ਏਸ਼ੀਆਈ ਖੇਡਾਂ 2026: ਸੁਚਿਕਾ ਤਰਿਆਲ ਜਿਸ ਦੀ ਰਾਹ ਚਾਰ ਲੜਾਕੂ ਖੇਡਾਂ 'ਚੋਂ ਗੁਜਰੀ, ਕਿਵੇਂ ਏਸ਼ੀਆਈ ਮੈਡਲ ਤੱਕ ਪਹੁੰਚੀ

ਸੁਚਿਕਾ ਤਰਿਆਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2026 ਏਸ਼ੀਆਈ ਖੇਡਾਂ ਵਿੱਚ ਸੁਚਿਕਾ ਨੇ ਐੱਮਐੱਏ ਦੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

36 ਸਾਲ ਦੀ ਉਮਰ ਵਿੱਚ ਸੁਚਿਕਾ ਤਰਿਆਲ ਹੁੱਡਾ ਦਾ ਸਫਰ ਸੱਟਾਂ, ਸਮਾਜਿਕ ਦਬਾਅ, ਆਪਣੇ ਖ਼ਰਚੇ 'ਤੇ ਖੇਡੇ ਮੁਕਾਬਲਿਆਂ ਅਤੇ ਉਨ੍ਹਾਂ ਦੇ ਪਤੀ ਦੇ ਅਟੁੱਟ ਸਹਿਯੋਗ ਨਾਲ ਤੈਅ ਹੋਇਆ ਹੈ।

ਜਦੋਂ ਉਹ 12 ਸਾਲਾਂ ਦੀ ਸੀ ਤਾਂ ਇੱਕ ਸਰੀਰਕ ਸ਼ੋਸ਼ਣ ਦੀ ਕੋਸ਼ਿਸ਼ ਦੀ ਘਟਨਾ ਨੇ ਸੁਚਿਕਾ ਤਰਿਆਲ ਹੁੱਡਾ (ਉਸ ਸਮੇਂ ਸੁਚਿਕਾ ਤਰਿਆਲ) ਦੀ ਜਾਣ ਪਛਾਣ ਜੂਡੋ ਨਾਲ ਕਰਵਾਈ।

ਖੇਡ ਜੀਵਨ ਦੇ ਚੌਵੀ ਸਾਲਾਂ ਬਾਅਦ ਕੌਮਬੇਟ ਸਪੋਰਟਸ(ਲੜਾਕੂ ਖੇਡਾਂ) ਬਦਲਣ, ਸੱਟਾਂ ਨਾਲ ਲੜਨ, ਸਮਾਜਿਕ ਅਤੇ ਪਰਿਵਾਰਕ ਦਬਾਅ ਦਾ ਸਾਹਮਣਾ ਕਰਨ, ਬਿਨ੍ਹਾਂ ਤਨਖਾਹ ਟ੍ਰੇਨਿੰਗ ਦੇਣ ਅਤੇ ਆਪਣੇ ਕੌਮਾਂਤਰੀ ਮੁਕਾਬਲਿਆਂ ਦਾ ਖੁਦ ਖ਼ਰਚਾ ਚੁੱਕਣ ਤੋਂ ਬਾਅਦ ਉਹ ਲੜਕੀ ਜੋ ਪਲਟ ਕੇ ਵਾਰ ਕਰਨਾ ਸਿੱਖਣਾ ਚਾਹੁੰਦੀ ਸੀ, ਆਖਿਰਕਾਰ ਉਸ ਨੇ ਏਸ਼ੀਆਈ ਖੇਡਾਂ ਦੇ ਪੋਡੀਅਮ 'ਤੇ ਆਪਣਾ ਉਹ ਖਾਸ ਪਲ ਹਾਸਿਲ ਕਰ ਲਿਆ।

ਸੋਮਵਾਰ ਨੂੰ 36 ਸਾਲਾ ਸੁਚਿਕਾ ਨੇ 2026 ਏਸ਼ੀਆਈ ਖੇਡਾਂ ਵਿਚ ਮਿਕਸਡ ਮਾਰਸ਼ਲ ਆਰਟਸ ਦੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਿਸ ਨਾਲ ਉਸ ਦਾ ਉਹ ਸੁਫਨਾ ਪੂਰਾ ਹੋ ਗਿਆ ਜਿਸ ਨੇ ਉਸ ਨੂੰ ਲਗਭਗ ਢਾਈ ਦਹਾਕਿਆਂ ਦੇ ਇੱਕ ਅਨਿਸ਼ਚਿਤ ਖੇਡ ਕਰੀਅਰ ਦੌਰਾਨ ਅੱਗੇ ਵਧਣ ਲਈ ਪ੍ਰੇਰਿਤ ਰੱਖਿਆ ਸੀ।

ਗੁੜਗਾਓਂ ਵਿੱਚ ਹਰਿਆਣਾ ਖੇਡ ਵਿਭਾਗ ਤਹਿਤ ਜੂਡੋ ਕੋਚ ਵਜੋਂ ਕੰਮ ਕਰ ਰਹੀ ਸੁਚਿਕਾ ਨੇ ਕਿਹਾ, "ਇਹ ਇੱਕ ਸੁਫਨਾ ਸੱਚ ਹੋਣ ਜਿਹਾ ਹੈ। ਮੈਂ ਸਿਰਫ਼ ਇਸੇ ਦਿਨ ਲਈ ਸਖਤ ਮਿਹਨਤ ਕਰ ਰਹੀ ਸੀ। ਹੁਣ ਤਗ਼ਮਾ ਜਿੱਤਣ ਤੋਂ ਬਾਅਦ ਅਜਿਹਾ ਲਗਦਾ ਹੈ ਜਿਵੇਂ ਰੱਬ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ ਅਤੇ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਜਾਪਦਾ ਹੈ।"

ਕਈ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਖੁਦ ਸੋਚਦੀ ਸੀ ਕਿ ਕੀ ਇਹ ਸਫਰ ਬਹੁਤ ਲੰਬਾ ਹੋ ਗਿਆ ਹੈ।

ਉਸ ਨੇ ਕਿਹਾ, "ਸੱਟਾਂ ਕਾਰਨ ਕਈ ਵਾਰ ਮੈਂ ਸੋਚਦੀ ਸੀ ਕਿ ਇਹ ਇੱਕ ਬਹੁਤ ਲੰਬਾ ਸਫਰ ਰਿਹਾ ਹੈ ਅਤੇ ਹੁਣ ਮੈਨੂੰ ਖੇਡ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਪਰ ਇੱਕ ਜਾਂ ਦੋ ਦਿਨਾਂ ਬਾਅਦ ਥੋੜ੍ਹੀ ਜਿਹੀ ਰਿਕਵਰੀ ਨਾਲ ਮੈਂ ਇੱਕ ਵੱਡੇ ਕੌਮਾਂਤਰੀ ਮਲਟੀ ਸਪੋਰਟਸ ਈਵੈਂਟ ਵਿੱਚ ਤਗ਼ਮਾ ਜਿੱਤਣ ਦੇ ਜ਼ਿੰਦਗੀ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦੇ ਮਕਸਦ ਨਾਲ ਦੁਬਾਰਾ ਟ੍ਰੇਨਿੰਗ ਮੈਟ 'ਤੇ ਵਾਪਸ ਆ ਜਾਂਦੀ ਸੀ।"

"ਏਸ਼ੀਆਈ ਖੇਡਾਂ ਦਾ ਤਗ਼ਮਾ ਜਿੱਤਣ ਦੀ ਆਪਣੀ ਖੁਸ਼ੀ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਸਾਰੀ ਸਖਤ ਮਿਹਨਤ, ਸਮਾਜਿਕ ਦਬਾਅ ਅਤੇ ਸੱਟਾਂ ਦੀ ਭਰਪਾਈ ਅੱਜ ਹੋ ਗਈ ਹੈ।"

ਉਸ ਮਿਸ਼ਨ ਨੇ ਉਸ ਨੂੰ ਚਾਰ ਕੌਮਬੇਟ (ਲੜਾਕੂ) ਖੇਡਾਂ ਵਿਚੋਂ ਲੰਘਾਇਆ- ਜੂਡੋ, ਕਰਾਸ, ਜੂ-ਜਿਤਸੂ ਅਤੇ ਆਖਿਰਕਾਰ ਐਮਐਮਏ।

ਸੁਚਿਕਾ ਨੇ ਯਾਦ ਕਰਦਿਆਂ ਕਿਹਾ, "ਮੈਂ ਉਦੋਂ ਸਿਰਫ਼ ਬਾਰਾਂ ਸਾਲਾਂ ਦੀ ਸੀ ਅਤੇ ਵਾਲ ਕਟਵਾਉਣ ਗਈ ਹੋਈ ਸੀ। ਜਦੋਂ ਵਾਲ ਕੱਟੇ ਜਾ ਰਹੀ ਸੀ ਤਾਂ ਨਾਈ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਮੈਂ ਉਸ ਨੂੰ ਆਪਣੀਆਂ ਹਰਕਤਾਂ ਸੁਧਾਰਨ ਲਈ ਕਿਹਾ। ਉਸ ਘਟਨਾ ਨੇ ਮੇਰੀ ਜ਼ਿੰਦਗੀ 'ਤੇ ਇੱਕ ਅਮਿੱਟ ਪ੍ਰਭਾਵ ਪਾਇਆ ਅਤੇ ਮੈਂ ਇੱਕ ਕੌਮਬੈਟ ਸਪੋਰਟਸ ਚੁਣਨ ਦਾ ਫ਼ੈਸਲਾ ਕੀਤਾ ਤਾਂ ਜੋ ਮੈਨੂੰ ਜੇਕਰ ਕਦੇ ਦੁਬਾਰਾ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਹੋਰ ਕੁਝ ਨਹੀਂ ਤਾਂ ਮੈਂ ਉਸ ਵਿਅਕਤੀ ਨੂੰ ਸਬਕ ਸਿਖਾਉਣ ਦੇ ਯੋਗ ਹੋ ਸਕਾਂ।"

ਜੂਡੋ ਜਲਦੀ ਹੀ ਸਿਰਫ਼ ਆਤਮ ਰੱਖਿਆ ਤੋਂ ਕਿਤੇ ਵਧ ਕੇ ਬਣ ਗਈ। ਆਪਣੇ ਪਹਿਲੇ ਹੀ ਸਾਲ ਵਿੱਚ ਉਸ ਨੇ ਇੱਕ ਵੱਡੇ ਕੌਮਾਂਤਰੀ ਮਲਟੀ ਸਪੋਰਟਸ ਈਵੈਂਟ- ਕਾਮਨਵੈਲਥ ਖੇਡਾਂ, ਏਸ਼ੀਆਈ ਖੇਡਾਂ ਜਾਂ ਉਲੰਪਿਕ ਵਿੱਚ ਤਗ਼ਮਾ ਜਿੱਤਣ ਦਾ ਸੁਫਨਾ ਦੇਖਣਾ ਸ਼ੁਰੂ ਕਰ ਦਿੱਤਾ ਸੀ।

ਮਾਮੂਲੀ ਫਰਕ ਨਾਲ ਜੂਡੋ ਵਿੱਚ ਤਗ਼ਮਾ ਖੁੰਝਣ ਤੋਂ ਬਾਅਦ

ਸੁਚਿਕਾ ਤਰਿਆਲ

ਤਸਵੀਰ ਸਰੋਤ, Saruabh Duggal

ਤਸਵੀਰ ਕੈਪਸ਼ਨ, ਸੁਚਿਕਾ ਨੇ 12 ਸਾਲ ਦੀ ਉਮਰ ਵਿੱਚ ਛੇੜਛਾੜ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਜੂਡੋ ਸਿੱਖਣਾ ਸ਼ੁਰੂ ਕੀਤਾ ਸੀ

2022 ਵਿੱਚ ਮਾਮੂਲੀ ਫਰਕ ਨਾਲ ਜੂਡੋ ਵਿੱਚ ਤਗ਼ਮਾ ਖੁੰਝਣ ਤੋਂ ਬਾਅਦ ਕਾਮਨਵੈਲਥ ਗੇਮਜ਼ ਵਿੱਚ ਉਹ ਇੱਕ ਵੱਡੇ ਕੌਮਾਂਤਰੀ ਮੰਚ 'ਤੇ ਖੜ੍ਹੇ ਹੋਣ ਲਈ ਹੋਰ ਵੀ ਦ੍ਰਿੜ ਹੋ ਗਈ।

ਸੱਟਾਂ ਅਤੇ 2023 ਦੀਆਂ ਏਸ਼ੀਆਈ ਖੇਡਾਂ ਲਈ ਭਾਰ ਵਰਗਾਂ ਬਾਰੇ ਅਨਿਸ਼ਚਿਤਤਾ ਕਾਰਨ ਉਸ ਨੇ ਕੁਰਾਸ਼ ਵਿੱਚ ਹੱਥ ਅਜ਼ਮਾਇਆ ਜੋ ਕਿ ਇੱਕ ਮੱਧ ਏਸ਼ੀਆਈ ਲੋਕ ਕੁਸ਼ਤੀ ਸ਼ੈਲੀ ਹੈ ਅਤੇ ਇਸ ਵਿੱਚ ਕੁਸ਼ਤੀ ਤੇ ਜੂਡੋ ਦੋਹਾਂ ਦੇ ਤੱਤ ਹੁੰਦੇ ਹਨ। ਪਰ ਉਹ ਸ਼ੁਰੂਆਤੀ ਦੌਰ ਵਿੱਚ ਹੀ ਬਾਹਰ ਹੋ ਗਈ।

ਇਸ ਤੋਂ ਬਾਅਦ ਉਹ 2026 ਏਸ਼ੀਆਈ ਖੇਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਨੇ ਜੂ-ਜਿਤਸੂ ਖੇਡ ਚੁਣੀ।

2024 ਵਿੱਚ ਉਹ ਇਸ ਖੇਡ ਵਿੱਚ ਵਿਸ਼ਵ ਚੈਂਪੀਅਨ ਬਣੀ। ਪਰ ਇੱਕ ਹੋਰ ਵੱਡੀ ਰੁਕਾਵਟ ਉਦੋਂ ਆਈ ਜਦੋਂ 2025 ਦੇ ਅਖੀਰ ਵਿੱਚ ਕੇਂਦਰੀ ਖੇਡ ਮੰਤਰਾਲੇ ਨੇ ਰਾਸ਼ਟਰੀ ਐਸੋਸੀਏਸ਼ਨ ਦੀ ਮਾਨਤਾ ਰੱਦ ਕਰ ਦਿੱਤੀ।

ਇਸ ਤੋਂ ਬਾਅਦ ਜੂ-ਜਿਤਸੂ ਨੂੰ ਉਨ੍ਹਾਂ ਖੇਡਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਵਿੱਚੋਂ ਭਾਰਤ ਏਸ਼ੀਆਈ ਖੇਡਾਂ ਲਈ ਐਥਲੀਟ ਭੇਜਣ ਵਾਲਾ ਸੀ।

ਐੱਮਐੱਮਏ ਬਣੀ ਅਗਲੀ ਮੰਜ਼ਿਲ

ਸੁਚਿਕਾ ਤਰਿਆਲ ਆਪਣਏ ਪਤੀ ਕਪਿਲ ਹੁੱਡਾ ਨਾਲ
ਤਸਵੀਰ ਕੈਪਸ਼ਨ, ਸੁਚਿਕਾ ਤਰਿਆਲ ਦੇ ਪਤੀ ਨੇ ਵੀ ਟ੍ਰੇਨਿੰਗ ਅਤੇ ਮੁਕਾਬਲਿਆਂ ਦੌਰਾਨ ਉਨ੍ਹਾਂ ਦਾ ਲਗਾਤਾਰ ਸਾਥ ਦਿੱਤਾ

ਪਰ ਏਸ਼ੀਆਈ ਖੇਡਾਂ ਲਈ ਯੋਗਤਾ ਦੇ ਮਾਪਦੰਡ ਦਾ ਮਤਲਬ ਸੀ-ਆਪਣੇ ਭਾਰ ਵਰਗ ਵਿੱਚ ਏਸ਼ੀਆ ਦੇ ਚੋਟੀ ਦੇ ਛੇ ਰੈਂਕਾਂ ਵਾਲੇ ਅਥਲੀਟਾਂ ਵਿੱਚ ਜਗ੍ਹਾ ਬਣਾਉਣਾ। ਸੁਚਿਕਾ ਨੂੰ ਇਹ ਸਭ ਮੋਟੇ ਤੌਰ 'ਤੇ ਆਪਣੇ ਖ਼ਰਚੇ 'ਤੇ ਕਰਨਾ ਪਿਆ।

ਉਸ ਨੇ ਦੋ ਏਸ਼ੀਆਈ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ, ਜਨਵਰੀ ਵਿੱਚ ਚੀਨ ਵਿੱਚ ਅਤੇ ਮਾਰਚ ਵਿੱਚ ਉਜ਼ਬੇਕਿਸਤਾਨ ਵਿੱਚ ਅਤੇ ਦੋਹਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕੱਟ-ਆਫ਼ ਤੋਂ ਪਹਿਲਾਂ ਉਹ 60 ਕਿਲੋ ਭਾਰ ਵਰਗ ਵਿੱਚ ਏਸ਼ੀਆ ਵਿੱਚ ਨੰਬਰ ਇੱਕ ਰੈਂਕ 'ਤੇ ਸੀ।

ਉਨ੍ਹਾਂ ਦੇ ਪਤੀ ਕਪਿਲ ਹੁੱਡਾ ਨੇ ਕਿਹਾ, "ਐੱਮਐੱਮਏ ਇੱਕ ਨਵੀਂ ਖੇਡ ਹੋਣ ਕਰਕੇ ਕੋਈ ਰਾਸ਼ਟਰੀ ਕੈਂਪ ਨਹੀਂ ਸੀ ਅਤੇ ਕੌਮਾਂਤਰੀ ਚੈਂਪੀਅਨਸ਼ਿਪਾਂ ਵਿੱਚ ਭਾਗ ਲੈਣ ਲਈ ਕੋਈ ਸਰਕਾਰੀ ਵਿੱਤੀ ਸਹਾਇਤਾ ਵੀ ਨਹੀਂ ਸੀ। ਸਾਨੂੰ ਕੁਆਲੀਫਾਇੰਗ ਟੂਰਨਾਮੈਂਟਾਂ ਵਿੱਚ ਉਸ ਦੀ ਭਾਗੀਦਾਰੀ ਲਈ ਖੁਦ ਖਰਚਾ ਦੇਣਾ ਪਿਆ।"

ਟ੍ਰੇਨਿੰਗ ਦਾ ਮਤਲਬ ਬਿਨ੍ਹਾਂ ਤਨਖਾਹ ਤੋਂ ਕੰਮ ਤੋਂ ਦੂਰ ਰਹਿਣਾ ਵੀ ਸੀ। ਸੁਚਿਕਾ ਨੇ ਕਿਹਾ ਕਿ ਹਰਿਆਣਾ ਖੇਡ ਵਿਭਾਗ ਵਿੱਚ ਮੌਜੂਦਾ ਛੁੱਟੀਆਂ ਦੇ ਨਿਯਮ ਸ਼ਾਨਦਾਰ ਖਿਡਾਰੀਆਂ ਦੇ ਕੋਟੇ ਤਹਿਤ ਨਿਯੁਕਤ ਕੀਤੇ ਗਏ ਖਿਡਾਰੀਆਂ ਲਈ ਆਪਣੇ ਪ੍ਰਤੀਯੋਗੀ ਕਰੀਅਰ ਨੂੰ ਜਾਰੀ ਰੱਖਣਾ ਮੁਸ਼ਕਿਲ ਬਣਾ ਸਕਦੇ ਹਨ।

ਉਸ ਨੇ ਕਿਹਾ, "ਸਾਡੇ ਵਿਭਾਗ ਵਿੱਚ ਇੱਕ ਨਿਯਮ ਹੈ ਕਿ ਕੋਈ ਵੀ ਖੇਡਾਂ ਲਈ ਸਿਰਫ਼ ਤੀਹ ਦਿਨਾਂ ਦੀ ਛੁੱਟੀ ਲੈ ਸਕਦਾ ਹੈ ਅਤੇ ਉਸ ਤੋਂ ਬਾਅਦ ਜੇਕਰ ਛੁੱਟੀ ਜਾਰੀ ਰਹਿੰਦੀ ਹੈ ਤਾਂ ਇਹ ਬਿਨ੍ਹਾਂ ਤਨਖਾਹ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਵਿਭਾਗ ਇਸ 'ਤੇ ਕੰਮ ਕਰੇਗਾ ਅਤੇ ਇਸ ਨਿਯਮ ਵਿੱਚ ਥੋੜ੍ਹੀ ਲਚਕਤਾ ਲਿਆਵੇਗਾ।"

"ਸਾਨੂੰ ਸ਼ਾਨਦਾਰ ਖਿਡਾਰੀਆਂ ਦੇ ਕੋਟੇ ਤਹਿਤ ਨਿਯੁਕਤ ਕੀਤਾ ਗਿਆ ਹੈ। ਇਸ ਲਈ ਜੇਕਰ ਅਸੀਂ ਆਪਣਾ ਖੇਡ ਕਰੀਅਰ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਮੇਰਾ ਇਹ ਤਗ਼ਮਾ ਦੂਜੇ ਖਿਡਾਰੀਆਂ ਦੀ ਵੀ ਮਦਦ ਕਰੇਗਾ।"

36 ਸਾਲ ਦੀ ਉਮਰ ਵਿੱਚ ਵਧਦੀ ਉਮਰ ਅਤੇ ਸੱਟਾਂ ਪਹਿਲਾਂ ਹੀ ਹਰ ਟ੍ਰੇਨਿੰਗ ਦੌਰ ਨੂੰ ਹੋਰ ਮੁਸ਼ਕਿਲ ਬਣਾ ਰਹੀਆਂ ਸਨ। ਵਿਆਹ ਆਪਣੇ ਨਾਲ ਸਮਾਜਿਕ ਉਮੀਦਾਂ ਦਾ ਇੱਕ ਹੋਰ ਨਵਾਂ ਦਬਾਅ ਲੈ ਕੇ ਆਇਆ।

ਉਤਰਾਖੰਡ ਦੀ ਰਹਿਣ ਵਾਲੀ ਸੁਚਿਕਾ ਨੇ 2016 ਵਿੱਚ ਕਪਿਲ ਨਾਲ ਵਿਆਹ ਕਰਵਾਇਆ ਅਤੇ ਉਹ ਹਰਿਆਣਾ ਦੇ ਰੋਹਤਕ ਦੇ ਕਲੋਈ ਪਿੰਡ ਵਿੱਚ ਇੱਕ ਰੂੜ੍ਹੀਵਾਦੀ ਪਰਿਵਾਰ ਦਾ ਹਿੱਸਾ ਬਣ ਗਈ।

ਸੁਚਿਕਾ ਤਰਿਆਲ ਦੇ ਪਤੀ ਕਪਿਲ ਹੁੱਡਾ ਦਾ ਬਿਆਨ

ਗੁੜਗਾਓਂ ਵਿੱਚ ਰਹਿਣ ਵਾਲੇ ਇੱਕ ਇੰਜੀਨੀਅਰ ਕਪਿਲ ਨੇ ਸ਼ੁਰੂ ਵਿੱਚ ਹੀ ਫ਼ੈਸਲਾ ਕਰ ਲਿਆ ਸੀ ਕਿ ਪਰਿਵਾਰਕ ਉਮੀਦਾਂ ਉਨ੍ਹਾਂ ਦੀ ਪਤਨੀ ਦੇ ਖੇਡ ਕਰੀਅਰ ਦੇ ਰਾਹ ਵਿੱਚ ਨਹੀਂ ਆਉਣੀਆਂ ਚਾਹੀਦੀਆਂ।

ਕਪਿਲ ਨੇ ਬੱਚਾ ਪੈਦਾ ਕਰਨ ਬਾਰੇ ਪੁੱਛੇ ਜਾਣ ਬਾਰੇ ਸਵਾਲਾਂ ਦਾ ਹਵਾਲਾ ਦਿੰਦਿਆਂ ਕਿਹਾ, "ਸਾਡੇ ਵਿਆਹ ਦੇ ਚਾਰ-ਪੰਜ ਸਾਲ ਬਾਅਦ ਪਿੰਡ ਵਿੱਚ ਜਦੋਂ ਵੀ ਸਾਡੇ ਰਿਸ਼ਤੇਦਾਰ ਸੁਚਿਕਾ ਨੂੰ ਮਿਲਦੇ ਸਨ ਤਾਂ ਉਹ ਸਭ ਤੋਂ ਪਹਿਲਾਂ ਇਹੀ ਪੁੱਛਦੇ ਸੀ ਕਿ ਉਹ ਸਾਨੂੰ 'ਖੁਸ਼ਖਬਰੀ' ਕਦੋਂ ਦੇ ਰਹੀ ਹੈ।"

ਇਸ ਲਈ ਮੈਂ ਉਸ ਨੂੰ ਪਰਿਵਾਰਕ ਪ੍ਰੋਗਰਾਮਾਂ ਵਿੱਚ ਨਾ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਤਾਂ ਜੋ ਉਹ ਖੇਡਾਂ ਵੱਲ ਆਪਣਾ ਧਿਆਨ ਕੇਂਦਰਿਤ ਰੱਖ ਸਕੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਫ਼ੈਸਲਾ ਇਸ ਗੱਲ 'ਤੇ ਅਧਾਰਿਤ ਸੀ ਕਿ ਉਨ੍ਹਾਂ ਨੇ ਸੁਚਿਕਾ ਨੂੰ ਆਪਣੇ ਖੇਡ ਕਰੀਅਰ ਲਈ ਕਿੰਨੀਆਂ ਕੁਰਬਾਨੀਆਂ ਦਿੰਦਿਆਂ ਦੇਖਿਆ ਸੀ।

“ਜਦੋਂ ਉਹ ਪਹਿਲਾਂ ਹੀ ਇੱਕ ਲੰਬਾ ਸਫਰ ਤੈਅ ਕਰ ਚੁੱਕੀ ਸੀ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਚੁੱਕੀ ਸੀ ਤਾਂ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਚੀਜ਼ ਉਸ ਦੇ ਖੇਡ ਕਰੀਅਰ ਦੇ ਰਸਤੇ ਵਿੱਚ ਆਵੇ। ਮੈਨੂੰ ਹਾਲੇ ਵੀ ਯਾਦ ਹੈ ਕਿ 2021 ਦੇ ਅਖੀਰ ਵਿੱਚ ਉਹ ਮਾਰਸ਼ਲ ਆਰਟਸ 'ਤੇ ਅਧਾਰਿਤ ਇੱਕ ਰਿਐਲਟੀ ਸ਼ੋਅ, 'ਇੰਡੀਆਜ਼ ਅਲਟੀਮੇਟ ਵਾਰੀਅਰ' ਦਾ ਹਿੱਸਾ ਸੀ ਜਿੱਥੇ ਭਾਗੀਦਾਰਾਂ ਨੂੰ ਲੜਾਈਆਂ ਰਾਹੀਂ ਆਪਣੇ ਹੁਨਰ ਨੂੰ ਸਾਬਿਤ ਕਰਨਾ ਪੈਂਦਾ ਸੀ।”

“ਪੰਜਵੇਂ ਐਪੀਸੋਡ ਦੌਰਾਨ ਉਸ ਦੀ ਕੂਹਣੀ ਡਿਸਲੋਕੇਟ ਹੋ ਗਈ। ਡਾਕਟਰ ਨੇ ਉਸ ਨੂੰ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਜਿਸ ਕਾਰਨ ਉਹ ਪੰਜ ਜਾਂ ਛੇ ਮਹੀਨਿਆਂ ਲਈ ਟ੍ਰੇਨਿੰਗ ਤੋਂ ਦੂਰ ਹੋ ਜਾਂਦੀ ਅਤੇ ਇਸ ਦਾ ਮਤਲਬ ਇਹ ਹੁੰਦਾ ਕਿ ਉਸ ਨੂੰ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਦਾ ਆਪਣਾ ਮੌਕਾ ਛੱਡਣਾ ਪੈਂਦਾ।”

ਕਪਿਲ ਨੇ ਕਿਹਾ, "ਰਾਸ਼ਟਰਮੰਡਲ ਖੇਡਾਂ 'ਤੇ ਨਜ਼ਰ ਰੱਖਦਿਆਂ ਉਸ ਨੇ ਦਰਦ ਭਰਿਆ ਰਸਤਾ ਚੁਣਿਆ ਅਤੇ ਕੁਦਰਤੀ ਤੌਰ 'ਤੇ ਠੀਕ ਹੋਣ ਨੂੰ ਤਰਜੀਹ ਦਿੱਤੀ। ਜਦੋਂ ਮੈਂ ਉਸ ਨੂੰ ਕੌਮਾਂਤਰੀ ਪੱਧਰ 'ਤੇ ਨਾਮ ਕਮਾਉਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਇੰਨਾ ਸੰਘਰਸ਼ ਕਰਦਿਆਂ ਦੇਖਿਆ ਸੀ ਤਾਂ ਮੈਂ ਜਿਸ ਵੀ ਤਰੀਕੇ ਨਾਲ ਹੋ ਸਕੇ ਉਸ ਦਾ ਸਾਥ ਦੇਣ ਤੋਂ ਪਿੱਛੇ ਕਿਵੇਂ ਹਟ ਸਕਦਾ ਸੀ? ਜਦੋਂ ਮੈਂ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਉਹ ਜਿੰਨਾ ਚਿਰ ਚਾਹੇ ਇਸ ਖੇਡ ਨੂੰ ਜਾਰੀ ਰੱਖ ਸਕਦੀ ਹੈ।"

ਟ੍ਰੇਨਿੰਗ ਵਿੱਚ ਪਤੀ ਦਾ ਸਹਿਯੋਗ

ਸੁਚਿਕਾ ਤਰਿਆਲ

ਤਸਵੀਰ ਸਰੋਤ, Saruabh Duggal

ਤਸਵੀਰ ਕੈਪਸ਼ਨ, ਕਈ ਸੱਟਾਂ, ਸਮਾਜਿਕ ਦਬਾਅ ਅਤੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਖੇਡ ਜਾਰੀ ਰੱਖੀ

ਕਪਿਲ ਨੇ ਕਿਹਾ, " ਐਮਐਮਏ ਇੱਕ ਨਵੀਂ ਖੇਡ ਹੋਣ ਕਰਕੇ ਅਤੇ ਕੋਈ ਰਾਸ਼ਟਰੀ ਕੈਂਪ ਨਾ ਹੋਣ ਕਰਕੇ ਉਸ ਨੇ ਗੁੜਗਾਓਂ ਵਿੱਚ ਹੀ ਆਪਣਾ ਟ੍ਰੇਨਿੰਗ ਬੇਸ ਰੱਖਿਆ। ਪਰ ਘਰ ਵਿੱਚ ਧਿਆਨ ਭੜਕਾਉਣ ਵਾਲੀਆਂ ਕਈ ਚੀਜ਼ਾਂ ਸਨ ਕਿਉਂਕਿ ਸਾਡੇ ਕੋਲ ਪਾਲਤੂ ਜਾਨਵਰ ਹਨ ਅਤੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਇਸ ਲਈ ਮੈਂ ਉਸ ਨੂੰ ਜੁਲਾਈ ਅਤੇ ਅਗਸਤ ਲਈ ਮੁੰਬਈ ਦੇ ਐਮਐਮਏ ਸੈਂਟਰ ਵਿੱਚ ਭੇਜਣ ਦਾ ਫ਼ੈਸਲਾ ਲਿਆ। ਏਸ਼ੀਆਈ ਖੇਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਉੱਥੋਂ ਹੀ ਟ੍ਰੇਨਿੰਗ ਲਈ।"

ਏਸ਼ੀਅਨ ਖੇਡਾਂ ਦਾ ਇਹ ਕਾਂਸੀ ਦਾ ਤਗ਼ਮਾ ਤਰਿਆਲ ਭੈਣਾਂ ਦੀ ਖੇਡ ਪਰਿਵਾਰਕ ਕਹਾਣੀ ਦਾ ਸਭ ਤੋਂ ਨਵਾਂ ਚੈਪਟਰ ਵੀ ਹੈ।

ਸੁਚਿਕਾ ਆਪਣੀਆਂ ਤਿੰਨ ਭੈਣਾਂ ਸਨੇਹਾ, ਸ਼ਾਲਿਨੀ ਅਤੇ ਤੈਵਿਥ ਲਈ ਇੱਕ ਰਾਹ ਦਸੇਰਾ ਬਣੀ। ਚਾਰੇ ਤਰਿਆਲ ਭੈਣਾਂ ਨੇ ਜੂਡੋ ਅਤੇ ਹੋਰ ਲੜਾਕੂ ਖੇਡਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।

ਸਨੇਹਾ ਉਤਰਾਖੰਡ ਪੁਲਿਸ ਵਿੱਚ ਕੰਮ ਕਰਦੀ ਹੈ, ਤੈਵਿਥ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਨੌਕਰੀ ਕਰਦੀ ਹੈ ਜਦੋਂ ਕਿ ਸ਼ਾਲਿਨੀ ਇੱਕ ਜੂਡੋ ਕੋਚ ਹੈ। ਸੂਚਿਕਾ 2022 ਵਿੱਚ ਹਰਿਆਣਾ ਖੇਡ ਵਿਭਾਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸੀਆਈਐਸਐਫ ਵਿਚ ਨੌਕਰੀ ਕਰਦੀ ਸੀ।

ਇੱਕ ਸਧਾਰਨ ਪਰਿਵਾਰ ਤੋਂ ਆਉਣ ਕਰਕੇ ਇਨ੍ਹਾਂ ਭੈਣਾਂ ਨੇ ਖੇਡਾਂ ਵਿੱਚ ਨਾ ਸਿਰਫ਼ ਇੱਕ ਪੇਸ਼ਾ ਲੱਭਿਆ, ਬਲਕਿ ਆਤਮ ਨਿਰਭਰਤਾ ਦਾ ਇੱਕ ਰਸਤਾ ਵੀ ਲੱਭ ਲਿਆ।

ਉਨ੍ਹਾਂ ਦੀ ਦਾਦੀ ਸ਼ੁਰੂ ਸ਼ੁਰੂ ਵਿੱਚ ਕੁੜੀਆਂ ਨੂੰ ਇਕੱਲਿਆਂ ਸਫਰ ਕਰਨ ਦੀ ਇਜਾਜ਼ਤ ਦੇਣ ਬਾਰੇ ਥੋੜ੍ਹੀ ਚਿੰਤਤ ਸੀ ਪਰ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਰਹੇ। ਸੁਚਿਕਾ ਨੇ ਕਿਹਾ, "ਮੇਰੇ ਪਿਤਾ ਸਾਡੇ ਨਾਲ ਖੜ੍ਹੇ ਰਹੇ ਅਤੇ ਸਾਨੂੰ ਆਪਣੇ ਸੁਫ਼ਨੇ ਜਿਉਣ ਦੀ ਇਜਾਜ਼ਤ ਦਿੱਤੀ।"

ਸੁਚਿਕਾ ਤਰਿਆਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਚਿਕਾ ਹੁਣ ਚਾਹੁੰਦੀ ਹੈ ਕਿ ਕੁੜੀਆਂ ਆਤਮ-ਰੱਖਿਆ ਅਤੇ ਆਤਮ-ਨਿਰਭਰਤਾ ਲਈ ਮਾਰਸ਼ਲ ਆਰਟਸ ਸਿੱਖਣ

ਇਸ ਤਜਰਬੇ ਨੇ ਉਸ ਸੋਚ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਜੋ ਉਹ ਕੁੜੀਆਂ ਦੀ ਅਗਲੀ ਪੀੜ੍ਹੀ ਲਈ ਚਾਹੁੰਦੀ ਹੈ।

"ਜਦੋਂ ਮੈਂ ਜੂਡੋ ਸਿੱਖਣਾ ਸ਼ੁਰੂ ਕੀਤਾ ਤਾਂ ਲੋਕਲ ਬੱਸ ਜਾਂ ਟਰੇਨ ਵਿੱਚ ਸਫਰ ਦੌਰਾਨ ਕਈ ਅਜਿਹੇ ਮੌਕੇ ਆਏ ਜਦੋਂ ਕਿਸੇ ਸਹਿ ਯਾਤਰੀ ਨੇ ਮੇਰੇ ਜਾਂ ਦੂਜੀਆਂ ਕੁੜੀਆਂ ਨਾਲ ਬਦਤਮੀਜ਼ੀ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਚੰਗਾ ਸਬਕ ਸਿਖਾਇਆ।”

“ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਪਤਲੇ ਸਰੀਰ ਵਾਲੀ ਕੁੜੀ ਉਨ੍ਹਾਂ 'ਤੇ ਇੰਨੀ ਅਸਾਨੀ ਨਾਲ ਕਾਬੂ ਪਾ ਸਕਦੀ ਹੈ। ਜੂਡੋ ਨੇ ਮੈਨੂੰ ਹਰ ਤਰ੍ਹਾਂ ਦੀਆਂ ਮੁਸੀਬਤਾਂ 'ਤੇ ਜਿੱਤ ਪਾਉਣ ਦੀ ਤਾਕਤ ਦਿੱਤੀ ਹੈ।"

ਉਸ ਨੇ ਕਿਹਾ, " ਇਸ ਲਈ ਮੈਂ ਚਾਹੁੰਦੀ ਹਾਂ ਕਿ ਹਰ ਕੁੜੀ ਮਾਰਸ਼ਲ ਆਰਟਸ ਜਾਂ ਕਿਸੇ ਵੀ ਤਰ੍ਹਾਂ ਦੀ ਕੌਮਬੈਟ ਸਪੋਰਟਸ ਜ਼ਰੂਰ ਸਿੱਖੇ ਤਾਂ ਜੋ ਕੋਈ ਵੀ ਕੁੜੀਆਂ ਨੂੰ ਕਮਜ਼ੋਰ ਸਮਝ ਕੇ ਨੁਕਸਾਨ ਪਹੁੰਚਾਉਣ ਦੀ ਜੇਕਰ ਕੋਈ ਜੁਰਅਤ ਕਰੇ ਤਾਂ ਉਹ ਪਲਟ ਕੇ ਵਾਰ ਕਰ ਸਕਣ ਅਤੇ ਸਬਕ ਸਿਖਾ ਸਕਣ।"

ਸੁਚਿਤਾ ਲਈ ਮਾਰਸ਼ਲ ਆਰਟਸ ਹਮੇਸ਼ਾ ਤਗ਼ਮਿਆਂ ਤੋਂ ਕਿਤੇ ਵਧ ਕੇ ਰਿਹਾ ਹੈ।

"ਜੂਡੋ ਅਤੇ ਮਾਰਸ਼ਲ ਆਰਟਸ ਨੇ ਮੈਨੂੰ ਸਭ ਕੁਝ ਦਿੱਤਾ ਹੈ- ਛੇੜਛਾੜ ਦਾ ਸਾਹਮਣਾ ਕਰਨ ਦੀ ਤਾਕਤ ਤੋਂ ਲੈ ਕੇ ਮੈਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਮੰਚ ਪ੍ਰਦਾਨ ਕਰਨ ਤੱਕ। ਖੇਡ ਮੇਰੇ ਲਈ ਜਿਉਣ ਦਾ ਇੱਕ ਤਰੀਕਾ ਬਣ ਗਈ ਹੈ।"

ਇੱਕ 12 ਸਾਲ ਦੀ ਲੜਕੀ ਵੱਲੋਂ ਆਪਣੀ ਰੱਖਿਆ ਕਰਨ ਦੀ ਇੱਛਾ ਨਾਲ ਜੂਡੋ ਕਲਾਸ ਵਿੱਚ ਕਦਮ ਰੱਖਣ ਦੇ 24 ਸਾਲ ਬਾਅਦ ਸੁਚਿਕਾ ਨੇ ਆਖਿਰਕਾਰ ਉਹ ਕੌਮਾਂਤਰੀ ਮਲਟੀ ਸਪੋਰਟਸ ਮੈਡਲ ਹਾਸਿਲ ਕਰ ਲਿਆ ਹੈ, ਜਿਸ ਦਾ ਉਹ ਆਪਣੇ ਪੂਰੇ ਖੇਡ ਜੀਵਨ ਵਿੱਚ ਪਿੱਛਾ ਕਰ ਰਹੀ ਸੀ।

ਇਸ ਵਾਰ ਉਸ ਨੂੰ ਕਲਪਨਾ ਕਰਨ ਦੀ ਲੋੜ ਨਹੀਂ ਸੀ ਕਿ ਪੋਡੀਅਮ 'ਤੇ ਖੜ੍ਹੇ ਹੋਣਾ ਕਿਵੇਂ ਲਗਦਾ ਹੈ।

ਉਹ ਖੁਦ ਉਸ 'ਤੇ ਖੜ੍ਹੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)