You’re viewing a text-only version of this website that uses less data. View the main version of the website including all images and videos.
ਵਾਲਾਂ 'ਤੇ ਹੋਏ ਡਰੱਗ ਟੈਸਟ ਕਰਕੇ ਜਦੋਂ ਇੱਕ ਮਾਂ ਤੋਂ ਅਦਾਲਤ ਨੇ ਬੱਚਾ ਲਗਭਗ ਦੂਰ ਕਰ ਹੀ ਦਿੱਤਾ ਸੀ
- ਲੇਖਕ, ਸਾਂਚੀਆ ਬਰਗ
- ਲੇਖਕ, ਅੰਨਾ ਮੀਸਲੈਂਡ
- ਲੇਖਕ, ਮੈਰੀ ਓ’ਰੇਲੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਜਦੋਂ ਸਮਾਜਿਕ ਵਰਕਰਾਂ ਨੇ ਇੱਕ ਮਾਂ ਨੂੰ ਨਸ਼ਿਆਂ ਦੇ ਟੈਸਟ ਲਈ ਆਪਣੇ ਵਾਲਾਂ ਦਾ ਨਮੂਨਾ ਦੇਣ ਲਈ ਕਿਹਾ, ਤਾਂ ਉਸ ਨੂੰ ਲੱਗਾ ਕਿ ਇਸ ਨਾਲ ਸਾਬਤ ਹੋ ਜਾਵੇਗਾ ਕਿ ਉਹ ਸਾਫ਼ ਅਤੇ ਨਸ਼ਾ-ਮੁਕਤ ਹੈ।
ਪਰ ਇਹ ਬਾਅਦ ਵਿੱਚ ਉਸ ਦੀ ਧੀ ਦੀ ਕਸਟਡੀ ਮੁੜ ਹਾਸਲ ਕਰਨ ਲਈ ਇੱਕ ਕਾਨੂੰਨੀ ਲੜਾਈ ਦੀ ਸ਼ੁਰੂਆਤ ਬਣ ਗਿਆ।
ਐਮਿਲੀ (ਬਦਲਿਆ ਹੋਇਆ ਨਾਮ) ਪਹਿਲਾਂ ਕੇਟਾਮੀਨ ਦੀ ਵਰਤੋਂ ਕਰਦੀ ਸੀ, ਜਿਸ ਦੀ ਆਦਤ ਕਾਰਨ ਉਸ ਦੇ ਬੱਚੇ ਨੂੰ 2022 ਦੇ ਅੰਤ ਵਿੱਚ ਦੇਖਭਾਲ (ਸੈਂਟਰ) ਵਿੱਚ ਲੈ ਲਿਆ ਗਿਆ ਸੀ।
ਉਸ ਤੋਂ ਬਾਅਦ ਦੇ ਛੇ ਮਹੀਨਿਆਂ ਵਿੱਚ, ਉਸ ਨੇ ਨਸ਼ੇ ਦੀ ਆਦਤ ਛੱਡਣ ਲਈ ਦ੍ਰਿੜ੍ਹ ਕੋਸ਼ਿਸ਼ ਕੀਤੀ ਸੀ। ਇੱਕ ਡਰੱਗਜ਼ ਚੈਰਿਟੀ ਦੀ ਮਦਦ ਨਾਲ, ਐਮਿਲੀ ਨੇ ਕੋਰਸ ਕੀਤੇ ਅਤੇ ਹਫ਼ਤੇ ਵਿੱਚ ਲਗਭਗ ਦੋ ਵਾਰ ਯੂਰੀਨ ਟੈਸਟ ਦਿੱਤੇ ਤਾਂ ਜੋ ਇਹ ਸਾਬਤ ਕਰ ਸਕੇ ਕਿ ਉਹ ਹੁਣ ਨਸ਼ਾ ਨਹੀਂ ਕਰ ਰਹੀ।
ਹਾਲਾਂਕਿ, ਵਾਲਾਂ ਦੇ ਸਟਰੈਂਡ ਟੈਸਟ ਦਾ ਨਤੀਜਾ ਉਸ ਲਈ ਪੂਰੀ ਤਰ੍ਹਾਂ ਹੈਰਾਨ ਕਰਨ ਦੇਣ ਵਾਲਾ ਸੀ।
ਇਸ ਵਿੱਚ ਦਰਸਾਇਆ ਗਿਆ ਸੀ ਕਿ ਕੇਟਾਮੀਨ ਦੇ ਉੱਚ ਪੱਧਰ ਮਿਲੇ ਹਨ ਅਤੇ ਜੂਨ 2023 ਤੱਕ ਦੇ ਛੇ ਮਹੀਨਿਆਂ ਵਿੱਚ ਸਰਗਰਮ ਨਸ਼ੇ ਦੀ ਵਰਤੋਂ ਦੇ ਸਬੂਤ ਮਿਲੇ ਹਨ।
ਨਤੀਜੇ ਵਜੋਂ, ਅਦਾਲਤ ਨੇ ਐਮਿਲੀ ਦੀ ਆਪਣੀ ਧੀ ਨਾਲ ਮੁੜ ਮਿਲਣ ਦੀ ਅਰਜ਼ੀ ਰੱਦ ਕਰ ਦਿੱਤੀ।
ਵਾਲਾਂ ਦੇ ਸਟਰੈਂਡ ਟੈਸਟ ਪਰਿਵਾਰਕ ਅਦਾਲਤੀ ਮਾਮਲਿਆਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ ਜਿੱਥੇ ਮਾਪਿਆਂ 'ਤੇ ਨਸ਼ੇ ਜਾਂ ਸ਼ਰਾਬ ਦੀ ਬੁਰਾਈ ਦਾ ਸ਼ੱਕ ਹੁੰਦਾ ਹੈ ਜਾਂ ਇਤਿਹਾਸ ਹੁੰਦਾ ਹੈ।
ਇਹ ਜੱਜਾਂ ਨੂੰ ਜੀਵਨ ਬਦਲਣ ਵਾਲੇ ਫ਼ੈਸਲੇ ਕਰਨ ਵਿੱਚ ਮਦਦ ਕਰ ਸਕਦੇ ਹਨ, ਇਹ ਫ਼ੈਸਲਾ ਲੈਂਦੇ ਹੋਏ ਕਿ ਕੀ ਬੱਚਿਆਂ ਲਈ ਆਪਣੇ ਮਾਪਿਆਂ ਨਾਲ ਰਹਿਣਾ ਸੁਰੱਖਿਅਤ ਹੈ ਜਾਂ ਨਹੀਂ।
ਵਾਲਾਂ ਦੇ ਸਟਰੈਂਡ ਟੈਸਟ ਦੀ ਵਿਗਿਆਨਕ ਬੁਨਿਆਦ ਮਜ਼ਬੂਤ ਹੈ, ਪਰ ਇਸ ਗੱਲ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਹਨ ਕਿ ਟੈਸਟਾਂ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ ਜਾਂ ਵਿਆਖਿਆ ਕੀਤੀ ਜਾਂਦੀ ਹੈ।
ਨਤੀਜਿਆਂ 'ਤੇ ਵਾਲਾਂ ਦੀ ਕਿਸਮ, ਵਾਲਾਂ ਦੇ ਟ੍ਰੀਟਮੈਂਟ ਜਾਂ ਡਾਈ ਦੇ ਇਸਤੇਮਾਲ ਅਤੇ ਹੋਰ ਵਿਅਕਤੀਗਤ ਕਾਰਕਾਂ ਜਿਵੇਂ ਵਾਲਾਂ ਦੀ ਵਾਧੂ ਦਰ ਅਤੇ ਜਿਸ ਵਾਤਾਵਰਣ ਵਿੱਚ ਤੁਸੀਂ ਰਹਿੰਦੇ ਹੋ, ਦਾ ਅਸਰ ਪੈ ਸਕਦਾ ਹੈ। ਆਲੋਚਕ ਕਹਿੰਦੇ ਹਨ ਕਿ ਟੈਸਟ ਰਿਪੋਰਟਾਂ ਇਨ੍ਹਾਂ ਕਾਰਕਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਹੀਂ ਰੱਖਦੀਆਂ।
'ਮੈਨੂੰ ਪੂਰੀ ਤਰ੍ਹਾਂ ਹਿਲਾ ਗਿਆ ਸੀ'
ਕਈ ਸਾਲਾਂ ਤੱਕ, ਐਮਿਲੀ ਵਰਗੇ ਮਾਮਲੇ ਦੀ ਰਿਪੋਰਟਿੰਗ ਲਗਭਗ ਅਸੰਭਵ ਸੀ ਕਿਉਂਕਿ ਪਰਿਵਾਰਕ ਅਦਾਲਤੀ ਕਾਰਵਾਈਆਂ ਨੂੰ ਕੰਟ੍ਰੋਲ ਕਰਨ ਵਾਲੇ ਨਿਯਮ ਗੁਪਤ ਸਨ। ਹਾਲਾਂਕਿ, ਹਾਲ ਹੀ ਵਿੱਚ ਪਰਿਵਾਰਕ ਅਦਾਲਤ ਨੇ ਆਪਣੀ ਕਾਰਵਾਈ ਪੱਤਰਕਾਰਾਂ ਲਈ ਕੁਝ ਹੱਦ ਤੱਕ ਖੋਲ੍ਹ ਦਿੱਤੀ ਹੈ ਅਤੇ ਬੀਬੀਸੀ ਨੂੰ ਉਸ ਦੀ ਕਹਾਣੀ ਦੱਸਣ ਲਈ ਹਾਈ ਕੋਰਟ ਦਾ ਆਦੇਸ਼ ਮਿਲਿਆ ਹੈ।
ਵਾਲਾਂ ਦੇ ਸਟਰੈਂਡ ਟੈਸਟ ਬਾਰੇ ਐਮਿਲੀ ਕਹਿੰਦੀ ਹੈ, "ਇਹ ਮੈਨੂੰ ਪੂਰੀ ਤਰ੍ਹਾਂ ਹਿਲਾ ਗਿਆ ਸੀ, ਕਿਉਂਕਿ ਮੈਂ (ਕੇਟਾਮੀਨ) ਨੂੰ ਹੱਥ ਵੀ ਨਹੀਂ ਲਗਾਇਆ ਸੀ।"
ਉਹ ਮੰਨਦੀ ਸੀ ਕਿ ਕੇਟਾਮੀਨ ਦੇ ਨਿਸ਼ਾਨ 2022 ਦੇ ਹਨ, ਜਦੋਂ ਉਹ ਇਸ ਦੀ ਵਰਤੋਂ ਕਰਦੀ ਸੀ।
ਟੈਸਟ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਨਤੀਜੇ "ਐਕਟਿਵ ਯੂਜ਼ ਆਫ਼ ਕੇਟਾਮੀਨ" ਨੂੰ ਦਰਸਾਉਂਦੇ ਹਨ, ਉਸ ਸਮੇਂ ਤੋਂ ਜਦੋਂ ਐਮਿਲੀ ਦੀ ਧੀ ਨੂੰ ਦੇਖਭਾਲ ਵਿੱਚ ਲਿਆ ਗਿਆ ਸੀ।
ਪਰ ਕੁਝ ਅਸਪਸ਼ਟ ਤੌਰ 'ਤੇ, ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਨਾ ਤਾਂ "ਪੱਕਾ ਕਰ ਸਕਦਾ ਹੈ ਅਤੇ ਨਾ ਹੀ ਖੰਡਨ" ਕਰ ਸਕਦਾ ਹੈ ਕਿ ਐਮਿਲੀ ਨੇ ਨਸ਼ਾ ਛੱਡ ਦਿੱਤਾ ਸੀ।
ਐਮਿਲੀ ਹਾਰ ਮੰਨਣ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਆਪਣੀ ਧੀ ਲਈ ਲੜਾਈ ਦੌਰਾਨ ਹੋਰ ਛੇ ਵਾਲਾਂ ਦੇ ਟੈਸਟ ਕਰਨ ਲਈ ਖ਼ੁਦ ਹੀ ਸਹਿਮਤੀ ਦਿੱਤੀ।
ਇਹ ਟੈਸਟ ਕਿਵੇਂ ਕੰਮ ਕਰਦੇ ਹਨ
ਡਰੱਗਜ਼ ਅਤੇ ਸ਼ਰਾਬ ਲਈ ਵਾਲਾਂ ਦੇ ਸਟਰੈਂਡ ਟੈਸਟ ਪਰਿਵਾਰਕ ਅਦਾਲਤੀ ਕਾਰਵਾਈਆਂ ਦਾ ਕੇਂਦਰ ਬਣ ਗਏ ਹਨ ਅਤੇ ਇਹ ਸਰਕਾਰੀ ਮਨਜ਼ੂਰਸ਼ੁਦਾ ਵਪਾਰਕ ਲੈਬੋਰਟਰੀਆਂ ਵੱਲੋਂ ਕੀਤੇ ਜਾਂਦੇ ਹਨ।
ਇਹ ਇਸ ਸਿਧਾਂਤ 'ਤੇ ਕੰਮ ਕਰਦੇ ਹਨ ਕਿ ਜਦੋਂ ਕੋਈ ਨਸ਼ਾ ਖੂਨ ਦੇ ਰਾਹੀਂ ਸਰੀਰ ਵਿੱਚ ਜਾਂਦਾ ਹੈ, ਤਾਂ ਇਹ ਵਿਅਕਤੀ ਦੇ ਵਾਲਾਂ ਵਿੱਚ ਨਿਸ਼ਾਨ ਛੱਡ ਜਾਂਦਾ ਹੈ। ਜਿਵੇਂ ਵਾਲ ਵਧਦੇ ਹਨ, ਉਹ ਇਹ ਨਿਸ਼ਾਨ ਸੰਭਾਲ ਕੇ ਰੱਖਦੇ ਹਨ ਅਤੇ ਇਹ ਵੀ ਦਰਸਾਉਂਦੇ ਹਨ ਕਿ ਨਸ਼ਾ ਕਦੋਂ ਲਿਆ ਗਿਆ ਸੀ।
ਟੈਸਟ ਕਰਨ ਲਈ, ਵਾਲਾਂ ਦਾ ਨਮੂਨਾ 1 ਸੈਂਟੀਮੀਟਰ (0.4 ਇੰਚ) ਦੇ ਹਿੱਸਿਆਂ ਵਿੱਚ ਕੱਟਿਆ ਜਾਂਦਾ ਹੈ, ਇਹ ਲਗਭਗ ਇੱਕ ਮਹੀਨੇ ਵਿੱਚ ਵਾਲਾਂ ਦੀ ਵਾਧੂ ਲੰਬਾਈ ਹੁੰਦੀ ਹੈ।
ਖੋਪੜੀ ਦੇ ਸਭ ਤੋਂ ਨੇੜੇ ਵਾਲ ਸਭ ਤੋਂ ਹਾਲੀਆ ਮਹੀਨੇ ਨੂੰ ਦਰਸਾਉਂਦੇ ਹਨ, ਅਗਲਾ ਸੈਂਟੀਮੀਟਰ ਅਗਲੇ ਮਹੀਨੇ ਨੂੰ ਅਤੇ ਇਸ ਤਰ੍ਹਾਂ ਅੱਗੇ।
ਇਹ ਹਿੱਸੇ ਤੋੜੇ ਜਾਂ ਮਿਲਾਏ ਜਾਂਦੇ ਹਨ ਅਤੇ ਫਿਰ ਸਾਲਵੈਂਟਸ ਨਾਲ ਮਿਲਾ ਕੇ ਕ੍ਰੋਮੈਟੋਗ੍ਰਾਫੀ ਪ੍ਰਕਿਰਿਆ ਵਿੱਚ ਪਾਏ ਜਾਂਦੇ ਹਨ।
ਨਤੀਜਿਆਂ ਨੂੰ ਫਿਰ 'ਕਟ-ਆਫ਼' ਪੱਧਰ ਦੇ ਮੁਕਾਬਲੇ ਮਾਪਿਆ ਜਾਂਦਾ ਹੈ, ਜਿਸਨੂੰ ਲੈਬਜ਼ ਵੱਲੋਂ ਸਰਗਰਮ ਨਸ਼ੇ ਦੀ ਵਰਤੋਂ ਅਤੇ ਅਸਿੱਧੇ ਸੰਪਰਕ ਵਿਚਕਾਰ ਫਰਕ ਕਰਨ ਲਈ ਵਰਤਿਆ ਜਾਂਦਾ ਸੀ। ਹਾਲਾਂਕਿ, ਕਾਨੂੰਨੀ ਭਾਈਚਾਰੇ ਦੇ ਕੁਝ ਲੋਕ ਮੰਨਦੇ ਹਨ ਕਿ ਇਹ ਨਤੀਜਿਆਂ 'ਤੇ ਭਰੋਸਾ ਕਰਨ ਲਈ ਬਹੁਤ ਹੀ ਸਧਾਰਣ ਮਾਪਦੰਡ ਹੈ।
ਤਜਰਬੇਕਾਰ ਫੈਮਿਲੀ ਬੈਰਿਸਟਰ ਸਾਰਾਹ ਬ੍ਰੈਂਸਨ ਦੇ ਅਨੁਸਾਰ, ਹਾਲਾਂਕਿ ਐਮਿਲੀ ਦੇ ਮਾਮਲੇ ਵਿੱਚ ਇਹ ਮਹੱਤਵਪੂਰਨ ਨਹੀਂ ਸੀ, ਪਰ ਕੁਝ ਕਿਸਮ ਦੇ ਵਾਲ ਹੋਰਾਂ ਨਾਲੋਂ ਵਧੇਰੇ ਸੋਖਣਸ਼ੀਲ ਹੁੰਦੇ ਹਨ ਅਤੇ ਇਸ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਉਹ ਇੱਕ ਨੌਜਵਾਨ ਬੱਚੇ ਦੇ ਪਿਤਾ ਦੀ ਨੁਮਾਇੰਦਗੀ ਨੂੰ ਯਾਦ ਕਰਦੀ ਹੈ, ਜਿਸ ਦਾ ਵਾਲਾਂ ਦਾ ਸਟਰੈਂਡ ਟੈਸਟ ਕੋਕੇਨ (ਕ੍ਰੈਕ ਕੋਕੇਨ) ਲਈ ਪਾਜ਼ੀਟਿਵ ਆਇਆ ਸੀ, ਕੁਝ ਅਜਿਹਾ ਹੀ ਜੋ "ਉਸ ਦੀ ਜ਼ਿੰਦਗੀ ਦੇ ਬਾਕੀ ਹਾਲਾਤਾਂ ਨਾਲ ਮੇਲ ਨਹੀਂ ਖਾਂਦਾ ਸੀ।"
ਉਹ ਕਹਿੰਦੀ ਹੈ ਕਿ ਉਹ ਪਿਤਾ ਪਹਿਲਾਂ ਹੀ ਇੱਕ ਵੱਡੀ ਧੀ ਦੀ ਦੇਖਭਾਲ ਕਰ ਰਿਹਾ ਸੀ, ਸਮਾਜਿਕ ਸੇਵਾਵਾਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਉਸ ਦਾ ਉਸ ਨਸ਼ੇ ਨਾਲ ਕੋਈ ਇਤਿਹਾਸ ਨਹੀਂ ਸੀ।
ਹਾਲਾਂਕਿ, ਉਸ ਦੇ ਮੁਵੱਕਿਲ ਦਾ ਵਾਲ ਕਾਲੇ ਡ੍ਰੈਡਲਾਕਸ ਵਾਲਾ ਸੀ। ਬ੍ਰੈਂਸਨ ਨੇ ਪ੍ਰਕਾਸ਼ਿਤ ਅਕਾਦਮਿਕ ਖੋਜ ਲੱਭੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਕਾਲੇ ਵਾਲ, ਖ਼ਾਸ ਕਰਕੇ ਏਸ਼ੀਅਨ, ਅਫ਼ਰੋ-ਕੈਰੀਬੀਅਨ ਜਾਂ ਅਫ਼ਰੀਕੀ ਵਾਲ ਵਿੱਚ ਵੱਧ ਮੇਲੈਨਿਨ ਹੁੰਦਾ ਹੈ, ਜਿਸ ਕਰਕੇ ਇਹ ਨਸ਼ੇ ਦੇ ਨਿਸ਼ਾਨ ਵਧੇਰੇ ਸੋਖਦੇ ਹਨ।
ਇਹ ਸੰਭਵ ਹੈ ਕਿ ਉਸ ਨੇ ਆਪਣੇ ਵਾਤਾਵਰਣ ਤੋਂ ਕੋਕੇਨ ਦੇ ਨਿਸ਼ਾਨ ਆਪਣੇ ਅੰਦਰ ਲੈ ਲਏ ਹੋਣ।
ਇੱਕ ਅਕਾਦਮਿਕ ਅਧਿਐਨ ਵਿੱਚ ਪਾਇਆ ਗਿਆ ਕਿ ਕਾਲੇ ਵਾਲ ਜਿੰਜਰ (ਕੁਦਰਤੀ ਤੌਰ 'ਤੇ ਲਾਲ ਅਤੇ ਬ੍ਰਾਊਨ ਵਾਲ) ਵਾਲਾਂ ਨਾਲੋਂ 15 ਗੁਣਾ ਵਧੇਰੇ ਸੋਖਣਸ਼ੀਲ ਸਨ। ਇਸਦਾ ਮਤਲਬ ਇਹ ਸੀ ਕਿ ਦੋ ਲੋਕ ਜਿਨ੍ਹਾਂ ਦਾ ਨਸ਼ੇ ਨਾਲ ਇਕੋ ਜਿਹਾ ਸੰਪਰਕ ਸੀ, ਉਨ੍ਹਾਂ ਦੇ ਵਾਲਾਂ ਦੇ ਟੈਸਟ ਬਿਲਕੁਲ ਵੱਖਰੇ ਨਤੀਜੇ ਦੇ ਸਕਦੇ ਹਨ।
ਹੋਰ ਬਦਲਣ ਵਾਲੇ ਕਾਰਕਾਂ ਵਿੱਚ ਵਾਲਾਂ ਦੀ ਵਾਧੂ ਦਰ, ਵੱਖ-ਵੱਖ ਵਾਲਾਂ ਦੇ ਟ੍ਰੀਟਮੈਂਟ ਦਾ ਅਸਰ ਅਤੇ ਜਿਸ ਵਾਤਾਵਰਣ ਵਿੱਚ ਕੋਈ ਵਿਅਕਤੀ ਰਹਿੰਦਾ ਹੈ, ਉਹ ਵੀ ਸ਼ਾਮਲ ਹਨ।
ਹਾਲਾਂਕਿ, ਪਰਿਵਾਰਕ ਅਦਾਲਤੀ ਪ੍ਰਣਾਲੀ 'ਤੇ ਦਬਾਅ ਕਾਰਨ ਟੈਸਟ ਨਤੀਜੇ ਕਈ ਵਾਰ ਬਿਨਾਂ ਕਿਸੇ ਸੁਤੰਤਰ ਮਾਹਰ ਗਵਾਹ ਦੀ ਵਿਆਖਿਆ ਦੀ ਹੀ ਸੁਣਵਾਈ ਵਿੱਚ ਪੇਸ਼ ਕੀਤੇ ਜਾਂਦੇ ਹਨ।
2024 ਵਿੱਚ, ਕੋਰਟ ਆਫ਼ ਅਪੀਲ ਨੇ ਇੱਕ ਹੇਠਲੀ ਪਰਿਵਾਰਕ ਅਦਾਲਤ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਵਾਲਾਂ ਦੇ ਸਟਰੈਂਡ ਟੈਸਟਾਂ ਦੇ ਆਧਾਰ 'ਤੇ ਤਿੰਨ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਕਰ ਲਿਆ ਗਿਆ ਸੀ। ਮੁੱਖ ਫ਼ੈਸਲਾ ਲਾਰਡ ਜਸਟਿਸ ਕੋਬ ਵੱਲੋਂ ਦਿੱਤਾ ਗਿਆ ਸੀ, ਜੋ ਹੁਣ ਫੈਮਿਲੀ ਡਿਵਿਜ਼ਨ ਦੇ ਪ੍ਰਧਾਨ ਹਨ।
ਉਨ੍ਹਾਂ ਨੇ ਕਿਹਾ ਕਿ ਵਿਗਿਆਨ "ਮਜ਼ਬੂਤ" ਹੈ ਪਰ ਇਹ ਖੇਤਰ "ਵਿਕਾਸਸ਼ੀਲ" ਹੈ ਅਤੇ ਡਾਟਾ ਨੂੰ "ਉਚਿਤ ਸਾਵਧਾਨੀ" ਨਾਲ ਦੇਖਣਾ ਚਾਹੀਦਾ ਹੈ।
ਅਦਾਲਤ ਵੱਲ ਵਾਪਸੀ
ਫਰਵਰੀ 2024 ਵਿੱਚ, ਐਮਿਲੀ ਨੇ ਜਿਸਨੂੰ ਉਹ "ਇੱਕ ਮੂਰਖ਼ ਗਲਤੀ" ਕਹਿੰਦੀ ਹੈ, ਉਹ ਕੀਤੀ ਅਤੇ ਇੱਕ ਵਾਰ ਕੇਟਾਮੀਨ ਲਿਆ।
ਉਸ ਨੇ ਇਹ ਗੱਲ ਮੰਨ ਲਈ, ਪਰ ਜਦੋਂ ਪਰਿਵਾਰਕ ਅਦਾਲਤ ਨੇ ਦਸੰਬਰ ਉਸ ਸਾਲ ਆਪਣੀ ਤੱਥ-ਖੋਜ ਸੁਣਵਾਈ ਕੀਤੀ, ਤਾਂ ਵਾਲਾਂ ਦੇ ਸਟਰੈਂਡ ਟੈਸਟਾਂ ਨੇ ਕਾਫ਼ੀ ਹਾਲੀਆ ਵਰਤੋਂ ਦਰਸਾਈ।
ਮਾਰਚ ਤੋਂ ਅਕਤੂਬਰ 2024 ਦੇ ਸੱਤ ਮਹੀਨਿਆਂ ਨੂੰ ਕਵਰ ਕਰਨ ਵਾਲੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ "ਦੁਹਰਾਈ ਗਈ ਵਰਤੋਂ" ਦੇ ਸਬੂਤ ਹਨ ਅਤੇ ਐਮਿਲੀ ਦਾ ਇਹ ਦਾਅਵਾ ਕਿ ਉਸ ਨੇ ਨਸ਼ਾ ਛੱਡ ਦਿੱਤਾ ਸੀ, ਭਰੋਸੇਯੋਗ ਨਹੀਂ ਸੀ।
ਹਾਲਾਂਕਿ, ਇਸ ਸੁਣਵਾਈ ਲਈ ਐਮਿਲੀ ਦੇ ਕੋਲ ਇੱਕ ਨਵਾਂ ਬੈਰਿਸਟਰ ਸੀ, ਜੋਨਾਥਨ ਐਡਲਰ, ਜਿਸ ਨੇ ਖੁਦ ਵਾਲਾਂ ਦੇ ਸਟਰੈਂਡ ਟੈਸਟਿੰਗ ਬਾਰੇ ਖੋਜ ਕੀਤੀ ਸੀ। ਅਦਾਲਤ ਨੇ ਇੱਕ ਮੰਨੇ-ਪ੍ਰਮੰਨੇ ਮਾਹਰ ਨੂੰ ਵੀ ਗਵਾਹ ਵਜੋਂ ਨਿਯੁਕਤ ਕੀਤਾ ਸੀ।
ਇਸ ਗਵਾਹ ਦੀ ਕ੍ਰਾਸ-ਐਗਜ਼ਾਮੀਨੇਸ਼ਨ ਕਰਦਿਆਂ, ਐਡਲਰ ਨੇ ਉਹ ਖੋਜਾਂ ਦੱਸੀਆਂ ਜੋ ਐਮਿਲੀ ਦੇ ਨਤੀਜਿਆਂ ਲਈ ਹੋਰ ਕਾਰਨ ਦਰਸਾਉਂਦੀਆਂ ਸਨ, ਉਦਾਹਰਨ ਵਜੋਂ ਇਹ ਕਿ ਉਸ ਦੇ ਵਾਲਾਂ ਦੇ ਸਿਰਿਆਂ 'ਤੇ ਮੌਜੂਦ ਕੇਟਾਮੀਨ ਉਸ ਦੇ ਸਕੈਲਪ ਵੱਲ ਵਾਲ ਸਿੱਧੇ ਕਰਨ ਵਾਲੇ ਯੰਤਰਾਂ ਦੀ ਵਰਤੋਂ ਨਾਲ ਖਿਸਕ ਸਕਦਾ ਸੀ।
ਮਾਹਰਾਂ ਨੇ ਇਸ ਗੱਲ ਨੂੰ ਮੰਨ ਲਿਆ ਅਤੇ ਕਿਹਾ ਕਿ ਐਮਿਲੀ ਸੱਚ ਬੋਲ ਰਹੀ ਹੋ ਸਕਦੀ ਹੈ।
ਹੋਰ ਕਾਰਕ ਉਸ ਦੇ ਹੱਕ ਵਿੱਚ ਸਨ, ਜਿਵੇਂ ਸਾਫ਼ ਯੂਰੀਨ ਟੈਸਟ ਅਤੇ ਸਮਾਜਿਕ ਵਰਕਰਾਂ ਵੱਲੋਂ ਸਕਾਰਾਤਮਕ ਪੇਰੈਂਟਿੰਗ ਮੁਲਾਂਕਣ। ਸਥਾਨਕ ਅਥਾਰਟੀ ਨੇ ਫ਼ੈਸਲਾ ਕੀਤਾ ਕਿ ਐਮਿਲੀ ਦੀ ਧੀ ਘਰ ਵਾਪਸ ਆ ਸਕਦੀ ਹੈ।
ਅਸੀਂ ਡੀਐੱਨਏ ਲੀਗਲ, ਉਹ ਲੈਬ ਜਿਸ ਨੇ ਦਸੰਬਰ 2024 ਦਾ ਟੈਸਟ ਕੀਤਾ ਸੀ, ਨਾਲ ਸੰਪਰਕ ਕੀਤਾ। ਉਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਮਾਮਲੇ 'ਤੇ ਗੱਲ ਕਰਨ ਲਈ ਅਧਿਕਾਰਤ ਨਹੀਂ ਹੈ।
ਇੱਕ ਵੱਡਾ ਖਤਰਾ?
ਐਡਲਰ ਮੰਨਦੇ ਹਨ ਕਿ ਐਮਿਲੀ ਦੇ ਮਾਮਲੇ ਵਿੱਚ ਨਿਆਂ ਦੀ ਗ਼ਲਤੀ ਤੋਂ ਬਚਾਅ ਹੋ ਗਿਆ ਸੀ।
ਬੈਰਿਸਟਰ ਸਾਰਾਹ ਬ੍ਰੈਂਸਨ ਕਹਿੰਦੀ ਹੈ ਕਿ ਉਹ ਦੋ ਮਾਮਲਿਆਂ ਵਿੱਚ ਮਾਪਿਆਂ ਦੀ ਨੁਮਾਇੰਦਗੀ ਕਰ ਚੁੱਕੀ ਹੈ ਜਿੱਥੇ ਬੱਚਿਆਂ ਨੂੰ ਗੋਦ ਲੈਣ ਲਈ ਦੇ ਦਿੱਤਾ ਗਿਆ ਸੀ ਕਿਉਂਕਿ ਟੈਸਟ ਨਤੀਜਿਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਕ੍ਰੈਕ ਕੋਕੇਨ ਵਰਤੀ ਸੀ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਸੀ। ਉਹ ਮੰਨਦੀ ਹੈ ਕਿ ਹੁਣ ਉਹ ਸਾਬਤ ਕਰ ਸਕਦੀ ਹੈ ਕਿ ਉਹ ਟੈਸਟ ਨਤੀਜੇ ਗ਼ਲਤ ਸਨ।
ਸਮਾਜਿਕ ਵਰਕਰਾਂ ਲਈ ਇਸ ਟੈਸਟ ਚੁਣੌਤੀ ਦੇਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਗ਼ਲਤ ਤੌਰ 'ਤੇ ਇੱਕ ਪਾਜ਼ੀਟਿਵ ਡਰੱਗ ਟੈਸਟ ਨੂੰ ਰੱਦ ਕਰਨਾ ਭਿਆਨਕ ਨਤੀਜੇ ਲਿਆ ਸਕਦਾ ਹੈ।
2023 ਵਿੱਚ ਸ਼ੈਨਨ ਮਾਰਸਡਨ ਅਤੇ ਸਟੀਫਨ ਬੋਡਨ ਨੂੰ ਆਪਣੇ ਬੱਚੇ ਫਿਨਲੇ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਫਿਨਲੇ ਨੂੰ ਉਨ੍ਹਾਂ ਨੂੰ ਉਦੋਂ ਵਾਪਸ ਸੌਂਪਿਆ ਗਿਆ ਸੀ ਜਦੋਂ ਉਨ੍ਹਾਂ ਨੇ ਸਮਾਜਿਕ ਵਰਕਰਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਹ ਚੰਗੇ ਮਾਪੇ ਹਨ ਅਤੇ ਨਸ਼ਾ ਛੱਡ ਚੁੱਕੇ ਹਨ। ਵਾਲਾਂ ਦੇ ਸਟਰੈਂਡ ਟੈਸਟਾਂ ਨੇ ਦਰਸਾਇਆ ਸੀ ਕਿ ਉਹ ਅਜੇ ਵੀ ਕੈਨੇਬਿਸ ਵਰਤ ਰਹੇ ਸਨ।
ਹੁਣ ਪਰਿਵਾਰਕ ਅਦਾਲਤ ਵਿੱਚ ਫੋਰੈਂਸਿਕ ਸਬੂਤਾਂ ਨੂੰ ਉਸੇ ਤਰ੍ਹਾਂ ਨਿਯਮਬੱਧ ਕਰਨ ਦੀਆਂ ਮੰਗਾਂ ਹਨ ਜਿਵੇਂ ਕਿ ਅਪਰਾਧਿਕ ਅਦਾਲਤ ਵਿੱਚ ਹੁੰਦਾ ਹੈ।
ਇੰਗਲੈਂਡ ਅਤੇ ਵੇਲਜ਼ ਦੀ ਸਾਬਕਾ ਫੋਰੈਂਸਿਕ ਸਾਇੰਸ ਰੈਗੂਲੇਟਰ ਪ੍ਰੋਫੈਸਰ ਗਿਲੀਅਨ ਟਲੀ ਕਹਿੰਦੀ ਹੈ, "ਇਹ ਇਸ ਤਰ੍ਹਾਂ ਲੱਗਦਾ ਹੈ ਕਿ ਖ਼ਰਾਬ ਪ੍ਰੈਕਟਿਸ ਜਾਂ ਨਿਆਂ ਲਈ ਖ਼ਤਰੇ ਤੋਂ ਬਚਾਉਣਾ ਸਮਝਦਾਰੀ ਹੋਵੇਗੀ। ਫੋਰੈਂਸਿਕ ਵਿਗਿਆਨ ਨੂੰ ਢੰਗ ਨਾਲ ਕਰਨ ਦਾ ਵੱਡਾ ਹਿੱਸਾ ਇਹ ਯਕੀਨੀ ਬਣਾਉਣਾ ਹੈ ਕਿ ਵਿਆਖਿਆ ਸਹੀ ਹੈ।"
ਦਸੰਬਰ 2024 ਵਿੱਚ ਪਰਿਵਾਰਕ ਅਦਾਲਤ ਦੇ ਸਭ ਤੋਂ ਸੀਨੀਅਰ ਜੱਜ ਨੇ ਇਹ ਮਾਮਲਾ ਫੈਮਿਲੀ ਜਸਟਿਸ ਕੌਂਸਲ ਕੋਲ ਤੁਰੰਤ ਵਿਚਾਰ ਲਈ ਭੇਜਿਆ ਸੀ, ਪਰ ਇਸ ਨੇ ਅਜੇ ਤੱਕ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ।
ਨਿਆਂ ਮੰਤਰਾਲੇ ਨੇ ਕਿਹਾ ਕਿ ਉਹ ਵਾਲਾਂ ਦੇ ਸਟਰੈਂਡ ਟੈਸਟਿੰਗ ਬਾਰੇ ਚਿੰਤਾਵਾਂ ਤੋਂ ਜਾਣੂ ਹੈ, ਪਰ ਉਹ ਵੀ ਫੈਮਿਲੀ ਜਸਟਿਸ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ