'ਦੁਕਾਨਾਂ ਤਾਂ ਬਣਾ ਲਈਆਂ, ਪਿਤਾ ਕਦੇ ਵਾਪਸ ਨਹੀਂ ਆਉਣੇ': ਪਠਾਨਕੋਟ ਦੇ ਦੁਕਾਨਦਾਰਾਂ ਦੀ ਹੜ੍ਹ ਤੋਂ ਇੱਕ ਸਾਲ ਬਾਅਦ ਦੀ ਹੱਡਬੀਤੀ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
"ਜਦੋਂ ਹੜ੍ਹ ਨਾਲ ਹੋਇਆ ਨੁਕਸਾਨ ਪਿਤਾ ਨੇ ਦੇਖਿਆ ਤਾਂ ਸਦਮੇ ਨਾਲ ਸਿਹਤ ਖ਼ਰਾਬ ਹੋ ਗਈ ਤੇ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਤੇ ਦਿਨਾਂ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੁਕਾਨਾਂ ਤਾਂ ਮੁੜ ਬਣਾ ਲਈਆਂ ਹਨ, ਪਰ ਪਿਤਾ ਕਦੇ ਵਾਪਸ ਨਹੀਂ ਆਉਣੇ।"
ਇਹ ਸ਼ਬਦ ਪਠਾਨਕੋਟ ਦੇ ਬਮਿਆਲ ਇਲਾਕੇ ਦੇ ਦੁਕਾਨਦਾਰ ਕਿਸ਼ੋਰ ਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪਿਛਲੇ ਸਾਲ ਉਨ੍ਹਾਂ ਨਾਲ ਹੋਇਆ, ਉਸ ਨੇ ਉਨ੍ਹਾਂ ਦੀ ਤੇ ਪੂਰੇ ਪਰਿਵਾਰ ਦੀ ਜ਼ਿੰਦਗੀ ਹੀ ਜਿਵੇਂ ਬਦਲ ਦਿੱਤੀ।
ਬੀਤੇ ਸਾਲ ਪੰਜਾਬ 'ਚ ਆਏ ਹੜ੍ਹ ਨਾਲ ਕਈ ਇਲਾਕਿਆਂ 'ਚ ਲੋਕਾਂ ਦੀਆਂ ਫ਼ਸਲਾਂ, ਘਰਾਂ ਅਤੇ ਹੋਰਨਾਂ ਚੀਜ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਅਤੇ ਉਸੇ ਪਾਣੀ ਦੀ ਮਾਰ ਹੇਠ ਜ਼ਿਲ੍ਹਾ ਪਠਾਨਕੋਟ ਦੇ ਵੀ ਕਈ ਇਲਾਕੇ ਆਏ ਸਨ।
ਮੁੱਖ ਤੌਰ 'ਤੇ ਸਰਹੱਦੀ ਇਲਾਕਾ ਬਮਿਆਲ ਇਸ ਮਾਰ ਹੇਠ ਸੀ ਅਤੇ ਇੱਕ ਸਾਲ ਬੀਤ ਜਾਣ ਬਾਅਦ ਵੀ ਇਸ ਇਲਾਕੇ 'ਚ ਕਈ ਲੋਕ ਇਸ ਮਾਰ ਹੇਠ ਅੱਜ ਵੀ ਉਸੇ ਤਰ੍ਹਾਂ ਦੱਬੇ ਹੋਏ ਨਜ਼ਰ ਆਉਂਦੇ ਹਨ।
ਜਿੱਥੇ ਫ਼ਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ, ਉੱਥੇ ਕਈ ਦੁਕਾਨਾਂ ਵੀ ਇਸ ਮਾਰ ਹੇਠ ਆਉਣ ਨਾਲ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਇਸ ਇਲਾਕੇ ਦੇ ਪਿੰਡ ਕੌਲੀਆ ਦੇ ਬਾਜ਼ਾਰ 'ਚ ਹੜ੍ਹ ਦੀ ਮਾਰ ਨਾਲ ਪੂਰੀ ਤਰ੍ਹਾਂ ਤਬਾਹ ਹੋਈਆਂ ਦੁਕਾਨਾਂ ਅੱਜ ਵੀ ਉਵੇਂ ਹੀ ਦੇਖਣ ਨੂੰ ਮਿਲ ਰਹੀਆਂ ਹਨ।
ਇਸ ਇਲਾਕੇ 'ਚ ਇੱਕ ਢਾਬਾ ਚਲਾ ਰਹੇ ਦੋ ਭਰਾ ਇੱਕ ਸਾਲ ਪਹਿਲਾਂ ਕੁਦਰਤ ਦੀ ਮਾਰ ਨਾਲ ਹੋਈ ਆਪਣੀ ਹੱਡਬੀਤੀ ਸੁਣਾਉਂਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਜ਼ਿੰਦਗੀ ਇੰਨੀ ਬਦਲ ਜਾਵੇਗੀ।

ਤਸਵੀਰ ਸਰੋਤ, Gurpreet Chawla/BBC
ਨੌਜਵਾਨ ਕਿਸ਼ੋਰ ਕੁਮਾਰ ਦੱਸਦੇ ਹਨ, "ਪਿਛਲੇ ਸਾਲ 26 ਅਗਸਤ 2025 ਨੂੰ ਇਸ ਇਲਾਕੇ 'ਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਅਤੇ ਵਹਾਅ ਇੰਨਾ ਤੇਜ਼ ਹੋਇਆ ਕਿ ਪਾਣੀ ਦੀ ਮਾਰ 'ਚ ਉਨ੍ਹਾਂ ਦਾ ਪੂਰਾ ਇਲਾਕਾ ਆ ਗਿਆ।"
ਉਨ੍ਹਾਂ ਦੇ ਬਾਜ਼ਾਰ 'ਚ ਦੋ ਮੰਜ਼ਿਲਾ ਦੋ ਦੁਕਾਨਾਂ ਸਨ। ਇੱਕ 'ਚ ਉਹ ਅਤੇ ਉਨ੍ਹਾਂ ਦਾ ਭਰਾ ਢਾਬਾ ਚਲਾ ਰਹੇ ਸਨ। ਇੱਕ ਉਨ੍ਹਾਂ ਨੇ ਸ਼ਰਾਬ ਦੇ ਠੇਕੇ ਲਈ ਕਿਰਾਏ 'ਤੇ ਦਿੱਤੀ ਸੀ।
ਦਰਿਆ ਦੇ ਪਾਣੀ ਦਾ ਰੁਖ਼ ਸਿੱਧਾ ਉਨ੍ਹਾਂ ਦੀਆਂ ਦੁਕਾਨਾਂ ਵੱਲ ਇੰਨੀ ਤੇਜ਼ੀ ਨਾਲ ਆਇਆ ਕਿ ਦੇਖਦੇ ਹੀ ਦੇਖਦੇ ਉਹ ਦੋ ਮੰਜ਼ਿਲਾ ਇਮਾਰਤ ਪਾਣੀ ਨਾਲ ਪੂਰੀ ਤਰ੍ਹਾਂ ਨੁਕਸਾਨੀ ਗਈ। ਦੁਕਾਨ ਦਾ ਜੋ ਸਮਾਨ ਸੀ, ਉਹ ਵੀ ਸਾਰਾ ਰੁੜ੍ਹ ਗਿਆ।
ਕਿਸ਼ੋਰ ਦੱਸਦੇ ਹਨ ਕਿ ਇਹ ਦੁਕਾਨਾਂ ਉਨ੍ਹਾਂ ਦੇ ਪਿਤਾ ਨੇ ਖਰੀਦੀਆਂ ਸਨ। ਉਹ ਸਿੰਚਾਈ ਵਿਭਾਗ 'ਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਦੋਵਾਂ ਪੁੱਤਰਾਂ ਨੂੰ ਰੋਜ਼ਗਾਰ ਸ਼ੁਰੂ ਕਰਨ ਦੀ ਸੋਚ ਨਾਲ ਇਹ ਦੁਕਾਨਾਂ ਲੈ ਕੇ ਦਿੱਤੀਆਂ ਸਨ।
ਉਨ੍ਹਾਂ ਦਾ ਕਹਿਣਾ ਹੈ, "ਜਦੋਂ 27 ਅਗਸਤ ਨੂੰ ਇਨ੍ਹਾਂ ਦੁਕਾਨਾਂ ਨੂੰ ਢਹਿ-ਢੇਰੀ ਹੋਇਆ ਦੇਖਿਆ ਤਾਂ ਪਿਤਾ ਨੂੰ ਬਹੁਤ ਸਦਮਾ ਲੱਗਾ। ਉਨ੍ਹਾਂ ਨੂੰ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਉਣਾ ਪੈ ਗਿਆ। ਪੰਜ ਦਿਨਾਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।"
"ਅਸੀਂ ਉਨ੍ਹਾਂ ਨੂੰ ਤਸੱਲੀ ਦਿੰਦੇ ਰਹਿ ਗਏ ਅਤੇ ਉਹ ਸਾਨੂੰ। ਲੇਕਿਨ ਆਖ਼ਰ 'ਚ ਉਹ ਆਪ ਹੀ ਸਾਥ ਛੱਡ ਗਏ।"

ਕਿਸ਼ੋਰ ਕਹਿੰਦੇ ਹਨ ਕਿ ਭਾਵੇਂ ਅੱਜ ਉਨ੍ਹਾਂ ਨੇ ਕਿਵੇਂ ਨਾ ਕਿਵੇਂ ਦੁਕਾਨਾਂ ਦੀ ਮੁੜ ਉਸਾਰੀ ਕਰ ਲਈ ਹੈ, ਲੇਕਿਨ ਪਿਤਾ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸਾਲ ਬੀਤ ਗਿਆ ਹੈ, ਲੇਕਿਨ ਪਿਛਲੇ ਸਾਲ ਜੋ ਉਨ੍ਹਾਂ ਨਾਲ ਹੋਇਆ, ਉਹ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ। ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲੋਂ ਪੈਸੇ ਉਧਾਰੇ ਲੈ ਕੇ ਉਨ੍ਹਾਂ ਦੁਕਾਨਾਂ ਦੀ ਨਵੀਂ ਇਮਾਰਤ ਖੜ੍ਹੀ ਕੀਤੀ ਹੈ।
"ਜੇਕਰ ਪਿਤਾ ਹੁੰਦੇ ਤਾਂ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਸੀ ਹੋਣੀ। ਹਾਲਾਤ ਅੱਜ ਵੀ ਬਹੁਤ ਮੰਦੇ ਹਨ। ਕਾਰੋਬਾਰ ਵੀ ਬਹੁਤ ਘੱਟ ਗਿਆ ਹੈ ਅਤੇ ਦਰਿਆ ਦਾ ਧੁੱਸੀ ਬੰਨ੍ਹ ਵੀ ਉਵੇਂ ਹੈ। ਡਰ ਹਮੇਸ਼ਾ ਰਹਿੰਦਾ ਹੈ।"
ਕਿਸ਼ੋਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ 'ਚ ਆਪਣੇ ਹੋਏ ਨੁਕਸਾਨ ਬਾਰੇ ਅਪੀਲ ਵੀ ਕੀਤੀ ਅਤੇ ਚੱਕਰ ਵੀ ਮਾਰੇ, ਲੇਕਿਨ ਕੋਈ ਸੁਣਵਾਈ ਨਹੀਂ ਹੋਈ।
ਇੱਕ ਗ਼ੈਰ-ਸਰਕਾਰੀ ਸੰਸਥਾ ਵਾਲੇ ਜ਼ਰੂਰ ਉਨ੍ਹਾਂ ਦਿਨਾਂ 'ਚ ਇਮਾਰਤ ਦੇ ਮਾੜੇ ਹਾਲਾਤ ਦੇਖ ਕੇ ਮਹਿਜ਼ 20 ਹਜ਼ਾਰ ਰੁਪਏ ਦੀ ਮਦਦ ਕਰ ਗਏ। ਲੇਕਿਨ ਉਨ੍ਹਾਂ ਨੇ ਲੱਖਾਂ ਰੁਪਏ ਉਧਾਰੇ ਲੈ ਕੇ ਮੁੜ ਆਪਣੇ ਕਾਰੋਬਾਰ ਲਈ ਇਮਾਰਤ ਨਵੇਂ ਸਿਰੇ ਤੋਂ ਬਣਾਈ ਹੈ।
'ਦੁਖੀ ਹੋ ਗਿਆ ਦਿਲ, ਹੁਣ ਇੱਥੇ ਫੇਰਾ ਮਾਰਨ ਨੂੰ ਵੀ ਦਿਲ ਨਹੀਂ ਕਰਦਾ'

ਤਸਵੀਰ ਸਰੋਤ, Gurpreet Chawla/BBC
ਇਸੇ ਹੀ ਇਲਾਕੇ 'ਚ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੇ ਨਜ਼ਦੀਕ ਚਾਰ ਦੁਕਾਨਾਂ ਅਤੇ ਬੇਸਮੈਂਟ ਵਾਲੀ ਇਮਾਰਤ ਬੁਰੇ ਹਾਲਾਤ 'ਚ ਢਹਿ-ਢੇਰੀ ਹੋਈ ਨਜ਼ਰ ਆਉਂਦੀ ਹੈ।
ਇਨ੍ਹਾਂ ਦੁਕਾਨਾਂ ਦਾ ਲੈਂਟਰ ਇੱਕ ਸਾਈਡ ਨੂੰ ਡਿੱਗ ਚੁੱਕਾ ਹੈ। ਇਮਾਰਤ ਦੀਆਂ ਨੀਂਹਾਂ ਵੀ ਦੱਬ ਚੁੱਕੀਆਂ ਹਨ।
ਦੁਕਾਨਾਂ ਦੇ ਮਾਲਕ ਪ੍ਰਸ਼ੋਤਮ ਲਾਲ ਦਾ ਕਹਿਣਾ ਹੈ ਕਿ ਇਹ ਮਾਰਕੀਟ ਉਨ੍ਹਾਂ ਅਤੇ ਉਨ੍ਹਾਂ ਦੇ ਭਰਾ ਨੇ ਬੜੇ ਚਾਵਾਂ-ਉਮੀਦਾਂ ਨਾਲ ਆਪਣੀ ਜ਼ਿੰਦਗੀ ਦੀ ਕਮਾਈ ਲਾ ਕੇ ਆਪਣੀ ਖੇਤੀ ਵਾਲੀ ਜ਼ਮੀਨ 'ਚ ਬਣਾਈ ਸੀ।
ਹਾਲੇ ਤਾਂ ਇੱਕ ਸਾਲ ਪਹਿਲਾਂ ਇਮਾਰਤ ਦੀ ਤਿਆਰੀ ਅਤੇ ਬੇਸਮੈਂਟ 'ਚ ਪਲੱਸਤਰ ਕਰਵਾ ਕੇ ਕੰਮ ਮੁਕੰਮਲ ਕੀਤਾ ਹੀ ਸੀ ਕਿ ਇੱਕੋ ਝਟਕੇ 'ਚ ਸਾਰੀ ਕਮਾਈ ਤੇ ਉਮੀਦਾਂ ਜਿਵੇਂ ਖ਼ਤਮ ਹੀ ਹੋ ਗਈਆਂ।
ਇਸੇ ਇਮਾਰਤ ਦੇ ਪਿਛਲੇ ਪਾਸੇ ਉਨ੍ਹਾਂ ਦੀ ਖੇਤੀ ਵਾਲੀ ਭਰਾਵਾਂ ਦੀ ਸਾਂਝੀ ਕੁਝ ਜ਼ਮੀਨ ਦਾ ਹਿੱਸਾ ਵੀ ਸੀ। ਉੱਥੇ ਸਬਜ਼ੀ ਜਾਂ ਹੋਰ ਖੇਤੀ ਕਰ ਕੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਹ ਵੀ ਦਰਿਆ 'ਚ ਆ ਗਿਆ ਅਤੇ ਹੁਣ ਕੁਝ ਨਹੀਂ ਰਿਹਾ।
ਉਹ ਅਤੇ ਉਨ੍ਹਾਂ ਦੇ ਭਰਾ ਹੁਣ ਮਜ਼ਦੂਰੀ ਕਰ ਕੇ ਘਰ-ਪਰਿਵਾਰ ਦੇ ਖਰਚ ਚਲਾ ਰਹੇ ਹਨ।

ਪ੍ਰਸ਼ੋਤਮ ਆਖਦੇ ਹਨ, "ਹਾਲਾਤ ਤਾਂ ਇਹ ਹਨ ਕਿ ਹੁਣ ਤਾਂ ਰੋ-ਰੋ ਕੇ ਹੰਝੂ ਵੀ ਖ਼ਤਮ ਹੋ ਗਏ। ਇੱਥੇ ਦੁਕਾਨਾਂ ਵੱਲ ਤਾਂ ਆਉਣ ਨੂੰ ਮਨ ਹੀ ਨਹੀਂ ਕਰਦਾ। ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਕਦੇ ਵੀ ਡਿੱਗ ਜਾਵੇ, ਇਸ ਡਰ ਤੋਂ ਤਾਂ ਅੰਦਰ ਵੀ ਨਹੀਂ ਜਾਂਦੇ।"
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਕਿ ਹੁਣ ਦੁਬਾਰਾ ਇਸ ਨੂੰ ਬਣਾਇਆ ਜਾ ਸਕੇ ਅਤੇ ਕੋਈ ਰਾਹ ਵੀ ਨਹੀਂ ਨਜ਼ਰ ਆਉਂਦਾ।
ਜਦੋਂ ਪਿਛਲੇ ਸਾਲ ਹੜ੍ਹ ਨਾਲ ਉਨ੍ਹਾਂ ਦਾ ਜਾਂ ਹੋਰਨਾਂ ਦਾ ਨੁਕਸਾਨ ਹੋਇਆ ਤਾਂ ਮਦਦ ਦਾ ਭਰੋਸਾ ਤਾਂ ਜ਼ਰੂਰ ਸਿਆਸੀ ਲੋਕ ਆ ਕੇ ਦੇ ਗਏ। ਪਰ ਮਦਦ ਕਿਸੇ ਨੇ ਨਹੀਂ ਕੀਤੀ।
ਜੋ ਸੰਸਥਾਵਾਂ ਵਾਲੇ ਵੀ ਆਏ, ਉਨ੍ਹਾਂ ਨੇ ਵੀ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ। ਲੇਕਿਨ ਉਨ੍ਹਾਂ ਨੂੰ ਕੋਈ ਪੁੱਛਣ ਨਹੀਂ ਆਇਆ।
'ਦੁਕਾਨ ਹੀ ਨਹੀਂ, ਬਲਕਿ ਸਭ ਕੁਝ ਸੀ, ਘਰ ਵਰਗਾ ਸੀ। ਹੁਣ ਤਾਂ ਮਜਬੂਰਨ ਸੜਕ 'ਤੇ ਹੀ ਬੈਠ ਕੇ ਗੁਜ਼ਾਰਾ ਕਰ ਰਿਹਾ ਹਾਂ'

ਤਸਵੀਰ ਸਰੋਤ, Gurpreet Chawla/BBC
ਉੱਥੇ ਹੀ ਇਨ੍ਹਾਂ ਦੁਕਾਨਾਂ ਦੇ ਬਾਹਰ ਸੜਕ ਦੇ ਕਿਨਾਰੇ ਟਰੱਕ ਮਕੈਨਿਕ ਪਵਨ ਕੁਮਾਰ ਦੱਸਦੇ ਹਨ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਬਹੁਤ ਵਧੀਆ ਸੀ।
ਇਨ੍ਹਾਂ ਦੁਕਾਨਾਂ ਵਿੱਚੋਂ ਇੱਕ ਦੁਕਾਨ ਉਨ੍ਹਾਂ ਕੋਲ ਕਿਰਾਏ 'ਤੇ ਸੀ ਅਤੇ ਉਹ ਮਹੀਨੇ ਦੇ 2,000 ਰੁਪਏ ਦਿੰਦੇ ਸਨ।
ਲੇਕਿਨ ਉਹ ਦੁਕਾਨ ਹੀ ਨਹੀਂ, ਬਲਕਿ ਉਨ੍ਹਾਂ ਲਈ ਸਭ ਕੁਝ ਸੀ ਕਿਉਂਕਿ ਦੇਰ ਸ਼ਾਮ ਤੱਕ ਜੇ ਕੰਮ ਕਰਦੇ ਸਮੇਂ ਜ਼ਿਆਦਾ ਹੋ ਜਾਂਦਾ ਤਾਂ ਉਹ ਆਪਣੀ ਦੁਕਾਨ ਵਿੱਚ ਹੀ ਰਾਤ ਕੱਟ ਲੈਂਦੇ ਅਤੇ ਦੁਗਣੀ ਮਿਹਨਤ ਕਰ ਕੇ ਆਪਣੇ ਪਰਿਵਾਰ ਲਈ ਕੁਝ ਪੈਸੇ ਕਮਾਉਂਦੇ ਸਨ।
ਪਰ ਇੱਕ ਸਾਲ ਤੋਂ ਉਹ ਇਸੇ ਤਰ੍ਹਾਂ ਬਿਨਾਂ ਕਿਸੇ ਦੁਕਾਨ ਦੇ ਸੜਕ 'ਤੇ ਹੀ ਕੰਮ ਚਲਾਉਣ ਲਈ ਮਜਬੂਰ ਹਨ। ਨਾ ਤਾਂ ਕੋਈ ਦੁਕਾਨ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਇੰਨੀ ਆਮਦਨ ਹੈ ਕਿ ਉਹ ਕੋਈ ਹੋਰ ਹੱਲ ਕਰ ਸਕਣ।
ਪਵਨ ਦੱਸਦੇ ਹਨ, "ਜਦੋਂ ਪਾਣੀ ਨਾਲ ਇਹ ਪੂਰਾ ਇਲਾਕਾ ਡੁੱਬ ਗਿਆ ਤਾਂ ਰਾਤ ਦਾ ਸਮਾਂ ਸੀ ਅਤੇ ਸਵੇਰੇ ਵੀ ਪੂਰੇ ਇਲਾਕੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ।"
"ਦੋ ਦਿਨਾਂ ਬਾਅਦ ਜਦੋਂ ਪਾਣੀ ਘੱਟ ਹੋਣ 'ਤੇ ਆ ਕੇ ਦੇਖਿਆ ਤਾਂ ਦੁਕਾਨਾਂ ਦੇ ਥੱਲੇ ਬੇਸਮੈਂਟ ਵਿੱਚ ਪਾਣੀ ਭਰਨ ਨਾਲ ਇਮਾਰਤ ਦਾ ਲੈਂਟਰ ਵੀ ਡਿੱਗ ਗਿਆ। ਜਿੱਥੇ ਮਾਲਕ ਦੀਆਂ ਦੁਕਾਨਾਂ ਦਾ ਨੁਕਸਾਨ ਹੋਇਆ, ਉੱਥੇ ਅੰਦਰ ਜੋ ਉਨ੍ਹਾਂ ਦਾ ਸਾਮਾਨ ਸੀ, ਜਾਂ ਤਾਂ ਰੁੜ੍ਹ ਗਿਆ ਅਤੇ ਜੋ ਬਚਿਆ ਸੀ, ਉਹ ਪਾਣੀ ਦੀ ਮਾਰ ਨਾਲ ਖ਼ਰਾਬ ਹੋ ਗਿਆ।"

ਤਸਵੀਰ ਸਰੋਤ, Gurpreet Chawla/BBC
ਪਵਨ ਦੱਸਦੇ ਹਨ ਕਿ ਉਨ੍ਹਾਂ ਦਾ ਕਰੀਬ ਦੋ ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਇਆ। ਇਹ ਸਾਮਾਨ ਉਨ੍ਹਾਂ ਨੇ ਮਿਹਨਤ ਨਾਲ ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਬਣਾਇਆ ਸੀ।
ਉਹ ਕਹਿੰਦੇ ਹਨ ਕਿ ਮਦਦ ਕਿੱਥੋਂ ਮਿਲਣੀ ਸੀ, ਕੋਈ ਪੁੱਛਣ ਹੀ ਨਹੀਂ ਆਇਆ। ਉਹ ਕਿਸੇ ਸਰਕਾਰੀ ਦਫ਼ਤਰ ਵੀ ਨਹੀਂ ਗਏ, ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਜਾਣਾ ਹੈ।
ਪਵਨ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਕਮਾਉਣ ਵਾਲੇ ਉਹ ਇਕੱਲੇ ਹੀ ਹਨ। ਉਨ੍ਹਾਂ ਦੇ ਹੋਏ ਨੁਕਸਾਨ ਲਈ ਕੁਝ ਰਿਸ਼ਤੇਦਾਰਾਂ ਨੇ ਮਦਦ ਕੀਤੀ ਤਾਂ ਹੁਣ ਉਨ੍ਹਾਂ ਨੇ ਸਾਮਾਨ ਲਿਆ ਹੈ।
ਹੁਣ ਬਾਜ਼ਾਰ ਵਿੱਚ ਹੀ ਇੱਕ ਛੋਟੀ ਜਿਹੀ ਦੁਕਾਨ ਕਿਸੇ ਨੇ ਮਦਦ ਵਜੋਂ ਦਿੱਤੀ ਹੈ। ਪਰ ਉਨ੍ਹਾਂ ਦੇ ਕੰਮ ਜਿਵੇਂ ਦਾ ਹੈ, ਉਸ ਅਨੁਸਾਰ ਉਹ ਥਾਂ ਬਹੁਤ ਘੱਟ ਹੈ। ਇਸ ਲਈ ਮਜਬੂਰਨ ਉਹ ਇਸੇ ਤਰ੍ਹਾਂ ਸੜਕ ਕੰਢੇ ਥੋੜ੍ਹਾ-ਬਹੁਤ ਕੰਮ ਕਰ ਕੇ ਗੁਜ਼ਾਰਾ ਕਰ ਰਹੇ ਹਨ।

ਤਸਵੀਰ ਸਰੋਤ, Gurpreet Chawla/BBC
ਬੀਬੀਸੀ ਟੀਮ ਵੱਲੋਂ ਜਦੋਂ ਅਜਿਹੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਬਾਰੇ ਵਾਰ-ਵਾਰ ਪਠਾਨਕੋਟ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜ਼ਿਲ੍ਹਾ ਰੈਵੀਨਿਊ ਅਫਸਰ ਜਸਕਰਨਜੀਤ ਸਿੰਘ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਹੜ੍ਹ ਨਾਲ ਨੁਕਸਾਨ ਹੋਇਆ ਸੀ ਤਾਂ ਪੰਜਾਬ ਸਰਕਾਰ ਦੇ ਦਿੱਤੇ ਹੁਕਮਾਂ ਅਨੁਸਾਰ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਸਰਵੇ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ, "ਇਸ ਸਰਵੇ ਵਿੱਚ ਭਾਵੇਂ ਉਹ ਘਰ ਹੋਵੇ ਜਾਂ ਦੁਕਾਨ, ਕੋਈ ਵੀ ਇਮਾਰਤ ਹੋਵੇ, ਉਸ ਦਾ ਇਮਾਰਤ ਵਜੋਂ ਵੱਖ-ਵੱਖ ਵਿਭਾਗਾਂ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਲੋਕ ਨਿਰਮਾਣ ਵਿਭਾਗ ਅਤੇ ਦੂਸਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਸਰਵੇ ਦੀ ਰਿਪੋਰਟ ਦੇ ਆਧਾਰ 'ਤੇ ਹੜ੍ਹ ਪੀੜਤ ਲੋਕਾਂ ਨੂੰ ਸਰਕਾਰ ਵੱਲੋਂ ਤੈਅ ਮੁਆਵਜ਼ਾ ਅਤੇ ਮਦਦ ਰਾਸ਼ੀ ਦਿੱਤੀ ਗਈ ਹੈ।"
"ਇਹ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੀ ਭੇਜੀ ਗਈ ਸੀ।"
ਉੱਥੇ ਹੀ ਜਸਕਰਨਜੀਤ ਸਿੰਘ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਕਿਸੇ ਨੂੰ ਇਹ ਮਦਦ ਰਾਸ਼ੀ ਨਹੀਂ ਮਿਲੀ ਹੈ ਤਾਂ ਉਹ ਜ਼ਰੂਰ ਆਪਣੇ ਹੋਏ ਨੁਕਸਾਨ ਬਾਰੇ ਪ੍ਰਸ਼ਾਸਨ ਨੂੰ ਰਿਕਾਰਡ ਸਮੇਤ ਲਿਖਤੀ ਜਾਣਕਾਰੀ ਦੇਣ।
ਇਸ ਤੋਂ ਬਾਅਦ ਉਨ੍ਹਾਂ ਦੇ ਮਾਮਲੇ ਵਿੱਚ ਵਿਸ਼ੇਸ਼ ਪੜਤਾਲ ਕੀਤੀ ਜਾਵੇਗੀ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦੀ ਮਦਦ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























