ਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਲਈ ਰਚਿਆ ਇਤਿਹਾਸ, ਦੇਸ਼ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣੇ

ਤਸਵੀਰ ਸਰੋਤ, Nijhuis/MB Media/Getty Images
ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਨੇ ਆਪਣਾ 413ਵਾਂ ਮੈਚ ਖੇਡ ਕੇ ਦੇਸ਼ ਲਈ ਸਭ ਤੋਂ ਵੱਧ ਹਾਕੀ ਮੈਚ ਖੇਡਣ ਵਾਲੇ ਖਿਡਾਰੀ ਵਜੋਂ ਹਾਕੀ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
ਮਨਪ੍ਰੀਤ ਨੇ ਦਿਲੀਪ ਤਿਰਕੀ ਦਾ ਰਿਕਾਰਡ ਤੋੜਿਆ, ਜੋ ਇਸ ਵੇਲੇ ਹਾਕੀ ਇੰਡੀਆ ਦੇ ਪ੍ਰਧਾਨ ਹਨ ਅਤੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ 412 ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਸੀ।
ਮਨਪ੍ਰੀਤ ਨੇ ਲੰਘੇ ਬੁੱਧਵਾਰ ਨੂੰ ਰੌਟਰਡੈਮ ਵਿੱਚ ਜਰਮਨੀ ਖ਼ਿਲਾਫ਼ ਐਫਆਈਐਚ ਹਾਕੀ ਪ੍ਰੋ ਲੀਗ 2025/26 ਦੇ ਮੈਚ ਦੌਰਾਨ ਇਹ ਰਿਕਾਰਡ ਤੋੜਿਆ।
ਇਸ ਵੱਡੀ ਉਪਲੱਬਧੀ ਲਈ ਹਾਕੀ ਇੰਡੀਆ ਨੇ ਮਨਪ੍ਰੀਤ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਨਾਮ ਵਜੋਂ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ।
ਭਾਰਤੀ ਹਾਕੀ ਦਾ ਅਹਿਮ ਚਿਹਰਾ

ਤਸਵੀਰ ਸਰੋਤ, @TheHockeyIndia/X
ਮਨਪ੍ਰੀਤ ਸਿੰਘ ਨੇ ਸਾਲ 2011 ਵਿੱਚ 19 ਸਾਲ ਦੀ ਉਮਰ ਵਿੱਚ ਸੀਨੀਅਰ ਖੇਡ ਲਈ ਡੈਬਿਊ ਕੀਤਾ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਉਨ੍ਹਾਂ ਨੇ ਦੁਨੀਆ ਭਰ ਵਿੱਚ ਭਾਰਤ ਦੀ ਹਾਕੀ 'ਚ ਵਾਪਸੀ ਅਤੇ ਦੇਸ਼ ਦੇ ਆਧੁਨਿਕ ਹਾਕੀ ਇਤਿਹਾਸ ਦੇ ਸਭ ਤੋਂ ਸਫਲ ਦੌਰਾਂ ਵਿੱਚੋਂ ਇੱਕ ਨੂੰ ਸਿਰਜਣ ਵਿੱਚ ਮਦਦ ਕੀਤੀ ਹੈ।
ਹੁਣ ਇਸ ਨਵੇਂ ਰਿਕਾਰਡ ਨਾਲ ਮਨਪ੍ਰੀਤ ਸਿੰਘ ਨੇ ਭਾਰਤ ਲਈ ਹਾਕੀ ਖੇਡਣ ਵਾਲੇ ਹੁਣ ਤੱਕ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਸ ਉਪਲੱਬਧੀ ਨੇ ਮਨਪ੍ਰੀਤ ਨੂੰ ਵਿਸ਼ਵ ਹਾਕੀ ਦੇ ਸਭ ਤੋਂ ਖ਼ਾਸ ਕਲੱਬਾਂ ਵਿੱਚੋਂ ਇੱਕ ਵਿੱਚ ਵੀ ਸ਼ਾਮਲ ਕਰ ਦਿੱਤਾ ਹੈ। 413 ਅੰਤਰਰਾਸ਼ਟਰੀ ਮੈਚਾਂ ਨਾਲ, ਉਹ ਹੁਣ ਪੁਰਸ਼ਾਂ ਦੇ ਅੰਤਰਰਾਸ਼ਟਰੀ ਮੈਚਾਂ ਦੀ ਆਲ-ਟਾਈਮ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹਨ।
ਉਨ੍ਹਾਂ ਤੋਂ ਅੱਗੇ ਬੈਲਜੀਅਮ ਦੇ ਜੌਨ-ਜੌਨ ਡੋਮੇਨ (481), ਨੀਦਰਲੈਂਡਸ ਦੇ ਟਿਊਨ ਡੀ ਨੂਈਜਰ (453), ਆਸਟ੍ਰੇਲੀਆ ਦੇ ਐਡੀ ਓਕੈਂਡਨ (451) ਅਤੇ ਗ੍ਰੇਟ ਬ੍ਰਿਟੇਨ ਦੇ ਬੈਰੀ ਮਿਡਲਟਨ (432) ਹਨ।
ਮਨਪ੍ਰੀਤ ਨੇ ਨਾ ਸਿਰਫ਼ ਤਿਰਕੀ ਦਾ ਰਿਕਾਰਡ ਤੋੜਿਆ, ਸਗੋਂ '400-ਕੈਪਸ ਕਲੱਬ' ਵਿੱਚ ਸ਼ਾਮਲ ਹੋਰ ਦਿੱਗਜਾਂ — ਪਾਕਿਸਤਾਨ ਦੇ ਵਸੀਮ ਅਹਿਮਦ (410) ਅਤੇ ਨੀਦਰਲੈਂਡਸ ਦੇ ਜੇਰੋਇਨ ਡੇਲਮੀ (401) — ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਖ਼ਾਸ ਗੱਲ ਇਹ ਹੈ ਕਿ 33 ਸਾਲਾ ਮਨਪ੍ਰੀਤ ਦੁਨੀਆ ਦੇ ਇਕਲੌਤੇ ਅਜਿਹੇ ਸਰਗਰਮ ਹਾਕੀ ਖਿਡਾਰੀ ਹਨ ਜਿਨ੍ਹਾਂ ਦੇ ਨਾਮ 400 ਤੋਂ ਵੱਧ ਕੈਪਸ ਹਨ। ਇਹ ਨਾ ਸਿਰਫ਼ ਉਨ੍ਹਾਂ ਦੇ ਲੰਬੇ ਕਰੀਅਰ ਨੂੰ ਦਰਸਾਉਂਦਾ ਹੈ, ਸਗੋਂ ਪਿਛਲੇ 15 ਸਾਲਾਂ ਤੋਂ ਸਿਖਰਲੇ ਪੱਧਰ 'ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵੀ ਸਾਬਤ ਕਰਦਾ ਹੈ।
ਅਰਜੁਨ ਐਵਾਰਡ ਅਤੇ ਮੇਜਰ ਧਿਆਨਚੰਦ ਖੇਡ ਰਤਨ ਨਾਲ ਸਨਮਾਨਿਤ

ਤਸਵੀਰ ਸਰੋਤ, Suhaimi Abdullah/Getty Images
ਹਾਕੀ ਇੰਡੀਆ ਦੀ ਅਧਿਕਾਰਿਤ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, 2012 ਲੰਡਨ ਓਲੰਪਿਕ ਵਿੱਚ ਮੁਸ਼ਕਲ ਸ਼ੁਰੂਆਤ ਤੋਂ ਲੈ ਕੇ 2020 ਟੋਕੀਓ ਓਲੰਪਿਕਸ (ਜੋ 2021 ਵਿੱਚ ਹੋਏ ਸਨ) ਵਿੱਚ ਭਾਰਤ ਨੂੰ ਇਤਿਹਾਸਕ ਕਾਂਸੀ ਦਾ ਤਗਮਾ ਦਿਵਾਉਣ ਤੱਕ, ਮਨਪ੍ਰੀਤ ਦਾ ਸਫ਼ਰ ਵਿਸ਼ਵ ਮੰਚ 'ਤੇ ਭਾਰਤੀ ਹਾਕੀ ਦੀ ਵਾਪਸੀ ਦੀ ਕਹਾਣੀ ਬਿਆਨ ਕਰਦਾ ਹੈ।
ਇਸ ਦੌਰਾਨ, ਉਨ੍ਹਾਂ ਨੇ 2014 ਅਤੇ 2022 ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਸੋਨ ਤਗਮਾ ਦਿਵਾਉਣ, 2017 ਅਤੇ 2025 ਵਿੱਚ ਏਸ਼ੀਆ ਕੱਪ ਜਿੱਤਣ, ਕਈ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤਣ ਅਤੇ ਟੋਕੀਓ 2020 ਤੇ ਪੈਰਿਸ 2024 ਓਲੰਪਿਕ ਵਿੱਚ ਲਗਾਤਾਰ ਕਾਂਸੇ ਦੇ ਤਗਮੇ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਆਪਣੀ ਪੀੜ੍ਹੀ ਦੇ ਸਭ ਤੋਂ ਵਧੀਆ ਅਤੇ ਫਿੱਟ ਮਿਡਫੀਲਡਰਾਂ ਵਿੱਚੋਂ ਇੱਕ, ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਨੂੰ ਭਾਰਤੀ ਹਾਕੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ 2018 ਵਿੱਚ ਅਰਜੁਨ ਐਵਾਰਡ ਅਤੇ 2021 ਵਿੱਚ ਮੇਜਰ ਧਿਆਨਚੰਦ ਖੇਡ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਨਵੇਂ ਮੁਕਾਮ 'ਤੇ ਪਹੁੰਚਣ ਬਾਰੇ ਕੀ ਬੋਲੇ ਮਨਪ੍ਰੀਤ ਸਿੰਘ
ਹਾਕੀ ਇੰਡੀਆ ਦੀ ਅਧਿਕਾਰਿਤ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਇਸ ਮੁਕਾਮ 'ਤੇ ਪਹੁੰਚਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ, "ਭਾਰਤ ਲਈ ਇੰਨੇ ਸਾਰੇ ਮੈਚ ਖੇਡਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਤੋਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ ਅਤੇ ਇਸ ਮੁਕਾਮ ਤੱਕ ਪਹੁੰਚ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।"
ਉਨ੍ਹਾਂ ਕਿਹਾ, "ਮੈਂ ਇਹ ਕਾਮਯਾਬੀ ਆਪਣੀ ਟੀਮ ਦੇ ਸਾਥੀਆਂ ਨੂੰ ਸਮਰਪਿਤ ਕਰਦਾ ਹਾਂ ਅਤੇ ਆਪਣੇ ਕਰੀਅਰ ਦੇ ਹਰ ਕਦਮ 'ਤੇ ਸਾਥ ਦੇਣ ਲਈ ਹਾਕੀ ਇੰਡੀਆ ਦਾ ਧੰਨਵਾਦ ਕਰਦਾ ਹਾਂ। ਮੇਰੇ ਨਾਲ ਮੈਦਾਨ 'ਤੇ ਖੇਡਣ ਵਾਲੇ ਹਰ ਖਿਡਾਰੀ ਨੇ ਇਸ ਸਫ਼ਰ ਵਿੱਚ ਯੋਗਦਾਨ ਪਾਇਆ ਹੈ। ਮੇਰੇ ਕਰੀਅਰ ਦੇ ਉਤਾਰ-ਚੜ੍ਹਾਵਾਂ ਦੌਰਾਨ, ਮੇਰੀ ਟੀਮ ਦੇ ਸਾਥੀ ਮੇਰੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਨੇ ਮੇਰਾ ਸਾਥ ਦਿੱਤਾ। ਮੈਂ ਇਹ ਉਪਲੱਬਧੀ ਆਪਣੇ ਪਰਿਵਾਰ ਨੂੰ ਵੀ ਸਮਰਪਿਤ ਕਰਨਾ ਚਾਹੁੰਦਾ ਹਾਂ, ਖ਼ਾਸ ਕਰਕੇ ਆਪਣੀ ਮਾਂ, ਭਰਾਵਾਂ, ਪਤਨੀ ਅਤੇ ਬੱਚਿਆਂ ਨੂੰ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਬਿਨਾਂ ਕਿਸੇ ਸ਼ਰਤ ਮੇਰਾ ਸਾਥ ਦਿੱਤਾ ਹੈ।"
ਅੱਗੇ ਵਧਣ ਦੀ ਪ੍ਰੇਰਣਾ ਬਾਰੇ ਗੱਲ ਕਰਦਿਆਂ ਮਨਪ੍ਰੀਤ ਨੇ ਕਿਹਾ, "ਮੈਨੂੰ ਇਸ ਗੱਲ ਤੋਂ ਪ੍ਰੇਰਣਾ ਮਿਲਦੀ ਹੈ ਕਿ ਮੇਰਾ ਹਮੇਸ਼ਾ ਤੋਂ ਸੁਪਨਾ ਰਿਹਾ ਹੈ ਕਿ ਮੈਂ ਭਾਰਤ ਲਈ ਖੇਡਾਂ ਅਤੇ ਦੇਸ਼ ਲਈ ਤਗਮੇ ਜਿੱਤਾਂ। ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਮੈਂ ਟੀਮ ਨਾਲ ਲਗਾਤਾਰ ਓਲੰਪਿਕ ਤਗਮੇ ਜਿੱਤੇ ਹਨ। ਵਿਸ਼ਵ ਕੱਪ ਅਤੇ ਓਲੰਪਿਕ ਸੋਨ ਤਗਮਾ ਜਿੱਤਣ ਦਾ ਸੁਪਨਾ ਮੈਨੂੰ ਹਰ ਦਿਨ ਪ੍ਰੇਰਿਤ ਕਰਦਾ ਹੈ। ਮੇਰੇ ਬੱਚੇ ਵੀ ਮੈਨੂੰ ਬਹੁਤ ਪ੍ਰੇਰਿਤ ਕਰਦੇ ਹਨ। ਪਰਿਵਾਰ ਅਤੇ ਟੀਮ ਸਾਥੀਆਂ ਦਾ ਸਾਥ ਮੈਨੂੰ ਮੈਦਾਨ 'ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਣ ਦੀ ਊਰਜਾ ਦਿੰਦਾ ਹੈ।"
ਹਾਕੀ ਇੰਡੀਆ ਦੇ ਪ੍ਰਧਾਨ ਡਾਕਟਰ ਦਿਲੀਪ ਤਿਰਕੀ ਨੇ ਕਿਹਾ 'ਦੁਰਲੱਭ ਉਪਲੱਭਧੀ'

ਮਨਪ੍ਰੀਤ ਨੂੰ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਹਾਕੀ ਇੰਡੀਆ ਦੇ ਪ੍ਰਧਾਨ ਡਾਕਟਰ ਦਿਲੀਪ ਤਿਰਕੀ ਨੇ ਕਿਹਾ, "ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਬਣਨਾ ਸੱਚਮੁੱਚ ਇੱਕ ਅਸਾਧਾਰਣ ਉਪਲੱਭਧੀ ਹੈ। ਇਹ ਮਨਪ੍ਰੀਤ ਦੇ ਖੇਡ ਪ੍ਰਤੀ ਬੇਮਿਸਾਲ ਸਮਰਪਣ, ਨਿਰੰਤਰਤਾ ਅਤੇ ਜਨੂੰਨ ਨੂੰ ਦਰਸਾਉਂਦਾ ਹੈ। ਇੰਨੇ ਸਾਲਾਂ ਤੱਕ ਦੇਸ਼ ਦੀ ਸਭ ਤੋਂ ਉੱਚੇ ਪੱਧਰ 'ਤੇ ਨੁਮਾਇੰਦਗੀ ਕਰਨਾ ਅਤੇ ਇੰਨਾ ਸ਼ਾਨਦਾਰ ਮਿਆਰ ਕਾਇਮ ਰੱਖਣਾ ਇੱਕ ਦੁਰਲੱਭ ਉਪਲੱਭਧੀ ਹੈ।"
ਉਨ੍ਹਾਂ ਅੱਗੇ ਕਿਹਾ, "ਹਾਲੀਆ ਸਮੇਂ ਵਿੱਚ ਟੀਮ ਦੀਆਂ ਕਈ ਵੱਡੀਆਂ ਜਿੱਤਾਂ ਵਿੱਚ ਮਨਪ੍ਰੀਤ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਟੋਕੀਓ ਵਿੱਚ ਕਾਂਸੀ ਦੇ ਤਗਮੇ ਨਾਲ ਓਲੰਪਿਕ ਪੋਡਿਅਮ 'ਤੇ ਭਾਰਤ ਦੀ ਇਤਿਹਾਸਕ ਵਾਪਸੀ ਵੀ ਸ਼ਾਮਲ ਹੈ। ਰਿਕਾਰਡਾਂ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਮੁਕਾਮ ਉਸ ਖਿਡਾਰੀ ਨੇ ਹਾਸਿਲ ਕੀਤਾ ਹੈ ਜਿਸ ਨੇ ਭਾਰਤੀ ਹਾਕੀ ਨੂੰ ਇੰਨਾ ਕੁਝ ਦਿੱਤਾ ਹੈ। ਹਾਕੀ ਇੰਡੀਆ ਵੱਲੋਂ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਭਾਰਤੀ ਜਰਸੀ ਵਿੱਚ ਉਨ੍ਹਾਂ ਦੇ ਹੋਰ ਵੀ ਯਾਦਗਾਰ ਪਲਾਂ ਦੀ ਕਾਮਨਾ ਕਰਦਾ ਹਾਂ।"
ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਵੀ ਮਨਪ੍ਰੀਤ ਦੀ ਸ਼ਲਾਘਾ ਕੀਤੀ ਅਤੇ ਕਿਹਾ, "ਮਨਪ੍ਰੀਤ ਸਿੰਘ ਦਾ ਸਫ਼ਰ ਵਚਨਬੱਧਤਾ, ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਮਿਸਾਲ ਹੈ। ਭਾਰਤ ਦਾ ਸਭ ਤੋਂ ਵੱਧ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣਨਾ, ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਸਬੂਤ ਹੈ, ਜੋ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਦਿਖਾਇਆ ਹੈ। ਇੰਨੇ ਸਾਲਾਂ ਵਿੱਚ, ਉਨ੍ਹਾਂ ਨੇ ਵਿਸ਼ਵ ਮੰਚ 'ਤੇ ਕੁਝ ਸਭ ਤੋਂ ਵੱਡੇ ਟੂਰਨਾਮੈਂਟਾਂ ਵਿੱਚ ਟੀਮ ਲਈ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਖੇਡ ਅਤੇ ਲੀਡਰਸ਼ਿਪ ਨਾਲ ਸਾਡੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ।"
"ਇਹ ਮੁਕਾਮ ਨਾ ਸਿਰਫ਼ ਮਨਪ੍ਰੀਤ ਲਈ ਇੱਕ ਨਿੱਜੀ ਉਪਲੱਭਧੀ ਹੈ, ਸਗੋਂ ਭਾਰਤੀ ਹਾਕੀ ਲਈ ਵੀ ਮਾਣ ਵਾਲਾ ਪਲ ਹੈ। ਅਸੀਂ ਉਨ੍ਹਾਂ ਨੂੰ ਇਸ ਇਤਿਹਾਸਕ ਉਪਲੱਭਧੀ ਲਈ ਵਧਾਈ ਦਿੰਦੇ ਹਾਂ ਅਤੇ ਭਵਿੱਖ ਵਿੱਚ ਉਨ੍ਹਾਂ ਦੀ ਹੋਰ ਸਫਲਤਾ ਦੀ ਕਾਮਨਾ ਕਰਦੇ ਹਾਂ।"
ਭਾਰਤੀ ਹਾਕੀ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਇ ਕਰਦਿਆਂ ਮਨਪ੍ਰੀਤ ਸਿੰਘ ਨੂੰ ਉਨ੍ਹਾਂ ਦਾ 413ਵਾਂ ਮੈਚ ਖੇਡਣ ਤੋਂ ਪਹਿਲਾਂ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਸਨ।
ਬਚਪਨ ਤੋਂ ਹਾਕੀ ਨਾਲ ਜੁੜੇ

ਤਸਵੀਰ ਸਰੋਤ, Manpreet singh/Twitter
ਪੰਜਾਬ ਦੇ ਮਿੱਠਾਪੁਰ ਤੋਂ ਮਨਪ੍ਰੀਤ ਸਿੰਘ ਬਚਪਨ ਤੋਂ ਹਾਕੀ ਖੇਡ ਰਹੇ ਹਨ ਅਤੇ ਇਸ ਦਾ ਸ਼ੌਕ ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਤੋਂ ਪਿਆ ਜੋ ਆਪ ਜ਼ਿਲ੍ਹਾ ਪੱਧਰ ਦੇ ਖਿਡਾਰੀ ਰਹੇ ਹਨ।
ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੂੰ ਕੁਝ ਸਾਲ ਪਹਿਲਾਂ ਮਨਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਬਚਪਨ ਵਿੱਚ ਉਹ ਘਰ ਦੇ ਕੋਲ ਮਿੱਠਾਪੁਰ ਵਿਖੇ ਅਭਿਆਸ ਕਰਿਆ ਕਰਦੇ ਸਨ ਅਤੇ ਬਚਪਨ ਵਿੱਚ ਉਹ ਪਰਗਟ ਸਿੰਘ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ।
ਮਨਪ੍ਰੀਤ ਦੇ ਨੈਣ ਨਕਸ਼ ਕਰਕੇ ਕਈ ਵਾਰ ਨਾਲ ਦੇ ਖਿਡਾਰੀ ਇਨ੍ਹਾਂ ਨੂੰ 'ਕੋਰੀਅਨ' ਦੇ ਨਾਮ ਨਾਲ ਬੁਲਾਉਂਦੇ ਹਨ।
ਉਨ੍ਹਾਂ ਦੇ ਪਤਨੀ ਮਲੇਸ਼ੀਆ ਤੋਂ ਹਨ।
ਆਪਣੇ ਪਰਿਵਾਰ ਵਿੱਚ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਮਨਪ੍ਰੀਤ ਦੇ ਪਿਤਾ ਦੁਬਈ ਰਹਿੰਦੇ ਸਨ ਅਤੇ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਹਨ।
ਉਨ੍ਹਾਂ ਦੇ ਪਾਲਣ ਪੋਸ਼ਣ ਵਿੱਚ ਉਨ੍ਹਾਂ ਦੀ ਮਾਤਾ ਨੇ ਅਹਿਮ ਭੂਮਿਕਾ ਨਿਭਾਈ ਹੈ।
ਜਦੋਂ ਪਰਗਟ ਸਿੰਘ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ?

ਤਸਵੀਰ ਸਰੋਤ, Reuters
ਇੱਕ ਵਾਰ ਬਚਪਨ ਵਿੱਚ ਤਾਂ ਪਰਗਟ ਸਿੰਘ ਉਨ੍ਹਾਂ ਨੂੰ ਮਿਲੇ ਤਾਂ ਮਨਪ੍ਰੀਤ ਨੇ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਜਿਸ ਦੇ ਜਵਾਬ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਉਹ ਹਾਕੀ ਖੇਡਦੇ ਹਨ ਅਤੇ ਪੰਜਾਬ ਪੁਲਿਸ ਵਿੱਚ ਡੀਐੱਸਪੀ ਹਨ।
ਮਨਪ੍ਰੀਤ ਨੇ ਵੀ ਅੱਗੋਂ ਕਿਹਾ ਕਿ ਉਹ ਵੀ ਹਾਕੀ ਖੇਡਣਗੇ ਅਤੇ ਪੰਜਾਬ ਪੁਲਿਸ ਵਿੱਚ ਐਸਪੀ ਬਣਨਗੇ। ਉਨ੍ਹਾਂ ਦੀਆਂ ਦੋਵੇਂ ਗੱਲਾਂ ਪੂਰੀਆਂ ਹੋ ਗਈਆਂ ਹਨ, ਉਹ ਭਾਰਤੀ ਹੱਕੀ ਟੀਮ ਦਾ ਅਹਿਮ ਚਿਹਰਾ ਹਨ ਅਤੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਵੀ ਨਿਭਾ ਰਹੇ ਹਨ।
ਸਾਲ 2022 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਜਦੋਂ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੇ ਮੁੜ ਤੋਂ ਕਪਤਾਨ ਚੁਣੇ ਗਏ ਸਨ ਤਾਂ ਖੇਡ ਪੱਤਰਕਾਰ ਸੌਰਭ ਦੁੱਗਲ ਨੇ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਮਿੱਠਾਪੁਰ ਦੇ ਦੂਸਰੇ ਅਜਿਹੇ ਖਿਡਾਰੀ ਹਨ ਜੋ ਹਾਕੀ ਟੀਮ ਦੇ ਕਪਤਾਨ ਵੀ ਰਹੇ ਹਨ।















