ਬੇਗੁਸਰਾਏ ਗੈਂਗਰੇਪ ਮਾਮਲੇ ਨੇ ਤਾਜ਼ਾ ਕੀਤੀਆਂ 2012 ਦਿੱਲੀ ਗੈਂਗਰੇਪ ਦੀਆਂ ਦਰਦਨਾਕ ਯਾਦਾਂ, ਚਾਰ ਬੱਚਿਆਂ ਦੀ ਮਾਂ ਨਾਲ ਹੋਇਆ ਸਮੂਹਿਕ ਬਲਾਤਕਾਰ

    • ਲੇਖਕ, ਗੀਤਾ ਪਾਂਡੇ ਅਤੇ ਸੀਟੂ ਤਿਵਾੜੀ
    • ਰੋਲ, ਬੀਬੀਸੀ ਨਿਊਜ਼ ਅਤੇ ਬੀਬੀਸੀ ਹਿੰਦੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਦੁਨੀਆਂ ਭਰ ਵਿੱਚ ਸੁਰਖੀਆਂ ਬਣਨ ਵਾਲੇ, ਰਾਜਧਾਨੀ ਦਿੱਲੀ ਵਿੱਚ ਬੱਸ ਅੰਦਰ ਮਹਿਲਾ ਨਾਲ ਹੋਏ ਗੈਂਗਰੇਪ ਤੋਂ 13 ਸਾਲ ਬਾਅਦ ਬਿਹਾਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੋ ਮਹਿਲਾ ਨਾਲ ਹੋਈ ਬੇਰਹਿਮੀ ਦੇ ਮਾਮਲੇ ਵਿੱਚ ਉਸ ਦੇ ਬਹੁਤ ਨਜ਼ਦੀਕ ਹੈ।

ਮੁਹਿੰਮਾਂ ਵਿੱਚ ਹਿੱਸਾ ਲੈਣ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਕਹਾਣੀ, ਪੁਲਿਸ ਅਤੇ ਮੈਡੀਕਲ ਅਧਿਕਾਰੀਆਂ ਦੀ ਉਸ ਬੇਰੁਖ਼ੀ ਦੀ ਵੀ ਕਹਾਣੀ ਹੈ ਜੋ ਅਕਸਰ ਭਾਰਤ ਵਿੱਚ ਖਾਸ ਕਰਕੇ ਛੋਟੇ ਕਸਬਿਆਂ ਤੇ ਪਿੰਡਾਂ ਵਿੱਚ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਨੂੰ ਦਰਪੇਸ਼ ਹੁੰਦੀ ਹੈ।

ਚੇਤਾਵਨੀ: ਮਹਿਲਾ ਵੱਲੋਂ ਬੀਬੀਸੀ ਨਾਲ ਸਾਂਝੇ ਕੀਤੇ ਕੁਝ ਵੇਰਵੇ ਬਹੁਤ ਹੀ ਭਿਆਨਕ ਹਨ ਅਤੇ ਜਿਨ੍ਹਾਂ ਨੂੰ ਪੜ੍ਹਣਾ ਮੁਸ਼ਕਿਲ ਹੋ ਸਕਦਾ ਹੈ।

ਭਾਰਤੀ ਕਾਨੂੰਨ ਵਿੱਚ ਜਿਨਸੀ ਸੋਸ਼ਣ ਦੇ ਪੀੜਤਾਂ ਦਾ ਨਾਮ ਦੱਸਣ ਦੀ ਮਨਾਹੀ ਹੈ ਇਸ ਲਈ ਅਸੀਂ ਉਸ ਨੂੰ ਸੋਮਾ(ਅਸਲੀ ਨਾਮ ਨਹੀਂ) ਕਹਾਂਗੇ।

ਚਾਰ ਬੱਚਿਆਂ ਦੀ ਮਾਂ, 28 ਸਾਲਾ ਸੋਮਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਉਸ ਦੇ ਘਰ ਵਿੱਚ ਹੀ ਉਸ 'ਤੇ ਹਮਲਾ ਹੋਇਆ ਅਤੇ ਆਦਮੀਆਂ ਦੇ ਇੱਕ ਸਮੂਹ ਵੱਲੋਂ ਗੈਂਗਰੇਪ ਕੀਤਾ ਗਿਆ ਜਿਨ੍ਹਾਂ ਨੇ ਉਸ ਦੀ ਯੋਨੀ ਅੰਦਰ 'ਵਸਤੂਆਂ' ਪਾਈਆਂ।

ਘਟਨਾ 11 ਜੂਨ ਨੂੰ ਬੇਗੁਸਰਾਏ ਦੇ ਇੱਕ ਪਿੰਡ ਵਿੱਚ ਵਾਪਰੀ। ਬੇਗੁਸਰਾਏ ਉਹ ਜ਼ਿਲ੍ਹਾ ਹੈ ਜਿਸ ਨੂੰ ਅਧਿਕਾਰਤ ਤੌਰ 'ਤੇ ਭਾਰਤ ਦੇ ਸਭ ਤੋਂ ਪੱਛੜੇ ਜਿਲ੍ਹੇ ਵਜੋਂ ਪਛਾਣਿਆ ਜਾਂਦਾ ਹੈ।

ਮਾਮਲੇ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਜਦੋਂ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਉਸ 'ਤੇ 'ਵਸਤੂਆਂ' ਨਾਲ ਜਿਨਸੀ ਹਮਲਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਡਾਕਟਰਾਂ ਨੇ ਕੱਢਿਆ। ਉਹ ਇੱਕ ਗੋਲੀ ਦਾ ਕਾਰਤੂਸ ਵੀ ਲੈ ਕੇ ਆਈ ਸੀ ਜਿਸ ਬਾਰੇ ਉਸ ਨੇ ਦੱਸਿਆ ਕਿ ਇਹ ਵੀ ਵਰਤੀਆਂ ਗਈਆਂ ਚੀਜ਼ਾਂ ਵਿੱਚੋਂ ਇੱਕ ਸੀ।

ਭਿਆਨਕ ਜਿਨਸੀ ਸ਼ੋਸ਼ਣ ਬਾਰੇ ਦੱਸਦਿਆਂ ਸੋਮਾ ਨੇ ਕਿਹਾ ਕਿ ਉਹ ਇੱਕ ਕਮਰੇ ਵਾਲੇ ਆਪਣੇ ਘਰ ਦੇ ਬਾਹਰ ਟਾਇਲਟ ਵਿੱਚ ਸੀ ਜਦੋਂ ਪੰਜ ਆਦਮੀ ਅੰਦਰ ਆ ਵੜੇ। ਟਾਇਲਟ ਦਾ ਦਰਵਾਜ਼ਾ ਨਹੀਂ ਹੈ, ਕੁਝ ਨਿੱਜਤਾ ਲਈ ਸਿਰਫ਼ ਪਰਦਾ ਟੰਗਿਆ ਹੈ।

ਉਸ ਨੇ ਦੱਸਿਆ, "ਉਨ੍ਹਾਂ ਨੇ ਮੈਨੂੰ ਨੰਗਾ ਕੀਤਾ, ਮੇਰੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਮੇਰੇ ਹੱਥ ਬੰਨ੍ਹ ਦਿੱਤੇ। ਜਦੋਂ ਮੈਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬਲੇਡ ਨਾਲ ਮੇਰੀ ਛਾਤੀ 'ਤੇ ਵਾਰ ਕੀਤੇ ਅਤੇ ਬਲਾਤਕਾਰ ਕੀਤਾ।"

ਉਸ ਨੇ ਦੱਸਿਆ ਕਿ ਪਹਿਲਾਂ ਉਸ ਦੇ ਪਤੀ ਨੇ ਉਸ ਦੀ ਚੀਕਾਂ ਨੂੰ ਇੱਕ ਬਿੱਲੀ ਦੀ ਅਵਾਜ਼ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ, ਪਰ ਬਾਅਦ ਵਿੱਚ ਸ਼ੱਕ ਹੋਣ 'ਤੇ ਉਸ ਨੇ ਦੇਖਣ ਦੀ ਕੋਸ਼ਿਸ਼ ਕੀਤੀ।

ਉਸ ਨੇ ਦੱਸਿਆ, "ਪਰ ਘਰ ਨੂੰ ਬਾਹਰ ਤੋਂ ਤਾਲਾ ਲੱਗਿਆ ਸੀ। ਉਸ ਨੇ ਇੱਕ ਗੁਆਂਢੀ ਨੂੰ ਫੋਨ ਕੀਤਾ ਜਿਸ ਨੇ ਆ ਕੇ ਬਾਹਰੋਂ ਦਰਵਾਜ਼ਾ ਖੋਲ੍ਹਿਆ ਅਤੇ ਸਭ ਨੇ ਮੇਰੀ ਹਾਲਤ ਦੇਖੀ ਅਤੇ ਰੋਣ ਲੱਗੇ।"

ਘਟਨਾ ਤੋਂ ਬਾਅਦ ਪੁਲਿਸ ਤੇ ਮੈਡੀਕਲ ਅਧਿਕਾਰੀਆਂ ਦਾ ਰਵੱਈਆ

ਬੇਗੁਸਰਾਏ ਦੇ ਐੱਸਪੀ ਮਨੀਸ਼ ਨੇ ਬੀਬੀਸੀ ਨੂੰ ਦੱਸਿਆ ਕਿ ਸੋਮਾ ਦੀ "ਮੈਡੀਕਲ ਰਿਪੋਰਟ ਵਿੱਚ ਜਿਨਸੀ ਹਮਲੇ ਦੀ ਪੁਸ਼ਟੀ ਹੋਈ ਹੈ।"

ਉਨ੍ਹਾਂ ਨੇ ਕਿਹਾ, "ਇਸ ਮਾਮਲੇ ਵਿੱਚ ਤਿੰਨ ਨਾਮਜ਼ਦ ਅਤੇ ਦੋ ਅਣਪਛਾਤੇ ਮੁਲਜ਼ਮ ਹਨ। ਅਸੀਂ ਉਨ੍ਹਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਲਈ ਬਣਾਈ ਵਿਸ਼ੇਸ਼ ਜਾਂਚ ਟੀਮ, ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਜਾਂਚ ਚੱਲ ਰਹੀ ਹੈ।"

ਪੁਲਿਸ ਨੇ ਕਿਹਾ ਕਿ ਕੁਝ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ ਅਤੇ ਉਨ੍ਹਾਂ ਖ਼ਿਲਾਫ਼ ਗੈਂਗਰੇਪ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ।

ਸੋਮਾ ਨੇ ਕਿਹਾ ਕਿ ਭਿਆਨਕ ਹਮਲੇ ਦੀ ਰਾਤ ਉਸ ਨੂੰ ਪੁਲਿਸ ਅਤੇ ਮੈਡੀਕਲ ਅਧਿਕਾਰੀਆਂ ਤੋਂ ਬਹੁਤ ਘੱਟ ਮਦਦ ਮਿਲੀ।

ਦੱਸਿਆ ਗਿਆ ਕਿ ਸੋਮਾ ਦਾ ਪਤੀ ਜੋ ਕਿ ਈ-ਰਿਕਸ਼ਾ ਡਰਾਈਵਰ ਹੈ, ਸੋਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਘਰ ਤੋਂ ਤਿੰਨ ਕਿੱਲੋਮੀਟਰ ਦੂਰ ਪੁਲਿਸ ਸਟੇਸ਼ਨ ਲੈ ਕੇ ਗਿਆ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦੀ ਰਿਪੋਰਟ ਲਿਖਣ ਤੋਂ ਇਨਕਾਰ ਕੀਤਾ ਅਤੇ ਡਾਕਟਰ ਕੋਲ ਲਿਜਾਣ ਦੀ ਸਲਾਹ ਦਿੰਦਿਆਂ ਵਾਪਸ ਭੇਜ ਦਿੱਤਾ।

ਪੁਲਿਸ ਸਟੇਸ਼ਨ ਮੁਖੀ ਰਾਜੀਵ ਕੁਮਾਰ ਉਦੋਂ ਤੋਂ 'ਅਣਗਹਿਲੀ, ਬੇਰੁਖ਼ੀ ਅਤੇ ਅਸੰਵੇਦਨਸ਼ੀਲਤਾ' ਕਾਰਨ ਮੁਅੱਤਲ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 13 ਜੂਨ ਨੂੰ ਸਥਾਨਕ ਪੁਲਿਸ ਸਟੇਸ਼ਨ ਵਿੱਚ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਸੀ।

ਸੋਮਾ ਅਤੇ ਉਸ ਦੇ ਪਤੀ ਦਾ ਕਹਿਣਾ ਹੈ ਕਿ ਹਮਲੇ ਦੇ ਬਾਅਦ ਤੋਂ ਉਸ ਨੂੰ ਉਚਿਤ ਮੈਡੀਕਲ ਮਦਦ ਲਈ ਵੀ ਸੰਘਰਸ਼ ਕਰਨਾ ਪਿਆ ਹੈ।

ਘਟਨਾ ਦੀ ਰਾਤ, ਕਥਿਤ ਤੌਰ 'ਤੇ ਉਸ ਨੂੰ ਇੱਕ ਨੇੜਲੇ ਨਿੱਜੀ ਕਲੀਨਿਕ ਨੇ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਉਹ ਐਮਰਜੈਂਸੀ ਮਾਮਲੇ ਨਹੀਂ ਦੇਖਦੇ ਅਤੇ ਉੱਥੇ ਕੋਈ ਡਾਕਟਰ ਡਿਊਟੀ 'ਤੇ ਨਹੀਂ ਸੀ। ਇਸ ਤੋਂ ਬਾਅਦ ਉਸ ਨੂੰ ਇੱਕ ਸਰਕਾਰੀ ਕਮਿਊਨਟੀ ਹੈਲਥ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਨੂੰ ਰੈਫਰ ਕੀਤੇ ਜਾਣ ਤੋਂ ਪਹਿਲਾਂ ਮੁਢਲੀ ਸਹਾਇਤਾ ਦਿੱਤੀ ਗਈ।

"ਪਿੰਡ ਦੀ ਦਾਈ ਨੇ ਚੇਤਾਵਨੀ ਦਿੱਤੀ ਕਿ ਉਸ ਦੇ ਸਰੀਰ ਅੰਦਰ ਕੁਝ ਹੈ।"

ਸੋਮਾ ਨੇ ਬੀਬੀਸੀ ਨੂੰ ਦੱਸਿਆ ਕਿ ਹਸਪਤਾਲ ਵਿੱਚ ਮਿਲਿਆ ਸ਼ੁਰੂਆਤੀ ਇਲਾਜ ਸੰਤੋਸ਼ਜਨਕ ਨਹੀਂ ਸੀ।

12 ਜੂਨ ਨੂੰ ਹੋਸ਼ ਆਉਣ ਬਾਅਦ ਉਸ ਨੇ ਆਪਣੇ ਪਤੀ ਅਤੇ ਇਲਾਜ ਕਰ ਰਹੀ ਡਾਕਟਰ ਨੂੰ ਗੈਂਗਰੇਪ ਬਾਰੇ ਦੱਸਿਆ। ਉਸ ਨੇ ਕਿਹਾ, "ਇੰਜੈਕਸ਼ਨ ਲਗਾਉਂਦਿਆਂ ਡਾਕਟਰ ਨੇ ਮੈਨੂੰ ਪੁੱਛਿਆ 'ਕੀ ਤੁਹਾਡਾ ਰੇਪ ਵੀ ਹੋਇਆ?' ਮੈਂ ਉਸ ਨੂੰ ਦੱਸਿਆ, ਜੀ ਮੈਡਮ ਮੇਰਾ ਰੇਪ ਹੋਇਆ।"

ਹਾਲਾਂਕਿ ਬੇਗੁਸਰਾਏ ਦੇ ਸਿਵਲ ਸਰਜਨ ਅਸ਼ੋਕ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਮਹਿਲਾ ਨੂੰ ਪੇਟ ਦਰਦ ਦੀ ਸ਼ਿਕਾਇਤ ਦੱਸਦਿਆਂ ਹਸਪਤਾਲ ਲਿਆਂਦਾ ਗਿਆ ਸੀ। ਅਤੇ ਉਨ੍ਹਾਂ ਨੂੰ 13 ਜੂਨ ਨੂੰ ਗੈਂਗਰੇਪ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ "ਡਾਕਟਰਾਂ ਨੇ ਤੁਰੰਤ ਮੈਡੀਕਲ ਜਾਂਚ ਕੀਤੀ।"

ਉਸ ਦੇ ਪਤੀ ਨੇ ਬੀਬੀਸੀ ਨੂੰ ਦੱਸਿਆ ਕਿ ਹਸਪਤਾਲ ਨੇ ਉਸ ਤੋਂ ਬਾਅਦ ਸੋਮਾ ਨੂੰ ਘਰ ਭੇਜ ਦਿੱਤਾ, ਪਰ ਅਗਲੇ ਦਿਨ ਬੇਹੋਸ਼ ਹੋਣ ਬਾਅਦ ਉਸ ਨੂੰ ਦੁਬਾਰਾ ਹਸਪਤਾਲ ਲਿਜਾਇਆ ਗਿਆ। ਇੱਕ ਦਿਨ ਬਾਅਦ ਉਸ ਨੂੰ ਫਿਰ ਛੁੱਟੀ ਦੇ ਦਿੱਤੀ ਗਈ।

ਉਸ ਨੇ ਕਿਹਾ, "ਉਸ ਦੇ ਵਾਰ-ਵਾਰ ਬੇਹੋਸ਼ ਹੋਣ ਅਤੇ ਤੀਬਰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਪਿੰਡ ਦੀ ਦਾਈ ਨੇ ਚੇਤਾਵਨੀ ਦਿੱਤੀ ਕਿ ਉਸ ਦੇ ਸਰੀਰ ਅੰਦਰ ਕੁਝ ਹੈ। 18 ਜੂਨ ਦੀ ਸਵੇਰ, ਸੋਮਾ ਨੇ ਸਾਨੂੰ ਗੋਲੀ ਦਾ ਇੱਕ ਖੋਲ ਦਿਖਾਇਆ ਜੋ ਉਸ ਦੀ ਯੋਨੀ ਦੇ ਅੰਦਰੋਂ ਡਿੱਗਿਆ ਸੀ।"

ਉਸ ਨੇ ਦੱਸਿਆ ਕਿ ਫਿਰ ਉਹ ਸੋਮਾ ਨੂੰ ਹਸਪਤਾਲ ਲੈ ਕੇ ਗਿਆ।

ਸਿਵਲ ਸਰਜਨ ਕੁਮਾਰ ਨੇ ਦੱਸਿਆ, "ਇਹ ਇੱਕ ਖਾਲੀ ਕਾਰਤੂਸ ਸੀ। ਅਸੀਂ ਦੁਬਾਰਾ ਉਸ ਦੀ ਜਾਂਚ ਕੀਤੀ ਅਤੇ ਡਾਕਟਰਾਂ ਨੇ ਉਸ ਦੇ ਸਰੀਰ ਵਿੱਚੋਂ ਹੋਰ ਵਸਤੂਆਂ ਬਾਹਰ ਕੱਢੀਆਂ। ਉਹ ਹੁਣ ਸਥਿਰ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।"

2012 ਦੇ ਦਿੱਲੀ ਗੈਂਗਰੇਪ ਨਾਲ ਤੁਲਨਾ

ਸੋਮਾ ਦੇ ਮਾਮਲੇ ਨੇ ਦੇਸ਼ ਵਿੱਚ ਗੁੱਸਾ ਪੈਦਾ ਕੀਤਾ ਹੈ ਅਤੇ ਇਸ ਦੀ ਤੁਲਨਾ 2012 ਦੇ ਭਿਆਨਕ ਦਿੱਲੀ ਗੈਂਗਰੇਪ ਅਤੇ ਉਸ ਤੋਂ ਬਾਅਦ ਹੋਈ ਮੌਤ ਨਾਲ ਕੀਤੀ ਜਾ ਰਹੀ ਹੈ ਜਿਸ ਵਿੱਚ 23 ਸਾਲਾ ਫੀਜ਼ੀਓਥੈਰੇਪੀ ਦੀ ਵਿਦਿਆਰਥਣ ਨਾਲ ਵੀ ਜਿਨਸੀ ਅੰਗ ਅੰਦਰ ਵਸਤੂਆਂ ਪਾ ਕੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ ਸੀ।

ਇਸ ਅਪਰਾਧ ਨੇ ਦੁਨੀਆਂ ਭਰ ਵਿਚ ਗੁੱਸਾ ਪੈਦਾ ਕੀਤਾ ਅਤੇ ਭਾਰਤ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਅਤੇ ਬਲਾਤਕਾਰ ਖਿਲਾਫ਼ ਸਖਤ ਕਾਨੂੰਨ ਬਣਾਉਣ ਲਈ ਪ੍ਰੇਰਿਤ ਕੀਤਾ ਜਿਸ ਵਿੱਚ ਗੰਭੀਰ ਮਾਮਲਿਆਂ 'ਚ ਮੌਤ ਦੀ ਸਜ਼ਾ ਵੀ ਸ਼ਾਮਲ ਹੈ।

ਦੋਸ਼ੀ ਕਰਾਰ ਦਿੱਤੇ ਗਏ ਚਾਰ ਵਿਅਕਤੀਆਂ ਨੂੰ 2020 ਵਿੱਚ ਫਾਂਸੀ ਦਿੱਤੀ ਗਈ ਸੀ, ਇੱਕ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ ਅਤੇ ਇੱਕ ਨਾਬਾਲਗ ਅਪਰਾਧੀ ਨੂੰ ਸੁਧਾਰ ਘਰ ਵਿੱਚ ਸਜ਼ਾ ਕੱਟਣ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

ਪਰ ਉਦੋਂ ਤੋਂ ਜਿਨਸੀ ਅਪਰਾਧਾਂ ਦੀ ਵਧੀ ਹੋਈ ਜਾਂਚ ਦੇ ਬਾਵਜੂਦ ਭਾਰਤ ਵਿੱਚ ਹਰ ਸਾਲ ਰੇਪ ਦੇ ਤੀਹ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਜਾਂਦੇ ਹਨ।

ਰੇਪ ਵਿਰੋਧੀ ਮੁਹਿੰਮ ਚਲਾਉਣ ਵਾਲੀ ਯੋਗਿਤਾ ਭਯਾਨਾ ਨੇ ਕਿਹਾ, "ਅਸੀਂ ਕੋਈ ਸਬਕ ਨਹੀਂ ਸਿੱਖਿਆ। ਜ਼ਿਆਦਾਤਰ ਮਾਮਲੇ ਦਰਜ ਨਹੀਂ ਹੁੰਦੇ ਜਾਂ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਸਮਾਜ ਅਜਿਹੀ ਬਹੁਤ ਜ਼ਿਆਦਾ ਬੇਰਹਿਮੀ ਪ੍ਰਤੀ ਸੰਵੇਦਨਹੀਣ ਹੋ ਚੁੱਕਾ ਹੈ। "

ਉਸ ਨੇ ਬੀਬੀਸੀ ਨੂੰ ਕਿਹਾ, "ਅਜਿਹੇ ਮਾਮਲੇ ਇਸ ਲਈ ਵਾਪਰਦੇ ਰਹਿੰਦੇ ਹਨ ਕਿਉਂਕਿ ਭਾਰਤ ਦੇ ਹਰ ਆਖ਼ਰੀ ਕੋਨੇ ਤੱਕ ਇਹ ਸੰਦੇਸ਼ ਨਹੀਂ ਪਹੁੰਚਿਆ ਹੈ ਕਿ ਬਲਾਤਕਾਰ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਸਮਾਜ ਵਿੱਚ ਡਰ ਪੈਦਾ ਨਹੀਂ ਕੀਤਾ ਗਿਆ ਹੈ।"

ਭਯਾਨਾ ਕਹਿੰਦੇ ਹਨ, "ਸੋਮਾ ਦੇ ਮਾਮਲੇ ਨੂੰ ਮੀਡੀਆ ਦੀ ਤਵੱਜੋ ਸਿਰਫ਼ ਇਸ ਲਈ ਮਿਲੀ ਹੈ ਕਿਉਂਕਿ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਸ ਦੇ ਗੁਪਤ ਅੰਗਾਂ ਵਿੱਚ ਗੋਲੀ ਪਾਈ ਗਈ ਸੀ। ਘੱਟੋ-ਘੱਟ ਉਹ ਜ਼ਿੰਦਾ ਬਚ ਗਈ ਅਤੇ ਮੈਂ ਇਸ ਨੂੰ ਇੱਕ ਸਕਰਾਤਮਕ ਗੱਲ ਵਜੋਂ ਦੇਖਦੀ ਹਾਂ। "

ਵਾਪਸ ਬੇਗੁਸਰਾਏ ਦੀ ਗੱਲ ਕਰੀਏ ਤਾਂ ਸੋਮਾ ਹਸਪਤਾਲ ਦੇ ਬਿਸਤਰ 'ਤੇ ਹੀ ਹੈ ਜਿੱਥੇ ਪੱਤਰਕਾਰਾਂ, ਸਿਆਸਤਦਾਨਾਂ ਅਤੇ ਸਮਾਜਿਕ ਵਰਕਰਾਂ ਦੇ ਆਉਣ ਕਾਰਨ ਅਕਸਰ ਪਰੇਸ਼ਾਨ ਹੁੰਦੀ ਹੈ। ਉਹ ਹਾਲੇ ਵੀ ਬਹੁਤ ਦਰਦ ਵਿੱਚ ਹੈ ਪਰ ਉਮੀਦ ਕਰਦੀ ਹੈ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਬੱਚਿਆਂ ਕੋਲ ਘਰ ਪਰਤ ਜਾਵੇਗੀ।

ਉਹ ਕਹਿੰਦੀ ਹੈ, "ਮੈਨੂੰ ਆਪਣੇ ਬੱਚਿਆਂ ਦੀ ਚਿੰਤਾ ਹੈ, ਉਹ ਬਹੁਤ ਛੋਟੇ ਹਨ। ਉਹ ਇੱਥੋਂ 35 ਕਿੱਲੋਮੀਟਰ ਦੂਰ ਰਿਸ਼ਤੇਦਾਰਾਂ ਕੋਲ ਹਨ। ਮੈਂ ਜਲਦੀ ਘਰ ਪਰਤਣਾ ਚਾਹੁੰਦੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)