You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੀ ਫਤਹਿ-3 ਮਿਜ਼ਾਈਲ ਵਿੱਚ ਕੀ ਖ਼ਾਸ ਹੈ, ਜੋ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਨਾਲ ਕੀਤੀ ਜਾ ਰਹੀ ਹੈ
- ਲੇਖਕ, ਉਮੈਰ ਸਲੀਮੀ
- ਰੋਲ, ਬੀਬੀਸੀ ਉਰਦੂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪਾਕਿਸਤਾਨੀ ਫੌਜ ਨੇ ਹਾਲ ਹੀ ਵਿੱਚ ਫਤਹਿ-3 ਕ੍ਰੂਜ਼ ਮਿਜ਼ਾਈਲ ਤੋਂ ਪਰਦਾ ਹਟਾਇਆ ਹੈ, ਜਿਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਨਾਲ ਕੀਤੀ ਜਾ ਰਹੀ ਹੈ।
7 ਮਈ ਨੂੰ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਫੌਜੀ ਤਿਆਰੀਆਂ ਬਾਰੇ ਇੱਕ ਪ੍ਰਮੋਸ਼ਨਲ ਵੀਡੀਓ ਵਿੱਚ ਫਤਹਿ-3 ਕ੍ਰੂਜ਼ ਮਿਜ਼ਾਈਲ ਦੀ ਇੱਕ ਤਸਵੀਰ ਦਿਖਾਈ ਸੀ।
ਹਾਲਾਂਕਿ ਆਈਐੱਸਪੀਆਰ ਨੇ ਫਤਹਿ-3 ਕ੍ਰੂਜ਼ ਮਿਜ਼ਾਈਲ ਦੀਆਂ ਸਮਰੱਥਾਵਾਂ ਬਾਰੇ ਨਹੀਂ ਦੱਸਿਆ ਹੈ, ਪਰ ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਇੱਕ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਹੈ, ਜੋ ਧੁਨੀ ਦੀ ਗਤੀ ਨਾਲ ਤਿੰਨ ਤੋਂ ਚਾਰ ਗੁਣਾ ਤੇਜ਼ ਹੈ।
ਰੱਖਿਆ ਮਾਹਰਾਂ ਮੁਤਾਬਕ ਇਸ ਨੂੰ ਪਾਕਿਸਤਾਨ ਨੇ ਭਵਿੱਖ ਵਿੱਚ ਸਟੀਕ ਹਮਲਿਆਂ ਲਈ ਵਿਕਸਿਤ ਕੀਤਾ ਹੈ।
ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਨਜ਼ਰ ਮਾਰੋ ਤਾਂ ਕਈ ਟਿੱਪਣੀਕਾਰਾਂ ਨੇ ਇਸਦੀ ਤੁਲਨਾ ਬ੍ਰਹਮੋਸ ਮਿਜ਼ਾਈਲ ਨਾਲ ਕੀਤੀ ਹੈ।
ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਫਤਹਿ-3 ਅਤੇ ਬ੍ਰਹਮੋਸ ਵਿੱਚ ਕੀ ਸਮਾਨਤਾਵਾਂ ਹਨ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਦੇ ਸੰਦਰਭ ਵਿੱਚ ਉਹਨਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ।
ਫਤਹਿ-3 'ਸੁਪਰਸੋਨਿਕ' ਕ੍ਰੂਜ਼ ਮਿਜ਼ਾਈਲ ਵਿੱਚ ਕੀ ਖ਼ਾਸ ਗੱਲ ਹੈ?
ਟੋਰੰਟੋ ਅਧਾਰਿਤ ਰੱਖਿਆ ਖ਼ਬਰਾਂ ਅਤੇ ਵਿਸ਼ਲੇਸ਼ਣ ਗਰੁੱਪ 'ਕੁਵੱਤ' ਦੇ ਸੰਸਥਾਪਕ ਅਤੇ ਰੱਖਿਆ ਖੋਜਕਾਰ ਬਿਲਾਲ ਹੁਸੈਨ ਖ਼ਾਨ ਦਾ ਕਹਿਣਾ ਹੈ ਕਿ ਫਤਹਿ-3 ਬਾਰੇ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਫੌਜ ਆਪਣੀ ਖੁਦ ਦੀ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ 'ਤੇ ਕੰਮ ਕਰ ਰਹੀ ਹੈ।
ਫਤਹਿ ਸੀਰੀਜ਼ ਦੀਆਂ ਮਿਜ਼ਾਈਲਾਂ ਲੰਬੀ ਦੂਰੀ ਦੇ 'ਸਟੀਕ ਹਮਲਿਆਂ' ਲਈ ਵਰਤੇ ਜਾਣ ਵਾਲੇ ਰਵਾਇਤੀ ਹਥਿਆਰ ਹਨ, ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਘੱਟ ਉਚਾਈ 'ਤੇ ਹੀ ਰਹਿੰਦੀਆਂ ਹਨ।
ਇਨ੍ਹਾਂ ਵਿੱਚੋਂ ਫਤਹਿ-1 ਦੀ ਮਾਰਕ ਸਮਰੱਥਾ 140 ਕਿਲੋਮੀਟਰ ਹੈ, ਜਦਕਿ ਫਤਹਿ-2 ਦੀ ਮਾਰਕ ਸਮਰੱਥਾ 400 ਕਿਲੋਮੀਟਰ ਤੱਕ ਹੈ।
28 ਅਪ੍ਰੈਲ, 2026 ਨੂੰ ਜਾਰੀ ਇੱਕ ਬਿਆਨ ਵਿੱਚ ਪਾਕਿਸਤਾਨੀ ਫੌਜ ਨੇ ਕਿਹਾ ਕਿ ਦੇਸ਼ ਵਿੱਚ ਹੀ ਵਿਕਸਿਤ ਫਤਹਿ-2 ਮਿਜ਼ਾਈਲ ਦਾ ਸਫ਼ਲ ਲਾਂਚ ਕੀਤਾ ਗਿਆ ਹੈ।
ਬਿਲਾਲ ਹੁਸੈਨ ਦੱਸਦੇ ਹਨ ਕਿ ਹਾਲਾਂਕਿ 750 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਫਤਹਿ-4 ਨੂੰ ਜ਼ਮੀਨ ਤੋਂ ਲਾਂਚ ਕੀਤੀ ਜਾਣ ਵਾਲੀ ਕ੍ਰੂਜ਼ ਮਿਜ਼ਾਈਲ ਵਜੋਂ ਵੀ ਟੈਸਟ ਕੀਤਾ ਜਾ ਚੁੱਕਾ ਹੈ, ਪਰ ਫਤਹਿ-3 ਨੂੰ ਹੁਣ ਸਪਸ਼ਟ ਤੌਰ 'ਤੇ ਇੱਕ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਵਜੋਂ ਵਿਕਸਿਤ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਈਐੱਸਪੀਆਰ ਵੱਲੋਂ ਜਾਰੀ ਵੀਡੀਓ ਅਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਫਤਹਿ-3 ਮਿਜ਼ਾਈਲ ਇੱਕ ਖ਼ਾਸ 'ਰੈਮਜੈਟ ਇੰਜਣ' ਦੀ ਬਦੌਲਤ ਧੁਨੀ ਦੀ ਗਤੀ ਨਾਲੋਂ ਵੀ ਤੇਜ਼ ਹੈ। ਇਸੇ ਨਾਲ, ਤਸਵੀਰ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇਸ ਦਾ ਡਿਜ਼ਾਈਨ 'ਚੀਨ ਵਿੱਚ ਬਣੀ ਐੱਚਡੀ-1 ਮਿਜ਼ਾਈਲ ਵਰਗਾ' ਹੈ।
ਐੱਚਡੀ-1 ਇੱਕ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਹੈ, ਜਿਸਨੂੰ ਪਹਿਲੀ ਵਾਰ ਸਾਲ 2018 ਵਿੱਚ ਇੱਕ ਚੀਨੀ ਮਾਈਨਿੰਗ ਕੰਪਨੀ ਨੇ ਵਿਕਸਿਤ ਕੀਤਾ ਸੀ।
ਕੰਪਨੀ ਦੇ ਮੁਤਾਬਕ ਇਸਦੀ ਰਫ਼ਤਾਰ 2,716 ਤੋਂ 4,321 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਧੁਨੀ ਦੀ ਗਤੀ ਨਾਲੋਂ ਕਈ ਗੁਣਾ ਵੱਧ ਹੈ।
ਬਿਲਾਲ ਹੁਸੈਨ ਖ਼ਾਨ ਦਾ ਮੰਨਣਾ ਹੈ ਕਿ ਕਿਉਂਕਿ ਪਾਕਿਸਤਾਨ ਆਪਣੇ ਜ਼ਿਆਦਾਤਰ ਰੱਖਿਆ ਉਪਕਰਨ ਚੀਨ ਤੋਂ ਦਰਾਮਦ ਕਰਦਾ ਹੈ, ਇਸ ਲਈ ਇਹ ਸੰਭਵ ਹੈ ਕਿ ਪਾਕਿਸਤਾਨ ਨੇ ਐੱਚਡੀ-1 ਮਿਜ਼ਾਈਲ ਦਾ ਘਰੇਲੂ ਪੱਧਰ 'ਤੇ ਨਿਰਮਾਣ ਕਰਨ ਦਾ ਲਾਇਸੈਂਸ ਹਾਸਲ ਕਰ ਲਿਆ ਹੋਵੇ।
ਕੀ ਇਸਦੀ ਤੁਲਨਾ ਬ੍ਰਹਮੋਸ ਨਾਲ ਕੀਤੀ ਜਾ ਸਕਦੀ ਹੈ?
ਬਿਲਾਲ ਹੁਸੈਨ ਖ਼ਾਨ ਅੱਗੇ ਕਹਿੰਦੇ ਹਨ, "ਭਾਰਤੀ ਮਿਜ਼ਾਈਲ ਬ੍ਰਹਮੋਸ ਵੀ ਧੁਨੀ ਦੀ ਗਤੀ ਨਾਲੋਂ ਤੇਜ਼ ਯਾਤਰਾ ਕਰਨ ਲਈ ਰੈਮਜੈਟ ਇੰਜਨ ਦੀ ਵਰਤੋਂ ਕਰਦੀ ਹੈ ਅਤੇ ਨਿਸ਼ਾਨੇ ਨੂੰ ਟ੍ਰੈਕ ਕਰਨ ਲਈ ਇਸ ਵਿੱਚ ਕੁਝ ਨੇਵੀਗੇਸ਼ਨ ਸਿਸਟਮ ਵੀ ਹਨ।"
"ਬ੍ਰਹਮੋਸ ਦੀ ਤਰ੍ਹਾਂ, ਐੱਚਡੀ-1 ਨੂੰ ਜ਼ਮੀਨ ਅਤੇ ਹਵਾ ਦੋਵਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ।"
ਭਾਰਤੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਹਮੋਸ ਮਿਜ਼ਾਈਲ ਉਡਾਣ ਦੌਰਾਨ ਸੁਪਰਸੋਨਿਕ ਗਤੀ ਨਾਲ 290 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਵਿੱਚ ਸਮਰੱਥ ਹੈ, ਜਿਸ ਨਾਲ ਉਡਾਣ ਦਾ ਸਮਾਂ ਘੱਟ ਹੋ ਜਾਂਦਾ ਹੈ।
ਇਨ੍ਹਾਂ ਰਿਪੋਰਟਾਂ ਮੁਤਾਬਕ, ਇਸ ਨਾਲ ਨਿਸ਼ਾਨੇ ਨੂੰ ਆਪਣਾ ਬਚਾਅ ਕਰਨ ਦਾ ਸਮਾਂ ਨਹੀਂ ਮਿਲਦਾ, ਇਸਦਾ ਹਮਲਾ ਤੇਜ਼ ਹੁੰਦਾ ਹੈ ਅਤੇ ਦੁਨੀਆ ਦੇ ਕਿਸੇ ਵੀ ਐਂਟੀ-ਮਿਜ਼ਾਈਲ ਡਿਫ਼ੈਂਸ ਸਿਸਟਮ ਲਈ ਇਸਨੂੰ ਰੋਕਣਾ ਮੁਸ਼ਕਲ ਹੁੰਦਾ ਹੈ।
ਬ੍ਰਹਮੋਸ ਏਅਰੋਸਪੇਸ ਦੇ ਮੁਤਾਬਕ, ਇਸ ਵਿੱਚ ਦੁਸ਼ਮਣ ਦੇ ਰਡਾਰ (ਜਹਾਜ਼ ਅਤੇ ਉੱਡਣ ਵਾਲੀਆਂ ਵਸਤੂਆਂ ਦਾ ਪਤਾ ਲਗਾਉਣ ਵਾਲੀ ਪ੍ਰਣਾਲੀ) ਤੋਂ ਬਚਣ ਦੀ ਸਮਰੱਥਾ ਹੈ।
ਇਸਦਾ ਇਸਤੇਮਾਲ 'ਫਾਇਰ ਐਂਡ ਫੋਰਗੇਟ' ਸਿਧਾਂਤ 'ਤੇ ਕੀਤਾ ਜਾਂਦਾ ਹੈ ਅਤੇ ਨਿਸ਼ਾਨੇ ਤੱਕ ਪਹੁੰਚਣ ਦੇ ਇਸਦੇ ਮਾਰਗ ਦੀ ਲਗਾਤਾਰ ਨਿਗਰਾਨੀ ਨਹੀਂ ਕੀਤੀ ਜਾਂਦੀ।
ਦੂਜੇ ਪਾਸੇ, ਫਤਹਿ-3 ਮਿਜ਼ਾਈਲ ਦੀ ਮਾਰਕ ਸਮਰੱਥਾ ਬਾਰੇ ਜਾਣਕਾਰੀ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੀ ਗਈ, ਪਰ ਬਿਲਾਲ ਹੁਸੈਨ ਖ਼ਾਨ ਦਾ ਅੰਦਾਜ਼ਾ ਹੈ ਕਿ ਜੇ ਇਸਨੂੰ ਚੀਨੀ ਐੱਚਡੀ-1 ਮਿਜ਼ਾਈਲ ਦਾ 'ਨਿਰਯਾਤ ਗ੍ਰੇਡ' ਮੰਨਿਆ ਜਾਵੇ, ਤਾਂ ਇਸਦੀ ਮਾਰਕ ਸਮਰੱਥਾ ਲਗਭਗ 280 ਕਿਲੋਮੀਟਰ ਹੋ ਸਕਦੀ ਹੈ।
ਉਨ੍ਹਾਂ ਦਾ ਮੰਨਣਾ ਹੈ, "ਹਾਲਾਂਕਿ, ਕਿਉਂਕਿ ਪਾਕਿਸਤਾਨ ਇਸ ਤੋਂ ਕਾਫ਼ੀ ਵੱਧ ਮਾਰਕ ਸਮਰੱਥਾ ਵਾਲੀਆਂ ਮਿਜ਼ਾਈਲਾਂ ਵਿਕਸਿਤ ਨੂੰ ਵਿਕਸਿਤ ਕਰ ਲਿਆ ਹੈ, ਇਸ ਲਈ ਸੰਭਵ ਹੈ ਕਿ ਇਸਦੀ ਮਾਰਕ ਸਮਰੱਥਾ ਨੂੰ ਵਧਾ ਕੇ 400 ਤੋਂ 500 ਕਿਲੋਮੀਟਰ ਤੱਕ ਕੀਤਾ ਜਾ ਸਕੇ।"
ਉਨ੍ਹਾਂ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਮਾਰਗਦਰਸ਼ਨ ਅਤੇ ਖੋਜੀ ਤਕਨੀਕ ਦਾ ਸਵਾਲ ਹੈ, ਇਨ੍ਹਾਂ ਮਿਜ਼ਾਈਲਾਂ ਦੀ ਸਮਰੱਥਾ ਬ੍ਰਹਮੋਸ ਦੇ ਸਮਾਨ ਹੋ ਸਕਦੀ ਹੈ ਕਿਉਂਕਿ ਆਧੁਨਿਕ ਚੀਨੀ ਹਥਿਆਰ ਇਸ ਸਮਰੱਥ ਹਨ।
ਉਨ੍ਹਾਂ ਦੇ ਮੁਤਾਬਕ, ਕਿਉਂਕਿ ਪਾਕਿਸਤਾਨ ਕੋਲ ਮਿਜ਼ਾਈਲਾਂ ਲਈ ਰੈਮਜੈਟ ਅਤੇ ਸਕ੍ਰੈਮਜੈਟ ਇੰਜਨ ਡਿਜ਼ਾਈਨ ਕਰਨ ਅਤੇ ਟੈਸਟ ਕਰਨ ਲਈ ਆਧੁਨਿਕ ਸੁਵਿਧਾਵਾਂ ਨਹੀਂ ਹਨ, ਇਸ ਲਈ ਇਹ ਸੰਭਾਵਨਾ ਕਾਫ਼ੀ ਹੈ ਕਿ ਇਸ ਲਈ ਚੀਨ ਦੀ ਮਦਦ ਲਈ ਗਈ ਹੋਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2018 ਵਿੱਚ ਇਸ ਬਾਰੇ ਕਾਫ਼ੀ ਅਟਕਲਾਂ ਲੱਗ ਰਹੀਆਂ ਸਨ, ਜਦੋਂ ਇੱਕ ਚੀਨੀ ਮਾਈਨਿੰਗ ਕੰਪਨੀ ਨੇ ਪਾਕਿਸਤਾਨ ਨੂੰ ਐੱਚਡੀ-1 ਦੀ ਪੇਸ਼ਕਸ਼ ਕੀਤੀ ਸੀ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਇਸ ਮਾਮਲੇ ਵਿੱਚ ਤਕਨਾਲੋਜੀ ਟ੍ਰਾਂਸਫ਼ਰ ਹੋ ਸਕਦਾ ਹੈ।
ਉਨ੍ਹਾਂ ਦੇ ਮੁਤਾਬਕ, ਇੱਕ ਹੋਰ ਸੰਕੇਤ ਇਹ ਹੈ ਕਿ ਫਤਹਿ-3 ਦੇ ਹਾਲੀਆ ਲਾਂਚ ਦੇ ਫੁਟੇਜ ਵਿੱਚ ਕੋਈ ਵੀ ਲਾਂਚ ਯਾਨ ਨਹੀਂ ਦਿਖਾਈ ਦਿੰਦਾ, ਜਿਸ ਬਾਰੇ ਸਾਨੂੰ ਜਾਣਕਾਰੀ ਹੋਵੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਭਾਰਤ ਦੇਸ਼ ਵਿੱਚ ਹੀ ਬ੍ਰਹਮੋਸ ਮਿਜ਼ਾਈਲਾਂ ਦਾ ਨਿਰਮਾਣ ਕਰ ਰਿਹਾ ਹੈ, ਫਿਰ ਵੀ ਸੰਭਵ ਹੈ ਕਿ ਰੈਮਜੈਟ ਇੰਜਣ ਰੂਸ ਤੋਂ ਦਰਾਮਦ ਕੀਤੇ ਜਾਂਦੇ ਹੋਣ।
ਦੂਜੇ ਪਾਸੇ, ਫਤਹਿ-3 ਦੇ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਸੰਭਾਵੀ ਤੌਰ ਉੱਤੇ ਪਾਕਿਸਤਾਨ ਇਨ੍ਹਾਂ ਨੂੰ ਚੀਨ ਤੋਂ ਦਰਾਮਦ ਕਰੇਗਾ ਅਤੇ ਮਾਰਗਦਰਸ਼ਨ ਪ੍ਰਣਾਲੀ ਚੀਨ ਦੇ ਸਹਿਯੋਗ ਨਾਲ ਵਿਕਸਿਤ ਕਰੇਗਾ।
ਭਵਿੱਖ ਦੇ ਯੁੱਧਾਂ ਵਿੱਚ ਕ੍ਰੂਜ਼ ਮਿਜ਼ਾਈਲਾਂ ਦੀ ਕੀ ਭੂਮਿਕਾ ਹੋਵੇਗੀ?
ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਫੌਜੀ ਟਕਰਾਅ ਦੌਰਾਨ ਭਾਰਤ ਨੇ ਜਿੱਥੇ ਬ੍ਰਹਮੋਸ ਮਿਜ਼ਾਈਲ ਦਾ ਇਸਤੇਮਾਲ ਕੀਤਾ ਸੀ, ਉੱਥੇ ਪਾਕਿਸਤਾਨ ਨੇ ਫਤਹਿ-1 ਮਿਜ਼ਾਈਲ ਵਰਤੀ ਸੀ।
ਰੱਖਿਆ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਕੋਲ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲਾਂ ਹਨ, ਜੋ ਭਵਿੱਖ ਦੇ ਯੁੱਧਾਂ ਨੂੰ ਪਿਛਲੇ ਯੁੱਧਾਂ ਨਾਲੋਂ ਕਾਫ਼ੀ ਵੱਖਰਾ ਬਣਾ ਸਕਦੀਆਂ ਹਨ।
ਪਾਕਿਸਤਾਨੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਡਾਕਟਰ ਤੁਗਰਲ ਯਾਮੀਨ ਨੇ ਬੀਬੀਸੀ ਨੂੰ ਦੱਸਿਆ ਕਿ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਉਲਟ, ਕ੍ਰੂਜ਼ ਮਿਜ਼ਾਈਲਾਂ ਰਡਾਰ ਤੋਂ ਬਚ ਸਕਦੀਆਂ ਹਨ ਅਤੇ ਸੁਪਰਸੋਨਿਕ ਗਤੀ ਨਾਲ ਚੱਲ ਸਕਦੀਆਂ ਹਨ, ਪਰ ਇਨ੍ਹਾਂ ਦੀ ਰੇਂਜ ਕੁਝ ਘੱਟ ਹੁੰਦੀ ਹੈ।
ਉਹ ਯੂਕਰੇਨ ਵਿੱਚ ਜੰਗ ਅਤੇ ਮੱਧ ਪੂਰਬ ਵਿੱਚ ਚੱਲ ਰਹੀਆਂ ਲੜਾਈਆਂ ਦਾ ਉਦਾਹਰਨ ਦਿੰਦਿਆਂ ਕਹਿੰਦੇ ਹਨ ਕਿ ਯੁੱਧਾਂ ਵਿੱਚ ਮਿਜ਼ਾਈਲਾਂ ਅਤੇ ਡਰੋਨ ਦਾ ਇਸਤੇਮਾਲ ਕਾਫ਼ੀ ਵੱਧ ਗਿਆ ਹੈ।
ਪਿਛਲੇ ਸਾਲ ਅਗਸਤ ਵਿੱਚ ਰਾਕੇਟ ਫੋਰਸ ਦੀ ਸਥਾਪਨਾ ਤੋਂ ਬਾਅਦ ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਨੇ ਕਈ ਮਿਜ਼ਾਈਲਾਂ ਦਾ ਟੈਸਟ ਕੀਤਾ ਹੈ।
ਪਾਕਿਸਤਾਨੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਅਤੇ ਰੱਖਿਆ ਮਾਹਰ ਡਾਕਟਰ ਤੁਗਰਲ ਯਾਮੀਨ ਦਾ ਕਹਿਣਾ ਹੈ ਕਿ ਰਾਕੇਟ ਫੋਰਸ ਦੀ ਸਥਾਪਨਾ ਦਾ ਮਕਸਦ ਇਹ ਸੀ ਕਿ ਪਾਕਿਸਤਾਨ ਆਪਣੀਆਂ ਰਣਨੀਤਿਕ ਪਰਮਾਣੂ ਮਿਜ਼ਾਈਲਾਂ ਨੂੰ ਰਵਾਇਤੀ ਮਿਜ਼ਾਈਲਾਂ ਤੋਂ ਵੱਖ ਕਰਨਾ ਚਾਹੁੰਦਾ ਸੀ।
ਉਨ੍ਹਾਂ ਨੇ ਕਿਹਾ, "ਯੁੱਧ ਵਿੱਚ ਵਰਤੀਆਂ ਜਾਣ ਵਾਲੀਆਂ ਰਵਾਇਤੀ ਮਿਜ਼ਾਈਲਾਂ ਨੂੰ ਵੱਖ-ਵੱਖ ਰੱਖਿਆ ਗਿਆ ਸੀ ਤਾਂ ਜੋ ਫ਼ੈਸਲਾ ਲੈਣਾ ਆਸਾਨ ਅਤੇ ਤੇਜ਼ ਹੋ ਸਕੇ।"
ਫਤਹਿ-3 ਮਿਜ਼ਾਈਲਾਂ ਦੇ ਇਸਤੇਮਾਲ ਬਾਰੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਫਤਹਿ-3 ਵਰਗੀਆਂ ਸਟੀਕ ਮਾਰਕ ਸਮਰੱਥਾ ਵਾਲੀਆਂ ਮਿਜ਼ਾਈਲਾਂ ਦੁਸ਼ਮਣ ਦੇ ਰੱਖਿਆ ਢਾਂਚੇ ਦੇ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੋਣਗੀਆਂ ਅਤੇ ਜੇ ਤੁਹਾਡਾ ਪਹਿਲਾ ਹਮਲਾ ਸਫ਼ਲ ਹੋ ਜਾਂਦਾ ਹੈ ਤਾਂ ਯੁੱਧ ਨੂੰ ਹੋਰ ਘੱਟ ਸਮੇਂ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਸੈਨਿਕ ਸਿਧਾਂਤ ਵਿਸਥਾਰਵਾਦੀ ਨਹੀਂ ਹੈ, ਬਲਕਿ ਆਪਣੀ ਅਖੰਡਤਾ ਦੀ ਰੱਖਿਆ 'ਤੇ ਆਧਾਰਿਤ ਹੈ, ਇਸ ਲਈ ਡਰੋਨ, ਮਿਜ਼ਾਈਲਾਂ ਅਤੇ ਸਾਈਬਰ ਹਮਲਿਆਂ ਦੀਆਂ ਸਮਰੱਥਾਵਾਂ ਰਾਹੀਂ ਰੋਕਥਾਮ ਦੀ ਯੋਜਨਾ ਬਣਾਈ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ