ਪੰਜਾਬ 'ਚ ਝੋਨੇ ਦੀ ਨਵੀਂ ਕਿਸਮ ਪੀਆਰ 133 ਦੇ ਝਾੜ ਬਾਰੇ ਕੀ ਦਾਅਵੇ ਕੀਤੇ ਜਾ ਰਹੇ, ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਕਿੰਨੀ ਸਮਰੱਥ ਹੈ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਝੋਨੇ ਦੀ ਨਵੀਂ ਕਿਸਮ ਪੀਆਰ 133 ਜਾਰੀ ਕੀਤੀ ਹੈ। ਇਸ ਸੀਜ਼ਨ ਵਿੱਚ ਕਿਸਾਨ ਪਹਿਲੀ ਵਾਰੀ ਇਸ ਕਿਸਮ ਦੀ ਆਪਣੇ ਖੇਤਾਂ ਵਿੱਚ ਬਿਜਾਈ ਕਰਨਗੇ।

ਯੂਨੀਵਰਸਿਟੀ ਦੇ ਦਾਅਵੇ ਮੁਤਾਬਕ ਇਹ ਕਿਸਮ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ। ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਯੂਨੀਵਰਸਿਟੀ ਮੁਤਾਬਕ ਇਸ ਤੋਂ ਇਲਾਵਾ ਇਸ ਕਿਸਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਬਿਮਾਰੀ ਰੋਧਕ ਹੈ। ਇਸ ਕਿਸਮ ਤੋਂ ਪਰਾਲੀ ਵੀ ਘੱਟ ਪੈਦਾ ਹੁੰਦੀ ਹੈ।

ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ ਪੀਆਰ 133 ਨੂੰ ਲਗਭਗ ਇੱਕ ਦਹਾਕੇ ਦੇ ਖੋਜ ਕਾਰਜਾਂ ਮਗਰੋਂ ਜਾਰੀ ਕੀਤਾ ਗਿਆ ਹੈ। ਇਹ ਦਰਮਿਆਨੀ ਮਿਆਦ ਵਾਲੀ ਕਿਸਮ ਹੈ।

ਪੀਆਰ 133 ਤੋਂ ਪਹਿਲਾਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀਆਂ ਕਈ ਕਿਸਮਾਂ ਜਾਰੀ ਕੀਤੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਗੋਸਲ ਮੁਤਾਬਕ ਨਵੀਆਂ ਕਿਸਮਾਂ ਤਿਆਰ ਕਰਨ ਪਿੱਛੇ ਯੂਨੀਵਰਸਿਟੀ ਦਾ ਉਦੇਸ਼ ਘੱਟ ਸਮੇਂ ਵਿੱਚ ਪੱਕਣ ਵਾਲੀ, ਵਧੀਆ ਮਿਲਿੰਗ ਗੁਣਵੱਤਾ, ਬਿਮਾਰੀਆਂ ਰੋਧਕ, ਘੱਟ ਪਰਾਲੀ ਪੈਦਾ ਕਰਨ ਵਾਲੀਆਂ ਕਿਸਮਾਂ ਤਿਆਰ ਕਰਨਾ ਹੈ।

ਪੀਆਰ 133 ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਾ

ਪੀਏਯੂ ਮੁਤਾਬਕ ਇਸ ਕਿਸਮ ਨੂੰ ਤਿਆਰ ਕਰਨ ਵਿੱਚ 10 ਸਾਲ ਦਾ ਸਮਾਂ ਲੱਗਿਆ ਹੈ। ਇਸ ਸਮੇਂ ਵਿੱਚ ਪੀਆਰ 133 ਦੀ ਕਿਸਮ ਦੀ ਬ੍ਰੀਡਿੰਗ ਹੋਈ ਅਤੇ ਕਿਸਮ ਬਾਰੇ ਯੂਨੀਵਰਸਿਟੀ ਨੇ ਆਪਣੇ ਖੇਤਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਤਜਰਬੇ ਕੀਤੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਗੋਸਲ ਨੇ ਦੱਸਿਆ, "6 ਸਾਲ ਪੀਆਰ 133 ਦੀ ਬ੍ਰੀਡਿੰਗ ਉੱਤੇ ਲੱਗੇ। ਤਿੰਨ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਨੇ ਪੰਜਾਬ ਭਰ ਵਿੱਚ ਇਸ ਕਿਸਮ ਦੇ ਤਜਰਬੇ ਕੀਤੇ। ਮਗਰੋਂ ਇੱਕ ਸਾਲ ਕਿਸਾਨਾਂ ਨੇ ਖੁਦ ਆਪਣੇ ਖੇਤਾਂ ਵਿੱਚ ਤਜਰਬੇ ਕੀਤੇ।"

"ਇਹਨਾਂ ਟ੍ਰਾਇਲਾਂ ਦੇ ਡੇਟਾ ਨੂੰ ਘੋਖਣ ਮਗਰੋਂ ਰਾਜ ਕਿਸਮ ਪ੍ਰਵਾਨਗੀ ਕਮੇਟੀ ਨੇ ਇਸ ਕਿਸਮ ਨੂੰ ਪ੍ਰਵਾਨਗੀ ਦਿੱਤੀ ਹੈ।"

ਬੀਮਾਰੀ ਰੋਧਕ ਹੋਣ ਬਾਰੇ ਕੀ ਦਾਅਵੇ ਹਨ

ਉਪ ਕੁਲਪਤੀ ਡਾ ਸਤਬੀਰ ਗੋਸਲ ਨੇ ਦੱਸਿਆ, "ਇਹ ਕਿਸਮ ਪੰਜਾਬ ਵਿੱਚ ਪਾਈਆਂ ਜਾਣ ਵਾਲੀਆਂ ਬੈਕਟੀਰੀਅਲ ਬਲਾਈਟ ਬਿਮਾਰੀ ਦੀਆਂ 10 ਕਿਸਮਾਂ ਵਿਰੁੱਧ ਰੋਧਕ ਹੈ। ਬੈਕਟੀਰੀਅਲ ਬਲਾਈਟ ਝੋਨੇ ਦੀਆਂ ਮੁੱਖ ਬਿਮਾਰੀਆਂ ਵਿੱਚ ਸ਼ਾਮਲ ਹੈ।"

"ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਪੀਆਰ 133 ਦੇ ਚੌਲ ਲੰਬੇ ਅਤੇ ਚਮਕੀਲੀ ਦਿੱਖ ਵਾਲੇ ਹੁੰਦੇ ਹਨ। ਇਸ ਕਿਸਮ ਦੇ ਚੌਲਾਂ ਦੀ ਟੁੱਟ-ਭੱਜ ਵੀ ਘੱਟ ਹੈ। ਇਸ ਲਈ ਇਸ ਨੂੰ ਮਿਲਿੰਗ ਉਦਯੋਗ ਲਈ ਵਧੀਆ ਮੰਨਿਆ ਜਾ ਰਿਹਾ ਹੈ।"

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕਸ ਵਿਭਾਗ ਵਿੱਚ ਬਤੌਰ ਫ਼ਸਲ ਵਿਗਿਆਨੀ ਵਜੋਂ ਤੈਨਾਤ ਡਾ. ਬੂਟਾ ਸਿੰਘ ਢਿੱਲੋਂ ਨੇ ਦੱਸਿਆ, "ਇਸ ਕਿਸਮ ਦੀ ਔਸਤ ਪੈਦਾਵਾਰ ਕਰੀਬ 30.5 ਕੁਇੰਟਲ ਪ੍ਰਤੀ ਏਕੜ ਹੈ। ਇਹ ਇੱਕ ਦਰਮਿਆਨੀ ਮਿਆਦ ਵਾਲੀ ਕਿਸਮ ਹੈ ਜੋ ਬੀਜਣ ਤੋਂ ਲਗਭਗ 111 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।"

"ਇਸ ਕਿਸਮ ਦੇ ਝੋਨੇ ਦੀ ਲੰਬਾਈ ਕਰੀਬ 109 ਸੈਂਟੀਮੀਟਰ ਹੈ। ਘੱਟ ਲੰਬਾਈ ਹੋਣ ਕਾਰਨ ਇਸ ਤੋਂ ਪੈਦਾ ਹੋਈ ਪਰਾਲੀ ਦੀ ਮਾਤਰਾ ਵੀ ਘੱਟ ਰਹੀ ਹੁੰਦੀ ਹੈ।"

ਡਾ. ਬੂਟਾ ਸਿੰਘ ਢਿੱਲੋਂ ਨੇ ਦੱਸਿਆ, "ਪੰਜਾਬ ਵਿੱਚ ਝੋਨੇ ਨੂੰ ਹੁੰਦੇ ਝੁਲਸ ਰੋਗ ਦੇ 10 ਜੀਵਾਣੂ ਹਨ। ਪੀਆਰ 133 ਇਹਨਾਂ ਸਾਰੇ ਜੀਵਾਣੂਆਂ ਤੋਂ ਰੋਧਕ ਹੈ।"

'ਨਵੀਂ ਕਿਸਮ ਦੀ ਅਸਲ ਪਰਖ ਕਿਸਾਨਾਂ ਦੇ ਖੇਤਾਂ 'ਚ ਹੋਣੀ'

ਪੰਜਾਬ ਖੇਤੀਬਾੜੀ ਵਿਭਾਗ ਤੋਂ ਜੁਆਇੰਟ ਨਿਰਦੇਸ਼ਕ ਵਜੋਂ ਸੇਵਾ ਮੁਕਤ ਹੋਏ ਬਲਦੇਵ ਸਿੰਘ ਨੌਰਥ ਕਹਿੰਦੇ ਹਨ, "ਜਦੋਂ ਨਵੀਂ ਕਿਸਮ ਦੇ ਟ੍ਰਾਇਲ ਹੁੰਦੇ ਹਨ, ਭਾਵੇਂ ਉਹ ਯੂਨੀਵਰਸਿਟੀ ਦੇ ਖੇਤਾਂ ਵਿੱਚ ਹੋਣ ਜਾਂ ਕਿਸਾਨਾਂ ਦੇ ਖੇਤਾਂ ਵਿੱਚ, ਤਾਂ ਉਹ ਮਾਹਰਾਂ ਦੀ ਨਿਗਰਾਨੀ ਵਿੱਚ ਹੁੰਦੇ ਹਨ। ਜਦੋਂ ਕਿਸਾਨਾਂ ਨਵੀਂ ਕਿਸਮ ਦੀ ਬੀਜ ਖਰੀਦ ਕੇ ਬੀਜਦੇ ਹਨ ਤਾਂ ਉਸ ਸਮੇਂ ਮਾਹਰ ਮੌਜੂਦ ਨਹੀਂ ਹੁੰਦੇ।"

"ਇਸ ਲਈ ਨਵੀਂ ਕਿਸਮ ਦੀ ਅਸਲ ਪਰਖ ਕਿਸਾਨਾਂ ਦੇ ਖੇਤਾਂ ਵਿੱਚ ਹੀ ਹੁੰਦੀ ਹੈ। ਕਿਸਮ ਤੋਂ ਕਿੰਨਾ ਝਾੜ ਮਿਲੇਗਾ, ਕਿੰਨੀ ਬੀਮਾਰੀ ਰੋਧਕ ਹੈ, ਇਹ ਕਿਸਾਨਾਂ ਦੇ ਖੇਤਾਂ ਵਿੱਚ ਹੀ ਪਤਾ ਲੱਗੇਗਾ।"

ਪੰਜਾਬ ਵਿੱਚ ਝੋਨੇ ਦੀਆਂ ਕਿੰਨੀਆਂ ਕਿਸਮਾਂ ਦੀ ਸਿਫਾਰਸ਼ ਹੈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕਸ ਵਿਭਾਗ ਵਿੱਚ ਬਤੌਰ ਫ਼ਸਲ ਵਿਗਿਆਨੀ ਵਜੋਂ ਤੈਨਾਤ ਡਾ. ਬੂਟਾ ਸਿੰਘ ਢਿੱਲੋਂ ਨੇ ਦੱਸਿਆ ਪੰਜਾਬ ਵਿੱਚ ਯੂਨੀਵਰਸਿਟੀ ਵੱਲੋਂ ਇਥੋਂ ਦੇ ਜਲਵਾਯੂ, ਝਾੜ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਸਮੇਂ ਝੋਨੇ ਦੀਆਂ 13 ਕਿਸਮਾਂ ਦੀ ਸਿਫਾਰਸ਼ ਕੀਤੀ ਹੋਈ ਹੈ।

ਯੂਨੀਵਰਸਿਟੀ ਵੱਲੋਂ ਪੀਆਰ 132 ਪਿਛਲੇ ਸਾਲ ਜਾਰੀ ਕੀਤੀ ਗਈ ਸੀ ਜਦਕਿ ਪੀਆਰ 133 ਇਸ ਸਾਲ ਜਾਰੀ ਕੀਤੀ ਗਈ ਹੈ।

ਇਹ ਕਿਸਮਾਂ ਪੀਆਰ 113, ਪੀਆਰ, 114, ਪੀਆਰ 121,ਪੀਆਰ 122, ਪੀਆਰ 127, ਪੀਆਰ 131, ਪੀਆਰ 130, ਪੀਆਰ 128, ਪੀਆਰ 132, ਪੀਆਰ 126, ਐੱਚਕੇਆਰ 47 ਅਤੇ ਨਵੀਂ ਕਿਸਮ ਪੀਆਰ 133 ਹੈ।

ਪੰਜਾਬ ਵਿੱਚ ਸਭ ਤੋਂ ਵੱਧ ਪ੍ਰਚਲਿਤ ਕਿਸਮ ਕਿਹੜੀ ਹੈ

ਉਪ ਕੁਲਪਤੀ ਡਾ. ਸਤਬੀਰ ਗੋਸਲ ਨੇ ਦੱਸਿਆ, "ਪੰਜਾਬ ਵਿੱਚ ਮੌਜੂਦਾ ਸਮੇਂ ਪੀਆਰ 126 ਸਭ ਤੋਂ ਵੱਧ ਪ੍ਰਚਲਿਤ ਕਿਸਮ ਹੈ। ਜਲ ਸੰਕਟ ਨਾਲ ਜੂਝ ਰਹੇ ਪੰਜਾਬ ਵਾਸਤੇ ਇਹ ਕਿਸਮ ਸਭ ਤੋਂ ਮਹੱਤਵਪੂਰਨ ਕਿਸਮ ਹੈ। ਪੱਕਣ ਵਿੱਚ ਸਭ ਤੋਂ ਘੱਟ ਸਮਾਂ ਲੈਣ ਕਰ ਕੇ ਇਹ ਕਿਸਮ ਜ਼ਮੀਨੀ ਪਾਣੀ ਨੂੰ ਵੀ ਬਚਾਉਂਦੀ ਹੈ।"

ਉਨ੍ਹਾਂ ਦੱਸਿਆ ਪੀਆਰ 126 ਨੂੰ ਸਾਲ 2017 ਵਿੱਚ ਜਾਰੀ ਕੀਤਾ ਗਿਆ ਸੀ। ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ 93 ਦਿਨਾਂ ਵਿੱਚ ਪੱਕ ਜਾਂਦੀ ਹੈ।

ਇਸ ਕਿਸਮ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਸ ਦੀ ਇੱਕ ਝੁਲਸ ਰੋਗ ਦੇ ਜੀਵਾਣੂਆਂ ਦੀਆਂ 10 ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਹੈ।

ਕਿਹੜੀਆਂ ਕਿਸਮਾਂ ਦੀ ਮਨਾਹੀ

ਡਾ. ਢਿੱਲੋਂ ਨੇ ਦਸਿਆ ਕਿ ਪੰਜਾਬ ਵਿੱਚ ਪੂਸਾ 44, ਪੀਲੀ ਪੂਸਾ, ਡੋਗਰ ਪੂਸਾ ਕਿਸਮਾਂ ਦੀ ਕਾਸ਼ਤ ਕਰਨ ਤੋਂ ਮਨਾਹੀ ਦੀ ਸਿਫ਼ਾਰਸ਼ ਕਰਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸਮਾਂ ਪੱਕਣ ਵਿੱਚ ਵੱਧ ਲੰਮਾ ਸਮਾਂ ਲੈਂਦੀਆਂ ਹਨ ਅਤੇ ਸਿੰਚਾਈ ਵਾਸਤੇ ਪੀਆਰ ਕਿਸਮਾਂ ਨਾਲੋਂ 15 ਤੋਂ 20 ਫੀਸਦ ਜ਼ਿਆਦਾ ਪਾਣੀ ਲੈਂਦੀਆਂ ਹਨ।

ਇਹਨਾਂ ਕਿਸਮਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ। ਝੁਲਸ ਰੋਗ ਦੇ ਹਮਲੇ ਦੀ ਹਾਲਤ ਵਿੱਚ ਇਹ ਕਿਸਮਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)