ਪ੍ਰੋਫੈਸਰ ਐਨਾ ਕਲੌਡੀਆ ਲੈਟ੍ਰੋਨਿਕ ਦੀ ਅਗਵਾਈ ਵਾਲੀ ਖੋਜ ਟੀਮ ਅਤੇ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਮਹੱਤਵਪੂਰਨ ਖੋਜ ਕੀਤੀ ਸੀ।

ਤਸਵੀਰ ਸਰੋਤ, Bruno Bernardi
ਉਨ੍ਹਾਂ ਨੇ ਪਾਇਆ ਕਿ ਐਮਕੇਆਰਐਨ3 (MKRN3) ਨਾਮ ਦੇ ਜੀਨ ਵਿੱਚ ਹੋਣ ਵਾਲਾ ਇੱਕ ਮਿਊਟੇਸ਼ਨ ਅਤੇ ਕੁਝ ਹੋਰ ਅਨੁਵੰਸ਼ਿਕ ਬਦਲਾਅ, ਸੈਂਟਰਲ ਪ੍ਰਿਕੌਸ਼ਸ ਪਿਊਬਰਟੀ ਦੀ ਵਜ੍ਹਾ ਬਣ ਸਕਦੇ ਹਨ।
10 ਸਾਲ ਦੀ ਲਾਰਾ ਅਤੇ ਅੱਠ ਸਾਲ ਦੀ ਬੀਐਟ੍ਰਿਜ਼, ਦੋਵਾਂ ਵਿੱਚ ਇਹ ਮਿਊਟੇਸ਼ਨ ਪਾਇਆ ਗਿਆ। ਇਸ ਦਾ ਪਤਾ ਉਦੋਂ ਲੱਗਾ, ਜਦੋਂ ਲਾਰਾ ਵਿੱਚ ਘੱਟ ਉਮਰ ਵਿੱਚ ਹੀ ਛਾਤੀਆਂ ਦੇ ਵਿਕਾਸ ਦੇ ਸੰਕੇਤ ਦਿਖਾਈ ਦੇਣ ਲੱਗੇ।
ਉਨ੍ਹਾਂ ਦੀ ਮਾਂ ਲੇਈਆ ਬਰਨਾਰਡੀ ਕਹਿੰਦੇ ਹਨ, "ਮੈਂ ਬਹੁਤ ਡਰ ਗਈ ਸੀ ਕਿਉਂਕਿ ਉਸ ਸਮੇਂ ਉਹ ਸਿਰਫ਼ ਪੰਜ ਸਾਲ ਅਤੇ 10 ਮਹੀਨੇ ਦੀ ਸੀ। ਇਸ ਦੌਰ ਵਿੱਚੋਂ ਲੰਘਣ ਲਈ ਉਹ ਅਜੇ ਬਹੁਤ ਛੋਟੀ ਸੀ।"
ਜੈਨੇਟਿਕ ਜਾਂਚ ਰਾਹੀਂ ਕੈਂਟਨ ਅਤੇ ਉਨ੍ਹਾਂ ਦੀ ਟੀਮ ਨੇ ਪਤਾ ਲਗਾਇਆ ਕਿ ਇਹ ਮਿਊਟੇਸ਼ਨ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਵਾਲੇ ਪਾਸਿਓਂ ਪਰਿਵਾਰ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਾਰਾ ਦੀ ਛੋਟੀ ਭੈਣ ਬੀਐਟ੍ਰਿਜ਼ ਵਿੱਚ ਵੀ ਸੀਪੀਪੀ ਹੋਣ ਦੀ ਸੰਭਾਵਨਾ ਲਗਭਗ ਤੈਅ ਸੀ।
ਇਸ ਦਾ ਫ਼ਾਇਦਾ ਇਹ ਹੋਇਆ ਕਿ ਜਦੋਂ ਸੱਤ ਸਾਲ ਦੀ ਉਮਰ ਵਿੱਚ ਬੀਐਟ੍ਰਿਜ਼ ਵਿੱਚ ਵਿਕਾਸ ਦੇ ਸ਼ੁਰੂਆਤੀ ਸੰਕੇਤ ਦਿਖਣ ਲੱਗੇ, ਤਾਂ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕਿਆ।
ਲੇਈਆ ਕਹਿੰਦੇ ਹਨ, "ਮੈਂ ਬਹੁਤ ਪਰੇਸ਼ਾਨ ਹੋ ਗਈ ਸੀ, ਕਿਉਂਕਿ ਅਜਿਹਾ ਲੱਗਿਆ ਜਿਵੇਂ ਉਨ੍ਹਾਂ ਦੇ ਬਚਪਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਸਾਡੇ ਤੋਂ ਖੋਹ ਲਿਆ ਗਿਆ।"
ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ
ਕੈਂਟਨ ਚੇਤਾਵਨੀ ਦਿੰਦੇ ਹਨ ਕਿ ਜੇ ਸੈਂਟਰਲ ਪ੍ਰਿਕੌਸ਼ਸ ਪਿਊਬਰਟੀ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸ ਦੇ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਗੰਭੀਰ ਅਸਰ ਪੈ ਸਕਦੇ ਹਨ।
ਉਹ ਕਹਿੰਦੇ ਹਨ, "ਸੋਚੋ, ਜੇ ਕਿਸੇ ਕੁੜੀ ਵਿੱਚ ਛੇ ਜਾਂ ਸੱਤ ਸਾਲ ਦੀ ਉਮਰ ਵਿੱਚ ਛਾਤੀਆਂ ਦਾ ਵਿਕਾਸ ਸ਼ੁਰੂ ਹੋ ਜਾਵੇ, ਤਾਂ ਉਹ ਆਪਣੇ ਦੋਸਤਾਂ ਅਤੇ ਸਕੂਲ ਦੀਆਂ ਦੂਜੀਆਂ ਹਮਉਮਰ ਕੁੜੀਆਂ ਤੋਂ ਕਾਫ਼ੀ ਵੱਖਰੀ ਦਿਖਣ ਲੱਗਦੀ ਹੈ। ਇਹ ਸਥਿਤੀ ਉਸ ਲਈ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ।"
ਜੈਵਿਕ ਤੌਰ 'ਤੇ ਵੀ, ਜਿਨ੍ਹਾਂ ਬੱਚਿਆਂ ਵਿੱਚ ਯੌਨ ਅਵਸਥਾ ਘੱਟ ਉਮਰ ਵਿੱਚ ਸ਼ੁਰੂ ਹੋ ਜਾਂਦੀ ਹੈ, ਉਨ੍ਹਾਂ ਦੀ ਲੰਬਾਈ ਮੁਕਾਬਲਤਨ ਘੱਟ ਰਹਿਣ ਦੀ ਸੰਭਾਵਨਾ ਹੁੰਦੀ ਹੈ।
ਕੈਂਟਨ ਦੱਸਦੇ ਹਨ, "ਯੌਨ ਹਾਰਮੋਨ ਹੱਡੀਆਂ ਦੇ ਪਰਿਪੱਕ ਹੋਣ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਲਈ ਜੇ ਯੌਨ ਅਵਸਥਾ ਜਲਦੀ ਸ਼ੁਰੂ ਹੋ ਜਾਂਦੀ ਹੈ, ਤਾਂ ਹੱਡੀਆਂ ਦਾ ਵਿਕਾਸ ਵੀ ਬਹੁਤ ਤੇਜ਼ੀ ਨਾਲ ਹੁੰਦਾ ਹੈ।"
ਉਹ ਕਹਿੰਦੇ ਹਨ ਕਿ ਅਜਿਹੀ ਸਥਿਤੀ ਵਿੱਚ ਹੱਡੀਆਂ ਦਾ ਵਿਕਾਸ ਆਮ ਨਾਲੋਂ ਪਹਿਲਾਂ ਹੀ ਰੁਕ ਸਕਦਾ ਹੈ। ਇਸ ਨਾਲ ਬੱਚੇ ਦੀ ਅੰਤਿਮ ਲੰਬਾਈ ਘੱਟ ਰਹਿ ਸਕਦੀ ਹੈ।

ਤਸਵੀਰ ਸਰੋਤ, Getty Images
ਵੱਡੇ ਪੱਧਰ 'ਤੇ ਕੀਤੇ ਗਏ ਅਧਿਐਨਾਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਘੱਟ ਉਮਰ ਵਿੱਚ ਕਿਸ਼ੋਰ ਅਵਸਥਾ ਸ਼ੁਰੂ ਹੋਣ ਦਾ ਸਬੰਧ ਦਿਲ ਦੀਆਂ ਬਿਮਾਰੀਆਂ ਅਤੇ ਯੌਨ ਹਾਰਮੋਨਾਂ ਨਾਲ ਜੁੜੇ ਕੁਝ ਕੈਂਸਰਾਂ ਦੇ ਵਧੇ ਹੋਏ ਖ਼ਤਰੇ ਨਾਲ ਹੋ ਸਕਦਾ ਹੈ। ਇਨ੍ਹਾਂ ਵਿੱਚ ਬ੍ਰੈਸਟ ਕੈਂਸਰ ਅਤੇ ਐਂਡੋਮੈਟ੍ਰੀਅਲ ਕੈਂਸਰ ਸ਼ਾਮਲ ਹਨ।
ਹਾਲਾਂਕਿ, ਕੈਂਟਨ ਕਹਿੰਦੇ ਹਨ ਕਿ ਜੇ ਬਿਮਾਰੀ ਦਾ ਜਲਦੀ ਪਤਾ ਲੱਗ ਜਾਵੇ ਅਤੇ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਵੇ, ਤਾਂ ਇਨ੍ਹਾਂ ਖ਼ਤਰਿਆਂ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਅਸੀਂ ਪਿਛਲੇ ਤਿੰਨ ਜਾਂ ਚਾਰ ਦਹਾਕਿਆਂ ਤੋਂ ਇਸੇ ਤਰ੍ਹਾਂ ਦਾ ਇਲਾਜ ਵਰਤ ਰਹੇ ਹਾਂ। ਇਹ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋਇਆ ਹੈ।"
ਸ਼ੁਰੂਆਤ ਵਿੱਚ ਡਰ ਅਤੇ ਚਿੰਤਾ ਦੇ ਬਾਵਜੂਦ, ਲੇਈਆ ਅਤੇ ਬਰੂਨੋ ਹੁਣ ਰਾਹਤ ਮਹਿਸੂਸ ਕਰਦੇ ਹਨ। ਉਨ੍ਹਾਂ ਦੀਆਂ ਧੀਆਂ ਹੁਣ ਆਮ ਬੱਚਿਆਂ ਵਾਂਗ ਆਪਣਾ ਬਚਪਨ ਜੀ ਰਹੀਆਂ ਹਨ।
ਲੇਈਆ ਕਹਿੰਦੇ ਹਨ, "ਜਦੋਂ ਲਾਰਾ ਵਿੱਚ ਯੌਨ ਅਵਸਥਾ ਸ਼ੁਰੂ ਹੋਈ, ਤਾਂ ਉਹ ਸੋਚਦੀ ਸੀ ਕਿ ਇਹ ਸਿਰਫ਼ ਉਸ ਦੇ ਨਾਲ ਹੀ ਕਿਉਂ ਹੋ ਰਿਹਾ ਹੈ। ਉਹ ਦੂਜਿਆਂ ਤੋਂ ਵੱਖਰੀ ਕਿਉਂ ਹੈ। ਉਸ ਨੂੰ ਇਹ ਦਵਾਈ ਕਿਉਂ ਲੈਣੀ ਪੈ ਰਹੀ ਹੈ।"

ਤਸਵੀਰ ਸਰੋਤ, Bruno Bernardi
ਲਾਰਾ ਦੇ ਮਾਤਾ-ਪਿਤਾ ਨੂੰ ਉਮੀਦ ਹੈ ਕਿ ਆਪਣੀ ਕਹਾਣੀ ਸਾਂਝੀ ਕਰਕੇ ਉਹ ਦੂਜੇ ਮਾਪਿਆਂ ਨੂੰ ਜਾਗਰੂਕ ਕਰ ਸਕਣਗੇ। ਨਾਲ ਹੀ, ਉਨ੍ਹਾਂ ਨੂੰ ਸਮੇਂ ਸਿਰ ਮਦਦ ਲੈਣ ਲਈ ਉਤਸ਼ਾਹਿਤ ਵੀ ਕਰ ਸਕਣਗੇ।
ਗੈਬੀ ਵੀ ਇਸ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਨ ਨੂੰ ਲੈਕੇ ਕਾਫ਼ੀ ਜਾਗਰੂਕ ਹਨ। ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਮਦਦ ਕਰਦੇ ਹਨ, ਤਾਂ ਜੋ ਇਸ ਸਥਿਤੀ ਬਾਰੇ ਉਨ੍ਹਾਂ ਨੂੰ ਸ਼ਰਮ ਜਾਂ ਝਿਜਕ ਘੱਟ ਮਹਿਸੂਸ ਹੋਵੇ।
ਉਹ ਕਹਿੰਦੇ ਹਨ, "ਮੈਨੂੰ ਇਸ ਗੱਲ 'ਤੇ ਥੋੜ੍ਹਾ ਗੁੱਸਾ ਆਉਂਦਾ ਸੀ ਕਿ ਇਸ ਵਿਸ਼ੇ 'ਤੇ ਬਹੁਤ ਘੱਟ ਜਾਣਕਾਰੀ ਉਪਲੱਬਧ ਸੀ।"
ਉਹ ਅੱਗੇ ਕਹਿੰਦੇ ਹਨ, "ਜਦੋਂ ਮੈਂ ਦੇਖਿਆ ਕਿ ਇੰਨੇ ਸਾਰੇ ਲੋਕ ਮੇਰੇ ਨਾਲ ਜੁੜ ਰਹੇ ਹਨ ਅਤੇ ਆਪਣੀ ਗੱਲ ਸਾਂਝੀ ਕਰ ਰਹੇ ਹਨ, ਤਾਂ ਮੈਨੂੰ ਯਕੀਨ ਹੋ ਗਿਆ ਕਿ ਦੁਨੀਆ ਨੂੰ ਆਪਣੀ ਕਹਾਣੀ ਦੱਸ ਕੇ ਮੈਂ ਸਹੀ ਫ਼ੈਸਲਾ ਲਿਆ।"
ਐਡੀਸ਼ਨਲ ਰਿਪੋਰਟਿੰਗ - ਪੌਲਾ ਐਡਾਮੋ ਇਡੋਏਟਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ























