ਕੀ ਘਰ ਦੇ ਅੰਦਰ ਜੁੱਤੇ ਪਹਿਨਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ, ਜਾਣੋ ਇਸ ਬਾਰੇ ਕੀ ਹੈ ਬਹਿਸ

ਇੱਕ ਮਹਿਲਾਂ ਗੰਦੇ ਜੁੱਤੇ ਦਿਖਾਉਂਦੀ ਹੋਈ
ਤਸਵੀਰ ਕੈਪਸ਼ਨ, ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜੁੱਤੇ ਬਾਹਰ ਮੌਜੂਦ ਬੈਕਟੀਰੀਆ ਨੂੰ ਬਹੁਤ ਆਸਾਨੀ ਨਾਲ ਘਰ ਦੇ ਅੰਦਰ ਲੈ ਆਉਂਦੇ ਹਨ।
    • ਲੇਖਕ, ਕੇਟ ਬੋਵੀ
    • ਰੋਲ, ਵਰਲਡ ਸਰਵਿਸ ਗਲੋਬਲ ਹੈਲਥ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਸਰਬੀਆ ਦੇ ਰਹਿਣ ਵਾਲੇ ਪੇਦਜ਼ਾ ਤ੍ਰਿਫੁਨੋਵਿਚ ਜਦੋਂ ਪਹਿਲੀ ਵਾਰ ਆਪਣੀ ਅਮਰੀਕੀ ਗਰਲਫਰੈਂਡ ਸੋਫ਼ੀਆ ਦੇ ਘਰ ਪਹੁੰਚੇ ਤਾਂ ਅੰਦਰ ਜਾਣ ਤੋਂ ਪਹਿਲਾਂ ਜੁੱਤੇ ਉਤਾਰਨ ਲੱਗੇ, ਪਰ ਸੋਫ਼ੀਆ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਉਹ ਜੁੱਤੇ ਪਹਿਨ ਕੇ ਰੱਖ ਸਕਦੇ ਹਨ ਤਾਂ ਪੇਦਜ਼ਾ ਹੈਰਾਨ ਰਹਿ ਗਏ।

ਉਨ੍ਹਾਂ ਨੇ ਉਦੋਂ ਸੋਫ਼ੀਆ ਨੂੰ ਕਿਹਾ ਸੀ, ''ਕੀ ਤੁਸੀਂ ਲੋਕ ਘਰ ਦੇ ਅੰਦਰ ਵੀ ਜੁੱਤੇ ਪਹਿਨ ਕੇ ਰਹਿੰਦੇ ਹੋ, ਮੈਨੂੰ ਤਾਂ ਇਹ ਬਹੁਤ ਬਦਤਮੀਜ਼ੀ ਨਾਲ ਭਰਿਆ ਲੱਗਿਆ।''

ਹੈਰਾਨ ਪੇਦਜ਼ਾ ਇਕੱਲੇ ਨਹੀਂ ਸਨ। ਉਨ੍ਹਾਂ ਦੀ ਗਰਲਫਰੈਂਡ (ਜੋ ਹੁਣ ਉਨ੍ਹਾਂ ਦੀ ਪਤਨੀ ਹਨ) ਸੋਫ਼ੀਆ ਵੀ ਹੈਰਾਨ ਸਨ, ਪਰ ਉਨ੍ਹਾਂ ਦੀ ਹੈਰਾਨੀ ਇਸ ਗੱਲ ਨੂੰ ਲੈ ਕੇ ਸੀ ਕਿ ਪੇਦਜ਼ਾ ਜੁੱਤੇ ਉਤਾਰ ਕੇ ਘਰ ਵਿੱਚ ਦਾਖਲ ਹੁੰਦੇ ਹਨ।

ਉਨ੍ਹਾਂ ਨੇ ਉਦੋਂ ਪੇਦਜ਼ਾ ਨੂੰ ਜਵਾਬ ਦਿੱਤਾ, ''ਕੀ ਤੁਸੀਂ ਪੈਰਾਂ ਦੀ ਬਦਬੂ ਪੂਰੇ ਘਰ ਵਿੱਚ ਫੈਲਾਉਣਾ ਚਾਹੁੰਦੇ ਹੋ?''

ਜਦੋਂ ਦੋਵਾਂ ਨੇ ਆਪਣੇ ਵਿਚਾਰ ਆਨਲਾਈਨ ਸ਼ੇਅਰ ਕੀਤੇ ਤਾਂ ਇਸ 'ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਜੁੱਤਿਆਂ ਨੂੰ ਲੈ ਕੇ ਸੋਫ਼ੀਆ ਅਤੇ ਪੇਦਜ਼ਾ ਵਿਚਕਾਰ ਹੋਈ ਇਹ ਬਹਿਸ ਤਾਂ ਦਰਅਸਲ ਪੂਰੀ ਦੁਨੀਆ ਵਿੱਚ ਹੁੰਦੀ ਰਹਿੰਦੀ ਹੈ।

ਦੋਵਾਂ ਨੇ ਇੱਕ 'ਟਿਕ-ਟਾਕ' ਵੀਡਿਓ ਪਾਇਆ ਜਿਸ ਵਿੱਚ ਪੇਦਜ਼ਾ ਨੇ ਚੱਪਲ ਪਾਈ ਹੋਈ ਹੈ ਅਤੇ ਸੋਫ਼ੀਆ ਟ੍ਰੇਨਰਸ ਵਿੱਚ ਆਪਣੇ ਅਪਾਰਟਮੈਂਟ ਦੇ ਅੰਦਰ ਦਿਖਦੀ ਹੈ। ਉਸ 'ਤੇ ਸੈਂਕੜੇ ਟਿੱਪਣੀਆਂ ਆਈਆਂ, ਲੋਕ ਬਹਿਸ ਕਰ ਰਹੇ ਸਨ ਕਿ ਕੌਣ ਜ਼ਿਆਦਾ ਸਾਫ਼ ਸੁਥਰਾ ਹੈ।

ਤਾਂ ਆਖ਼ਿਰ ਸਹੀ ਕੌਣ ਹੈ? ਕੀ ਘਰ ਦੇ ਅੰਦਰ ਜੁੱਤੇ ਪਹਿਨਣਾ ਸਿਹਤ ਲਈ ਖ਼ਤਰਾ ਹੈ? ਬੀਬੀਸੀ ਵਰਲਡ ਸਰਵਿਸ ਨੇ ਇਸ ਦਾ ਪਤਾ ਲਗਾਉਣ ਲਈ ਇੱਕ ਮਾਈਕਰੋਬਾਇਓਲੋਜੀ ਲੈਬ ਦਾ ਰੁਖ਼ ਕੀਤਾ।

ਦੁਨੀਆਂ ਭਰ ਵਿੱਚ ਬਹਿਸ

ਸੋਫੀਆ

ਤਸਵੀਰ ਸਰੋਤ, Sophia Trifunovic

ਤਸਵੀਰ ਕੈਪਸ਼ਨ, ਘਰ ਦੇ ਅੰਦਰ ਜੁੱਤੇ ਪਹਿਨ ਕੇ ਰੱਖੀਏ ਜਾਂ ਉਤਾਰ ਕੇ ਅੰਦਰ ਜਾਈਏ, ਇਸ ਨੂੰ ਲੈ ਕੇ ਅਲੱਗ-ਅਲੱਗ ਦੇਸ਼ਾਂ ਵਿੱਚ ਲੋਕਾਂ ਦਾ ਰਵੱਈਆ ਵੀ ਅਲੱਗ-ਅਲੱਗ ਹੈ।

ਘਰ ਦੇ ਅੰਦਰ ਜੁੱਤੇ ਪਹਿਨ ਕੇ ਰੱਖੀਏ ਜਾਂ ਉਤਾਰ ਕੇ ਅੰਦਰ ਜਾਈਏ, ਇਸ ਨੂੰ ਲੈ ਕੇ ਅਲੱਗ-ਅਲੱਗ ਦੇਸ਼ਾਂ ਵਿੱਚ ਲੋਕਾਂ ਦਾ ਰਵੱਈਆ ਵੀ ਅਲੱਗ-ਅਲੱਗ ਹੈ।

ਜ਼ਿਆਦਾਤਰ ਮੱਧ-ਪੂਰਬੀ ਤੇ ਏਸ਼ੀਆਈ ਅਤੇ ਦੇਸ਼ਾਂ ਵਿੱਚ ਘਰ ਦੇ ਅੰਦਰ ਜੁੱਤੇ ਪਹਿਨ ਕੇ ਰੱਖਣਾ ਅਸੱਭਿਅਕ ਮੰਨਿਆ ਜਾਂਦਾ ਹੈ। ਉੱਥੇ ਯੂਰਪ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਮਹਿਮਾਨਾਂ ਤੋਂ ਜੁੱਤੇ ਉਤਾਰਨ ਨੂੰ ਕਹਿਣਾ ਹੀ ਬਦਤਮੀਜ਼ੀ ਸਮਝਿਆ ਜਾਂਦਾ ਹੈ।

ਜਾਪਾਨ ਵਿੱਚ ਤਾਂ ਜੁੱਤਿਆਂ ਨੂੰ ਲੈ ਕੇ ਨਿਯਮ ਬਹੁਤ ਹੀ ਸਖ਼ਤ ਹਨ। ਉੱਥੋਂ ਦੇ ਜ਼ਿਆਦਾਤਰ ਘਰਾਂ ਵਿੱਚ ਇੱਕ ਵਿਸ਼ੇਸ਼ ਪ੍ਰਵੇਸ਼ ਦੁਆਰ ਹੁੰਦਾ ਹੈ ਜਿਸ ਨੂੰ 'ਗੇਨਕਨ' ਕਹਿੰਦੇ ਹਨ ਅਤੇ ਉਸ ਦੇ ਅੱਗੇ ਜੁੱਤੇ ਪਹਿਨ ਕੇ ਜਾਣ ਦੀ ਮਨਾਹੀ ਹੁੰਦੀ ਹੈ।

ਲੰਡਨ ਦੀ ਐੱਸਓਏਐੱਸ ਯੂਨੀਵਰਸਿਟੀ ਵਿੱਚ ਮਾਨਵਸ਼ਾਸਤਰ (ਹਿਊਮੈਨਿਟੀ) ਦੇ ਸੀਨੀਅਰ ਪ੍ਰੋਫੈਸਰ ਡਾਕਟਰ ਫ਼ਾਫਿਓ ਗਈਗੀ ਕਹਿੰਦੇ ਹਨ ਕਿ ਜੇਕਰ ਕੋਈ ਰਿਸ਼ਤੇਦਾਰ ਘਰ ਦੇ ਬਾਹਰ ਜੁੱਤੇ ਉਤਾਰਨਾ ਭੁੱਲ ਜਾਵੇ ਤਾਂ ਬੇਹੱਦ ਤਿੱਖੀ ਪ੍ਰਤੀਕਿਰਿਆ ਹੋਵੇਗੀ, ਲੋਕ ਲਗਭਗ ਤੁਹਾਡੇ 'ਤੇ ਟੁੱਟ ਹੀ ਪੈਣਗੇ ਕਿ ਨਹੀਂ, ਰੁਕੋ ਪਹਿਲਾਂ ਜੁੱਤੇ ਉਤਾਰੋ।

ਉਨ੍ਹਾਂ ਦੇ ਅਨੁਸਾਰ ਇਸ ਦੀ ਵਜ੍ਹਾ ਸਾਫ਼-ਸਫ਼ਾਈ ਦੇ ਨਾਲ-ਨਾਲ ਜਾਪਾਨੀ ਸੋਸਾਇਟੀ ਦੀ ਫ਼ਿਲਾਸਫ਼ੀ ਵੀ ਹੈ, ਉਹ ਕਹਿੰਦੇ ਹਨ, ''ਪ੍ਰਤੀਕਾਤਮਕ ਰੂਪ ਨਾਲ ਬਾਹਰ ਰਹਿਣ ਨੂੰ ਸਭ ਤਰ੍ਹਾਂ ਦੀ ਗੰਦਗੀ, ਖ਼ਤਰੇ ਅਤੇ ਪ੍ਰਦੂਸ਼ਣ ਨਾਲ ਜੋੜਿਆ ਜਾਂਦਾ ਹੈ।''

ਉਹ ਅੱਗੇ ਕਹਿੰਦੇ ਹਨ, ''ਅੰਦਰ ਉਹ ਜਗ੍ਹਾ ਹੈ ਜਿਸ ਨੂੰ ਤੁਸੀਂ ਨਿਰਮਲ ਰੱਖਣਾ ਚਾਹੁੰਦੇ ਹੋ। ਪਵਿੱਤਰ ਰੱਖਣਾ ਚਾਹੁੰਦੇ ਹੋ।''

ਸਾਡੇ ਜੁੱਤਿਆਂ 'ਤੇ ਕਿਹੜੇ ਬੈਕਟੀਰੀਆ ਹੁੰਦੇ ਹਨ?

ਜੁੱਤੇ ਤੋਂ ਨਮੂਨਾ ਲੈ ਕੇ ਟੈਸਟ ਕੀਤਾ ਜਾ ਰਿਹਾ
ਤਸਵੀਰ ਕੈਪਸ਼ਨ, ''ਜੇਕਰ ਸਰੀਰ 'ਤੇ ਖਰੋਂਚ ਹੋਵੇ ਅਤੇ ਉਸ ਵਿੱਚ ਇਹ ਬੈਕਟੀਰੀਆ ਪਹੁੰਚ ਜਾਏ ਤਾਂ ਪੀਕ ਨਾਲ ਭਰਿਆ ਵੱਡਾ ਫੋੜਾ ਹੋ ਸਕਦਾ ਹੈ।''

ਅਸੀਂ ਬ੍ਰਿਟੇਨ ਦੇ ਬ੍ਰਾਈਟਨ ਸ਼ਹਿਰ ਵਿੱਚ ਇੱਕ ਜੋੜੀ ਜੁੱਤਿਆਂ ਦੀ ਲੈਬ ਵਿੱਚ ਜਾਂਚ ਕਰਵਾਈ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ 'ਤੇ ਕੀ-ਕੀ ਮੌਜੂਦ ਹੈ।

ਬ੍ਰਾਈਟਨ ਯੂਨੀਵਰਸਿਟੀ ਵਿੱਚ ਮਾਇਕਰੋਬਾਇਓਲੋਜਿਸਟ ਡਾ. ਸਾਰਾ ਪਿਟ ਨੇ ਜੁੱਤਿਆਂ ਦੇ ਉੱਪਰ ਅਤੇ ਹੇਠਾਂ ਤੋਂ ਨਮੂਨੇ ਲਏ। ਇਨ੍ਹਾਂ ਨਮੂਨਿਆਂ ਨੂੰ ਪੂਰੀ ਰਾਤ ਲੈਬ ਵਿੱਚ ਰੱਖਿਆ ਗਿਆ।

ਅਗਲੇ ਦਿਨ ਮਾਈਕਰੋਸਕੋਪ ਨਾਲ ਜਾਂਚ ਕਰਨ 'ਤੇ ਜੁੱਤਿਆਂ 'ਤੇ ਕਈ ਤਰ੍ਹਾਂ ਦੇ ਬੈਕਟੀਰੀਆ ਮਿਲੇ।

ਇਨ੍ਹਾਂ ਵਿੱਚ ਸਟੈਫਿਲੋਕੋਕਸ ਅਰਿਅਸ ਵੀ ਸੀ। ਇਹ ਉਹੀ ਬੈਕਟੀਰੀਆ ਹੈ ਜੋ ਸਟੈਫ ਲਾਗ ਦਾ ਕਾਰਨ ਬਣਦਾ ਹੈ। ਡਾ. ਪਿਟ ਦੇ ਮੁਤਾਬਿਕ ਇਹ ਸਿਹਤਮੰਦ ਲੋਕਾਂ ਲਈ ਵੀ ਖ਼ਤਰਨਾਕ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ, ''ਜੇਕਰ ਸਰੀਰ 'ਤੇ ਖਰੋਂਚ ਹੋਵੇ ਅਤੇ ਉਸ ਵਿੱਚ ਇਹ ਬੈਕਟੀਰੀਆ ਪਹੁੰਚ ਜਾਏ ਤਾਂ ਪੀਕ ਨਾਲ ਭਰਿਆ ਵੱਡਾ ਫੋੜਾ ਹੋ ਸਕਦਾ ਹੈ।''

ਉਨ੍ਹਾਂ ਨੇ ਇਹ ਵੀ ਕਿਹਾ ਕਿ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਵਿੱਚ ਇਹ ਬੈਕਟੀਰੀਆ ਨਿਮੋਨੀਆ ਅਤੇ ਖੂਨ ਦੀ ਲਾਗ ਵੀ ਪੈਦਾ ਕਰ ਸਕਦਾ ਹੈ।

ਜੁੱਤਿਆਂ 'ਤੇ ਸਟੈਫਿਲੋਕੋਕਸ ਅਪਿਡਮਿਰਡਿਸ ਵੀ ਮਿਲਿਆ। ਇਹ ਬੈਕਟੀਰੀਆ ਆਮ ਤੌਰ 'ਤੇ ਇਨਸਾਨ ਦੀ ਚਮੜੀ 'ਤੇ ਮੌਜੂਦ ਰਹਿੰਦਾ ਹੈ, ਪਰ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਵਿੱਚ ਗੰਭੀਰ ਸੰਕਰਮਣ ਦਾ ਕਾਰਨ ਬਣ ਸਕਦਾ ਹੈ। ਇਹ ਅਕਸਰ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਵਿੱਚ ਵੀ ਪਾਇਆ ਜਾਂਦਾ ਹੈ।

ਦੂਜੇ ਅਧਿਐਨਾਂ ਵਿੱਚ ਵੀ ਪਤਾ ਲੱਗਿਆ ਹੈ ਕਿ ਜੁੱਤਿਆਂ 'ਤੇ ਕਈ ਤਰ੍ਹਾਂ ਦੇ ਸੰਕਰਮਣ ਫੈਲਾਉਣ ਵਾਲੇ ਬੈਕਟੀਰੀਆ ਹੋ ਸਕਦੇ ਹਨ। ਇਨ੍ਹਾਂ ਵਿੱਚ ਈ. ਕੋਲਾਈ ਵਰਗੇ ਮਲ ਨਾਲ ਫੈਲਣ ਵਾਲੇ ਬੈਕਟੀਰੀਆ ਵੀ ਸ਼ਾਮਲ ਹਨ।

ਡਾ. ਪਿਟ ਦਾ ਕਹਿਣਾ ਹੈ ਕਿ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੱਤਿਆਂ 'ਤੇ ਅਲੱਗ-ਅਲੱਗ ਤਰ੍ਹਾਂ ਦੇ ਬੈਕਟੀਰੀਆ, ਫੰਗਸ ਅਤੇ ਪਰਜੀਵੀ ਵੀ ਮਿਲ ਸਕਦੇ ਹਨ।

ਕੀ ਬਾਹਰ ਦੇ ਬੈਕਟੀਰੀਆ ਸਾਡੇ ਘਰਾਂ ਵਿੱਚ ਜਿਉਂਦੇ ਰਹਿ ਸਕਦੇ ਹਨ?

ਕੁਝ ਸੈਂਪਲ ਦਿਖਾਏ ਜਾ ਰਹੇ ਹਨ
ਤਸਵੀਰ ਕੈਪਸ਼ਨ, ਤੰਦਰੁਸਤ ਬਾਲਗਾਂ ਦੀ ਤੁਲਨਾ ਵਿੱਚ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਜਿਵੇਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜੁੱਤੇ ਬਾਹਰ ਮੌਜੂਦ ਬੈਕਟੀਰੀਆ ਨੂੰ ਬਹੁਤ ਆਸਾਨੀ ਨਾਲ ਘਰ ਦੇ ਅੰਦਰ ਲੈ ਆਉਂਦੇ ਹਨ।

ਡਾ. ਸਾਰਾ ਪਿਟ ਕਹਿੰਦੇ ਹਨ, ''ਇਸ ਗੱਲ ਦੇ ਪੱਕੇ ਸਬੂਤ ਹਨ ਕਿ ਬੈਕਟੀਰੀਆ ਘਰ ਦੇ ਅੰਦਰ ਵੀ ਜਿਉਂਦੇ ਰਹਿ ਸਕਦੇ ਹਨ। ਇਸ ਨਾਲ ਪਰਿਵਾਰ ਦੇ ਦੂਜੇ ਲੋਕਾਂ ਤੱਕ ਸੰਕਰਮਣ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।''

ਉਨ੍ਹਾਂ ਨੇ ਦੱਸਿਆ ਕਿ ਇਹ ਬੈਕਟੀਰੀਆ ਕਈ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਹਨ। ਜੇਕਰ ਕਾਲੀਨ ਗਰਮ ਹੋਵੇ, ਤਾਂ ਇਹ ਹੋਰ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿ ਸਕਦੇ ਹਨ।

ਇੰਨਾ ਹੀ ਨਹੀਂ, ਬਾਅਦ ਵਿੱਚ ਜਦੋਂ ਕੋਈ ਉਸੇ ਸਤ੍ਹਾ 'ਤੇ ਚੱਲਦਾ ਹੈ ਤਾਂ ਕੁਝ ਬੈਕਟੀਰੀਆ ਫਿਰ ਵੀ ਐਕਟਿਵ ਹੋ ਸਕਦੇ ਹਨ ਅਤੇ ਦੁਬਾਰਾ ਸੰਕਰਮਣ ਫੈਲਾਉਣ ਦੀ ਸਮਰੱਥਾ ਹਾਸਲ ਕਰ ਸਕਦੇ ਹਨ।

ਡਾ. ਪਿਟ ਨੇ ਸਮਝਾਇਆ, ''ਜੇਕਰ ਤੁਸੀਂ ਬੱਚੇ ਨਾਲ ਕਾਲੀਨ 'ਤੇ ਗੋਡਿਆਂ ਦੇ ਭਾਰ ਚੱਲ ਰਹੇ ਹੋ ਤਾਂ ਕਾਲੀਨ 'ਤੇ ਪੈਣ ਵਾਲੇ ਦਬਾਅ ਨਾਲ ਬੈਕਟੀਰੀਆ ਫਿਰ ਤੋਂ ਐਕਟਿਵ ਹੋ ਸਕਦੇ ਹਨ।''

ਤੰਦਰੁਸਤ ਬਾਲਗਾਂ ਦੀ ਤੁਲਨਾ ਵਿੱਚ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਜਿਵੇਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਸ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਹਾਲਾਂਕਿ ਡਾ. ਪਿਟ ਦਾ ਕਹਿਣਾ ਹੈ ਕਿ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਸੀਂ ਪਹਿਲਾਂ ਹੀ ਕਈ ਤਰ੍ਹਾਂ ਦੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦੇ ਰਹਿੰਦੇ ਹਾਂ।

ਜੁੱਤੇ ਪਹਿਨੀਏ ਜਾਂ ਉਤਾਰੀਏ?

ਇੱਕ ਲੜਕਾ ਆਪਣੇ ਜੁੱਤੇ ਉਤਾਰਦਾ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਸਭ ਤੋਂ ਵਧੀਆ ਤਰੀਕਾ ਹੈ ਕਿ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੂਰੇ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ'

ਡਾ. ਪਿਟ ਦੇ ਮੁਤਾਬਿਕ ਸਾਡੇ ਸਵਾਲ ਦਾ ਜਵਾਬ ਪੇਟਰੀ ਡਿਸ਼ ਦੀ ਜਾਂਚ ਵਿੱਚ ਹੀ ਮਿਲ ਗਿਆ।

ਉਹ ਕਹਿੰਦੇ ਹਨ, ''ਘਰ ਦੇ ਅੰਦਰ ਜੁੱਤੇ ਪਹਿਨਣਾ ਸਿਰਫ਼ ਮੂਰਖਤਾ ਹੀ ਨਹੀਂ ਹੈ, ਬਲਕਿ ਇਹ ਸਿਹਤ ਲਈ ਵੀ ਜੋਖ਼ਮ ਹੋ ਸਕਦਾ ਹੈ।''

''ਤੁਸੀਂ ਦੁਨੀਆਂ ਵਿੱਚ ਕਿਧਰੇ ਵੀ ਰਹਿੰਦੇ ਹੋ, ਘਰ ਦੇ ਅੰਦਰ ਆਉਂਦੇ ਹੀ ਜੁੱਤੇ ਉਤਾਰ ਦੇਣੇ ਚਾਹੀਦੇ ਹਨ।''

ਜੇਕਰ ਤੁਸੀਂ ਘਰ ਦੇ ਅੰਦਰ ਜੁੱਤੇ ਪਹਿਨਣਾ ਹੀ ਚਾਹੁੰਦੇ ਹੋ ਤਾਂ ਦਰਵਾਜ਼ੇ 'ਤੇ ਡੋਰਮੈਟ ਦੀ ਵਰਤੋਂ ਕਰੋ ਅਤੇ ਘਰ ਵਿੱਚ ਕਾਲੀਨ ਘੱਟ ਰੱਖੋ। ਇਸ ਨਾਲ ਬੈਕਟੀਰੀਆ ਦੀ ਗਿਣਤੀ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਡਾ. ਪਿਟ ਕਹਿੰਦੇ ਹਨ, ''ਸਭ ਤੋਂ ਵਧੀਆ ਤਰੀਕਾ ਹੈ ਕਿ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਪੂਰੇ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਇਸ ਨਾਲ ਬੈਕਟੀਰੀਆ, ਧੂੜ ਅਤੇ ਗੰਦਗੀ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।''

ਹੁਣ ਵਿਆਹ ਦੇ ਬਾਅਦ ਸੋਫ਼ੀਆ ਅਤੇ ਪੇਦਜ਼ਾ ਨੇ ਇਸ ਮਾਮਲੇ ਵਿੱਚ ਇੱਕ ਸਮਝੌਤਾ ਕਰ ਲਿਆ ਹੈ।

ਸੋਫ਼ੀਆ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਮੈਨੂੰ ਘਰ ਦੇ ਅੰਦਰ ਵੀ ਸਨੀਕਰਜ਼ ਪਹਿਨਣੇ ਹਮੇਸ਼ਾ ਪਸੰਦ ਰਹਿਣਗੇ, ਪਰ ਜਦੋਂ ਸਰਬੀਆ ਜਾਂਦੀ ਹਾਂ, ਤਾਂ ਮੈਨੂੰ ਚੱਪਲਾਂ ਪਾਉਣੀਆਂ ਹੀ ਪੈਂਦੀਆਂ ਹਨ।''

ਅਮਰੀਕਾ ਵਿੱਚ ਆਪਣੇ ਘਰ 'ਤੇ ਸੋਫ਼ੀਆ 'ਇਨਡੋਰ ਸਨੀਕਰਜ਼' ਪਹਿਨਦੇ ਹਨ, ਜਿਨ੍ਹਾਂ ਨੂੰ ਬਾਹਰ ਨਹੀਂ ਪਾਇਆ ਜਾਂਦਾ।

ਉਹ ਕਹਿੰਦੇ ਹਨ, ''ਮੈਨੂੰ ਪੈਰਾਂ ਵਿੱਚ ਉਨ੍ਹਾਂ ਦਾ ਵਜ਼ਨ ਚੰਗਾ ਲੱਗਦਾ ਹੈ ਕਿਉਂਕਿ ਬਚਪਨ ਤੋਂ ਮੇਰੀ ਇਹੀ ਆਦਤ ਰਹੀ ਹੈ।''

ਉੱਥੇ ਹੀ ਪੇਦਜ਼ਾ ਨੇ ਵੀ ਸੋਫ਼ੀਆ ਦੀਆਂ ਕੁਝ ਆਦਤਾਂ ਨੂੰ ਅਪਣਾ ਲਿਆ ਹੈ।

ਉਹ ਕਹਿੰਦੇ ਹਨ, ''ਕਦੇ-ਕਦੇ ਜਲਦੀ ਵਿੱਚ ਮੈਂ ਜੁੱਤੇ ਪਹਿਨ ਕੇ ਹੀ ਘਰ ਦੇ ਅੰਦਰ ਆ ਜਾਂਦਾ ਹਾਂ।''

ਇਸ 'ਤੇ ਸੋਫ਼ੀਆ ਕਹਿੰਦੇ ਹਨ, ''ਅਸੀਂ ਇਹ ਕੋਸ਼ਿਸ਼ ਨਹੀਂ ਕਰ ਰਹੇ ਕਿ ਮੈਂ ਪੂਰੀ ਤਰ੍ਹਾਂ ਸਰਬੀਆਈ ਬਣ ਜਾਵਾਂ ਜਾਂ ਪੇਦਜ਼ਾ ਪੂਰੀ ਤਰ੍ਹਾਂ ਅਮਰੀਕਨ। ਸਾਡੀ ਦੋਵਾਂ ਦੀ ਆਪਣੀ-ਆਪਣੀ ਪਛਾਣ ਹੈ ਅਤੇ ਅਸੀਂ ਬਸ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)