ਅਮਰਜੀਤ ਚਾਵਲਾ ਉੱਤੇ ਦਰਜ ਬਲਾਤਕਾਰ ਦੇ ਕੇਸ ’ਚ ਇੱਕ ਮਹੀਨੇ ਬਾਅਦ ਵੀ ਗ੍ਰਿਫ਼ਤਾਰੀ ਨਹੀਂ, ਹੁਣ ਤੱਕ ਇਸ ਮਾਮਲੇ ’ਚ ਕੀ-ਕੀ ਹੋਇਆ

ਅਮਰਜੀਤ ਸਿੰਘ ਚਾਵਲਾ

ਤਸਵੀਰ ਸਰੋਤ, Amarjit Singh Chawla/FB

ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਚਾਵਲਾ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਅਕਾਲ ਤਖ਼ਤ ਸਾਹਿਬ ਵੱਲੋਂ ਪੰਥ 'ਚੋਂ ਖਾਰਜ ਕੀਤੇ ਗਏ ਐੱਸਜੀਪੀਸੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਇੱਕ ਔਰਤ ਵੱਲੋਂ ਲਾਏ ਗਏ ਬਲਾਤਕਾਰ, ਗ਼ੈਰ-ਕਾਨੂੰਨੀ ਹਿਰਾਸਤ ਅਤੇ ਧਮਕੀਆਂ ਦੇ ਇਲਜ਼ਾਮਾਂ ਮਗਰੋਂ ਪੰਜਾਬ ਦੇ ਪੰਥਕ ਅਤੇ ਸਿਆਸੀ ਆਗੂਆਂ ਵਿਚਾਲੇ ਇੱਕ-ਦੂਜੇ 'ਤੇ ਇਲਜ਼ਾਮਤਰਾਸ਼ੀ ਚੱਲ ਰਹੀ ਹੈ।

ਅਮਰਜੀਤ ਸਿੰਘ ਚਾਵਲਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਖੁਦ ਦੇ ਬੇਕਸੂਰ ਹੋਣ ਦਾ ਦਾਅਵਾ ਕੀਤਾ ਹੈ।

ਬਲਾਤਕਾਰ ਦੇ ਇਲਜ਼ਾਮਾਂ 'ਚ ਘਿਰੇ ਅਮਰਜੀਤ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਉਪ-ਪ੍ਰਧਾਨ ਸਨ।

ਇਲਜ਼ਾਮਾਂ 'ਚ ਘਿਰਨ ਮਗਰੋਂ ਚਾਵਲਾ ਨੇ ਕੁਝ ਦਿਨ ਪਹਿਲਾਂ ਇਹਨਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁਤਾਬਕ ਚਾਵਲਾ ਦਾ ਅਸਤੀਫ਼ਾ ਪ੍ਰਵਾਨ ਵੀ ਕਰ ਲਿਆ ਗਿਆ ਹੈ।

ਇਸ ਮਾਮਲੇ ਵਿੱਚ 21 ਅਗਸਤ 2026 ਨੂੰ ਆਨੰਦਪੁਰ ਸਾਹਿਬ ਥਾਣੇ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 64 (ਬਲਾਤਕਾਰ), 127(2) (ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਣਾ) ਅਤੇ 351(2) (ਧਮਕਾਉਣਾ) ਤਹਿਤ ਅਮਰਜੀਤ ਚਾਵਲਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ।

ਬੁੱਧਵਾਰ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਲੱਗੇ ਇਲਜ਼ਾਮਾਂ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਲਈ ਐੱਸਆਈਟੀ ਗਠਿਤ ਕਰਨ, ਮਾਮਲੇ ਨਾਲ ਸਬੰਧਤ ਸਾਰੇ ਲੋਕਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ।

ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਵਫ਼ਦ ਨੇ ਇਸ ਮਸਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ

ਤਸਵੀਰ ਸਰੋਤ, AAP

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਵਫ਼ਦ ਨੇ ਇਸ ਮਸਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ

ਪਰ ਇੱਕ ਮਹੀਨੇ ਤੱਕ ਗੁਪਤ ਰਹਿਣ ਮਗਰੋਂ ਇਹ ਮਾਮਲਾ ਉਦੋਂ ਚਰਚਾ ਵਿੱਚ ਆਇਆ, ਜਦੋਂ ਅਮਰਜੀਤ ਚਾਵਲਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ।

ਇਸੇ ਮਾਮਲੇ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਐਤਵਾਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਅਮਰਜੀਤ ਚਾਵਲਾ ਨੂੰ ਪੰਥ 'ਚੋਂ ਖਾਰਜ ਦਾ ਆਦੇਸ਼ ਵੀ ਜਾਰੀ ਕੀਤਾ ਗਿਆ।

ਪਰ ਮੌਜੂਦਾ ਸਮੇਂ ਐੱਫਆਈਆਰ ਦਰਜ ਹੋਣ ਦੇ ਇੱਕ ਮਹੀਨੇ ਬਾਅਦ ਵੀ ਅਮਰਜੀਤ ਚਾਵਲਾ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਅਮਰਜੀਤ ਚਾਵਲਾ ਕਿੱਥੇ ਹਨ, ਇਸ ਬਾਰੇ ਵੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆ ਰਹੀ।

ਇਸ ਕਾਰਨ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਬਾਦਲ ਨੂੰ ਕਠਹਿਰੇ ਵਿੱਚ ਖੜ੍ਹਾ ਕਰ ਰਹੇ ਹਨ।

ਔਰਤ ਦੇ ਇਲਜ਼ਾਮ ਕੀ ਹਨ?

ਆਨੰਦਪੁਰ ਸਾਹਿਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰਜੀਤ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਉਪ-ਪ੍ਰਧਾਨ ਸਨ

ਮਾਮਲੇ ਦੀ ਸ਼ਿਕਾਇਤਕਰਤਾ ਔਰਤ ਮੁਤਾਬਕ ਉਹ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹਨ ਅਤੇ ਨਵੰਬਰ 2025 ਵਿੱਚ ਬਹਿਰੀਨ ਤੋਂ ਭਾਰਤ ਵਾਪਸ ਆਏ ਸਨ।

ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਵੱਖ-ਵੱਖ ਸਰਾਵਾਂ ਵਿੱਚ ਠਹਿਰਾਇਆ ਗਿਆ।

ਐੱਫਆਈਆਰ ਮੁਤਾਬਕ ਔਰਤ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਫਰਵਰੀ ਤੋਂ ਅਗਸਤ 2026 ਦੇ ਵਿਚਕਾਰ ਅਮਰਜੀਤ ਚਾਵਲਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਫਿਰ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਸਰਾਵਾਂ ਵਿੱਚ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ।

ਐੱਫਆਈਆਰ ਵਿੱਚ ਔਰਤ ਨੇ ਚਾਵਲਾ ਵੱਲੋਂ ਉਸਨੂੰ ਧਮਕੀਆਂ ਦੇਣ ਅਤੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀ ਗੱਲ ਵੀ ਕਹੀ ਗਈ ਹੈ।

ਔਰਤ ਨੇ ਇਹ ਵੀ ਕਿਹਾ ਕਿ ਉਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪੀਏ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸੁਖਬੀਰ ਸਿੰਘ ਬਾਦਲ ਦੇ ਪੀਏ ਨੂੰ ਵੀ ਇਸ ਮਾਮਲੇ ਬਾਰੇ ਦੱਸਿਆ ਸੀ ਅਤੇ ਸਬੂਤ ਦਿਖਾਏ ਸਨ, ਪਰ ਕੋਈ ਕਾਰਵਾਈ ਨਹੀਂ ਹੋਈ।

ਐੱਫਆਈਆਰ ਵਿੱਚ ਸਿਰਫ਼ ਅਮਰਜੀਤ ਚਾਵਲਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ, ਪਰ ਔਰਤ ਨੇ ਅਕਾਲ ਤਖ਼ਤ ਦੇ ਵਾਧੂ ਹੈੱਡ ਗ੍ਰੰਥੀ ਮਲਕੀਤ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਡਰਾਈਵਰ ਮੋਹਨ ਸਿੰਘ 'ਤੇ ਅਸ਼ਲੀਲ ਸੁਨੇਹੇ ਭੇਜਣ ਦੇ ਇਲਜ਼ਾਮ ਵੀ ਲਗਾਏ ਹਨ।

ਜਿਸ ਤੋਂ ਬਾਅਦ ਐੱਸਜੀਪੀਸੀ ਨੇ ਇਨ੍ਹਾਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਅਮਰਜੀਤ ਸਿੰਘ ਚਾਵਲਾ ਨੇ ਆਪਣੇ ਪੱਖ ਵਿੱਚ ਕੀ ਕਿਹਾ?

ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਇਹ ਫ਼ੈਸਲਾ ਸੁਣਾਇਆ ਸੀ

ਅਮਰਜੀਤ ਚਾਵਲਾ ਨੇ 16 ਸਤੰਬਰ 2026 ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਆਪ ਹੀ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ-ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸਨੂੰ ਉਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ।

ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਹਨ ਅਤੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਸਾਜ਼ਿਸ਼ ਹਨ।

ਚਾਵਲਾ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਉਹ ਅਦਾਲਤ ਵਿੱਚ ਆਪਣੀ ਗੱਲ ਰੱਖਣਗੇ।

ਅਕਾਲ ਤਖ਼ਤ ਦੀ ਕਾਰਵਾਈ 'ਤੇ ਚਾਵਲਾ ਨੂੰ ਇਤਰਾਜ਼

 ਕੁਲਦੀਪ ਸਿੰਘ ਗੜਗੱਜ

20 ਸਤੰਬਰ 2026 ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਨੂੰ ਖਾਲਸਾ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ।

ਚਾਵਲਾ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਦਿਆਂ ਜਥੇਦਾਰ ਨੇ ਕਿਹਾ ਕਿ ਅਮਰਜੀਤ ਚਾਵਲਾ ਉਦੋਂ ਤੱਕ ਖਾਰਜ ਰਹੇਗਾ, ਜਦੋਂ ਤੱਕ ਉਹ ਆਪਣੀ ਬੇਕਸੂਰੀ ਸਾਬਤ ਨਹੀਂ ਕਰਦਾ ਅਤੇ ਅਕਾਲ ਤਖ਼ਤ ਸਾਹਮਣੇ ਪੇਸ਼ ਨਹੀਂ ਹੁੰਦਾ।

ਨਾਲ ਹੀ ਸਿੱਖ ਸੰਗਤਾਂ ਨੂੰ ਅਮਰਜੀਤ ਚਾਵਲਾ ਨਾਲ ਸੰਬੰਧ ਤੋੜਨ ਅਤੇ ਉਮਰ ਭਰ ਸਿੱਖ ਸੰਸਥਾਵਾਂ ਵਿੱਚ ਨੌਕਰੀ ਤੋਂ ਰੋਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ।

ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਅਮਰਜੀਤ ਚਾਵਲਾ ਅਤੇ ਮਲਕੀਤ ਸਿੰਘ ਖ਼ਿਲਾਫ਼ ਐਕਸ਼ਨ ਲੈਣ ਲਈ ਕਿਹਾ।

ਦੂਜੇ ਪਾਸੇ ਅਮਰਜੀਤ ਚਾਵਲਾ ਨੇ ਖੁਦ ਨੂੰ ਪੰਥ 'ਚੋਂ ਛੇਕਣ ਦੇ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਵਿਤਕਰੇ ਵਾਲਾ ਦੱਸਿਆ।

ਚਾਵਲਾ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ, ਉਸ ਦੀ ਗੱਲ ਸੁਣੇ ਬਿਨਾਂ ਹੀ ਅਕਾਲ ਤਖ਼ਤ ਦੇ ਜਥੇਦਾਰ ਨੇ ਫੈਸਲਾ ਸੁਣਾ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਲਈ ਕਮੇਟੀ ਗਠਿਤ

ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜਿਹਾ ਹੋ ਨਹੀਂ ਸਕਦਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਹੋਵੇ ਤੇ ਉਨ੍ਹਾਂ ਨੇ ਕਾਰਵਾਈ ਨਾ ਕੀਤੀ ਹੋਵੇ

22 ਸਤੰਬਰ 2026 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ 'ਤੇ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਅਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਲਦੇਵ ਸਿੰਘ ਕਾਇਮਪੁਰ, ਮੈਂਬਰ ਗੁਰਮੀਤ ਸਿੰਘ ਬੂਹ, ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਗੁਰਿੰਦਰ ਕੌਰ ਭੋਲੂਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਇਸ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਹੋਣਗੇ।

ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਪਹਿਲਾਂ ਵੀ ਵਿਭਾਗੀ ਤੌਰ 'ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਬਣਾਈ ਗਈ ਇਹ ਕਮੇਟੀ ਮਾਮਲੇ ਨਾਲ ਸਬੰਧਤ ਹਰ ਪੱਖ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ।

ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਤੱਥਾਂ ਸਮੇਤ ਦਿੱਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਪਸ਼ਟੀਕਰਨ

ਐਡਵੋਕੇਟ ਧਾਮੀ ਨੇ ਕਿਹਾ ਕਿ ਔਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਨੁਸਾਰ ਮੁਅੱਤਲਸ਼ੁਦਾ ਵਧੀਕ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਐੱਫਆਈਆਰ ਵਿੱਚ ਨਾਮਜ਼ਦ ਅਮਰਜੀਤ ਸਿੰਘ ਚਾਵਲਾ ਵੱਲੋਂ ਵੀਡੀਓ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਦਿੱਤੇ ਅਸਤੀਫ਼ੇ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੀਬੀ ਕਿੱਥੋਂ ਆਈ ਅਤੇ ਇਸ ਨੂੰ ਕੌਣ ਲੈ ਕੇ ਆਇਆ, ਇਸ ਸਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।

ਉਨ੍ਹਾਂ ਕਿਹਾ, "ਇਹ ਬੀਬੀ ਮੈਨੂੰ ਇੱਕ-ਦੋ ਵਾਰ ਮਿਲੀ ਜ਼ਰੂਰ ਹੈ, ਪਰ ਉਸ ਵੱਲੋਂ ਕਿਸੇ ਤਰ੍ਹਾਂ ਦੀ ਅਨੈਤਿਕ ਹਰਕਤ ਹੋਣ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਗਈ। ਇਹ ਹੋ ਹੀ ਨਹੀਂ ਸਕਦਾ ਕਿ ਮੈਨੂੰ ਅਜਿਹੇ ਮਾਮਲੇ ਬਾਰੇ ਦੱਸਿਆ ਗਿਆ ਹੋਵੇ ਅਤੇ ਮੈਂ ਕਾਰਵਾਈ ਨਾ ਕਰਾਂ।"

ਪੁਲਿਸ ਨੇ ਹੁਣ ਤੱਕ ਕੀ ਕੀਤਾ?

ਔਰਤ ਦੇ ਇਲਜ਼ਾਮਾਂ ਦੇ ਆਧਾਰ 'ਤੇ ਆਨੰਦਪੁਰ ਸਾਹਿਬ ਪੁਲਿਸ ਨੇ 21 ਅਗਸਤ ਨੂੰ ਅਮਰਜੀਤ ਚਾਵਲਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

ਐੱਫਆਈਆਰ ਦਰਜ ਹੋਣ ਤੋਂ ਲਗਭਗ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਆਨੰਦਪੁਰ ਸਾਹਿਬ ਥਾਣੇ ਦੇ ਐੱਸਐੱਚਓ ਜਤਿਨ ਸ਼ਰਮਾ ਨੇ ਇਸ ਮਾਮਲੇ ਵਿੱਚ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ਼ ਐੱਸਐੱਸਪੀ ਰੂਪਨਗਰ ਹੀ ਗੱਲ ਕਰ ਰਹੇ ਹਨ, ਇਸ ਲਈ ਉਨ੍ਹਾਂ ਨਾਲ ਹੀ ਗੱਲ ਕੀਤੀ ਜਾਵੇ।

ਐੱਸਐੱਸਪੀ ਰੂਪਨਗਰ ਨਾਲ ਸੰਪਰਕ ਕਰਨ ਲਈ ਅਸੀਂ ਉਨ੍ਹਾਂ ਦੇ ਦਫ਼ਤਰ ਅਤੇ ਰੀਡਰ ਨਾਲ ਲਗਾਤਾਰ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਦਫ਼ਤਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

'ਧਾਮੀ' ਅਤੇ ਸੁਖਬੀਰ ਬਾਦਲ ਦੀ ਚੁੱਪ 'ਤੇ ਸਿਆਸੀ ਬਵਾਲ

ਗਿਆਨੀ ਹਰਪ੍ਰੀਤ ਸਿੰਘ

ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਛੇ ਮਹੀਨੇ ਲਗਾਤਾਰ ਇਲਜ਼ਾਮ ਲਗਾਉਣ ਵਾਲੀ ਔਰਤ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਸਰਾਵਾਂ ਦੇ ਅੰਦਰ ਕਿਵੇਂ ਹੁੰਦਾ ਰਿਹਾ, ਇਸ ਦੇ ਬਾਰੇ ਜਾਣਕਾਰੀ ਸਪੱਸ਼ਟ ਕੀਤੀ ਜਾਵੇ।

ਪੰਨੂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਕੁਝ ਅਕਾਲੀ ਆਗੂਆਂ ਵੱਲੋਂ ਹੁਣ ਔਰਤ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਵੀ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ।

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, "ਇਸ ਮਾਮਲੇ ਵਿੱਚ ਸਵਾਲ ਸਿਰਫ਼ ਅਮਰਜੀਤ ਸਿੰਘ ਚਾਵਲਾ 'ਤੇ ਨਹੀਂ, ਸਗੋਂ ਸਬੰਧਤ ਸੰਸਥਾਵਾਂ ਅਤੇ ਉਨ੍ਹਾਂ ਦੇ ਮੁਖੀਆਂ ਦੀ ਜਵਾਬਦੇਹੀ ਦਾ ਵੀ ਹੈ।"

"ਸਰਾਂ ਵਿੱਚ ਰੱਖੀ ਗਈ ਇਸ ਔਰਤ ਨੂੰ ਤਖ਼ਤ ਸਾਹਿਬ ਵਿਖੇ ਰਿਹਾਇਸ਼ ਅਤੇ ਵੀਆਈਪੀ ਸਹੂਲਤਾਂ ਕਿਉਂ ਦਿੱਤੀਆਂ ਗਈਆਂ ਅਤੇ ਉਹ ਕਿਸ ਮਕਸਦ ਨਾਲ ਇੱਥੇ ਆਈ ਸੀ, ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।"

ਉਨ੍ਹਾਂ ਦਾਅਵਾ ਕੀਤਾ, "ਇਸ ਔਰਤ ਨੂੰ ਧਰਮ ਪ੍ਰਚਾਰ ਫੰਡ ਵਿੱਚੋਂ ਇੱਕ ਲੱਖ ਰੁਪਏ ਦਿੱਤੇ ਗਏ ਅਤੇ ਐੱਸਜੀਪੀਸੀ ਦੇ ਕੰਮਕਾਜ ਵਿੱਚ ਉਸ ਦੀ ਦਖ਼ਲਅੰਦਾਜ਼ੀ ਸੀ। ਐੱਸਜੀਪੀਸੀ ਪ੍ਰਧਾਨ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ।"

"ਜੇ ਉਹ ਜਵਾਬ ਨਹੀਂ ਦੇ ਸਕਦੇ ਤਾਂ ਅਸਤੀਫ਼ਾ ਦੇਣ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਤਖ਼ਤ ਸਾਹਿਬ ਵਿਖੇ ਉਸ ਔਰਤ ਦੀ ਮੌਜੂਦਗੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਸੀ ਜਾਂ ਨਹੀਂ। ਜਥੇਦਾਰ ਸਾਬ੍ਹ 'ਤੇ ਵੀ ਇਹ ਸਵਾਲ ਉੱਠਦੇ ਹਨ।"

'ਆਪ' ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਮੰਗਿਆ ਜਵਾਬ

ਬਲਤੇਜ ਪੰਨੂ

ਤਸਵੀਰ ਸਰੋਤ, Baltej Pannu/FB

ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਵਿੱਚ ਆਮ ਆਦਮੀ ਦੇ ਬੁਲਾਰੇ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ ਹੈ

ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਕਿਹਾ, "ਸ੍ਰੀ ਆਨੰਦਪੁਰ ਸਾਹਿਬ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਨਾਂ 'ਤੇ ਸਰਾਂ ਹੈ। ਉੱਥੇ ਪਿਛਲੇ ਕਈ ਮਹੀਨਿਆਂ ਤੋਂ ਰੱਖੀ ਗਈ ਇੱਕ ਔਰਤ ਨੇ ਐੱਫਆਈਆਰ ਦਰਜ ਕਰਵਾਈ ਹੈ। ਉਸ ਨੂੰ ਬਹਿਰੀਨ ਤੋਂ ਕੌਣ ਲੈ ਕੇ ਆਇਆ? ਉਸ ਦੀ ਟਿਕਟ ਕਿਸ ਨੇ ਲਗਵਾਈ?"

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇੰਨੇ ਮਹੀਨਿਆਂ ਤੱਕ ਉਸ ਔਰਤ ਨੂੰ ਕਿਉਂ ਰੱਖਿਆ ਗਿਆ? ਜਦੋਂ ਔਰਤ ਨੇ ਸ਼ਿਕਾਇਤ ਕੀਤੀ ਸੀ ਤਾਂ ਉਸ ਉੱਤੇ ਕੀ ਐਕਸ਼ਨ ਲਿਆ ਗਿਆ? ਇਹ ਵੀ ਦੱਸਿਆ ਜਾਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)