ਚੰਦਰਯਾਨ-3: ਵਿਕਰਮ ਲੈਂਡਰ ਦੀ ਚੰਨ 'ਤੇ ਮੁੜ ਤੋਂ ਕਿਉਂ ਕਰਵਾਈ ਗਈ ਸਾਫ਼ਟ ਲੈਂਡਿੰਗ, ਇਸਰੋ ਦੇ ਦੱਸਿਆ ਕਾਰਨ

ਚੰਦਰਯਾਨ-3
ਪ੍ਰਕਾਸ਼ਿਤ

ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਇੱਕ ਵਾਰ ਫਿਰ ਤੋਂ ਚੰਨ ਦੀ ਸਤ੍ਹਾ 'ਤੇ ਸਾਫ਼ਟ ਲੈਂਡਿੰਗ ਕਰਵਾਈ ਗਈ ਹੈ। ਇਸਰੋ ਨੇ ਆਪਣੇ ਐਕਸ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

ਇਸਰੋ ਨੇ ਲਿਖਿਆ, ''ਵਿਕਰਮ ਲੈਂਡਰ ਨੇ ਆਪਣੇ ਟੀਚੇ ਪੂਰੇ ਕਰ ਲਏ ਹਨ। ਇਸ ਦਾ 'ਹੌਪ ਪ੍ਰਯੋਗ' ਵੀ ਸਫ਼ਲ ਰਿਹਾ।''

ਇਸਰੋ ਨੇ ਦੱਸਿਆ ਕਿ ਹੌਪ ਪ੍ਰਯੋਗ ਭਾਵ ਹਵਾ 'ਚ ਉਛਲਣ ਦੇ ਇਸ ਪ੍ਰਯੋਗ ਤਹਿਤ ਵਿਕਰਮ ਲੈਂਡਰ ਦੇ ਇੰਜਣ ਨੂੰ ਮੁੜ ਸ਼ੁਰੂ ਕੀਤਾ ਗਿਆ ਅਤੇ ਲਗਭਗ 40 ਸੈਂਟੀਮੀਟਰ ਤੱਕ ਹਵਾ 'ਚ ਉਛਾਲਿਆ ਗਿਆ।

ਇਸ ਮਗਰੋਂ ਵਿਕਰਮ ਲੈਂਡਰ ਨੂੰ ਮੁੜ ਤੋਂ 30-40 ਸੈਂਟੀਮੀਟਰ ਦੀ ਦੂਰੀ 'ਤੇ ਸਾਫ਼ਟ ਲੈਂਡ ਕਰਵਾਇਆ ਗਿਆ।

ਦੂਜੀ ਵਾਰ ਦੀ ਇਹ ਲੈਂਡਿੰਗ ਵੀ ਬਿਲਕੁਲ ਸਫ਼ਲ ਰਹੀ ਅਤੇ ਵਿਕਰਮ ਲੈਂਡਰ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।

ਇਸਰੋ ਮੁਤਾਬਕ, ਇਹ ਕਿਕ ਸਟਾਰਟ ਭਵਿੱਖ ਵਿੱਚ ਮਨੁੱਖੀ ਮਿਸ਼ਨ ਅਤੇ ਵਾਪਸੀ ਲਈ ਅਹਿਮ ਹੈ।

ਚੰਨ

ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਲੰਘੀ 23 ਅਗਸਤ ਨੂੰ ਚੰਨ ਦੇ ਦੱਖਣੀ ਧਰੁਵ 'ਤੇ ਸਫ਼ਲ ਲੈਂਡਿੰਗ ਕਰ ਲਈ ਸੀ ਅਤੇ ਉਸ ਤੋਂ ਬਾਅਦ ਪ੍ਰਗਿਆਨ ਰੋਵਰ ਨੇ ਚੰਨ ਤੋਂ ਅਹਿਮ ਜਾਣਕਾਰੀਆਂ ਭੇਜੀਆਂ ਹਨ।

ਹੁਣ ਚੰਦਰਮਾ 'ਤੇ ਰਾਤ ਹੋਣ ਵਾਲੀ ਹੈ ਅਤੇ ਇਸ ਕਾਰਨ ਚੰਦਰਯਾਨ-3 ਦੇ ਰੋਵਰ ਨੂੰ ਸਲੀਪ ਮੋਡ 'ਤੇ ਪਾ ਦਿੱਤਾ ਗਿਆ ਹੈ।

ਭਾਰਤੀ ਪੁਲਾੜ ਖੋਜ ਏਜੰਸੀ (ਇਸਰੋ) ਨੇ ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਆਪਣੇ ਅਧਿਕਾਰਿਤ ਐਕਸ ਅਕਾਊਂਟ 'ਤੇ ਲਿਖਿਆ, ''ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ।''

''ਹੁਣ ਉਸ ਨੂੰ ਸੁਰੱਖਿਅਤ ਢੰਗ ਨਾਲ ਪਾਰਕ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਸਲੀਪ ਮੋਡ 'ਚ ਸੈੱਟ ਕਰ ਦਿੱਤਾ ਗਿਆ ਹੈ।''

ਇਸ ਵਿੱਚ ਦੱਸਿਆ ਗਿਆ ਹੈ ਕਿ ਲੈਂਡਰ ਦੀ ਮਦਦ ਨਾਲ ਧਰਤੀ 'ਤੇ ਡੇਟਾ ਭੇਜਣ ਵਾਲੇ ਉਪਕਰਣਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਚੰਦਰਯਾਨ-3

ਹੁਣ ਅੱਗੇ ਕੀ?

ਇਸਰੋ ਨੇ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਇਸ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ।

ਐਕਸ 'ਤੇ ਦਿੱਤੀ ਜਾਣਕਾਰੀ ਮੁਤਾਬਕ, ''ਸੋਲਰ ਪੈਨਲ ਨੂੰ ਇਸ ਤਰ੍ਹਾਂ ਝੁਕਾ ਦਿੱਤਾ ਗਿਆ ਹੈ ਕਿ ਜਦੋਂ 22 ਸਤੰਬਰ ਨੂੰ ਸੂਰਜ ਉੱਗੇਗਾ ਤਾਂ ਉਸ ਦੀ ਰੌਸ਼ਨੀ ਸਿੱਧਾ ਪੈਨਲ 'ਤੇ ਪਵੇਗੀ। ਰਿਸੀਵਰ ਨੂੰ ਵੀ ਆਨ ਰੱਖਿਆ ਗਿਆ ਹੈ।''

ਇਸਰੋ ਨੇ ਉਮੀਦ ਪ੍ਰਗਟਾਈ ਹੈ ਕਿ ਜਾਗਣ ਮਗਰੋਂ ਇਹ ਮੁੜ ਕੰਮ 'ਤੇ ਲੱਗ ਸਕਦਾ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸਦਾ ਲਈ ਚੰਨ 'ਤੇ ਭਾਰਤ ਦਾ ਅੰਬੈਸਡਰ ਬਣ ਕੇ ਰਹੇਗਾ।

ਪ੍ਰਗਿਆਨ ਰੋਵਰ

ਚੰਨ 'ਤੇ ਸਫਲ ਲੈਂਡਿੰਗ ਤੋਂ ਬਾਅਦ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਨੇ ਧਰਤੀ 'ਤੇ ਹੁਣ ਤੱਕ ਕੀ-ਕੀ ਜਾਣਕਾਰੀ ਭੇਜੀ ਹੈ, ਆਓ ਇੱਕ ਨਜ਼ਰ ਕਰਦੇ ਹਾਂ...

ਚੰਗਾ ਕੰਮ ਕਰ ਰਿਹਾ ਪ੍ਰਗਿਆਨ ਰੋਵਰ

ਚੰਦਰਯਾਨ-3
ਤਸਵੀਰ ਕੈਪਸ਼ਨ, ਚੰਨ 'ਤੇ ਪ੍ਰਗਿਆਨ ਰੋਵਰ ਦੀ ਯਾਤਰਾ ਦਾ ਨਕਸ਼ਾ

ਚੰਦਰਮਾ ਦੀ ਸਤ੍ਹਾ 'ਤੇ ਉਤਰੇ ਭਾਰਤ ਦੇ ਚੰਦਰਯਾਨ-3 ਨਾਲ ਜੁੜੀਆਂ ਨਵੀਆਂ-ਨਵੀਆਂ ਜਾਣਕਾਰੀਆਂ ਲਗਾਤਾਰ ਸਾਹਮਣੇ ਆਈਆਂ ਹਨ।

ਇਸਰੋ ਨੇ ਲੰਘੇ ਵੀਰਵਾਰ ਨੂੰ ਚੰਦਰਮਾ ਦੇ ਦੱਖਣੀ ਧੁਰੇ ਨੇੜੇ ਪਹੁੰਚੇ ਪ੍ਰਗਿਆਨ ਰੋਵਰ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ।

ਇਸ ਵੀਡੀਓ 'ਚ ਪ੍ਰਗਿਆਨ ਰੋਵਰ ਚੰਦਰਮਾ ਦੀ ਸਤਿਹ 'ਤੇ ਘੁੰਮਦੇ ਹੋਏ ਆਪਣੇ ਲਈ ਸੁਰੱਖਿਅਤ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।

ਇਸ ਤੋਂ ਪਹਿਲਾਂ ਇੱਕ ਖ਼ਬਰ ਆਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਪ੍ਰਗਿਆਨ ਰੋਵਰ ਨੇ ਕਿਵੇਂ ਚਾਰ ਮੀਟਰ ਚੌੜੇ ਟੋਏ ਵਿੱਚ ਜਾਣ ਤੋਂ ਖ਼ੁਦ ਨੂੰ ਰੋਕ ਲਿਆ ਸੀ।

ਪ੍ਰਗਿਆਨ ਨੇ ਇਸ ਟੋਏ ਨੂੰ ਤਿੰਨ ਮੀਟਰ ਦੀ ਦੂਰੀ ਤੋਂ ਹੀ ਮਹਿਸੂਸ ਕਰ ਲਿਆ ਸੀ। ਇਸ ਤੋਂ ਬਾਅਦ ਆਪਣਾ ਰਸਤਾ ਬਦਲਣਾ ਸ਼ੁਰੂ ਕਰ ਦਿੱਤਾ ਸੀ।

ਇਸਰੋ ਨੇ ਇਸ ਟੋਏ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਨੂੰ ਪ੍ਰਗਿਆਨ ਰੋਵਰ ਦੀ ਨੇਵੀਗੇਸ਼ਨਲ ਸਮਰੱਥਾ ਦੇ ਸ਼ਾਨਦਾਰ ਉਦਾਹਰਣ ਵਜੋਂ ਦੇਖਿਆ ਜਾ ਰਿਹਾ ਹੈ।

ਚੰਦਰਮਾ

ਸਲਫ਼ਰ, ਆਕਸੀਜਨ ਸਮੇਤ ਕਈ ਪਦਾਰਥਾਂ ਦੀ ਮੌਜੂਦਗੀ

ਇਸ ਤੋਂ ਪਹਿਲਾਂ 29 ਅਗਸਤ ਨੂੰ ਚੰਦਰਯਾਨ-3 ਦੇ ਰੋਵਰ ਨੇ ਚੰਨ ਬਾਰੇ ਕਈ ਹੋਰ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ।

ਇਸਰੋ ਮੁਤਾਬਕ, ਚੰਨ ਦੇ ਦੱਖਣੀ ਧਰੁਵ 'ਤੇ ਸਲਫ਼ਰ, ਆਕਸੀਜਨ ਸਮੇਤ ਕਈ ਪਦਾਰਥਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।

ਮੰਗਲਵਾਰ ਨੂੰ ਇਸਰੋ ਨੇ ਬਿਆਨ ਜਾਰੀ ਕਰਕੇ ਕਿਹਾ ਕਿ ''ਸ਼ੁਰੂਆਤੀ ਅਧਿਐਨ 'ਚ ਚੰਨ ਦੀ ਸਤ੍ਹਾ 'ਤੇ ਐਲੂਮੀਨੀਅਮ, ਸਲਫ਼ਰ, ਕੈਲਸ਼ੀਅਮ, ਆਇਰਨ, ਕ੍ਰੋਮੀਅਮ ਅਤੇ ਟਾਈਟੇਨੀਅਮ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।

ਇਸਰੋ ਨੇ ਅੱਗੇ ਕਿਹਾ ਕਿ ਜਾਂਚ ਵਿੱਚ ਉੱਥੇ ਮੈਗਜੀਨ, ਸਿਲੀਕਾਨ ਅਤੇ ਆਕਸੀਜਨ ਦੀ ਮੌਜੂਦਗੀ ਦੀ ਜਾਣਕਾਰੀ ਵੀ ਮਿਲੀ ਹੈ। ਜਦਕਿ ਹਾਈਡ੍ਰੋਜਨ ਦੀ ਮੌਜੂਦਗੀ ਬਾਰੇ ਜਾਂਚ ਅਜੇ ਜਾਰੀ ਹੈ।

ਇਸਰੋ

ਜਦੋਂ ਰੋਵਰ ਅੱਗੇ ਆਇਆ ਵੱਡਾ ਟੋਆ

ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਚੰਦਰਮਾ ਦੀ ਸਤ੍ਹਾ 'ਤੇ ਘੁੰਮਦੇ ਹੋਏ ਚੰਦਰਯਾਨ 3 ਦੇ ਰੋਵਰ ਪ੍ਰਗਿਆਨ ਦੇ ਸਾਹਮਣੇ ਇੱਕ ਵੱਡੀ ਮੁਸ਼ਕਲ ਆਉਣ ਵਾਲੀ ਸੀ, ਪਰ ਰੋਵਰ ਪ੍ਰਗਿਆਨ ਉਸ ਮੁਸੀਬਤ ਵਿੱਚ ਆਉਣ ਤੋਂ ਪਹਿਲਾਂ ਹੀ ਬਚ ਗਿਆ।

ਦਰਅਸਲ, ਰੋਵਰ ਪ੍ਰਗਿਆਨ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ 'ਤੇ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਇਸੇ ਦੌਰਾਨ 27 ਅਗਸਤ ਨੂੰ ਪੈਦਲ ਜਾਣ ਵੇਲੇ ਸਮੇਂ ਉਸ ਦੇ ਸਾਹਮਣੇ ਇਕ ਵੱਡਾ ਟੋਆ ਆ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਟੋਏ ਵੱਲ ਜਾਣ ਦੀ ਬਜਾਏ ਆਪਣਾ ਰਸਤਾ ਬਦਲ ਲਿਆ।

ਇਸਰੋ ਨੇ ਉਸ ਟੋਏ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਹ ਤਸਵੀਰਾਂ ਨੇਵੀਗੇਸ਼ਨ ਕੈਮਰੇ ਤੋਂ ਲਈਆਂ ਗਈਆਂ ਹਨ। ਚੰਦਰਮਾ 'ਤੇ ਇਹ ਟੋਆ 4 ਮੀਟਰ ਦੇ ਵਿਆਸ ਦਾ ਸੀ। ਜਿਸ ਨੂੰ ਰੋਵਰ ਪ੍ਰਗਿਆਨ ਨੇ ਕਰੀਬ 3 ਮੀਟਰ ਦੀ ਦੂਰੀ ਤੋਂ ਮਹਿਸੂਸ ਕੀਤਾ ਅਤੇ ਆਪਣਾ ਰਸਤਾ ਬਦਲ ਲਿਆ।

ਇਸਰੋ ਨੇ ਇਕ ਹੋਰ ਤਸਵੀਰ ਜਾਰੀ ਕੀਤੀ ਹੈ, ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਘੁੰਮਦੇ ਰੋਵਰ ਦਾ ਰਸਤਾ ਨਜ਼ਰ ਆ ਰਿਹਾ ਅਤੇ ਉਸ ਦੇ ਪਹੀਆਂ ਨਾਲ ਬਣੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ।

ਚੰਦਰਮਾ

ਚੰਦਰਮਾ ਦੀ ਸਤ੍ਹਾ 'ਤੇ ਰੋਵਰ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਸਾਹਮਣੇ ਆਉਣ ਵਾਲੇ ਟੋਇਆਂ ਦਾ ਪਤਾ ਕਿਵੇਂ ਲਗਾਉਂਦਾ ਹੈ।

ਇਸ ਬਾਰੇ ਪੁਲਾੜ, ਰੋਬੋਟਿਕਸ ਅਤੇ ਏਆਈ ਦੇ ਮਾਹਰ ਪ੍ਰੋਫੈਸਰ ਆਕਾਸ਼ ਸਿਨਹਾ ਨੇ ਵਿਸਥਾਰ ਵਿੱਚ ਦੱਸਿਆ।

ਉਨ੍ਹਾਂ ਨੇ ਦੱਸਿਆ, "ਚੰਨ 'ਤੇ ਰੋਵਰ ਇੱਕ ਬਿਨਾਂ ਡਰਾਈਵਰ ਵਾਲੀ ਕਾਰ ਵਾਂਗ ਹੈ। ਉਸ ਨੇ ਆਪਣੇ-ਅੱਗੇ ਵਧਣਾ ਹੈ, ਆਪਣੇ-ਆਪ ਫ਼ੈਸਲਾ ਲੈਣਾ ਹੈ ਕਿ ਅੱਗੇ ਕੋਈ ਟੋਇਆ ਤਾਂ ਨਹੀਂ ਹੈ, ਕੋਈ ਪੱਥਰ ਤਾਂ ਨਹੀਂ ਹੈ।"

"ਕੀ ਮੈਂ ਉਸ ਨੂੰ ਪਾਰ ਕਰ ਸਕਦਾ ਹਾਂ ਜਾਂ ਨਹੀਂ ਕਰ ਸਕਦਾ ਅਤੇ ਇਸ ਲਈ ਅਸੀਂ ਉਸ ਵਿੱਚ ਦੋ ਸਮਾਰਟ ਕੈਮਰੇ ਲਗਾਏ ਹਨ। ਇਨ੍ਹਾਂ ਕੈਮਰਿਆਂ ਰਾਹੀਂ ਰੋਵਰ ਆਪਣਾ ਇੱਕ ਥ੍ਰੀ-ਡੀ ਮਾਡਲ ਬਣਾ ਲੈਂਦਾ ਹੈ ਅਤੇ ਉਸ ਦੀ ਮਦਦ ਨਾਲ ਹੀ ਚੱਲਦਾ ਹੈ।"

ਇਸ ਤੋਂ ਪਹਿਲਾਂ ਇਹ ਜਾਣਕਾਰੀ ਮਿਲੀ ਸੀ

ਚੰਦਰਯਾਨ 3

ਚੰਦਰਮਾ ਦੀ ਵੱਖ-ਵੱਖ ਡੂੰਘਾਈ 'ਤੇ ਦਰਜ ਤਾਪਮਾਨ 'ਚ ਅੰਤਰ

ਚੰਦਰਯਾਨ-3 ਦੇ ਵਿਕਰਮ ਲੈਂਡਰ 'ਤੇ ਮਾਊਂਟ ਕੀਤੇ ਚੇਸਟ ( ChaSTE) ਪੇਲੋਡ ਨੇ ਆਪਣਾ ਪਹਿਲਾ ਨਿਰੀਖਣ ਭੇਜਿਆ ਹੈ।

ਇਨ੍ਹਾਂ ਨਿਰੀਖਣਾਂ ਨੂੰ ਸਾਂਝਾ ਕਰਦੇ ਹੋਏ, ਇਸਰੋ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਟਵੀਟ ਕੀਤਾ ਹੈ।

ਟਵੀਟ ਵਿੱਚ ਇਸਰੋ ਨੇ ਦੱਸਿਆ ਕਿ ChaSTE (ਚੰਦਰਮਾ ਦੀ ਸਤ੍ਹਾ ਦੇ ਤਾਪਮਾਨ ਨੂੰ ਮਾਪਣ ਲਈ ਪ੍ਰਯੋਗ) ਧਰੁਵ ਦੇ ਆਲੇ ਦੁਆਲੇ ਚੰਦਰਮਾ ਦੀ ਉਪਰਲੀ ਮਿੱਟੀ ਦੇ ਤਾਪਮਾਨ ਨੂੰ ਮਾਪਦਾ ਹੈ। ਜਿਸ ਦੀ ਮਦਦ ਨਾਲ ਚੰਦਰਮਾ ਦੀ ਸਤ੍ਹਾ ਦੇ ਥਰਮਲ ਵਿਹਾਰ ਨੂੰ ਸਮਝਣ ਵਿਚ ਮਦਦ ਮਿਲਦੀ ਹੈ।

ਇਸਰੋ ਨੇ ਦੱਸਿਆ ਕਿ ChaSTE ਕੋਲ ਤਾਪਮਾਨ ਪ੍ਰੋਬ ਹੈ, ਜੋ ਨਿਯੰਤਰਿਤ ਐਂਟਰੀ ਪ੍ਰਣਾਲੀ ਦੀ ਮਦਦ ਨਾਲ ਸਤ੍ਹਾ ਵਿੱਚ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚ ਸਕਦੀ ਹੈ। ਇਸ ਪ੍ਰੋਬ ਵਿੱਚ 10 ਵੱਖ-ਵੱਖ ਤਾਪਮਾਨ ਸੈਂਸਰ ਹਨ।

ਇਨ੍ਹਾਂ ਸੈਂਸਰਾਂ ਨੇ ਚੰਦਰਮਾ ਦੀ ਵੱਖ-ਵੱਖ ਡੂੰਘਾਈ 'ਤੇ ਦਰਜ ਤਾਪਮਾਨ 'ਚ ਅੰਤਰ ਦਾ ਪਤਾ ਲਗਾਇਆ ਹੈ।

ਇਸਰੋ ਨੇ ਇਨ੍ਹਾਂ ਨਿਰੀਖਣਾਂ 'ਤੇ ਆਧਾਰਿਤ ਗ੍ਰਾਫ ਵੀ ਸਾਂਝਾ ਕੀਤਾ ਹੈ, ਜੋ ਚੰਦਰਮਾ ਦੇ ਦੱਖਣੀ ਧਰੁਵ 'ਤੇ ਕੀਤਾ ਗਿਆ ਪਹਿਲਾ ਨਿਰੀਖਣ ਹੈ।

ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ। ਇਸਰੋ ਨੇ ਕਿਹਾ ਕਿ ਅੰਕੜਿਆਂ ਦਾ ਵਿਸਤ੍ਰਿਤ ਅਧਿਐਨ ਕੀਤਾ ਜਾ ਰਿਹਾ ਹੈ।

ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਆਪਣੀ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਸੀ। ਧਰਤੀ ਤੋਂ ਪੁਲਾੜ ਤੱਕ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ, 23 ਅਗਸਤ ਨੂੰ ਸ਼ਾਮ 6.04 ਵਜੇ ਇਸ ਦੇ ਦੱਖਣੀ ਧਰੁਵ 'ਤੇ ਚੰਦਰਮਾ ਤੱਕ ਦਾ ਆਪਣੀ ਸਫ਼ਰ ਪੂਰਾ ਕਰ ਲਿਆ ਹੈ।

ChaSTE

ਸ਼ਿਵ ਸ਼ਕਤੀ ਨਾਂ ਉੱਤੇ ਕੋਈ ਇਤਰਾਜ਼ ਨਹੀਂ – ਇਸਰੋ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਮੁਖੀ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਦੇ ਟੱਚਡਾਉਨ ਪੁਆਇੰਟ ਨੂੰ 'ਸ਼ਿਵ ਸ਼ਕਤੀ' ਦਾ ਨਾਮ ਦੇਣ 'ਤੇ ਕੋਈ ਵਿਵਾਦ ਨਹੀਂ ਹੈ।

ਸੋਮਨਾਥ ਨੇ ਕਿਹਾ, ''ਪ੍ਰਧਾਨ ਮੰਤਰੀ ਨੇ ਸਾਨੂੰ ਇਸ ਦਾ ਮਤਲਬ ਦੱਸਿਆ ਹੈ ਅਤੇ ਇਹ ਸਹੀ ਹੈ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਅਤੇ ਉਨ੍ਹਾਂ ਅਗਲਾ ਨਾਮ ਵੀ 'ਤਿਰੰਗਾ' ਰੱਖਿਆ ਅਤੇ ਦੋਵੇਂ ਭਾਰਤੀ ਨਾਮ ਹਨ। ਦੇਖੋ, ਅਸੀਂ ਜੋ ਕਰ ਰਹੇ ਹਾਂ, ਉਸ ਦੀ ਕੋਈ ਅਹਿਮੀਅਤ ਹੋਣੀ ਚਾਹੀਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਨਾਮਕਰਨ ਕਰਨਾ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਬੈਂਗਲੁਰੂ ਦੀ ਆਪਣੀ ਫੇਰੀ ਦੌਰਾਨ ਚੰਦਰਯਾਨ-3 ਦੇ ਟੱਚਡਾਉਨ ਪੁਆਇੰਟ ਦਾ ਨਾਮ 'ਸ਼ਿਵ ਸ਼ਕਤੀ' ਰੱਖਿਆ। ਨਾਲ ਹੀ, ਜਿਸ ਜਗ੍ਹਾ 'ਤੇ ਚੰਦਰਯਾਨ-2 ਕਰੈਸ਼ ਹੋਇਆ, ਉਸ ਦਾ ਨਾਂ ਤਿਰੰਗਾ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਵਲੋਂ ਇਹ ਨਾਂ ਰੱਖਣ ਉੱਤੇ ਕੁਝ ਸਿਆਸੀ ਲੋਕਾਂ ਨੇ ਇਤਰਾਜ਼ ਵੀ ਕੀਤਾ ਸੀ।

ਇਸਰੋ ਮੁਖੀ
ਵੀਡੀਓ ਕੈਪਸ਼ਨ, ਚੰਦਰਯਾਨ-3 ਮਿਸ਼ਨ ਨਾਲ ਜੁੜੇ 5 ਅਹਿਮ ਸਵਾਲਾਂ ਦੇ ਜਵਾਬ

ਵਿਕਰਮ ਲੈਂਡਰ ਵਿੱਚ ਲੱਗੇ ਚਾਰ ਯੰਤਰ ਹਨ-

  • ਰੇਡੀਓ ਐਨਾਟੋਮੀ ਆਫ ਮੂਨ ਬਾਉਂਡ ਹਾਈਪਰਸੈਂਸਟਿਵ ਆਇਨੋਸਫੀਅਰ ਐਂਡ ਅਨਮੋਸਫਿਅਰ (ਰੰਭਾ-RAMBHA)
  • ਚੰਦਰਾਜ ਸਰਫੇਸ ਥਰਮੋ ਫਿਜ਼ੀਕਲ ਐਕਸਪੈਰੀਮੈਂਟ (CHASTE)
  • ਇੰਸਟਰੂਮੈਂਟ ਫਾਰ ਲੂਨਰ ਸਿਸਮਿਕ ਐਕਟੀਵਿਟੀ (ILSA)
  • ਲੇਜ਼ਰ ਰੀਟਰੋਫਲੈਕਟਰ ਐਰੇ (LRA)
  • ਰੰਭਾ ਚੰਦਰ ਆਇਨੋਸਫੀਅਰ ਅਤੇ ਵਾਯੂਮੰਡਲ ਦੀ ਘਣਤਾ ਅਤੇ ਤਾਪਮਾਨ ਨੂੰ ਮਾਪੇਗਾ।
ਚੰਦਰਯਾਨ 3

ਰੋਵਰ ਕਿਹੜੇ ਪ੍ਰਯੋਗ ਕਰੇਗਾ?

ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰੇਗਾ ਅਤੇ ਤਾਪਮਾਨ ਅਤੇ ਪਾਣੀ ਦੀ ਉਪਲੱਬਧਤਾ ਬਾਰੇ ਜਾਣਕਾਰੀ ਭੇਜੇਗਾ।

ਪ੍ਰਗਿਆਨ ਰੋਵਰ ਦੇ ਦੋ ਯੰਤਰ ਹਨ। ਉਹ ਹਨ:

  • ਲੇਜ਼ਰ-ਇਨਡਿਊਸਡ ਬਰੇਕਡਾਊਨ ਸਪੈਕਟਰੋਸਕੋਪ (LIBS)
  • ਅਲਫਾ ਪਾਰਟੀਕਲ ਐਕਸ-ਰੇ ਸਪੈਕਟਰੋਮੀਟਰ (APXS)
ISRO

ਚੰਦਰਯਾਨ-3 ਚੰਦਰਮਾ 'ਤੇ ਹੋਰ ਕਿਸ ਤਰ੍ਹਾਂ ਦੀ ਖੋਜ ਕਰੇਗਾ?

ਲੈਂਡਰ ਨੂੰ 70 ਡਿਗਰੀ ਅਕਸ਼ਾਂਸ਼ 'ਤੇ ਦੱਖਣੀ ਧਰੁਵ 'ਤੇ ਉਤਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਹਿੱਸੇ ਵਿੱਚ ਚੰਦਰਯਾਨ-3 ਆਪਣੀਆਂ ਖੋਜ ਗਤੀਵਿਧੀਆਂ ਨੂੰ ਸ਼ੁਰੂ ਕਰ ਦਿੱਤੀਆਂ ਹਨ।

ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ ਮੌਡਿਊਲ ਤੋਂ ਇਲਾਵਾ, ਔਰਬਿਟਰ ਵੀ ਅਧਿਐਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਹਾਲਾਂਕਿ ਲੈਂਡਰ ਅਤੇ ਰੋਵਰ ਖੋਜ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ, ਪਰ ਡੇਟਾ ਨੂੰ ਭੇਜਣ ਵਿੱਚ ਔਰਬਿਟਰ ਦੀ ਭੂਮਿਕਾ ਹੈ।

ਰੋਵਰ ਆਪਣੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਅਤੇ ਡੇਟਾ ਨੂੰ ਲੈਂਡਰ ਨੂੰ ਭੇਜ ਰਿਹਾ ਹੈ ਜੋ ਇਸ ਨੂੰ ਧਰਤੀ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਇੱਕ ਅੰਡਾਕਾਰ ਮਾਰਗ ਵਿੱਚ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰੋਪਲਸ਼ਨ ਮੌਡਿਊਲ ਪੁਲਾੜ ਵਿੱਚ ਐਕਸੋਪਲੈਨੇਟਸ (ਹੋਰ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿ) ਦਾ ਅਧਿਐਨ ਕਰੇਗਾ।

ਇਸਰੋ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਤਿੰਨ ਤੋਂ ਛੇ ਮਹੀਨਿਆਂ ਤੱਕ ਚੰਦਰਮਾ ਦੀ ਪਰਿਕਰਮਾ ਕਰੇਗਾ।

ਚੰਦਰਯਾਨ 3

ਚੰਦਰਯਾਨ-3 ਦੇ ਕੀ ਮੰਤਵ ਹਨ ?

ਚੰਦਰਮਾ ਦੀ ਸਤ੍ਹਾ ’ਤੇ ਪਹੁੰਚਣ ਤੋਂ ਬਾਅਦ, ਹੁਣ ਲੈਂਡਰ ਅਤੇ ਰੋਵਰ, ਇੱਕ ਚੰਦਰਮਾ ਦਿਨ (ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ) ਲਈ ਸਰਗਰਮ ਰਹਿਣਗੇ। ਇਸ ਦੇ ਤਿੰਨ ਮੁੱਖ ਉਦੇਸ਼ ਹਨ-

  • ਚੰਦਰਮਾ ਦੇ ਦੱਖਣੀ ਧੁਰੇ 'ਤੇ ਲੈਂਡਰ ਦੀ ਸੌਫਟ ਲੈਂਡਿੰਗ
  • ਚੰਦਰਮਾ ਦੀ ਸਤ੍ਹਾ 'ਤੇ ਕੀ ਜਾਣ ਵਾਲੀ ਰੇਜੋਲਿਥ 'ਤੇ ਲੈਂਡਰ ਨੂੰ ਉਤਾਰਨਾ ਅਤੇ ਘੁੰਮਣਾ
  • ਲੈਂਡਰ ਅਤੇ ਰੋਵਰ ਨਾਲ ਚੰਦਰਮਾ ਦੀ ਸਤ੍ਹਾ 'ਤੇ ਖੋਜ ਕਰਨਾ
ਬੀਬੀਸੀ

ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ

  • ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
  • ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
  • 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
  • 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
  • ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।
ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)